Skip to content

Skip to table of contents

ਰੱਬ ਨੂੰ ਸਾਡਾ ਫ਼ਿਕਰ ਹੈ—ਸਾਨੂੰ ਕਿਵੇਂ ਪਤਾ ਹੈ?

ਰੱਬ ਨੂੰ ਸਾਡਾ ਫ਼ਿਕਰ ਹੈ—ਸਾਨੂੰ ਕਿਵੇਂ ਪਤਾ ਹੈ?

ਰੱਬ ਨੂੰ ਸਾਡਾ ਫ਼ਿਕਰ ਹੈ​—ਸਾਨੂੰ ਕਿਵੇਂ ਪਤਾ ਹੈ?

ਸਦੀਆਂ ਤੋਂ ਲੋਕ ਇਹ ਅਹਿਮ ਸਵਾਲ ਪੁੱਛਦੇ ਆਏ ਹਨ: ਜੇ ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ, ਤਾਂ ਇੰਨੇ ਦੁੱਖ ਕਿਉਂ ਹਨ? ਜਦ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ, ਤਾਂ ਤੁਸੀਂ ਨਹੀਂ ਚਾਹੁੰਦੇ ਕਿ ਉਸ ਉੱਤੇ ਕੋਈ ਦੁੱਖ ਆਵੇ। ਜੇ ਉਹ ਕੋਈ ਮੁਸੀਬਤ ਵਿਚ ਪਵੇ, ਤਾਂ ਤੁਸੀਂ ਉਸ ਦੀ ਮਦਦ ਜ਼ਰੂਰ ਕਰੋਗੇ। ਇਸ ਕਰਕੇ ਲੋਕ ਸੋਚਦੇ ਹਨ ਕਿ ਪਰਮੇਸ਼ੁਰ ਨੂੰ ਸਾਡਾ ਕੋਈ ਫ਼ਿਕਰ ਨਹੀਂ ਕਿਉਂਕਿ ਦੁਨੀਆਂ ਵਿਚ ਦੁੱਖ ਹੀ ਦੁੱਖ ਹਨ। ਸੋ ਆਓ ਪਹਿਲਾਂ ਅਸੀਂ ਇਸ ਗੱਲ ਦਾ ਸਬੂਤ ਦੇਖੀਏ ਕਿ ਰੱਬ ਸੱਚ-ਮੁੱਚ ਸਾਨੂੰ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡਾ ਫ਼ਿਕਰ ਹੈ।

ਕੁਦਰਤ—ਰੱਬ ਦੇ ਪਿਆਰ ਦਾ ਸਬੂਤ

ਯਹੋਵਾਹ ਪਰਮੇਸ਼ੁਰ ਨੇ ਹੀ “ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਸੱਭੋ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਰਚਿਆ।” (ਰਸੂਲਾਂ ਦੇ ਕਰਤੱਬ 4:24) ਜਦ ਅਸੀਂ ਯਹੋਵਾਹ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ, ਤਾਂ ਕੀ ਇਹ ਸਾਫ਼ ਜ਼ਾਹਰ ਨਹੀਂ ਹੁੰਦਾ ਕਿ ਉਹ ਸਾਨੂੰ ਪਿਆਰ ਕਰਦਾ ਹੈ? ਮਿਸਾਲ ਲਈ, ਉਨ੍ਹਾਂ ਚੀਜ਼ਾਂ ਬਾਰੇ ਸੋਚੋ ਜਿਨ੍ਹਾਂ ਤੋਂ ਤੁਹਾਡਾ ਦਿਲ ਖ਼ੁਸ਼ ਹੁੰਦਾ ਹੈ। ਕੀ ਤੁਹਾਨੂੰ ਖਾਣਾ-ਪੀਣਾ ਪਸੰਦ ਹੈ? ਯਹੋਵਾਹ ਸਾਡੇ ਜੀਉਣ ਲਈ ਸਾਨੂੰ ਇਕ ਕਿਸਮ ਦਾ ਖਾਣਾ ਦੇ ਸਕਦਾ ਸੀ। ਪਰ ਇਸ ਦੀ ਬਜਾਇ ਉਸ ਨੇ ਸਾਨੂੰ ਤਰ੍ਹਾਂ-ਤਰ੍ਹਾਂ ਦਾ ਸੁਆਦਲਾ ਖਾਣਾ ਦਿੱਤਾ ਹੈ। ਇਸ ਦੇ ਨਾਲ-ਨਾਲ ਯਹੋਵਾਹ ਨੇ ਧਰਤੀ ਨੂੰ ਦਰਖ਼ਤਾਂ, ਫੁੱਲਾਂ ਅਤੇ ਸੁੰਦਰ ਨਜ਼ਾਰਿਆਂ ਨਾਲ ਸਜਾਇਆ ਹੈ ਤਾਂਕਿ ਸਾਡੇ ਲਈ ਜ਼ਿੰਦਗੀ ਖ਼ੂਬਸੂਰਤ ਹੋਵੇ!

ਇਸ ਬਾਰੇ ਵੀ ਜ਼ਰਾ ਸੋਚੋ ਕਿ ਅਸੀਂ ਕਿਵੇਂ ਬਣਾਏ ਗਏ ਹਾਂ। ਅਸੀਂ ਹੱਸਦੇ-ਖੇਡਦੇ ਹਾਂ, ਸੰਗੀਤ ਸੁਣਨਾ ਪਸੰਦ ਕਰਦੇ ਹਾਂ ਤੇ ਖੂਬਸੂਰਤ ਚੀਜ਼ਾਂ ਦੇਖਣੀਆਂ ਚਾਹੁੰਦੇ ਹਾਂ। ਇਹ ਸਭ ਜ਼ਿੰਦਾ ਰਹਿਣ ਲਈ ਜ਼ਰੂਰੀ ਨਹੀਂ ਹਨ, ਸਗੋਂ ਰੱਬ ਵੱਲੋਂ ਦਾਤਾਂ ਹਨ ਤਾਂਕਿ ਅਸੀਂ ਜ਼ਿੰਦਗੀ ਦਾ ਮਜ਼ਾ ਲੈ ਸਕੀਏ। ਦੂਸਰਿਆਂ ਨਾਲ ਆਪਣੇ ਰਿਸ਼ਤਿਆਂ ਬਾਰੇ ਵੀ ਸੋਚੋ। ਦੋਸਤਾਂ-ਮਿੱਤਰਾਂ ਨਾਲ ਸਮਾਂ ਗੁਜ਼ਾਰਨਾ ਜਾਂ ਕਿਸੇ ਅਜ਼ੀਜ਼ ਨੂੰ ਕਲਾਵੇ ਵਿਚ ਲੈਣਾ ਕੌਣ ਨਹੀਂ ਪਸੰਦ ਕਰਦਾ? ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਪਿਆਰ ਕਰਨ ਦੀ ਕਾਬਲੀਅਤ ਉਸ ਤੋਂ ਹੀ ਮਿਲੀ ਹੈ। ਜੇ ਅਸੀਂ ਪਿਆਰ ਕਰਨ ਦੇ ਕਾਬਲ ਹਾਂ, ਤਾਂ ਇਸ ਦਾ ਮਤਲਬ ਹੈ ਕਿ ਇਹ ਗੁਣ ਪਰਮੇਸ਼ੁਰ ਵੱਲੋਂ ਹੀ ਹੈ।

ਬਾਈਬਲ ਰੱਬ ਦੇ ਪਿਆਰ ਦਾ ਭਰੋਸਾ ਦਿੰਦੀ ਹੈ

ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਪਿਆਰ ਹੈ। (1 ਯੂਹੰਨਾ 4:8) ਸਾਨੂੰ ਸਿਰਫ਼ ਕੁਦਰਤ ਤੋਂ ਹੀ ਰੱਬ ਦੇ ਪਿਆਰ ਦਾ ਸਬੂਤ ਨਹੀਂ ਮਿਲਦਾ, ਸਗੋਂ ਉਸ ਦੇ ਬਚਨ, ਬਾਈਬਲ, ਤੋਂ ਵੀ ਮਿਲਦਾ ਹੈ। ਮਿਸਾਲ ਲਈ, ਬਾਈਬਲ ਦੀ ਸਲਾਹ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ, ਸਾਨੂੰ ਸੰਜਮ ਰੱਖਣ ਲਈ ਉਤਸ਼ਾਹ ਦਿੰਦੀ ਹੈ ਅਤੇ ਸ਼ਰਾਬੀ ਤੇ ਪੇਟੂ ਹੋਣ ਦੇ ਖ਼ਿਲਾਫ਼ ਚੇਤਾਵਨੀ ਦਿੰਦੀ ਹੈ।—1 ਕੁਰਿੰਥੀਆਂ 6:9, 10.

ਬਾਈਬਲ ਸਾਨੂੰ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਦੀ ਸਲਾਹ ਦਿੰਦੀ ਹੈ। ਇਹ ਸਾਨੂੰ ਤਾਕੀਦ ਕਰਦੀ ਹੈ ਕਿ ਅਸੀਂ ਦੂਸਰਿਆਂ ਨੂੰ ਪਿਆਰ ਕਰੀਏ, ਉਨ੍ਹਾਂ ਦਾ ਇੱਜ਼ਤ-ਮਾਣ ਕਰੀਏ ਤੇ ਦਿਆਲਗੀ ਨਾਲ ਪੇਸ਼ ਆਈਏ। (ਮੱਤੀ 7:12) ਇਹ ਅਜਿਹੇ ਕੰਮਾਂ ਅਤੇ ਤੌਰ-ਤਰੀਕਿਆਂ ਨੂੰ ਨਿੰਦਦੀ ਹੈ ਜੋ ਦੂਜਿਆਂ ਨੂੰ ਦੁੱਖ ਪਹੁੰਚਾ ਸਕਦੇ ਹਨ, ਜਿਵੇਂ ਕਿ ਲਾਲਚ, ਚੁਗ਼ਲੀਆਂ, ਨਫ਼ਰਤ, ਹਰਾਮਕਾਰੀ ਅਤੇ ਕਤਲ। ਜੇ ਸਾਰੇ ਬਾਈਬਲ ਦੀ ਸਲਾਹ ਉੱਤੇ ਚੱਲਣ, ਤਾਂ ਦੁਨੀਆਂ ਵਿਚ ਘੱਟ ਦੁੱਖ ਹੋਣ।

ਪਰਮੇਸ਼ੁਰ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਉਸ ਨੇ ਇਨਸਾਨਾਂ ਨੂੰ ਮੁਕਤੀ ਦੇਣ ਲਈ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਯੂਹੰਨਾ 3:16 ਵਿਚ ਲਿਖਿਆ ਹੈ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਸੋ ਬਹੁਤ ਚਿਰ ਪਹਿਲਾਂ ਯਹੋਵਾਹ ਨੇ ਇਨਸਾਨਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਅਤੇ ਮੌਤ ਤੇ ਦੁੱਖ ਨੂੰ ਖ਼ਤਮ ਕਰਨ ਦਾ ਇੰਤਜ਼ਾਮ ਕੀਤਾ ਹੈ।—1 ਯੂਹੰਨਾ 3:8.

ਸੋ ਅਸੀਂ ਦੇਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਕਿੰਨਾ ਪਿਆਰ ਕਰਦਾ ਹੈ। ਉਹ ਨਹੀਂ ਚਾਹੁੰਦਾ ਕਿ ਅਸੀਂ ਦੁੱਖ ਝੱਲੀਏ। ਉਹ ਦੁੱਖਾਂ ਨੂੰ ਦੂਰ ਕਰਨ ਲਈ ਜ਼ਰੂਰ ਕਦਮ ਚੁੱਕੇਗਾ। ਸਾਨੂੰ ਇਸ ਬਾਰੇ ਅੰਦਾਜ਼ਾ ਲਾਉਣ ਦੀ ਲੋੜ ਨਹੀਂ ਕਿਉਂਕਿ ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਦੁੱਖਾਂ ਦਾ ਅੰਤ ਕਿਵੇਂ ਕਰੇਗਾ। (w09-E 12/01)

[ਸਫ਼ਾ 4 ਉੱਤੇ ਤਸਵੀਰ]

ਪਰਮੇਸ਼ੁਰ ਸਾਨੂੰ ਪਿਆਰ ਕਰਦਾ ਹੈ ਅਤੇ ਪਿਆਰ ਕਰਨ ਦੀ ਕਾਬਲੀਅਤ ਉਸ ਤੋਂ ਹੀ ਮਿਲੀ ਹੈ