ਕੂਚ 3:1-22

  • ਮੂਸਾ ਅਤੇ ਬਲ਼ਦੀ ਝਾੜੀ (1-12)

  • ਯਹੋਵਾਹ ਨੇ ਆਪਣੇ ਨਾਂ ਦਾ ਮਤਲਬ ਸਮਝਾਇਆ (13-15)

  • ਯਹੋਵਾਹ ਨੇ ਮੂਸਾ ਨੂੰ ਹਿਦਾਇਤਾਂ ਦਿੱਤੀਆਂ (16-22)

3  ਮੂਸਾ ਆਪਣੇ ਸਹੁਰੇ ਯਿਥਰੋ,+ ਜੋ ਮਿਦਿਆਨ ਦਾ ਪੁਜਾਰੀ ਸੀ, ਦੀਆਂ ਭੇਡਾਂ-ਬੱਕਰੀਆਂ ਦਾ ਚਰਵਾਹਾ ਬਣ ਗਿਆ। ਇਕ ਦਿਨ ਜਦ ਉਹ ਇੱਜੜ ਨੂੰ ਉਜਾੜ ਦੇ ਪੱਛਮ ਵਾਲੇ ਪਾਸੇ ਲਿਜਾ ਰਿਹਾ ਸੀ, ਤਾਂ ਉਹ ਤੁਰਦਾ-ਤੁਰਦਾ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ+ ਕੋਲ ਪਹੁੰਚ ਗਿਆ।  ਉੱਥੇ ਉਸ ਵੇਲੇ ਇਕ ਕੰਡਿਆਲ਼ੀ ਝਾੜੀ ਬਲ਼ ਰਹੀ ਸੀ ਅਤੇ ਯਹੋਵਾਹ ਦਾ ਦੂਤ ਅੱਗ ਦੀਆਂ ਲਪਟਾਂ ਵਿਚ ਉਸ ਸਾਮ੍ਹਣੇ ਪ੍ਰਗਟ ਹੋਇਆ।+ ਉਸ ਨੇ ਗੌਰ ਨਾਲ ਦੇਖਿਆ ਕਿ ਝਾੜੀ ਬਲ਼ ਤਾਂ ਰਹੀ ਸੀ, ਪਰ ਭਸਮ ਨਹੀਂ ਹੋ ਰਹੀ ਸੀ।  ਇਸ ਲਈ ਮੂਸਾ ਨੇ ਮਨ ਵਿਚ ਕਿਹਾ: “ਇਹ ਬਹੁਤ ਅਨੋਖਾ ਨਜ਼ਾਰਾ ਹੈ। ਮੈਂ ਜਾ ਕੇ ਦੇਖਦਾ ਹਾਂ ਕਿ ਕੰਡਿਆਲ਼ੀ ਝਾੜੀ ਭਸਮ ਕਿਉਂ ਨਹੀਂ ਹੋ ਰਹੀ।”  ਜਦੋਂ ਯਹੋਵਾਹ ਨੇ ਦੇਖਿਆ ਕਿ ਮੂਸਾ ਝਾੜੀ ਵੱਲ ਆ ਰਿਹਾ ਸੀ, ਤਾਂ ਪਰਮੇਸ਼ੁਰ ਨੇ ਝਾੜੀ ਵਿੱਚੋਂ ਉੱਚੀ ਆਵਾਜ਼ ਵਿਚ ਕਿਹਾ: “ਮੂਸਾ! ਮੂਸਾ!” ਉਸ ਨੇ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ।”  ਫਿਰ ਉਸ ਨੇ ਕਿਹਾ: “ਹੋਰ ਨੇੜੇ ਨਾ ਆਈਂ। ਆਪਣੀ ਜੁੱਤੀ ਲਾਹ ਦੇ ਕਿਉਂਕਿ ਤੂੰ ਪਵਿੱਤਰ ਜ਼ਮੀਨ ’ਤੇ ਖੜ੍ਹਾ ਹੈਂ।”  ਉਸ ਨੇ ਅੱਗੇ ਕਿਹਾ: “ਮੈਂ ਤੇਰੇ ਪਿਉ-ਦਾਦਿਆਂ* ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਪਰਮੇਸ਼ੁਰ,+ ਇਸਹਾਕ ਦਾ ਪਰਮੇਸ਼ੁਰ+ ਅਤੇ ਯਾਕੂਬ ਦਾ ਪਰਮੇਸ਼ੁਰ+ ਹਾਂ।” ਫਿਰ ਮੂਸਾ ਨੇ ਆਪਣਾ ਮੂੰਹ ਢਕ ਲਿਆ ਕਿਉਂਕਿ ਉਹ ਸੱਚੇ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ।  ਯਹੋਵਾਹ ਨੇ ਅੱਗੇ ਕਿਹਾ: “ਮੈਂ ਦੇਖਿਆ ਹੈ ਕਿ ਮਿਸਰ ਵਿਚ ਮੇਰੇ ਲੋਕ ਕਿੰਨੇ ਕਸ਼ਟ ਸਹਿ ਰਹੇ ਹਨ ਕਿਉਂਕਿ ਮਿਸਰੀ ਉਨ੍ਹਾਂ ਤੋਂ ਜਬਰਨ ਮਜ਼ਦੂਰੀ ਕਰਵਾ ਰਹੇ ਹਨ। ਮੈਂ ਉਨ੍ਹਾਂ ਦੀ ਦੁਹਾਈ ਸੁਣੀ ਹੈ ਅਤੇ ਉਨ੍ਹਾਂ ਦਾ ਦਰਦ ਚੰਗੀ ਤਰ੍ਹਾਂ ਜਾਣਦਾ ਹਾਂ।+  ਮੈਂ ਥੱਲੇ ਜਾ* ਕੇ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂਗਾ+ ਅਤੇ ਉਨ੍ਹਾਂ ਨੂੰ ਉਸ ਦੇਸ਼ ਵਿੱਚੋਂ ਕੱਢ ਕੇ ਇਕ ਵਧੀਆ ਅਤੇ ਖੁੱਲ੍ਹੇ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਹਾਂ, ਮੈਂ ਉਨ੍ਹਾਂ ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਦਾ ਇਲਾਕਾ ਦਿਆਂਗਾ।+  ਦੇਖ! ਇਜ਼ਰਾਈਲ ਦੇ ਲੋਕਾਂ ਦੀ ਦੁਹਾਈ ਮੇਰੇ ਤਕ ਪਹੁੰਚ ਗਈ ਹੈ ਅਤੇ ਮੈਂ ਦੇਖਿਆ ਹੈ ਕਿ ਮਿਸਰੀ ਉਨ੍ਹਾਂ ਉੱਤੇ ਕਿੰਨੀ ਬੇਰਹਿਮੀ ਨਾਲ ਜ਼ੁਲਮ ਢਾਹ ਰਹੇ ਹਨ।+ 10  ਇਸ ਲਈ ਮੈਂ ਤੈਨੂੰ ਫ਼ਿਰਊਨ ਕੋਲ ਘੱਲਾਂਗਾ ਅਤੇ ਤੂੰ ਮੇਰੀ ਪਰਜਾ ਇਜ਼ਰਾਈਲ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਵੇਂਗਾ।”+ 11  ਪਰ ਮੂਸਾ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਮੈਂ ਕੌਣ ਹਾਂ ਕਿ ਮੈਂ ਫ਼ਿਰਊਨ ਦੇ ਸਾਮ੍ਹਣੇ ਜਾਵਾਂ ਅਤੇ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵਾਂ?” 12  ਉਸ ਨੇ ਮੂਸਾ ਨੂੰ ਕਿਹਾ: “ਮੈਂ ਤੇਰੇ ਨਾਲ ਹੋਵਾਂਗਾ+ ਅਤੇ ਤੈਨੂੰ ਇਸ ਗੱਲ ਦਾ ਭਰੋਸਾ ਦਿਵਾਉਣ ਲਈ ਕਿ ਮੈਂ ਹੀ ਤੈਨੂੰ ਘੱਲਿਆ ਹੈ, ਮੈਂ ਤੇਰੇ ਨਾਲ ਇਹ ਵਾਅਦਾ ਕਰਦਾ ਹਾਂ: ਜਦੋਂ ਤੂੰ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂਗਾ, ਉਸ ਤੋਂ ਬਾਅਦ ਤੁਸੀਂ ਸਾਰੇ ਇਸ ਪਹਾੜ ਉੱਤੇ ਸੱਚੇ ਪਰਮੇਸ਼ੁਰ ਦੀ ਭਗਤੀ* ਕਰੋਗੇ।”+ 13  ਪਰ ਮੂਸਾ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਜੇ ਮੈਂ ਜਾ ਕੇ ਇਜ਼ਰਾਈਲੀਆਂ ਨੂੰ ਕਹਾਂ, ‘ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ,’ ਅਤੇ ਉਹ ਮੈਨੂੰ ਪੁੱਛਣ, ‘ਉਸ ਦਾ ਨਾਂ ਕੀ ਹੈ?’+ ਤਾਂ ਮੈਂ ਉਨ੍ਹਾਂ ਨੂੰ ਕੀ ਜਵਾਬ ਦਿਆਂ?” 14  ਇਸ ਲਈ ਪਰਮੇਸ਼ੁਰ ਨੇ ਮੂਸਾ ਕਿਹਾ: “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ* ਹਾਂ।”*+ ਫਿਰ ਉਸ ਨੇ ਅੱਗੇ ਕਿਹਾ: “ਤੂੰ ਇਜ਼ਰਾਈਲੀਆਂ ਨੂੰ ਇਹ ਕਹੀਂ, ‘ਮੈਨੂੰ ਉਸ ਨੇ ਘੱਲਿਆ ਹੈ ਜਿਸ ਦੇ ਨਾਂ ਦਾ ਮਤਲਬ ਹੈ “ਮੈਂ ਉਹ ਬਣਾਂਗਾ ਜੋ ਮੈਂ ਬਣਨਾ ਚਾਹੁੰਦਾ ਹਾਂ।”’”+ 15  ਪਰਮੇਸ਼ੁਰ ਨੇ ਮੂਸਾ ਨੂੰ ਦੁਬਾਰਾ ਇਹ ਗੱਲ ਕਹੀ: “ਤੂੰ ਇਜ਼ਰਾਈਲੀਆਂ ਨੂੰ ਕਹੀਂ: ‘ਯਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ,+ ਇਸਹਾਕ ਦੇ ਪਰਮੇਸ਼ੁਰ+ ਅਤੇ ਯਾਕੂਬ ਦੇ ਪਰਮੇਸ਼ੁਰ+ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ।’ ਹਮੇਸ਼ਾ ਲਈ ਮੇਰਾ ਇਹੀ ਨਾਂ ਹੈ+ ਅਤੇ ਪੀੜ੍ਹੀਓ-ਪੀੜ੍ਹੀ ਮੈਨੂੰ ਇਸੇ ਨਾਂ ਤੋਂ ਯਾਦ ਰੱਖਿਆ ਜਾਵੇਗਾ। 16  ਹੁਣ ਤੂੰ ਜਾਹ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਇਕੱਠਾ ਕਰ ਕੇ ਕਹਿ, ‘ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਮੇਰੇ ਸਾਮ੍ਹਣੇ ਪ੍ਰਗਟ ਹੋਇਆ ਸੀ ਅਤੇ ਉਸ ਨੇ ਕਿਹਾ: “ਮੈਂ ਤੁਹਾਡੀ ਹਾਲਤ ਵੱਲ ਧਿਆਨ ਦਿੱਤਾ ਹੈ+ ਅਤੇ ਦੇਖਿਆ ਹੈ ਕਿ ਮਿਸਰ ਵਿਚ ਤੁਹਾਡੇ ਨਾਲ ਕੀ-ਕੀ ਹੋ ਰਿਹਾ ਹੈ। 17  ਇਸ ਲਈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੁਹਾਨੂੰ ਮਿਸਰੀਆਂ ਦੇ ਜ਼ੁਲਮਾਂ ਤੋਂ ਬਚਾ ਕੇ+ ਕਨਾਨੀਆਂ, ਹਿੱਤੀਆਂ, ਅਮੋਰੀਆਂ,+ ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ+ ਦੇ ਦੇਸ਼ ਵਿਚ ਲੈ ਜਾਵਾਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।”’+ 18  “ਉਹ ਜ਼ਰੂਰ ਤੇਰੀ ਗੱਲ ਸੁਣਨਗੇ।+ ਤੂੰ ਅਤੇ ਇਜ਼ਰਾਈਲ ਦੇ ਬਜ਼ੁਰਗ ਸਾਰੇ ਜਣੇ ਮਿਸਰ ਦੇ ਰਾਜੇ ਕੋਲ ਜਾਇਓ। ਤੁਸੀਂ ਉਸ ਨੂੰ ਕਹਿਓ: ‘ਇਬਰਾਨੀ ਲੋਕਾਂ+ ਦੇ ਪਰਮੇਸ਼ੁਰ ਯਹੋਵਾਹ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਕਿਰਪਾ ਕਰ ਕੇ ਸਾਨੂੰ ਜਾਣ ਦੇ ਤਾਂਕਿ ਅਸੀਂ ਤਿੰਨ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਜਾਈਏ ਅਤੇ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਈਏ।’+ 19  ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਕਰਕੇ ਉਸ ਨੂੰ ਬਲਵੰਤ ਹੱਥ ਨਾਲ ਮਜਬੂਰ ਕਰਨਾ ਪਵੇਗਾ ਕਿ ਉਹ ਤੁਹਾਨੂੰ ਜਾਣ ਦੇਵੇ।+ 20  ਇਸ ਲਈ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉੱਥੇ ਅਨੋਖੇ ਕੰਮ ਕਰ ਕੇ ਉਨ੍ਹਾਂ ’ਤੇ ਕਹਿਰ ਢਾਹਾਂਗਾ ਜਿਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।+ 21  ਅਤੇ ਮੈਂ ਮਿਸਰੀਆਂ ਨੂੰ ਆਪਣੇ ਲੋਕਾਂ ਉੱਤੇ ਮਿਹਰਬਾਨ ਕਰਾਂਗਾ ਅਤੇ ਤੁਸੀਂ ਉੱਥੋਂ ਖਾਲੀ ਹੱਥ ਨਹੀਂ ਜਾਓਗੇ।+ 22  ਹਰ ਔਰਤ ਆਪਣੇ ਗੁਆਂਢੀ ਅਤੇ ਆਪਣੇ ਘਰ ਰਹਿ ਰਹੀ ਔਰਤ ਤੋਂ ਸੋਨੇ-ਚਾਂਦੀ ਦੀਆਂ ਚੀਜ਼ਾਂ ਅਤੇ ਕੱਪੜੇ ਮੰਗੇ ਅਤੇ ਤੁਸੀਂ ਉਹ ਆਪਣੇ ਧੀਆਂ-ਪੁੱਤਰਾਂ ਦੇ ਪਾਓਗੇ; ਤੁਸੀਂ ਮਿਸਰੀਆਂ ਨੂੰ ਲੁੱਟ ਲਓਗੇ।”+

ਫੁਟਨੋਟ

ਇਬ, “ਪਿਤਾ।”
ਜਾਂ, “ਵੱਲ ਧਿਆਨ ਦੇ।”
ਇਬ, “ਸੇਵਾ।”
ਜਾਂ, “ਬਣਨ ਦਾ ਫ਼ੈਸਲਾ ਕਰਦਾ।”
ਜਾਂ, “ਮੈਂ ਬਣਾਂਗਾ ਜੋ ਮੈਂ ਬਣਾਂਗਾ।” ਵਧੇਰੇ ਜਾਣਕਾਰੀ 1.4 ਦੇਖੋ।