Skip to content

Skip to table of contents

“ਜਿਹੜਾ ਤਾੜ ਨੂੰ ਮੰਨਦਾ ਹੈ ਉਹ ਸਿਆਣਾ ਹੈ”

“ਜਿਹੜਾ ਤਾੜ ਨੂੰ ਮੰਨਦਾ ਹੈ ਉਹ ਸਿਆਣਾ ਹੈ”

“ਜਿਹੜਾ ਤਾੜ ਨੂੰ ਮੰਨਦਾ ਹੈ ਉਹ ਸਿਆਣਾ ਹੈ”

ਕਹਾਉਤਾਂ 23:12 ਵਿਚ ਕਿਹਾ ਹੈ: “ਆਪਣਾ ਮਨ ਸਿੱਖਿਆ ਵੱਲ, ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ।” ਇਸ ਆਇਤ ਵਿਚ “ਸਿੱਖਿਆ” ਦਾ ਮਤਲਬ ਉਹ ਅਨੁਸ਼ਾਸਨ ਜਾਂ ਤਾੜਨਾ ਹੈ ਜੋ ਅਸੀਂ ਆਪਣੇ ਆਪ ਨੂੰ ਦਿੰਦੇ ਹਾਂ ਜਾਂ ਸਾਨੂੰ ਦੂਸਰਿਆਂ ਤੋਂ ਮਿਲਦੀ ਹੈ। ਅਜਿਹੀ ਸਿੱਖਿਆ ਦੇਣ ਤੇ ਹਾਸਲ ਕਰਨ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਕੀ ਸੁਧਾਰ ਕਰਨ ਦੀ ਲੋੜ ਹੈ ਅਤੇ ਇਹ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ। ਇਸ ਵਾਸਤੇ ਸਾਨੂੰ ਕਿਸੇ ਭਰੋਸੇਯੋਗ ਸੋਮੇ ਤੋਂ “ਗਿਆਨ ਦੀਆਂ ਗੱਲਾਂ” ਸਿੱਖਣ ਦੀ ਲੋੜ ਹੈ।

ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਸੁਲੇਮਾਨ ਦੁਆਰਾ ਲਿਖੀ ਗਈ ਬਾਈਬਲ ਦੀ ਕਹਾਉਤਾਂ ਦੀ ਪੋਥੀ ਗਿਆਨ ਦੀਆਂ ਗੱਲਾਂ ਦਾ ਵਧੀਆ ਸੋਮਾ ਹੈ। ਇਸ ਦੀਆਂ ਗੱਲਾਂ “ਬੁੱਧ ਤੇ ਸਿੱਖਿਆ ਜਾਣਨ ਲਈ, . . . ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਉਂ, ਤੇ ਇਨਸਾਫ਼” ਜਾਣਨ ਲਈ ਲਾਹੇਵੰਦ ਹਨ। (ਕਹਾਉਤਾਂ 1:1-3) ਸਾਡੇ ਲਈ ਚੰਗਾ ਹੈ ਕਿ ਅਸੀਂ ਇਸ ਵੱਲ ‘ਕੰਨ ਲਾਈਏ’। ਕਹਾਉਤਾਂ ਦੇ 15ਵੇਂ ਅਧਿਆਇ ਵਿਚ ਸਾਨੂੰ ਗੁੱਸੇ ਤੇ ਕਾਬੂ ਰੱਖਣ, ਜ਼ਬਾਨ ਦੀ ਸਹੀ ਵਰਤੋਂ ਕਰਨ ਅਤੇ ਦੂਸਰਿਆਂ ਨੂੰ ਗਿਆਨ ਦੇਣ ਬਾਰੇ ਸੇਧ ਮਿਲਦੀ ਹੈ। ਆਓ ਆਪਾਂ ਇਸ ਅਧਿਆਇ ਦੀਆਂ ਕੁਝ ਆਇਤਾਂ ਤੇ ਗੌਰ ਕਰੀਏ।

ਕਿਹੜੀ ਚੀਜ਼ ‘ਗੁੱਸੇ ਨੂੰ ਠੰਡਾ ਕਰ ਦਿੰਦੀ ਹੈ’?

ਮੂੰਹੋਂ ਨਿਕਲੀ ਗੱਲ ਦਾ ਗੁੱਸੇ ਤੇ ਕੀ ਅਸਰ ਪੈਂਦਾ ਹੈ? ਕਹਾਉਤਾਂ 15:1 ਵਿਚ ਦੱਸਿਆ ਗਿਆ ਹੈ ਕਿ “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।” ਜਦੋਂ ਕਿਸੇ ਗੱਲੋਂ ਸਾਡਾ ਪਾਰਾ ਚੜ੍ਹ ਜਾਂਦਾ ਹੈ, ਤਾਂ ਆਪਣੇ ਆਪ ਤੇ ਕਾਬੂ ਰੱਖਣਾ ਬਹੁਤ ਔਖਾ ਹੁੰਦਾ ਹੈ। ਇਸ ਕਹਾਵਤ ਦੀ ਮਦਦ ਨਾਲ ਅਸੀਂ ਆਪਣੇ ਗੁੱਸੇ ਤੇ ਕਾਬੂ ਕਿਵੇਂ ਰੱਖ ਸਕਦੇ ਹਾਂ ਤੇ ਕਿਸੇ ਹੋਰ ਦੇ ਗੁੱਸੇ ਨੂੰ ਠੰਢਾ ਕਿਵੇਂ ਕਰ ਸਕਦੇ ਹਾਂ?

ਕੌੜੇ ਬੋਲ ਗੱਲ ਨੂੰ ਹੋਰ ਵਿਗਾੜ ਸਕਦੇ ਹਨ। ਇਸ ਦੀ ਬਜਾਇ ਜੇ ਅਸੀਂ ਨਰਮਾਈ ਨਾਲ ਜਵਾਬ ਦੇਈਏ, ਤਾਂ ਅਗਲਾ ਬੰਦਾ ਅਕਸਰ ਸ਼ਾਂਤ ਹੋ ਜਾਂਦਾ ਹੈ। ਪਰ ਗੁੱਸੇਖ਼ੋਰ ਇਨਸਾਨ ਨੂੰ ਨਰਮਾਈ ਨਾਲ ਜਵਾਬ ਦੇਣਾ ਬੜਾ ਔਖਾ ਹੁੰਦਾ ਹੈ। ਉਸ ਸਮੇਂ ਸ਼ਾਂਤ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ? ਸਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਸ ਨੂੰ ਗੁੱਸਾ ਕਿਉਂ ਚੜ੍ਹਿਆ ਹੋਇਆ ਹੈ। ਇਸ ਬਾਰੇ ਬਾਈਬਲ ਕਹਿੰਦੀ ਹੈ: “ਸਮਝਦਾਰ ਛੇਤੀ ਭੜਕਦਾ ਨਹੀਂ, ਅਤੇ ਉਸ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਹ ਦੂਜਿਆਂ ਨੂੰ ਮਾਫ਼ ਕਰ ਦਿੰਦਾ ਹੈ।” (ਕਹਾਉਤਾਂ 19:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਉਹ ਇਸ ਲਈ ਗੁੱਸੇ ਹੈ ਕਿ ਉਸ ਨੂੰ ਆਪਣੇ ਉੱਤੇ ਭਰੋਸਾ ਨਹੀਂ ਹੈ ਜਾਂ ਉਹ ਚਾਹੁੰਦਾ ਹੈ ਕਿ ਕੋਈ ਉਸ ਵੱਲ ਵੀ ਧਿਆਨ ਦੇਵੇ? ਹੋ ਸਕਦਾ ਹੈ ਕਿ ਉਸ ਦੇ ਗੁੱਸੇ ਦਾ ਸਾਡੇ ਨਾਲ ਕੋਈ ਸੰਬੰਧ ਹੀ ਨਾ ਹੋਵੇ। ਕੀ ਇਹ ਸੱਚ ਨਹੀਂ ਕਿ ਪ੍ਰਚਾਰ ਕਰਦੇ ਸਮੇਂ ਜਦ ਸਾਡੇ ਨਾਲ ਕੋਈ ਔਖਾ ਹੁੰਦਾ ਹੈ, ਤਾਂ ਅਕਸਰ ਉਸ ਨੂੰ ਯਹੋਵਾਹ ਦੇ ਗਵਾਹਾਂ ਬਾਰੇ ਕੋਈ ਗ਼ਲਤਫ਼ਹਿਮੀ ਹੁੰਦੀ ਹੈ? ਇਸ ਲਈ ਸਾਨੂੰ ਆਪਣੇ ਤੇ ਕਾਬੂ ਰੱਖਦੇ ਹੋਏ ਉਸ ਨਾਲ ਰੁੱਖਾ ਬੋਲਣ ਦੀ ਬਜਾਇ ਉਸ ਨੂੰ ਨਰਮਾਈ ਨਾਲ ਜਵਾਬ ਦੇਣਾ ਚਾਹੀਦਾ ਹੈ। ਭਾਵੇਂ ਸਾਨੂੰ ਪਤਾ ਨਾ ਵੀ ਹੋਵੇ ਕਿ ਅਗਲਾ ਗੁੱਸੇ ਕਿਉਂ ਹੋ ਰਿਹਾ ਹੈ, ਫਿਰ ਵੀ ਸਾਨੂੰ ਕੌੜੇ ਬੋਲ ਬੋਲ ਕੇ ਉਸ ਦੇ ਦਿਲ ਨੂੰ ਸੱਟ ਨਹੀਂ ਲਾਉਣੀ ਚਾਹੀਦੀ। ਕੌੜਾ ਜਵਾਬ ਸਿਰਫ਼ ਇਹ ਸਾਬਤ ਕਰੇਗਾ ਕਿ ਅਸੀਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਸਕੇ ਹਾਂ।

ਨਰਮਾਈ ਨਾਲ ਜਵਾਬ ਦੇਣ ਦੀ ਸਲਾਹ ਆਪਣੇ ਗਰਮ ਸੁਭਾਅ ਨੂੰ ਕਾਬੂ ਕਰਨ ਲਈ ਵੀ ਬਹੁਤ ਫ਼ਾਇਦੇਮੰਦ ਹੈ। ਸਾਨੂੰ ਆਪਣੀ ਗੱਲ ਇਸ ਤਰੀਕੇ ਨਾਲ ਕਹਿਣੀ ਚਾਹੀਦੀ ਹੈ ਕਿ ਸੁਣਨ ਵਾਲੇ ਨੂੰ ਬੁਰਾ ਨਾ ਲੱਗੇ। ਆਪਣੇ ਘਰਦਿਆਂ ਨਾਲ ਸਾਨੂੰ ਰੁੱਖੇ ਤਰੀਕੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਉਨ੍ਹਾਂ ਨੂੰ ਬੁਰਾ-ਭਲਾ ਕਹਿਣਾ ਚਾਹੀਦਾ ਹੈ। ਇਸ ਦੀ ਬਜਾਇ ਸਾਨੂੰ ਸ਼ਾਂਤ ਰਹਿ ਕੇ ਆਪਣੀ ਗੱਲ ਕਹਿਣੀ ਚਾਹੀਦੀ ਹੈ। ਇੱਟ ਦਾ ਜਵਾਬ ਪੱਥਰ ਨਾਲ ਦੇਣ ਨਾਲ ਗੁੱਸਾ ਹੋਰ ਭੜਕਦਾ ਹੈ। ਕਿਸੇ ਨੂੰ ਮਿਹਣੇ ਮਾਰਨ ਜਾਂ ਉਲਾਹਮੇ ਦੇਣ ਦੀ ਬਜਾਇ ਸਾਨੂੰ ਨਰਮਾਈ ਨਾਲ ਆਪਣੇ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਨਾਲ ਸ਼ਾਇਦ ਦੂਜਾ ਸੁਧਰਨ ਲਈ ਜਾਂ ਮਾਫ਼ੀ ਮੰਗਣ ਲਈ ਰਾਜ਼ੀ ਹੋ ਜਾਵੇ।

‘ਬੁੱਧਵਾਨ ਦੀ ਜੀਭ ਠੀਕ ਕਰਦੀ ਹੈ’

ਆਪਣੇ ਆਪ ਤੇ ਕਾਬੂ ਰੱਖਣ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਕੋਈ ਗੱਲ ਕਿਵੇਂ ਕਰਦੇ ਹਾਂ ਪਰ ਇਹ ਵੀ ਕਿ ਅਸੀਂ ਕੀ ਕਹਿੰਦੇ ਹਾਂ। ਸੁਲੇਮਾਨ ਬਾਦਸ਼ਾਹ ਨੇ ਕਿਹਾ: “ਬੁੱਧਵਾਨ ਦੀ ਜੀਭ ਗਿਆਨ ਦਾ ਠੀਕ ਬਖਾਨ ਕਰਦੀ ਹੈ, ਪਰ ਮੂਰਖਾਂ ਦੇ ਮੂੰਹੋਂ ਬੱਸ ਮੂਰਖਤਾਈ ਉੱਛਲਦੀ ਹੈ।” (ਕਹਾਉਤਾਂ 15:2) ਜਦ ਅਸੀਂ ਕਿਸੇ ਨੂੰ ਪਰਮੇਸ਼ੁਰ ਦੇ ਮਕਸਦ ਅਤੇ ਉਸ ਦੇ ਵਾਅਦਿਆਂ ਬਾਰੇ ਦੱਸਦੇ ਹਾਂ, ਤਾਂ ਅਸੀਂ “ਗਿਆਨ ਦਾ ਠੀਕ ਬਖਾਨ” ਕਰ ਰਹੇ ਹੁੰਦੇ ਹਾਂ। ਮੂਰਖ ਇਨਸਾਨ ਇਸ ਤਰ੍ਹਾਂ ਨਹੀਂ ਕਰਦਾ ਕਿਉਂਕਿ ਉਸ ਕੋਲ ਬੁੱਧੀ ਹੀ ਨਹੀਂ ਹੈ।

ਜ਼ਬਾਨ ਦੀ ਵਰਤੋਂ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਸੁਲੇਮਾਨ ਨੇ ਇਕ ਦਿਲਚਸਪ ਗੱਲ ਕਹੀ। “ਯਹੋਵਾਹ ਦੀਆਂ ਅੱਖਾਂ ਸਭਨੀਂ ਥਾਈਂ ਲੱਗੀਆਂ ਰਹਿੰਦੀਆਂ ਹਨ, ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ।” (ਕਹਾਉਤਾਂ 15:3) ਇਸ ਗੱਲ ਤੋਂ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” (2 ਇਤਹਾਸ 16:9) ਪਰਮੇਸ਼ੁਰ ਜਾਣਦਾ ਹੈ ਜਦ ਅਸੀਂ ਕੁਝ ਭਲਾ ਕਰਦੇ ਹਾਂ। ਪਰ ਜਦ ਕੋਈ ਬੁਰਾ ਕਰਨੋਂ ਨਹੀਂ ਹਟਦਾ, ਤਾਂ ਉਹ ਇਹ ਵੀ ਜਾਣਦਾ ਹੈ ਅਤੇ ਉਸ ਤੋਂ ਲੇਖਾ ਲੈਂਦਾ ਹੈ।

ਫਿਰ ਸੁਲੇਮਾਨ ਨੇ ਮਿੱਠੇ ਬੋਲ ਬੋਲਣ ਉੱਤੇ ਜ਼ੋਰ ਦਿੱਤਾ: “ਸ਼ਬਦ ਜਿਹੜੇ ਜ਼ਖਮਾਂ ਨੂੰ ਰਾਜੀ ਕਰ ਸਕਦੇ ਹਨ ਜੀਵਨ ਦੇ ਰੁੱਖ ਵਾਂਗ ਹੁੰਦੇ ਹਨ, ਪਰ ਘ੍ਰਿਣਾਯੋਗ ਸ਼ਬਦ ਆਦਮੀ ਦੇ ਆਤਮੇ ਨੂੰ ਤਬਾਹ ਕਰ ਦਿੰਦੇ ਹਨ।” (ਕਹਾਉਤਾਂ 15:4, ਈਜ਼ੀ ਟੂ ਰੀਡ ਵਰਯਨ) ‘ਜੀਵਨ ਦਾ ਰੁੱਖ’ ਸੰਕੇਤ ਕਰਦਾ ਹੈ ਕਿ ਇਸ ਵਿਚ ਜ਼ਖ਼ਮਾਂ ਨੂੰ ਭਰਨ ਅਤੇ ਤਾਕਤ ਦੇਣ ਦੇ ਗੁਣ ਹਨ। (ਪਰਕਾਸ਼ ਦੀ ਪੋਥੀ 22:2) ਕਿਸੇ ਬੁੱਧੀਮਾਨ ਇਨਸਾਨ ਦੇ ਮਿੱਠੇ ਬੋਲ ਸੁਣ ਕੇ ਦੂਜੇ ਬੰਦੇ ਨੂੰ ਤਾਜ਼ਗੀ ਅਤੇ ਭਲੇ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਪਰ ਕੌੜੇ ਬੋਲ ਸੁਣ ਕੇ ਉਹ ਦਿਲ ਢਾਹ ਬੈਠਦਾ ਹੈ।

ਤਾੜ ਨੂੰ ਮੰਨਣਾ ਤੇ ‘ਗਿਆਨ ਨੂੰ ਖਿਲਾਰਨਾ’

ਬੁੱਧੀਮਾਨ ਬਾਦਸ਼ਾਹ ਸੁਲੇਮਾਨ ਨੇ ਅੱਗੇ ਕਿਹਾ: “ਮੂਰਖ ਆਪਣੇ ਪਿਉ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ, ਪਰ ਜਿਹੜਾ ਤਾੜ ਨੂੰ ਮੰਨਦਾ ਹੈ ਉਹ ਸਿਆਣਾ ਹੈ।” (ਕਹਾਉਤਾਂ 15:5) ਤਾੜ ਨੂੰ ਕੋਈ ਉਦੋਂ ਹੀ ਮੰਨ ਸਕਦਾ ਹੈ ਜੇ ਇਹ ਦਿੱਤੀ ਗਈ ਹੋਵੇ। ਤਾਂ ਫਿਰ ਇਸ ਆਇਤ ਤੋਂ ਕੀ ਅਸੀਂ ਇਹ ਨਹੀਂ ਸਮਝ ਸਕਦੇ ਕਿ ਜਦੋਂ ਤਾੜ ਦੇਣ ਦੀ ਜਾਂ ਕਿਸੇ ਨੂੰ ਸੁਧਾਰਨ ਦੀ ਲੋੜ ਪੈਂਦੀ ਹੈ, ਤਾਂ ਉਸ ਸਮੇਂ ਇਹ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ? ਘਰ ਦੇ ਵਿਚ ਇਹ ਜ਼ਿੰਮੇਵਾਰੀ ਮਾਪਿਆਂ ਨੂੰ ਤੇ ਖ਼ਾਸਕਰ ਪਿਤਾਵਾਂ ਨੂੰ ਦਿੱਤੀ ਗਈ ਹੈ ਅਤੇ ਬੱਚਿਆਂ ਲਈ ਜ਼ਰੂਰੀ ਹੈ ਕਿ ਉਹ ਮਾਪਿਆਂ ਦੇ ਆਗਿਆਕਾਰ ਰਹਿਣ। (ਅਫ਼ਸੀਆਂ 6:1-3) ਪਰ ਯਹੋਵਾਹ ਦੇ ਸਾਰੇ ਸੇਵਕਾਂ ਨੂੰ ਕਿਸੇ-ਨ-ਕਿਸੇ ਤਰ੍ਹਾਂ ਸਿੱਖਿਆ ਤੇ ਤਾੜਨਾ ਮਿਲਦੀ ਰਹਿੰਦੀ ਹੈ। ਇਬਰਾਨੀਆਂ 12:6 ਵਿਚ ਕਿਹਾ ਗਿਆ ਹੈ ਕਿ ਯਹੋਵਾਹ ‘ਜਿਹ ਦੇ ਨਾਲ ਪਿਆਰ ਕਰਦਾ ਹੈ, ਉਹ ਨੂੰ ਤਾੜਦਾ ਹੈ, ਅਤੇ ਹਰੇਕ ਪੁੱਤ੍ਰ ਨੂੰ ਜਿਹ ਨੂੰ ਉਹ ਕਬੂਲ ਕਰਦਾ ਹੈ, ਉਹ ਕੋਰੜੇ ਮਾਰਦਾ ਹੈ।’ ਇਸ ਤਾੜਨਾ ਨੂੰ ਸਵੀਕਾਰ ਜਾਂ ਅਸਵੀਕਾਰ ਕਰ ਕੇ ਅਸੀਂ ਜ਼ਾਹਰ ਕਰਦੇ ਹਾਂ ਕਿ ਅਸੀਂ ਬੁੱਧੀਮਾਨ ਹਾਂ ਜਾਂ ਮੂਰਖ।

ਸਮਝਦਾਰ ਤੇ ਮੂਰਖ ਵਿਚ ਇਕ ਹੋਰ ਫ਼ਰਕ ਦੱਸਦੇ ਹੋਏ ਸੁਲੇਮਾਨ ਨੇ ਕਿਹਾ: “ਬੁੱਧਵਾਨ ਦੇ ਬੁੱਲ੍ਹ ਗਿਆਨ ਨੂੰ ਖਿਲਾਰਦੇ ਹਨ, ਪਰ ਮੂਰਖਾਂ ਦਾ ਮਨ ਇਉਂ ਨਹੀਂ ਕਰਦਾ।” (ਕਹਾਉਤਾਂ 15:7) ਇਕ ਕਿਸਾਨ ਇੱਕੋ ਥਾਂ ਸਾਰੇ ਬੀਜ ਨਹੀਂ ਬੀਜਦਾ। ਉਹ ਥੋੜ੍ਹਾ-ਥੋੜ੍ਹਾ ਕਰ ਕੇ ਸਾਰੇ ਖੇਤ ਵਿਚ ਬੀਜ ਖਿਲਾਰਦਾ ਹੈ। ਇਸੇ ਤਰ੍ਹਾਂ ਗਿਆਨ ਵੰਡਿਆ ਜਾਂਦਾ ਹੈ। ਮਿਸਾਲ ਲਈ, ਪ੍ਰਚਾਰ ਕਰਦੇ ਸਮੇਂ ਅਸੀਂ ਕਿਸੇ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਬਾਈਬਲ ਦਾ ਸਾਰਾ ਗਿਆਨ ਇੱਕੋ ਵਾਰ ਨਹੀਂ ਦੇ ਦਿੰਦੇ। ਇਸ ਦੀ ਬਜਾਇ ਇਕ ਬੁੱਧੀਮਾਨ ਇਨਸਾਨ ਆਪਣੇ ਆਪ ਤੇ ਕਾਬੂ ਰੱਖ ਕੇ ਗਿਆਨ ਨੂੰ “ਖਿਲਾਰਦਾ” ਹੈ। ਉਹ ਇਕ ਸਮੇਂ ਤੇ ਇਕ ਹੀ ਵਿਸ਼ੇ ਉੱਤੇ ਗੱਲ ਕਰਦਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ। ਉਹ ਸੁਣਨ ਵਾਲੇ ਦੇ ਜਵਾਬ ਵੱਲ ਧਿਆਨ ਦਿੰਦਾ ਹੈ ਤੇ ਇਸ ਅਨੁਸਾਰ ਗੱਲ ਨੂੰ ਅੱਗੇ ਤੋਰਦਾ ਹੈ। ਇਸ ਮਾਮਲੇ ਵਿਚ ਯਿਸੂ ਮਸੀਹ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਸੀ ਜਦ ਉਸ ਨੇ ਸਾਮਰਿਯਾ ਦੀ ਇਕ ਤੀਵੀਂ ਨਾਲ ਗੱਲ ਕੀਤੀ ਸੀ।—ਯੂਹੰਨਾ 4:7-26.

ਗਿਆਨ ਵੰਡਣ ਦਾ ਮਤਲਬ ਹੈ ਕਿ ਕੋਈ ਸਿੱਖਿਆਦਾਇਕ ਅਤੇ ਲਾਭਦਾਇਕ ਗੱਲ ਸਾਂਝੀ ਕੀਤੀ ਜਾਵੇ। ਇਸ ਤਰ੍ਹਾਂ ਕਰਨ ਲਈ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣ ਦੀ ਲੋੜ ਹੁੰਦੀ ਹੈ, ਤਾਂਕਿ ਸੁਣਨ ਵਾਲੇ ਨੂੰ ਲਾਭ ਹੋਵੇ ਤੇ ਹੌਸਲਾ ਮਿਲੇ। ਕਹਾਉਤਾਂ 15:28 ਵਿਚ ਲਿਖਿਆ ਹੈ ਕਿ “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” ਜਿਵੇਂ ਹਲਕੀ-ਹਲਕੀ ਬਾਰਸ਼ ਜ਼ਮੀਨ ਨੂੰ ਸਿੰਜਦੀ ਹੈ, ਉਸੇ ਤਰ੍ਹਾਂ ਸਾਡੇ ਮੂੰਹੋਂ ਨਿਕਲੀ ਗੱਲ ਦਾ ਚੰਗਾ ਪ੍ਰਭਾਵ ਪੈਣਾ ਚਾਹੀਦਾ ਹੈ। ਸਾਡੀਆਂ ਗੱਲਾਂ ਜ਼ੋਰਦਾਰ ਮੀਂਹ ਤੋਂ ਬਾਅਦ ਆਉਣ ਵਾਲੇ ਹੜ੍ਹ ਵਾਂਗ ਨਹੀਂ ਹੋਣੀਆਂ ਚਾਹੀਦੀਆਂ ਜੋ ਸਭ ਕੁਝ ਰੋੜ੍ਹ ਕੇ ਲੈ ਜਾਂਦਾ ਹੈ।

“ਚਾਲ ਵਿੱਚ ਪਵਿੱਤਰ”

ਇਹ ਅਕਲਮੰਦੀ ਦੀ ਗੱਲ ਹੋਵੇਗੀ ਕਿ ਅਸੀਂ ਯਹੋਵਾਹ ਅਤੇ ਉਸ ਦੇ ਮਕਸਦ ਬਾਰੇ ਗਿਆਨ ਖਿਲਾਰਦੇ ਰਹੀਏ ਅਤੇ ਉਸ ਨੂੰ ਆਪਣੇ ‘ਬੁੱਲ੍ਹਾਂ ਦੇ ਫਲ’ ਵਜੋਂ ‘ਉਸਤਤ ਦੇ ਬਲੀਦਾਨ’ ਚੜ੍ਹਾਉਂਦੇ ਰਹੀਏ। (ਇਬਰਾਨੀਆਂ 13:15) ਪਰ ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਸਾਡੇ ਬਲੀਦਾਨ ਕਬੂਲ ਕਰੇ, ਤਾਂ ਜ਼ਰੂਰੀ ਹੈ ਕਿ ਅਸੀਂ “ਆਪਣੀ ਸਾਰੀ ਚਾਲ ਵਿੱਚ ਪਵਿੱਤਰ” ਬਣੀਏ। (1 ਪਤਰਸ 1:14-16) ਸੁਲੇਮਾਨ ਨੇ ਦੋ ਹੋਰ ਕਹਾਵਤਾਂ ਦੇ ਜ਼ਰੀਏ ਇਸ ਅਸਲੀਅਤ ਉੱਤੇ ਜ਼ੋਰ ਦਿੱਤਾ। ਉਸ ਨੇ ਕਿਹਾ: “ਦੁਸ਼ਟ ਦੀ ਭੇਟ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਦੀ ਪ੍ਰਾਰਥਨਾ ਤੋਂ ਉਹ ਪਰਸੰਨ ਹੁੰਦਾ ਹੈ। ਦੁਸ਼ਟ ਦੀ ਚਾਲ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ ਪਰ ਧਰਮ ਦਾ ਪਿੱਛਾ ਕਰਨ ਵਾਲੇ ਨਾਲ ਉਹ ਪ੍ਰੇਮ ਰੱਖਦਾ ਹੈ।”ਕਹਾਉਤਾਂ 15:8, 9.

ਜੀਉਣ ਨੂੰ ਜਾਂਦੇ ਰਾਹ ਨੂੰ ਛੱਡਣ ਵਾਲੇ ਇਨਸਾਨ ਤਾੜ ਨੂੰ ਕਿਵੇਂ ਵਿਚਾਰਦੇ ਹਨ ਤੇ ਇਸ ਦਾ ਕੀ ਅੰਜਾਮ ਹੁੰਦਾ ਹੈ? (ਮੱਤੀ 7:13, 14) “ਜਿਹੜਾ ਰਾਹ ਨੂੰ ਤਿਆਗ ਦਿੰਦਾ ਹੈ ਉਹ ਨੂੰ ਸਖ਼ਤ ਤਾੜ ਮਿਲਦੀ ਹੈ, ਅਤੇ ਸਮਝੌਤੀ ਨੂੰ ਬੁਰਾ ਜਾਣਨ ਵਾਲਾ ਮਰੇਗਾ।” (ਕਹਾਉਤਾਂ 15:10) ਕਈ ਜੋ ਪਾਪ ਕਰਦੇ ਹਨ, ਉਹ ਕਲੀਸਿਯਾ ਦੇ ਬਜ਼ੁਰਗਾਂ ਦੀ ਤਾੜਨਾ ਕਬੂਲ ਕਰ ਕੇ ਤੋਬਾ ਕਰਨ ਦੀ ਬਜਾਇ ਸੱਚਾਈ ਦੇ ਰਾਹ ਤੇ ਚੱਲਣਾ ਛੱਡ ਦਿੰਦੇ ਹਨ। ਇਹ ਕਿੰਨੀ ਮੂਰਖਤਾ ਦੀ ਗੱਲ ਹੈ! ਈਜ਼ੀ ਟੂ ਰੀਡ ਵਰਯਨ ਵਿਚ ਇਹੋ ਕਹਾਵਤ ਇਸ ਤਰ੍ਹਾਂ ਕਹੀ ਗਈ ਹੈ: “ਜਿਹੜਾ ਵਿਅਕਤੀ ਸਹੀ ਰਾਹ ਨੂੰ ਛੱਡ ਦਿੰਦਾ ਹੈ, ਇੱਕ ਸਖ਼ਤ ਸਬਕ ਸਿੱਖੇਗਾ, ਅਤੇ ਕੋਈ ਵੀ ਜੋ ਸੁਧਾਰ ਨੂੰ ਨਫ਼ਰਤ ਕਰਦਾ ਹੈ, ਮਰੇਗਾ।”

ਪਰ ਉਸ ਇਨਸਾਨ ਦਾ ਕੀ ਬਣੇਗਾ ਜੋ ਦਿਲੋਂ ਤਾੜਨਾ ਨੂੰ ਨਫ਼ਰਤ ਕਰਦਾ ਹੈ, ਪਰ ਬਾਹਰੋਂ ਉਸ ਨੂੰ ਕਬੂਲ ਕਰਨ ਦਾ ਦਿਖਾਵਾ ਕਰਦਾ ਹੈ? ਇਹ ਵੀ ਮੂਰਖਤਾ ਹੈ। ਸੁਲੇਮਾਨ ਨੇ ਕਿਹਾ: “ਪਤਾਲ ਅਤੇ ਵਿਨਾਸ ਲੋਕ ਵੀ ਯਹੋਵਾਹ ਦੇ ਅੱਗੇ ਖੁੱਲ੍ਹੇ ਪਏ ਹਨ, ਤਾਂ ਭਲਾ, ਆਦਮ ਵੰਸੀਆਂ ਦੇ ਮਨ ਕਿੱਕਰ ਨਾ ਹੋਣਗੇ?” (ਕਹਾਉਤਾਂ 15:11) ਦੇਖਿਆ ਜਾਵੇ ਤਾਂ ਜੀਉਂਦੇ ਪਰਮੇਸ਼ੁਰ ਯਹੋਵਾਹ ਤੋਂ ਪਤਾਲ ਜਿੰਨਾ ਦੂਰ ਹੋਰ ਕੁਝ ਨਹੀਂ, ਪਰ ਫਿਰ ਵੀ ਮਾਨੋ ਪਤਾਲ ਉਸ ਸਾਮ੍ਹਣੇ ਖੁੱਲ੍ਹਾ ਪਿਆ ਹੈ। ਉਹ ਕਿਵੇਂ? ਉਹ ਮੌਤ ਦੀ ਨੀਂਦ ਸੁੱਤੇ ਹਰ ਇਨਸਾਨ ਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਉਸ ਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ। (ਜ਼ਬੂਰਾਂ ਦੀ ਪੋਥੀ 139:8; ਯੂਹੰਨਾ 5:28, 29) ਤਾਂ ਫਿਰ ਯਹੋਵਾਹ ਲਈ ਇਹ ਜਾਣਨਾ ਕੋਈ ਔਖੀ ਗੱਲ ਨਹੀਂ ਕਿ ਇਨਸਾਨ ਦੇ ਦਿਲ ਵਿਚ ਕੀ ਹੈ। ਪੌਲੁਸ ਰਸੂਲ ਨੇ ਲਿਖਿਆ: “ਜਿਹ ਨੂੰ ਅਸਾਂ ਲੇਖਾ ਦੇਣਾ ਹੈ ਉਹ ਦੇ ਨੇਤਰਾਂ ਦੇ ਅੱਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁਲ੍ਹੀਆਂ ਪਈਆਂ ਹਨ।” (ਇਬਰਾਨੀਆਂ 4:13) ਪਖੰਡੀ ਇਨਸਾਨ ਦੂਜਿਆਂ ਨੂੰ ਤਾਂ ਧੋਖਾ ਦੇ ਸਕਦਾ ਹੈ, ਪਰ ਪਰਮੇਸ਼ੁਰ ਨੂੰ ਨਹੀਂ।

ਸਿੱਖਿਆ ਨੂੰ ਤੁੱਛ ਜਾਣਨ ਵਾਲਾ ਇਨਸਾਨ ਸਿਰਫ਼ ਤਾੜਨਾ ਨੂੰ ਹੀ ਨਫ਼ਰਤ ਨਹੀਂ ਕਰਦਾ, ਪਰ ਤਾੜਨਾ ਦੇਣ ਵਾਲੇ ਨੂੰ ਵੀ ਤੁੱਛ ਸਮਝਦਾ ਹੈ। ਸੁਲੇਮਾਨ ਨੇ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ: “ਮਖੌਲੀਆ ਤਾੜ ਨੂੰ ਪਸੰਦ ਨਹੀਂ ਕਰਦਾ, ਤੇ ਨਾ ਉਹ ਬੁੱਧਵਾਨਾਂ ਕੋਲ ਜਾਂਦਾ ਹੈ।” (ਕਹਾਉਤਾਂ 15:12) ਅਜਿਹੇ ਇਨਸਾਨ ਦੇ ਸੁਧਰਨ ਦੀ ਬਹੁਤੀ ਉਮੀਦ ਨਹੀਂ ਹੁੰਦੀ।

ਖ਼ੁਸ਼ ਰਹਿਣਾ ਸਿੱਖੋ

ਅਗਲੀਆਂ ਤਿੰਨ ਕਹਾਵਤਾਂ ਵਿਚ ਸੁਲੇਮਾਨ ਨੇ ਮਨ ਤੇ ਦਿਲ ਦੀ ਗੱਲ ਕੀਤੀ ਹੈ। ਸਾਡੇ ਦਿਲ ਦੀ ਦਸ਼ਾ ਸਾਡੇ ਚਿਹਰੇ ਤੋਂ ਜ਼ਾਹਰ ਹੋਣ ਬਾਰੇ ਸੁਲੇਮਾਨ ਨੇ ਕਿਹਾ: “ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ ਹੁੰਦਾ ਹੈ।”ਕਹਾਉਤਾਂ 15:13.

ਮਨ ਸੋਗੀ ਕਿਉਂ ਹੁੰਦਾ ਹੈ? ਬਾਈਬਲ ਕਹਿੰਦੀ ਹੈ: “ਮਨੁੱਖ ਦੇ ਦਿਲ ਵਿੱਚ ਚਿੰਤਾ ਉਹ ਨੂੰ [ਗਮ ਨਾਲ] ਝੁਕਾ ਦਿੰਦੀ ਹੈ।” (ਕਹਾਉਤਾਂ 12:25) ਅਸੀਂ ਜ਼ਿੰਦਗੀ ਦੀਆਂ ਦੁਖਦਾਇਕ ਘਟਨਾਵਾਂ ਨੂੰ ਆਪਣੇ ਤੇ ਹਾਵੀ ਹੋਣ ਤੋਂ ਕਿਵੇਂ ਰੋਕ ਸਕਦੇ ਹਾਂ? ਸਾਨੂੰ ਹਮੇਸ਼ਾ ਉਨ੍ਹਾਂ ਚੀਜ਼ਾਂ ਬਾਰੇ ਹੀ ਨਹੀਂ ਸੋਚੀ ਜਾਣਾ ਚਾਹੀਦਾ ਜਿਨ੍ਹਾਂ ਤੇ ਸਾਡਾ ਕੋਈ ਵੱਸ ਨਹੀਂ, ਸਗੋਂ ਸਾਨੂੰ ਯਹੋਵਾਹ ਦੀਆਂ ਉਨ੍ਹਾਂ ਬਰਕਤਾਂ ਬਾਰੇ ਸੋਚਣਾ ਚਾਹੀਦਾ ਜੋ ਉਸ ਨੇ ਸਾਨੂੰ ਹੁਣ ਦਿੱਤੀਆਂ ਹਨ ਜਾਂ ਭਵਿੱਖ ਵਿਚ ਦੇਣ ਦਾ ਵਾਅਦਾ ਕੀਤਾ ਹੈ। ਇਸ ਤਰ੍ਹਾਂ ਕਰਨ ਨਾਲ “ਪਰਮਧੰਨ ਪਰਮੇਸ਼ੁਰ” ਯਹੋਵਾਹ ਨਾਲ ਸਾਡਾ ਨਜ਼ਦੀਕੀ ਰਿਸ਼ਤਾ ਬਣਿਆ ਰਹੇਗਾ ਅਤੇ ਸਾਡੇ ਉਦਾਸ ਦਿਲ ਨੂੰ ਖ਼ੁਸ਼ੀ ਮਿਲੇਗੀ।—1 ਤਿਮੋਥਿਉਸ 1:11.

ਬਾਈਬਲ ਪੜ੍ਹਨ ਨਾਲ ਵੀ ਸਾਨੂੰ ਦਿਲਾਸਾ ਤੇ ਖ਼ੁਸ਼ੀ ਮਿਲ ਸਕਦੀ ਹੈ। ਜ਼ਬੂਰ 1:1, 2 ਵਿਚ ਕਿਹਾ ਗਿਆ ਹੈ ਕਿ ਉਹ ਇਨਸਾਨ ਖ਼ੁਸ਼ੀ ਪਾਉਂਦਾ ਹੈ ਜੋ “ਯਹੋਵਾਹ ਦੀ ਬਿਵਸਥਾ ਵਿੱਚ ਮਗਨ ਰਹਿੰਦਾ, ਅਤੇ ਦਿਨ ਰਾਤ ਉਸ ਦੀ ਬਿਵਸਥਾ ਉੱਤੇ ਧਿਆਨ ਕਰਦਾ ਹੈ।” ਜਦੋਂ ਸਾਡਾ ਦਿਲ ਦੁਖੀ ਹੁੰਦਾ ਹੈ, ਉਦੋਂ ਵੀ ਜੇ ਅਸੀਂ ਚਿੱਤ ਲਾ ਕੇ ਬਾਈਬਲ ਪੜ੍ਹਾਂਗੇ, ਤਾਂ ਸਾਨੂੰ ਹੌਸਲਾ ਮਿਲੇਗਾ। ਇਸ ਤੋਂ ਇਲਾਵਾ, ਯਹੋਵਾਹ ਨੇ ਸਾਨੂੰ ਪ੍ਰਚਾਰ ਕਰਨ ਦਾ ਜੋ ਕੰਮ ਸੌਂਪਿਆ ਹੈ, ਉਸ ਤੋਂ ਵੀ ਸਾਨੂੰ ਖ਼ੁਸ਼ੀ ਮਿਲਦੀ ਹੈ। ਬਾਈਬਲ ਕਹਿੰਦੀ ਹੈ ਕਿ “ਜਿਹੜੇ ਅੰਝੂਆਂ ਨਾਲ ਬੀਜਦੇ ਹਨ, ਓਹ ਜੈਕਾਰਿਆਂ ਨਾਲ ਵੱਢਣਗੇ।”—ਜ਼ਬੂਰਾਂ ਦੀ ਪੋਥੀ 126:5.

ਸੁਲੇਮਾਨ ਨੇ ਅੱਗੇ ਕਿਹਾ: “ਸਮਝ ਵਾਲੇ ਦਾ ਮਨ ਗਿਆਨ ਦੀ ਖੋਜ ਕਰਦਾ ਹੈ, ਪਰ ਮੂਰਖ ਦਾ ਮੂੰਹ ਮੂਰਖਤਾਈ ਚਰਦਾ ਹੈ।” (ਕਹਾਉਤਾਂ 15:14) ਇਸ ਕਹਾਵਤ ਵਿਚ ਦੱਸਿਆ ਗਿਆ ਹੈ ਕਿ ਸਮਝਦਾਰ ਬੰਦੇ ਦੀ ਸਲਾਹ ਵਿਚ ਤੇ ਮੂਰਖ ਬੰਦੇ ਦੀ ਸਲਾਹ ਵਿਚ ਕਿੰਨਾ ਫ਼ਰਕ ਹੁੰਦਾ ਹੈ। ਸਮਝ ਵਾਲਾ ਇਨਸਾਨ ਕੋਈ ਸਲਾਹ ਦੇਣ ਤੋਂ ਪਹਿਲਾਂ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਦਾ ਹੈ। ਉਹ ਪਹਿਲਾਂ ਸਾਰੀ ਗੱਲ ਸੁਣਦਾ ਹੈ ਅਤੇ ਪੂਰੀ ਹਕੀਕਤ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਫਿਰ ਉਹ ਬਾਈਬਲ ਵਿੱਚੋਂ ਖੋਜ ਕਰਦਾ ਹੈ ਤਾਂਕਿ ਉਹ ਬਾਈਬਲ ਦੇ ਨਿਯਮਾਂ ਤੇ ਅਸੂਲਾਂ ਅਨੁਸਾਰ ਸਹੀ ਸਲਾਹ ਦੇ ਸਕੇ। ਪਰ ਮੂਰਖ ਇਨਸਾਨ ਬਿਨਾਂ ਸਾਰੀ ਗੱਲ ਜਾਣੇ ਜੋ ਮੂੰਹ ਵਿਚ ਆਉਂਦਾ, ਕਹਿ ਦਿੰਦਾ ਹੈ। ਇਸ ਲਈ ਅਸੀਂ ਲੋੜ ਵੇਲੇ ਸਲਾਹ ਲੈਣ ਲਈ ਸਿਆਣੇ ਇਨਸਾਨਾਂ ਕੋਲ ਜਾਵਾਂਗੇ। ਅਸੀਂ ਉਨ੍ਹਾਂ ਕੋਲ ਨਹੀਂ ਜਾਵਾਂਗੇ ਜੋ ਸਾਨੂੰ ਉਹੀ ਦੱਸਣਗੇ ਜੋ ਅਸੀਂ ਸੁਣਨਾ ਚਾਹੁੰਦੇ ਹਾਂ। ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਡੀਆਂ ਕਲੀਸਿਯਾਵਾਂ ਵਿਚ ‘ਮਨੁੱਖਾਂ ਨੂੰ ਦਿੱਤੇ ਦਾਨ’ ਯਾਨੀ ਸਿਆਣੇ ਨਿਗਾਹਬਾਨ ਹਨ ਜੋ ਸਲਾਹ ਦੇਣ ਤੋਂ ਪਹਿਲਾਂ “ਗਿਆਨ ਦੀ ਖੋਜ” ਕਰਦੇ ਹਨ!—ਅਫ਼ਸੀਆਂ 4:8.

ਅਗਲੀ ਕਹਾਵਤ ਵਿਚ ਸੁਲੇਮਾਨ ਨੇ ਖ਼ੁਸ਼ ਰਹਿਣ ਦਾ ਇਕ ਖ਼ਾਸ ਫ਼ਾਇਦਾ ਦੱਸਿਆ। “ਗਰੀਬ ਦਾ ਜੀਵਨ ਇਕ ਸੰਘਰਸ਼ ਹੁੰਦਾ ਹੈ, ਪਰ ਖੁਸ਼ ਮਨ ਮਨੁੱਖ ਹਮੇਸ਼ਾ ਮਜ਼ੇ ਕਰਦਾ ਹੈ।” (ਕਹਾਉਤਾਂ 15:15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜ਼ਿੰਦਗੀ ਵਿਚ ਖ਼ੁਸ਼ੀ ਤੇ ਗਮ, ਹਾਸਾ ਤੇ ਰੋਣਾ ਦੋਵੇਂ ਹੁੰਦੇ ਹਨ। ਜੇ ਅਸੀਂ ਆਪਣੇ ਦੁੱਖਾਂ ਬਾਰੇ ਹੀ ਸੋਚਦੇ ਰਹੀਏ, ਤਾਂ ਸਾਡੀ ਜ਼ਿੰਦਗੀ ਗਮਾਂ ਵਿਚ ਨਿਕਲ ਜਾਵੇਗੀ। ਪਰ ਜੇ ਅਸੀਂ ਆਪਣੇ ਆਪ ਨੂੰ ਯਾਦ ਕਰਾਈਏ ਕਿ ਯਹੋਵਾਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਤੇ ਭਵਿੱਖ ਵਿਚ ਕੀ ਕਰੇਗਾ, ਤਾਂ ਦੁੱਖਾਂ ਦੇ ਬਾਵਜੂਦ ਸਾਡਾ ਦਿਲ ਖ਼ੁਸ਼ ਹੋਵੇਗਾ। ਖ਼ੁਸ਼ ਰਹਿਣ ਨਾਲ ਅਸੀਂ ‘ਹਮੇਸ਼ਾ ਮਜ਼ੇ ਕਰਾਂਗੇ।’

ਆਓ ਫਿਰ ਆਪਾਂ ਤਾੜਨਾ ਨੂੰ ਸਵੀਕਾਰ ਕਰ ਕੇ ਆਪਣੇ ਗੁੱਸੇ ਨੂੰ ਕਾਬੂ ਕਰੀਏ, ਮਿੱਠੇ ਬੋਲ ਬੋਲੀਏ, ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖੀਏ ਅਤੇ ਸਦਾ ਖ਼ੁਸ਼ ਰਹਿਣ ਦੀ ਕੋਸ਼ਿਸ਼ ਕਰੀਏ।

[ਸਫ਼ਾ 13 ਉੱਤੇ ਤਸਵੀਰ]

“ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ”

[ਸਫ਼ਾ 15 ਉੱਤੇ ਤਸਵੀਰ]

ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ

[ਸਫ਼ਾ 15 ਉੱਤੇ ਤਸਵੀਰ]

“ਬੁੱਧਵਾਨ ਦੇ ਬੁੱਲ੍ਹ ਗਿਆਨ ਨੂੰ ਖਿਲਾਰਦੇ ਹਨ”