Skip to content

Skip to table of contents

“ਪੜ੍ਹਾਈ ਦੇ ਅੰਤ ਵਿਚ ਇੰਨਾ ਸੋਹਣਾ ਤਜਰਬਾ”

“ਪੜ੍ਹਾਈ ਦੇ ਅੰਤ ਵਿਚ ਇੰਨਾ ਸੋਹਣਾ ਤਜਰਬਾ”

“ਪੜ੍ਹਾਈ ਦੇ ਅੰਤ ਵਿਚ ਇੰਨਾ ਸੋਹਣਾ ਤਜਰਬਾ”

ਸਪੇਨ ਦੇ ਮਾਨਰੇਸਾ ਸ਼ਹਿਰ ਦੇ ਇਕ ਹਾਈ ਸਕੂਲ ਟੀਚਰ ਨੇ ਲਿਖਿਆ: “ਸੌ ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਨੇ ਆਪਸੀ ਏਕਤਾ, ਬੇਦਾਗ਼ ਈਮਾਨਦਾਰੀ ਅਤੇ ਪੱਕੀ ਨਿਹਚਾ ਦਾ ਸਬੂਤ ਦਿੱਤਾ ਹੈ।” ਇਸ ਟੀਚਰ ਨੇ ਇਸ ਤਰ੍ਹਾਂ ਕਿਉਂ ਲਿਖਿਆ, ਜਦ ਕਿ ਉਹ ਆਪ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਨੂੰ ਨਹੀਂ ਮੰਨਦਾ?

ਸਾਰੀ ਗੱਲ ਉਸ ਸਮੇਂ ਸ਼ੁਰੂ ਹੋਈ ਜਦੋਂ ਹਾਈ ਸਕੂਲ ਵਿਚ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਆਪਣੇ ਆਖ਼ਰੀ ਇਮਤਿਹਾਨ ਵਿਚ ਇਕ ਲੇਖ ਲਿਖਣ ਲਈ ਕਿਹਾ ਗਿਆ। ਉਨ੍ਹਾਂ ਵਿਚ ਨੋਅਮੀ ਨਾਂ ਦੀ ਲੜਕੀ ਵੀ ਸੀ ਜੋ ਯਹੋਵਾਹ ਦੀ ਗਵਾਹ ਹੈ। ਉਸ ਦੇ ਲੇਖ ਦਾ ਵਿਸ਼ਾ ਸੀ: “ਨਾਜ਼ੀ ਰਾਜ ਅਧੀਨ ਜਾਮਣੀ ਤਿਕੋਣਾਂ।”

ਉਸ ਨੇ ਇਹ ਵਿਸ਼ਾ ਕਿਉਂ ਚੁਣਿਆ ਸੀ? ਉਹ ਦੱਸਦੀ ਹੈ: “ਮੈਂ ਜਾਣਦੀ ਸੀ ਕਿ ਕੋਈ ਟੀਚਰ ਮੇਰਾ ਲੇਖ ਚੈੱਕ ਕਰੇਗਾ ਅਤੇ ਇਹ ਮੇਰੇ ਲਈ ਉਸ ਨੂੰ ਪਰਮੇਸ਼ੁਰ ਬਾਰੇ ਗਵਾਹੀ ਦੇਣ ਦਾ ਵਧੀਆ ਮੌਕਾ ਸੀ। ਜਦੋਂ ਮੈਂ ਯਹੋਵਾਹ ਦੇ ਗਵਾਹਾਂ ਦੀ ਵਫ਼ਾਦਾਰੀ ਬਾਰੇ ਪੜ੍ਹਿਆ ਸੀ ਕਿ ਉਹ ਕਿਵੇਂ ਜਰਮਨੀ ਵਿਚ ਨਾਜ਼ੀਆਂ ਦੇ ਅਤਿਆਚਾਰਾਂ ਦੇ ਬਾਵਜੂਦ ਆਪਣੇ ਅਸੂਲਾਂ ਤੇ ਪੱਕੇ ਰਹੇ, ਤਾਂ ਇਸ ਦਾ ਮੇਰੇ ਤੇ ਡੂੰਘਾ ਅਸਰ ਪਿਆ ਸੀ। ਇਸ ਲਈ ਮੈਂ ਸੋਚਿਆ ਕਿ ਇਸ ਕਹਾਣੀ ਦਾ ਬਾਕੀਆਂ ਤੇ ਵੀ ਪ੍ਰਭਾਵ ਪਵੇਗਾ।”

ਨੋਅਮੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਲੇਖ ਦਾ ਪ੍ਰਭਾਵ ਇੰਨੇ ਸਾਰੇ ਲੋਕਾਂ ਤੇ ਪਵੇਗਾ। ਅਕਤੂਬਰ 5, 2002 ਨੂੰ ਇਕ ਕੌਮੀ ਮੁਕਾਬਲੇ ਵਿਚ ਉਸ ਨੂੰ ਆਪਣੇ ਲੇਖ ਲਈ ਇਨਾਮ ਮਿਲਿਆ। ਮੁਕਾਬਲੇ ਦਾ ਫ਼ੈਸਲਾ ਸਪੇਨ ਦੀਆਂ ਉੱਘੀਆਂ ਯੂਨੀਵਰਸਿਟੀਆਂ ਦੇ 20 ਪ੍ਰੋਫ਼ੈਸਰਾਂ ਨੇ ਕੀਤਾ ਸੀ।

ਨੋਅਮੀ ਨੂੰ ਸਪੇਨ ਦੀ ਵਿਦਿਆ ਮੰਤਰੀ ਪੀਲਾਰ ਦੇਲ ਕਾਸਟੀਓ ਨੇ ਆਪ ਇਨਾਮ ਦਿੱਤਾ। ਨੋਅਮੀ ਨੇ ਉਸ ਮੌਕੇ ਤੇ ਮੰਤਰੀ ਸਾਹਿਬਾ ਨੂੰ ਯਹੋਵਾਹ ਦੇ ਗਵਾਹ ਨਾਜ਼ੀ ਹਮਲੇ ਵਿਰੁੱਧ ਦ੍ਰਿੜ੍ਹ ਖੜ੍ਹੇ ਰਹੇ ਵਿਡਿਓ ਦਿੱਤਾ। ਮੰਤਰੀ ਸਾਹਿਬਾ ਨੇ ਖ਼ੁਸ਼ੀ-ਖ਼ੁਸ਼ੀ ਇਹ ਤੋਹਫ਼ਾ ਸਵੀਕਾਰ ਕਰ ਲਿਆ।

ਮਾਨਰੇਸਾ ਸ਼ਹਿਰ ਦੇ ਅਖ਼ਬਾਰ ਵਿਚ ਨੋਅਮੀ ਦੀ ਕਾਮਯਾਬੀ ਦੀ ਖ਼ਬਰ ਛਾਪੀ ਗਈ ਅਤੇ ਉਸ ਦੇ ਲੇਖ ਦੀ ਸਮੀਖਿਆ ਕੀਤੀ ਗਈ। ਨੋਅਮੀ ਦੇ ਸਕੂਲ ਦੇ ਹੈੱਡ ਮਾਸਟਰ ਨੇ ਸਕੂਲ ਦੀ 75ਵੀਂ ਵਰ੍ਹੇ-ਗੰਢ ਦੇ ਪ੍ਰੋਗ੍ਰਾਮ ਵਿਚ ਉਸ ਦੇ ਲੇਖ ਦੀ ਕਾਪੀ ਵਰਤੀ।

ਨੋਅਮੀ ਕਹਿੰਦੀ ਹੈ: “ਮੈਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਹਾਈ ਸਕੂਲ ਦੀ ਪੜ੍ਹਾਈ ਦੇ ਅੰਤ ਵਿਚ ਇੰਨਾ ਸੋਹਣਾ ਤਜਰਬਾ ਹੋਵੇਗਾ! ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦ ਮੈਂ ਆਪਣੇ ਟੀਚਰ ਹੌਰਹੇ ਟੋਮਾਸ ਕਾਲੋਟ ਦੇ ਸ਼ਬਦ ਪੜ੍ਹੇ ਜੋ ਉਨ੍ਹਾਂ ਨੇ ਮੇਰੇ ਲੇਖ ਦਾ ਪਰਿਚੈ ਦਿੰਦਿਆਂ ਲਿਖੇ ਸਨ:

“‘ਮੈਂ ਨਾਸਤਿਕ ਹਾਂ, ਪਰ ਮੈਂ ਪਰਮਾਤਮਾ ਵਿਚ ਵਿਸ਼ਵਾਸ ਕਰਨਾ ਚਾਹੁੰਦਾ ਹਾਂ ਜੋ ਆਪਣੇ ਭਗਤਾਂ ਦੇ ਦਿਲਾਂ ਵਿਚ “ਦੂਜਿਆਂ ਲਈ ਸੱਚਾ ਪਿਆਰ” ਪੈਦਾ ਕਰਦਾ ਹੈ।’”