ਉਪਦੇਸ਼ਕ ਦੀ ਕਿਤਾਬ 7:1-29

  • ਨੇਕਨਾਮੀ, ਮੌਤ ਦਾ ਦਿਨ (1-4)

  • ਬੁੱਧੀਮਾਨ ਦੀ ਝਿੜਕ (5-7)

  • ਕਿਸੇ ਮਾਮਲੇ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ (8-10)

  • ਬੁੱਧ ਦੇ ਫ਼ਾਇਦੇ (11, 12)

  • ਚੰਗੇ ਅਤੇ ਮਾੜੇ ਦਿਨ (13-15)

  • ਹੱਦੋਂ ਵੱਧ ਕੁਝ ਨਾ ਕਰ (16-22)

  • ਉਪਦੇਸ਼ਕ ਨੇ ਸਿੱਟਾ ਕੱਢਿਆ (23-29)

7  ਨੇਕਨਾਮੀ* ਵਧੀਆ ਤੇਲ ਨਾਲੋਂ ਚੰਗੀ ਹੈ+ ਅਤੇ ਮਰਨ ਦਾ ਦਿਨ ਜਨਮ ਲੈਣ ਦੇ ਦਿਨ ਨਾਲੋਂ ਚੰਗਾ ਹੈ।  ਦਾਅਵਤ ਵਾਲੇ ਘਰ ਜਾਣ ਨਾਲੋਂ ਸੋਗ ਵਾਲੇ ਘਰ ਜਾਣਾ ਚੰਗਾ ਹੈ+ ਕਿਉਂਕਿ ਮੌਤ ਹੀ ਹਰ ਇਨਸਾਨ ਦਾ ਅੰਤ ਹੈ ਅਤੇ ਜੀਉਂਦਿਆਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ।  ਹੱਸਣ ਨਾਲੋਂ ਸੋਗ ਮਨਾਉਣਾ ਚੰਗਾ ਹੈ+ ਕਿਉਂਕਿ ਚਿਹਰੇ ਦੀ ਉਦਾਸੀ ਦਾ ਦਿਲ ’ਤੇ ਚੰਗਾ ਅਸਰ ਪੈਂਦਾ ਹੈ।+  ਬੁੱਧੀਮਾਨ ਦਾ ਦਿਲ ਸੋਗ ਵਾਲੇ ਘਰ ਵਿਚ ਹੁੰਦਾ ਹੈ, ਪਰ ਮੂਰਖ ਦਾ ਦਿਲ ਦਾਅਵਤ ਵਾਲੇ ਘਰ ਵਿਚ ਹੁੰਦਾ ਹੈ।+  ਮੂਰਖਾਂ ਦੀ ਚਾਪਲੂਸੀ* ਨਾਲੋਂ ਬੁੱਧੀਮਾਨ ਦੀ ਝਿੜਕ ਸੁਣਨੀ ਚੰਗੀ ਹੈ।+  ਜਿਵੇਂ ਪਤੀਲੇ ਹੇਠ ਬਲ਼ਦੀਆਂ ਝਾੜੀਆਂ ਤਿੜਤਿੜ ਕਰਦੀਆਂ ਹਨ, ਉਸੇ ਤਰ੍ਹਾਂ ਮੂਰਖ ਦਾ ਹਾਸਾ ਹੁੰਦਾ ਹੈ।+ ਇਹ ਵੀ ਵਿਅਰਥ ਹੈ।  ਪਰ ਅਤਿਆਚਾਰ ਬੁੱਧੀਮਾਨ ਨੂੰ ਪਾਗਲ ਕਰ ਸਕਦਾ ਹੈ ਅਤੇ ਰਿਸ਼ਵਤ ਦਿਲ ਨੂੰ ਭ੍ਰਿਸ਼ਟ ਕਰਦੀ ਹੈ।+  ਕਿਸੇ ਮਾਮਲੇ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ ਹੁੰਦਾ ਹੈ। ਘਮੰਡ ਕਰਨ ਨਾਲੋਂ ਧੀਰਜ ਰੱਖਣਾ ਚੰਗਾ ਹੈ।+  ਕਿਸੇ ਦੀ ਗੱਲ ਦਾ ਛੇਤੀ ਬੁਰਾ ਨਾ ਮਨਾ+ ਕਿਉਂਕਿ ਬੁਰਾ ਮਨਾਉਣਾ ਮੂਰਖਾਂ ਦਾ ਕੰਮ* ਹੈ।+ 10  ਇਹ ਨਾ ਕਹਿ, “ਬੀਤ ਚੁੱਕਾ ਸਮਾਂ ਅੱਜ ਨਾਲੋਂ ਚੰਗਾ ਸੀ।” ਤੇਰੇ ਲਈ ਇਹ ਕਹਿਣਾ ਬੁੱਧੀਮਾਨੀ ਦੀ ਗੱਲ ਨਹੀਂ।+ 11  ਕਿਸੇ ਬੁੱਧੀਮਾਨ ਨੂੰ ਵਿਰਾਸਤ ਮਿਲਣੀ ਚੰਗੀ ਗੱਲ ਹੈ। ਬੁੱਧ ਤੋਂ ਉਨ੍ਹਾਂ ਸਾਰਿਆਂ ਨੂੰ ਫ਼ਾਇਦਾ ਹੁੰਦਾ ਹੈ ਜੋ ਦਿਨ ਦੀ ਰੌਸ਼ਨੀ ਦੇਖਦੇ ਹਨ।* 12  ਜਿਵੇਂ ਪੈਸਾ ਸੁਰੱਖਿਆ ਦਿੰਦਾ ਹੈ,+ ਤਿਵੇਂ ਬੁੱਧ ਸੁਰੱਖਿਆ ਦਿੰਦੀ ਹੈ।+ ਪਰ ਗਿਆਨ ਦੇ ਨਾਲ-ਨਾਲ ਬੁੱਧ ਹੋਣ ਦਾ ਫ਼ਾਇਦਾ ਇਹ ਹੈ ਕਿ ਇਹ ਆਪਣੇ ਮਾਲਕ ਦੀ ਜਾਨ ਦੀ ਰਾਖੀ ਕਰਦੀ ਹੈ।+ 13  ਸੱਚੇ ਪਰਮੇਸ਼ੁਰ ਦੇ ਕੰਮਾਂ ਵੱਲ ਧਿਆਨ ਦੇ। ਉਸ ਨੇ ਜੋ ਵੀ ਟੇਢਾ ਬਣਾਇਆ ਹੈ, ਉਸ ਨੂੰ ਕੌਣ ਸਿੱਧਾ ਕਰ ਸਕਦਾ ਹੈ?+ 14  ਜਦੋਂ ਦਿਨ ਚੰਗਾ ਬੀਤੇ, ਤਾਂ ਤੂੰ ਭਲਾਈ ਕਰ,+ ਪਰ ਬਿਪਤਾ ਦੇ ਦਿਨ ਸੋਚ-ਵਿਚਾਰ ਕਰ ਕਿ ਪਰਮੇਸ਼ੁਰ ਚੰਗੇ ਅਤੇ ਮਾੜੇ ਦਿਨ ਆਉਣ ਦਿੰਦਾ ਹੈ+ ਤਾਂਕਿ ਇਨਸਾਨ ਇਹ ਨਾ ਜਾਣ ਸਕੇ ਕਿ ਭਵਿੱਖ ਵਿਚ ਉਸ ਨਾਲ ਕੀ ਹੋਵੇਗਾ।+ 15  ਮੈਂ ਆਪਣੀ ਵਿਅਰਥ ਜ਼ਿੰਦਗੀ+ ਵਿਚ ਸਾਰਾ ਕੁਝ ਦੇਖਿਆ ਹੈ। ਨੇਕ ਇਨਸਾਨ ਨੇਕੀ ਕਰਨ ਦੇ ਬਾਵਜੂਦ ਵੀ ਖ਼ਤਮ ਹੋ ਜਾਂਦਾ ਹੈ,+ ਜਦ ਕਿ ਦੁਸ਼ਟ ਬੁਰਾਈ ਕਰਨ ਦੇ ਬਾਵਜੂਦ ਵੀ ਲੰਬੀ ਜ਼ਿੰਦਗੀ ਭੋਗਦਾ ਹੈ।+ 16  ਤੂੰ ਬਹੁਤਾ ਧਰਮੀ ਨਾ ਬਣ+ ਅਤੇ ਨਾ ਹੀ ਬਹੁਤਾ ਬੁੱਧੀਮਾਨ ਹੋਣ ਦਾ ਦਿਖਾਵਾ ਕਰ।+ ਇਸ ਤਰ੍ਹਾਂ ਕਰ ਕੇ ਤੂੰ ਆਪਣੀ ਹੀ ਬਰਬਾਦੀ ਦਾ ਕਾਰਨ ਕਿਉਂ ਬਣਦਾ ਹੈਂ?+ 17  ਤੂੰ ਬਹੁਤਾ ਦੁਸ਼ਟ ਨਾ ਬਣ ਤੇ ਨਾ ਹੀ ਮੂਰਖ ਬਣ।+ ਤੂੰ ਸਮੇਂ ਤੋਂ ਪਹਿਲਾਂ ਕਿਉਂ ਮਰਨਾ ਚਾਹੁੰਦਾਂ?+ 18  ਤੇਰੇ ਲਈ ਪਹਿਲੀ ਚੇਤਾਵਨੀ* ਵੱਲ ਧਿਆਨ ਦੇਣਾ ਚੰਗਾ ਹੈ, ਪਰ ਤੈਨੂੰ ਦੂਸਰੀ ਚੇਤਾਵਨੀ* ਨੂੰ ਵੀ ਅਣਸੁਣਿਆ ਨਹੀਂ ਕਰਨਾ ਚਾਹੀਦਾ+ ਕਿਉਂਕਿ ਪਰਮੇਸ਼ੁਰ ਤੋਂ ਡਰਨ ਵਾਲਾ ਇਨਸਾਨ ਦੋਵੇਂ ਚੇਤਾਵਨੀਆਂ ਵੱਲ ਧਿਆਨ ਦਿੰਦਾ ਹੈ। 19  ਬੁੱਧ ਇਕ ਬੁੱਧੀਮਾਨ ਆਦਮੀ ਨੂੰ ਸ਼ਹਿਰ ਵਿਚ ਦਸ ਤਕੜੇ ਆਦਮੀਆਂ ਨਾਲੋਂ ਜ਼ਿਆਦਾ ਤਾਕਤਵਰ ਬਣਾਉਂਦੀ ਹੈ।+ 20  ਧਰਤੀ ਉੱਤੇ ਅਜਿਹਾ ਕੋਈ ਨੇਕ ਇਨਸਾਨ ਨਹੀਂ ਹੈ ਜੋ ਹਮੇਸ਼ਾ ਚੰਗੇ ਕੰਮ ਕਰੇ ਅਤੇ ਕਦੀ ਪਾਪ ਨਾ ਕਰੇ।+ 21  ਨਾਲੇ ਦੂਸਰਿਆਂ ਦੀ ਹਰ ਗੱਲ ਦਿਲ ’ਤੇ ਨਾ ਲਾ;+ ਨਹੀਂ ਤਾਂ ਤੂੰ ਆਪਣੇ ਨੌਕਰ ਦੇ ਮੂੰਹੋਂ ਆਪਣੀ ਬੁਰਾਈ* ਸੁਣੇਂਗਾ; 22  ਤੇਰਾ ਦਿਲ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੂੰ ਆਪ ਵੀ ਬਹੁਤ ਵਾਰ ਦੂਸਰਿਆਂ ਦੀ ਬੁਰਾਈ ਕੀਤੀ ਹੈ।+ 23  ਮੈਂ ਇਹ ਸਭ ਗੱਲਾਂ ਆਪਣੀ ਬੁੱਧ ਨਾਲ ਪਰਖੀਆਂ ਅਤੇ ਕਿਹਾ: “ਮੈਂ ਬੁੱਧੀਮਾਨ ਬਣ ਜਾਵਾਂਗਾ।” ਪਰ ਇਹ ਮੇਰੇ ਵੱਸੋਂ ਬਾਹਰ ਸੀ। 24  ਜੋ ਵੀ ਵਾਪਰ ਚੁੱਕਾ ਹੈ, ਉਸ ਨੂੰ ਸਮਝਣਾ ਮੇਰੇ ਵੱਸੋਂ ਬਾਹਰ ਹੈ। ਇਹ ਬਹੁਤ ਹੀ ਡੂੰਘੀ ਗੱਲ ਹੈ। ਕੌਣ ਇਸ ਨੂੰ ਸਮਝ ਸਕਦਾ ਹੈ?+ 25  ਮੈਂ ਆਪਣਾ ਪੂਰਾ ਮਨ ਲਾ ਕੇ ਬੁੱਧ ਨੂੰ ਜਾਣਨ ਅਤੇ ਇਸ ਦੀ ਖੋਜਬੀਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਜੋ ਵੀ ਹੁੰਦਾ, ਉਹ ਕਿਉਂ ਹੁੰਦਾ ਹੈ। ਮੈਂ ਮੂਰਖਾਂ ਦੇ ਦੁਸ਼ਟ ਰਵੱਈਏ ਅਤੇ ਪਾਗਲਪੁਣਾ ਕਰਨ ਵਾਲਿਆਂ ਦੀ ਮੂਰਖਤਾ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ।+ 26  ਫਿਰ ਮੈਨੂੰ ਇਹ ਪਤਾ ਲੱਗਾ: ਉਹ ਤੀਵੀਂ ਮੌਤ ਨਾਲੋਂ ਵੀ ਬੁਰੀ ਹੈ ਜੋ ਸ਼ਿਕਾਰੀ ਦੇ ਜਾਲ਼ ਵਰਗੀ ਹੁੰਦੀ ਹੈ ਅਤੇ ਉਸ ਦਾ ਦਿਲ ਵੱਡੇ ਮੱਛੀ-ਜਾਲ਼ ਵਰਗਾ ਅਤੇ ਹੱਥ ਬੇੜੀਆਂ ਵਰਗੇ ਹੁੰਦੇ ਹਨ। ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਇਨਸਾਨ ਉਸ ਤੋਂ ਬਚਿਆ ਰਹੇਗਾ,+ ਪਰ ਪਾਪੀ ਉਸ ਦੇ ਜਾਲ਼ ਵਿਚ ਫਸ ਜਾਵੇਗਾ।+ 27  ਉਪਦੇਸ਼ਕ+ ਕਹਿੰਦਾ ਹੈ: “ਦੇਖੋ! ਮੈਨੂੰ ਇਹ ਪਤਾ ਲੱਗਾ ਹੈ। ਮੈਂ ਕਿਸੇ ਨਤੀਜੇ ’ਤੇ ਪਹੁੰਚਣ ਲਈ ਇਕ ਤੋਂ ਬਾਅਦ ਇਕ ਚੀਜ਼ ਦੀ ਜਾਂਚ ਕੀਤੀ, 28  ਪਰ ਜਿਸ ਚੀਜ਼ ਦੀ ਮੈਂ ਲਗਾਤਾਰ ਤਲਾਸ਼ ਕਰਦਾ ਰਿਹਾ, ਉਹ ਮੈਨੂੰ ਨਹੀਂ ਮਿਲੀ। ਮੈਨੂੰ ਇਕ ਹਜ਼ਾਰ ਲੋਕਾਂ ਵਿੱਚੋਂ ਇੱਕੋ ਨੇਕ ਆਦਮੀ ਲੱਭਾ, ਪਰ ਇਨ੍ਹਾਂ ਵਿੱਚੋਂ ਇਕ ਵੀ ਨੇਕ ਔਰਤ ਨਹੀਂ ਲੱਭੀ। 29  ਮੈਨੂੰ ਸਿਰਫ਼ ਇਹੀ ਪਤਾ ਲੱਗਾ ਹੈ: ਸੱਚੇ ਪਰਮੇਸ਼ੁਰ ਨੇ ਇਨਸਾਨ ਨੂੰ ਨੇਕ ਬਣਾਇਆ ਸੀ,+ ਪਰ ਉਹ ਆਪਣੀਆਂ ਹੀ ਯੋਜਨਾਵਾਂ ਮੁਤਾਬਕ ਚੱਲਣ ਲੱਗਾ।”+

ਫੁਟਨੋਟ

ਇਬ, “ਨਾਂ।”
ਇਬ, “ਦੇ ਗੀਤ।”
ਜਾਂ ਸੰਭਵ ਹੈ, “ਮੂਰਖਾਂ ਦੀ ਨਿਸ਼ਾਨੀ।”
ਯਾਨੀ, ਜੀਉਂਦੇ ਲੋਕ।
ਯਾਨੀ, ਆਇਤ 17 ਵਿਚ ਦਿੱਤੀ ਚੇਤਾਵਨੀ।
ਯਾਨੀ, ਆਇਤ 16 ਵਿਚ ਦਿੱਤੀ ਚੇਤਾਵਨੀ।
ਇਬ, “ਤੈਨੂੰ ਸਰਾਪ ਦਿੰਦਿਆਂ।”