ਲੂਕਾ ਮੁਤਾਬਕ ਖ਼ੁਸ਼ ਖ਼ਬਰੀ 18:1-43

  • ਹਾਰ ਨਾ ਮੰਨਣ ਵਾਲੀ ਵਿਧਵਾ ਦੀ ਮਿਸਾਲ (1-8)

  • ਫ਼ਰੀਸੀ ਅਤੇ ਟੈਕਸ ਵਸੂਲਣ ਵਾਲਾ (9-14)

  • ਯਿਸੂ ਅਤੇ ਬੱਚੇ (15-17)

  • ਇਕ ਅਮੀਰ ਆਗੂ ਦਾ ਸਵਾਲ (18-30)

  • ਯਿਸੂ ਨੇ ਦੁਬਾਰਾ ਆਪਣੀ ਮੌਤ ਬਾਰੇ ਦੱਸਿਆ (31-34)

  • ਇਕ ਅੰਨ੍ਹਾ ਭਿਖਾਰੀ ਸੁਜਾਖਾ ਹੋ ਗਿਆ (35-43)

18  ਫਿਰ ਉਸ ਨੇ ਆਪਣੇ ਚੇਲਿਆਂ ਨੂੰ ਹਮੇਸ਼ਾ ਪ੍ਰਾਰਥਨਾ ਕਰਨ ਅਤੇ ਹੌਸਲਾ ਨਾ ਹਾਰਨ ਬਾਰੇ ਇਹ ਮਿਸਾਲ ਦਿੱਤੀ:+  “ਇਕ ਸ਼ਹਿਰ ਵਿਚ ਇਕ ਜੱਜ ਰਹਿੰਦਾ ਸੀ ਜਿਹੜਾ ਨਾ ਤਾਂ ਰੱਬ ਤੋਂ ਡਰਦਾ ਸੀ ਤੇ ਨਾ ਕਿਸੇ ਬੰਦੇ ਦੀ ਇੱਜ਼ਤ ਕਰਦਾ ਸੀ।  ਉਸ ਸ਼ਹਿਰ ਵਿਚ ਇਕ ਵਿਧਵਾ ਵੀ ਰਹਿੰਦੀ ਸੀ ਜੋ ਉਸ ਜੱਜ ਕੋਲ ਵਾਰ-ਵਾਰ ਜਾ ਕੇ ਕਹਿੰਦੀ ਸੀ, ‘ਮੇਰੇ ਵਿਰੋਧੀ ਨੇ ਮੇਰੇ ਉੱਤੇ ਮੁਕੱਦਮਾ ਕੀਤਾ ਹੈ, ਮੇਰਾ ਇਨਸਾਫ਼ ਕਰ।’  ਕੁਝ ਸਮੇਂ ਤਕ ਜੱਜ ਨੇ ਉਸ ਦੀ ਮਦਦ ਨਾ ਕਰਨੀ ਚਾਹੀ, ਪਰ ਬਾਅਦ ਵਿਚ ਉਸ ਨੇ ਆਪਣੇ ਆਪ ਨੂੰ ਕਿਹਾ, ‘ਭਾਵੇਂ ਮੈਂ ਰੱਬ ਤੋਂ ਨਹੀਂ ਡਰਦਾ ਅਤੇ ਕਿਸੇ ਬੰਦੇ ਦੀ ਵੀ ਇੱਜ਼ਤ ਨਹੀਂ ਕਰਦਾ,  ਫਿਰ ਵੀ ਮੈਂ ਇਸ ਨੂੰ ਇਨਸਾਫ਼ ਜ਼ਰੂਰ ਦੇਵਾਂਗਾ ਕਿਉਂਕਿ ਇਸ ਨੇ ਮੇਰੇ ਨੱਕ ਵਿਚ ਦਮ ਕੀਤਾ ਹੋਇਆ ਹੈ। ਨਹੀਂ ਤਾਂ ਇਹ ਮੁੜ-ਮੁੜ ਕੇ ਆਉਂਦੀ ਰਹੇਗੀ ਤੇ ਮੇਰਾ ਸਿਰ ਖਾਂਦੀ ਰਹੇਗੀ।’”+  ਫਿਰ ਪ੍ਰਭੂ ਨੇ ਕਿਹਾ: “ਭਾਵੇਂ ਉਹ ਜੱਜ ਬੁਰਾ ਸੀ, ਪਰ ਤੁਸੀਂ ਸੁਣਿਆ ਉਸ ਨੇ ਕੀ ਕਿਹਾ?  ਤਾਂ ਫਿਰ, ਕੀ ਪਰਮੇਸ਼ੁਰ ਆਪਣੇ ਚੁਣੇ ਹੋਇਆਂ ਨਾਲ ਧੀਰਜ ਨਾਲ ਪੇਸ਼ ਆਉਂਦਿਆਂ+ ਉਨ੍ਹਾਂ ਨੂੰ ਇਨਸਾਫ਼ ਨਹੀਂ ਦੇਵੇਗਾ ਜੋ ਦਿਨ-ਰਾਤ ਉਸ ਅੱਗੇ ਦੁਹਾਈ ਦਿੰਦੇ ਹਨ?+  ਮੈਂ ਤੁਹਾਨੂੰ ਕਹਿੰਦਾ ਹਾਂ: ਉਹ ਫਟਾਫਟ ਉਨ੍ਹਾਂ ਦਾ ਇਨਸਾਫ਼ ਕਰੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਤਾਂ ਕੀ ਉਦੋਂ ਉਹ ਧਰਤੀ ਉੱਤੇ ਅਜਿਹੀ ਨਿਹਚਾ ਪਾਵੇਗਾ?”  ਫਿਰ ਉਸ ਨੇ ਉਨ੍ਹਾਂ ਲੋਕਾਂ ਲਈ ਜਿਹੜੇ ਖ਼ੁਦ ਨੂੰ ਧਰਮੀ ਅਤੇ ਦੂਜਿਆਂ ਨੂੰ ਤੁੱਛ ਸਮਝਦੇ ਸਨ, ਇਹ ਮਿਸਾਲ ਦਿੱਤੀ: 10  “ਦੋ ਆਦਮੀ ਮੰਦਰ ਵਿਚ ਪ੍ਰਾਰਥਨਾ ਕਰਨ ਗਏ, ਇਕ ਫ਼ਰੀਸੀ ਸੀ ਅਤੇ ਦੂਜਾ ਟੈਕਸ ਵਸੂਲ ਕਰਨ ਵਾਲਾ। 11  ਫ਼ਰੀਸੀ ਖੜ੍ਹਾ ਹੋ ਕੇ ਆਪਣੇ ਮਨ ਵਿਚ ਇਹ ਕਹਿੰਦਾ ਹੋਇਆ ਪ੍ਰਾਰਥਨਾ ਕਰਨ ਲੱਗਾ, ‘ਰੱਬਾ, ਸ਼ੁਕਰ ਹੈ ਤੇਰਾ ਕਿ ਮੈਂ ਬਾਕੀ ਲੋਕਾਂ ਵਰਗਾ ਨਹੀਂ ਹਾਂ ਜਿਹੜੇ ਲੁਟੇਰੇ, ਕੁਧਰਮੀ ਤੇ ਹਰਾਮਕਾਰ ਹਨ, ਨਾ ਹੀ ਮੈਂ ਇਸ ਟੈਕਸ ਵਸੂਲਣ ਵਾਲੇ ਵਰਗਾ ਹਾਂ। 12  ਮੈਂ ਹਫ਼ਤੇ ਵਿਚ ਦੋ ਵਾਰ ਵਰਤ ਰੱਖਦਾ ਹਾਂ; ਮੈਨੂੰ ਜੋ ਵੀ ਮਿਲਦਾ ਹੈ, ਉਸ ਵਿੱਚੋਂ ਦਸਵਾਂ ਹਿੱਸਾ ਦਿੰਦਾ ਹਾਂ।’+ 13  ਪਰ ਟੈਕਸ ਵਸੂਲਣ ਵਾਲਾ ਥੋੜ੍ਹੀ ਦੂਰ ਖੜ੍ਹ ਗਿਆ ਅਤੇ ਉਸ ਨੇ ਆਕਾਸ਼ ਵੱਲ ਆਪਣੀਆਂ ਨਜ਼ਰਾਂ ਚੁੱਕਣ ਦਾ ਵੀ ਹੀਆ ਨਾ ਕੀਤਾ, ਪਰ ਵਾਰ-ਵਾਰ ਆਪਣੀ ਛਾਤੀ ਪਿੱਟਦਾ ਹੋਇਆ ਕਹਿਣ ਲੱਗਾ, ‘ਰੱਬਾ, ਮੈਂ ਪਾਪੀ ਹਾਂ, ਮੇਰੇ ’ਤੇ ਦਇਆ ਕਰ।’+ 14  ਮੈਂ ਤੁਹਾਨੂੰ ਕਹਿੰਦਾ ਹਾਂ: ਇਹ ਆਦਮੀ ਉਸ ਫ਼ਰੀਸੀ ਨਾਲੋਂ ਵੱਧ ਧਰਮੀ ਸਾਬਤ ਹੋ ਕੇ ਆਪਣੇ ਘਰ ਗਿਆ+ ਕਿਉਂਕਿ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।”+ 15  ਹੁਣ ਲੋਕ ਉਸ ਕੋਲ ਆਪਣੇ ਨਿਆਣਿਆਂ ਨੂੰ ਲਿਆ ਰਹੇ ਸਨ ਤਾਂਕਿ ਉਹ ਉਨ੍ਹਾਂ ਦੇ ਸਿਰਾਂ ’ਤੇ ਹੱਥ ਰੱਖੇ, ਪਰ ਇਹ ਦੇਖ ਕੇ ਚੇਲੇ ਲੋਕਾਂ ਨੂੰ ਝਿੜਕਣ ਲੱਗ ਪਏ।+ 16  ਯਿਸੂ ਨੇ ਨਿਆਣਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ: “ਨਿਆਣਿਆਂ ਨੂੰ ਮੇਰੇ ਕੋਲ ਆਉਣ ਦਿਓ, ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਪਰਮੇਸ਼ੁਰ ਦਾ ਰਾਜ ਇਨ੍ਹਾਂ ਵਰਗਿਆਂ ਦਾ ਹੈ।+ 17  ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਜਿਹੜਾ ਇਨਸਾਨ ਇਕ ਬੱਚੇ ਵਾਂਗ ਪਰਮੇਸ਼ੁਰ ਦੇ ਰਾਜ ਨੂੰ ਕਬੂਲ ਨਹੀਂ ਕਰਦਾ, ਉਹ ਉਸ ਰਾਜ ਵਿਚ ਹਰਗਿਜ਼ ਨਹੀਂ ਜਾ ਸਕੇਗਾ।”+ 18  ਯਹੂਦੀਆਂ ਦੇ ਇਕ ਆਗੂ ਨੇ ਉਸ ਨੂੰ ਪੁੱਛਿਆ: “ਚੰਗੇ ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?”+ 19  ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਚੰਗਾ ਕਿਉਂ ਕਹਿੰਦਾ ਹੈਂ? ਪਰਮੇਸ਼ੁਰ ਤੋਂ ਇਲਾਵਾ ਹੋਰ ਕੋਈ ਚੰਗਾ ਨਹੀਂ।+ 20  ਤੈਨੂੰ ਇਹ ਹੁਕਮ ਤਾਂ ਪਤਾ ਹੋਣੇ: ‘ਤੂੰ ਹਰਾਮਕਾਰੀ ਨਾ ਕਰ,+ ਤੂੰ ਖ਼ੂਨ ਨਾ ਕਰ,+ ਤੂੰ ਚੋਰੀ ਨਾ ਕਰ,+ ਤੂੰ ਝੂਠੀ ਗਵਾਹੀ ਨਾ ਦੇ,+ ਤੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰ।’”+ 21  ਫਿਰ ਉਸ ਅਧਿਕਾਰੀ ਨੇ ਕਿਹਾ: “ਮੈਂ ਜਵਾਨੀ ਤੋਂ ਹੀ ਇਨ੍ਹਾਂ ਸਾਰੇ ਹੁਕਮਾਂ ਨੂੰ ਮੰਨਦਾ ਆਇਆ ਹਾਂ।” 22  ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਪਰ ਤੇਰੇ ਵਿਚ ਇਕ ਗੱਲ ਦੀ ਘਾਟ ਹੈ: ਆਪਣਾ ਸਾਰਾ ਕੁਝ ਵੇਚ ਦੇ ਅਤੇ ਪੈਸਾ ਗ਼ਰੀਬਾਂ ਵਿਚ ਵੰਡ ਦੇ, ਤਾਂ ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ ਅਤੇ ਆ ਕੇ ਮੇਰਾ ਚੇਲਾ ਬਣ ਜਾ।”+ 23  ਜਦ ਉਸ ਨੇ ਇਹ ਗੱਲ ਸੁਣੀ, ਤਾਂ ਉਹ ਆਦਮੀ ਬਹੁਤ ਉਦਾਸ ਹੋ ਗਿਆ ਕਿਉਂਕਿ ਉਹ ਬਹੁਤ ਅਮੀਰ ਸੀ।+ 24  ਯਿਸੂ ਨੇ ਉਸ ਵੱਲ ਦੇਖ ਕੇ ਕਿਹਾ: “ਅਮੀਰ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਕਿੰਨਾ ਔਖਾ ਹੋਵੇਗਾ!+ 25  ਕਿਸੇ ਅਮੀਰ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣ ਨਾਲੋਂ ਊਠ ਵਾਸਤੇ ਸੂਈ ਦੇ ਨੱਕੇ ਵਿੱਚੋਂ ਲੰਘਣਾ ਜ਼ਿਆਦਾ ਸੌਖਾ ਹੈ।”+ 26  ਉਸ ਦੀ ਇਹ ਗੱਲ ਸੁਣ ਰਹੇ ਲੋਕਾਂ ਨੇ ਪੁੱਛਿਆ: “ਤਾਂ ਫਿਰ ਕੌਣ ਬਚੂ?”+ 27  ਉਸ ਨੇ ਕਿਹਾ: “ਜਿਹੜੇ ਕੰਮ ਇਨਸਾਨ ਲਈ ਨਾਮੁਮਕਿਨ ਹਨ, ਉਹ ਪਰਮੇਸ਼ੁਰ ਲਈ ਮੁਮਕਿਨ ਹਨ।”+ 28  ਪਰ ਪਤਰਸ ਨੇ ਕਿਹਾ: “ਦੇਖ! ਅਸੀਂ ਆਪਣਾ ਸਾਰਾ ਕੁਝ ਛੱਡ ਕੇ ਤੇਰੇ ਪਿੱਛੇ-ਪਿੱਛੇ ਤੁਰ ਪਏ ਹਾਂ।”+ 29  ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੋ ਵੀ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਘਰ ਜਾਂ ਪਤਨੀ ਜਾਂ ਭਰਾਵਾਂ ਜਾਂ ਮਾਂ-ਪਿਉ ਜਾਂ ਬੱਚਿਆਂ ਨੂੰ ਛੱਡਦਾ ਹੈ,+ 30  ਉਹ ਹੁਣ ਕਈ ਗੁਣਾ ਇਹ ਚੀਜ਼ਾਂ ਪਾਵੇਗਾ ਅਤੇ ਆਉਣ ਵਾਲੇ ਸਮੇਂ* ਵਿਚ ਹਮੇਸ਼ਾ ਦੀ ਜ਼ਿੰਦਗੀ।”+ 31  ਫਿਰ ਉਸ ਨੇ 12 ਰਸੂਲਾਂ ਨੂੰ ਇਕ ਪਾਸੇ ਲਿਜਾ ਕੇ ਦੱਸਿਆ: “ਦੇਖੋ! ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦੇ ਪੁੱਤਰ ਬਾਰੇ ਨਬੀਆਂ ਨੇ ਜੋ ਵੀ ਗੱਲਾਂ ਲਿਖੀਆਂ ਸਨ, ਉਹ ਸਾਰੀਆਂ ਪੂਰੀਆਂ ਹੋਣਗੀਆਂ।+ 32  ਮਿਸਾਲ ਲਈ, ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ,+ ਉਸ ਦਾ ਮਜ਼ਾਕ ਉਡਾਇਆ ਜਾਵੇਗਾ,+ ਉਸ ਦੀ ਬੇਇੱਜ਼ਤੀ ਕੀਤੀ ਜਾਵੇਗੀ ਅਤੇ ਉਸ ’ਤੇ ਥੁੱਕਿਆ ਜਾਵੇਗਾ।+ 33  ਉਸ ਦੇ ਕੋਰੜੇ ਮਾਰਨ ਤੋਂ ਬਾਅਦ ਉਹ ਉਸ ਨੂੰ ਜਾਨੋਂ ਮਾਰ ਦੇਣਗੇ,+ ਪਰ ਤੀਜੇ ਦਿਨ ਉਹ ਦੁਬਾਰਾ ਜੀਉਂਦਾ ਹੋ ਜਾਵੇਗਾ।”+ 34  ਪਰ ਚੇਲੇ ਇਨ੍ਹਾਂ ਵਿੱਚੋਂ ਕੋਈ ਗੱਲ ਸਮਝ ਨਾ ਸਕੇ ਕਿਉਂਕਿ ਉਨ੍ਹਾਂ ਤੋਂ ਇਨ੍ਹਾਂ ਗੱਲਾਂ ਦਾ ਮਤਲਬ ਲੁਕਿਆ ਰਿਹਾ। 35  ਹੁਣ ਜਦੋਂ ਉਹ ਯਰੀਹੋ ਦੇ ਲਾਗੇ ਪਹੁੰਚਿਆ, ਤਾਂ ਇਕ ਅੰਨ੍ਹਾ ਭਿਖਾਰੀ ਰਾਹ ਵਿਚ ਬੈਠਾ ਭੀਖ ਮੰਗ ਰਿਹਾ ਸੀ।+ 36  ਉਸ ਨੇ ਉੱਥੋਂ ਲੰਘ ਰਹੀ ਭੀੜ ਦਾ ਰੌਲ਼ਾ ਸੁਣਿਆ ਤੇ ਉਸ ਨੇ ਇਸ ਬਾਰੇ ਕਿਸੇ ਨੂੰ ਪੁੱਛਿਆ ਕਿ ਕੀ ਹੋ ਰਿਹਾ ਸੀ। 37  ਲੋਕਾਂ ਨੇ ਉਸ ਨੂੰ ਦੱਸਿਆ: “ਯਿਸੂ ਨਾਸਰੀ ਉੱਧਰੋਂ ਦੀ ਲੰਘ ਰਿਹਾ ਹੈ!” 38  ਇਹ ਸੁਣ ਕੇ ਉਸ ਨੇ ਉੱਚੀ-ਉੱਚੀ ਕਿਹਾ: “ਹੇ ਯਿਸੂ, ਦਾਊਦ ਦੇ ਪੁੱਤਰ, ਮੇਰੇ ’ਤੇ ਰਹਿਮ ਕਰ!” 39  ਜਿਹੜੇ ਲੋਕ ਅੱਗੇ-ਅੱਗੇ ਜਾ ਰਹੇ ਸਨ, ਉਨ੍ਹਾਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ-ਉੱਚੀ ਕਹਿਣ ਲੱਗ ਪਿਆ: “ਹੇ ਦਾਊਦ ਦੇ ਪੁੱਤਰ, ਮੇਰੇ ’ਤੇ ਰਹਿਮ ਕਰ!” 40  ਇਹ ਸੁਣ ਕੇ ਯਿਸੂ ਰੁਕ ਗਿਆ ਅਤੇ ਉਸ ਨੇ ਕਿਹਾ ਕਿ ਅੰਨ੍ਹੇ ਭਿਖਾਰੀ ਨੂੰ ਉਸ ਕੋਲ ਲਿਆਂਦਾ ਜਾਵੇ। ਜਦੋਂ ਉਹ ਭਿਖਾਰੀ ਉਸ ਕੋਲ ਆਇਆ, ਤਾਂ ਯਿਸੂ ਨੇ ਉਸ ਨੂੰ ਪੁੱਛਿਆ: 41  “ਦੱਸ, ਮੈਂ ਤੇਰੇ ਲਈ ਕੀ ਕਰਾਂ?” ਉਸ ਨੇ ਕਿਹਾ: “ਪ੍ਰਭੂ, ਮੈਨੂੰ ਸੁਜਾਖਾ ਕਰ ਦੇ।” 42  ਯਿਸੂ ਨੇ ਉਸ ਨੂੰ ਕਿਹਾ: “ਤੂੰ ਸੁਜਾਖਾ ਹੋ ਜਾ; ਤੂੰ ਆਪਣੀ ਨਿਹਚਾ ਕਰਕੇ ਚੰਗਾ ਹੋਇਆ ਹੈਂ।”+ 43  ਉਸੇ ਵੇਲੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਉਹ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ ਯਿਸੂ ਦੇ ਮਗਰ ਤੁਰ ਪਿਆ।+ ਨਾਲੇ ਸਾਰੇ ਲੋਕ ਇਹ ਸਭ ਕੁਝ ਦੇਖ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਲੱਗ ਪਏ।+

ਫੁਟਨੋਟ

ਜਾਂ, “ਯੁਗ।” ਸ਼ਬਦਾਵਲੀ ਦੇਖੋ।