ਕੂਚ 9:1-35
9 ਇਸ ਲਈ ਯਹੋਵਾਹ ਨੇ ਮੂਸਾ ਨੂੰ ਕਿਹਾ: “ਫ਼ਿਰਊਨ ਨੂੰ ਜਾ ਕੇ ਕਹਿ, ‘ਇਬਰਾਨੀ ਲੋਕਾਂ ਦੇ ਪਰਮੇਸ਼ੁਰ ਯਹੋਵਾਹ ਨੇ ਕਿਹਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ।+
2 ਪਰ ਜੇ ਤੂੰ ਉਨ੍ਹਾਂ ਨੂੰ ਭੇਜਣ ਤੋਂ ਇਨਕਾਰ ਕਰੇਂਗਾ ਅਤੇ ਉਨ੍ਹਾਂ ਨੂੰ ਰੋਕੀ ਰੱਖੇਂਗਾ,
3 ਤਾਂ ਦੇਖ! ਯਹੋਵਾਹ ਦਾ ਹੱਥ+ ਤੇਰੇ ਪਾਲਤੂ ਪਸ਼ੂਆਂ ਦੇ ਵਿਰੁੱਧ ਉੱਠੇਗਾ। ਤੇਰੇ ਘੋੜਿਆਂ, ਗਧਿਆਂ, ਊਠਾਂ, ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਉੱਤੇ ਜਾਨਲੇਵਾ ਮਹਾਂਮਾਰੀ ਆਵੇਗੀ।+
4 ਯਹੋਵਾਹ ਇਜ਼ਰਾਈਲ ਦੇ ਪਸ਼ੂਆਂ ਅਤੇ ਮਿਸਰ ਦੇ ਪਸ਼ੂਆਂ ਵਿਚਕਾਰ ਜ਼ਰੂਰ ਫ਼ਰਕ ਦਿਖਾਵੇਗਾ ਅਤੇ ਇਜ਼ਰਾਈਲੀਆਂ ਦਾ ਕੋਈ ਵੀ ਪਸ਼ੂ ਨਹੀਂ ਮਰੇਗਾ।”’”+
5 ਇਸ ਤੋਂ ਇਲਾਵਾ, ਯਹੋਵਾਹ ਨੇ ਸਮਾਂ ਠਹਿਰਾਉਂਦੇ ਹੋਏ ਕਿਹਾ: “ਕੱਲ੍ਹ ਨੂੰ ਮੈਂ ਯਹੋਵਾਹ ਦੇਸ਼ ਵਿਚ ਇਹ ਆਫ਼ਤ ਲਿਆਵਾਂਗਾ।”
6 ਅਗਲੇ ਦਿਨ ਯਹੋਵਾਹ ਨੇ ਇਸੇ ਤਰ੍ਹਾਂ ਕੀਤਾ ਅਤੇ ਮਿਸਰੀਆਂ ਦੇ ਹਰ ਤਰ੍ਹਾਂ ਦੇ ਪਸ਼ੂ ਮਰਨ ਲੱਗੇ,+ ਪਰ ਇਜ਼ਰਾਈਲੀਆਂ ਦਾ ਇਕ ਵੀ ਪਸ਼ੂ ਨਹੀਂ ਮਰਿਆ।
7 ਜਦੋਂ ਫ਼ਿਰਊਨ ਨੇ ਇਸ ਬਾਰੇ ਪੁੱਛ-ਪੜਤਾਲ ਕੀਤੀ, ਤਾਂ ਉਸ ਨੂੰ ਪਤਾ ਲੱਗਾ ਕਿ ਇਜ਼ਰਾਈਲੀਆਂ ਦਾ ਇਕ ਵੀ ਪਸ਼ੂ ਨਹੀਂ ਮਰਿਆ ਸੀ। ਫਿਰ ਵੀ ਫ਼ਿਰਊਨ ਦੇ ਦਿਲ ʼਤੇ ਕੋਈ ਅਸਰ ਨਹੀਂ ਪਿਆ ਅਤੇ ਉਸ ਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।+
8 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ: “ਤੁਸੀਂ ਆਪਣੇ ਦੋਵੇਂ ਹੱਥਾਂ ਵਿਚ ਭੱਠੀ ਵਿੱਚੋਂ ਸੁਆਹ ਲਵੋ ਅਤੇ ਫਿਰ ਮੂਸਾ ਉਸ ਨੂੰ ਫ਼ਿਰਊਨ ਦੇ ਸਾਮ੍ਹਣੇ ਹਵਾ ਵਿਚ ਉਡਾ ਦੇਵੇ।
9 ਇਹ ਸੁਆਹ ਪੂਰੇ ਮਿਸਰ ਵਿਚ ਧੂੜ ਬਣ ਕੇ ਖਿੱਲਰ ਜਾਵੇਗੀ। ਇਸ ਨਾਲ ਪੂਰੇ ਮਿਸਰ ਵਿਚ ਇਨਸਾਨਾਂ ਤੇ ਜਾਨਵਰਾਂ ਦੇ ਫੋੜੇ ਨਿਕਲ ਆਉਣਗੇ ਜਿਨ੍ਹਾਂ ਵਿੱਚੋਂ ਪੀਕ ਵਗੇਗੀ।”
10 ਇਸ ਲਈ ਉਹ ਭੱਠੀ ਵਿੱਚੋਂ ਸੁਆਹ ਲੈ ਕੇ ਫ਼ਿਰਊਨ ਦੇ ਸਾਮ੍ਹਣੇ ਖੜ੍ਹੇ ਹੋ ਗਏ ਅਤੇ ਮੂਸਾ ਨੇ ਹਵਾ ਵਿਚ ਸੁਆਹ ਉਡਾ ਦਿੱਤੀ ਅਤੇ ਇਸ ਨਾਲ ਇਨਸਾਨਾਂ ਅਤੇ ਜਾਨਵਰਾਂ ਦੇ ਫੋੜੇ ਨਿਕਲ ਆਏ ਜਿਨ੍ਹਾਂ ਵਿੱਚੋਂ ਪੀਕ ਵਗਦੀ ਸੀ।
11 ਜਾਦੂਗਰੀ ਕਰਨ ਵਾਲੇ ਪੁਜਾਰੀ ਮੂਸਾ ਦੇ ਸਾਮ੍ਹਣੇ ਖੜ੍ਹੇ ਨਾ ਹੋ ਸਕੇ ਕਿਉਂਕਿ ਬਾਕੀ ਮਿਸਰੀਆਂ ਵਾਂਗ ਉਨ੍ਹਾਂ ਦੇ ਵੀ ਫੋੜੇ ਹੋ ਗਏ ਸਨ।+
12 ਪਰ ਯਹੋਵਾਹ ਨੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਠੀਕ ਜਿਵੇਂ ਯਹੋਵਾਹ ਨੇ ਮੂਸਾ ਨੂੰ ਕਿਹਾ ਸੀ।+
13 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਸਵੇਰੇ ਤੜਕੇ ਉੱਠ ਕੇ ਫ਼ਿਰਊਨ ਦੇ ਸਾਮ੍ਹਣੇ ਖੜ੍ਹਾ ਹੋਈਂ ਅਤੇ ਉਸ ਨੂੰ ਕਹੀਂ, ‘ਇਬਰਾਨੀ ਲੋਕਾਂ ਦੇ ਪਰਮੇਸ਼ੁਰ ਯਹੋਵਾਹ ਨੇ ਕਿਹਾ ਹੈ: “ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਮੇਰੀ ਭਗਤੀ* ਕਰਨ।
14 ਹੁਣ ਮੈਂ ਤੇਰੇ ਦਿਲ ʼਤੇ ਇਕ ਤੋਂ ਬਾਅਦ ਇਕ ਵਾਰ ਕਰਾਂਗਾ, ਨਾਲੇ ਤੇਰੇ ਨੌਕਰਾਂ ਅਤੇ ਤੇਰੇ ਲੋਕਾਂ ʼਤੇ ਵੀ ਆਫ਼ਤਾਂ ਲਿਆਵਾਂਗਾ ਤਾਂਕਿ ਤੈਨੂੰ ਪਤਾ ਲੱਗ ਜਾਵੇ ਕਿ ਪੂਰੀ ਧਰਤੀ ਉੱਤੇ ਮੇਰੇ ਵਰਗਾ ਹੋਰ ਕੋਈ ਨਹੀਂ ਹੈ।+
15 ਮੈਂ ਚਾਹੁੰਦਾ ਤਾਂ ਮੈਂ ਤੇਰੇ ਉੱਤੇ ਅਤੇ ਤੇਰੇ ਲੋਕਾਂ ਉੱਤੇ ਜਾਨਲੇਵਾ ਮਹਾਂਮਾਰੀ ਲਿਆ ਕੇ ਹੁਣ ਤਕ ਤੈਨੂੰ ਧਰਤੀ ਤੋਂ ਮਿਟਾ ਦਿੱਤਾ ਹੁੰਦਾ।
16 ਪਰ ਮੈਂ ਤੈਨੂੰ ਇਸੇ ਕਰਕੇ ਅਜੇ ਤਕ ਜੀਉਂਦਾ ਰੱਖਿਆ ਹੈ ਤਾਂਕਿ ਮੈਂ ਤੈਨੂੰ ਆਪਣੀ ਤਾਕਤ ਦਿਖਾਵਾਂ ਅਤੇ ਪੂਰੀ ਧਰਤੀ ਉੱਤੇ ਮੇਰੇ ਨਾਂ ਬਾਰੇ ਲੋਕਾਂ ਨੂੰ ਪਤਾ ਲੱਗੇ।+
17 ਕੀ ਤੇਰਾ ਦਿਲ ਅਜੇ ਵੀ ਇੰਨਾ ਹੰਕਾਰਿਆ ਹੋਇਆ ਹੈ ਕਿ ਤੂੰ ਮੇਰੇ ਲੋਕਾਂ ਨੂੰ ਘੱਲਣ ਤੋਂ ਇਨਕਾਰ ਕਰ ਰਿਹਾ ਹੈਂ?
18 ਮੈਂ ਕੱਲ੍ਹ ਨੂੰ ਲਗਭਗ ਇਸੇ ਸਮੇਂ ਇੰਨੇ ਜ਼ਿਆਦਾ ਗੜੇ ਪਾਵਾਂਗਾ ਜਿੰਨੇ ਮਿਸਰ ਵਿਚ ਹੁਣ ਤਕ ਨਹੀਂ ਪਏ।
19 ਇਸ ਲਈ ਆਪਣੇ ਨੌਕਰਾਂ ਨੂੰ ਹੁਕਮ ਦੇ ਕਿ ਉਹ ਖੇਤਾਂ ਵਿੱਚੋਂ ਤੇਰੇ ਸਾਰੇ ਪਾਲਤੂ ਪਸ਼ੂਆਂ ਨੂੰ ਅੰਦਰ ਲਿਆਉਣ। ਨਾਲੇ ਤੇਰਾ ਜੋ ਕੁਝ ਵੀ ਬਾਹਰ ਹੈ, ਉਸ ਨੂੰ ਵੀ ਅੰਦਰ ਲਿਆਂਦਾ ਜਾਵੇ। ਜਿਹੜਾ ਵੀ ਇਨਸਾਨ ਤੇ ਜਾਨਵਰ ਅੰਦਰ ਨਹੀਂ ਲਿਆਂਦਾ ਜਾਵੇਗਾ ਅਤੇ ਬਾਹਰ ਰਹਿ ਜਾਵੇਗਾ, ਉਹ ਗੜਿਆਂ ਦੀ ਮਾਰ ਨਾਲ ਮਰ ਜਾਵੇਗਾ।”’”
20 ਫ਼ਿਰਊਨ ਦੇ ਜਿਹੜੇ ਵੀ ਨੌਕਰ ਯਹੋਵਾਹ ਦਾ ਹੁਕਮ ਸੁਣ ਕੇ ਡਰ ਗਏ, ਉਹ ਫਟਾਫਟ ਜਾ ਕੇ ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਘਰਾਂ ਦੇ ਅੰਦਰ ਲੈ ਆਏ।
21 ਪਰ ਜਿਨ੍ਹਾਂ ਨੇ ਯਹੋਵਾਹ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ, ਉਨ੍ਹਾਂ ਨੇ ਆਪਣੇ ਨੌਕਰ ਤੇ ਪਸ਼ੂ ਬਾਹਰ ਹੀ ਰਹਿਣ ਦਿੱਤੇ।
22 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਕਾਸ਼ ਵੱਲ ਆਪਣਾ ਹੱਥ ਉਠਾ ਤਾਂਕਿ ਪੂਰੇ ਮਿਸਰ ਵਿਚ ਇਨਸਾਨਾਂ, ਜਾਨਵਰਾਂ ਤੇ ਸਾਰੇ ਪੇੜ-ਪੌਦਿਆਂ ਉੱਤੇ+ ਗੜੇ ਪੈਣ।”+
23 ਇਸ ਲਈ ਮੂਸਾ ਨੇ ਆਕਾਸ਼ ਵੱਲ ਆਪਣਾ ਡੰਡਾ ਚੁੱਕਿਆ ਅਤੇ ਯਹੋਵਾਹ ਨੇ ਬੱਦਲਾਂ ਦੀ ਗਰਜ ਨਾਲ ਧਰਤੀ ਉੱਤੇ ਗੜੇ ਅਤੇ ਅੱਗ* ਵਰ੍ਹਾਈ ਅਤੇ ਯਹੋਵਾਹ ਪੂਰੇ ਮਿਸਰ ਉੱਤੇ ਲਗਾਤਾਰ ਗੜੇ ਪਾਉਂਦਾ ਰਿਹਾ।
24 ਗੜੇ ਪੈਂਦੇ ਰਹੇ ਅਤੇ ਗੜਿਆਂ ਨਾਲ ਅੱਗ ਵੀ ਵਰ੍ਹੀ। ਉਸ ਵੇਲੇ ਭਾਰੀ ਗੜੇਮਾਰ ਹੋਈ; ਜਦੋਂ ਤੋਂ ਮਿਸਰ ਇਕ ਕੌਮ ਬਣਿਆ ਹੈ, ਉਦੋਂ ਤੋਂ ਲੈ ਕੇ ਹੁਣ ਤਕ ਇੰਨੇ ਜ਼ਿਆਦਾ ਗੜੇ ਕਦੇ ਨਹੀਂ ਪਏ।+
25 ਪੂਰੇ ਮਿਸਰ ਵਿਚ ਇਨਸਾਨਾਂ ਤੋਂ ਲੈ ਕੇ ਜਾਨਵਰਾਂ ਤਕ ਜੋ ਵੀ ਬਾਹਰ ਸੀ, ਉਸ ਉੱਤੇ ਗੜਿਆਂ ਦੀ ਮਾਰ ਪਈ ਜਿਸ ਕਰਕੇ ਸਾਰੇ ਪੇੜ-ਪੌਦੇ ਤਬਾਹ ਹੋ ਗਏ ਅਤੇ ਸਾਰੇ ਦਰਖ਼ਤ ਤਹਿਸ-ਨਹਿਸ ਹੋ ਗਏ।+
26 ਸਿਰਫ਼ ਗੋਸ਼ਨ ਦੇ ਇਲਾਕੇ ਵਿਚ ਗੜੇ ਨਹੀਂ ਪਏ ਜਿੱਥੇ ਇਜ਼ਰਾਈਲੀ ਰਹਿੰਦੇ ਸਨ।+
27 ਇਸ ਲਈ ਫ਼ਿਰਊਨ ਨੇ ਮੂਸਾ ਤੇ ਹਾਰੂਨ ਨੂੰ ਬੁਲਾ ਕੇ ਕਿਹਾ: “ਹੁਣ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਮੈਂ ਪਾਪ ਕੀਤਾ ਹੈ। ਯਹੋਵਾਹ ਜੋ ਵੀ ਕਰਦਾ, ਸਹੀ ਕਰਦਾ, ਪਰ ਮੈਂ ਤੇ ਮੇਰੇ ਲੋਕ ਗ਼ਲਤ ਹਾਂ।
28 ਯਹੋਵਾਹ ਨੂੰ ਫ਼ਰਿਆਦ ਕਰੋ ਕਿ ਉਹ ਬੱਦਲਾਂ ਦੀ ਗਰਜ ਅਤੇ ਗੜੇ ਪਾਉਣੇ ਬੰਦ ਕਰ ਦੇਵੇ। ਫਿਰ ਮੈਂ ਤੁਹਾਨੂੰ ਆਪ ਘੱਲਾਂਗਾ ਅਤੇ ਤੁਹਾਨੂੰ ਇੱਥੇ ਹੋਰ ਨਹੀਂ ਰਹਿਣਾ ਪਵੇਗਾ।”
29 ਮੂਸਾ ਨੇ ਉਸ ਨੂੰ ਕਿਹਾ: “ਜਦੋਂ ਮੈਂ ਸ਼ਹਿਰੋਂ ਬਾਹਰ ਜਾਵਾਂਗਾ, ਤਾਂ ਮੈਂ ਯਹੋਵਾਹ ਅੱਗੇ ਆਪਣੇ ਹੱਥ ਅੱਡਾਂਗਾ। ਬੱਦਲ ਗਰਜਣੇ ਬੰਦ ਹੋ ਜਾਣਗੇ ਅਤੇ ਹੋਰ ਗੜੇ ਨਹੀਂ ਪੈਣਗੇ ਤਾਂਕਿ ਤੈਨੂੰ ਪਤਾ ਲੱਗ ਜਾਵੇ ਕਿ ਧਰਤੀ ਦਾ ਮਾਲਕ ਯਹੋਵਾਹ ਹੈ।+
30 ਪਰ ਮੈਂ ਜਾਣਦਾ ਹਾਂ ਕਿ ਤੂੰ ਤੇ ਤੇਰੇ ਨੌਕਰ ਫਿਰ ਵੀ ਯਹੋਵਾਹ ਪਰਮੇਸ਼ੁਰ ਤੋਂ ਨਹੀਂ ਡਰੋਗੇ।”
31 ਉਸ ਵੇਲੇ ਅਲਸੀ ਅਤੇ ਜੌਆਂ ਦੀ ਫ਼ਸਲ ਤਬਾਹ ਹੋ ਗਈ ਕਿਉਂਕਿ ਜੌਆਂ ਦੇ ਸਿੱਟੇ ਨਿਕਲ ਆਏ ਸਨ ਅਤੇ ਸਣ ਦੀਆਂ ਡੋਡੀਆਂ ਨਿਕਲ ਆਈਆਂ ਸਨ।
32 ਪਰ ਕਣਕ* ਦੀ ਫ਼ਸਲ ਤਬਾਹ ਨਹੀਂ ਹੋਈ ਕਿਉਂਕਿ ਇਸ ਦੇ ਸਿੱਟੇ ਅਜੇ ਨਹੀਂ ਨਿਕਲੇ ਸਨ।
33 ਮੂਸਾ ਫ਼ਿਰਊਨ ਕੋਲੋਂ ਚਲਾ ਗਿਆ ਅਤੇ ਉਸ ਨੇ ਸ਼ਹਿਰੋਂ ਬਾਹਰ ਜਾ ਕੇ ਯਹੋਵਾਹ ਅੱਗੇ ਹੱਥ ਅੱਡੇ ਜਿਸ ਕਰਕੇ ਬੱਦਲ ਗਰਜਣੋਂ ਹਟ ਗਏ ਅਤੇ ਧਰਤੀ ਉੱਤੇ ਗੜੇ ਤੇ ਮੀਂਹ ਪੈਣਾ ਬੰਦ ਹੋ ਗਿਆ।+
34 ਜਦੋਂ ਫ਼ਿਰਊਨ ਨੇ ਦੇਖਿਆ ਕਿ ਮੀਂਹ, ਗੜੇ ਅਤੇ ਬੱਦਲਾਂ ਦੀ ਗਰਜ ਬੰਦ ਹੋ ਗਈ, ਤਾਂ ਉਸ ਨੇ ਦੁਬਾਰਾ ਪਾਪ ਕੀਤਾ ਅਤੇ ਆਪਣਾ ਦਿਲ ਕਠੋਰ ਕਰ ਲਿਆ।+ ਉਸ ਦੇ ਨੌਕਰਾਂ ਨੇ ਵੀ ਉਹੀ ਕੀਤਾ ਜੋ ਉਸ ਨੇ ਕੀਤਾ ਸੀ।
35 ਫ਼ਿਰਊਨ ਦਾ ਦਿਲ ਕਠੋਰ ਹੀ ਰਿਹਾ ਅਤੇ ਉਸ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ, ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਕਿਹਾ ਸੀ।+
ਫੁਟਨੋਟ
^ ਇਬ, “ਸੇਵਾ।”
^ ਇਬ, “ਸੇਵਾ।”
^ ਸ਼ਾਇਦ ਇੱਥੇ ਜ਼ੋਰਦਾਰ ਬਿਜਲੀ ਲਿਸ਼ਕਣ ਦੀ ਗੱਲ ਕੀਤੀ ਗਈ ਹੈ।
^ ਇੱਥੇ ਇਬਰਾਨੀ ਵਿਚ ਦੋ ਕਿਸਮਾਂ ਦੀ ਕਣਕ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚੋਂ ਘਟੀਆ ਕਿਸਮ ਦੀ ਕਣਕ ਪ੍ਰਾਚੀਨ ਮਿਸਰ ਵਿਚ ਉਗਾਈ ਜਾਂਦੀ ਸੀ।