ਉਤਪਤ 8:1-22

  • ਜਲ-ਪਰਲੋ ਦੇ ਪਾਣੀਆਂ ਦਾ ਘਟਣਾ (1-14)

    • ਘੁੱਗੀ ਨੂੰ ਬਾਹਰ ਛੱਡਣਾ (8-12)

  • ਕਿਸ਼ਤੀ ਵਿੱਚੋਂ ਬਾਹਰ ਆਉਣਾ (15-19)

  • ਧਰਤੀ ਲਈ ਪਰਮੇਸ਼ੁਰ ਦਾ ਵਾਅਦਾ (20-22)

8  ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਨਾਲ ਕਿਸ਼ਤੀ ਵਿਚ ਸਵਾਰ ਸਾਰੇ ਜੰਗਲੀ ਜਾਨਵਰਾਂ ਅਤੇ ਪਾਲਤੂ ਪਸ਼ੂਆਂ ਵੱਲ ਧਿਆਨ ਦਿੱਤਾ*+ ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ ਅਤੇ ਪਾਣੀ ਘਟਣ ਲੱਗ ਪਿਆ।  2  ਆਕਾਸ਼ ਵਿਚ ਪਾਣੀ ਦੇ ਸੋਮੇ ਬੰਦ ਹੋ ਗਏ ਸਨ ਜਿਸ ਕਰਕੇ ਆਕਾਸ਼ੋਂ ਮੀਂਹ ਪੈਣਾ ਬੰਦ ਹੋ ਗਿਆ।*+ 3  ਫਿਰ ਧਰਤੀ ਤੋਂ ਪਾਣੀ ਲਗਾਤਾਰ ਘਟਦਾ ਗਿਆ। 150 ਦਿਨਾਂ ਬਾਅਦ ਪਾਣੀ ਕਾਫ਼ੀ ਹੱਦ ਤਕ ਘਟ ਗਿਆ।  4  ਸੱਤਵੇਂ ਮਹੀਨੇ ਦੀ 17 ਤਾਰੀਖ਼ ਨੂੰ ਕਿਸ਼ਤੀ ਅਰਾਰਾਤ ਪਹਾੜ ਦੀ ਇਕ ਚੋਟੀ ਉੱਤੇ ਆ ਕੇ ਖੜ੍ਹ ਗਈ।  5  ਦਸਵੇਂ ਮਹੀਨੇ ਤਕ ਪਾਣੀ ਲਗਾਤਾਰ ਘਟਦਾ ਗਿਆ। ਦਸਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਪਹਾੜਾਂ ਦੀਆਂ ਚੋਟੀਆਂ ਨਜ਼ਰ ਆਉਣ ਲੱਗ ਪਈਆਂ।+ 6  ਇਸ ਲਈ 40 ਦਿਨਾਂ ਬਾਅਦ ਨੂਹ ਨੇ ਕਿਸ਼ਤੀ ਦੀ ਖਿੜਕੀ+ ਖੋਲ੍ਹੀ  7  ਅਤੇ ਇਕ ਕਾਂ ਨੂੰ ਛੱਡਿਆ; ਜਦ ਤਕ ਧਰਤੀ ਉੱਤੋਂ ਪਾਣੀ ਸੁੱਕ ਨਹੀਂ ਗਿਆ, ਤਦ ਤਕ ਕਾਂ ਬਾਹਰ ਉੱਡਦਾ ਰਹਿੰਦਾ ਸੀ ਅਤੇ ਫਿਰ ਵਾਪਸ ਆ ਜਾਂਦਾ ਸੀ। 8  ਬਾਅਦ ਵਿਚ ਉਸ ਨੇ ਇਕ ਘੁੱਗੀ ਨੂੰ ਛੱਡਿਆ ਤਾਂਕਿ ਉਸ ਨੂੰ ਪਤਾ ਲੱਗ ਜਾਵੇ ਕਿ ਜ਼ਮੀਨ ਤੋਂ ਪਾਣੀ ਸੁੱਕ ਗਿਆ ਸੀ ਜਾਂ ਨਹੀਂ।  9  ਪਰ ਘੁੱਗੀ ਨੂੰ ਕਿਤੇ ਵੀ ਬੈਠਣ* ਲਈ ਜਗ੍ਹਾ ਨਾ ਮਿਲੀ, ਇਸ ਕਰਕੇ ਉਹ ਨੂਹ ਕੋਲ ਕਿਸ਼ਤੀ ਵਿਚ ਵਾਪਸ ਆ ਗਈ ਕਿਉਂਕਿ ਪੂਰੀ ਧਰਤੀ ʼਤੇ ਅਜੇ ਵੀ ਪਾਣੀ ਹੀ ਪਾਣੀ ਸੀ।+ ਇਸ ਲਈ ਉਸ ਨੇ ਹੱਥ ਵਧਾ ਕੇ ਘੁੱਗੀ ਨੂੰ ਫੜ ਲਿਆ ਅਤੇ ਕਿਸ਼ਤੀ ਵਿਚ ਲੈ ਗਿਆ।  10  ਹੋਰ ਸੱਤ ਦਿਨ ਉਡੀਕ ਕਰਨ ਤੋਂ ਬਾਅਦ ਉਸ ਨੇ ਕਿਸ਼ਤੀ ਵਿੱਚੋਂ ਦੁਬਾਰਾ ਘੁੱਗੀ ਨੂੰ ਛੱਡਿਆ।  11  ਜਦੋਂ ਘੁੱਗੀ ਸ਼ਾਮ ਨੂੰ ਉਸ ਕੋਲ ਆਈ, ਤਾਂ ਉਸ ਨੇ ਦੇਖਿਆ ਕਿ ਘੁੱਗੀ ਦੀ ਚੁੰਝ ਵਿਚ ਜ਼ੈਤੂਨ ਦਾ ਇਕ ਹਰਾ ਪੱਤਾ ਸੀ! ਇਸ ਤੋਂ ਨੂਹ ਜਾਣ ਗਿਆ ਕਿ ਧਰਤੀ ਤੋਂ ਪਾਣੀ ਘਟ ਗਿਆ ਸੀ।+ 12  ਉਸ ਨੇ ਹੋਰ ਸੱਤ ਦਿਨ ਉਡੀਕ ਕੀਤੀ। ਉਸ ਨੇ ਫਿਰ ਘੁੱਗੀ ਨੂੰ ਛੱਡਿਆ, ਪਰ ਇਸ ਵਾਰ ਉਹ ਉਸ ਕੋਲ ਵਾਪਸ ਨਹੀਂ ਆਈ। 13  ਨੂਹ ਦੀ ਜ਼ਿੰਦਗੀ ਦੇ 601ਵੇਂ ਸਾਲ+ ਦੇ ਪਹਿਲੇ ਮਹੀਨੇ ਦੇ ਪਹਿਲੀ ਤਾਰੀਖ਼ ਨੂੰ ਧਰਤੀ ਤੋਂ ਪਾਣੀ ਲਗਭਗ ਸੁੱਕ ਗਿਆ ਸੀ; ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਦੇਖਿਆ ਕਿ ਜ਼ਮੀਨ ਸੁੱਕਣ ਲੱਗ ਪਈ ਸੀ।  14  ਦੂਸਰੇ ਮਹੀਨੇ ਦੀ 27 ਤਾਰੀਖ਼ ਨੂੰ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ। 15  ਫਿਰ ਪਰਮੇਸ਼ੁਰ ਨੇ ਨੂਹ ਨੂੰ ਕਿਹਾ:  16  “ਤੂੰ, ਤੇਰੀ ਪਤਨੀ, ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਕਿਸ਼ਤੀ ਤੋਂ ਬਾਹਰ ਆ ਜਾਓ।+ 17  ਤੁਸੀਂ ਆਪਣੇ ਨਾਲ ਸਾਰੇ ਜੀਉਂਦੇ ਪ੍ਰਾਣੀ ਯਾਨੀ ਉੱਡਣ ਵਾਲੇ ਜੀਵ,+ ਪਾਲਤੂ ਪਸ਼ੂ ਅਤੇ ਜ਼ਮੀਨ ਉੱਤੇ ਘਿਸਰਨ ਵਾਲੇ ਜਾਨਵਰ ਬਾਹਰ ਲੈ ਕੇ ਆਓ ਤਾਂਕਿ ਉਹ ਬੱਚੇ ਪੈਦਾ ਕਰਨ, ਵਧਣ-ਫੁੱਲਣ ਅਤੇ ਧਰਤੀ ਉੱਤੇ ਉਨ੍ਹਾਂ ਦੀ ਗਿਣਤੀ ਵਧ ਜਾਵੇ।”+ 18  ਇਸ ਲਈ ਨੂਹ ਆਪਣੇ ਪੁੱਤਰਾਂ,+ ਆਪਣੀ ਪਤਨੀ ਅਤੇ ਆਪਣੀਆਂ ਨੂੰਹਾਂ ਨਾਲ ਬਾਹਰ ਆ ਗਿਆ।  19  ਹਰ ਜੀਉਂਦਾ ਪ੍ਰਾਣੀ, ਘਿਸਰਨ ਵਾਲਾ ਜਾਨਵਰ ਅਤੇ ਧਰਤੀ ਉੱਤੇ ਤੁਰਨ-ਫਿਰਨ ਵਾਲਾ ਹਰ ਜੀਵ ਆਪੋ-ਆਪਣੀ ਕਿਸਮ ਨਾਲ ਕਿਸ਼ਤੀ ਵਿੱਚੋਂ ਬਾਹਰ ਆ ਗਿਆ।+ 20  ਫਿਰ ਨੂਹ ਨੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਕੁਝ ਸ਼ੁੱਧ ਜਾਨਵਰ ਅਤੇ ਕੁਝ ਸ਼ੁੱਧ ਪੰਛੀ+ ਹੋਮ-ਬਲ਼ੀ ਵਜੋਂ ਚੜ੍ਹਾਏ।+ 21  ਫਿਰ ਯਹੋਵਾਹ ਨੇ ਇਸ ਦੀ ਖ਼ੁਸ਼ਬੂ ਸੁੰਘੀ ਜਿਸ ਤੋਂ ਉਹ ਖ਼ੁਸ਼ ਹੋਇਆ। ਇਸ ਲਈ ਯਹੋਵਾਹ ਨੇ ਆਪਣੇ ਦਿਲ ਵਿਚ ਕਿਹਾ: “ਮੈਂ ਹੁਣ ਕਦੀ ਵੀ ਇਨਸਾਨ ਕਰਕੇ ਜ਼ਮੀਨ ਨੂੰ ਸਰਾਪ ਨਹੀਂ ਦਿਆਂਗਾ+ ਕਿਉਂਕਿ ਬਚਪਨ ਤੋਂ ਹੀ ਉਹ ਮਨ ਵਿਚ ਬੁਰਾਈ ਕਰਨ ਬਾਰੇ ਸੋਚਦਾ ਰਹਿੰਦਾ ਹੈ।+ ਮੈਂ ਕਦੀ ਵੀ ਇਨਸਾਨ ਅਤੇ ਜੀਉਂਦੇ ਪ੍ਰਾਣੀਆਂ ਨੂੰ ਖ਼ਤਮ ਨਹੀਂ ਕਰਾਂਗਾ, ਜਿਵੇਂ ਮੈਂ ਹੁਣ ਕੀਤਾ ਹੈ।+ 22  ਹੁਣ ਤੋਂ ਧਰਤੀ ਉੱਤੇ ਬੀਜਣ-ਵੱਢਣ, ਠੰਢ-ਗਰਮੀ, ਗਰਮੀਆਂ-ਸਰਦੀਆਂ ਅਤੇ ਦਿਨ-ਰਾਤ ਦਾ ਸਿਲਸਿਲਾ ਕਦੇ ਖ਼ਤਮ ਨਹੀਂ ਹੋਵੇਗਾ।”+

ਫੁਟਨੋਟ

ਇਬ, “ਯਾਦ ਕੀਤਾ।”
ਜਾਂ, “ਰੋਕ ਦਿੱਤਾ ਗਿਆ।”
ਜਾਂ, “ਪੈਰ ਰੱਖਣ ਲਈ।”