Skip to content

Skip to table of contents

ਸੱਚੇ ਗਿਆਨ ਦੀ ਭਾਲ

ਸੱਚੇ ਗਿਆਨ ਦੀ ਭਾਲ

ਸੱਚੇ ਗਿਆਨ ਦੀ ਭਾਲ

ਇਹ 18 ਦਸੰਬਰ 1810 ਦਾ ਦਿਨ ਸੀ। ਹਨੇਰਾ ਹੋਣ ਵਾਲਾ ਸੀ। ਸਕਾਟਲੈਂਡ ਦੇ ਦੱਖਣ-ਪੂਰਬੀ ਤਟ ਦੇ ਨੇੜੇ-ਤੇੜੇ ਤੂਫ਼ਾਨੀ ਸਮੁੰਦਰ ਵਿਚ ਬ੍ਰਿਟਿਸ਼ ਜਲ-ਸੈਨਾ ਦਾ ਜਹਾਜ਼ ਐੱਚ. ਐੱਮ. ਐੱਸ. ਪਾਲਸ ਆਪਣੀ ਦਿਸ਼ਾ ਤੋਂ ਭਟਕ ਗਿਆ। ਹਨੇਰੇ ਦੇ ਨਾਲ-ਨਾਲ ਬਰਫ਼ਾਨੀ ਤੂਫ਼ਾਨ ਕਾਰਨ ਜਹਾਜ਼ੀਆਂ ਨੂੰ ਚਾਨਣ-ਮੁਨਾਰੇ ਦਿੱਸਣੇ ਮੁਸ਼ਕਲ ਹੋ ਗਏ ਜਿਨ੍ਹਾਂ ਦੀ ਸੇਧ ਨਾਲ ਉਹ ਜਹਾਜ਼ ਨੂੰ ਸੁਰੱਖਿਅਤ ਥਾਂ ਤੇ ਲਿਆ ਸਕਦੇ ਸਨ। ਅਖ਼ੀਰ ਜਦ ਉਨ੍ਹਾਂ ਨੂੰ ਕੁਝ ਬੱਤੀਆਂ ਦੀ ਰੌਸ਼ਨੀ ਨਜ਼ਰ ਆਈ, ਤਾਂ ਉਨ੍ਹਾਂ ਦੀ ਜਾਨ ਵਿਚ ਜਾਨ ਆਈ। ਉਨ੍ਹਾਂ ਨੇ ਜਹਾਜ਼ ਨੂੰ ਉਨ੍ਹਾਂ ਬੱਤੀਆਂ ਵੱਲ ਮੋੜ ਲਿਆ। ਪਰ ਅਫ਼ਸੋਸ ਦੀ ਗੱਲ ਹੈ ਕਿ ਇਹ ਉਹ ਬੱਤੀਆਂ ਨਹੀਂ ਸਨ ਜਿਨ੍ਹਾਂ ਦੀ ਸੇਧ ਦੀ ਉਨ੍ਹਾਂ ਨੂੰ ਲੋੜ ਸੀ। ਇਹ ਤਟ ਦੇ ਨਾਲ-ਨਾਲ ਲੱਗੀਆਂ ਭੱਠੀਆਂ ਵਿੱਚੋਂ ਨਿਕਲ ਰਹੀ ਅੱਗ ਦੀ ਲੋਅ ਸੀ। ਪਾਇਲਟ ਜਹਾਜ਼ ਨੂੰ ਚਟਾਨਾਂ ਵੱਲ ਲੈ ਗਿਆ ਜੋ ਬੁਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਨੌਂ ਲੋਕ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਕਿੰਨੇ ਦੁੱਖ ਦੀ ਗੱਲ ਹੈ!

ਪਾਲਸ ਜਹਾਜ਼ ਤਾਂ ਭੁਲੇਖਾ ਲੱਗਣ ਕਰਕੇ ਤਬਾਹ ਹੋ ਗਿਆ। ਪਰ ਕਈ ਵਾਰ ਜਹਾਜ਼ੀ ਇਸ ਤੋਂ ਵੀ ਵੱਡੇ ਖ਼ਤਰੇ ਦਾ ਸ਼ਿਕਾਰ ਹੋਏ ਹਨ ਜਿਵੇਂ ਕਿ ਨਕਲੀ ਚਾਨਣ-ਮੁਨਾਰੇ। ਇਕ ਕਿਤਾਬ ਦੱਸਦੀ ਹੈ ਕਿ ਅਜਿਹੇ ਚਾਨਣ-ਮੁਨਾਰੇ ਜਹਾਜ਼ਾਂ ਨੂੰ ਗ਼ਲਤ ਦਿਸ਼ਾ ਵੱਲ ਮੋੜਨ ਲਈ ਖੜ੍ਹੇ ਕੀਤੇ ਜਾਂਦੇ ਸਨ ਤਾਂਕਿ ਤਬਾਹ ਹੋਣ ਤੇ ਇਨ੍ਹਾਂ ਜਹਾਜ਼ਾਂ ਨੂੰ ਲੁੱਟਿਆ ਜਾ ਸਕੇ।

‘ਪਵਿੱਤਰ ਲਿਖਤਾਂ ਮੁਕਤੀ ਦਾ ਗਿਆਨ ਦੇ ਸਕਦੀਆਂ ਹਨ’

ਪਰਮ ਗਿਆਨ ਦੀ ਭਾਲ ਕਰਦਿਆਂ ਤੁਸੀਂ ਵੀ ਜਹਾਜ਼ੀਆਂ ਵਰਗੇ ਖ਼ਤਰਿਆਂ ਦਾ ਸਾਮ੍ਹਣਾ ਕਰਦੇ ਹੋ। ਹੋ ਸਕਦਾ ਤੁਸੀਂ ਵੀ ਗ਼ਲਤ ਜਾਣਕਾਰੀ ਤੇ ਚੱਲਦੇ ਹੋ ਜਾਂ ਤੁਹਾਨੂੰ ਕੋਈ ਜਾਣ-ਬੁੱਝ ਕੇ ਧੋਖਾ ਦੇਣ ਦੀ ਕੋਸ਼ਿਸ਼ ਕਰੇ। ਇਹ ਦੋਵੇਂ ਗੱਲਾਂ ਤੁਹਾਨੂੰ ਕੁਰਾਹੇ ਪਾ ਸਕਦੀਆਂ ਹਨ। ਤੁਸੀਂ ਆਪਣੇ ਬਚਾਅ ਲਈ ਕੀ ਕਰ ਸਕਦੇ ਹੋ? ਪੂਰੀ ਤਸੱਲੀ ਕਰੋ ਕਿ ਤੁਸੀਂ ਸੱਚੇ ਅਤੇ ਭਰੋਸੇਯੋਗ ਸੋਮੇ ਤੋਂ ਜਾਣਕਾਰੀ ਲੈ ਰਹੇ ਹੋ। ਇਹ ਰਸਾਲਾ 125 ਤੋਂ ਜ਼ਿਆਦਾ ਸਾਲਾਂ ਤੋਂ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਗਿਆਨ ਦਾ ਸਭ ਤੋਂ ਭਰੋਸੇਯੋਗ ਸੋਮਾ ਕਰਾਰ ਦਿੰਦਾ ਆਇਆ ਹੈ ਕਿਉਂਕਿ ਇਸ ਵਿਚ ਉਹ ‘ਪਵਿੱਤਰ ਲਿਖਤਾਂ ਹਨ ਜੋ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।’—2 ਤਿਮੋਥਿਉਸ 3:15-17.

ਇਹ ਸੱਚ ਹੈ ਕਿ ਬਾਈਬਲ ਨੂੰ ਭਰੋਸੇਯੋਗ ਮਾਰਗ-ਦਰਸ਼ਕ ਮੰਨਣ ਲਈ ਤੁਹਾਨੂੰ ਪਹਿਲਾਂ ਇਸ ਦੇ ਸੱਚ ਹੋਣ ਦਾ ਪ੍ਰਮਾਣ ਦੇਖਣਾ ਪਵੇਗਾ। (ਜ਼ਬੂਰਾਂ ਦੀ ਪੋਥੀ 119:105; ਕਹਾਉਤਾਂ 14:15) ਇਸ ਬਾਰੇ ਜਾਣਕਾਰੀ ਲੈਣ ਵਾਸਤੇ ਤੁਸੀਂ ਇਸ ਰਸਾਲੇ ਦੇ ਪ੍ਰਕਾਸ਼ਕਾਂ ਨੂੰ ਬਿਨਾਂ ਝਿਜਕ ਲਿਖ ਸਕਦੇ ਹੋ। ਇਸ ਜਾਣਕਾਰੀ ਨੇ ਲੱਖਾਂ ਲੋਕਾਂ ਨੂੰ ਯਕੀਨ ਦਿਵਾਇਆ ਹੈ ਕਿ ਬਾਈਬਲ ਵਾਕਈ ਪਰਮੇਸ਼ੁਰ ਦਾ ਬਚਨ ਹੈ। ਮਿਸਾਲ ਲਈ, ਬਰੋਸ਼ਰ ਤਮਾਮ ਲੋਕਾਂ ਲਈ ਇਕ ਕਿਤਾਬ * ਪੜ੍ਹੋ। ਇਸ ਵਿਚ ਬਹੁਤ ਸਾਰੀ ਜਾਣਕਾਰੀ ਦਿੱਤੀ ਗਈ ਹੈ ਜੋ ਦਿਖਾਉਂਦੀ ਹੈ ਕਿ ਬਾਈਬਲ ਸਹੀ ਤੇ ਭਰੋਸੇਯੋਗ ਹੈ ਅਤੇ ਪਰਮੇਸ਼ੁਰ ਵੱਲੋਂ ਲਿਖਵਾਈ ਗਈ ਹੈ।

ਬੁਨਿਆਦੀ ਸੱਚਾਈਆਂ

ਤਾਂ ਫਿਰ ਬਾਈਬਲ ਵਿਚ ਕਿਹੜੀਆਂ ਕੁਝ ਬੁਨਿਆਦੀ ਸੱਚਾਈਆਂ ਹਨ? ਥੱਲੇ ਦੱਸੀਆਂ ਮਿਸਾਲਾਂ ਤੇ ਗੌਰ ਕਰੋ।

ਇੱਕੋ ਸਰਬਸ਼ਕਤੀਮਾਨ ਪਰਮੇਸ਼ੁਰ ਅਤੇ ਸਿਰਜਣਹਾਰ ਹੈ। (ਉਤਪਤ 1:1) ਅਸੀਂ ਇਸੇ ਲਈ ਦੁਨੀਆਂ ਵਿਚ ਹਾਂ ਕਿਉਂਕਿ ਪਰਮੇਸ਼ੁਰ ਨੇ “ਸਾਰੀਆਂ ਵਸਤਾਂ ਰਚੀਆਂ” ਅਤੇ ਸਾਨੂੰ ਜ਼ਿੰਦਗੀ ਦਿੱਤੀ। (ਪਰਕਾਸ਼ ਦੀ ਪੋਥੀ 4:11) ਇਸ ਲਈ ਸਾਨੂੰ ਸਿਰਫ਼ ਉਸ ਦੀ ਹੀ ਭਗਤੀ ਕਰਨੀ ਚਾਹੀਦੀ ਹੈ। ਸਾਡਾ ਸਿਰਜਣਹਾਰ ਹਰ ਤਰ੍ਹਾਂ ਦੀ ਜਾਣਕਾਰੀ ਰੱਖਦਾ ਹੈ। (ਜ਼ਬੂਰਾਂ ਦੀ ਪੋਥੀ 36:9; ਯਸਾਯਾਹ 30:20, 21; 48:17, 18) ਉਸ ਦਾ ਨਾਂ “ਯਹੋਵਾਹ” ਹੈ ਤੇ ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਇਸਤੇਮਾਲ ਕਰੀਏ। (ਕੂਚ 3:15) ਇਹ ਨਾਂ ਬਾਈਬਲ ਵਿਚ 7,000 ਵਾਰ ਆਉਂਦਾ ਹੈ।—ਜ਼ਬੂਰਾਂ ਦੀ ਪੋਥੀ 83:18.

ਯਹੋਵਾਹ ਨੇ ਇਨਸਾਨਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਜੀਣ ਲਈ ਬਣਾਇਆ ਸੀ। ਉਸ ਨੇ ਇਨਸਾਨਾਂ ਵਿਚ ਆਪਣੇ ਵਰਗੇ ਗੁਣ ਪਾਏ। ਉਨ੍ਹਾਂ ਨੂੰ ਅਜਿਹੇ ਹੁਨਰ ਅਤੇ ਕਾਬਲੀਅਤਾਂ ਬਖ਼ਸ਼ੀਆਂ ਜਿਨ੍ਹਾਂ ਕਾਰਨ ਉਹ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਸਨ। (ਉਤਪਤ 1:26-28) ਉਸ ਨੇ ਕਦੇ ਨਹੀਂ ਚਾਹਿਆ ਸੀ ਕਿ ਲੋਕਾਂ ਨੂੰ ਸਵਰਗੀ ਜ਼ਿੰਦਗੀ ਵਾਸਤੇ ਤਿਆਰ ਕਰਨ ਲਈ ਧਰਤੀ ਉੱਤੇ ਉਨ੍ਹਾਂ ਦੀ ਪਰੀਖਿਆ ਲਈ ਜਾਵੇ, ਮਾਨੋ ਕਿ ਉਹ ਸਵਰਗ ਵਿਚ ਜਾ ਕੇ ਹੀ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰ ਸਕਦੇ ਹਨ।

ਪਰਮੇਸ਼ੁਰ ਨੇ ਜਦ ਇਨਸਾਨਾਂ ਦੀ ਸ੍ਰਿਸ਼ਟੀ ਕੀਤੀ ਸੀ, ਤਾਂ ਉਨ੍ਹਾਂ ਵਿਚ ਕੋਈ ਬੁਰਾਈ ਨਹੀਂ ਸੀ। ਬੁਰਾਈ ਉਦੋਂ ਹੀ ਪੈਦਾ ਹੋਈ ਜਦ ਆਦਮ ਅਤੇ ਹੱਵਾਹ ਨੇ ਇਕ ਸਵਰਗੀ ਫ਼ਰਿਸ਼ਤੇ ਦੀ ਚੁੱਕ ਵਿਚ ਆ ਕੇ ਪਰਮੇਸ਼ੁਰ ਖ਼ਿਲਾਫ਼ ਬਗਾਵਤ ਕੀਤੀ। (ਬਿਵਸਥਾ ਸਾਰ 32:5) ਉਨ੍ਹਾਂ ਨੇ ਚੰਗੇ-ਬੁਰੇ ਦਾ ਫ਼ੈਸਲਾ ਖ਼ੁਦ ਕਰਨਾ ਚਾਹਿਆ। (ਉਤਪਤ 2:17; 3:1-5) ਇਹ ਕਦਮ ਚੁੱਕ ਕੇ ਉਨ੍ਹਾਂ ਨੇ ਆਪਣੇ ਉੱਤੇ ਅਤੇ ਆਪਣੀ ਔਲਾਦ ਉੱਤੇ ਮੌਤ ਲਿਆਂਦੀ। (ਉਤਪਤ 3:19; ਰੋਮੀਆਂ 5:12) ਬਗਾਵਤ ਦੇ ਵੇਲੇ ਖੜ੍ਹੇ ਕੀਤੇ ਵਾਦ-ਵਿਸ਼ਿਆਂ ਨੂੰ ਨਿਪਟਾਉਣ ਲਈ ਯਹੋਵਾਹ ਨੇ ਥੋੜ੍ਹੇ ਚਿਰ ਲਈ ਬੁਰਾਈ ਨੂੰ ਰਹਿਣ ਦਿੱਤਾ। ਪਰ ਧਰਤੀ ਅਤੇ ਇਨਸਾਨਾਂ ਲਈ ਉਸ ਦਾ ਮਕਸਦ ਨਹੀਂ ਬਦਲਿਆ। (ਯਸਾਯਾਹ 45:18) ਉਹ ਹਾਲੇ ਵੀ ਇਹੀ ਚਾਹੁੰਦਾ ਹੈ ਕਿ ਇਨਸਾਨ ਸਾਫ਼-ਸੁਥਰੀ ਧਰਤੀ ਉੱਤੇ ਹਮੇਸ਼ਾ ਲਈ ਵਧੀਆ ਹਾਲਾਤਾਂ ਵਿਚ ਰਹਿਣ।—ਮੱਤੀ 6:10; ਪਰਕਾਸ਼ ਦੀ ਪੋਥੀ 21:1-5.

ਯਿਸੂ ਮਸੀਹ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ ਬਲਕਿ ਪਰਮੇਸ਼ੁਰ ਦਾ ਪੁੱਤਰ ਹੈ। ਯਿਸੂ ਮਸੀਹ ਨੇ ਖ਼ੁਦ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਉਸ ਨੇ ਕਦੀ ਵੀ ਨਹੀਂ ਕਿਹਾ ਕਿ ਉਹ ਪਰਮੇਸ਼ੁਰ ਦੇ ਬਰਾਬਰ ਹੈ। ਇਸ ਦੀ ਬਜਾਇ ਉਸ ਨੇ ਕਿਹਾ: “ਪਿਤਾ ਮੈਥੋਂ ਵੱਡਾ ਹੈ।”—ਯੂਹੰਨਾ 14:28.

ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਵਿਚ ਯਿਸੂ ਅਹਿਮ ਭੂਮਿਕਾ ਨਿਭਾਉਂਦਾ ਹੈ। ਪਰਮੇਸ਼ੁਰ ਨੇ ਉਸ ਨੂੰ “ਜਗਤ ਵਿੱਚ ਚਾਨਣ” ਦੇ ਰੂਪ ਵਿਚ ਭੇਜਿਆ ‘ਤਾਂ ਜੋ ਹਰ ਕੋਈ ਜੋ ਉਸ ਉੱਤੇ ਨਿਹਚਾ ਕਰਦਾ ਹੈ ਸੋ ਅਨ੍ਹੇਰੇ ਵਿੱਚ ਨਾ ਰਹੇ।’ (ਯੂਹੰਨਾ 12:46) ਯਿਸੂ ਦੇ ਚੇਲੇ ਪਤਰਸ ਨੇ ਕਿਹਾ ਸੀ ਕਿ “ਕਿਸੇ ਦੂਏ ਤੋਂ ਮੁਕਤੀ ਨਹੀਂ।” (ਰਸੂਲਾਂ ਦੇ ਕਰਤੱਬ 4:12) ਇਹ ਸੱਚ ਹੈ ਕਿਉਂਕਿ ਯਿਸੂ ਮਸੀਹ ਦੀ ਕੁਰਬਾਨੀ ਤੇ ਨਿਹਚਾ ਕਰ ਕੇ ਹੀ ਸਾਨੂੰ ਮੁਕਤੀ ਮਿਲ ਸਕਦੀ ਹੈ। (1 ਪਤਰਸ 1:18, 19) ਸਾਡੇ ਮੁਢਲੇ ਮਾਂ-ਬਾਪ ਆਦਮ ਅਤੇ ਹੱਵਾਹ ਕਾਰਨ ਸਾਰੀ ਮਨੁੱਖਜਾਤੀ ਪਾਪ ਦੀ ਗਰਿਫ਼ਤ ਵਿਚ ਆ ਗਈ। ਇਸ ਪਾਪ ਤੋਂ ਮਨੁੱਖਜਾਤੀ ਨੂੰ ਛੁਟਕਾਰਾ ਦਿਵਾਉਣ ਲਈ ਯਿਸੂ ਨੇ ਆਪਣੀ ਜਾਨ ਦਿੱਤੀ ਸੀ। (ਮੱਤੀ 20:28; 1 ਤਿਮੋਥਿਉਸ 2:6) ਪਰਮੇਸ਼ੁਰ ਨੇ ਆਪਣੀ ਮਰਜ਼ੀ ਅਤੇ ਮਕਸਦ ਪ੍ਰਗਟ ਕਰਨ ਲਈ ਵੀ ਯਿਸੂ ਨੂੰ ਇਸਤੇਮਾਲ ਕੀਤਾ।—ਯੂਹੰਨਾ 8:12, 32, 46, 47; 14:6; ਰਸੂਲਾਂ ਦੇ ਕਰਤੱਬ 26:23.

ਪਰਮੇਸ਼ੁਰ ਨੇ ਇਕ ਸਵਰਗੀ ਰਾਜ ਜਾਂ ਸਰਕਾਰ ਖੜ੍ਹੀ ਕੀਤੀ ਹੈ ਜਿਸ ਵਿਚ ਯਿਸੂ ਅਤੇ ਮਨੁੱਖਜਾਤੀ ਵਿੱਚੋਂ ਚੁਣੇ ਉਸ ਦੇ ਸਾਥੀ ਹਕੂਮਤ ਕਰਨਗੇ। ਪਰਮੇਸ਼ੁਰ ਦੇ ਇਸ ਰਾਜ ਦਾ ਜ਼ਿਕਰ ਪੂਰੀ ਬਾਈਬਲ ਵਿਚ ਵਾਰ-ਵਾਰ ਆਉਂਦਾ ਹੈ। ਇਸ ਰਾਜ ਯਾਨੀ ਸਰਕਾਰ ਰਾਹੀਂ ਪਰਮੇਸ਼ੁਰ ਪੱਕਾ ਕਰੇਗਾ ਕਿ ਉਸ ਦੀ ਮਰਜ਼ੀ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਸੇ ਤਰ੍ਹਾਂ ਧਰਤੀ ਉੱਤੇ ਵੀ ਪੂਰੀ ਹੋਵੇ। (ਮੱਤੀ 6:10) ਸ਼ੁਰੂ ਵਿਚ ਪਰਮੇਸ਼ੁਰ ਦਾ ਇਹ ਇਰਾਦਾ ਬਿਲਕੁਲ ਨਹੀਂ ਸੀ ਕਿ ਇਨਸਾਨ ਸਵਰਗ ਜਾਣ। ਉਨ੍ਹਾਂ ਨੇ ਧਰਤੀ ਉੱਤੇ ਹੀ ਰਹਿਣਾ ਸੀ। ਪਰ ਜਦ ਇਨਸਾਨ ਨੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕੀਤਾ, ਤਾਂ ਪਰਮੇਸ਼ੁਰ ਨੇ ਕੁਝ ਨਵਾਂ ਕਰਨ ਦੀ ਸੋਚੀ। ਉਸ ਨੇ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ” ਲੋਕਾਂ ਨੂੰ ਚੁਣਨ ਦਾ ਪ੍ਰਬੰਧ ਕੀਤਾ ਜੋ ਸਵਰਗੀ ਸਰਕਾਰ ਦੇ ਹਾਕਮ ਮਸੀਹ ਨਾਲ ਰਾਜਿਆਂ ਵਜੋਂ ਰਾਜ ਕਰਨਗੇ। (ਪਰਕਾਸ਼ ਦੀ ਪੋਥੀ 5:9, 10) ਇਹ ਸਰਕਾਰ ਜਲਦ ਹੀ ਸਾਰੀਆਂ ਮਨੁੱਖੀ ਹਕੂਮਤਾਂ ਨੂੰ ‘ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗੀ’ ਜਿਨ੍ਹਾਂ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਦੁੱਖ-ਤਕਲੀਫ਼ਾਂ ਝੱਲਣੀਆਂ ਪੈਂਦੀਆਂ ਹਨ।—ਦਾਨੀਏਲ 2:44.

ਇਨਸਾਨ ਦਾ ਕੋਈ ਵੀ ਹਿੱਸਾ ਅਮਰ ਨਹੀਂ ਰਹਿੰਦਾ। ਬਾਈਬਲ ਦੀ ਇਹ ਬੁਨਿਆਦੀ ਸਿੱਖਿਆ ਇਨਸਾਨ ਤੇ ਉਸ ਦੇ ਭਵਿੱਖ ਬਾਰੇ ਸਾਫ਼-ਸਾਫ਼ ਦੱਸਦੀ ਹੈ। ਇਹ ਮਰੇ ਹੋਏ ਲੋਕਾਂ ਬਾਰੇ ਹਰ ਗ਼ਲਤਫ਼ਹਿਮੀ ਨੂੰ ਦੂਰ ਕਰਦੀ ਹੈ ਅਤੇ ਝੂਠੀਆਂ ਗੱਲਾਂ ਨੂੰ ਨਕਾਰਦੀ ਹੈ ਜਿਨ੍ਹਾਂ ਕਾਰਨ ਲੋਕ ਉਲਝਣ ਵਿਚ ਪਏ ਹੋਏ ਹਨ।

ਬਾਈਬਲ ਦੀ ਕਿਤਾਬ ਉਪਦੇਸ਼ਕ ਦੀ ਪੋਥੀ 9:5, 10 ਸਾਨੂੰ ਦੱਸਦੀ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ। . . . ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” ਕੀ ਇਸ ਦਾ ਮਤਲਬ ਤੁਸੀਂ ਜਾਣਦੇ ਹੋ? ਮਰਨ ਤੋਂ ਬਾਅਦ ਇਨਸਾਨ ਦਾ ਕੋਈ ਵੀ ਹਿੱਸਾ ਜ਼ਿੰਦਾ ਨਹੀਂ ਰਹਿੰਦਾ। ਜਦ ਇਨਸਾਨ ਮਰਦਾ ਹੈ, ਤਾਂ ‘ਮਿੱਟੀ ਵਿੱਚ ਮੁੜ ਜਾਂਦਾ ਹੈ।’—ਉਤਪਤ 3:19.

ਮਰ ਚੁੱਕੇ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ। ਅਸੀਂ ਦੇਖਿਆ ਸੀ ਕਿ ਪਰਮੇਸ਼ੁਰ ਨੇ ਬੁਰਾਈ ਨੂੰ ਥੋੜ੍ਹੇ ਸਮੇਂ ਲਈ ਰਹਿਣ ਦਿੱਤਾ ਹੈ। ਜਦ ਇਹ ਸਮਾਂ ਖ਼ਤਮ ਹੋ ਜਾਵੇਗਾ, ਤਾਂ “ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।” (ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15) ਲੋਕਾਂ ਨੂੰ ਬਾਗ਼ ਵਰਗੀ ਸੁੰਦਰ ਧਰਤੀ ਉੱਤੇ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ। ਉਹ ਅਜਿਹੀ ਜ਼ਿੰਦਗੀ ਦਾ ਆਨੰਦ ਮਾਣਨਗੇ ਜੋ ਪਰਮੇਸ਼ੁਰ ਨੇ ਸ਼ੁਰੂ ਵਿਚ ਇਨਸਾਨਾਂ ਨੂੰ ਦਿੱਤੀ ਸੀ।

ਹਰ ਰੋਜ਼ ਬਾਈਬਲ ਦੀ ਜਾਂਚ ਕਰੋ

ਤਾਂ ਫਿਰ ਬਾਈਬਲ ਦੀਆਂ ਇਨ੍ਹਾਂ ਸੱਚਾਈਆਂ ਦਾ ਗਿਆਨ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ? ਇਹ ਗਿਆਨ ਇਨ੍ਹਾਂ ਭੈੜੇ ਤੇ ਮੁਸ਼ਕਲ ਸਮਿਆਂ ਵਿਚ ਸ਼ਤਾਨ ਦੇ ਫੈਲਾਏ ‘ਝੂਠੇ ਮੂਠੇ ਗਿਆਨ’ ਤੋਂ ਤੁਹਾਡੀ ਰੱਖਿਆ ਕਰ ਸਕਦਾ ਹੈ। ਸ਼ਤਾਨ ‘ਚਾਨਣ ਦਾ ਦੂਤ’ ਹੋਣ ਦਾ ਦਿਖਾਵਾ ਕਰਦਾ ਹੈ ਅਤੇ ਉਸ ਦੇ ਨਾਲ ਰਲੇ ਬਾਗ਼ੀ ਫ਼ਰਿਸ਼ਤੇ ‘ਧਰਮ ਦੇ ਸੇਵਕ’ ਹੋਣ ਦਾ ਢੌਂਗ ਕਰਦੇ ਹਨ। (1 ਤਿਮੋਥਿਉਸ 6:20; 2 ਕੁਰਿੰਥੀਆਂ 11:13-15) ਬਾਈਬਲ ਦਾ ਸਹੀ ਗਿਆਨ ਤੁਹਾਡੀ ਉਸ ਗਿਆਨ ਤੋਂ ਰਾਖੀ ਕਰ ਸਕਦਾ ਹੈ ਜੋ ਦੁਨਿਆਵੀ “ਗਿਆਨੀਆਂ ਅਤੇ ਬੁੱਧਵਾਨਾਂ” ਦੇ ਫ਼ਲਸਫ਼ਿਆਂ ਤੇ ਆਧਾਰਿਤ ਹੈ। ਇਨ੍ਹਾਂ ਗਿਆਨੀਆਂ ਨੇ “ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ” ਹੈ।—ਮੱਤੀ 11:25; ਯਿਰਮਿਯਾਹ 8:9.

ਪਹਿਲੀ ਸਦੀ ਵਿਚ ਭਰਮਾਉਣ ਵਾਲੀਆਂ ਸਿੱਖਿਆਵਾਂ ਅਤੇ ਫ਼ਲਸਫ਼ਿਆਂ ਦੀ ਭਰਮਾਰ ਸੀ, ਇਸ ਲਈ ਯੂਹੰਨਾ ਰਸੂਲ ਨੇ ਉਸ ਸਮੇਂ ਦੇ ਮਸੀਹੀਆਂ ਨੂੰ ਸਾਵਧਾਨ ਕੀਤਾ ਕਿ ਉਹ ਹਰ ਸੁਣੀ-ਸੁਣਾਈ ਗੱਲ ਤੇ ਵਿਸ਼ਵਾਸ ਨਾ ਕਰਨ, ਸਗੋਂ ਹਰ ਗੱਲ ਦੀ ਜਾਂਚ ਕਰਨ ਕਿ ਉਹ ਗੱਲਾਂ ਪਰਮੇਸ਼ੁਰ ਵੱਲੋਂ ਸਨ ਜਾਂ ਨਹੀਂ। (1 ਯੂਹੰਨਾ 4:1) ਜ਼ਰਾ ਇਸ ਮਿਸਾਲ ਤੇ ਗੌਰ ਕਰੋ। ਮੰਨ ਲਓ ਕਿ ਤੁਹਾਨੂੰ ਕਿਸੇ ਤੋਂ ਅਜਿਹਾ ਸੰਦੇਸ਼ ਆਉਂਦਾ ਹੈ ਜਿਸ ਦਾ ਤੁਹਾਡੀ ਜ਼ਿੰਦਗੀ ਤੇ ਗਹਿਰਾ ਅਸਰ ਪੈ ਸਕਦਾ ਹੈ। ਕੀ ਤੁਸੀਂ ਬਿਨਾਂ ਸੋਚੇ-ਸਮਝੇ ਇਸ ਸੰਦੇਸ਼ ਨੂੰ ਮੰਨ ਲਵੋਗੇ ਕਿਉਂਕਿ ਤੁਹਾਨੂੰ ਇਹ ਸੰਦੇਸ਼ ਕਿਸੇ ਭਰੋਸੇਯੋਗ ਸੋਮੇ ਤੋਂ ਆਇਆ ਲੱਗਦਾ ਹੈ? ਨਹੀਂ। ਤੁਸੀਂ ਇਸ ਸੰਦੇਸ਼ ਅਨੁਸਾਰ ਚੱਲਣ ਤੋਂ ਪਹਿਲਾਂ ਪਤਾ ਕਰੋਗੇ ਕਿ ਇਹ ਸੰਦੇਸ਼ ਕਿਸ ਤੋਂ ਆਇਆ ਹੈ ਤੇ ਇਹ ਕਿੰਨਾ ਕੁ ਸੱਚ ਹੈ।

ਪਰਮੇਸ਼ੁਰ ਨੇ ਸਾਨੂੰ ਆਪਣਾ ਲਿਖਤੀ ਬਚਨ ਬਾਈਬਲ ਦਿੱਤਾ ਹੈ ਜਿਸ ਵਿਚ ਬੁਨਿਆਦੀ ਸੱਚਾਈਆਂ ਦੱਸੀਆਂ ਗਈਆਂ ਹਨ। ਲਿਖਤੀ ਬਚਨ ਦੇ ਕੇ ਪਰਮੇਸ਼ੁਰ ਨੇ ਸਾਡੇ ਲਈ ਇਹ ਮੁਮਕਿਨ ਬਣਾਇਆ ਕਿ ਅਸੀਂ ਜਿਨ੍ਹਾਂ ਚਾਨਣ-ਮੁਨਾਰਿਆਂ ਦੀ ਸੇਧੇ ਚੱਲ ਰਹੇ ਹਾਂ, ਉਨ੍ਹਾਂ ਦੀ ‘ਪਰਖ’ ਕਰ ਸਕੀਏ ਕਿ ਉਹ ਸਹੀ ਸੇਧ ਦਿੰਦੇ ਹਨ ਕਿ ਨਹੀਂ। (1 ਥੱਸਲੁਨੀਕੀਆਂ 5:21) ਪਹਿਲੀ ਸਦੀ ਦੇ ਬੁੱਧੀਮਾਨ ਲੋਕ ਸੁਣੀਆਂ ਗੱਲਾਂ ਦੀ “ਰੋਜ ਲਿਖਤਾਂ ਵਿੱਚ ਭਾਲ ਕਰਦੇ” ਸਨ ਕਿ ਉਹ ਗੱਲਾਂ ਸੱਚ ਸਨ ਕਿ ਨਹੀਂ। ਉਨ੍ਹਾਂ ਦੀ ਇਸ ਗੱਲੋਂ ਤਾਰੀਫ਼ ਕੀਤੀ ਗਈ ਸੀ। (ਰਸੂਲਾਂ ਦੇ ਕਰਤੱਬ 17:11) ਤੁਸੀਂ ਵੀ ਇਸ ਤਰ੍ਹਾਂ ਕਰ ਸਕਦੇ ਹੋ। ਬਾਈਬਲ ਦੀ ਸੇਧ ਵਿਚ ਚੱਲੋ ਜੋ ‘ਅਨ੍ਹੇਰੇ ਥਾਂ ਵਿੱਚ ਚਮਕਦੇ ਦੀਵੇ’ ਦੀ ਤਰ੍ਹਾਂ ਹੈ। (2 ਪਤਰਸ 1:19-21) ਜੇ ਤੁਸੀਂ ਇੱਦਾਂ ਕਰੋਗੇ, ਤਾਂ ਤੁਸੀਂ ‘ਪਰਮੇਸ਼ੁਰ ਦੇ ਗਿਆਨ ਨੂੰ ਪ੍ਰਾਪਤ ਕਰੋਗੇ’ ਜੋ ਸਹੀ ਸੇਧ ਦਿੰਦਾ ਹੈ।—ਕਹਾਉਤਾਂ 2:5.

[ਫੁਟਨੋਟ]

^ ਪੈਰਾ 6 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

[ਸਫ਼ਾ 4 ਉੱਤੇ ਤਸਵੀਰ]

ਪਰਮੇਸ਼ੁਰ ਦਾ ਬਚਨ ਇਕ ਦੀਵੇ ਵਾਂਗ ਹੈ

[ਸਫ਼ਾ 5 ਉੱਤੇ ਤਸਵੀਰ]

ਪਰਮੇਸ਼ੁਰ ਦਾ ਕੀ ਨਾਂ ਹੈ?

[ਸਫ਼ਾ 5 ਉੱਤੇ ਤਸਵੀਰ]

ਮਨੁੱਖਜਾਤੀ ਦਾ ਭਵਿੱਖ ਕੀ ਹੋਵੇਗਾ?

[ਸਫ਼ਾ 6 ਉੱਤੇ ਤਸਵੀਰ]

ਕੀ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਹੈ?

[ਸਫ਼ਾ 6 ਉੱਤੇ ਤਸਵੀਰ]

ਮਰੇ ਹੋਏ ਲੋਕ ਕਿੱਥੇ ਹਨ?

[ਸਫ਼ਾ 7 ਉੱਤੇ ਤਸਵੀਰ]

ਬਾਈਬਲ ਇਹ ਬੁਨਿਆਦੀ ਸਿੱਖਿਆ ਦਿੰਦੀ ਹੈ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ