Skip to content

Skip to table of contents

ਪਰਿਵਾਰ ਵਿਚ ਖ਼ੁਸ਼ੀਆਂ ਲਿਆਓ

ਜੇ ਤੁਹਾਡਾ ਸਾਥੀ ਬੀਮਾਰ ਹੈ

ਜੇ ਤੁਹਾਡਾ ਸਾਥੀ ਬੀਮਾਰ ਹੈ

ਜਦੋਂ ਦਾ ਮੈਨੂੰ ਕ੍ਰੌਨਿਕ ਫ਼ਟੀਗ ਸਿੰਡ੍ਰੋਮ ਹੋਇਆ ਹੈ ਮੇਰੇ ਪਤੀ ਹੀ ਕੰਮ ਕਰਦੇ ਹਨ, ਪਰ ਉਹ ਮੇਰੇ ਨਾਲ ਘਰ ਦੇ ਖ਼ਰਚਿਆਂ ਬਾਰੇ ਗੱਲ ਕਦੇ ਨਹੀਂ ਕਰਦੇ। ਉਹ ਮੈਨੂੰ ਕੁਝ ਦੱਸਦੇ ਕਿਉਂ ਨਹੀਂ? ਸਾਨੂੰ ਪੈਸਿਆਂ ਦੀ ਤੰਗੀ ਬਹੁਤ ਆ ਗਈ ਹੋਣੀ ਹੈ, ਇਸ ਕਰਕੇ ਉਹ ਮੈਨੂੰ ਨਹੀਂ ਦੱਸਦੇ। ਉਨ੍ਹਾਂ ਨੂੰ ਪਤਾ ਹੈ ਕਿ ਮੈਂ ਫ਼ਿਕਰ ਕਰਾਂਗੀ ਜੇ ਮੈਨੂੰ ਪਤਾ ਲੱਗ ਗਿਆ।—ਨੈਨਸੀ। *

ਵਿਆਹ ਵਿਚ ਮੁਸ਼ਕਲਾਂ ਆ ਸਕਦੀਆਂ ਹਨ, ਪਰ ਜਦ ਇਕ ਜਣਾ ਬਹੁਤ ਬੀਮਾਰ ਹੋ ਜਾਂਦਾ ਹੈ ਅਤੇ ਦੂਸਰਾ ਤੰਦਰੁਸਤ ਹੈ, ਤਾਂ ਮੁਸ਼ਕਲਾਂ ਹੋਰ ਵੀ ਵਧ ਸਕਦੀਆਂ ਹਨ। * ਕੀ ਤੁਸੀਂ ਆਪਣੇ ਬੀਮਾਰ ਸਾਥੀ ਦੀ ਦੇਖ-ਭਾਲ ਕਰ ਰਹੇ ਹੋ? ਜੇ ਹਾਂ, ਤਾਂ ਕੀ ਤੁਹਾਨੂੰ ਇਨ੍ਹਾਂ ਗੱਲਾਂ ਦੀ ਚਿੰਤਾ ਹੈ: ‘ਉਦੋਂ ਕੀ ਹੋਵੇਗਾ ਜੇ ਮੇਰੇ ਸਾਥੀ ਦੀ ਸਿਹਤ ਹੋਰ ਵੀ ਵਿਗੜ ਜਾਵੇ? ਆਪਣੇ ਸਾਥੀ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਰਸੋਈ ਦਾ ਕੰਮ, ਘਰ ਦੀ ਸਫ਼ਾਈ ਅਤੇ ਨੌਕਰੀ ਕਰਨੀ—ਇਹ ਸਭ ਕੁਝ ਮੈਥੋਂ ਕਿੰਨੇ ਚਿਰ ਲਈ ਹੋਵੇਗਾ? ਮੈਨੂੰ ਕਿਉਂ ਬੁਰਾ ਲੱਗਦਾ ਹੈ ਕਿ ਮੇਰੀ ਸਿਹਤ ਠੀਕ ਹੈ?’

ਪਰ ਦੂਜੇ ਪਾਸੇ ਜੇ ਤੁਸੀਂ ਬੀਮਾਰ ਹੋ, ਤਾਂ ਤੁਸੀਂ ਸ਼ਾਇਦ ਸੋਚੋ: ‘ਮੈਂ ਆਪਣੀ ਇੱਜ਼ਤ ਕਿਵੇਂ ਕਰਾਂ ਜਦ ਮੈਥੋਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਹੁੰਦੀਆਂ? ਕੀ ਮੇਰਾ ਸਾਥੀ ਮੇਰੇ ਨਾਲ ਗੁੱਸੇ ਹੈ ਕਿਉਂਕਿ ਮੈਂ ਬੀਮਾਰ ਹਾਂ? ਕੀ ਮੇਰੇ ਬੀਮਾਰ ਹੋਣ ਕਰਕੇ ਸਾਡੀਆਂ ਖ਼ੁਸ਼ੀਆਂ ਖੋਹ ਜਾਣਗੀਆਂ?’

ਅਫ਼ਸੋਸ ਦੀ ਗੱਲ ਹੈ ਕਿ ਇਕ ਸਾਥੀ ਦੇ ਲਗਾਤਾਰ ਬੀਮਾਰ ਰਹਿਣ ਨਾਲ ਕਈਆਂ ਦੇ ਵਿਆਹਾਂ ਵਿਚ ਇੰਨੀਆਂ ਮੁਸ਼ਕਲਾਂ ਆਈਆਂ ਹਨ ਕਿ ਉਨ੍ਹਾਂ ਨੇ ਤਲਾਕ ਲੈ ਲਿਆ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡਾ ਵਿਆਹ ਵੀ ਟੁੱਟ ਜਾਵੇਗਾ।

ਭਾਵੇਂ ਇਕ ਸਾਥੀ ਲਗਾਤਾਰ ਬੀਮਾਰ ਰਹਿੰਦਾ ਹੈ, ਫਿਰ ਵੀ ਬਹੁਤ ਸਾਰੇ ਵਿਆਹ ਸਫ਼ਲ ਰਹੇ ਹਨ। ਯੋਸ਼ੀਆਕੀ ਅਤੇ ਕਾਜ਼ੂਕੋ ਦੀ ਮਿਸਾਲ ਲੈ ਲਓ। ਰੀੜ ਦੀ ਹੱਡੀ ’ਤੇ ਸੱਟ ਲੱਗਣ ਕਰਕੇ ਯੋਸ਼ੀਆਕੀ ਮਦਦ ਤੋਂ ਬਿਨਾਂ ਜ਼ਰਾ ਵੀ ਹਿੱਲ ਨਹੀਂ ਸਕਦਾ। ਉਸ ਦੀ ਪਤਨੀ ਕਾਜ਼ੂਕੋ ਦੱਸਦੀ ਹੈ: “ਮੇਰੇ ਪਤੀ ਨੂੰ ਸਭ ਕੁਝ ਕਰਨ ਲਈ ਮਦਦ ਚਾਹੀਦੀ ਹੈ। ਉਸ ਦੀ ਦੇਖ-ਭਾਲ ਕਰਨ ਕਰਕੇ ਮੇਰੀ ਧੌਣ, ਮੋਢਿਆਂ ਅਤੇ ਬਾਹਾਂ ਵਿਚ ਬਹੁਤ ਦਰਦ ਰਹਿੰਦਾ ਹੈ ਅਤੇ ਇਸ ਕਰਕੇ ਮੈਨੂੰ ਵੀ ਹਸਪਤਾਲ ਜਾ ਕੇ ਇਲਾਜ ਕਰਾਉਣਾ ਪੈਂਦਾ ਹੈ। ਆਪਣੇ ਪਤੀ ਦੀ ਦੇਖ-ਭਾਲ ਕਰਨੀ ਕਦੇ-ਕਦੇ ਮੈਨੂੰ ਬਹੁਤ ਔਖੀ ਲੱਗਦੀ ਹੈ।” ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਕਾਜ਼ੂਕੋ ਦੱਸਦੀ ਹੈ ਕਿ “ਸਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ ਹੈ।”

ਇਨ੍ਹਾਂ ਮੁਸ਼ਕਲ ਹਾਲਤਾਂ ਦੇ ਬਾਵਜੂਦ ਪਤੀ-ਪਤਨੀ ਖ਼ੁਸ਼ ਕਿਵੇਂ ਰਹਿ ਸਕਦੇ ਹਨ? ਜਦ ਇਕ ਜਣਾ ਬੀਮਾਰ ਹੁੰਦਾ ਹੈ, ਤਾਂ ਪਤੀ-ਪਤਨੀ ਇੱਦਾਂ ਸਮਝਦੇ ਹਨ ਕਿ ਉਨ੍ਹਾਂ ਦੋਹਾਂ ਉੱਤੇ ਇਹ ਮੁਸ਼ਕਲ ਆਈ ਹੈ। ਕਿਉਂ? ਕਿਉਂਕਿ ਬੀਮਾਰੀ ਦਾ ਅਸਰ ਉਨ੍ਹਾਂ ਦੋਹਾਂ ’ਤੇ ਪੈਂਦਾ ਹੈ। ਉਤਪਤ 2:24 ਵਿਚ ਲਿਖਿਆ ਹੈ: “ਮਰਦ ਆਪਣੇ ਮਾਪੇ ਛੱਡਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਇੱਕ ਸਰੀਰ ਹੋਣਗੇ।” ਸੋ ਪਤੀ-ਪਤਨੀ ਇਕ-ਦੂਸਰੇ ’ਤੇ ਨਿਰਭਰ ਕਰਦੇ ਹਨ। ਇਸ ਲਈ ਜਦੋਂ ਇਕ ਜਣਾ ਬੀਮਾਰ ਹੁੰਦਾ ਹੈ, ਤਾਂ ਜ਼ਰੂਰੀ ਹੈ ਕਿ ਦੋਵੇਂ ਇਕੱਠੇ ਬੀਮਾਰੀ ਦਾ ਸਾਮ੍ਹਣਾ ਕਰਨ। ਇਸ ਤਰ੍ਹਾਂ ਉਹ ਦੋਵੇਂ ਆਪਣੀ ਖ਼ੁਸ਼ੀ ਕਾਇਮ ਰੱਖ ਸਕਣਗੇ।

ਰਿਸਰਚ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਜੋੜੇ ਕਿਸੇ ਬੀਮਾਰੀ ਦੇ ਬਾਵਜੂਦ ਆਪਣੇ ਬੰਧਨ ਨੂੰ ਮਜ਼ਬੂਤ ਰੱਖਦੇ ਹਨ, ਉਹ ਮੰਨ ਲੈਂਦੇ ਹਨ ਕਿ ਉਨ੍ਹਾਂ ਦੇ ਹਾਲਾਤ ਹੁਣ ਬਦਲ ਗਏ ਹਨ ਅਤੇ ਉਹ ਇਨ੍ਹਾਂ ਅਨੁਸਾਰ ਜੀਣਾ ਸਿੱਖਦੇ ਹਨ। ਉਨ੍ਹਾਂ ਨੇ ਬੀਮਾਰੀ ਦਾ ਸਾਮ੍ਹਣਾ ਕਰਨ ਲਈ ਕਈ ਤਰੀਕੇ ਸਿੱਖੇ ਹਨ ਜੋ ਬਾਈਬਲ ਦੀ ਸਲਾਹ ਨਾਲ ਵੀ ਸਹਿਮਤ ਹਨ। ਆਓ ਆਪਾਂ ਤਿੰਨ ਮਿਸਾਲਾਂ ਦੇਖੀਏ।

ਇਕ-ਦੂਜੇ ਦਾ ਲਿਹਾਜ਼ ਕਰੋ

ਉਪਦੇਸ਼ਕ ਦੀ ਪੋਥੀ 4:9 ਵਿਚ ਲਿਖਿਆ ਹੈ: “ਇੱਕ ਨਾਲੋਂ ਦੋ ਚੰਗੇ ਹਨ।” ਕਿਉਂ? ਦਸਵੀਂ ਆਇਤ ਕਹਿੰਦੀ ਹੈ: “ਕਿਉਂਕਿ ਜੇ ਉਹ ਡਿੱਗ ਪੈਣ ਤਾਂ ਇੱਕ ਜਣਾ ਦੂਜੇ ਨੂੰ ਚੁੱਕੇਗਾ।” ਕੀ ਤੁਸੀਂ ਆਪਣੇ ਸਾਥੀ ਨੂੰ ਹੌਸਲਾ ਦੇ ਕੇ ‘ਚੁੱਕਦੇ’ ਹੋ?

ਕੀ ਤੁਸੀਂ ਇਕ-ਦੂਜੇ ਦੀ ਮਦਦ ਕਰਨ ਦੇ ਤਰੀਕੇ ਲੱਭ ਸਕਦੇ ਹੋ? ਯੋਂਗ, ਜਿਸ ਦੀ ਪਤਨੀ ਨੂੰ ਅਧਰੰਗ ਹੋਇਆ ਹੈ, ਨੇ ਕਿਹਾ: “ਮੈਂ ਹਰ ਵਕਤ ਆਪਣੀ ਪਤਨੀ ਦੀਆਂ ਲੋੜਾਂ ਬਾਰੇ ਸੋਚਣ ਦੀ ਪੂਰੀ ਕੋਸ਼ਿਸ਼ ਕਰਦਾ ਹਾਂ। ਜਦ ਮੈਨੂੰ ਪਿਆਸ ਲੱਗਦੀ ਹੈ, ਤਾਂ ਮੈਂ ਸੋਚਦਾ ਹਾਂ ਕਿ ਸ਼ਾਇਦ ਉਸ ਨੂੰ ਵੀ ਪਿਆਸ ਲੱਗੀ ਹੋਵੇ। ਜੇ ਮੈਂ ਬਾਹਰ ਜਾ ਕੇ ਨਜ਼ਾਰੇ ਦੇਖਣੇ ਚਾਹੁੰਦਾ ਹਾਂ, ਤਾਂ ਮੈਂ ਉਸ ਨੂੰ ਵੀ ਪੁੱਛਦਾ ਹਾਂ ਕਿਉਂਕਿ ਸ਼ਾਇਦ ਉਹ ਵੀ ਮੇਰੇ ਨਾਲ ਆਉਣਾ ਚਾਹੇ। ਅਸੀਂ ਇਕੱਠੇ ਦੁੱਖ ਝੱਲ ਰਹੇ ਹਾਂ ਅਤੇ ਇਕੱਠੇ ਬੀਮਾਰੀ ਨੂੰ ਸਹਿ ਰਹੇ ਹਾਂ।”

ਦੂਜੇ ਪਾਸੇ, ਜੇ ਤੁਸੀਂ ਬੀਮਾਰ ਹੋ ਅਤੇ ਤੁਹਾਡਾ ਸਾਥੀ ਤੁਹਾਡੀ ਦੇਖ-ਭਾਲ ਕਰ ਰਿਹਾ ਹੈ, ਤਾਂ ਕੀ ਤੁਸੀਂ ਆਪਣੀ ਸਿਹਤ ਦਾ ਹੋਰ ਨੁਕਸਾਨ ਕਰਨ ਤੋਂ ਬਿਨਾਂ ਆਪਣੇ ਲਈ ਕੁਝ ਕਰ ਸਕਦੇ ਹੋ? ਜੇ ਹਾਂ, ਤਾਂ ਤੁਸੀਂ ਆਪਣੇ ਆਪ ਵਿਚ ਚੰਗਾ ਮਹਿਸੂਸ ਕਰੋਗੇ ਅਤੇ ਇਸ ਤਰ੍ਹਾਂ ਤੁਸੀਂ ਸ਼ਾਇਦ ਆਪਣੇ ਸਾਥੀ ਦਾ ਕੰਮ ਹੌਲਾ ਕਰ ਸਕੋਗੇ।

ਇੱਦਾਂ ਸੋਚਣ ਨਾਲੋਂ ਕਿ ਤੁਹਾਨੂੰ ਹੀ ਪਤਾ ਹੈ ਕਿ ਤੁਹਾਡੇ ਸਾਥੀ ਦੀ ਦੇਖ-ਭਾਲ ਕਿਵੇਂ ਕੀਤੀ ਜਾਣੀ ਚਾਹੀਦੀ ਹੈ, ਕਿਉਂ ਨਾ ਆਪਣੇ ਸਾਥੀ ਨੂੰ ਪੁੱਛੋ ਕਿ ਉਹ ਕੀ ਚਾਹੁੰਦਾ ਹੈ। ਨੈਨਸੀ, ਜਿਸ ਦਾ ਸ਼ੁਰੂ ਵਿਚ ਜ਼ਿਕਰ ਕੀਤਾ ਗਿਆ ਹੈ, ਨੇ ਅਖ਼ੀਰ ਵਿਚ ਆਪਣੇ ਪਤੀ ਨੂੰ ਦੱਸਿਆ ਕਿ ਘਰ ਦੇ ਖ਼ਰਚਿਆਂ ਬਾਰੇ ਨਾ ਜਾਣਨ ਕਰਕੇ ਉਸ ਨੂੰ ਕਿੰਨੀ ਟੈਨਸ਼ਨ ਹੋ ਰਹੀ ਸੀ। ਹੁਣ ਉਸ ਦਾ ਪਤੀ ਉਸ ਨੂੰ ਇਨ੍ਹਾਂ ਮਾਮਲਿਆਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ।

ਸੁਝਾਅ: ਉਨ੍ਹਾਂ ਗੱਲਾਂ ਬਾਰੇ ਸੋਚੋ ਜਿਨ੍ਹਾਂ ਵਿਚ ਤੁਹਾਡਾ ਸਾਥੀ ਤਬਦੀਲੀਆਂ ਕਰ ਕੇ ਤੁਹਾਡੇ ਹਾਲਾਤਾਂ ਨੂੰ ਥੋੜ੍ਹਾ-ਬਹੁਤਾ ਸੁਧਾਰ ਸਕਦਾ ਹੈ। ਤੁਸੀਂ ਦੋਵੇਂ ਇਨ੍ਹਾਂ ਗੱਲਾਂ ਦੀ ਲਿਸਟ ਬਣਾਓ ਅਤੇ ਫਿਰ ਇਕ-ਦੂਜੇ ਦੀ ਲਿਸਟ ਦੇਖੋ। ਇਕ-ਦੋ ਗੱਲਾਂ ਚੁਣੋ ਜਿਨ੍ਹਾਂ ਨੂੰ ਲਾਗੂ ਕਰ ਕੇ ਸੁਧਾਰ ਆ ਸਕਦਾ ਹੈ।

ਹਰ ਕੰਮ ਲਈ ਸਮਾਂ ਕੱਢੋ

ਰਾਜਾ ਸੁਲੇਮਾਨ ਨੇ ਕਿਹਾ: “ਹਰੇਕ ਕੰਮ ਦਾ ਇੱਕ ਸਮਾ ਹੈ।” (ਉਪਦੇਸ਼ਕ ਦੀ ਪੋਥੀ 3:1) ਜਦੋਂ ਘਰ ਵਿਚ ਕੋਈ ਬੀਮਾਰ ਰਹਿੰਦਾ ਹੈ, ਤਾਂ ਪਰਿਵਾਰ ਦੀ ਰੁਟੀਨ ਉੱਤੇ ਮਾੜਾ ਅਸਰ ਪੈ ਸਕਦਾ ਹੈ ਜਿਸ ਕਰਕੇ ਹੋਰ ਕੰਮਾਂ ਲਈ ਸਮਾਂ ਕੱਢਣਾ ਮੁਸ਼ਕਲ ਹੋ ਸਕਦਾ ਹੈ। ਘਰ ਵਿਚ ਰੁਟੀਨ ਬਣਾਈ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ?

ਸਿਰਫ਼ ਬੀਮਾਰੀ ਬਾਰੇ ਸੋਚਣ ਦੀ ਬਜਾਇ ਤੁਹਾਨੂੰ ਹੋਰਨਾਂ ਕੰਮਾਂ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ। ਕੀ ਤੁਸੀਂ ਅਜਿਹੇ ਕੁਝ ਸ਼ੌਕ ਪੂਰੇ ਕਰ ਸਕਦੇ ਹੋ ਜੋ ਤੁਸੀਂ ਬੀਮਾਰ ਹੋਣ ਤੋਂ ਪਹਿਲਾਂ ਕਰਦੇ ਸੀ? ਜੇ ਨਹੀਂ, ਤਾਂ ਤੁਸੀਂ ਹੋਰ ਕੀ ਕਰ ਸਕਦੇ ਹੋ? ਸ਼ਾਇਦ ਤੁਸੀਂ ਇਕੱਠੇ ਬੈਠ ਕੇ ਪੜ੍ਹ ਸਕੋ ਜਾਂ ਕੋਈ ਨਵੀਂ ਭਾਸ਼ਾ ਸਿੱਖ ਸਕੋ। ਆਪਣਾ ਸਾਰਾ ਧਿਆਨ ਬੀਮਾਰੀ ਉੱਤੇ ਹੀ ਨਹੀਂ, ਪਰ ਦੂਜੇ ਕੰਮਾਂ ਉੱਤੇ ਵੀ ਲਾਓ। ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤਾਂ ਤੁਹਾਡਾ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਤੁਹਾਡੀ ਖ਼ੁਸ਼ੀ ਵਧੇਗੀ।

ਇਹ ਵੀ ਨਾ ਭੁੱਲੋ ਕਿ ਦੂਜੇ ਵੀ ਤੁਹਾਡੀ ਮਦਦ ਕਰ ਸਕਦੇ ਹਨ। ਬਾਈਬਲ ਕਹਾਉਤਾਂ 18:1 ਵਿਚ ਕਹਿੰਦੀ ਹੈ: “ਜੋ ਆਪ ਨੂੰ ਵੱਖਰਾ ਕਰੇ ਉਹ ਆਪਣੀ ਇੱਛਿਆ ਭਾਲਦਾ ਹੈ, ਉਹ ਸਾਰੀ ਖਰੀ ਬੁੱਧੀ ਦੇ ਵਿਰੁੱਧ ਚਿੜਦਾ ਹੈ।” ਕੀ ਤੁਸੀਂ ਧਿਆਨ ਦਿੱਤਾ ਕਿ ਜੇ ਕੋਈ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਕਰੇ, ਤਾਂ ਉਸ ਦੀ ਸੋਚਣੀ ਉੱਤੇ ਮਾੜਾ ਅਸਰ ਪੈ ਸਕਦਾ ਹੈ। ਦੂਜੇ ਪਾਸੇ, ਜੇ ਤੁਸੀਂ ਸਮੇਂ-ਸਮੇਂ ਤੇ ਦੂਜਿਆਂ ਨਾਲ ਮਿਲੋ-ਗਿਲੋ, ਤਾਂ ਤੁਹਾਨੂੰ ਹੌਸਲਾ ਮਿਲ ਸਕਦਾ ਹੈ ਅਤੇ ਤੁਹਾਡੇ ਮਨ ਦਾ ਬੋਝ ਹਲਕਾ ਹੋ ਸਕਦਾ ਹੈ। ਕਿਉਂ ਨਾ ਤੁਸੀਂ ਕਿਸੇ ਨੂੰ ਆਪਣੇ ਘਰ ਬੁਲਾਓ?

ਬੀਮਾਰ ਸਾਥੀ ਦੀ ਦੇਖ-ਭਾਲ ਕਰਨ ਵਾਲੇ ਨੂੰ ਆਪਣਾ ਵੀ ਧਿਆਨ ਰੱਖਣ ਦੀ ਲੋੜ ਹੈ। ਕਈ ਆਪਣੇ ਸਿਰ ਬਹੁਤ ਕੰਮ ਲੈਣ ਕਰਕੇ ਥੱਕ ਜਾਂਦੇ ਹਨ ਅਤੇ ਆਪਣੀ ਹੀ ਸਿਹਤ ਦਾ ਨੁਕਸਾਨ ਕਰਦੇ ਹਨ। ਅਖ਼ੀਰ ਵਿਚ ਉਹ ਸ਼ਾਇਦ ਆਪਣੇ ਸਾਥੀ ਦੀ ਦੇਖ-ਭਾਲ ਨਾ ਕਰ ਸਕਣ। ਸੋ ਜੇ ਤੁਸੀਂ ਆਪਣੇ ਬੀਮਾਰ ਸਾਥੀ ਦੀ ਦੇਖ-ਭਾਲ ਕਰ ਰਹੇ ਹੋ, ਤਾਂ ਆਪਣੀਆਂ ਜ਼ਰੂਰਤਾਂ ਵੱਲ ਵੀ ਧਿਆਨ ਦਿਓ। ਆਰਾਮ ਕਰਨ ਲਈ ਅਤੇ ਆਪਣੇ ਆਪ ਨੂੰ ਤਾਜ਼ਾ ਕਰਨ ਲਈ ਵੀ ਸਮਾਂ ਕੱਢੋ। * ਕਈਆਂ ਨੂੰ ਦੂਜਿਆਂ ਨਾਲ ਆਪਣੀਆਂ ਚਿੰਤਾਵਾਂ ਬਾਰੇ ਗੱਲ ਕਰ ਕੇ ਬਹੁਤ ਮਦਦ ਮਿਲੀ ਹੈ। ਇਸ ਲਈ ਕਦੇ-ਕਦੇ ਪਤੀ ਕਿਸੇ ਮਰਦ ਨਾਲ ਜਾਂ ਪਤਨੀ ਕਿਸੇ ਤੀਵੀਂ ਨਾਲ ਗੱਲ ਕਰ ਸਕਦੀ ਹੈ।

ਸੁਝਾਅ: ਉਨ੍ਹਾਂ ਗੱਲਾਂ ਦੀ ਲਿਸਟ ਬਣਾਓ ਜਿਨ੍ਹਾਂ ਕਰਕੇ ਆਪਣੇ ਸਾਥੀ ਦੀ ਦੇਖ-ਭਾਲ ਕਰਨ ਵਿਚ ਤੁਹਾਨੂੰ ਮੁਸ਼ਕਲ ਆਉਂਦੀ ਹੈ। ਫਿਰ ਇਹ ਵੀ ਲਿਖੋ ਕਿ ਇਨ੍ਹਾਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਜਾਂ ਇਨ੍ਹਾਂ ਦਾ ਸਾਮ੍ਹਣਾ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ। ਇਸ ਬਾਰੇ ਜ਼ਿਆਦਾ ਨਾ ਸੋਚੋ ਕਿ ਤੁਹਾਨੂੰ ਕੀ-ਕੀ ਕਰਨ ਦੀ ਲੋੜ ਹੈ, ਪਰ ਸਿਰਫ਼ ਇਹ ਪੁੱਛੋ ਕਿ ‘ਇਸ ਮੁਸ਼ਕਲ ਨਾਲ ਨਜਿੱਠਣ ਦਾ ਸਭ ਤੋਂ ਆਸਾਨ ਤਰੀਕਾ ਕਿਹੜਾ ਹੈ?’

ਸਹੀ ਨਜ਼ਰੀਆ ਰੱਖਣ ਦੀ ਕੋਸ਼ਿਸ਼ ਕਰੋ

ਬਾਈਬਲ ਸਲਾਹ ਦਿੰਦੀ ਹੈ: “ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ?” (ਉਪਦੇਸ਼ਕ ਦੀ ਪੋਥੀ 7:10) ਇਹ ਨਾ ਸੋਚਿਆ ਕਰੋ ਕਿ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਜੇ ਤੁਹਾਡਾ ਸਾਥੀ ਬੀਮਾਰ ਨਾ ਹੁੰਦਾ। ਯਾਦ ਰੱਖੋ ਕਿ ਇਸ ਦੁਨੀਆਂ ਵਿਚ ਕੋਈ ਵੀ ਇਨਸਾਨ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹੋ ਸਕਦਾ। ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਆਪਣੇ ਹਾਲਾਤਾਂ ਮੁਤਾਬਕ ਜੀਣਾ ਸਿੱਖੋ।

ਸੋ ਕਿਹੜੀ ਗੱਲ ਤੁਹਾਡੀ ਦੋਹਾਂ ਦੀ ਮਦਦ ਕਰ ਸਕਦੀ ਹੈ? ਆਪਣੀਆਂ ਬਰਕਤਾਂ ਬਾਰੇ ਗੱਲ ਕਰੋ। ਜੇ ਤੁਹਾਡੀ ਸਿਹਤ ਪਹਿਲਾਂ ਨਾਲੋਂ ਜ਼ਰਾ ਵੀ ਠੀਕ ਹੋ ਜਾਵੇ, ਤਾਂ ਇਸ ਵਿਚ ਖ਼ੁਸ਼ ਹੋਵੋ। ਪਿੱਛੇ ਦੇਖਣ ਦੀ ਬਜਾਇ ਅੱਗੇ ਦੇਖੋ ਅਤੇ ਛੋਟੇ-ਛੋਟੇ ਟੀਚੇ ਰੱਖੋ।

ਸ਼ੋਜੀ ਅਤੇ ਅਕੀਕੋ ਨਾਂ ਦੇ ਜੋੜੇ ਨੇ ਇਸ ਸਲਾਹ ਨੂੰ ਲਾਗੂ ਕਰ ਕੇ ਚੰਗੇ ਨਤੀਜੇ ਪਾਏ ਹਨ। ਡਾਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਅਕੀਕੋ ਨੂੰ ਫਾਇਬ੍ਰੋਮਾਇਲਜੀਆ ਨਾਂ ਦੀ ਬੀਮਾਰੀ ਹੈ। ਉਸ ਸਮੇਂ ਉਹ ਪ੍ਰਚਾਰਕਾਂ ਵਜੋਂ ਕਿਤੇ ਖ਼ਾਸ ਸੇਵਾ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਉਹ ਸੇਵਾ ਛੱਡਣੀ ਪਈ। ਕੀ ਉਹ ਨਿਰਾਸ਼ ਹੋਏ? ਹਾਂ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀਂ। ਸ਼ੋਜੀ ਦੂਜਿਆਂ ਨੂੰ ਸਲਾਹ ਦਿੰਦਾ ਹੈ: “ਉਨ੍ਹਾਂ ਚੀਜ਼ਾਂ ਬਾਰੇ ਸੋਚ ਕੇ ਦਿਲ ਨਾ ਛੱਡੋ ਜੋ ਤੁਸੀਂ ਹੁਣ ਨਹੀਂ ਕਰ ਸਕਦੇ। ਚੰਗੀਆਂ ਗੱਲਾਂ ਬਾਰੇ ਸੋਚੋ। ਭਾਵੇਂ ਤੁਸੀਂ ਉਮੀਦ ਰੱਖਦੇ ਹੋ ਕਿ ਇਕ ਦਿਨ ਤੁਹਾਡੀ ਜ਼ਿੰਦਗੀ ਪਹਿਲਾਂ ਵਾਂਗ ਹੋਵੇਗੀ, ਫਿਰ ਵੀ ਇਸ ਬਾਰੇ ਸੋਚੋ ਕਿ ਤੁਹਾਡੀ ਜ਼ਿੰਦਗੀ ਹੁਣ ਕਿਹੋ ਜਿਹੀ ਹੈ। ਮੇਰੇ ਲਈ ਇਸ ਦਾ ਮਤਲਬ ਹੈ ਕਿ ਮੈਂ ਆਪਣੀ ਪਤਨੀ ਦੀ ਦੇਖ-ਭਾਲ ਕਰਾਂ।” ਜੇ ਤੁਹਾਡਾ ਸਾਥੀ ਬੀਮਾਰ ਹੈ, ਤਾਂ ਇਹ ਸਲਾਹ ਤੁਹਾਡੀ ਵੀ ਮਦਦ ਕਰ ਸਕਦੀ ਹੈ। (w09-E 11/01)

^ ਪੈਰਾ 3 ਨਾਂ ਬਦਲੇ ਗਏ ਹਨ।

^ ਪੈਰਾ 4 ਇਸ ਲੇਖ ਵਿਚ ਉਨ੍ਹਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦਾ ਸਾਥੀ ਬੀਮਾਰ ਰਹਿੰਦਾ ਹੈ। ਪਰ ਇਹ ਜਾਣਕਾਰੀ ਉਨ੍ਹਾਂ ਪਤੀ-ਪਤਨੀਆਂ ਦੀ ਵੀ ਮਦਦ ਕਰ ਸਕਦੀ ਹੈ ਜੋ ਐਕਸੀਡੈਂਟ ਜਾਂ ਡਿਪਰੈਸ਼ਨ ਵਰਗੀਆਂ ਮੁਸ਼ਕਲਾਂ ਸਹਿ ਰਹੇ ਹਨ।

^ ਪੈਰਾ 20 ਕਈ ਥਾਵਾਂ ਵਿਚ ਬੀਮਾਰਾਂ ਦੀ ਦੇਖ-ਭਾਲ ਕਰਨ ਲਈ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾਂਦੇ ਹਨ। ਆਪਣੇ ਹਾਲਾਤਾਂ ਦੇ ਮੁਤਾਬਕ ਸ਼ਾਇਦ ਤੁਸੀਂ ਇਨ੍ਹਾਂ ਪ੍ਰਬੰਧਾਂ ਦਾ ਫ਼ਾਇਦਾ ਉਠਾ ਸਕੋ।

ਆਪਣੇ ਆਪ ਨੂੰ ਪੁੱਛੋ . . .

ਸਾਡੇ ਲਈ ਇਸ ਸਮੇਂ ਕੀ ਕਰਨਾ ਜ਼ਰੂਰੀ ਹੈ?

  • ਬੀਮਾਰੀ ਬਾਰੇ ਹੋਰ ਗੱਲ ਕਰੋ

  • ਬੀਮਾਰੀ ਬਾਰੇ ਘੱਟ ਗੱਲ ਕਰੋ

  • ਜ਼ਿਆਦਾ ਫ਼ਿਕਰ ਨਾ ਕਰੋ

  • ਇਕ-ਦੂਜੇ ਦਾ ਜ਼ਿਆਦਾ ਲਿਹਾਜ਼ ਕਰੋ

  • ਬੀਮਾਰੀ ਤੋਂ ਇਲਾਵਾ ਹੋਰ ਕੰਮਾਂ ਵਿਚ ਦਿਲਚਸਪੀ ਲਓ

  • ਦੂਜਿਆਂ ਨਾਲ ਹੋਰ ਮਿਲਿਆ ਕਰੋ

  • ਟੀਚੇ ਰੱਖੋ