Skip to content

Skip to table of contents

ਪਵਿੱਤਰ ਸ਼ਕਤੀ—ਤੁਹਾਨੂੰ ਆਪਣੀ ਜ਼ਿੰਦਗੀ ਵਿਚ ਇਸ ਦੀ ਲੋੜ ਹੈ

ਪਵਿੱਤਰ ਸ਼ਕਤੀ—ਤੁਹਾਨੂੰ ਆਪਣੀ ਜ਼ਿੰਦਗੀ ਵਿਚ ਇਸ ਦੀ ਲੋੜ ਹੈ

ਪਵਿੱਤਰ ਸ਼ਕਤੀ—ਤੁਹਾਨੂੰ ਆਪਣੀ ਜ਼ਿੰਦਗੀ ਵਿਚ ਇਸ ਦੀ ਲੋੜ ਹੈ

ਦਾਊਦ ਨੇ ਇਕ ਵੱਡੀ ਗ਼ਲਤੀ ਕਰਨ ਤੋਂ ਬਾਅਦ ਦਿਲੋਂ ਇਹ ਪ੍ਰਾਰਥਨਾ ਕੀਤੀ ਕਿ ਯਹੋਵਾਹ ਉਸ ਨੂੰ ਆਪਣੇ ਹਜ਼ੂਰੋਂ ਨਾ ਧੱਕੇ, ਅਤੇ ਆਪਣੀ ਪਵਿੱਤਰ ਸ਼ਕਤੀ ਉਸ ਤੋਂ ਨਾ ਲੈ ਲਵੇ।—ਜ਼ਬੂਰਾਂ ਦੀ ਪੋਥੀ 51:11.

ਦਾਊਦ ਨੇ ਕਈ ਵਾਰੀ ਆਪਣੀ ਜ਼ਿੰਦਗੀ ਵਿਚ ਪਵਿੱਤਰ ਸ਼ਕਤੀ ਦਾ ਅਸਰ ਦੇਖਿਆ। ਜਦੋਂ ਉਹ ਹਾਲੇ ਜਵਾਨ ਹੀ ਸੀ, ਤਾਂ ਉਸ ਨੇ ਇਸ ਸ਼ਕਤੀ ਦੀ ਮਦਦ ਨਾਲ ਗੋਲਿਅਥ ਨੂੰ ਮਾਰ ਦਿੱਤਾ ਜੋ ਦੁਸ਼ਮਣ ਫ਼ੌਜ ਦਾ ਪਹਿਲਵਾਨ ਸੀ। (1 ਸਮੂਏਲ 17:45-50) ਇਸ ਸ਼ਕਤੀ ਦੀ ਪ੍ਰੇਰਣਾ ਨਾਲ ਉਸ ਨੇ ਸਭ ਤੋਂ ਵਧੀਆ ਭਜਨ ਰਚੇ। ਦਾਊਦ ਨੇ ਕਿਹਾ ਕਿ ਉਹ ਯਹੋਵਾਹ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਬੋਲਿਆ ਅਤੇ ਪਰਮੇਸ਼ੁਰ ਦਾ ਬਚਨ ਉਸ ਦੇ ਜੀਭ ਉੱਤੇ ਸੀ।—2 ਸਮੂਏਲ 23:2.

ਯਿਸੂ ਮਸੀਹ ਨੇ ਖ਼ੁਦ ਦੱਸਿਆ ਕਿ ਦਾਊਦ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਸਹਾਰੇ ਚੱਲਦਾ ਸੀ। ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਦਾਊਦ ਨੇ ਪਵਿੱਤ੍ਰ ਸ਼ਕਤੀ ਰਾਹੀਂ ਆਪੇ ਆਖਿਆ ਹੈ ਕਿ ਪ੍ਰਭੁ ਯਹੋਵਾਹ ਨੇ ਮੇਰੇ ਪ੍ਰਭੁ ਨੂੰ ਕਿਹਾ, ਤੂੰ ਮੇਰੇ ਸੱਜੇ ਪਾਸੇ ਬੈਠ, ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।’ (ਮਰਕੁਸ 12:36; ਜ਼ਬੂਰਾਂ ਦੀ ਪੋਥੀ 110:1) ਯਿਸੂ ਜਾਣਦਾ ਸੀ ਜਦ ਦਾਊਦ ਇਹ ਭਜਨ ਲਿਖ ਰਿਹਾ ਸੀ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਉਸ ਨੂੰ ਪ੍ਰੇਰਿਆ ਸੀ। ਕੀ ਇਹ ਪਵਿੱਤਰ ਸ਼ਕਤੀ ਸਾਡੀ ਵੀ ਮਦਦ ਕਰ ਸਕਦੀ ਹੈ?

“ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ”

ਤੁਸੀਂ ਤਾਂ ਸ਼ਾਇਦ ਕੋਈ ਭਜਨ ਨਾ ਲਿਖੋ, ਪਰ ਸ਼ਾਇਦ ਤੁਸੀਂ ਗੋਲਿਅਥ ਜਿੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰੋ। ਇਜ਼ਾਬੈਲ * ਦੀ ਮਿਸਾਲ ਲੈ ਲਾਓ। ਉਸ ਦਾ ਪਤੀ ਉਸ ਨੂੰ ਛੱਡ ਕੇ ਕਿਸੇ ਮੁਟਿਆਰ ਨਾਲ ਭੱਜ ਗਿਆ। ਉਸ ਨੇ ਇਜ਼ਾਬੈਲ ਨੂੰ ਕਰਜ਼ੇ ਹੇਠ ਛੱਡ ਦਿੱਤਾ ਅਤੇ ਉਹ ਆਪਣੀਆਂ ਦੋ ਲੜਕੀਆਂ ਦੀ ਦੇਖ-ਭਾਲ ਕਰਨ ਲਈ ਕੋਈ ਪੈਸਾ ਨਹੀਂ ਸੀ ਦਿੰਦਾ। ਇਜ਼ਾਬੈਲ ਨੇ ਕਿਹਾ: “ਇੰਨਾ ਵੱਡਾ ਧੋਖਾ! ਮੈਨੂੰ ਲੱਗਾ ਕਿ ਉਹ ਮੈਨੂੰ ਆਪਣੀ ਪੈਰ ਦੀ ਜੁੱਤੀ ਹੀ ਸਮਝਦਾ ਸੀ। ਪਰ ਜਦ ਦਾ ਉਹ ਗਿਆ ਹੈ ਮੈਨੂੰ ਯਕੀਨ ਹੈ ਕਿ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਰਾਹੀਂ ਮੈਨੂੰ ਸਹਾਰਾ ਦਿੱਤਾ ਹੈ।”

ਕੀ ਇਜ਼ਾਬੈਲ ਨੂੰ ਪਵਿੱਤਰ ਸ਼ਕਤੀ ਖ਼ੁਦਬਖ਼ੁਦ ਮਿਲ ਗਈ ਸੀ? ਨਹੀਂ, ਉਸ ਨੇ ਹਰ ਰੋਜ਼ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਕਿ ਉਹ ਉਸ ਨੂੰ ਆਪਣੀ ਸ਼ਕਤੀ ਦੇਵੇ। ਉਹ ਜਾਣਦੀ ਸੀ ਕਿ ਹਿੰਮਤ ਨਾਲ ਅੱਗੇ ਵਧਣ ਲਈ, ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰਨ ਲਈ ਅਤੇ ਨਿਕੰਮੇ ਮਹਿਸੂਸ ਕਰਨ ਦੀ ਬਜਾਇ ਆਪਣਾ ਮਾਣ ਕਰਨ ਲਈ ਉਸ ਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਸੀ। ਉਸ ਨੇ ਯਿਸੂ ਦੀ ਗੱਲ ਲਾਗੂ ਕੀਤੀ: “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।”—ਮੱਤੀ 7:7.

ਰੋਬਰਟੋ ਨੂੰ ਵੀ ਪਰਮੇਸ਼ੁਰ ਦੀ ਸ਼ਕਤੀ ਦੀ ਲੋੜ ਸੀ, ਪਰ ਉਸ ਨੂੰ ਹੋਰ ਕੋਈ ਮੁਸ਼ਕਲ ਸੀ। ਉਹ ਤਮਾਖੂ ਅਤੇ ਗਾਂਜੇ ਦੀਆਂ ਸਿਗਰਟਾਂ ਪੀਂਦਾ ਸੀ। ਉਸ ਨੇ ਦੋ ਸਾਲਾਂ ਲਈ ਇਸ ਆਦਤ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਕਈ ਵਾਰ ਕਮਜ਼ੋਰ ਹੋ ਕੇ ਪੀ ਲੈਂਦਾ ਸੀ। ਰੋਬਰਟੋ ਨੇ ਦੱਸਿਆ ਕਿ “ਜਦ ਬੰਦਾ ਡ੍ਰੱਗਜ਼ ਲੈਣੇ ਹਟ ਜਾਂਦਾ ਹੈ, ਤਾਂ ਉਸ ਨੂੰ ਬੇਚੈਨੀ ਰਹਿੰਦੀ ਹੈ ਕਿਉਂਕਿ ਉਸ ਦਾ ਸਰੀਰ ਡ੍ਰੱਗਜ਼ ਲਈ ਤਰਸਦਾ ਹੈ।”

ਰੋਬਰਟੋ ਨੇ ਅੱਗੇ ਦੱਸਿਆ: “ਫਿਰ ਵੀ ਮੈਂ ਇਸ ਆਦਤ ਤੋਂ ਛੁਟਕਾਰਾ ਪਾਉਣ ਦਾ ਪੱਕਾ ਇਰਾਦਾ ਕੀਤਾ ਤਾਂਕਿ ਮੈਂ ਰੱਬ ਨੂੰ ਖ਼ੁਸ਼ ਕਰ ਸਕਾਂ। ਮੈਂ ਆਪਣਾ ਮਨ ਬਾਈਬਲ ਵਿੱਚੋਂ ਚੰਗੀਆਂ ਗੱਲਾਂ ਨਾਲ ਭਰਨ ਦੀ ਕੋਸ਼ਿਸ਼ ਕੀਤੀ। ਮੈਂ ਹਰ ਰੋਜ਼ ਪਰਮੇਸ਼ੁਰ ਅੱਗੇ ਦੁਆ ਕੀਤੀ ਕਿ ਉਹ ਮੈਨੂੰ ਆਪਣੀ ਜ਼ਿੰਦਗੀ ਸੁਧਾਰਨ ਦੀ ਤਾਕਤ ਦੇਵੇ। ਮੈਨੂੰ ਪਤਾ ਸੀ ਕਿ ਮੈਂ ਆਪਣੀ ਤਾਕਤ ਨਾਲ ਇਹ ਨਹੀਂ ਕਰ ਸਕਦਾ ਸੀ। ਮੈਂ ਇਹ ਵੀ ਦੇਖਿਆ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਸੁਣਦਾ ਸੀ ਖ਼ਾਸ ਕਰਕੇ ਜਦੋਂ ਮੈਂ ਕਮਜ਼ੋਰ ਹੋ ਕੇ ਸਿਗਰਟ ਪੀ ਵੀ ਲੈਂਦਾ ਸੀ ਅਤੇ ਮੇਰਾ ਹੌਸਲਾ ਢਹਿ ਜਾਂਦਾ ਸੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਨ੍ਹਾਂ ਸਮਿਆਂ ਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਤੋਂ ਮੈਨੂੰ ਤਾਕਤ ਮਿਲੀ। ਉਸ ਦੀ ਸ਼ਕਤੀ ਤੋਂ ਬਗੈਰ ਮੈਂ ਇਸ ਆਦਤ ਉੱਤੇ ਕਦੇ ਨਾ ਕਾਬੂ ਪਾਉਂਦਾ।”—ਫ਼ਿਲਿੱਪੀਆਂ 4:6-8.

‘ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਾ’

ਇਜ਼ਾਬੈਲ ਅਤੇ ਰੋਬਰਟੋ ਵਾਂਗ ਯਹੋਵਾਹ ਦੇ ਲੱਖਾਂ ਹੀ ਗਵਾਹਾਂ ਨੇ ਆਪਣੀ ਜ਼ਿੰਦਗੀ ਵਿਚ ਪਵਿੱਤਰ ਸ਼ਕਤੀ ਦੀ ਤਾਕਤ ਪਾਈ ਹੈ। ਜਿਸ ਸ਼ਕਤੀ ਨਾਲ ਯਹੋਵਾਹ ਨੇ ਪੂਰਾ ਵਿਸ਼ਵ ਬਣਾਇਆ ਉਹੀ ਸ਼ਕਤੀ ਤੁਹਾਡੀ ਮਦਦ ਕਰ ਸਕਦੀ ਹੈ, ਜੇ ਤੁਸੀਂ ਚਾਹੋ। ਜੇ ਤੁਸੀਂ ਮੰਗੋ, ਤਾਂ ਪਰਮੇਸ਼ੁਰ ਆਪਣੀ ਪਵਿੱਤਰ ਸ਼ਕਤੀ ਦੇਣ ਲਈ ਤਿਆਰ ਹੈ। ਇਸ ਸ਼ਕਤੀ ਨੂੰ ਪਾਉਣ ਲਈ ਪਹਿਲਾਂ ਪਰਮੇਸ਼ੁਰ ਬਾਰੇ ਸੱਚਾਈ ਸਿੱਖਣੀ ਅਤੇ ਉਸ ਦੀ ਮਰਜ਼ੀ ਪੂਰੀ ਕਰਨੀ ਜ਼ਰੂਰੀ ਹੈ।—ਯਸਾਯਾਹ 55:6; ਇਬਰਾਨੀਆਂ 11:6.

ਪਵਿੱਤਰ ਸ਼ਕਤੀ ਦੀ ਮਦਦ ਨਾਲ ਤੁਹਾਨੂੰ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਅਤੇ ਜ਼ਿੰਦਗੀ ਵਿਚ ਆਉਣ ਵਾਲੀ ਹਰੇਕ ਮੁਸ਼ਕਲ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲੇਗੀ। ਬਾਈਬਲ ਸਾਨੂੰ ਇਹ ਹੌਸਲਾ ਦਿੰਦੀ ਹੈ: “[ਯਹੋਵਾਹ] ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। . . . ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।”—ਯਸਾਯਾਹ 40:28-31. (w09-E 10/01)

[ਫੁਟਨੋਟ]

^ ਪੈਰਾ 6 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 15 ਉੱਤੇ ਡੱਬੀ/ਤਸਵੀਰਾਂ]

ਪਵਿੱਤਰ ਸ਼ਕਤੀ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?

ਪਵਿੱਤਰ ਸ਼ਕਤੀ ਦੀ ਮਦਦ ਨਾਲ ਤੁਸੀਂ ਗ਼ਲਤ ਕੰਮਾਂ ਵਿਚ ਪੈਣ ਤੋਂ ਬਚ ਸਕਦੇ ਹੋ ਅਤੇ ਮਾੜੀਆਂ ਆਦਤਾਂ ’ਤੇ ਕਾਬੂ ਪਾ ਸਕਦੇ ਹੋ। ਪੌਲੁਸ ਰਸੂਲ ਨੇ ਕਿਹਾ: “ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।” —1 ਕੁਰਿੰਥੀਆਂ 10:13.

ਪਵਿੱਤਰ ਸ਼ਕਤੀ ਦੀ ਮਦਦ ਨਾਲ ਤੁਸੀਂ ਚੰਗੇ ਗੁਣ ਪੈਦਾ ਕਰ ਸਕਦੇ ਹੋ। ਪਵਿੱਤਰ ਸ਼ਕਤੀ ਦਾ ਫਲ “ਇਹ ਹੈ—ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।”—ਗਲਾਤੀਆਂ 5:22, 23.

ਪਵਿੱਤਰ ਸ਼ਕਤੀ ਦੀ ਮਦਦ ਨਾਲ ਤੁਸੀਂ ਔਖੀਆਂ ਘੜੀਆਂ ਵਿੱਚੋਂ ਲੰਘ ਸਕਦੇ ਹੋ। “ਉਹ ਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸੱਭੋ ਕੁਝ ਕਰ ਸੱਕਦਾ ਹਾਂ।” —ਫ਼ਿਲਿੱਪੀਆਂ 4:13.

[ਸਫ਼ਾ 14 ਉੱਤੇ ਸੁਰਖੀ]

‘ਮੈਂ ਹਰ ਰੋਜ਼ ਪਰਮੇਸ਼ੁਰ ਅੱਗੇ ਦੁਆ ਕੀਤੀ ਕਿ ਉਹ ਮੈਨੂੰ ਤਾਕਤ ਦੇਵੇ। ਮੈਨੂੰ ਪਤਾ ਸੀ ਕਿ ਮੈਂ ਆਪਣੀ ਤਾਕਤ ਵਿਚ ਕੁਝ ਨਹੀਂ ਕਰ ਸਕਦਾ ਸੀ। ਮੈਂ ਇਹ ਵੀ ਦੇਖਿਆ ਕਿ ਯਹੋਵਾਹ ਮੇਰੀਆਂ ਪ੍ਰਾਰਥਨਾਵਾਂ ਸੁਣਦਾ ਸੀ।

[ਸਫ਼ਾ 13 ਉੱਤੇ ਡੱਬੀ/ਤਸਵੀਰਾਂ]

ਪਵਿੱਤਰ ਸ਼ਕਤੀ ਦਾ ਕਮਾਲ

ਪਰਮੇਸ਼ੁਰ ਨੇ ਪਵਿੱਤਰ ਸ਼ਕਤੀ ਇਸਤੇਮਾਲ ਕਰ ਕੇ ਧਰਤੀ ਅਤੇ ਪੂਰੇ ਵਿਸ਼ਵ ਨੂੰ ਬਣਾਇਆ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਹੇ ਯਹੋਵਾਹ, ਤੇਰੇ ਕੰਮ ਕੇਡੇ ਢੇਰ ਸਾਰੇ ਹਨ! ਤੈਂ ਇਨ੍ਹਾਂ ਸਾਰਿਆਂ ਨੂੰ ਬੁੱਧੀ ਨਾਲ ਸਾਜਿਆ ਹੈ, ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” ਉਸ ਨੇ ਅੱਗੇ ਕਿਹਾ ਕਿ ਯਹੋਵਾਹ ਨੇ ਆਪਣੀ ਸ਼ਕਤੀ ਘੱਲ ਕੇ ਇਹ ਸਭ ਕੁਝ ਉਤਪੰਨ ਕੀਤਾ।—ਜ਼ਬੂਰਾਂ ਦੀ ਪੋਥੀ 104:24, 30; ਉਤਪਤ 1:2; ਅੱਯੂਬ 33:4.

ਪਰਮੇਸ਼ੁਰ ਨੇ ਪਵਿੱਤਰ ਸ਼ਕਤੀ ਰਾਹੀਂ ਮਨੁੱਖਾਂ ਤੋਂ ਬਾਈਬਲ ਲਿਖਵਾਈ। ਪੌਲੁਸ ਰਸੂਲ ਨੇ ਲਿਖਿਆ ‘ਸਾਰੀ ਲਿਖਤ ਪਰਮੇਸ਼ੁਰ ਦੀ ਸ਼ਕਤੀ ਤੋਂ ਹੈ ਅਤੇ ਗੁਣਕਾਰ ਹੈ।’ (2 ਤਿਮੋਥਿਉਸ 3:16) ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਪਰਮੇਸ਼ੁਰ ਦੀ ਸ਼ਕਤੀ ਤੋਂ” ਕੀਤਾ ਗਿਆ ਹੈ ਉਸ ਦਾ ਅਸਲੀ ਮਤਲਬ ਹੈ “ਪਰਮੇਸ਼ੁਰ ਨੇ ਸਾਹ ਪਾਇਆ।” ਯਹੋਵਾਹ ਦੇ ਸਾਹ ਜਾਂ ਸ਼ਕਤੀ ਨੇ ਬਾਈਬਲ ਦੇ ਲਿਖਾਰੀਆਂ ਦੇ ਮਨਾਂ ਨੂੰ ਪ੍ਰੇਰਿਆ ਤਾਂਕਿ ਉਹ ‘ਪਰਮੇਸ਼ੁਰ ਦਾ ਹੀ ਬਚਨ’ ਲਿਖਣ।—1 ਥੱਸਲੁਨੀਕੀਆਂ 2:13.

ਪਵਿੱਤਰ ਸ਼ਕਤੀ ਦੀ ਮਦਦ ਨਾਲ ਪਰਮੇਸ਼ੁਰ ਦੇ ਸੇਵਕ ਸਹੀ-ਸਹੀ ਭਵਿੱਖਬਾਣੀਆਂ ਕਰ ਸਕੇ। ਪਤਰਸ ਰਸੂਲ ਨੇ ਸਮਝਾਇਆ: “ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ [ਸ਼ਕਤੀ] ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।”—2 ਪਤਰਸ 1:20, 21; ਯੋਏਲ 2:28.

ਪਵਿੱਤਰ ਸ਼ਕਤੀ ਦੀ ਮਦਦ ਨਾਲ ਯਿਸੂ ਅਤੇ ਹੋਰ ਵਫ਼ਾਦਾਰ ਆਦਮੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਅਤੇ ਚਮਤਕਾਰ ਕਰ ਸਕੇ। ਯਿਸੂ ਨੇ ਕਿਹਾ “ਪ੍ਰਭੁ [ਦੀ ਸ਼ਕਤੀ] ਮੇਰੇ ਉੱਤੇ ਹੈ, ਇਸ ਲਈ ਜੋ ਉਹ ਨੇ ਮੈਨੂੰ ਮਸਹ ਕੀਤਾ ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ। ਓਸ ਮੈਨੂੰ ਘੱਲਿਆ ਹੈ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪਰਚਾਰ ਕਰਾਂ।”—ਲੂਕਾ 4:18; ਮੱਤੀ 12:28.