Skip to content

Skip to table of contents

ਯਹੋਵਾਹ ਦੇ ਰਾਜ ਪ੍ਰਤੀ ਵਫ਼ਾਦਾਰ ਰਹੋ

ਯਹੋਵਾਹ ਦੇ ਰਾਜ ਪ੍ਰਤੀ ਵਫ਼ਾਦਾਰ ਰਹੋ

“ਉਹ ਦੁਨੀਆਂ ਵਰਗੇ ਨਹੀਂ ਹਨ।”ਯੂਹੰ. 17:16.

ਗੀਤ: 18, 54

1, 2. (ੳ) ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਅਤੇ ਦੁਨੀਆਂ ਦੇ ਲੜਾਈ-ਝਗੜਿਆਂ ਵਿਚ ਹਿੱਸਾ ਨਾ ਲੈਣ ਵਿਚ ਕੀ ਸੰਬੰਧ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਬਹੁਤ ਸਾਰੇ ਲੋਕ ਕਿਨ੍ਹਾਂ ਪ੍ਰਤੀ ਵਫ਼ਾਦਾਰ ਹਨ, ਪਰ ਇਸ ਦਾ ਕੀ ਨਤੀਜਾ ਨਿਕਲਦਾ ਹੈ?

ਯਹੋਵਾਹ ਦੇ ਸੇਵਕ ਨਿਰਪੱਖ ਰਹਿੰਦੇ ਹਨ ਤੇ ਉਨ੍ਹਾਂ ਮਾਮਲਿਆਂ ਵਿਚ ਦਖ਼ਲ ਨਹੀਂ ਦਿੰਦੇ ਜੋ ਲੋਕਾਂ ਨੂੰ ਕੌਮ, ਨਸਲ ਜਾਂ ਸਭਿਆਚਾਰ ਦੇ ਆਧਾਰ ’ਤੇ ਵੰਡਦੇ ਹਨ। ਕਿਉਂ? ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ, ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ ਤੇ ਉਸ ਦਾ ਕਹਿਣਾ ਮੰਨਦੇ ਹਾਂ। (1 ਯੂਹੰ. 5:3) ਭਾਵੇਂ ਅਸੀਂ ਜਿੱਥੇ ਮਰਜ਼ੀ ਰਹੀਏ ਜਾਂ ਜਿਹੜੇ ਮਰਜ਼ੀ ਪਿਛੋਕੜ ਦੇ ਹੋਈਏ, ਅਸੀਂ ਯਹੋਵਾਹ ਦੇ ਮਿਆਰਾਂ ਉੱਤੇ ਚੱਲਦੇ ਹਾਂ। ਯਹੋਵਾਹ ਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰ ਰਹਿਣਾ ਸਭ ਤੋਂ ਜ਼ਰੂਰੀ ਗੱਲ ਹੈ। (ਮੱਤੀ 6:33) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅਸੀਂ “ਦੁਨੀਆਂ ਵਰਗੇ ਨਹੀਂ” ਹਾਂ।ਯਸਾ. 2:4; ਯੂਹੰਨਾ 17:11, 15, 16 ਪੜ੍ਹੋ।

2 ਅੱਜ ਦੁਨੀਆਂ ਦੇ ਬਹੁਤ ਸਾਰੇ ਲੋਕ ਆਪਣੇ ਦੇਸ਼, ਕਬੀਲੇ, ਸਭਿਆਚਾਰ ਜਾਂ ਇੱਥੋਂ ਤਕ ਕਿ ਖੇਡ ਟੀਮਾਂ ਪ੍ਰਤੀ ਵਫ਼ਾਦਾਰ ਰਹਿੰਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਗੱਲਾਂ ਕਰਕੇ ਲੋਕ ਇਕ-ਦੂਜੇ ਨਾਲ ਮੁਕਾਬਲਾ ਕਰਦੇ ਹਨ, ਨਫ਼ਰਤ ਕਰਦੇ ਹਨ ਅਤੇ ਕਈ ਵਾਰ ਤਾਂ ਵਿਰੋਧੀ ਧਿਰ ਪ੍ਰਤੀ ਵਫ਼ਾਦਾਰ ਰਹਿਣ ਵਾਲਿਆਂ ਨੂੰ ਮਾਰ ਦਿੰਦੇ ਹਨ। ਚਾਹੇ ਅਸੀਂ ਇਨ੍ਹਾਂ ਲੜਾਈ-ਝਗੜਿਆਂ ਵਿਚ ਹਿੱਸਾ ਨਹੀਂ ਲੈਂਦੇ, ਪਰ ਇਨ੍ਹਾਂ ਦਾ ਅਸਰ ਸਾਡੇ ਅਤੇ ਸਾਡੇ ਪਰਿਵਾਰਾਂ ’ਤੇ ਪੈ ਸਕਦਾ ਹੈ। ਕਈ ਵਾਰ ਸ਼ਾਇਦ ਇਨ੍ਹਾਂ ਮਾਮਲਿਆਂ ਕਰਕੇ ਸਾਨੂੰ ਬੇਇਨਸਾਫ਼ੀ ਝੱਲਣੀ ਪਵੇ। ਜੇ ਇਕ ਸਰਕਾਰ ਅਨਿਆਂ ਕਰਦੀ ਹੈ, ਤਾਂ ਦੂਜੀਆਂ ਸਰਕਾਰਾਂ ਦੀ ਤਰਫ਼ਦਾਰੀ ਕਰਨੀ ਬਹੁਤ ਸੌਖੀ ਹੋ ਸਕਦੀ ਹੈ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਇਸ ਕਾਬਲੀਅਤ ਨਾਲ ਬਣਾਇਆ ਹੈ ਕਿ ਅਸੀਂ ਨਿਆਂ ਤੇ ਅਨਿਆਂ ਵਿਚ ਫ਼ਰਕ ਪਛਾਣ ਸਕੀਏ। (ਉਤ. 1:27; ਬਿਵ. 32:4) ਅਨਿਆਂ ਹੁੰਦਾ ਦੇਖ ਕੇ ਤੁਹਾਨੂੰ ਕਿੱਦਾਂ ਲੱਗਦਾ ਹੈ? ਕੀ ਤੁਸੀਂ ਨਿਰਪੱਖ ਰਹਿੰਦੇ ਹੋ ਜਾਂ ਪੱਖ ਲੈਂਦੇ ਹੋ?

3, 4. (ੳ) ਮਸੀਹੀ ਇਸ ਦੁਨੀਆਂ ਦੇ ਲੜਾਈ-ਝਗੜਿਆਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ? (ਅ) ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?

3 ਜਦੋਂ ਲੜਾਈ-ਝਗੜੇ ਹੁੰਦੇ ਹਨ, ਤਾਂ ਬਹੁਤ ਸਾਰੇ ਲੋਕ ਇਕ-ਦੂਜੇ ਦਾ ਪੱਖ ਲੈਂਦੇ ਹਨ ਕਿਉਂਕਿ ਸਰਕਾਰਾਂ ਉਨ੍ਹਾਂ ਨੂੰ ਭਰੋਸਾ ਦਿਵਾਉਂਦੀਆਂ ਹਨ ਕਿ ਚੰਗੇ ਨਾਗਰਿਕਾਂ ਨੂੰ ਇੱਦਾਂ ਹੀ ਕਰਨਾ ਚਾਹੀਦਾ ਹੈ। ਪਰ ਅਸੀਂ ਯਿਸੂ ਦੀ ਰੀਸ ਕਰਦੇ ਹਾਂ। ਸੋ ਅਸੀਂ ਨਾ ਤਾਂ ਰਾਜਨੀਤੀ ਵਿਚ ਤੇ ਨਾ ਹੀ ਯੁੱਧਾਂ ਵਿਚ ਹਿੱਸਾ ਲੈਂਦੇ ਹਾਂ। (ਮੱਤੀ 26:52) ਸੱਚੇ ਮਸੀਹੀ ਇਹ ਨਹੀਂ ਸੋਚਦੇ ਕਿ ਸ਼ੈਤਾਨ ਦੀ ਦੁਨੀਆਂ ਵਿਚ ਇਕ ਦੇਸ਼ ਦੂਜੇ ਦੇਸ਼ ਤੋਂ ਵਧੀਆ ਹੈ। (2 ਕੁਰਿੰ. 2:11) ਅਸੀਂ ਦੁਨੀਆਂ ਦੇ ਕਿਸੇ ਵੀ ਮਾਮਲੇ ਵਿਚ ਦਖ਼ਲ ਨਹੀਂ ਦੇਣਾ ਚਾਹੁੰਦੇ।ਯੂਹੰਨਾ 15:18, 19 ਪੜ੍ਹੋ।

4 ਨਾਮੁਕੰਮਲ ਹੋਣ ਕਰਕੇ ਸਾਡੇ ਵਿੱਚੋਂ ਸ਼ਾਇਦ ਕੁਝ ਉਨ੍ਹਾਂ ਲੋਕਾਂ ਲਈ ਗ਼ਲਤ ਵਿਚਾਰ ਰੱਖਣ ਜੋ ਸਾਡੇ ਤੋਂ ਅਲੱਗ ਹਨ। (ਯਿਰ. 17:9; ਅਫ਼. 4:22-24) ਇਸ ਲੇਖ ਵਿਚ ਅਸੀਂ ਕੁਝ ਅਸੂਲਾਂ ਬਾਰੇ ਸਿੱਖਾਂਗੇ ਜੋ ਸਾਡੀ ਇਸ ਤਰ੍ਹਾਂ ਦੀ ਸੋਚ ’ਤੇ ਕਾਬੂ ਪਾਉਣ ਵਿਚ ਮਦਦ ਕਰਨਗੇ। ਨਾਲੇ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਲੋਕਾਂ ਪ੍ਰਤੀ ਯਹੋਵਾਹ ਤੇ ਯਿਸੂ ਵਰਗਾ ਨਜ਼ਰੀਆ ਰੱਖਣਾ ਸਿੱਖ ਕੇ ਯਹੋਵਾਹ ਦੇ ਰਾਜ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੇ ਹਾਂ।

ਅਸੀਂ ਦੁਨੀਆਂ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਿਉਂ ਨਹੀਂ ਕਰਦੇ

5, 6. ਜਦ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਅਲੱਗ-ਅਲੱਗ ਵਰਗ ਦੇ ਲੋਕਾਂ ਨੂੰ ਕਿਵੇਂ ਵਿਚਾਰਿਆ ਤੇ ਕਿਉਂ?

5 ਜੇ ਤੁਹਾਨੂੰ ਨਿਰਪੱਖ ਰਹਿਣਾ ਔਖਾ ਲੱਗਦਾ ਹੈ, ਤਾਂ ਆਪਣੇ ਆਪ ਨੂੰ ਪੁੱਛੋ, ‘ਜੇ ਯਿਸੂ ਮੇਰੀ ਜਗ੍ਹਾ ਹੁੰਦਾ, ਤਾਂ ਉਹ ਕੀ ਕਰਦਾ?’ ਜਦੋਂ ਯਿਸੂ ਧਰਤੀ ’ਤੇ ਸੀ, ਤਾਂ ਯਹੂਦਾਹ, ਗਲੀਲ ਤੇ ਸਾਮਰੀਆ ਦੇ ਲੋਕਾਂ ਵਿਚਕਾਰ ਮਤਭੇਦ ਤੇ ਲੜਾਈ-ਝਗੜੇ ਹੁੰਦੇ ਸਨ। ਕੁਝ ਮਿਸਾਲਾਂ ’ਤੇ ਧਿਆਨ ਦਿਓ। ਯਹੂਦੀ ਤੇ ਸਾਮਰੀ ਲੋਕ ਇਕ-ਦੂਜੇ ਨਾਲ ਗੱਲ ਨਹੀਂ ਸੀ ਕਰਦੇ। (ਯੂਹੰ. 4:9) ਫ਼ਰੀਸੀ ਅਤੇ ਸਦੂਕੀ ਬਹੁਤ ਸਾਰੀਆਂ ਗੱਲਾਂ ਵਿਚ ਅਸਹਿਮਤ ਹੁੰਦੇ ਸਨ। (ਰਸੂ. 23:6-9) ਜਿਨ੍ਹਾਂ ਯਹੂਦੀਆਂ ਨੇ ਮੂਸਾ ਦੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ, ਉਹ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਤੋਂ ਜ਼ਿਆਦਾ ਵਧੀਆ ਸਮਝਦੇ ਸਨ ਜਿਨ੍ਹਾਂ ਨੇ ਮੂਸਾ ਦੇ ਕਾਨੂੰਨ ਦੀ ਪੜ੍ਹਾਈ ਨਹੀਂ ਕੀਤੀ ਸੀ। (ਯੂਹੰ. 7:49) ਯਹੂਦੀ ਲੋਕ ਟੈਕਸ ਵਸੂਲਣ ਵਾਲਿਆਂ ਅਤੇ ਰੋਮੀਆਂ ਨਾਲ ਨਫ਼ਰਤ ਕਰਦੇ ਸਨ। (ਮੱਤੀ 9:11) ਪਰ ਯਿਸੂ ਨੇ ਇਨ੍ਹਾਂ ਲੜਾਈ-ਝਗੜਿਆਂ ਵਿਚ ਦਖ਼ਲ ਨਹੀਂ ਦਿੱਤਾ। ਭਾਵੇਂ ਕਿ ਉਸ ਨੇ ਸੱਚਾਈ ਦਾ ਪੱਖ ਲਿਆ ਤੇ ਉਹ ਜਾਣਦਾ ਸੀ ਕਿ ਇਜ਼ਰਾਈਲੀ ਲੋਕ ਯਹੋਵਾਹ ਦੀ ਖ਼ਾਸ ਕੌਮ ਸਨ, ਪਰ ਉਸ ਨੇ ਆਪਣੇ ਚੇਲਿਆਂ ਨੂੰ ਕਦੀ ਨਹੀਂ ਸਿਖਾਇਆ ਕਿ ਉਹ ਦੂਜਿਆਂ ਨਾਲੋਂ ਬਿਹਤਰ ਸਨ। (ਯੂਹੰ. 4:22) ਇਸ ਦੀ ਬਜਾਇ, ਉਸ ਨੇ ਉਨ੍ਹਾਂ ਨੂੰ ਲੋਕਾਂ ਨਾਲ ਪਿਆਰ ਕਰਨਾ ਸਿਖਾਇਆ।ਲੂਕਾ 10:27.

6 ਯਿਸੂ ਨੇ ਇਕ ਵਰਗ ਦੇ ਲੋਕਾਂ ਨੂੰ ਦੂਜੇ ਵਰਗ ਦੇ ਲੋਕਾਂ ਨਾਲੋਂ ਉੱਚਾ ਦਰਜਾ ਕਿਉਂ ਨਹੀਂ ਦਿੱਤਾ? ਕਿਉਂਕਿ ਉਹ ਤੇ ਉਸ ਦਾ ਪਿਤਾ ਸਾਰੇ ਲੋਕਾਂ ਨੂੰ ਬਰਾਬਰ ਸਮਝਦੇ ਹਨ। ਯਹੋਵਾਹ ਨੇ ਆਪਣੇ ਪੁੱਤਰ ਰਾਹੀਂ ਇਕ ਆਦਮੀ ਤੇ ਤੀਵੀਂ ਨੂੰ ਬਣਾਇਆ ਤਾਂਕਿ ਉਹ ਧਰਤੀ ਨੂੰ ਵੱਖੋ-ਵੱਖਰੀਆਂ ਨਸਲਾਂ ਦੇ ਲੋਕਾਂ ਨਾਲ ਭਰ ਦੇਣ। (ਉਤ. 1:27, 28) ਸੋ ਯਹੋਵਾਹ ਤੇ ਯਿਸੂ ਕਿਸੇ ਨਸਲ, ਕੌਮ ਜਾਂ ਭਾਸ਼ਾ ਨੂੰ ਦੂਜਿਆਂ ਨਾਲੋਂ ਜ਼ਿਆਦਾ ਚੰਗਾ ਨਹੀਂ ਸਮਝਦੇ। (ਰਸੂ. 10:34, 35; ਪ੍ਰਕਾ. 7:9, 13, 14) ਸਾਨੂੰ ਉਨ੍ਹਾਂ ਦੀ ਵਧੀਆ ਮਿਸਾਲ ਦੀ ਰੀਸ ਕਰਨੀ ਚਾਹੀਦੀ ਹੈ।ਮੱਤੀ 5:43-48.

7, 8. (ੳ) ਅਸੀਂ ਕਿਸ ਦਾ ਪੱਖ ਲੈਂਦੇ ਹਾਂ ਅਤੇ ਕਿਉਂ? (ਅ) ਮਨੁੱਖਜਾਤੀ ਦੀਆਂ ਸਮੱਸਿਆਵਾਂ ਦਾ ਹੱਲ ਕਿਸ ਦੇ ਹੱਥ ਵਿਚ ਹੈ?

7 ਅਸੀਂ ਕਿਸੇ ਵੀ ਰਾਜੇ ਜਾਂ ਸਰਕਾਰ ਦਾ ਪੱਖ ਕਿਉਂ ਨਹੀਂ ਲੈਂਦੇ? ਕਿਉਂਕਿ ਅਸੀਂ ਯਹੋਵਾਹ ਦਾ ਪੱਖ ਲੈਂਦੇ ਹਾਂ ਅਤੇ ਉਹੀ ਸਾਡਾ ਰਾਜਾ ਹੈ। ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਕਿਹਾ ਸੀ ਕਿ ਯਹੋਵਾਹ ਇਨਸਾਨਾਂ ਲਈ ਸਭ ਤੋਂ ਵਧੀਆ ਰਾਜਾ ਨਹੀਂ ਹੈ। ਸ਼ੈਤਾਨ ਚਾਹੁੰਦਾ ਸੀ ਕਿ ਇਨਸਾਨ ਇਹ ਵਿਸ਼ਵਾਸ ਕਰਨ ਕਿ ਉਸ ਦਾ ਕੰਮ ਕਰਨ ਦਾ ਤਰੀਕਾ ਪਰਮੇਸ਼ੁਰ ਨਾਲੋਂ ਵਧੀਆ ਹੈ। ਯਹੋਵਾਹ ਸਾਨੂੰ ਖ਼ੁਦ ਫ਼ੈਸਲਾ ਕਰਨ ਦਿੰਦਾ ਹੈ ਕਿ ਅਸੀਂ ਕਿਸ ਦਾ ਪੱਖ ਲਵਾਂਗੇ। ਪਰ ਤੁਹਾਡੇ ਬਾਰੇ ਕੀ? ਕੀ ਤੁਸੀਂ ਯਹੋਵਾਹ ਦਾ ਇਸ ਲਈ ਕਹਿਣਾ ਮੰਨਦੇ ਹੋ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਉਸ ਦਾ ਕੰਮ ਕਰਨ ਦਾ ਤਰੀਕਾ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ? ਕੀ ਤੁਹਾਨੂੰ ਪੱਕਾ ਯਕੀਨ ਹੈ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਸਾਡੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ-ਇਕ ਹੱਲ ਹੈ? ਜਾਂ ਕੀ ਤੁਸੀਂ ਇਹ ਸੋਚਦੇ ਹੋ ਕਿ ਇਕ ਵਿਅਕਤੀ ਨੂੰ ਖ਼ੁਦ ਆਪਣੇ ਲਈ ਸਹੀ-ਗ਼ਲਤ ਦਾ ਫ਼ੈਸਲਾ ਕਰਨਾ ਚਾਹੀਦਾ ਹੈ?ਉਤ. 3:4, 5.

8 ਮਿਸਾਲ ਲਈ, ਜੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਕਿਸੇ ਰਾਜਨੀਤਿਕ ਪਾਰਟੀ, ਅੰਦੋਲਨਕਾਰੀ ਗਰੁੱਪ ਜਾਂ ਕਿਸੇ ਹੋਰ ਸੰਸਥਾ ਬਾਰੇ ਕੀ ਸੋਚਦੇ ਹੋ, ਤਾਂ ਤੁਸੀਂ ਕੀ ਜਵਾਬ ਦਿਓਗੇ? ਇਨ੍ਹਾਂ ਵਿੱਚੋਂ ਸ਼ਾਇਦ ਕੁਝ ਗਰੁੱਪ ਚੰਗੇ ਹੋਣ ਤੇ ਲੋਕਾਂ ਦੀ ਮਦਦ ਕਰਨੀ ਚਾਹੁਣ। ਪਰ ਸਾਨੂੰ ਅਹਿਸਾਸ ਹੈ ਕਿ ਸਿਰਫ਼ ਯਹੋਵਾਹ ਦਾ ਰਾਜ ਹੀ ਮਨੁੱਖਜਾਤੀ ਦੀਆਂ ਸਮੱਸਿਆਵਾਂ ਦਾ ਹੱਲ ਹੈ ਤੇ ਇਹ ਰਾਜ ਹੀ ਹਰ ਤਰ੍ਹਾਂ ਦੀ ਬੇਇਨਸਾਫ਼ੀ ਨੂੰ ਖ਼ਤਮ ਕਰ ਸਕਦਾ ਹੈ। ਨਾਲੇ ਮੰਡਲੀ ਵਿਚ ਸਾਰੇ ਜਣੇ ਆਪੋ-ਆਪਣੀ ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਅਗਵਾਈ ਅਧੀਨ ਚੱਲਦੇ ਹਨ। ਇਸੇ ਕਰਕੇ ਮੰਡਲੀ ਵਿਚ ਏਕਤਾ ਹੈ।

9. ਪਹਿਲੀ ਸਦੀ ਦੇ ਕੁਝ ਮਸੀਹੀਆਂ ਵਿਚ ਪੌਲੁਸ ਨੇ ਕਿਹੜੀ ਸਮੱਸਿਆ ਦੇਖੀ ਅਤੇ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ?

9 ਪਹਿਲੀ ਸਦੀ ਵਿਚ ਕੁਰਿੰਥੁਸ ਦੇ ਕੁਝ ਮਸੀਹੀ ਇਕ-ਦੂਜੇ ਨਾਲ ਬਹਿਸ ਕਰਦੇ ਸਨ: “‘ਮੈਂ ਪੌਲੁਸ ਦਾ ਚੇਲਾ ਹਾਂ,’ ਕੋਈ ਕਹਿੰਦਾ ਹੈ, ‘ਮੈਂ ਤਾਂ ਅਪੁੱਲੋਸ ਦਾ ਚੇਲਾ ਹਾਂ,’ ਕੋਈ ਹੋਰ ਕਹਿੰਦਾ ਹੈ, ‘ਮੈਂ ਤਾਂ ਕੇਫ਼ਾਸ ਦਾ ਚੇਲਾ ਹਾਂ,’ ਤੇ ਦੂਸਰਾ ਕਹਿੰਦਾ ਹੈ, ‘ਮੈਂ ਮਸੀਹ ਦਾ ਚੇਲਾ ਹਾਂ।’” ਜਦੋਂ ਪੌਲੁਸ ਨੂੰ ਇਹ ਗੱਲ ਪਤਾ ਲੱਗੀ, ਤਾਂ ਉਹ ਹੈਰਾਨ ਰਹਿ ਗਿਆ। ਇਹ ਬਹੁਤ ਹੀ ਗੰਭੀਰ ਸਮੱਸਿਆ ਸੀ ਕਿਉਂਕਿ ਇਸ ਕਰਕੇ ਮੰਡਲੀ ਦੀ ਸ਼ਾਂਤੀ ਖ਼ਤਰੇ ਵਿਚ ਸੀ। ਇਸ ਲਈ ਉਸ ਨੇ ਆਪਣੇ ਭੈਣਾਂ-ਭਰਾਵਾਂ ਨੂੰ ਕਿਹਾ: “ਤੁਸੀਂ ਤਾਂ ਮਸੀਹ ਦੀਆਂ ਵੰਡੀਆਂ ਪਾ ਲਈਆਂ ਹਨ।” ਪੌਲੁਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ: “ਭਰਾਵੋ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ’ਤੇ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਸ ਵਿਚ ਸਹਿਮਤ ਹੋਵੋ ਅਤੇ ਤੁਹਾਡੇ ਵਿਚ ਫੁੱਟ ਨਾ ਪਈ ਹੋਵੇ, ਸਗੋਂ ਤੁਸੀਂ ਇਕ ਮਨ ਹੋਵੋ ਅਤੇ ਇੱਕੋ ਜਿਹੀ ਸੋਚ ਰੱਖੋ।” ਇਹ ਗੱਲ ਅੱਜ ਵੀ ਸੱਚ ਹੈ। ਮੰਡਲੀ ਵਿਚ ਕਿਸੇ ਤਰ੍ਹਾਂ ਦੀ ਵੀ ਫੁੱਟ ਨਹੀਂ ਹੋਣੀ ਚਾਹੀਦੀ।1 ਕੁਰਿੰ. 1:10-13; ਰੋਮੀਆਂ 16:17, 18 ਪੜ੍ਹੋ।

10. ਪੌਲੁਸ ਨੇ ਮਸੀਹੀਆਂ ਨੂੰ ਕਿਹੜੀ ਗੱਲ ਯਾਦ ਕਰਾਈ ਅਤੇ ਸਾਨੂੰ ਇਸ ਤੋਂ ਕੀ ਸਿੱਖਣਾ ਚਾਹੀਦਾ ਹੈ?

10 ਪੌਲੁਸ ਨੇ ਚੁਣੇ ਹੋਏ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਹ ਸਵਰਗ ਦੇ ਨਾਗਰਿਕ ਹਨ ਤੇ ਉਨ੍ਹਾਂ ਨੂੰ “ਦੁਨਿਆਵੀ ਚੀਜ਼ਾਂ” ’ਤੇ ਧਿਆਨ ਨਹੀਂ ਲਾਉਣਾ ਚਾਹੀਦਾ। (ਫ਼ਿਲਿ. 3:17-20) * ਚੁਣੇ ਹੋਏ ਮਸੀਹੀ ਰਾਜਦੂਤ ਹਨ ਜੋ ਪਰਮੇਸ਼ੁਰ ਤੇ ਯਿਸੂ ਦੇ ਪ੍ਰਤਿਨਿਧੀ ਹਨ। ਜਦੋਂ ਰਾਜਦੂਤ ਕਿਸੇ ਹੋਰ ਦੇਸ਼ ਵਿਚ ਹੁੰਦਾ ਹੈ, ਤਾਂ ਉਹ ਉਸ ਦੇਸ਼ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਜਾਂ ਰਾਜਨੀਤੀ ਵਿਚ ਹਿੱਸਾ ਨਹੀਂ ਲੈਂਦਾ। ਇਸੇ ਤਰ੍ਹਾਂ ਚੁਣੇ ਹੋਏ ਮਸੀਹੀਆਂ ਲਈ ਇਹ ਸਹੀ ਨਹੀਂ ਹੋਵੇਗਾ ਕਿ ਉਹ ਦੁਨੀਆਂ ਦੀਆਂ ਸਮੱਸਿਆਵਾਂ ਤੇ ਰਾਜਨੀਤੀ ਵਿਚ ਹਿੱਸਾ ਲੈਣ। (2 ਕੁਰਿੰ. 5:20) ਜਿਨ੍ਹਾਂ ਦੀ ਉਮੀਦ ਇਸ ਧਰਤੀ ’ਤੇ ਹਮੇਸ਼ਾ ਰਹਿਣ ਦੀ ਹੈ, ਉਹ ਵੀ ਰਾਜ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਤੇ ਇਸ ਦੁਨੀਆਂ ਦੇ ਲੜਾਈ-ਝਗੜਿਆਂ ਵਿਚ ਹਿੱਸਾ ਨਹੀਂ ਲੈਂਦੇ।

ਯਹੋਵਾਹ ਦੇ ਵਫ਼ਾਦਾਰ ਰਹਿਣਾ ਸਿੱਖੋ

11, 12. (ੳ) ਜੇ ਅਸੀਂ ਯਹੋਵਾਹ ਦੇ ਵਫ਼ਾਦਾਰ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਕਿਸ ਤਰ੍ਹਾਂ ਦੇ ਰਵੱਈਏ ਤੋਂ ਦੂਰ ਰਹਿਣਾ ਚਾਹੀਦਾ ਹੈ? (ਅ) ਇਕ ਭੈਣ ਕੁਝ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦੀ ਸੀ ਤੇ ਉਸ ਦੀ ਸੋਚ ਬਦਲਣ ਵਿਚ ਕਿਹੜੀਆਂ ਗੱਲਾਂ ਨੇ ਮਦਦ ਕੀਤੀ?

11 ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਲੋਕ ਉਨ੍ਹਾਂ ਲੋਕਾਂ ਨਾਲ ਮਿਲਣਾ-ਗਿਲਣਾ ਜ਼ਿਆਦਾ ਪਸੰਦ ਕਰਦੇ ਹਨ ਜਿਨ੍ਹਾਂ ਦਾ ਪਿਛੋਕੜ, ਸਭਿਆਚਾਰ ਤੇ ਭਾਸ਼ਾ ਇੱਕੋ ਹੋਵੇ। ਉਹ ਅਕਸਰ ਆਪਣੇ ਦੇਸ਼ ’ਤੇ ਮਾਣ ਕਰਦੇ ਹਨ। ਪਰ ਸਾਨੂੰ ਇਸ ਤਰ੍ਹਾਂ ਦੇ ਰਵੱਈਏ ਦਾ ਆਪਣੇ ’ਤੇ ਅਸਰ ਨਹੀਂ ਪੈਣ ਦੇਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਆਪਣੀ ਸੋਚ ਬਦਲਣ ਅਤੇ ਆਪਣੀ ਜ਼ਮੀਰ ਨੂੰ ਸਿਖਾਉਣ ਦੀ ਲੋੜ ਹੈ ਤਾਂਕਿ ਅਸੀਂ ਹਰ ਹਾਲਾਤ ਵਿਚ ਨਿਰਪੱਖ ਰਹਿ ਸਕੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?

12 ਮਿਸਾਲ ਲਈ, ਮੀਰਏਤਾ  * ਦਾ ਜਨਮ ਉਸ ਦੇਸ਼ ਵਿਚ ਹੋਇਆ ਜਿਸ ਨੂੰ ਪਹਿਲਾਂ ਯੂਗੋਸਲਾਵੀਆ ਕਿਹਾ ਜਾਂਦਾ ਸੀ। ਉਸ ਦੀ ਪਰਵਰਿਸ਼ ਜਿਸ ਇਲਾਕੇ ਵਿਚ ਹੋਈ, ਉੱਥੇ ਦੇ ਲੋਕ ਸਰਬੀਆ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ। ਜਦੋਂ ਉਸ ਨੇ ਯਹੋਵਾਹ ਬਾਰੇ ਸਿੱਖਿਆ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਕਿਸੇ ਵੀ ਨਸਲ ਦਾ ਪੱਖ ਨਹੀਂ ਕਰਦਾ ਅਤੇ ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਇਕ-ਦੂਜੇ ਨਾਲ ਨਫ਼ਰਤ ਕਰੀਏ। ਇਸ ਲਈ ਉਸ ਨੇ ਆਪਣੀ ਸੋਚ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਜਦੋਂ ਉਸ ਇਲਾਕੇ ਦੇ ਅਲੱਗ-ਅਲੱਗ ਨਸਲਾਂ ਦੇ ਲੋਕਾਂ ਵਿਚ ਲੜਾਈ ਸ਼ੁਰੂ ਹੋ ਗਈ, ਤਾਂ ਮੀਰਏਤਾ ਦੇ ਦਿਲ ਵਿਚ ਸਰਬੀਆ ਦੇ ਲੋਕਾਂ ਦੇ ਖ਼ਿਲਾਫ਼ ਗ਼ਲਤ ਭਾਵਨਾਵਾਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਤਾਂ ਉਨ੍ਹਾਂ ਨੂੰ ਪ੍ਰਚਾਰ ਵੀ ਨਹੀਂ ਕਰਨਾ ਚਾਹੁੰਦੀ ਸੀ। ਉਹ ਜਾਣਦੀ ਸੀ ਕਿ ਇਹ ਸੋਚ ਗ਼ਲਤ ਸੀ। ਇਸ ਲਈ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਉਸ ਦੇ ਦਿਲ ਵਿੱਚੋਂ ਇੱਦਾਂ ਦੀਆਂ ਭਾਵਨਾਵਾਂ ਕੱਢਣ ਵਿਚ ਮਦਦ ਕਰੇ। ਉਸ ਨੇ ਪਾਇਨੀਅਰਿੰਗ ਸ਼ੁਰੂ ਕਰਨ ਲਈ ਵੀ ਯਹੋਵਾਹ ਤੋਂ ਮਦਦ ਮੰਗੀ। ਮੀਰਏਤਾ ਦੱਸਦੀ ਹੈ: “ਮੈਂ ਦੇਖਿਆ ਕਿ ਪ੍ਰਚਾਰ ’ਤੇ ਧਿਆਨ ਲਾਉਣ ਕਰਕੇ ਮੈਨੂੰ ਬਹੁਤ ਫ਼ਾਇਦਾ ਹੋਇਆ। ਪ੍ਰਚਾਰ ਵਿਚ ਮੈਂ ਯਹੋਵਾਹ ਵਰਗੇ ਚੰਗੇ ਗੁਣ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਦੇਖਿਆ ਕਿ ਮੇਰੇ ਅੰਦਰੋਂ ਗ਼ਲਤ ਭਾਵਨਾਵਾਂ ਨਿਕਲ ਗਈਆਂ।”

13. (ੳ) ਜ਼ੌਇਲਾ ਨਾਲ ਕੀ ਹੋਇਆ ਤੇ ਉਸ ਦਾ ਰਵੱਈਆ ਕਿਹੋ ਜਿਹਾ ਸੀ? (ਅ) ਅਸੀਂ ਜ਼ੌਇਲਾ ਦੇ ਤਜਰਬੇ ਤੋਂ ਕੀ ਸਿੱਖ ਸਕਦੇ ਹਾਂ?

13 ਜ਼ੌਇਲਾ ਮੈਕਸੀਕੋ ਤੋਂ ਹੈ ਜੋ ਯੂਰਪ ਜਾ ਕੇ ਰਹਿਣ ਲੱਗ ਪਈ। ਉਸ ਦੀ ਮੰਡਲੀ ਵਿਚ ਕੁਝ ਭੈਣ-ਭਰਾ ਲਾਤੀਨੀ ਅਮਰੀਕਾ ਦੇ ਹੋਰ ਹਿੱਸਿਆਂ ਤੋਂ ਹਨ। ਜ਼ੌਇਲਾ ਦੱਸਦੀ ਹੈ ਕਿ ਉਨ੍ਹਾਂ ਵਿੱਚੋਂ ਕੁਝ ਉਸ ਦੇ ਦੇਸ਼, ਉੱਥੋਂ ਦੇ ਰੀਤੀ-ਰਿਵਾਜਾਂ ਤੇ ਸੰਗੀਤ ਦਾ ਮਜ਼ਾਕ ਉਡਾਉਂਦੇ ਸਨ। ਇਹ ਗੱਲ ਉਸ ਨੂੰ ਬਹੁਤ ਬੁਰੀ ਲੱਗੀ, ਇਸ ਲਈ ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਸ ਨੂੰ ਭੈਣਾਂ-ਭਰਾਵਾਂ ਦੀਆਂ ਗੱਲਾਂ ਕਰਕੇ ਠੇਸ ਨਾ ਪਹੁੰਚੇ। ਜੇ ਅਸੀਂ ਉਸ ਦੀ ਜਗ੍ਹਾ ਹੁੰਦੇ, ਤਾਂ ਅਸੀਂ ਕੀ ਕਰਦੇ? ਕੁਝ ਲੋਕਾਂ ਨੂੰ ਅਜੇ ਵੀ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾਉਣਾ ਔਖਾ ਲੱਗਦਾ ਹੈ ਜਦੋਂ ਲੋਕ ਉਨ੍ਹਾਂ ਦੇ ਦੇਸ਼ ਬਾਰੇ ਕੁਝ ਬੁਰਾ-ਭਲਾ ਕਹਿ ਦਿੰਦੇ ਹਨ। ਸਾਨੂੰ ਕਦੇ ਵੀ ਕਿਸੇ ਨੂੰ ਅਜਿਹਾ ਕੁਝ ਨਹੀਂ ਕਹਿਣਾ ਜਾਂ ਕਰਨਾ ਚਾਹੀਦਾ ਜਿਸ ਨਾਲ ਲੋਕਾਂ ਦਾ ਇਕ ਵਰਗ ਦੂਜੇ ਵਰਗ ਦੇ ਲੋਕਾਂ ਤੋਂ ਵਧੀਆ ਲੱਗੇ। ਅਸੀਂ ਭੈਣਾਂ-ਭਰਾਵਾਂ ਜਾਂ ਲੋਕਾਂ ਵਿਚ ਫੁੱਟ ਨਹੀਂ ਪਾਉਣੀ ਚਾਹੁੰਦੇ।ਰੋਮੀ. 14:19; 2 ਕੁਰਿੰ. 6:3.

14. ਲੋਕਾਂ ਪ੍ਰਤੀ ਯਹੋਵਾਹ ਵਰਗਾ ਰਵੱਈਆ ਰੱਖਣ ਵਿਚ ਕਿਹੜੀਆਂ ਗੱਲਾਂ ਤੁਹਾਡੀ ਮਦਦ ਕਰ ਸਕਦੀਆਂ ਹਨ?

14 ਅਸੀਂ ਸਾਰੇ ਜਾਣਦੇ ਹਾਂ ਕਿ ਯਹੋਵਾਹ ਦੇ ਸੇਵਕ ਏਕਤਾ ਵਿਚ ਬੱਝੇ ਹੋਏ ਹਨ। ਇਸ ਲਈ ਸਾਨੂੰ ਕਦੇ ਵੀ ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਇਕ ਜਗ੍ਹਾ ਜਾਂ ਦੇਸ਼ ਦੇ ਲੋਕ ਹੋਰਾਂ ਤੋਂ ਬਿਹਤਰ ਹਨ। ਪਰ ਤੁਹਾਡੇ ਪਰਿਵਾਰ ਦੇ ਮੈਂਬਰ ਅਤੇ ਜਿਸ ਇਲਾਕੇ ਵਿਚ ਤੁਹਾਡੀ ਪਰਵਰਿਸ਼ ਹੋਈ ਹੈ, ਉੱਥੇ ਦੇ ਲੋਕਾਂ ਨੇ ਸ਼ਾਇਦ ਤੁਹਾਡੇ ਉੱਤੇ ਪ੍ਰਭਾਵ ਪਾਇਆ ਹੋਵੇ ਕਿ ਤੁਹਾਨੂੰ ਆਪਣੇ ਇਲਾਕੇ ਜਾਂ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ। ਇਸ ਲਈ ਸ਼ਾਇਦ ਤੁਸੀਂ ਅਜੇ ਵੀ ਕਈ ਵਾਰ ਹੋਰ ਕੌਮਾਂ ਦੇ ਲੋਕਾਂ, ਸਭਿਆਚਾਰਾਂ, ਭਾਸ਼ਾਵਾਂ ਜਾਂ ਨਸਲਾਂ ਬਾਰੇ ਗ਼ਲਤ ਸੋਚ ਰੱਖਦੇ ਹੋਵੋ। ਕਿਹੜੀ ਗੱਲ ਤੁਹਾਡੀ ਸੋਚ ਬਦਲਣ ਵਿਚ ਮਦਦ ਕਰ ਸਕਦੀ ਹੈ? ਇਸ ਗੱਲ ’ਤੇ ਸੋਚ-ਵਿਚਾਰ ਕਰੋ ਕਿ ਯਹੋਵਾਹ ਉਨ੍ਹਾਂ ਲੋਕਾਂ ਬਾਰੇ ਕਿਵੇਂ ਸੋਚਦਾ ਹੈ ਜੋ ਆਪਣੇ ਦੇਸ਼ ’ਤੇ ਮਾਣ ਕਰਦੇ ਹਨ ਜਾਂ ਸੋਚਦੇ ਹਨ ਕਿ ਉਹ ਦੂਜਿਆਂ ਨਾਲੋਂ ਬਿਹਤਰ ਹਨ। ਖ਼ੁਦ ਸਟੱਡੀ ਕਰਦੇ ਵੇਲੇ ਜਾਂ ਪਰਿਵਾਰਕ ਸਟੱਡੀ ਦੌਰਾਨ ਇਸ ਵਿਸ਼ੇ ਬਾਰੇ ਹੋਰ ਰਿਸਰਚ ਕਰੋ। ਫਿਰ ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਤੁਹਾਡੀ ਮਦਦ ਕਰੇ ਕਿ ਤੁਸੀਂ ਵੀ ਲੋਕਾਂ ਪ੍ਰਤੀ ਉਸ ਵਰਗਾ ਰਵੱਈਆ ਰੱਖੋ।ਰੋਮੀਆਂ 12:2 ਪੜ੍ਹੋ।

ਭਾਵੇਂ ਲੋਕ ਸਾਡੇ ਨਾਲ ਜੋ ਮਰਜ਼ੀ ਕਰਨ, ਪਰ ਸਾਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ (ਪੈਰੇ 15, 16 ਦੇਖੋ)

15, 16. (ੳ) ਵੱਖਰੇ ਨਜ਼ਰ ਆਉਣ ਕਰਕੇ ਕੁਝ ਲੋਕ ਸਾਡੇ ਨਾਲ ਕਿਵੇਂ ਪੇਸ਼ ਆਉਣਗੇ? (ਅ) ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਮਾਪੇ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ?

15 ਅਸੀਂ ਸ਼ੁੱਧ ਜ਼ਮੀਰ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਾਂ। ਇਸ ਲਈ ਕਈ ਵਾਰ ਅਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ, ਪੜ੍ਹਨ ਵਾਲਿਆਂ, ਗੁਆਂਢੀਆਂ ਜਾਂ ਰਿਸ਼ਤੇਦਾਰਾਂ ਤੋਂ ਵੱਖਰੇ ਨਜ਼ਰ ਆਉਂਦੇ ਹਾਂ। (1 ਪਤ. 2:19) ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਕਿ ਵੱਖਰੇ ਹੋਣ ਕਰਕੇ ਕਈ ਲੋਕ ਸਾਡੇ ਨਾਲ ਨਫ਼ਰਤ ਵੀ ਕਰਨਗੇ। ਯਾਦ ਰੱਖੋ ਕਿ ਸਾਡਾ ਵਿਰੋਧ ਕਰਨ ਵਾਲਿਆਂ ਵਿੱਚੋਂ ਬਹੁਤ ਸਾਰੇ ਲੋਕ ਪਰਮੇਸ਼ੁਰ ਦੇ ਰਾਜ ਬਾਰੇ ਜਾਣਦੇ ਹੀ ਨਹੀਂ ਹਨ। ਇਸ ਲਈ ਉਹ ਇਹ ਨਹੀਂ ਸਮਝ ਸਕਦੇ ਕਿ ਸਾਡੇ ਲਈ ਸਰਕਾਰਾਂ ਦੀ ਬਜਾਇ ਰਾਜ ਪ੍ਰਤੀ ਵਫ਼ਾਦਾਰ ਰਹਿਣਾ ਇੰਨਾ ਜ਼ਰੂਰੀ ਕਿਉਂ ਹੈ।

16 ਭਾਵੇਂ ਲੋਕ ਸਾਡੇ ਨਾਲ ਜੋ ਮਰਜ਼ੀ ਕਰਨ ਜਾਂ ਸਾਨੂੰ ਜੋ ਮਰਜ਼ੀ ਕਹਿਣ, ਪਰ ਸਾਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਉਸ ਦਾ ਕਹਿਣਾ ਮੰਨਣਾ ਚਾਹੀਦਾ ਹੈ। (ਦਾਨੀ. 3:16-18) ਖ਼ਾਸ ਕਰਕੇ ਨੌਜਵਾਨਾਂ ਨੂੰ ਸ਼ਾਇਦ ਦੂਜਿਆਂ ਤੋਂ ਵੱਖਰੇ ਨਜ਼ਰ ਆਉਣਾ ਔਖਾ ਲੱਗੇ। ਮਾਪਿਓ, ਸਕੂਲ ਵਿਚ ਆਪਣੇ ਬੱਚਿਆਂ ਦੀ ਦਲੇਰ ਬਣਨ ਵਿਚ ਮਦਦ ਕਰੋ। ਤੁਹਾਡੇ ਬੱਚੇ ਸ਼ਾਇਦ ਝੰਡੇ ਨੂੰ ਸਲਾਮੀ ਦੇਣ ਜਾਂ ਹੋਰ ਦਿਨ-ਤਿਉਹਾਰ ਮਨਾਉਣ ਤੋਂ ਇਨਕਾਰ ਕਰਨ ਤੋਂ ਡਰਨ। ਤੁਸੀਂ ਪਰਿਵਾਰਕ ਸਟੱਡੀ ਦੌਰਾਨ ਜਾਣ ਸਕਦੇ ਹੋ ਕਿ ਯਹੋਵਾਹ ਇਨ੍ਹਾਂ ਗੱਲਾਂ ਬਾਰੇ ਕੀ ਸੋਚਦਾ ਹੈ। ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਾਫ਼-ਸਾਫ਼ ਤੇ ਆਦਰ ਨਾਲ ਦੱਸਣਾ ਸਿਖਾਓ। (ਰੋਮੀ. 1:16) ਨਾਲੇ ਜੇ ਜ਼ਰੂਰੀ ਹੈ, ਤਾਂ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਤੁਸੀਂ ਖ਼ੁਦ ਟੀਚਰ ਨਾਲ ਗੱਲ ਕਰੋ ਤੇ ਉਨ੍ਹਾਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਓ।

ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ਦਾ ਆਨੰਦ ਮਾਣੋ

17. ਸਾਨੂੰ ਕਿਹੜੀ ਸੋਚ ਨੂੰ ਆਪਣੇ ਮਨ ਵਿੱਚੋਂ ਕੱਢਣਾ ਚਾਹੀਦਾ ਹੈ ਅਤੇ ਕਿਉਂ?

17 ਜਿਸ ਜਗ੍ਹਾ ਸਾਡੀ ਪਰਵਰਿਸ਼ ਹੋਈ ਹੁੰਦੀ ਹੈ, ਅਸੀਂ ਉੱਥੋਂ ਦੇ ਖਾਣੇ, ਭਾਸ਼ਾ, ਨਜ਼ਾਰਿਆਂ ਅਤੇ ਰੀਤਾਂ-ਰਸਮਾਂ ਦਾ ਆਨੰਦ ਮਾਣਦੇ ਹਾਂ। ਪਰ ਕੀ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੀ ਪਸੰਦ ਹਮੇਸ਼ਾ ਦੂਜੇ ਲੋਕਾਂ ਦੀ ਪਸੰਦ ਤੋਂ ਜ਼ਿਆਦਾ ਵਧੀਆ ਹੁੰਦੀ ਹੈ? ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਵੱਲੋਂ ਬਣਾਈਆਂ ਹੋਈਆਂ ਅਲੱਗ-ਅਲੱਗ ਚੀਜ਼ਾਂ ਦਾ ਆਨੰਦ ਮਾਣੀਏ। (ਜ਼ਬੂ. 104:24; ਪ੍ਰਕਾ. 4:11) ਤਾਂ ਫਿਰ, ਅਸੀਂ ਇਸ ਗੱਲ ’ਤੇ ਕਿਉਂ ਅੜੇ ਰਹੀਏ ਕਿ ਕੰਮ ਕਰਨ ਦਾ ਇਕ ਤਰੀਕਾ ਦੂਜੇ ਤਰੀਕੇ ਨਾਲੋਂ ਬਿਹਤਰ ਹੈ?

18. ਇਹ ਚੰਗਾ ਕਿਉਂ ਹੈ ਕਿ ਅਸੀਂ ਯਹੋਵਾਹ ਵਾਂਗ ਦੂਜਿਆਂ ਬਾਰੇ ਸੋਚੀਏ?

18 ਯਹੋਵਾਹ ਚਾਹੁੰਦਾ ਹੈ ਕਿ ਹਰ ਤਰ੍ਹਾਂ ਦੇ ਲੋਕ ਉਸ ਬਾਰੇ ਸਿੱਖਣ, ਉਸ ਦੀ ਭਗਤੀ ਕਰਨ ਤੇ ਹਮੇਸ਼ਾ ਲਈ ਜੀਉਂਦੇ ਰਹਿਣ। (ਯੂਹੰ. 3:16; 1 ਤਿਮੋ. 2:3, 4) ਅਸੀਂ ਦੂਜਿਆਂ ਦੇ ਵਿਚਾਰ ਸੁਣਨ ਲਈ ਤਿਆਰ ਹਾਂ ਅਤੇ ਅਕਸਰ ਅਸੀਂ ਉਨ੍ਹਾਂ ਦੀ ਗੱਲ ਮੰਨ ਸਕਦੇ ਹਾਂ, ਭਾਵੇਂ ਕਿ ਉਨ੍ਹਾਂ ਦੇ ਵਿਚਾਰ ਸ਼ਾਇਦ ਸਾਡੇ ਤੋਂ ਵੱਖਰੇ ਹੋਣ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਡੀ ਜ਼ਿੰਦਗੀ ਦਿਲਚਸਪ ਤੇ ਮਜ਼ੇਦਾਰ ਹੋਵੇਗੀ ਅਤੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਏਕਤਾ ਵਿਚ ਬੱਝੇ ਰਹਾਂਗੇ। ਯਹੋਵਾਹ ਅਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰ ਹੋਣ ਕਰਕੇ ਅਸੀਂ ਦੁਨੀਆਂ ਦੇ ਲੜਾਈ-ਝਗੜਿਆਂ ਵਿਚ ਹਿੱਸਾ ਨਹੀਂ ਲੈਂਦੇ। ਅਸੀਂ ਸ਼ੈਤਾਨ ਦੀ ਦੁਨੀਆਂ ਵਿਚ ਘਮੰਡ ਕਰਨ ਅਤੇ ਮੁਕਾਬਲੇਬਾਜ਼ੀ ਕਰਨ ਤੋਂ ਨਫ਼ਰਤ ਕਰਦੇ ਹਾਂ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਨੇ ਸਾਨੂੰ ਸ਼ਾਂਤੀ ਬਣਾਈ ਰੱਖਣੀ ਤੇ ਨਿਮਰ ਬਣਨਾ ਸਿਖਾਇਆ ਹੈ! ਅਸੀਂ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਕਿਹਾ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!”ਜ਼ਬੂ. 133:1.

^ ਪੈਰਾ 10 ਫ਼ਿਲਿੱਪੈ ਦੀ ਮੰਡਲੀ ਦੇ ਕੁਝ ਮੈਂਬਰਾਂ ਕੋਲ ਸ਼ਾਇਦ ਰੋਮੀ ਨਾਗਰਿਕਤਾ ਸੀ। ਇਸ ਕਰਕੇ ਉਨ੍ਹਾਂ ਕੋਲ ਆਪਣੇ ਭੈਣਾਂ-ਭਰਾਵਾਂ ਤੋਂ ਜ਼ਿਆਦਾ ਅਧਿਕਾਰ ਸਨ ਜਿਨ੍ਹਾਂ ਕੋਲ ਰੋਮੀ ਨਾਗਰਿਕਤਾ ਨਹੀਂ ਸੀ।

^ ਪੈਰਾ 12 ਕੁਝ ਨਾਂ ਬਦਲੇ ਗਏ ਹਨ।