ਮੱਤੀ ਮੁਤਾਬਕ ਖ਼ੁਸ਼ ਖ਼ਬਰੀ 13:1-58

 • ਰਾਜ ਬਾਰੇ ਮਿਸਾਲਾਂ (1-52)

  • ਬੀ ਬੀਜਣ ਵਾਲਾ (1-9)

  • ਯਿਸੂ ਨੇ ਮਿਸਾਲਾਂ ਕਿਉਂ ਵਰਤੀਆਂ (10-17)

  • ਬੀ ਬੀਜਣ ਵਾਲੇ ਦੀ ਮਿਸਾਲ ਦਾ ਮਤਲਬ ਸਮਝਾਇਆ (18-23)

  • ਕਣਕ ਤੇ ਜੰਗਲੀ ਬੂਟੀ (24-30)

  • ਰਾਈ ਦਾ ਦਾਣਾ ਤੇ ਖਮੀਰ (31-33)

  • ਮਿਸਾਲਾਂ ਦੀ ਵਰਤੋਂ ਭਵਿੱਖਬਾਣੀ ਦੀ ਪੂਰਤੀ (34, 35)

  • ਕਣਕ ਤੇ ਜੰਗਲੀ ਬੂਟੀ ਦੀ ਮਿਸਾਲ ਦਾ ਮਤਲਬ ਸਮਝਾਇਆ (36-43)

  • ਲੁਕਾਇਆ ਹੋਇਆ ਖ਼ਜ਼ਾਨਾ ਤੇ ਸੁੱਚਾ ਮੋਤੀ (44-46)

  • ਜਾਲ਼ (47-50)

  • ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ (51, 52)

 • ਯਿਸੂ ਆਪਣੇ ਇਲਾਕੇ ਵਿਚ ਠੁਕਰਾਇਆ ਗਿਆ (53-58)

13  ਉਸ ਦਿਨ ਯਿਸੂ ਘਰੋਂ ਨਿਕਲਣ ਤੋਂ ਬਾਅਦ ਝੀਲ ਦੇ ਕੰਢੇ ਬੈਠਾ ਹੋਇਆ ਸੀ।  ਫਿਰ ਇਕ ਵੱਡੀ ਭੀੜ ਉਸ ਕੋਲ ਇਕੱਠੀ ਹੋ ਗਈ, ਇਸ ਲਈ ਉਹ ਕਿਸ਼ਤੀ ਵਿਚ ਬੈਠ ਗਿਆ ਅਤੇ ਸਾਰੀ ਭੀੜ ਕੰਢੇ ’ਤੇ ਖੜ੍ਹੀ ਰਹੀ।+  ਫਿਰ ਉਸ ਨੇ ਮਿਸਾਲਾਂ ਵਰਤ ਕੇ ਉਨ੍ਹਾਂ ਨੂੰ ਕਈ ਗੱਲਾਂ ਸਿਖਾਈਆਂ।+ ਉਸ ਨੇ ਕਿਹਾ: “ਦੇਖੋ! ਇਕ ਆਦਮੀ ਬੀ ਬੀਜਣ ਗਿਆ।+  ਜਦੋਂ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਦੇ ਕੰਢੇ-ਕੰਢੇ ਡਿਗ ਪਏ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ।+  ਕੁਝ ਬੀ ਪਥਰੀਲੀ ਜ਼ਮੀਨ ’ਤੇ ਡਿਗੇ ਜਿੱਥੇ ਜ਼ਿਆਦਾ ਮਿੱਟੀ ਨਹੀਂ ਸੀ ਅਤੇ ਡੂੰਘਾਈ ਤਕ ਮਿੱਟੀ ਨਾ ਹੋਣ ਕਰਕੇ ਉਹ ਝੱਟ ਉੱਗ ਪਏ।+  ਪਰ ਜਦ ਸੂਰਜ ਚੜ੍ਹਿਆ, ਤਾਂ ਉਹ ਝੁਲ਼ਸ ਗਏ ਅਤੇ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਜੜ੍ਹ ਨਹੀਂ ਫੜੀ ਸੀ।  ਕੁਝ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਝਾੜੀਆਂ ਨੇ ਵਧ ਕੇ ਉਨ੍ਹਾਂ ਨੂੰ ਦਬਾ ਲਿਆ।+  ਪਰ ਕੁਝ ਬੀ ਚੰਗੀ ਜ਼ਮੀਨ ’ਤੇ ਡਿਗੇ ਅਤੇ ਉਹ ਫਲ ਦੇਣ ਲੱਗ ਪਏ, ਕਿਸੇ ਨੇ 100 ਗੁਣਾ, ਕਿਸੇ ਨੇ 60 ਗੁਣਾ ਅਤੇ ਕਿਸੇ ਨੇ 30 ਗੁਣਾ ਦਿੱਤਾ।+  ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ।”+ 10  ਫਿਰ ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਪੁੱਛਿਆ: “ਤੂੰ ਉਨ੍ਹਾਂ ਨਾਲ ਗੱਲ ਕਰਨ ਵੇਲੇ ਮਿਸਾਲਾਂ ਕਿਉਂ ਵਰਤਦਾ ਹੈਂ?”+ 11  ਉਸ ਨੇ ਜਵਾਬ ਦਿੱਤਾ: “ਸਵਰਗ ਦੇ ਰਾਜ ਦੇ ਪਵਿੱਤਰ ਭੇਤਾਂ+ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਉਨ੍ਹਾਂ ਨੂੰ ਨਹੀਂ। 12  ਕਿਉਂਕਿ ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ; ਪਰ ਜਿਸ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਕੁਝ ਉਸ ਕੋਲ ਹੈ।+ 13  ਮੈਂ ਇਸੇ ਕਰਕੇ ਉਨ੍ਹਾਂ ਨਾਲ ਗੱਲ ਕਰਦੇ ਵੇਲੇ ਮਿਸਾਲਾਂ ਵਰਤਦਾ ਹਾਂ ਕਿਉਂਕਿ ਉਹ ਮੇਰੇ ਕੰਮ ਦੇਖਦੇ ਹੋਏ ਵੀ ਨਹੀਂ ਦੇਖਦੇ ਅਤੇ ਮੇਰੀਆਂ ਗੱਲਾਂ ਸੁਣਦੇ ਹੋਏ ਵੀ ਨਹੀਂ ਸੁਣਦੇ, ਨਾ ਹੀ ਉਹ ਇਨ੍ਹਾਂ ਦਾ ਮਤਲਬ ਸਮਝਦੇ ਹਨ।+ 14  ਉਨ੍ਹਾਂ ਉੱਤੇ ਯਸਾਯਾਹ ਨਬੀ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ: ‘ਤੁਸੀਂ ਸੁਣੋਗੇ, ਪਰ ਇਸ ਦਾ ਮਤਲਬ ਨਹੀਂ ਸਮਝੋਗੇ ਅਤੇ ਤੁਸੀਂ ਦੇਖੋਗੇ, ਪਰ ਤੁਹਾਡੇ ਪੱਲੇ ਕੁਝ ਨਹੀਂ ਪਵੇਗਾ।+ 15  ਕਿਉਂਕਿ ਇਨ੍ਹਾਂ ਲੋਕਾਂ ਦੇ ਮਨ ਸੁੰਨ ਹੋ ਗਏ ਹਨ। ਇਹ ਆਪਣੇ ਕੰਨਾਂ ਨਾਲ ਸੁਣਦੇ ਤਾਂ ਹਨ, ਪਰ ਕਰਦੇ ਕੁਝ ਨਹੀਂ। ਇਨ੍ਹਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ ਤਾਂਕਿ ਨਾ ਕਦੇ ਇਹ ਆਪਣੀਆਂ ਅੱਖਾਂ ਨਾਲ ਦੇਖਣ, ਨਾ ਆਪਣੇ ਕੰਨਾਂ ਨਾਲ ਸੁਣਨ ਤੇ ਨਾ ਕਦੇ ਇਨ੍ਹਾਂ ਗੱਲਾਂ ਨੂੰ ਸਮਝ ਕੇ ਆਪਣੇ ਦਿਲਾਂ ’ਤੇ ਅਸਰ ਪੈਣ ਦੇਣ ਅਤੇ ਮੁੜ ਆਉਣ ਤੇ ਮੈਂ ਇਨ੍ਹਾਂ ਨੂੰ ਚੰਗਾ ਕਰਾਂ।’+ 16  “ਪਰ ਧੰਨ ਹੋ ਤੁਸੀਂ ਕਿਉਂਕਿ ਤੁਹਾਡੀਆਂ ਅੱਖਾਂ ਦੇਖਦੀਆਂ ਹਨ ਅਤੇ ਤੁਹਾਡੇ ਕੰਨ ਸੁਣਦੇ ਹਨ।+ 17  ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਿਹੜੀਆਂ ਚੀਜ਼ਾਂ ਤੁਸੀਂ ਦੇਖ ਰਹੇ ਹੋ, ਉਨ੍ਹਾਂ ਚੀਜ਼ਾਂ ਨੂੰ ਬਹੁਤ ਸਾਰੇ ਨਬੀ ਅਤੇ ਧਰਮੀ ਬੰਦੇ ਦੇਖਣਾ ਚਾਹੁੰਦੇ ਸਨ, ਪਰ ਦੇਖ ਨਾ ਸਕੇ+ ਅਤੇ ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ, ਉਹ ਉਨ੍ਹਾਂ ਨੂੰ ਸੁਣਨਾ ਚਾਹੁੰਦੇ ਸਨ, ਪਰ ਸੁਣ ਨਾ ਸਕੇ। 18  “ਹੁਣ ਤੁਸੀਂ ਬੀ ਬੀਜਣ ਵਾਲੇ ਦੀ ਮਿਸਾਲ ਧਿਆਨ ਨਾਲ ਸੁਣੋ।+ 19  ਰਾਹ ਦੇ ਕੰਢੇ-ਕੰਢੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਰਾਜ ਬਾਰੇ ਪਰਮੇਸ਼ੁਰ ਦਾ ਬਚਨ ਸੁਣਦਾ ਹੈ, ਪਰ ਬਚਨ ਦਾ ਮਤਲਬ ਨਹੀਂ ਸਮਝਦਾ ਅਤੇ ਉਸ ਦੇ ਦਿਲ ਵਿਚ ਜੋ ਬੀਜਿਆ ਗਿਆ ਸੀ,+ ਸ਼ੈਤਾਨ+ ਆ ਕੇ ਉਸ ਨੂੰ ਕੱਢ ਕੇ ਲੈ ਜਾਂਦਾ ਹੈ। 20  ਪਥਰੀਲੀ ਜ਼ਮੀਨ ਉੱਤੇ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਪਰਮੇਸ਼ੁਰ ਦਾ ਬਚਨ ਸੁਣ ਕੇ ਝੱਟ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਲੈਂਦਾ ਹੈ।+ 21  ਪਰ ਬਚਨ ਨੇ ਉਸ ਦੇ ਦਿਲ ਵਿਚ ਜੜ੍ਹ ਨਹੀਂ ਫੜੀ, ਫਿਰ ਵੀ ਉਹ ਥੋੜ੍ਹਾ ਚਿਰ ਮੰਨਦਾ ਰਹਿੰਦਾ ਹੈ ਅਤੇ ਜਦੋਂ ਬਚਨ ਨੂੰ ਮੰਨਣ ਕਰਕੇ ਉਸ ਉੱਤੇ ਮੁਸੀਬਤਾਂ ਆਉਂਦੀਆਂ ਹਨ ਜਾਂ ਅਤਿਆਚਾਰ ਹੁੰਦੇ ਹਨ, ਤਾਂ ਉਹ ਇਕਦਮ ਬਚਨ ਉੱਤੇ ਨਿਹਚਾ ਕਰਨੀ ਛੱਡ ਦਿੰਦਾ ਹੈ। 22  ਕੰਡਿਆਲ਼ੀਆਂ ਝਾੜੀਆਂ ਵਿਚ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਤਾਂ ਹੈ, ਪਰ ਇਸ ਜ਼ਮਾਨੇ* ਦੀਆਂ ਚਿੰਤਾਵਾਂ+ ਅਤੇ ਧਨ ਦੀ ਧੋਖਾ ਦੇਣ ਵਾਲੀ ਤਾਕਤ ਬਚਨ ਨੂੰ ਦਬਾ ਦਿੰਦੀ ਹੈ ਅਤੇ ਉਹ ਕੋਈ ਫਲ ਨਹੀਂ ਦਿੰਦਾ।+ 23  ਚੰਗੀ ਜ਼ਮੀਨ ਵਿਚ ਬੀ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਹੈ ਅਤੇ ਇਸ ਦਾ ਮਤਲਬ ਸਮਝਦਾ ਹੈ ਅਤੇ ਉਹ ਜ਼ਰੂਰ ਫਲ ਦਿੰਦਾ ਹੈ, ਕੋਈ 100 ਗੁਣਾ, ਕੋਈ 60 ਗੁਣਾ ਅਤੇ ਕੋਈ 30 ਗੁਣਾ।”+ 24  ਉਸ ਨੇ ਉਨ੍ਹਾਂ ਨੂੰ ਇਕ ਹੋਰ ਮਿਸਾਲ ਦਿੱਤੀ: “ਸਵਰਗ ਦੇ ਰਾਜ ਨੂੰ ਉਸ ਆਦਮੀ ਵਰਗਾ ਕਿਹਾ ਜਾ ਸਕਦਾ ਹੈ ਜਿਸ ਨੇ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ। 25  ਜਦੋਂ ਸਾਰੇ ਸੌਂ ਰਹੇ ਸਨ, ਤਾਂ ਉਸ ਦਾ ਦੁਸ਼ਮਣ ਆਇਆ ਅਤੇ ਕਣਕ ਵਿਚ ਜੰਗਲੀ ਬੂਟੀ ਦੇ ਬੀ ਬੀਜ ਕੇ ਚਲਾ ਗਿਆ। 26  ਜਦੋਂ ਕਣਕ ਦੇ ਬੂਟੇ ਵੱਡੇ ਹੋਏ ਤੇ ਉਨ੍ਹਾਂ ਨੂੰ ਸਿੱਟੇ ਲੱਗੇ, ਤਾਂ ਜੰਗਲੀ ਬੂਟੀ ਵੀ ਦਿਸ ਪਈ। 27  ਇਸ ਲਈ ਮਾਲਕ ਦੇ ਨੌਕਰਾਂ ਨੇ ਉਸ ਨੂੰ ਆ ਕੇ ਪੁੱਛਿਆ: ‘ਸੁਆਮੀ ਜੀ, ਤੂੰ ਤਾਂ ਆਪਣੇ ਖੇਤ ਵਿਚ ਚੰਗਾ ਬੀ ਬੀਜਿਆ ਸੀ, ਤਾਂ ਫਿਰ ਇਹ ਜੰਗਲੀ ਬੂਟੀ ਕਿੱਥੋਂ ਆ ਗਈ?’ 28  ਉਸ ਨੇ ਉਨ੍ਹਾਂ ਨੂੰ ਕਿਹਾ: ‘ਇਹ ਮੇਰੇ ਦੁਸ਼ਮਣ ਦਾ ਕੰਮ ਹੈ।’+ ਉਨ੍ਹਾਂ ਨੇ ਉਸ ਨੂੰ ਪੁੱਛਿਆ: ‘ਕੀ ਤੂੰ ਚਾਹੁੰਦਾ ਹੈਂ ਕਿ ਅਸੀਂ ਜਾ ਕੇ ਜੰਗਲੀ ਬੂਟੀ ਨੂੰ ਪੁੱਟ ਸੁੱਟੀਏ?’ 29  ਉਸ ਨੇ ਕਿਹਾ, ‘ਨਹੀਂ, ਕਿਤੇ ਇੱਦਾਂ ਨਾ ਹੋਵੇ ਕਿ ਤੁਸੀਂ ਜੰਗਲੀ ਬੂਟੀ ਪੁੱਟਦੇ-ਪੁੱਟਦੇ ਕਣਕ ਦੇ ਬੂਟੇ ਵੀ ਪੁੱਟ ਦਿਓ। 30  ਇਸ ਲਈ ਦੋਹਾਂ ਨੂੰ ਵਾਢੀ ਤਕ ਵਧਣ ਦਿਓ ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਪੁੱਟ ਕੇ ਇਨ੍ਹਾਂ ਦੀਆਂ ਭਰੀਆਂ ਬੰਨ੍ਹੋ ਤੇ ਇਨ੍ਹਾਂ ਨੂੰ ਸਾੜ ਦਿਓ; ਫਿਰ ਕਣਕ ਵੱਢ ਕੇ ਮੇਰੀ ਕੋਠੀ ਵਿਚ ਰੱਖ ਦਿਓ।’”+ 31  ਉਸ ਨੇ ਉਨ੍ਹਾਂ ਨੂੰ ਹੋਰ ਮਿਸਾਲ ਦਿੰਦੇ ਹੋਏ ਕਿਹਾ: “ਸਵਰਗ ਦਾ ਰਾਜ ਰਾਈ ਦੇ ਦਾਣੇ ਵਰਗਾ ਹੈ ਜਿਸ ਨੂੰ ਇਕ ਆਦਮੀ ਨੇ ਲੈ ਕੇ ਆਪਣੇ ਖੇਤ ਵਿਚ ਬੀਜਿਆ।+ 32  ਰਾਈ ਦਾ ਦਾਣਾ ਸਾਰੇ ਬੀਆਂ ਨਾਲੋਂ ਛੋਟਾ ਹੁੰਦਾ ਹੈ, ਪਰ ਜਦੋਂ ਇਹ ਵਧਦਾ ਹੈ, ਤਾਂ ਸਾਰੇ ਪੌਦਿਆਂ ਨਾਲੋਂ ਵੱਡਾ ਹੋ ਕੇ ਰੁੱਖ ਬਣ ਜਾਂਦਾ ਹੈ ਤੇ ਆਕਾਸ਼ ਦੇ ਪੰਛੀ ਆ ਕੇ ਇਸ ਦੀਆਂ ਟਾਹਣੀਆਂ ਉੱਤੇ ਆਲ੍ਹਣੇ ਪਾਉਂਦੇ ਹਨ।” 33  ਫਿਰ ਉਸ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ: “ਸਵਰਗ ਦਾ ਰਾਜ ਖਮੀਰ ਵਰਗਾ ਹੈ ਜਿਸ ਨੂੰ ਇਕ ਤੀਵੀਂ ਨੇ ਲੈ ਕੇ ਦਸ ਕਿਲੋ* ਆਟੇ ਵਿਚ ਗੁੰਨ੍ਹਿਆ ਜਿਸ ਨਾਲ ਸਾਰੀ ਤੌਣ ਖਮੀਰੀ ਹੋ ਗਈ।”+ 34  ਯਿਸੂ ਨੇ ਮਿਸਾਲਾਂ ਵਰਤ ਕੇ ਭੀੜ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। ਅਸਲ ਵਿਚ, ਉਹ ਮਿਸਾਲ ਵਰਤੇ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ+ 35  ਤਾਂਕਿ ਨਬੀ ਰਾਹੀਂ ਕਹੀ ਇਹ ਗੱਲ ਪੂਰੀ ਹੋਵੇ: “ਮੈਂ ਗੱਲ ਕਰਨ ਵੇਲੇ ਮਿਸਾਲਾਂ ਵਰਤਾਂਗਾ ਅਤੇ ਉਨ੍ਹਾਂ ਗੱਲਾਂ ਦਾ ਐਲਾਨ ਕਰਾਂਗਾ ਜਿਹੜੀਆਂ ਨੀਂਹ* ਰੱਖਣ ਦੇ ਸਮੇਂ ਤੋਂ ਲੁਕੀਆਂ ਹੋਈਆਂ ਹਨ।”+ 36  ਫਿਰ ਭੀੜ ਨੂੰ ਘੱਲਣ ਤੋਂ ਬਾਅਦ ਉਹ ਘਰ ਨੂੰ ਚਲਾ ਗਿਆ। ਉਸ ਦੇ ਚੇਲਿਆਂ ਨੇ ਆ ਕੇ ਉਸ ਨੂੰ ਕਿਹਾ: “ਸਾਨੂੰ ਖੇਤ ਵਿਚਲੀ ਜੰਗਲੀ ਬੂਟੀ ਦੀ ਮਿਸਾਲ ਸਮਝਾ।” 37  ਉਸ ਨੇ ਉਨ੍ਹਾਂ ਨੂੰ ਕਿਹਾ: “ਚੰਗਾ ਬੀ ਬੀਜਣ ਵਾਲਾ ਆਦਮੀ ਮਨੁੱਖ ਦਾ ਪੁੱਤਰ ਹੈ; 38  ਖੇਤ ਦੁਨੀਆਂ ਹੈ।+ ਚੰਗੇ ਬੀ ਰਾਜ ਦੇ ਪੁੱਤਰ ਹਨ, ਪਰ ਜੰਗਲੀ ਬੂਟੀ ਸ਼ੈਤਾਨ* ਦੇ ਪੁੱਤਰ ਹਨ।+ 39  ਜੰਗਲੀ ਬੂਟੀ ਬੀਜਣ ਵਾਲਾ ਦੁਸ਼ਮਣ ਸ਼ੈਤਾਨ ਹੈ। ਵਾਢੀ ਦਾ ਸਮਾਂ ਯੁਗ* ਦਾ ਆਖ਼ਰੀ ਸਮਾਂ ਹੈ ਅਤੇ ਫ਼ਸਲ ਵੱਢਣ ਵਾਲੇ ਦੂਤ ਹਨ। 40  ਇਸ ਲਈ ਜਿਵੇਂ ਜੰਗਲੀ ਬੂਟੀ ਨੂੰ ਪੁੱਟ ਕੇ ਅੱਗ ਵਿਚ ਸਾੜ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਯੁਗ* ਦੇ ਆਖ਼ਰੀ ਸਮੇਂ ਵਿਚ ਵੀ ਹੋਵੇਗਾ।+ 41  ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਘੱਲੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਨਗੇ ਜੋ ਠੋਕਰ ਦਾ ਕਾਰਨ ਬਣਦੀਆਂ ਹਨ ਅਤੇ ਉਨ੍ਹਾਂ ਨੂੰ ਵੀ ਜਿਹੜੇ ਬੁਰੇ ਕੰਮ ਕਰਦੇ ਹਨ 42  ਅਤੇ ਦੂਤ ਉਨ੍ਹਾਂ ਨੂੰ ਬਲ਼ਦੀ ਭੱਠੀ ਵਿਚ ਸੁੱਟ ਦੇਣਗੇ।+ ਉੱਥੇ ਉਹ ਆਪਣੀ ਮਾੜੀ ਹਾਲਤ ’ਤੇ ਰੋਣਗੇ ਅਤੇ ਕਚੀਚੀਆਂ ਵੱਟਣਗੇ। 43  ਉਸ ਵੇਲੇ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿਚ ਸੂਰਜ ਵਾਂਗ ਚਮਕਣਗੇ।+ ਜਿਸ ਦੇ ਕੰਨ ਹਨ, ਉਹ ਮੇਰੀ ਗੱਲ ਸੁਣੇ। 44  “ਸਵਰਗ ਦਾ ਰਾਜ ਖੇਤ ਵਿਚ ਲੁਕਾਏ ਹੋਏ ਖ਼ਜ਼ਾਨੇ ਵਰਗਾ ਹੈ ਜੋ ਇਕ ਆਦਮੀ ਨੂੰ ਲੱਭਿਆ ਅਤੇ ਉਸ ਨੇ ਦੁਬਾਰਾ ਉਸ ਨੂੰ ਲੁਕੋ ਦਿੱਤਾ; ਖ਼ੁਸ਼ੀ ਦੇ ਮਾਰੇ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਖ਼ਰੀਦ ਲਿਆ।+ 45  “ਨਾਲੇ ਸਵਰਗ ਦਾ ਰਾਜ ਇਕ ਵਪਾਰੀ ਵਰਗਾ ਹੈ ਜਿਹੜਾ ਸੁੱਚੇ ਮੋਤੀਆਂ ਦੀ ਭਾਲ ਵਿਚ ਥਾਂ-ਥਾਂ ਘੁੰਮ ਰਿਹਾ ਹੈ। 46  ਇਕ ਬਹੁਤ ਕੀਮਤੀ ਮੋਤੀ ਮਿਲ ਜਾਣ ਤੇ ਉਸ ਨੇ ਜਾ ਕੇ ਉਸੇ ਵੇਲੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਹ ਮੋਤੀ ਖ਼ਰੀਦ ਲਿਆ।+ 47  “ਨਾਲੇ ਸਵਰਗ ਦਾ ਰਾਜ ਇਕ ਜਾਲ਼ ਵਰਗਾ ਹੈ ਜਿਸ ਨੂੰ ਝੀਲ ਵਿਚ ਪਾਇਆ ਗਿਆ ਅਤੇ ਇਸ ਵਿਚ ਹਰ ਤਰ੍ਹਾਂ ਦੀਆਂ ਮੱਛੀਆਂ ਫਸ ਗਈਆਂ। 48  ਜਦ ਜਾਲ਼ ਭਰ ਗਿਆ, ਤਾਂ ਮਛੇਰਿਆਂ ਨੇ ਇਸ ਨੂੰ ਕੰਢੇ ਉੱਤੇ ਖਿੱਚਿਆ ਅਤੇ ਬੈਠ ਕੇ ਚੰਗੀਆਂ ਮੱਛੀਆਂ+ ਨੂੰ ਟੋਕਰੀਆਂ ਵਿਚ ਇਕੱਠਾ ਕਰ ਲਿਆ, ਪਰ ਉਨ੍ਹਾਂ ਮੱਛੀਆਂ ਨੂੰ ਸੁੱਟ ਦਿੱਤਾ ਜਿਨ੍ਹਾਂ ਨੂੰ ਖਾਧਾ ਨਹੀਂ ਜਾ ਸਕਦਾ ਸੀ।+ 49  ਯੁਗ* ਦੇ ਆਖ਼ਰੀ ਸਮੇਂ ਵਿਚ ਇਸੇ ਤਰ੍ਹਾਂ ਹੋਵੇਗਾ। ਦੂਤ ਜਾ ਕੇ ਦੁਸ਼ਟਾਂ ਨੂੰ ਧਰਮੀਆਂ ਤੋਂ ਵੱਖਰਾ ਕਰਨਗੇ 50  ਅਤੇ ਦੁਸ਼ਟਾਂ ਨੂੰ ਬਲ਼ਦੀ ਭੱਠੀ ਵਿਚ ਸੁੱਟ ਦੇਣਗੇ। ਉੱਥੇ ਉਹ ਆਪਣੀ ਮਾੜੀ ਹਾਲਤ ’ਤੇ ਰੋਣਗੇ ਅਤੇ ਕਚੀਚੀਆਂ ਵੱਟਣਗੇ।” 51  ਉਸ ਨੇ ਪੁੱਛਿਆ: “ਕੀ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦਾ ਮਤਲਬ ਸਮਝਿਆ?” ਉਨ੍ਹਾਂ ਨੇ ਕਿਹਾ: “ਹਾਂਜੀ।” 52  ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਹਾਂ, ਤਾਂ ਹਰ ਸਿੱਖਿਅਕ ਜਿਸ ਨੇ ਸਵਰਗ ਦੇ ਰਾਜ ਦੀ ਸਿੱਖਿਆ ਪਾਈ ਹੈ, ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ।” 53  ਇਹ ਮਿਸਾਲਾਂ ਦੇਣ ਤੋਂ ਬਾਅਦ ਯਿਸੂ ਉੱਥੋਂ ਚਲਾ ਗਿਆ। 54  ਅਤੇ ਆਪਣੇ ਇਲਾਕੇ ਵਿਚ ਆ ਕੇ+ ਉਹ ਲੋਕਾਂ ਨੂੰ ਸਭਾ ਘਰ ਵਿਚ ਸਿੱਖਿਆ ਦੇਣ ਲੱਗਾ ਤੇ ਉਹ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇੰਨੀ ਬੁੱਧ ਅਤੇ ਕਰਾਮਾਤਾਂ ਕਰਨ ਦੀ ਸ਼ਕਤੀ ਕਿੱਥੋਂ ਮਿਲੀ?+ 55  ਕੀ ਇਹ ਤਰਖਾਣ ਦਾ ਮੁੰਡਾ ਨਹੀਂ?+ ਕੀ ਇਸ ਦੀ ਮਾਤਾ ਮਰੀਅਮ ਨਹੀਂ ਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਤੇ ਯਹੂਦਾ ਨਹੀਂ ਹਨ?+ 56  ਕੀ ਇਸ ਦੀਆਂ ਸਾਰੀਆਂ ਭੈਣਾਂ ਸਾਡੇ ਨਾਲ ਇੱਥੇ ਨਹੀਂ ਰਹਿੰਦੀਆਂ? ਤਾਂ ਫਿਰ, ਇਸ ਨੂੰ ਇਹ ਬੁੱਧ ਤੇ ਸ਼ਕਤੀ ਕਿੱਥੋਂ ਮਿਲੀ?”+ 57  ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ।+ ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਇਲਾਕੇ ਦੇ ਲੋਕਾਂ ਅਤੇ ਆਪਣੇ ਪਰਿਵਾਰ ਤੋਂ ਛੁੱਟ ਹਰ ਕੋਈ ਨਬੀ ਦਾ ਆਦਰ ਕਰਦਾ ਹੈ।”+ 58  ਉਨ੍ਹਾਂ ਵਿਚ ਨਿਹਚਾ ਨਾ ਹੋਣ ਕਰਕੇ ਉਸ ਨੇ ਉੱਥੇ ਜ਼ਿਆਦਾ ਕਰਾਮਾਤਾਂ ਨਹੀਂ ਕੀਤੀਆਂ।

ਫੁਟਨੋਟ

ਜਾਂ, “ਯੁਗ।” ਸ਼ਬਦਾਵਲੀ ਦੇਖੋ।
ਯੂਨਾ, “ਸੇਆਹ ਮਾਪ।” ਇਕ ਸੇਆਹ 7.33 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ ਸੰਭਵ ਹੈ, “ਦੁਨੀਆਂ ਦੀ ਨੀਂਹ।” ਯੂਨਾ, “ਬੀ ਖਿਲਾਰਨਾ।” ਇੱਥੇ ਆਦਮ ਅਤੇ ਹੱਵਾਹ ਦੇ ਬੱਚਿਆਂ ਦੀ ਗੱਲ ਹੋ ਰਹੀ ਹੈ।
ਯੂਨਾ, “ਉਸ ਦੁਸ਼ਟ।”