ਦੂਜਾ ਇਤਿਹਾਸ 2:1-18

  • ਮੰਦਰ ਦੀ ਉਸਾਰੀ ਲਈ ਤਿਆਰੀਆਂ (1-18)

2  ਫਿਰ ਸੁਲੇਮਾਨ ਨੇ ਯਹੋਵਾਹ ਦੇ ਨਾਂ ਲਈ ਇਕ ਭਵਨ+ ਅਤੇ ਆਪਣੇ ਲਈ ਇਕ ਰਾਜ-ਮਹਿਲ ਬਣਾਉਣ ਦਾ ਹੁਕਮ ਦਿੱਤਾ।+  ਸੁਲੇਮਾਨ ਨੇ 70,000 ਆਦਮੀਆਂ ਨੂੰ ਆਮ ਮਜ਼ਦੂਰਾਂ* ਵਜੋਂ ਤੇ 80,000 ਆਦਮੀਆਂ ਨੂੰ ਪਹਾੜਾਂ ਵਿਚ ਪੱਥਰ ਕੱਟਣ ਵਾਲਿਆਂ ਵਜੋਂ ਠਹਿਰਾਇਆ+ ਅਤੇ 3,600 ਜਣਿਆਂ ਨੂੰ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ।+  ਫਿਰ ਸੁਲੇਮਾਨ ਨੇ ਸੋਰ ਦੇ ਰਾਜੇ ਹੀਰਾਮ+ ਨੂੰ ਇਹ ਸੰਦੇਸ਼ ਭੇਜਿਆ: “ਜਿਵੇਂ ਤੂੰ ਮੇਰੇ ਪਿਤਾ ਦਾਊਦ ਨੂੰ ਉਸ ਦੇ ਰਹਿਣ ਲਈ ਮਹਿਲ ਬਣਾਉਣ ਵਾਸਤੇ ਦਿਆਰ ਦੀ ਲੱਕੜ ਘੱਲੀ ਸੀ, ਉਸੇ ਤਰ੍ਹਾਂ ਮੇਰੇ ਲਈ ਵੀ ਘੱਲ।+  ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਉਣ ਲੱਗਾ ਹਾਂ ਤਾਂਕਿ ਇਸ ਨੂੰ ਉਸ ਵਾਸਤੇ ਪਵਿੱਤਰ ਕਰਾਂ, ਉਸ ਅੱਗੇ ਖ਼ੁਸ਼ਬੂਦਾਰ ਧੂਪ ਧੁਖਾਵਾਂ,+ ਨਾਲੇ ਬਾਕਾਇਦਾ ਰੋਟੀਆਂ ਚਿਣ ਕੇ*+ ਰੱਖਾਂ ਅਤੇ ਸਬਤ,+ ਮੱਸਿਆ*+ ਤੇ ਸਾਡੇ ਪਰਮੇਸ਼ੁਰ ਯਹੋਵਾਹ ਲਈ ਤਿਉਹਾਰਾਂ ਦੇ ਮੌਕਿਆਂ ’ਤੇ+ ਸਵੇਰੇ-ਸ਼ਾਮ+ ਹੋਮ-ਬਲ਼ੀਆਂ ਚੜ੍ਹਾਵਾਂ। ਇਜ਼ਰਾਈਲ ਨੇ ਇਹ ਫ਼ਰਜ਼ ਸਦਾ ਲਈ ਨਿਭਾਉਣਾ ਹੈ।  ਜੋ ਭਵਨ ਮੈਂ ਬਣਾਉਣ ਜਾ ਰਿਹਾ ਹਾਂ, ਉਹ ਸ਼ਾਨਦਾਰ ਹੋਵੇਗਾ ਕਿਉਂਕਿ ਸਾਡਾ ਪਰਮੇਸ਼ੁਰ ਦੂਸਰੇ ਸਾਰੇ ਦੇਵਤਿਆਂ ਨਾਲੋਂ ਕਿਤੇ ਮਹਾਨ ਹੈ।  ਨਾਲੇ ਕੌਣ ਹੈ ਜੋ ਉਸ ਵਾਸਤੇ ਭਵਨ ਬਣਾਉਣ ਦੇ ਯੋਗ ਹੋਵੇ? ਕਿਉਂਕਿ ਆਕਾਸ਼, ਹਾਂ, ਆਕਾਸ਼ਾਂ ਦਾ ਆਕਾਸ਼ ਵੀ ਉਸ ਨੂੰ ਸਮਾ ਨਹੀਂ ਸਕਦਾ,+ ਤਾਂ ਫਿਰ ਮੈਂ ਕੌਣ ਹਾਂ ਜੋ ਉਸ ਲਈ ਇਕ ਭਵਨ ਬਣਾਵਾਂ? ਮੈਂ ਤਾਂ ਬੱਸ ਉਸ ਲਈ ਇਕ ਅਜਿਹੀ ਜਗ੍ਹਾ ਬਣਾ ਸਕਦਾ ਹਾਂ ਜਿੱਥੇ ਉਸ ਅੱਗੇ ਬਲ਼ੀਆਂ ਚੜ੍ਹਾਈਆਂ ਜਾਣ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।  ਹੁਣ ਮੇਰੇ ਲਈ ਇਕ ਅਜਿਹਾ ਕਾਰੀਗਰ ਘੱਲ ਜੋ ਸੋਨੇ, ਚਾਂਦੀ, ਤਾਂਬੇ,+ ਲੋਹੇ, ਬੈਂਗਣੀ ਉੱਨ, ਗੂੜ੍ਹੇ ਲਾਲ ਤੇ ਨੀਲੇ ਧਾਗੇ ਦਾ ਕੰਮ ਕਰਨ ਵਿਚ ਮਾਹਰ ਹੋਵੇ ਅਤੇ ਉਕਰਾਈ ਦਾ ਕੰਮ ਜਾਣਦਾ ਹੋਵੇ। ਉਹ ਯਹੂਦਾਹ ਅਤੇ ਯਰੂਸ਼ਲਮ ਵਿਚ ਮੇਰੇ ਮਾਹਰ ਕਾਰੀਗਰਾਂ ਨਾਲ ਕੰਮ ਕਰੇਗਾ ਜਿਨ੍ਹਾਂ ਨੂੰ ਮੇਰੇ ਪਿਤਾ ਦਾਊਦ ਨੇ ਠਹਿਰਾਇਆ ਹੈ।+  ਅਤੇ ਮੈਨੂੰ ਲਬਾਨੋਨ ਤੋਂ ਦਿਆਰ, ਸਨੋਬਰ+ ਅਤੇ ਚੰਦਨ ਦੀ ਲੱਕੜ ਘੱਲ+ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਨੌਕਰ ਲਬਾਨੋਨ ਦੇ ਦਰਖ਼ਤ ਕੱਟਣ ਵਿਚ ਮਾਹਰ ਹਨ।+ ਮੇਰੇ ਨੌਕਰ ਤੇਰੇ ਨੌਕਰਾਂ ਨਾਲ ਮਿਲ ਕੇ ਕੰਮ ਕਰਨਗੇ+  ਤਾਂਕਿ ਮੇਰੇ ਲਈ ਵੱਡੀ ਤਾਦਾਦ ਵਿਚ ਲੱਕੜ ਤਿਆਰ ਕਰਨ ਕਿਉਂਕਿ ਜਿਹੜਾ ਭਵਨ ਮੈਂ ਬਣਾਉਣਾ ਹੈ, ਉਹ ਬਹੁਤ ਸ਼ਾਨਦਾਰ ਹੋਵੇਗਾ। 10  ਅਤੇ ਦੇਖ! ਮੈਂ ਤੇਰੇ ਨੌਕਰਾਂ ਯਾਨੀ ਦਰਖ਼ਤ ਕੱਟਣ ਵਾਲਿਆਂ ਨੂੰ ਖਾਣਾ ਮੁਹੱਈਆ ਕਰਾਂਗਾ:+ 20,000 ਕੋਰ* ਕਣਕ, 20,000 ਕੋਰ ਜੌਂ, 20,000 ਬਥ* ਦਾਖਰਸ ਅਤੇ 20,000 ਬਥ ਤੇਲ।” 11  ਇਹ ਸੁਣ ਕੇ ਸੋਰ ਦੇ ਰਾਜੇ ਹੀਰਾਮ ਨੇ ਸੁਲੇਮਾਨ ਨੂੰ ਇਹ ਲਿਖਤੀ ਸੰਦੇਸ਼ ਘੱਲਿਆ: “ਯਹੋਵਾਹ ਆਪਣੀ ਪਰਜਾ ਨੂੰ ਪਿਆਰ ਕਰਦਾ ਹੈ, ਇਸੇ ਕਰਕੇ ਉਸ ਨੇ ਤੈਨੂੰ ਉਸ ਦਾ ਰਾਜਾ ਬਣਾਇਆ ਹੈ।” 12  ਫਿਰ ਹੀਰਾਮ ਨੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ ਹੈ ਕਿਉਂਕਿ ਉਸ ਨੇ ਰਾਜਾ ਦਾਊਦ ਨੂੰ ਇਕ ਬੁੱਧੀਮਾਨ ਪੁੱਤਰ ਦਿੱਤਾ+ ਜੋ ਸੂਝ-ਬੂਝ ਵਾਲਾ ਤੇ ਸਮਝਦਾਰ ਹੈ।+ ਉਹ ਯਹੋਵਾਹ ਲਈ ਇਕ ਭਵਨ ਅਤੇ ਆਪਣੇ ਲਈ ਇਕ ਰਾਜ-ਮਹਿਲ ਬਣਾਵੇਗਾ। 13  ਹੁਣ ਮੈਂ ਇਕ ਮਾਹਰ ਅਤੇ ਸਮਝਦਾਰ ਕਾਰੀਗਰ ਹੀਰਾਮ-ਅਬੀ ਨੂੰ ਘੱਲ ਰਿਹਾ ਹਾਂ+ 14  ਜੋ ਦਾਨ ਦੇ ਗੋਤ ਦੀ ਇਕ ਔਰਤ ਦਾ ਪੁੱਤਰ ਹੈ, ਪਰ ਉਸ ਦਾ ਪਿਤਾ ਸੋਰ ਤੋਂ ਸੀ; ਉਸ ਕੋਲ ਸੋਨੇ, ਚਾਂਦੀ, ਤਾਂਬੇ, ਲੋਹੇ, ਪੱਥਰ, ਲੱਕੜ, ਬੈਂਗਣੀ ਉੱਨ, ਨੀਲੇ ਧਾਗੇ, ਵਧੀਆ ਕੱਪੜੇ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦਾ ਕੰਮ ਕਰਨ ਦਾ ਤਜਰਬਾ ਹੈ।+ ਉਹ ਹਰ ਤਰ੍ਹਾਂ ਦੀ ਉਕਰਾਈ ਦਾ ਕੰਮ ਕਰ ਸਕਦਾ ਹੈ ਅਤੇ ਜਿਹੜਾ ਮਰਜ਼ੀ ਨਮੂਨਾ ਉਸ ਨੂੰ ਦਿੱਤਾ ਜਾਵੇ, ਉਸੇ ਤਰ੍ਹਾਂ ਦੀ ਕਾਰੀਗਰੀ ਕਰ ਸਕਦਾ ਹੈ।+ ਉਹ ਤੇਰੇ ਮਾਹਰ ਕਾਰੀਗਰਾਂ ਅਤੇ ਮੇਰੇ ਮਾਲਕ ਤੇਰੇ ਪਿਤਾ ਦਾਊਦ ਦੇ ਕਾਰੀਗਰਾਂ ਨਾਲ ਮਿਲ ਕੇ ਕੰਮ ਕਰੇਗਾ। 15  ਹੁਣ ਮੇਰਾ ਮਾਲਕ ਕਣਕ, ਜੌਂ, ਤੇਲ ਅਤੇ ਦਾਖਰਸ ਘੱਲੇ ਜਿਸ ਦਾ ਉਸ ਨੇ ਆਪਣੇ ਨੌਕਰਾਂ ਨਾਲ ਵਾਅਦਾ ਕੀਤਾ ਹੈ।+ 16  ਅਸੀਂ ਤੇਰੇ ਲਈ ਲਬਾਨੋਨ ਤੋਂ ਉੱਨੇ ਦਰਖ਼ਤ ਕੱਟ ਦਿਆਂਗੇ+ ਜਿੰਨੇ ਤੈਨੂੰ ਚਾਹੀਦੇ ਹਨ ਅਤੇ ਉਨ੍ਹਾਂ ਦੀਆਂ ਸ਼ਤੀਰੀਆਂ ਬਣਾ ਕੇ ਸਮੁੰਦਰ ਰਾਹੀਂ ਯਾਪਾ ਤਕ ਤੇਰੇ ਕੋਲ ਲੈ ਆਵਾਂਗੇ+ ਅਤੇ ਤੂੰ ਉੱਥੋਂ ਉਨ੍ਹਾਂ ਨੂੰ ਯਰੂਸ਼ਲਮ ਲੈ ਜਾਈਂ।”+ 17  ਫਿਰ ਸੁਲੇਮਾਨ ਨੇ ਇਜ਼ਰਾਈਲ ਦੇਸ਼ ਵਿਚ ਰਹਿੰਦੇ ਸਾਰੇ ਪਰਦੇਸੀ ਆਦਮੀਆਂ ਦੀ ਗਿਣਤੀ ਕੀਤੀ+ ਤੇ ਉਨ੍ਹਾਂ ਦੀ ਗਿਣਤੀ 1,53,600 ਸੀ। ਉਸ ਨੇ ਇਹ ਗਿਣਤੀ ਆਪਣੇ ਪਿਤਾ ਦਾਊਦ ਦੇ ਮਰਦਮਸ਼ੁਮਾਰੀ ਕਰਨ ਤੋਂ ਬਾਅਦ ਕੀਤੀ ਸੀ।+ 18  ਸੁਲੇਮਾਨ ਨੇ 70,000 ਆਦਮੀਆਂ ਨੂੰ ਆਮ ਮਜ਼ਦੂਰਾਂ* ਵਜੋਂ ਤੇ 80,000 ਆਦਮੀਆਂ ਨੂੰ ਪਹਾੜਾਂ ਵਿਚ ਪੱਥਰ ਕੱਟਣ ਵਾਲਿਆਂ ਵਜੋਂ ਠਹਿਰਾਇਆ+ ਅਤੇ 3,600 ਜਣਿਆਂ ਨੂੰ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ ਤਾਂਕਿ ਉਹ ਇਨ੍ਹਾਂ ਮਜ਼ਦੂਰਾਂ ਤੋਂ ਕੰਮ ਕਰਾਉਣ।+

ਫੁਟਨੋਟ

ਜਾਂ, “ਭਾਰ ਢੋਣ ਵਾਲਿਆਂ।”
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਇਕ ਕੋਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਬਥ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਭਾਰ ਢੋਣ ਵਾਲਿਆਂ।”