Skip to content

Skip to table of contents

ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਹੁੰਦੀ ਹੈ

ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਹੁੰਦੀ ਹੈ

ਉਨ੍ਹਾਂ ਨੂੰ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਹੁੰਦੀ ਹੈ

ਯਿਸੂ ਨੇ ਇਕ ਵਾਰ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ ਸੀ: “ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42) ਯਿਸੂ ਨੇ ਪਰਮੇਸ਼ੁਰ ਦੀ ਇੱਛਾ ਨੂੰ ਪਹਿਲ ਦੇ ਕੇ ਸਾਰੇ ਮਸੀਹੀਆਂ ਲਈ ਵਧੀਆ ਮਿਸਾਲ ਕਾਇਮ ਕੀਤੀ। ਅੱਜ ਵੀ ਪਰਮੇਸ਼ੁਰ ਦੇ ਲੱਖਾਂ ਸੇਵਕ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ। ਅਜਿਹੇ ਹੀ ਕੁਝ ਸੇਵਕ ਹਨ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 120ਵੀਂ ਕਲਾਸ ਦੇ 52 ਵਿਦਿਆਰਥੀ। ਮਾਰਚ 11, 2006 ਨੂੰ ਗ੍ਰੈਜੂਏਸ਼ਨ ਵਾਲੇ ਦਿਨ ਇਹ ਵਿਦਿਆਰਥੀ ਬਹੁਤ ਖ਼ੁਸ਼ ਸਨ ਕਿ ਉਨ੍ਹਾਂ ਨੂੰ ਦੂਸਰੇ ਦੇਸ਼ਾਂ ਵਿਚ ਜਾ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦਾ ਮੌਕਾ ਮਿਲੇਗਾ, ਹਾਲਾਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਵਿਚ ਜਾ ਕੇ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ।

ਕਿਹੜੀ ਗੱਲ ਨੇ ਇਨ੍ਹਾਂ ਨੂੰ ਪ੍ਰੇਰਿਆ ਕਿ ਉਹ ਯਹੋਵਾਹ ਦੀ ਇੱਛਾ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣ? ਇਸੇ ਕਲਾਸ ਦੇ ਵਿਦਿਆਰਥੀ ਕ੍ਰਿਸ ਤੇ ਲੈਸਲੀ, ਜਿਨ੍ਹਾਂ ਨੇ ਮਿਸ਼ਨਰੀਆਂ ਦੇ ਤੌਰ ਤੇ ਬੋਲੀਵੀਆ ਜਾਣਾ ਸੀ, ਨੇ ਇਸ ਬਾਰੇ ਕਿਹਾ: “ਕਿਉਂਕਿ ਅਸੀਂ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਹੈ, ਇਸ ਲਈ ਅਸੀਂ ਯਹੋਵਾਹ ਦੇ ਸੰਗਠਨ ਵੱਲੋਂ ਦਿੱਤੇ ਗਏ ਕਿਸੇ ਵੀ ਕੰਮ ਨੂੰ ਕਰਨ ਲਈ ਤਿਆਰ ਹਾਂ।” (ਮਰਕੁਸ 8:34) ਅਲਬਾਨੀਆ ਜਾਣ ਵਾਲੇ ਮਿਸ਼ਨਰੀ ਜੇਸਨ ਅਤੇ ਸ਼ਰੀ ਨੇ ਕਿਹਾ: “ਯਹੋਵਾਹ ਦੇ ਸੰਗਠਨ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਪੂਰਾ ਕਰਨ ਵਿਚ ਸਾਨੂੰ ਮੁਸ਼ਕਲਾਂ ਤਾਂ ਆਈਆਂ, ਪਰ ਯਹੋਵਾਹ ਨੇ ਹਮੇਸ਼ਾ ਸਾਡੀ ਮਦਦ ਕੀਤੀ। ਇਸ ਲਈ ਅਸੀਂ ਉਸ ਉੱਤੇ ਪੂਰਾ ਭਰੋਸਾ ਕਰ ਸਕਦੇ ਹਾਂ।”

ਯਹੋਵਾਹ ਦੀ ਇੱਛਾ ਨੂੰ ਪੂਰਾ ਕਰਨ ਦੀ ਪ੍ਰੇਰਣਾ

ਬੈਥਲ ਦੇ ਆਰਟ ਡਿਪਾਰਟਮੈਂਟ ਵਿਚ ਕੰਮ ਕਰਨ ਵਾਲੇ ਭਰਾ ਜੌਰਜ ਸਮਿਥ ਨੇ ਪ੍ਰੋਗ੍ਰਾਮ ਦੇ ਸ਼ੁਰੂ ਵਿਚ ਪ੍ਰਾਰਥਨਾ ਕੀਤੀ। ਫਿਰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਅਤੇ ਪ੍ਰੋਗ੍ਰਾਮ ਦੇ ਚੇਅਰਮੈਨ ਭਰਾ ਸਟੀਵਨ ਲੈੱਟ ਨੇ ਹਾਜ਼ਰੀਨ ਦਾ ਸੁਆਗਤ ਕੀਤਾ। ਨਿਊਯਾਰਕ ਦੇ ਸ਼ਹਿਰ ਪੈਟਰਸਨ ਵਿਚ ਵਾਚਟਾਵਰ ਐਜੂਕੇਸ਼ਨਲ ਸੈਂਟਰ ਵਿਚ ਹੋਏ ਇਸ ਗ੍ਰੈਜੂਏਸ਼ਨ ਪ੍ਰੋਗ੍ਰਾਮ ਵਿਚ 23 ਦੇਸ਼ਾਂ ਤੋਂ ਮਹਿਮਾਨ ਆਏ ਹੋਏ ਸਨ। ਭਰਾ ਲੈੱਟ ਨੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਕ “ਅਜਬ ਦਾ ਕੰਮ” ਕਰਨ ਜਾ ਰਹੇ ਹਨ। ਉਸ ਨੇ ਦੱਸਿਆ ਕਿ “ਕਿਲ੍ਹਿਆਂ” ਵਰਗੀਆਂ ਮਜ਼ਬੂਤ ਗ਼ਲਤ ਸਿੱਖਿਆਵਾਂ ਨੇ ਲੋਕਾਂ ਦੇ ਦਿਲਾਂ-ਦਿਮਾਗ਼ਾਂ ਵਿਚ ਘਰ ਕੀਤਾ ਹੋਇਆ ਹੈ। ਇਹ ਨਵੇਂ ਮਿਸ਼ਨਰੀ ਪਰਮੇਸ਼ੁਰ ਦੇ ਬਚਨ ਦੀ ਤਾਕਤ ਨਾਲ ਇਨ੍ਹਾਂ “ਕਿਲ੍ਹਿਆਂ” ਨੂੰ ਢਾਹੁਣਗੇ। (2 ਕੁਰਿੰਥੀਆਂ 10:4, 5) ਭਾਸ਼ਣ ਦੇ ਅਖ਼ੀਰ ਵਿਚ ਉਸ ਨੇ ਮਿਸ਼ਨਰੀਆਂ ਨੂੰ ਹੌਸਲਾ ਦਿੰਦੇ ਹੋਏ ਕਿਹਾ: “ਯਹੋਵਾਹ ਲੋਕਾਂ ਦੇ ਮਨਾਂ ਵਿਚ ਜੜ੍ਹ ਫੜ ਚੁੱਕੀਆਂ ਗ਼ਲਤ ਸਿੱਖਿਆਵਾਂ ਨੂੰ ਉਖਾੜਨ ਵਿਚ ਤੁਹਾਨੂੰ ਇਸਤੇਮਾਲ ਕਰੇਗਾ। ਜ਼ਰਾ ਸੋਚੋ ਇਹ ਕੰਮ ਕਰ ਕੇ ਤੁਹਾਨੂੰ ਕਿੰਨੀ ਖ਼ੁਸ਼ੀ ਮਿਲੇਗੀ!”

ਹੈੱਡ ਕੁਆਰਟਰ ਵਿਚ ਕੰਮ ਕਰਨ ਵਾਲੇ ਭਰਾ ਹੈਰਲਡ ਜੈਕਸਨ ਦੇ ਭਾਸ਼ਣ ਦਾ ਵਿਸ਼ਾ ਸੀ: “ਕੁਝ ਯਾਦ ਰੱਖਣ ਵਾਲੀਆਂ ਗੱਲਾਂ।” ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਵੇਂ ਮਿਸ਼ਨਰੀ ਨੇ ਹਮੇਸ਼ਾ ਪਹਿਲਾਂ ‘ਪਰਮੇਸ਼ੁਰ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਣਾ’ ਹੈ। (ਮੱਤੀ 6:33) ਉਨ੍ਹਾਂ ਨੇ ਇਹ ਗੱਲ ਯਾਦ ਰੱਖਣੀ ਹੈ ਕਿ “ਪ੍ਰੇਮ ਬਣਾਉਂਦਾ ਹੈ” ਤੇ ਪ੍ਰੇਮ ਹੀ ਸੇਵਕਾਈ ਵਿਚ ਕਾਮਯਾਬ ਹੋਣ ਵਿਚ ਉਨ੍ਹਾਂ ਦੀ ਮਦਦ ਕਰੇਗਾ। (1 ਕੁਰਿੰਥੀਆਂ 8:1) ਉਸ ਨੇ ਕਿਹਾ: “ਸਾਰਿਆਂ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਓ।”

ਭਰਾ ਜੈਫਰੀ ਜੈਕਸਨ ਸੰਨ 1979 ਤੋਂ 2003 ਤਕ ਮਿਸ਼ਨਰੀ ਰਹੇ ਤੇ ਹੁਣ ਪ੍ਰਬੰਧਕ ਸਭਾ ਦੇ ਮੈਂਬਰ ਹਨ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਪੁੱਛਿਆ: “ਕੀ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓਗੇ?” ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਆਪਣੇ ਬਾਰੇ ਤੇ ਸੇਵਕਾਈ ਬਾਰੇ ਸੰਤੁਲਿਤ ਨਜ਼ਰੀਆ ਰੱਖਣਾ ਬਹੁਤ ਜ਼ਰੂਰੀ ਹੈ। ਮਸੀਹੀਆਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਤਨਦੇਹੀ ਨਾਲ ਸੱਚਾਈ ਦੇ ਬੀ ਬੀਜਣ ਤੇ ਇਨ੍ਹਾਂ ਨੂੰ ਸਿੰਜਣ। ਪਰ ਕਿਸੇ ਨੂੰ ਸੱਚਾਈ ਸਵੀਕਾਰ ਕਰਨ ਲਈ ਟੁੰਬਣਾ, ਇਹ ਯਹੋਵਾਹ ਦੀ ਜ਼ਿੰਮੇਵਾਰੀ ਹੈ ਕਿਉਂਕਿ ‘ਪਰਮੇਸ਼ੁਰ ਵਧਾਉਣ ਵਾਲਾ ਹੈ।’ (1 ਕੁਰਿੰਥੀਆਂ 3:6-9) ਭਰਾ ਜੈਕਸਨ ਨੇ ਅੱਗੇ ਕਿਹਾ: “ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ। ਪਰ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਕੀ ਹੈ? ਯਹੋਵਾਹ ਨੂੰ ਤੇ ਉਨ੍ਹਾਂ ਲੋਕਾਂ ਨੂੰ ਪਿਆਰ ਕਰਨਾ ਜਿਨ੍ਹਾਂ ਦੀ ਤੁਸੀਂ ਸੱਚਾਈ ਜਾਣਨ ਵਿਚ ਮਦਦ ਕਰੋਗੇ।”

ਗਿਲਿਅਡ ਦੇ ਇੰਸਟ੍ਰਕਟਰ ਭਰਾ ਲਾਰੈਂਸ ਬੋਵਨ ਦੇ ਭਾਸ਼ਣ ਦਾ ਵਿਸ਼ਾ ਸੀ ‘ਤੁਹਾਨੂੰ ਪਰਮੇਸ਼ੁਰ ਦੇ ਘਰ ਵਿਚ ਕਿਸ ਪਰਕਾਰ ਵਰਤਣਾ ਚਾਹੀਦਾ ਹੈ।’ ਉਸ ਨੇ ਵਿਦਿਆਰਥੀਆਂ ਨੂੰ ਯਾਦ ਕਰਾਇਆ ਕਿ ਜਦੋਂ ਇਸਰਾਏਲੀ ਉਜਾੜ ਵਿਚ ਸਨ, ਉਦੋਂ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਤੇ ਰੱਖਿਆ ਕੀਤੀ ਸੀ। (ਕੂਚ 13:21, 22) ਉਹ ਅੱਜ ‘ਸਚਿਆਈ ਦੇ ਥੰਮ੍ਹ ਅਤੇ ਨੀਂਹ’ ਯਾਨੀ ਮਸਹ ਕੀਤੇ ਹੋਏ ਮਸੀਹੀਆਂ ਦੇ ਸਮੂਹ ਦੁਆਰਾ ਸਾਡੀ ਵੀ ਅਗਵਾਈ ਤੇ ਰੱਖਿਆ ਕਰਦਾ ਹੈ। (1 ਤਿਮੋਥਿਉਸ 3:14, 15) ਨਵੇਂ ਮਿਸ਼ਨਰੀਆਂ ਨੇ ਲੋਕਾਂ ਨੂੰ ਬਾਈਬਲ ਵਿੱਚੋਂ ਸੱਚਾਈ ਸਿਖਾਉਣੀ ਹੈ ਕਿਉਂਕਿ ਇਸੇ ਸੱਚਾਈ ਰਾਹੀਂ ਨਿਮਰ ਲੋਕਾਂ ਦੀ ਅਗਵਾਈ ਤੇ ਰੱਖਿਆ ਹੋਵੇਗੀ।

ਗਿਲਿਅਡ ਸਕੂਲ ਦੇ ਇਕ ਹੋਰ ਇੰਸਟ੍ਰਕਟਰ ਭਰਾ ਵੌਲਸ ਲਿਵਰੈਂਸ ਨੇ ਗ੍ਰੈਜੂਏਟਾਂ ਨੂੰ ਤਾਕੀਦ ਕੀਤੀ ਕਿ ਉਹ ਪਰਮੇਸ਼ੁਰ ਦੇ ਬਚਨ ਨੂੰ ਨਾ ਭੁੱਲਣ ਜਿਸ ਨੂੰ ਉਹ ਆਪਣੇ ‘ਪਿੱਛਿਓਂ’ ਸੁਣਦੇ ਹਨ। ਪਰਮੇਸ਼ੁਰ ਦਾ ਬਚਨ ਇਸ ਅਰਥ ਵਿਚ ਉਨ੍ਹਾਂ ਦੇ ਪਿੱਛੇ ਹੈ ਕਿ ਬਾਈਬਲ ਕਈ ਸਦੀਆਂ ਪਹਿਲਾਂ ਲਿਖੀ ਗਈ ਸੀ। ਜਿਵੇਂ ਅਯਾਲੀ ਭੇਡਾਂ ਦੇ ਪਿੱਛੇ-ਪਿੱਛੇ ਤੁਰਦਾ ਹੈ ਤੇ ਆਵਾਜ਼ ਮਾਰ ਕੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਂਦਾ ਹੈ, ਇਸੇ ਤਰ੍ਹਾਂ ਯਹੋਵਾਹ ਵੀ ਆਪਣੇ ਲੋਕਾਂ ਦੇ ਪਿੱਛੇ ਹੈ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਉਨ੍ਹਾਂ ਦੀ ਅਗਵਾਈ ਕਰਦਾ ਹੈ। (ਯਸਾਯਾਹ 30:21; ਮੱਤੀ 24:45-47) ਗਿਲਿਅਡ ਸਕੂਲ ਨੇ ਗ੍ਰੈਜੂਏਟਾਂ ਦੇ ਦਿਲਾਂ ਵਿਚ ਮਾਤਬਰ ਤੇ ਬੁੱਧਵਾਨ ਨੌਕਰ ਲਈ ਕਦਰ ਹੋਰ ਵਧਾ ਦਿੱਤੀ। ਇਸ “ਨੌਕਰ” ਨੇ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਨਾਂ ਦੀ ਬਾਈਬਲ ਦਿੱਤੀ ਹੈ। ਭਰਾ ਲਿਵਰੈਂਸ ਨੇ ਗ੍ਰੈਜੂਏਟਾਂ ਨੂੰ ਤਾਕੀਦ ਕੀਤੀ: “ਇਸ ਗਿਆਨ ਦੇ ਖ਼ਜ਼ਾਨੇ ਨੂੰ ਆਪਣੇ ਨਾਲ ਲੈ ਜਾਓ ਤੇ ਦੂਸਰਿਆਂ ਨੂੰ ਸਿਖਾਉਣ ਲਈ ਇਸ ਨੂੰ ਇਸਤੇਮਾਲ ਕਰੋ।”—ਮੱਤੀ 13:52.

ਪ੍ਰਚਾਰ ਕਰ ਕੇ ਯਹੋਵਾਹ ਦੀ ਇੱਛਾ ਪੂਰੀ ਕਰੋ

ਗਿਲਿਅਡ ਸਕੂਲ ਵਿਚ ਸਿਖਲਾਈ ਲੈਂਦਿਆਂ ਵਿਦਿਆਰਥੀਆਂ ਨੇ ਪ੍ਰਚਾਰ ਕਰਨ ਦਾ ਵੀ ਆਨੰਦ ਮਾਣਿਆ ਸੀ। ਗਿਲਿਅਡ ਸਕੂਲ ਦੇ ਇਕ ਹੋਰ ਇੰਸਟ੍ਰਕਟਰ ਭਰਾ ਮਾਰਕ ਨੂਮੇਰ ਨੇ “ਖ਼ੁਸ਼ ਖ਼ਬਰੀ ਸੁਣਾਉਣ ਲਈ ਬੇਤਾਬ” ਨਾਮਕ ਆਪਣੇ ਭਾਸ਼ਣ ਵਿਚ ਗ੍ਰੈਜੂਏਟਾਂ ਦੇ ਕੁਝ ਚੰਗੇ ਤਜਰਬੇ ਦੱਸੇ। (ਰੋਮੀਆਂ 1:15) ਕੁਝ ਗ੍ਰੈਜੂਏਟਾਂ ਦੀਆਂ ਇੰਟਰਵਿਊਆਂ ਲਈਆਂ ਗਈਆਂ ਜਿਨ੍ਹਾਂ ਤੋਂ ਪਤਾ ਲੱਗਿਆ ਕਿ ਉਨ੍ਹਾਂ ਨੇ ਵਾਕਈ ਪ੍ਰਚਾਰ ਕਰਨ ਦੇ ਹਰ ਮੌਕੇ ਦਾ ਫ਼ਾਇਦਾ ਲਿਆ।

ਭਰਾ ਕੈਨਥ ਫਲੋਡੀਨ ਨੇ ਅਮਰੀਕਾ ਵਿਚ ਸੇਵਾ ਕਰ ਰਹੇ ਤਿੰਨ ਸਫ਼ਰੀ ਨਿਗਾਹਬਾਨਾਂ ਦੀ ਇੰਟਰਵਿਊ ਲਈ ਜਿਸ ਤੋਂ ਗ੍ਰੈਜੂਏਟਾਂ ਨੂੰ ਹੋਰ ਹੌਸਲਾ ਮਿਲਿਆ। ਰਿਚਰਡ ਕੈੱਲਰ ਤੇ ਆਲੇਹਾਂਦਰੋ ਲਾਕਾਇਓ ਦੱਖਣੀ ਤੇ ਕੇਂਦਰੀ ਅਮਰੀਕਾ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਮਿਸ਼ਨਰੀ ਸੇਵਾ ਕਰਦੇ ਹੋਏ ਕਈ ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕੀਤਾ ਤੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ। ਮੋਆਸੀਰ ਫੈਲੀਸਬੀਨੂ ਨੇ ਦੱਸਿਆ ਕਿ ਆਪਣੇ ਦੇਸ਼ ਬ੍ਰਾਜ਼ੀਲ ਵਿਚ ਉਸ ਨੂੰ ਮਿਸ਼ਨਰੀਆਂ ਨਾਲ ਕੰਮ ਕਰ ਕੇ ਬਹੁਤ ਵਧੀਆ ਸਿਖਲਾਈ ਮਿਲੀ।

ਡੇਵਿਡ ਸ਼ੇਫਰ ਨੇ ਤਿੰਨ ਤਜਰਬੇਕਾਰ ਮਿਸ਼ਨਰੀਆਂ ਰਾਬਰਟ ਜੋਨਸ, ਵੁਡਵਰਥ ਮਿਲਜ਼ ਅਤੇ ਕ੍ਰਿਸਟੋਫਰ ਸਲੇ ਦੀਆਂ ਇੰਟਰਵਿਊਆਂ ਲਈਆਂ। ਇਨ੍ਹਾਂ ਤਿੰਨਾਂ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਮੱਸਿਆਵਾਂ ਦੌਰਾਨ ਕਿਵੇਂ ਯਹੋਵਾਹ ਉੱਤੇ ਭਰੋਸਾ ਰੱਖਣਾ ਸਿੱਖਿਆ। ਉਨ੍ਹਾਂ ਨੇ ਗ੍ਰੈਜੂਏਟਾਂ ਨੂੰ ਯਕੀਨ ਦਿਵਾਇਆ ਕਿ ਯਹੋਵਾਹ ਦੇ ਸੰਗਠਨ ਵੱਲੋਂ ਮਿਲੀ ਸਿਖਲਾਈ ਕਰਕੇ ਉਹ ਆਪਣੀ ਮਿਸ਼ਨਰੀ ਸੇਵਾ ਚੰਗੀ ਤਰ੍ਹਾਂ ਕਰ ਪਾਏ। ਭਰਾ ਮਿਲਜ਼ ਨੇ ਅਖ਼ੀਰ ਵਿਚ ਕਿਹਾ: “ਤੁਹਾਨੂੰ ਪਤਾ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਿਸ ਚੀਜ਼ ਨੇ ਮੇਰੀ ਜ਼ਿਆਦਾ ਮਦਦ ਕੀਤੀ? ਕਲਾਸ ਵਿਚ ਮਿਲੀ ਜਾਣਕਾਰੀ ਨੇ ਨਹੀਂ, ਸਗੋਂ ਕਲਾਸ ਵਿਚ ਸਿੱਖੀ ਨਿਮਰਤਾ ਤੇ ਪਿਆਰ ਨੇ।”

ਪ੍ਰਬੰਧਕ ਸਭਾ ਦੇ ਮੈਂਬਰ ਗਾਈ ਪੀਅਰਸ ਨੇ ਮੁੱਖ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ “ਯਹੋਵਾਹ ਕਦੀ ਨਾਕਾਮਯਾਬ ਨਹੀਂ ਹੁੰਦਾ।” ਆਦਮ ਨਾਕਾਮਯਾਬ ਹੋਇਆ, ਪਰ ਕੀ ਉਸ ਦੀ ਨਾਕਾਮਯਾਬੀ ਦੀ ਵਜ੍ਹਾ ਪਰਮੇਸ਼ੁਰ ਸੀ? ਕੀ ਪਰਮੇਸ਼ੁਰ ਵੱਲੋਂ ਆਦਮ ਨੂੰ ਪੂਰੀ ਤਰ੍ਹਾਂ ਮੁਕੰਮਲ ਬਣਾਉਣ ਵਿਚ ਕੋਈ ਕਮੀ ਰਹਿ ਗਈ ਸੀ? ਬਿਲਕੁਲ ਨਹੀਂ, ਕਿਉਂਕਿ “ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ।” (ਉਪਦੇਸ਼ਕ ਦੀ ਪੋਥੀ 7:29) ਯਿਸੂ ਨੇ ਧਰਤੀ ਤੇ ਰਹਿੰਦਿਆਂ ਮੁਸ਼ਕਲ ਤੋਂ ਮੁਸ਼ਕਲ ਪਰੀਖਿਆਵਾਂ ਵਿਚ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਰੱਖੀ। ਇਸ ਤੋਂ ਸਾਬਤ ਹੁੰਦਾ ਹੈ ਕਿ “ਆਦਮ ਕੋਲ ਨਾਕਾਮਯਾਬ ਹੋਣ ਦਾ ਕੋਈ ਕਾਰਨ ਜਾਂ ਬਹਾਨਾ ਨਹੀਂ ਸੀ।” ਯਿਸੂ ਦੀਆਂ ਪਰੀਖਿਆਵਾਂ ਦੇ ਮੁਕਾਬਲੇ ਆਦਮ ਦੀ ਪਰੀਖਿਆ ਬਹੁਤ ਆਸਾਨ ਸੀ। ਫਿਰ ਵੀ ਆਦਮ ਨਾਕਾਮਯਾਬ ਹੋ ਗਿਆ। ਪਰ ਯਹੋਵਾਹ ਕਦੀ ਨਾਕਾਮਯਾਬ ਨਹੀਂ ਹੋਵੇਗਾ। ਉਹ ਆਪਣਾ ਮਕਸਦ ਜ਼ਰੂਰ ਪੂਰਾ ਕਰੇਗਾ। (ਯਸਾਯਾਹ 55:11) ਭਰਾ ਪੀਅਰਸ ਨੇ ਨਵੇਂ ਮਿਸ਼ਨਰੀਆਂ ਨੂੰ ਕਿਹਾ: “ਜ਼ਿੰਦਗੀ ਵਿਚ ਯਹੋਵਾਹ ਦੀ ਇੱਛਾ ਨੂੰ ਪਹਿਲ ਦੇ ਕੇ ਤੁਹਾਡੇ ਕੋਲ ਉਸ ਦਾ ਮਾਣ ਰੱਖਣ ਦਾ ਮੌਕਾ ਹੈ। ਸਾਡੀ ਦੁਆ ਹੈ ਕਿ ਤੁਸੀਂ ਜਿੱਥੇ ਵੀ ਮਿਸ਼ਨਰੀਆਂ ਵਜੋਂ ਸੇਵਾ ਕਰੋ, ਯਹੋਵਾਹ ਤੁਹਾਡੇ ਨਾਲ ਰਹੇ।”

ਇਸ ਤੋਂ ਬਾਅਦ ਚੇਅਰਮੈਨ ਭਰਾ ਲੈੱਟ ਨੇ ਯਹੋਵਾਹ ਦੇ ਗਵਾਹਾਂ ਦੇ ਕਈ ਬ੍ਰਾਂਚ ਆਫਿਸਾਂ ਤੋਂ ਆਈਆਂ ਸ਼ੁਭ ਕਾਮਨਾਵਾਂ ਪੜ੍ਹੀਆਂ। ਫਿਰ ਉਸ ਨੇ ਗ੍ਰੈਜੂਏਟਾਂ ਨੂੰ ਉਨ੍ਹਾਂ ਦੇ ਡਿਪਲੋਮੇ ਤੇ ਨਿਯੁਕਤੀ-ਪੱਤਰ ਦਿੱਤੇ। ਲੰਬੇ ਸਮੇਂ ਤੋਂ ਬੈਥਲ ਵਿਚ ਕੰਮ ਕਰ ਰਹੇ ਭਰਾ ਵਰਨਨ ਵਾਈਜ਼ਗਾਰਵਰ ਨੇ ਪ੍ਰੋਗ੍ਰਾਮ ਦੇ ਅਖ਼ੀਰ ਵਿਚ ਪ੍ਰਾਰਥਨਾ ਕੀਤੀ।

ਗ੍ਰੈਜੂਏਸ਼ਨ ਪ੍ਰੋਗ੍ਰਾਮ ਵਿਚ ਆਏ 6,872 ਭੈਣਾਂ-ਭਰਾਵਾਂ ਨੇ ਮਹਿਸੂਸ ਕੀਤਾ ਕਿ ਪ੍ਰੋਗ੍ਰਾਮ ਨੇ ਉਨ੍ਹਾਂ ਅੰਦਰ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦਾ ਮੁੜ ਜੋਸ਼ ਭਰਿਆ। (ਜ਼ਬੂਰਾਂ ਦੀ ਪੋਥੀ 40:8) ਗ੍ਰੈਜੂਏਟ ਹੋਏ ਐਂਡਰੂ ਅਤੇ ਐਨਾ ਨੇ ਕਿਹਾ: “ਅਸੀਂ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕੀਤੀਆਂ ਹਨ। ਅਸੀਂ ਯਹੋਵਾਹ ਨਾਲ ਵਾਅਦਾ ਕੀਤਾ ਹੈ ਕਿ ਉਹ ਸਾਨੂੰ ਜੋ ਵੀ ਕਰਨ ਨੂੰ ਕਹੇਗਾ ਅਸੀਂ ਕਰਾਂਗੇ। ਯਹੋਵਾਹ ਨੇ ਹੁਣ ਸਾਨੂੰ ਕੈਮਰੂਨ ਵਿਚ ਸੇਵਾ ਕਰਨ ਲਈ ਕਿਹਾ ਹੈ ਤੇ ਅਸੀਂ ਉਸ ਦੀ ਇਹ ਇੱਛਾ ਜ਼ਰੂਰ ਪੂਰੀ ਕਰਾਂਗੇ।” ਸਾਰੇ ਵਿਦਿਆਰਥੀ ਆਪਣੀ ਮਿਸ਼ਨਰੀ ਸੇਵਾ ਸ਼ੁਰੂ ਕਰਨ ਲਈ ਬੇਤਾਬ ਹਨ ਜਿਸ ਤੋਂ ਉਨ੍ਹਾਂ ਨੂੰ ਖ਼ੁਸ਼ੀ ਤੇ ਸੰਤੁਸ਼ਟੀ ਮਿਲੇਗੀ। ਜੀ ਹਾਂ, ਉਨ੍ਹਾਂ ਨੂੰ ਯਹੋਵਾਹ ਦੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਹੁੰਦੀ ਹੈ।

[ਸਫ਼ਾ 17 ਉੱਤੇ ਡੱਬੀ]

ਕਲਾਸ ਦੇ ਅੰਕੜੇ

ਜਿੰਨੇ ਦੇਸ਼ਾਂ ਤੋਂ ਆਏ: 6

ਜਿੰਨੇ ਦੇਸ਼ਾਂ ਵਿਚ ਭੇਜੇ ਗਏ: 20

ਵਿਦਿਆਰਥੀਆਂ ਦੀ ਗਿਣਤੀ: 52

ਔਸਤਨ ਉਮਰ: 35.7

ਸੱਚਾਈ ਵਿਚ ਔਸਤਨ ਸਾਲ: 18.3

ਪੂਰਣ-ਕਾਲੀ ਸੇਵਾ ਵਿਚ ਔਸਤਨ ਸਾਲ: 14.5

[ਸਫ਼ਾ 18 ਉੱਤੇ ਤਸਵੀਰ]

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ ਗ੍ਰੈਜੂਏਟ ਹੋਈ 120ਵੀਂ ਕਲਾਸ

ਥੱਲੇ ਦਿੱਤੀ ਗਈ ਸੂਚੀ ਵਿਚ ਭੈਣਾਂ-ਭਰਾਵਾਂ ਦੇ ਨਾਂ ਅਗਲੀ ਲਾਈਨ ਤੋਂ ਪਿੱਛੇ ਵੱਲ ਅਤੇ ਹਰ ਲਾਈਨ ਵਿਚ ਖੱਬਿਓਂ ਸੱਜੇ ਦਿੱਤੇ ਗਏ ਹਨ।

(1) ਰਾਈਟ, ਐੱਸ.; ਸਵਾਰੇਸ, ਬੀ.; ਕਰਾਈਸੰਟ, ਬੀ.; ਡੈਵਨਪੋਰਟ, ਐੱਲ. (2) ਜਾਨਸਨ, ਏ.; ਅਲਾਈ, ਸੀ.; ਕੇਡੀ, ਕੇ.; ਗੇਰੇਰੋ, ਪੀ.; ਏਸਸ, ਏ. (3) ਔਰਟੀਸ, ਐੱਲ.; ਲਾਈਲ, ਕੇ.; ਊਜ਼ੇਟਾ, ਐੱਮ.; ਪੇਰੇਥ, ਆਰ.; ਬੈਕਸ, ਕੇ.; ਕਾਟੇਰੀਨਾ, ਸੀ. (4) ਪਾਮਰ, ਬੀ.; ਲਵਿੰਗ, ਡੀ.; ਮਕਡੌਨਾ, ਜੇ.; ਬੌਸਟੌਕ, ਡੀ.; ਬਨੇਟਾਟੋਸ, ਐੱਲ. (5) ਜੈਸੀਕੀ, ਐੱਮ.; ਸਾਰਾਫੀਆਨੋਸ, ਈ.; ਸਟੈਲਟਰ, ਸੀ.; ਵਾਈਰਾ, ਆਰ.; ਵੂਨ, ਜੇ.; ਪ੍ਰੈਨਟਸ, ਕੇ. (6) ਡੈਵਨਪੋਰਟ, ਐੱਚ.; ਕਰਾਈਸੰਟ, ਐੱਚ.; ਪੇਰੇਥ, ਐੱਮ.; ਵਾਈਰਾ, ਈ.; ਸਵਾਰੇਸ, ਏ.; ਕਾਟੇਰੀਨਾ, ਆਈ.; ਰਾਈਟ, ਸੀ. (7) ਕੇਡੀ, ਕੇ.; ਮਕਡੌਨਾ, ਜੇ.; ਔਰਟੀਸ, ਐੱਮ.; ਵੂਨ, ਜੇ.; ਅਲਾਈ, ਜੇ.; ਏਸਸ, ਐੱਮ. (8) ਸਾਰਾਫੀਆਨੋਸ, ਜੀ.; ਲਾਈਲ, ਡੀ.; ਊਜ਼ੇਟਾ, ਸੀ.; ਸਟੈਲਟਰ, ਪੀ.; ਪ੍ਰੈਨਟਸ, ਜੀ.; ਜਾਨਸਨ, ਏ.; ਬਨੇਟਾਟੋਸ, ਸੀ. (9) ਪਾਮਰ, ਜੇ.; ਜੈਸੀਕੀ, ਡਬਲਯੂ.; ਬੈਕਸ, ਜੇ.; ਬੌਸਟੌਕ, ਐੱਸ.; ਗੇਰੇਰੋ, ਜੇ. ਐੱਮ.; ਲਵਿੰਗ, ਐੱਸ.