Skip to content

Skip to table of contents

“ਮੈਂ ਕਦ ਤਾਈਂ ਦੁਹਾਈ ਦਿਆਂ?”

“ਮੈਂ ਕਦ ਤਾਈਂ ਦੁਹਾਈ ਦਿਆਂ?”

“ਮੈਂ ਕਦ ਤਾਈਂ ਦੁਹਾਈ ਦਿਆਂ?”

ਜੇਨ ਨੇ ਰੋਂਦੀ-ਰੋਂਦੀ ਕਿਹਾ: “ਕੋਈ ਮੇਰਾ ਦਰਦ ਰੋਕ ਦੇਵੇ!” ਕੈਂਸਰ ਉਸ ਦੇ ਪੂਰੇ ਸਰੀਰ ਵਿਚ ਫੈਲ ਰਿਹਾ ਸੀ। ਉਸ ਦਾ ਪਰਿਵਾਰ ਅਤੇ ਦੋਸਤ-ਮਿੱਤਰ ਉਸ ਦਾ ਦਰਦ ਦੂਰ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਉਸ ਦੇ ਲਈ ਰੱਬ ਅੱਗੇ ਦੁਆ ਕੀਤੀ। ਕੀ ਰੱਬ ਨੇ ਉਨ੍ਹਾਂ ਦੀ ਸੁਣੀ? ਕੀ ਰੱਬ ਨੂੰ ਉਸ ਦਾ ਕੋਈ ਫ਼ਿਕਰ ਵੀ ਸੀ?

ਪਰਮੇਸ਼ੁਰ ਇਨਸਾਨਾਂ ਦੇ ਹਾਲਾਤਾਂ ਨੂੰ ਜਾਣਦਾ ਹੈ। ਉਸ ਦੇ ਬਚਨ, ਬਾਈਬਲ, ਵਿਚ ਲਿਖਿਆ ਹੈ: “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” (ਰੋਮੀਆਂ 8:22) ਜੇਨ ਵਾਂਗ ਲੱਖਾਂ ਹੀ ਲੋਕ ਹਰ ਰੋਜ਼ ਦਰਦ ਸਹਿੰਦੇ ਹਨ, ਚਾਹੇ ਇਹ ਸਰੀਰਕ, ਭਾਵਾਤਮਕ ਜਾਂ ਮਾਨਸਿਕ ਹੋਵੇ। ਰੱਬ ਇਹ ਗੱਲ ਜਾਣਦਾ ਹੈ। ਹਰ ਰੋਜ਼ 80 ਕਰੋੜ ਲੋਕ ਭੁੱਖੇ ਸੌਂਦੇ ਹਨ। ਲੱਖਾਂ ਹੀ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਕੁੱਟਿਆ ਜਾਂਦਾ ਹੈ। ਕਈ ਮਾਪੇ ਆਪਣੇ ਬੱਚਿਆਂ ਦੇ ਆਉਣ ਵਾਲੇ ਕੱਲ੍ਹ ਬਾਰੇ ਚਿੰਤਾ ਕਰਦੇ ਹਨ। ਕਿਸੇ ਦਾ ਦੁੱਖ ਦੇਖ ਕੇ ਕੀ ਅਸੀਂ ਉਸ ਦੀ ਮਦਦ ਨਹੀਂ ਕਰਨੀ ਚਾਹੁੰਦੇ? ਰੱਬ ਤਾਂ ਸਭ ਕੁਝ ਦੇਖਦਾ ਹੈ। ਤਾਂ ਫਿਰ ਕੀ ਉਹ ਇਨਸਾਨਾਂ ਦੇ ਦੁੱਖ ਦੇਖ ਕੇ ਉਨ੍ਹਾਂ ਦੀ ਮਦਦ ਨਹੀਂ ਕਰੇਗਾ?

ਜੇ ਤੁਸੀਂ ਕਦੇ ਇਹ ਸਵਾਲ ਪੁੱਛੇ ਹਨ, ਤਾਂ ਤੁਸੀਂ ਇਕੱਲੇ ਨਹੀਂ ਹੋ। ਲਗਭਗ 2,600 ਸਾਲ ਪਹਿਲਾਂ ਹਬੱਕੂਕ ਨਾਂ ਦਾ ਬੰਦਾ ਰਹਿੰਦਾ ਸੀ ਜੋ ਰੱਬ ਦਾ ਵਫ਼ਾਦਾਰ ਸੇਵਕ ਅਤੇ ਨਬੀ ਸੀ। ਉਸ ਨੇ ਰੱਬ ਅੱਗੇ ਤਰਲੇ ਕੀਤੇ: “ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ, ਅਤੇ ਤੂੰ ਨਾ ਸੁਣੇਂਗਾ? ਯਾ ਮੈਂ ਤੇਰੇ ਅੱਗੇ ‘ਜ਼ੁਲਮ’ ਚਿੱਲਾਵਾਂ, ਅਤੇ ਤੂੰ ਨਾ ਬਚਾਵੇਂਗਾ? ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ, ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ? ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ, ਝਗੜੇ ਹੁੰਦੇ ਹਨ ਅਤੇ ਵਖਾਧ ਉੱਠਦੀ ਹੈ।” (ਹਬੱਕੂਕ 1:2, 3) ਹਬੱਕੂਕ ਦੇ ਜ਼ਮਾਨੇ ਵਿਚ ਬਹੁਤ ਸਾਰਾ ਖ਼ੂਨ-ਖ਼ਰਾਬਾ ਤੇ ਮਾਰ-ਧਾੜ ਹੁੰਦੀ ਸੀ। ਅੱਜ ਵੀ ਅਸੀਂ ਇਹੋ ਜਿਹੇ ਕੰਮਾਂ ਦੀ ਖ਼ਬਰ ਸੁਣਦੇ ਹਾਂ ਤੇ ਸਾਡੇ ਦਿਲ ਦੁਖੀ ਹੁੰਦੇ ਹਨ।

ਕੀ ਪਰਮੇਸ਼ੁਰ ਨੇ ਹਬੱਕੂਕ ਦੀਆਂ ਚਿੰਤਾਵਾਂ ਨੂੰ ਐਵੇਂ ਹੀ ਸਮਝਿਆ? ਨਹੀਂ! ਉਸ ਨੇ ਹਬੱਕੂਕ ਦੇ ਸਵਾਲਾਂ ਨੂੰ ਸੁਣਿਆ ਅਤੇ ਉਸ ਦੁਖੀ ਆਦਮੀ ਨੂੰ ਦਿਲਾਸਾ ਅਤੇ ਹੌਸਲਾ ਦਿੱਤਾ। ਯਹੋਵਾਹ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਸਾਰੇ ਦੁੱਖਾਂ ਦਾ ਅੰਤ ਲਿਆਵੇਗਾ ਅਤੇ ਇਸ ਕਰਕੇ ਹਬੱਕੂਕ ਦਾ ਵਿਸ਼ਵਾਸ ਪੱਕਾ ਹੋਇਆ। ਇਸ ਵਾਅਦੇ ਕਰਕੇ ਸਾਨੂੰ ਵੀ ਉਮੀਦ ਅਤੇ ਦਿਲ ਨੂੰ ਸਕੂਨ ਮਿਲ ਸਕਦਾ ਹੈ ਜਿਵੇਂ ਜੇਨ ਅਤੇ ਉਸ ਦੇ ਪਰਿਵਾਰ ਨੂੰ ਮਿਲਿਆ ਹੈ। ਅਗਲੇ ਕੁਝ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਗੇ: ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਰੱਬ ਨੂੰ ਸਾਡਾ ਫ਼ਿਕਰ ਹੈ? ਰੱਬ ਦੁੱਖਾਂ ਦਾ ਅੰਤ ਲਿਆਉਣ ਲਈ ਕੀ ਕਰੇਗਾ ਅਤੇ ਇਹ ਕਦੋਂ ਹੋਵੇਗਾ? (w09-E 12/01)