Skip to content

Skip to table of contents

ਆਪਣੇ ਬੱਚਿਆਂ ਨੂੰ ਸਿਖਾਓ

ਸ਼ੇਮ ਨੇ ਦੋ ਜ਼ਮਾਨਿਆਂ ਦੀ ਬੁਰਾਈ ਦੇਖੀ

ਸ਼ੇਮ ਨੇ ਦੋ ਜ਼ਮਾਨਿਆਂ ਦੀ ਬੁਰਾਈ ਦੇਖੀ

ਨੂਹ ਦੇ ਪੁੱਤਰ ਸ਼ੇਮ ਨੇ ਇਕ ਜ਼ਮਾਨੇ ਦਾ ਅੰਤ ਦੇਖਿਆ ਅਤੇ ਇਕ ਨਵੇਂ ਜ਼ਮਾਨੇ ਦੀ ਸ਼ੁਰੂਆਤ ਦੇਖੀ। ਕੀ ਤੁਹਾਨੂੰ ਪਤਾ ਕਿ ਪਹਿਲੇ ਜ਼ਮਾਨੇ ਦਾ ਅੰਤ ਕਿਉਂ ਆਇਆ ਸੀ ਅਤੇ ਸ਼ੇਮ ਤੇ ਉਸ ਦਾ ਪਰਿਵਾਰ ਕਿਵੇਂ ਬਚ ਨਿਕਲੇ ਸਨ?— * ਆਓ ਅਸੀਂ ਇਸ ਬਾਰੇ ਗੱਲ ਕਰੀਏ।

ਜਦ ਸ਼ੇਮ ਨੌਜਵਾਨ ਸੀ, ਤਾਂ ਬਾਈਬਲ ਕਹਿੰਦੀ ਹੈ ਕਿ “ਆਦਮੀ ਦੀ ਬੁਰਿਆਈ” ਬਹੁਤ ਵਧ ਗਈ ਸੀ। ਲੋਕਾਂ ਦੀ ਸੋਚਣੀ ਹਰ ਵਕਤ “ਬੁਰੀ ਹੀ ਰਹਿੰਦੀ” ਸੀ। ਸੋ ਤੁਹਾਨੂੰ ਪਤਾ ਕਿ ਪਰਮੇਸ਼ੁਰ ਨੇ ਕੀ ਕੀਤਾ?— ਉਸ ਨੇ ਇਕ ਹੜ੍ਹ ਲਿਆਂਦਾ ਜਿਸ ਵਿਚ ਸਾਰੇ ਬੁਰੇ ਲੋਕ ਖ਼ਤਮ ਹੋ ਗਏ। ਪਤਰਸ ਰਸੂਲ ਨੇ ਲਿਖਿਆ: “ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ।”—ਉਤਪਤ 6:5; 2 ਪਤਰਸ 3:6.

ਕੀ ਤੁਸੀਂ ਸਮਝ ਸਕਦੇ ਹੋ ਕਿ ਪਰਮੇਸ਼ੁਰ ਨੇ ਉਸ ਦੁਨੀਆਂ ਨੂੰ ਕਿਉਂ ਖ਼ਤਮ ਕੀਤਾ ਸੀ?— ਲੋਕ ਬਹੁਤ ਬੁਰੇ ਸਨ ਅਤੇ ਉਨ੍ਹਾਂ ਦੀ ਸੋਚਣੀ ਹਰ ਵਕਤ “ਬੁਰੀ ਹੀ ਰਹਿੰਦੀ” ਸੀ। ਯਿਸੂ ਨੇ ਵੀ ਇਸ ਬਾਰੇ ਗੱਲ ਕੀਤੀ ਸੀ ਅਤੇ ਕਿਹਾ ਕਿ ਉਸ ਸਮੇਂ ਦੇ ਲੋਕ ਜ਼ਿੰਦਗੀ ਦਾ ਮਜ਼ਾ ਲੈ ਰਹੇ ਸਨ। ਉਸ ਨੇ ਕਿਹਾ: “ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ।” ਯਿਸੂ ਨੇ ਇਹ ਵੀ ਕਿਹਾ ਕਿ “ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ” ਉਦੋਂ ਤਕ ਲੋਕਾਂ ਨੇ ਕੋਈ ਧਿਆਨ ਨਹੀਂ ਦਿੱਤਾ।ਮੱਤੀ 24:37-39.

ਲੋਕਾਂ ਨੇ ਕਿਸ ਗੱਲ ਵੱਲ ਧਿਆਨ ਨਹੀਂ ਦਿੱਤਾ?— ਸ਼ੇਮ ਦਾ ਪਿਤਾ ਨੂਹ “ਧਰਮ ਦਾ ਪਰਚਾਰਕ” ਸੀ, ਪਰ ਲੋਕਾਂ ਨੇ ਉਸ ਦੀ ਗੱਲ ਨਹੀਂ ਸੁਣੀ। ਨੂਹ ਨੇ ਪਰਮੇਸ਼ੁਰ ਦੇ ਕਹਿਣੇ ਅਨੁਸਾਰ ਆਪਣੇ ਪਰਿਵਾਰ ਨੂੰ ਹੜ੍ਹ ਤੋਂ ਬਚਾਉਣ ਲਈ ਇਕ ਕਿਸ਼ਤੀ ਬਣਾਈ। ਸਿਰਫ਼ ਨੂਹ, ਉਸ ਦੀ ਪਤਨੀ, ਉਨ੍ਹਾਂ ਦੇ ਤਿੰਨ ਮੁੰਡੇ—ਸ਼ੇਮ, ਹਾਮ ਤੇ ਯਾਫਥ—ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਪਰਮੇਸ਼ੁਰ ਦਾ ਕਹਿਣਾ ਮੰਨਿਆ। ਦੂਜੇ ਲੋਕਾਂ ਨੇ ਆਪਣੀ ਮਨ-ਮਰਜ਼ੀ ਕੀਤੀ ਅਤੇ ਇਸ ਲਈ ਉਹ ਹੜ੍ਹ ਵਿਚ ਡੁੱਬ ਗਏ।—2 ਪਤਰਸ 2:5; 1 ਪਤਰਸ 3:20.

ਹੜ੍ਹ ਸ਼ੁਰੂ ਹੋਣ ਤੋਂ ਸਾਲ ਕੁ ਬਾਅਦ ਸ਼ੇਮ ਅਤੇ ਉਸ ਦਾ ਪਰਿਵਾਰ ਸੁੱਕੀ ਜ਼ਮੀਨ ’ਤੇ ਕਿਸ਼ਤੀ ਤੋਂ ਬਾਹਰ ਆਏ। ਹੁਣ ਕੋਈ ਬੁਰੇ ਲੋਕ ਨਹੀਂ ਸਨ, ਪਰ ਜ਼ਿਆਦਾ ਦੇਰ ਲਈ ਇੱਦਾਂ ਨਹੀਂ ਰਿਹਾ। ਹਾਮ ਦੇ ਪੁੱਤਰ ਕਨਾਨ ਨੇ ਅਜਿਹਾ ਕੁਝ ਕੀਤਾ ਜਿਸ ਕਾਰਨ ਨੂਹ ਨੇ ਕਿਹਾ: “ਕਨਾਨ ਫਿਟਕਾਰੀ ਹੋਵੇ।” ਹਾਮ ਦਾ ਇਕ ਪੋਤਾ ਨਿਮਰੋਦ ਵੀ ਬਹੁਤ ਬੁਰਾ ਨਿਕਲਿਆ। ਉਸ ਨੇ ਸੱਚੇ ਪਰਮੇਸ਼ੁਰ ਯਹੋਵਾਹ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਕਿਹਾ: ‘ਆਓ ਆਪਾਂ ਇਕ ਉੱਚਾ ਬੁਰਜ ਬਣਾਈਏ ਤੇ ਆਪਣੇ ਲਈ ਵੱਡਾ ਨਾਂ ਕਮਾਈਏ।’ ਤੁਹਾਡੇ ਖ਼ਿਆਲ ਵਿਚ ਇਹ ਸਭ ਕੁਝ ਦੇਖ ਕੇ ਸ਼ੇਮ ਤੇ ਉਸ ਦੇ ਪਿਤਾ ਨੂੰ ਕਿੱਦਾਂ ਲੱਗਾ ਹੋਣਾ?—ਉਤਪਤ 9:25; 10:6-10; 11:4, 5.

ਉਹ ਬਹੁਤ ਦੁਖੀ ਹੋਏ ਅਤੇ ਯਹੋਵਾਹ ਨੂੰ ਵੀ ਬਹੁਤ ਦੁੱਖ ਲੱਗਾ। ਕੀ ਤੁਹਾਨੂੰ ਪਤਾ ਕਿ ਯਹੋਵਾਹ ਨੇ ਕੀ ਕੀਤਾ?— ਉਸ ਨੇ ਲੋਕਾਂ ਦੀ ਬੋਲੀ ਉਲਟ-ਪੁਲਟ ਕਰ ਦਿੱਤੀ ਤਾਂਕਿ ਉਹ ਇਕ-ਦੂਜੇ ਦੀ ਗੱਲ ਸਮਝ ਨਾ ਸਕਣ। ਇਸ ਕਰਕੇ ਲੋਕਾਂ ਦਾ ਕੰਮ ਰੁਕ ਗਿਆ ਅਤੇ ਜਿਹੜੇ ਲੋਕ ਇਕ ਬੋਲੀ ਬੋਲਦੇ ਸਨ ਉਹ ਇਕੱਠੇ ਹੋ ਕੇ ਇਕ ਥਾਂ ਰਹਿਣ ਲੱਗ ਪਏ। (ਉਤਪਤ 11:6-9) ਪਰ ਪਰਮੇਸ਼ੁਰ ਨੇ ਸ਼ੇਮ ਤੇ ਉਸ ਦੇ ਪਰਿਵਾਰ ਦੀ ਬੋਲੀ ਨਹੀਂ ਬਦਲੀ ਤਾਂਕਿ ਉਹ ਇਕ ਜਗ੍ਹਾ ਰਹਿ ਕੇ ਪਰਮੇਸ਼ੁਰ ਦੀ ਸੇਵਾ ਕਰ ਸਕਣ। ਕੀ ਤੁਸੀਂ ਕਦੇ ਸੋਚਿਆ ਕਿ ਸ਼ੇਮ ਨੇ ਕਿੰਨੇ ਚਿਰ ਲਈ ਯਹੋਵਾਹ ਦੀ ਸੇਵਾ ਕੀਤੀ?—

ਸ਼ੇਮ 600 ਸਾਲਾਂ ਦੀ ਉਮਰ ਤਕ ਜੀਉਂਦਾ ਰਿਹਾ। ਉਹ ਹੜ੍ਹ ਤੋਂ ਪਹਿਲਾਂ 98 ਸਾਲਾਂ ਦਾ ਸੀ ਅਤੇ ਹੜ੍ਹ ਤੋਂ ਬਾਅਦ 502 ਸਾਲਾਂ ਤਕ ਜ਼ਿੰਦਾ ਰਿਹਾ। ਕੋਈ ਸ਼ੱਕ ਨਹੀਂ ਕਿ ਉਸ ਨੇ ਕਿਸ਼ਤੀ ਬਣਾਉਣ ਵਿਚ ਅਤੇ ਲੋਕਾਂ ਨੂੰ ਹੜ੍ਹ ਬਾਰੇ ਚੇਤਾਵਨੀ ਦੇਣ ਵਿਚ ਆਪਣੇ ਪਿਤਾ ਦੀ ਮਦਦ ਕੀਤੀ ਹੋਣੀ। ਤੁਹਾਡੇ ਖ਼ਿਆਲ ਵਿਚ ਸ਼ੇਮ ਨੇ ਹੜ੍ਹ ਤੋਂ ਬਾਅਦ 500 ਸਾਲਾਂ ਦੌਰਾਨ ਕੀ ਕੀਤਾ ਸੀ?— ਨੂਹ ਨੇ ਯਹੋਵਾਹ ਨੂੰ “ਸ਼ੇਮ ਦਾ ਪਰਮੇਸ਼ੁਰ” ਕਿਹਾ ਸੀ। ਇਸ ਦਾ ਮਤਲਬ ਹੈ ਕਿ ਸ਼ੇਮ ਆਪਣੇ ਪਰਿਵਾਰ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ ਹੋਣਾ। ਬਾਅਦ ਵਿਚ ਅਬਰਾਹਾਮ, ਸਾਰਾਹ ਅਤੇ ਇਸਹਾਕ ਸ਼ੇਮ ਦੀ ਔਲਾਦ ਵਿੱਚੋਂ ਸਨ।—ਉਤਪਤ 9:26; 11:10-31; 21:1-3.

ਹੁਣ ਜ਼ਰਾ ਆਪਣੇ ਜ਼ਮਾਨੇ ਬਾਰੇ ਸੋਚੋ ਜੋ ਸ਼ੇਮ ਦੇ ਦਿਨਾਂ ਨਾਲੋਂ ਵੀ ਬੁਰਾ ਹੈ। ਇਸ ਦੁਨੀਆਂ ਦਾ ਕੀ ਬਣੇਗਾ?— ਬਾਈਬਲ ਕਹਿੰਦੀ ਹੈ ਕਿ ਦੁਨੀਆਂ “ਬੀਤਦੀ ਜਾਂਦੀ ਹੈ।” ਪਰ ਉਹ ਇਹ ਵੀ ਵਾਅਦਾ ਕਰਦੀ ਹੈ ਕਿ “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” ਤਾਂ ਫਿਰ ਜੇ ਅਸੀਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਾਂਗੇ, ਤਾਂ ਅਸੀਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਵੜ ਸਕਾਂਗੇ। ਫਿਰ ਪਰਮੇਸ਼ੁਰ ਦੀ ਮਿਹਰ ਕਰਕੇ ਅਸੀਂ ਹਮੇਸ਼ਾ ਲਈ ਖ਼ੁਸ਼ੀ ਨਾਲ ਜੀ ਸਕਾਂਗੇ।—1 ਯੂਹੰਨਾ 2:17; ਜ਼ਬੂਰਾਂ ਦੀ ਪੋਥੀ 37:29; ਯਸਾਯਾਹ 65:17. (w09-E 10/01)

^ ਪੈਰਾ 3 ਜੇ ਤੁਸੀਂ ਕਿਸੇ ਨਿਆਣੇ ਨਾਲ ਇਹ ਲੇਖ ਪੜ੍ਹ ਰਹੇ ਹੋ, ਤਾਂ ਜਿਸ ਸਵਾਲ ਦੇ ਪਿੱਛੇ ਡੈਸ਼ (—) ਆਉਂਦਾ ਹੈ ਉੱਥੇ ਰੁਕ ਕੇ ਬੱਚੇ ਨੂੰ ਜਵਾਬ ਦੇਣ ਦਾ ਮੌਕਾ ਦਿਓ।