ਬਿਵਸਥਾ ਸਾਰ 6:1-25

  • ਪੂਰੇ ਦਿਲ ਨਾਲ ਯਹੋਵਾਹ ਨੂੰ ਪਿਆਰ ਕਰੋ (1-9)

    • “ਹੇ ਇਜ਼ਰਾਈਲ ਦੇ ਲੋਕੋ, ਸੁਣੋ” (4)

    • ਮਾਪੇ ਬੱਚਿਆਂ ਨੂੰ ਸਿਖਾਉਣ (6, 7)

  • ਯਹੋਵਾਹ ਨੂੰ ਭੁੱਲ ਨਾ ਜਾਇਓ (10-15)

  • ਯਹੋਵਾਹ ਨੂੰ ਨਾ ਪਰਖੋ (16-19)

  • ਅਗਲੀ ਪੀੜ੍ਹੀ ਨੂੰ ਦੱਸੋ (20-25)

6  “ਇਹ ਉਹ ਹੁਕਮ, ਨਿਯਮ ਅਤੇ ਕਾਨੂੰਨ ਹਨ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਸਿਖਾਉਣ ਲਈ ਦਿੱਤੇ ਹਨ ਤਾਂਕਿ ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜਿਸ ʼਤੇ ਤੁਸੀਂ ਕਬਜ਼ਾ ਕਰਨ ਵਾਲੇ ਹੋ, ਤਾਂ ਤੁਸੀਂ ਉੱਥੇ ਇਨ੍ਹਾਂ ਦੀ ਪਾਲਣਾ ਕਰਨੀ  2  ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨਣਾ ਅਤੇ ਉਸ ਦੇ ਸਾਰੇ ਨਿਯਮ ਅਤੇ ਸਾਰੇ ਹੁਕਮ ਮੰਨਣੇ ਜਿਹੜੇ ਮੈਂ ਤੁਹਾਨੂੰ ਦੇ ਰਿਹਾ ਹਾਂ। ਤੁਸੀਂ, ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤੇ+ ਸਾਰੀ ਜ਼ਿੰਦਗੀ ਇਨ੍ਹਾਂ ਮੁਤਾਬਕ ਚੱਲਣ ਤਾਂਕਿ ਤੁਸੀਂ ਲੰਬੀ ਜ਼ਿੰਦਗੀ ਜੀ ਸਕੋ।+ 3  ਅਤੇ ਹੇ ਇਜ਼ਰਾਈਲ ਦੇ ਲੋਕੋ, ਇਨ੍ਹਾਂ ਸਾਰੇ ਹੁਕਮਾਂ ਨੂੰ ਧਿਆਨ ਨਾਲ ਸੁਣੋ ਅਤੇ ਇਨ੍ਹਾਂ ਦੀ ਪਾਲਣਾ ਕਰੋ ਤਾਂਕਿ ਤੁਸੀਂ ਵਧੋ-ਫੁੱਲੋ ਅਤੇ ਉਸ ਦੇਸ਼ ਵਿਚ ਤੁਹਾਡੀ ਗਿਣਤੀ ਵਧੇ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ, ਠੀਕ ਜਿਵੇਂ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਹੈ। 4  “ਹੇ ਇਜ਼ਰਾਈਲ ਦੇ ਲੋਕੋ, ਸੁਣੋ, ਸਾਡਾ ਪਰਮੇਸ਼ੁਰ ਯਹੋਵਾਹ ਇੱਕੋ ਹੀ ਯਹੋਵਾਹ ਹੈ।+ 5  ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ+ ਨਾਲ ਅਤੇ ਆਪਣੀ ਪੂਰੀ ਤਾਕਤ*+ ਨਾਲ ਪਿਆਰ ਕਰੋ।  6  ਜਿਹੜੇ ਹੁਕਮ ਅੱਜ ਮੈਂ ਤੁਹਾਨੂੰ ਦੱਸ ਰਿਹਾ ਹਾਂ, ਉਹ ਤੁਹਾਡੇ ਦਿਲ ਵਿਚ ਰਹਿਣ  7  ਅਤੇ ਤੁਸੀਂ ਇਨ੍ਹਾਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਓ*+ ਅਤੇ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਨ੍ਹਾਂ ਬਾਰੇ ਚਰਚਾ ਕਰੋ।+ 8  ਤੁਸੀਂ ਇਨ੍ਹਾਂ ਨੂੰ ਯਾਦ ਰੱਖਣ ਲਈ ਆਪਣੇ ਹੱਥ ਉੱਤੇ ਬੰਨ੍ਹੋ ਅਤੇ ਆਪਣੇ ਮੱਥੇ* ਉੱਤੇ ਨਿਸ਼ਾਨੀ ਵਾਂਗ ਬੰਨ੍ਹੋ।+ 9  ਇਨ੍ਹਾਂ ਨੂੰ ਆਪਣੇ ਘਰ ਦੀਆਂ ਚੁਗਾਠਾਂ ਅਤੇ ਦਰਵਾਜ਼ਿਆਂ ʼਤੇ ਲਿਖੋ। 10  “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਉਸ ਦੇਸ਼ ਵਿਚ ਲੈ ਜਾਵੇਗਾ ਜੋ ਦੇਸ਼ ਉਸ ਨੇ ਤੁਹਾਨੂੰ ਦੇਣ ਦੀ ਤੁਹਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ+ ਅਤੇ ਉਹ ਤੁਹਾਨੂੰ ਵੱਡੇ-ਵੱਡੇ ਅਤੇ ਵਧੀਆ ਸ਼ਹਿਰ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ 11  ਅਤੇ ਤੁਹਾਨੂੰ ਹਰ ਤਰ੍ਹਾਂ ਦੀਆਂ ਵਧੀਆ-ਵਧੀਆ ਚੀਜ਼ਾਂ ਨਾਲ ਭਰੇ ਘਰ ਦੇਵੇਗਾ ਜਿਨ੍ਹਾਂ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ, ਉਹ ਹੌਦ ਦੇਵੇਗਾ ਜਿਹੜੇ ਤੁਸੀਂ ਨਹੀਂ ਪੁੱਟੇ ਅਤੇ ਉਹ ਅੰਗੂਰਾਂ ਦੇ ਬਾਗ਼ ਅਤੇ ਜ਼ੈਤੂਨ ਦੇ ਦਰਖ਼ਤ ਦੇਵੇਗਾ ਜਿਹੜੇ ਤੁਸੀਂ ਨਹੀਂ ਲਾਏ ਅਤੇ ਜਦੋਂ ਤੁਸੀਂ ਖਾ-ਪੀ ਕੇ ਰੱਜ ਜਾਓਗੇ,+ 12  ਤਾਂ ਤੁਸੀਂ ਖ਼ਬਰਦਾਰ ਰਹਿਓ ਕਿ ਕਿਤੇ ਤੁਸੀਂ ਯਹੋਵਾਹ ਨੂੰ ਭੁੱਲ ਨਾ ਜਾਇਓ+ ਜੋ ਤੁਹਾਨੂੰ ਗ਼ੁਲਾਮੀ ਦੇ ਘਰ ਮਿਸਰ ਵਿੱਚੋਂ ਕੱਢ ਲਿਆਇਆ ਸੀ।  13  ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਰੱਖੋ+ ਅਤੇ ਉਸੇ ਦੀ ਭਗਤੀ ਕਰੋ+ ਅਤੇ ਉਸ ਦੇ ਨਾਂ ਦੀ ਹੀ ਸਹੁੰ ਖਾਓ।+ 14  ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ, ਹਾਂ, ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਕਿਸੇ ਵੀ ਦੇਵਤੇ ਦੇ ਪਿੱਛੇ ਨਾ ਜਾਇਓ+ 15  ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਤੁਹਾਡੇ ਵਿਚਕਾਰ ਵੱਸਦਾ ਹੈ, ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।+ ਨਹੀਂ ਤਾਂ ਤੁਹਾਡੇ ਪਰਮੇਸ਼ੁਰ ਯਹੋਵਾਹ ਦਾ ਗੁੱਸਾ ਤੁਹਾਡੇ ਉੱਤੇ ਭੜਕੇਗਾ+ ਅਤੇ ਉਹ ਧਰਤੀ ਤੋਂ ਤੁਹਾਡਾ ਨਾਮੋ-ਨਿਸ਼ਾਨ ਮਿਟਾ ਦੇਵੇਗਾ।+ 16  “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਨਾ ਪਰਖੋ+ ਜਿਵੇਂ ਤੁਸੀਂ ਮੱਸਾਹ ਵਿਚ ਉਸ ਨੂੰ ਪਰਖਿਆ ਸੀ।+ 17  ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਹੁਕਮਾਂ, ਉਸ ਦੀਆਂ ਨਸੀਹਤਾਂ* ਅਤੇ ਉਸ ਦੇ ਨਿਯਮਾਂ ਦੀ ਪੂਰੇ ਦਿਲ ਨਾਲ ਪਾਲਣਾ ਕਰੋ ਜਿਨ੍ਹਾਂ ਮੁਤਾਬਕ ਚੱਲਣ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ।  18  ਤੁਸੀਂ ਉਹੀ ਕਰੋ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਅਤੇ ਚੰਗਾ ਹੈ ਤਾਂਕਿ ਤੁਸੀਂ ਵਧੋ-ਫੁੱਲੋ ਅਤੇ ਉਸ ਵਧੀਆ ਦੇਸ਼ ਵਿਚ ਜਾ ਕੇ ਉਸ ਉੱਤੇ ਕਬਜ਼ਾ ਕਰੋ ਜੋ ਯਹੋਵਾਹ ਨੇ ਤੁਹਾਨੂੰ ਦੇਣ ਦੀ ਸਹੁੰ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸੀ।+ 19  ਅਤੇ ਤੁਸੀਂ ਆਪਣੇ ਦੁਸ਼ਮਣਾਂ ਨੂੰ ਆਪਣੇ ਅੱਗਿਓਂ ਕੱਢ ਦਿਓਗੇ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਹੈ।+ 20  “ਭਵਿੱਖ ਵਿਚ ਜਦ ਤੁਹਾਡੇ ਪੁੱਤਰ ਤੁਹਾਨੂੰ ਪੁੱਛਣਗੇ, ‘ਸਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਨਸੀਹਤਾਂ, ਨਿਯਮ ਅਤੇ ਆਪਣੇ ਕਾਨੂੰਨ ਕਿਉਂ ਦਿੱਤੇ ਹਨ?’  21  ਤਦ ਤੁਸੀਂ ਉਨ੍ਹਾਂ ਨੂੰ ਇਹ ਕਹਿਣਾ, ‘ਅਸੀਂ ਮਿਸਰ ਵਿਚ ਫ਼ਿਰਊਨ ਦੇ ਗ਼ੁਲਾਮ ਸਾਂ, ਪਰ ਯਹੋਵਾਹ ਸਾਨੂੰ ਆਪਣੇ ਬਲਵੰਤ ਹੱਥ ਨਾਲ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ।  22  ਯਹੋਵਾਹ ਸਾਡੀਆਂ ਅੱਖਾਂ ਸਾਮ੍ਹਣੇ ਵੱਡੀਆਂ-ਵੱਡੀਆਂ ਕਰਾਮਾਤਾਂ ਤੇ ਚਮਤਕਾਰ ਦਿਖਾ ਕੇ ਮਿਸਰ,+ ਫ਼ਿਰਊਨ ਅਤੇ ਉਸ ਦੇ ਸਾਰੇ ਘਰਾਣੇ ʼਤੇ ਤਬਾਹੀ ਲਿਆਉਂਦਾ ਰਿਹਾ।+ 23  ਫਿਰ ਉਹ ਸਾਨੂੰ ਉੱਥੋਂ ਕੱਢ ਕੇ ਇੱਥੇ ਲੈ ਆਇਆ ਤਾਂਕਿ ਸਾਨੂੰ ਉਹ ਦੇਸ਼ ਦੇਵੇ ਜਿਸ ਬਾਰੇ ਉਸ ਨੇ ਸਾਡੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ।+ 24  ਫਿਰ ਯਹੋਵਾਹ ਨੇ ਸਾਨੂੰ ਹੁਕਮ ਦਿੱਤਾ ਕਿ ਅਸੀਂ ਇਨ੍ਹਾਂ ਸਾਰੇ ਨਿਯਮਾਂ ਦੀ ਪਾਲਣਾ ਕਰੀਏ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਡਰ ਮੰਨੀਏ ਤਾਂਕਿ ਹਮੇਸ਼ਾ ਸਾਡਾ ਭਲਾ ਹੋਵੇ+ ਅਤੇ ਅਸੀਂ ਜੀਉਂਦੇ ਰਹੀਏ+ ਜਿਵੇਂ ਅੱਜ ਜੀ ਰਹੇ ਹਾਂ।  25  ਅਤੇ ਜੇ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨਾਂਗੇ ਅਤੇ ਧਿਆਨ ਨਾਲ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਾਂਗੇ, ਜਿਵੇਂ ਉਸ ਨੇ ਸਾਨੂੰ ਹੁਕਮ ਦਿੱਤਾ ਹੈ, ਤਾਂ ਅਸੀਂ ਧਰਮੀ ਗਿਣੇ ਜਾਵਾਂਗੇ।’+

ਫੁਟਨੋਟ

ਜਾਂ, “ਪੂਰਾ ਜ਼ੋਰ ਲਾ ਕੇ; ਤੇਰੇ ਕੋਲ ਜੋ ਕੁਝ ਹੈ।”
ਜਾਂ, “ਸਾਮ੍ਹਣੇ ਦੁਹਰਾਓ।”
ਇਬ, “ਆਪਣੀਆਂ ਅੱਖਾਂ ਦੇ ਵਿਚਕਾਰ।”
ਬਿਵ 4:​45, ਫੁਟਨੋਟ ਦੇਖੋ।