Skip to content

Skip to table of contents

ਭਗਤੀ ਦੀ ਥਾਂ ਲਈ ਆਦਰ ਦਿਖਾਓ

ਭਗਤੀ ਦੀ ਥਾਂ ਲਈ ਆਦਰ ਦਿਖਾਓ

“ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ।”ਯੂਹੰ. 2:17.

ਗੀਤ: 13, 21

1, 2. (ੳ) ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕ ਉਸ ਦੀ ਭਗਤੀ ਕਿੱਥੇ ਕਰਦੇ ਸਨ? (ਅ) ਯਰੂਸ਼ਲਮ ਦੇ ਮੰਦਰ ਪ੍ਰਤੀ ਯਿਸੂ ਦਾ ਕੀ ਨਜ਼ਰੀਆ ਸੀ? (ੲ) ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ’ਤੇ ਗੌਰ ਕਰਾਂਗੇ?

ਪੁਰਾਣੇ ਜ਼ਮਾਨੇ ਤੋਂ ਹੀ ਪਰਮੇਸ਼ੁਰ ਦੇ ਸੇਵਕਾਂ ਕੋਲ ਪਰਮੇਸ਼ੁਰ ਦੀ ਭਗਤੀ ਕਰਨ ਲਈ ਥਾਵਾਂ ਹਨ। ਮਿਸਾਲ ਲਈ, ਸ਼ਾਇਦ ਹਾਬਲ ਨੇ ਬਲ਼ੀਆਂ ਚੜ੍ਹਾਉਣ ਲਈ ਵੇਦੀ ਬਣਾਈ ਹੋਵੇ। (ਉਤ. 4:3, 4) ਨੂਹ, ਅਬਰਾਹਾਮ, ਇਸਹਾਕ, ਯਾਕੂਬ ਤੇ ਮੂਸਾ ਨੇ ਵੀ ਵੇਦੀਆਂ ਬਣਾਈਆਂ ਸਨ। (ਉਤ. 8:20; 12:7; 26:25; 35:1; ਕੂਚ 17:15) ਯਹੋਵਾਹ ਨੇ ਇਜ਼ਰਾਈਲੀਆਂ ਨੂੰ ਤੰਬੂ ਬਣਾਉਣ ਲਈ ਕਿਹਾ ਸੀ। (ਕੂਚ 25:8) ਕੁਝ ਸਮੇਂ ਬਾਅਦ ਉਸ ਨੇ ਉਨ੍ਹਾਂ ਨੂੰ ਮੰਦਰ ਬਣਾਉਣ ਲਈ ਕਿਹਾ। (1 ਰਾਜ. 8:27, 29) ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋਣ ਤੋਂ ਬਾਅਦ ਉਹ ਬਾਕਾਇਦਾ ਸਭਾ ਘਰਾਂ ਵਿਚ ਇਕੱਠੇ ਹੁੰਦੇ ਸਨ। (ਮਰ. 6:2; ਯੂਹੰ. 18:20; ਰਸੂ. 15:21) ਪਹਿਲੀ ਸਦੀ ਦੇ ਮਸੀਹੀ ਭਗਤੀ ਕਰਨ ਲਈ ਘਰਾਂ ਵਿਚ ਇਕੱਠੇ ਹੁੰਦੇ ਸਨ। (ਰਸੂ. 12:12; 1 ਕੁਰਿੰ. 16:19) ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਲੱਖਾਂ ਹੀ ਕਿੰਗਡਮ ਹਾਲਾਂ ਵਿਚ ਇਕੱਠੇ ਹੁੰਦੇ ਹਨ ਜਿੱਥੇ ਉਹ ਯਹੋਵਾਹ ਬਾਰੇ ਸਿੱਖਦੇ ਤੇ ਉਸ ਦੀ ਭਗਤੀ ਕਰਦੇ ਹਨ।

2 ਯਿਸੂ ਯਰੂਸ਼ਲਮ ਵਿਚ ਯਹੋਵਾਹ ਦੇ ਮੰਦਰ ਦਾ ਦਿਲੋਂ ਆਦਰ ਕਰਦਾ ਸੀ। ਮੰਦਰ ਲਈ ਯਿਸੂ ਦਾ ਪਿਆਰ ਦੇਖ ਕੇ ਉਸ ਦੇ ਚੇਲਿਆਂ ਨੂੰ ਜ਼ਬੂਰਾਂ ਦੇ ਲਿਖਾਰੀ ਦੀ ਗੱਲ ਯਾਦ ਆਈ: “ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ।” (ਜ਼ਬੂ. 69:9; ਯੂਹੰ. 2:17) ਯਰੂਸ਼ਲਮ ਵਿਚ ਮੰਦਰ “ਯਹੋਵਾਹ ਦਾ ਭਵਨ” ਸੀ, ਪਰ ਕਿੰਗਡਮ ਹਾਲ ਯਹੋਵਾਹ ਦਾ ਘਰ ਨਹੀਂ ਹੈ। (2 ਇਤ. 5:13; 33:4) ਪਰ ਅਸੀਂ ਆਪਣੀਆਂ ਭਗਤੀ ਦੀਆਂ ਥਾਵਾਂ ਦਾ ਦਿਲੋਂ ਆਦਰ ਕਰਦੇ ਹਾਂ। ਇਸ ਲੇਖ ਵਿਚ ਅਸੀਂ ਬਾਈਬਲ ਦੇ ਕੁਝ ਸਿਧਾਂਤਾਂ ’ਤੇ ਗੌਰ ਕਰ ਕੇ ਸਿੱਖਾਂਗੇ ਕਿ ਕਿੰਗਡਮ ਹਾਲਾਂ ਵਿਚ ਸਾਡਾ ਰਵੱਈਆ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਸਾਨੂੰ ਉਨ੍ਹਾਂ ਦੀ ਸਾਂਭ-ਸੰਭਾਲ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਤੇ ਅਸੀਂ ਮੰਡਲੀ ਦੇ ਖ਼ਰਚਿਆਂ ਨੂੰ ਚਲਾਉਣ ਵਿਚ ਕਿੱਦਾਂ ਮਦਦ ਕਰ ਸਕਦੇ ਹਾਂ। *

ਅਸੀਂ ਆਪਣੀਆਂ ਸਭਾਵਾਂ ਪ੍ਰਤੀ ਆਦਰ ਦਿਖਾਉਂਦੇ ਹਾਂ

3-5. ਕਿੰਗਡਮ ਹਾਲ ਕੀ ਹੈ ਅਤੇ ਸਾਨੂੰ ਆਪਣੀਆਂ ਸਭਾਵਾਂ ਪ੍ਰਤੀ ਕਿਹੋ ਜਿਹਾ ਰਵੱਈਆ ਦਿਖਾਉਣਾ ਚਾਹੀਦਾ ਹੈ?

3 ਕਿੰਗਡਮ ਹਾਲ ਇਕ ਮੁੱਖ ਜਗ੍ਹਾ ਹੈ ਜਿੱਥੇ ਲੋਕ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ। ਸਭਾਵਾਂ ਯਹੋਵਾਹ ਵੱਲੋਂ ਤੋਹਫ਼ਾ ਹਨ ਅਤੇ ਇਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿਚ ਮਦਦ ਕਰਦੀਆਂ ਹਨ। ਇਨ੍ਹਾਂ ਸਭਾਵਾਂ ਰਾਹੀਂ ਉਸ ਦਾ ਸੰਗਠਨ ਸਾਨੂੰ ਲੋੜੀਂਦੀ ਹੱਲਾਸ਼ੇਰੀ ਅਤੇ ਸੇਧ ਦਿੰਦਾ ਹੈ। ਸਾਡੇ ਲਈ ਇਹ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ ਕਿ ਯਹੋਵਾਹ ਤੇ ਯਿਸੂ ਸਾਨੂੰ ਹਰ ਹਫ਼ਤੇ “ਯਹੋਵਾਹ ਦੇ ਮੇਜ਼” ਤੋਂ ਖਾਣਾ ਖਾਣ ਦਾ ਸੱਦਾ ਦਿੰਦੇ ਹਨ। ਸਾਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਸੱਦਾ ਸਾਡੇ ਲਈ ਕਿੰਨਾ ਖ਼ਾਸ ਹੈ!1 ਕੁਰਿੰ. 10:21.

4 ਯਹੋਵਾਹ ਨੇ ਸਾਨੂੰ ਸਾਫ਼-ਸਾਫ਼ ਦੱਸਿਆ ਹੈ ਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਭਗਤੀ ਕਰਨ ਲਈ ਮੀਟਿੰਗਾਂ ਵਿਚ ਜਾਈਏ ਅਤੇ ਇਕ-ਦੂਜੇ ਦਾ ਹੌਸਲਾ ਵਧਾਈਏ। (ਇਬਰਾਨੀਆਂ 10:24, 25 ਪੜ੍ਹੋ।) ਅਸੀਂ ਬਿਨਾਂ ਵਜ੍ਹਾ ਮੀਟਿੰਗਾਂ ਵਿਚ ਨਾਗਾ ਨਹੀਂ ਪਾਉਂਦੇ ਕਿਉਂਕਿ ਅਸੀਂ ਯਹੋਵਾਹ ਦਾ ਬਹੁਤ ਆਦਰ ਕਰਦੇ ਹਾਂ। ਮੀਟਿੰਗਾਂ ਦੀ ਤਿਆਰੀ ਕਰ ਕੇ ਤੇ ਇਨ੍ਹਾਂ ਵਿਚ ਦਿਲੋਂ ਹਿੱਸਾ ਲੈ ਕੇ ਅਸੀਂ ਇਨ੍ਹਾਂ ਲਈ ਕਦਰਦਾਨੀ ਦਿਖਾਉਂਦੇ ਹਾਂ।ਜ਼ਬੂ. 22:22.

5 ਮੀਟਿੰਗਾਂ ਵਿਚ ਅਸੀਂ ਜਿਹੋ ਜਿਹਾ ਰਵੱਈਆ ਦਿਖਾਉਂਦੇ ਹਾਂ ਤੇ ਜਿਸ ਤਰੀਕੇ ਨਾਲ ਅਸੀਂ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਦੇ ਹਾਂ, ਉਸ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਯਹੋਵਾਹ ਦਾ ਕਿੰਨਾ ਕੁ ਆਦਰ ਕਰਦੇ ਹਾਂ। ਅਸੀਂ ਆਪਣੇ ਚਾਲ-ਚਲਣ ਰਾਹੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਨੀ ਚਾਹੁੰਦੇ ਹਾਂ, ਜਿਸ ਦਾ ਨਾਂ ਅਕਸਰ ਕਿੰਗਡਮ ਹਾਲਾਂ ਦੇ ਸਾਈਨ ਬੋਰਡਾਂ ’ਤੇ ਲਿਖਿਆ ਹੁੰਦਾ ਹੈ।1 ਰਾਜ. 8:17 ਵਿਚ ਨੁਕਤਾ ਦੇਖੋ।

6. ਲੋਕਾਂ ਨੇ ਸਾਡੇ ਕਿੰਗਡਮ ਹਾਲਾਂ ਅਤੇ ਉੱਥੇ ਹਾਜ਼ਰ ਹੋਣ ਵਾਲਿਆਂ ਬਾਰੇ ਕੀ ਕਿਹਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

6 ਲੋਕ ਦੇਖਦੇ ਹਨ ਜਦੋਂ ਅਸੀਂ ਆਪਣੇ ਕਿੰਗਡਮ ਹਾਲਾਂ ਲਈ ਆਦਰ ਦਿਖਾਉਂਦੇ ਹਾਂ। ਮਿਸਾਲ ਲਈ, ਤੁਰਕੀ ਵਿਚ ਰਹਿਣ ਵਾਲੇ ਇਕ ਆਦਮੀ ਨੇ ਕਿਹਾ: “ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਤੇ ਸਾਰਾ ਕੁਝ ਸਹੀ ਢੰਗ ਨਾਲ ਹੁੰਦਾ ਦੇਖ ਕੇ ਮੈਂ ਬਹੁਤ ਪ੍ਰਭਾਵਿਤ ਹੋਇਆ। ਲੋਕਾਂ ਨੇ ਸਾਫ਼-ਸੁਥਰੇ ਤੇ ਵਧੀਆ ਕੱਪੜੇ ਪਾਏ ਹੋਏ ਸਨ, ਉਨ੍ਹਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਚਮਕ ਰਹੀ ਸੀ ਅਤੇ ਉਨ੍ਹਾਂ ਨੇ ਪਿਆਰ ਨਾਲ ਮੇਰਾ ਸੁਆਗਤ ਕੀਤਾ। ਇਨ੍ਹਾਂ ਗੱਲਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।” ਉਹ ਆਦਮੀ ਸਾਰੀਆਂ ਮੀਟਿੰਗਾਂ ਵਿਚ ਆਉਣ ਲੱਗਾ ਤੇ ਜਲਦੀ ਹੀ ਉਸ ਨੇ ਬਪਤਿਸਮਾ ਲੈ ਲਿਆ। ਇੰਡੋਨੇਸ਼ੀਆ ਦੇ ਇਕ ਸ਼ਹਿਰ ਦੇ ਭੈਣਾਂ-ਭਰਾਵਾਂ ਨੇ ਆਪਣੇ ਗੁਆਂਢੀਆਂ, ਸ਼ਹਿਰ ਦੇ ਮੇਅਰ ਤੇ ਹੋਰ ਅਧਿਕਾਰੀਆਂ ਨੂੰ ਆਪਣਾ ਨਵਾਂ ਕਿੰਗਡਮ ਹਾਲ ਦੇਖਣ ਲਈ ਬੁਲਾਇਆ। ਮੇਅਰ ਕਿੰਗਡਮ ਹਾਲ ਦੀ ਵਧੀਆ ਬਣਤਰ, ਸਾਜੋ-ਸਾਮਾਨ ਅਤੇ ਬਾਗ਼ਬਾਨੀ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਕਿਹਾ: “ਤੁਹਾਡੇ ਕਿੰਗਡਮ ਹਾਲ ਦੀ ਸਾਫ਼-ਸਫ਼ਾਈ ਦੇਖ ਕੇ ਤੁਹਾਡੇ ਮਜ਼ਬੂਤ ਵਿਸ਼ਵਾਸ ਬਾਰੇ ਪਤਾ ਲੱਗਦਾ ਹੈ।”

ਸਾਡੇ ਰਵੱਈਏ ਕਰਕੇ ਯਹੋਵਾਹ ਦੀ ਨਿਰਾਦਰੀ ਹੋ ਸਕਦੀ ਹੈ (ਪੈਰੇ 7, 8 ਦੇਖੋ)

7, 8. ਅਸੀਂ ਕਿੰਗਡਮ ਹਾਲ ਵਿਚ ਯਹੋਵਾਹ ਪ੍ਰਤੀ ਆਦਰ ਕਿਵੇਂ ਦਿਖਾ ਸਕਦੇ ਹਾਂ?

7 ਸਾਨੂੰ ਆਪਣੇ ਚਾਲ-ਚਲਣ, ਪਹਿਰਾਵੇ ਤੇ ਹਾਰ-ਸ਼ਿੰਗਾਰ ਰਾਹੀਂ ਯਹੋਵਾਹ ਦਾ ਆਦਰ ਕਰਨਾ ਚਾਹੀਦਾ ਹੈ ਜੋ ਸਾਨੂੰ ਮੀਟਿੰਗਾਂ ’ਤੇ ਆਉਣ ਦਾ ਸੱਦਾ ਦਿੰਦਾ ਹੈ। ਸਾਨੂੰ ਸਾਰਾ ਕੁਝ ਹੱਦ ਵਿਚ ਰਹਿ ਕੇ ਕਰਨਾ ਚਾਹੀਦਾ ਹੈ। ਇਹ ਦੇਖਿਆ ਗਿਆ ਹੈ ਕਿ ਕੁਝ ਜਣੇ ਸਖ਼ਤੀ ਨਾਲ ਕਾਨੂੰਨ ਬਣਾ ਲੈਂਦੇ ਹਨ ਕਿ ਮੀਟਿੰਗਾਂ ਵਿਚ ਸਾਡਾ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਕਈਆਂ ਨੂੰ ਇਸ ਗੱਲ ਨਾਲ ਕੋਈ ਫ਼ਰਕ ਹੀ ਨਹੀਂ ਪੈਂਦਾ ਕਿ ਕਿੰਗਡਮ ਹਾਲ ਵਿਚ ਕਿਸੇ ਦਾ ਰਵੱਈਆ ਕਿਹੋ ਜਿਹਾ ਹੈ। ਹਾਂ, ਇਹ ਸੱਚ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਸਾਨੂੰ ਅਤੇ ਹੋਰ ਲੋਕਾਂ ਨੂੰ ਕਿੰਗਡਮ ਹਾਲ ਵਿਚ ਜਾ ਕੇ ਵਧੀਆ ਲੱਗੇ। ਪਰ ਸਾਨੂੰ ਕਿਸੇ ਵੀ ਤਰੀਕੇ ਨਾਲ ਸਭਾਵਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਇਸ ਲਈ ਅਸੀਂ ਬੇਢੰਗੇ ਨਹੀਂ, ਸਗੋਂ ਸਲੀਕੇਦਾਰ ਕੱਪੜੇ ਪਾਉਂਦੇ ਹਾਂ। ਨਾਲੇ ਅਸੀਂ ਮੀਟਿੰਗਾਂ ਦੌਰਾਨ ਕਿਸੇ ਨੂੰ ਫ਼ੋਨ ’ਤੇ ਮੈਸਿਜ ਨਹੀਂ ਭੇਜਦੇ, ਦੂਜਿਆਂ ਨਾਲ ਗੱਲਾਂ ਨਹੀਂ ਕਰਦੇ ਜਾਂ ਖਾਂਦੇ-ਪੀਂਦੇ ਨਹੀਂ ਹਾਂ। ਇਸ ਤੋਂ ਇਲਾਵਾ, ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਕਿੰਗਡਮ ਹਾਲ ਦੌੜਨ-ਭੱਜਣ ਜਾਂ ਖੇਡਣ ਦੀ ਜਗ੍ਹਾ ਨਹੀਂ ਹੈ।ਉਪ. 3:1.

8 ਜਦੋਂ ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਮੰਦਰ ਵਿਚ ਵਪਾਰ ਕਰਦਿਆਂ ਦੇਖਿਆ, ਤਾਂ ਉਸ ਨੂੰ ਗੁੱਸਾ ਆਇਆ ਅਤੇ ਉਸ ਨੇ ਵਪਾਰੀਆਂ ਨੂੰ ਬਾਹਰ ਕੱਢ ਦਿੱਤਾ। (ਯੂਹੰ. 2:13-17) ਕਿੰਗਡਮ ਹਾਲਾਂ ਵਿਚ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ ਅਤੇ ਉਸ ਬਾਰੇ ਸਿੱਖਦੇ ਹਾਂ। ਇਸ ਲਈ ਸਾਨੂੰ ਕਿੰਗਡਮ ਹਾਲਾਂ ਵਿਚ ਕਾਰੋਬਾਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।ਨਹ. 13:7, 8 ਵਿਚ ਨੁਕਤਾ ਦੇਖੋ।

ਅਸੀਂ ਕਿੰਗਡਮ ਹਾਲ ਬਣਾਉਣ ਵਿਚ ਮਦਦ ਕਰਦੇ ਹਾਂ

9, 10. (ੳ) ਕਿੰਗਡਮ ਹਾਲ ਬਣਾਉਣ ਲਈ ਯਹੋਵਾਹ ਦੇ ਗਵਾਹ ਕੀ ਕਰਦੇ ਹਨ ਤੇ ਇਸ ਦਾ ਕੀ ਨਤੀਜਾ ਨਿਕਲਿਆ ਹੈ? (ਅ) ਉਨ੍ਹਾਂ ਮੰਡਲੀਆਂ ਦੀ ਮਦਦ ਲਈ ਕਿਹੜਾ ਪ੍ਰਬੰਧ ਕੀਤਾ ਗਿਆ ਹੈ ਜਿਹੜੀਆਂ ਕਿੰਗਡਮ ਹਾਲ ਬਣਾਉਣ ਦਾ ਖ਼ਰਚਾ ਆਪ ਨਹੀਂ ਚੁੱਕ ਸਕਦੀਆਂ?

9 ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਕਿੰਗਡਮ ਹਾਲ ਬਣਾਉਣ ਵਿਚ ਸਖ਼ਤ ਮਿਹਨਤ ਕਰਦੇ ਹਨ। ਵਲੰਟੀਅਰ ਕਿੰਗਡਮ ਹਾਲਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ-ਨਾਲ ਉਸਾਰੀ ਅਤੇ ਮੁਰੰਮਤ ਦਾ ਕੰਮ ਵੀ ਕਰਦੇ ਹਨ। ਉਹ ਇਸ ਕੰਮ ਲਈ ਕੋਈ ਪੈਸਾ ਨਹੀਂ ਲੈਂਦੇ। ਇਸ ਦਾ ਕੀ ਨਤੀਜਾ ਨਿਕਲਿਆ ਹੈ? 1 ਨਵੰਬਰ 1999 ਤੋਂ ਲੈ ਕੇ ਦੁਨੀਆਂ ਭਰ ਵਿਚ ਮੰਡਲੀਆਂ ਲਈ ਸ਼ੁੱਧ ਭਗਤੀ ਕਰਨ ਵਾਸਤੇ 28,000 ਤੋਂ ਜ਼ਿਆਦਾ ਕਿੰਗਡਮ ਹਾਲ ਬਣਾਏ ਗਏ ਹਨ। ਇਸ ਦਾ ਮਤਲਬ ਹੈ ਕਿ ਪਿਛਲੇ 15 ਸਾਲਾਂ ਦੌਰਾਨ ਲਗਭਗ ਹਰ ਰੋਜ਼ ਪੰਜ ਕਿੰਗਡਮ ਹਾਲ ਬਣਾਏ ਗਏ ਹਨ।

10 ਯਹੋਵਾਹ ਦਾ ਸੰਗਠਨ ਵਲੰਟੀਅਰਾਂ ਨੂੰ ਉਨ੍ਹਾਂ ਥਾਵਾਂ ’ਤੇ ਭੇਜਦਾ ਹੈ ਜਿੱਥੇ ਕਿੰਗਡਮ ਹਾਲ ਬਣਾਉਣ ਦੀ ਲੋੜ ਹੈ। ਕਿੰਗਡਮ ਹਾਲ ਬਣਾਉਣ ਦਾ ਕੰਮ ਦਾਨ ਦੀ ਸਹਾਇਤਾ ਨਾਲ ਚਲਾਇਆ ਜਾਂਦਾ ਹੈ। ਅਸੀਂ ਬਾਈਬਲ ਦੇ ਇਸ ਅਸੂਲ ’ਤੇ ਚੱਲਦੇ ਹਾਂ ਕਿ ਜਿਨ੍ਹਾਂ ਕੋਲ ਜ਼ਿਆਦਾ ਹੈ, ਉਹ ਗ਼ਰੀਬ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ। (2 ਕੁਰਿੰਥੀਆਂ 8:13-15 ਪੜ੍ਹੋ।) ਨਤੀਜੇ ਵਜੋਂ, ਉਨ੍ਹਾਂ ਮੰਡਲੀਆਂ ਵਾਸਤੇ ਨਵੇਂ ਕਿੰਗਡਮ ਹਾਲ ਬਣਾਏ ਗਏ ਹਨ ਜਿਹੜੀਆਂ ਇਨ੍ਹਾਂ ਦਾ ਖ਼ਰਚਾ ਆਪ ਨਹੀਂ ਚੁੱਕ ਸਕਦੀਆਂ।

11. ਕੁਝ ਭੈਣ-ਭਰਾ ਆਪਣੇ ਨਵੇਂ ਕਿੰਗਡਮ ਹਾਲ ਬਾਰੇ ਕੀ ਕਹਿੰਦੇ ਹਨ ਤੇ ਉਨ੍ਹਾਂ ਦੀਆਂ ਗੱਲਾਂ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

11 ਕਾਸਟਾ ਰੀਕਾ ਦੀ ਇਕ ਮੰਡਲੀ ਦੇ ਭੈਣਾਂ-ਭਰਵਾਂ ਨੇ ਲਿਖਿਆ: “ਜਦੋਂ ਅਸੀਂ ਕਿੰਗਡਮ ਹਾਲ ਦੇ ਬਾਹਰ ਖੜ੍ਹੇ ਹੁੰਦੇ ਹਾਂ, ਤਾਂ ਸਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਸਾਡੇ ਕੋਲ ਆਪਣਾ ਕਿੰਗਡਮ ਹਾਲ ਹੈ! ਸਾਡੇ ਕਿੰਗਡਮ ਹਾਲ ਬਣਾਉਣ ਦਾ ਕੰਮ ਸਿਰਫ਼ ਅੱਠ ਦਿਨਾਂ ਦੇ ਅੰਦਰ-ਅੰਦਰ ਖ਼ਤਮ ਹੋ ਗਿਆ! ਇਹ ਯਹੋਵਾਹ ਦੀ ਬਰਕਤ, ਸੰਗਠਨ ਵੱਲੋਂ ਕੀਤੇ ਗਏ ਪ੍ਰਬੰਧ ਅਤੇ ਸਾਡੇ ਪਿਆਰੇ ਭੈਣਾਂ-ਭਰਾਵਾਂ ਦੇ ਸਾਥ ਨਾਲ ਹੀ ਮੁਮਕਿਨ ਹੋ ਸਕਿਆ ਹੈ। ਇਹ ਕਿੰਗਡਮ ਹਾਲ ਸਾਨੂੰ ਯਹੋਵਾਹ ਵੱਲੋਂ ਮਿਲਿਆ ਇਕ ਬੇਸ਼ਕੀਮਤੀ ਤੋਹਫ਼ਾ ਹੈ। ਵਾਕਈ, ਅਸੀਂ ਆਪਣੀ ਖ਼ੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।” ਭੈਣਾਂ-ਭਰਾਵਾਂ ਨੂੰ ਯਹੋਵਾਹ ਦਾ ਧੰਨਵਾਦ ਕਰਦਿਆਂ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਨਾਲੇ ਸਾਨੂੰ ਇਸ ਗੱਲ ਦੀ ਵੀ ਖ਼ੁਸ਼ੀ ਹੈ ਕਿ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਕੋਲ ਆਪਣੇ ਕਿੰਗਡਮ ਹਾਲ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਕਿੰਗਡਮ ਹਾਲ ਬਣਾਉਣ ਦੇ ਕੰਮ ਉੱਤੇ ਬਰਕਤ ਪਾ ਰਿਹਾ ਹੈ ਕਿਉਂਕਿ ਕਿੰਗਡਮ ਹਾਲ ਬਣਨ ਕਰਕੇ ਹੋਰ ਵੀ ਜ਼ਿਆਦਾ ਲੋਕ ਸਭਾਵਾਂ ਵਿਚ ਆ ਕੇ ਯਹੋਵਾਹ ਬਾਰੇ ਸਿੱਖਣਾ ਸ਼ੁਰੂ ਕਰ ਦਿੰਦੇ ਹਨ।ਜ਼ਬੂ. 127:1.

12. ਤੁਸੀਂ ਕਿੰਗਡਮ ਹਾਲ ਬਣਾਉਣ ਵਿਚ ਕਿਵੇਂ ਹਿੱਸਾ ਲੈ ਸਕਦੇ ਹੋ?

12 ਤੁਸੀਂ ਕਿੰਗਡਮ ਹਾਲ ਬਣਾਉਣ ਵਿਚ ਕਿਵੇਂ ਮਦਦ ਕਰ ਸਕਦੇ ਹੋ? ਸ਼ਾਇਦ ਤੁਸੀਂ ਖ਼ੁਸ਼ੀ-ਖ਼ੁਸ਼ੀ ਆਪਣੇ ਆਪ ਨੂੰ ਇਸ ਕੰਮ ਲਈ ਪੇਸ਼ ਕਰ ਸਕਦੇ ਹੋ। ਨਾਲੇ ਅਸੀਂ ਸਾਰੇ ਜਣੇ ਇਸ ਕੰਮ ਲਈ ਦਾਨ ਦੇ ਸਕਦੇ ਹਾਂ। ਜਦੋਂ ਅਸੀਂ ਆਪਣੀ ਪੂਰੀ ਵਾਹ ਲਾ ਕੇ ਕਿੰਗਡਮ ਹਾਲ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਕਿ ਇਸ ਤਰ੍ਹਾਂ ਕਰ ਕੇ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ। ਜਦੋਂ ਅਸੀਂ ਭਗਤੀ ਦੀਆਂ ਥਾਵਾਂ ਨੂੰ ਬਣਾਉਣ ਲਈ ਦਿਲ ਖੋਲ੍ਹ ਕੇ ਦਾਨ ਦਿੰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਪੁਰਾਣੇ ਜ਼ਮਾਨੇ ਦੇ ਸੇਵਕਾਂ ਦੀ ਰੀਸ ਕਰ ਰਹੇ ਹੁੰਦੇ ਹਾਂ।ਕੂਚ 25:2; 2 ਕੁਰਿੰ. 9:7.

ਅਸੀਂ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਦੇ ਹਾਂ

13, 14. ਬਾਈਬਲ ਦੇ ਕਿਹੜੇ ਅਸੂਲਾਂ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਆਪਣੇ ਕਿੰਗਡਮ ਹਾਲਾਂ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ?

13 ਅਸੀਂ ਸ਼ੁੱਧ ਅਤੇ ਪਵਿੱਤਰ ਪਰਮੇਸ਼ੁਰ ਦੀ ਭਗਤੀ ਕਰਦੇ ਹਾਂ ਜੋ ਚਾਹੁੰਦਾ ਹੈ ਕਿ ਅਸੀਂ ਸਾਰੇ ਕੰਮ ਸਲੀਕੇ ਤੇ ਸਹੀ ਢੰਗ ਨਾਲ ਕਰੀਏ। ਇਸ ਲਈ ਸਾਨੂੰ ਆਪਣੇ ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ। (1 ਕੁਰਿੰਥੀਆਂ 14:33, 40 ਪੜ੍ਹੋ।) ਯਹੋਵਾਹ ਵਾਂਗ ਸ਼ੁੱਧ ਤੇ ਪਵਿੱਤਰ ਹੋਣ ਲਈ ਅਸੀਂ ਨਾ ਸਿਰਫ਼ ਆਪਣੇ ਸਰੀਰਾਂ ਨੂੰ ਸਾਫ਼ ਰੱਖਦੇ ਹਾਂ, ਸਗੋਂ ਅਸੀਂ ਆਪਣੀ ਭਗਤੀ ਤੇ ਆਪਣੀ ਸੋਚ ਨੂੰ ਵੀ ਸਾਫ਼ ਰੱਖਦੇ ਹਾਂ ਅਤੇ ਸਹੀ ਕੰਮ ਕਰਦੇ ਹਾਂ।ਪ੍ਰਕਾ. 19:8.

14 ਜਦੋਂ ਅਸੀਂ ਕਿੰਗਡਮ ਹਾਲ ਨੂੰ ਸਾਫ਼ ਰੱਖਦੇ ਹਾਂ, ਤਾਂ ਅਸੀਂ ਫ਼ਖ਼ਰ ਨਾਲ ਲੋਕਾਂ ਨੂੰ ਸਭਾਵਾਂ ਵਿਚ ਬੁਲਾਉਂਦੇ ਹਾਂ। ਲੋਕ ਦੇਖ ਸਕਣਗੇ ਕਿ ਅਸੀਂ ਜਿਸ ਸਾਫ਼-ਸੁਥਰੀ ਦੁਨੀਆਂ ਬਾਰੇ ਲੋਕਾਂ ਨੂੰ ਦੱਸਦੇ ਹਾਂ, ਅਸਲ ਵਿਚ ਉਨ੍ਹਾਂ ਗੱਲਾਂ ਨੂੰ ਅਸੀਂ ਹੁਣ ਤੋਂ ਹੀ ਲਾਗੂ ਕਰ ਰਹੇ ਹਾਂ। ਨਾਲੇ ਇਸ ਤੋਂ ਉਹ ਦੇਖ ਸਕਣਗੇ ਕਿ ਅਸੀਂ ਪਵਿੱਤਰ ਅਤੇ ਸ਼ੁੱਧ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਾਂ ਜੋ ਬਹੁਤ ਜਲਦ ਸਾਰੀ ਧਰਤੀ ਨੂੰ ਖ਼ੂਬਸੂਰਤ ਬਣਾਉਣ ਵਾਲਾ ਹੈ।ਯਸਾ. 6:1-3; ਪ੍ਰਕਾ. 11:18.

15, 16. (ੳ) ਕਈ ਵਾਰ ਕਿੰਗਡਮ ਹਾਲ ਵਿਚ ਸਫ਼ਾਈ ਕਰਨੀ ਔਖੀ ਕਿਉਂ ਹੁੰਦੀ ਹੈ? ਸਾਨੂੰ ਇਸ ਨੂੰ ਸਾਫ਼ ਕਿਉਂ ਰੱਖਣਾ ਚਾਹੀਦਾ ਹੈ? (ਅ) ਤੁਹਾਡੇ ਕਿੰਗਡਮ ਹਾਲ ਵਿਚ ਸਫ਼ਾਈ ਕਰਨ ਦੇ ਕਿਹੜੇ ਪ੍ਰਬੰਧ ਕੀਤੇ ਗਏ ਹਨ ਤੇ ਸਾਡੇ ਸਾਰਿਆਂ ਕੋਲ ਕਿਹੜਾ ਸਨਮਾਨ ਹੈ?

15 ਸਫ਼ਾਈ ਬਾਰੇ ਸਾਰਿਆਂ ਦੇ ਆਪੋ-ਆਪਣੇ ਵਿਚਾਰ ਹੁੰਦੇ ਹਨ। ਪਰ ਕਿਉਂ? ਸ਼ਾਇਦ ਉਨ੍ਹਾਂ ਦੀ ਪਰਵਰਿਸ਼ ਕਰਕੇ। ਕੁਝ ਲੋਕ ਧੂੜ-ਮਿੱਟੀ ਵਾਲੇ ਇਲਾਕਿਆਂ ਵਿਚ ਰਹਿੰਦੇ ਹਨ ਜਾਂ ਉੱਥੇ ਰਹਿੰਦੇ ਹਨ ਜਿੱਥੇ ਸੜਕਾਂ ਕੱਚੀਆਂ ਤੇ ਚਿੱਕੜ ਨਾਲ ਭਰੀਆਂ ਹੁੰਦੀਆਂ ਹਨ। ਕਈਆਂ ਕੋਲ ਪਾਣੀ ਜਾਂ ਸਫ਼ਾਈ ਦਾ ਸਾਮਾਨ ਵੀ ਨਹੀਂ ਹੁੰਦਾ। ਚਾਹੇ ਅਸੀਂ ਜਿੱਥੇ ਮਰਜ਼ੀ ਰਹਿੰਦੇ ਹੋਈਏ ਜਾਂ ਸਾਡੇ ਆਲੇ-ਦੁਆਲੇ ਦੇ ਲੋਕਾਂ ਦੇ ਸਫ਼ਾਈ ਬਾਰੇ ਜੋ ਮਰਜ਼ੀ ਵਿਚਾਰ ਹੋਣ, ਪਰ ਸਾਨੂੰ ਆਪਣਾ ਕਿੰਗਡਮ ਹਾਲ ਸਾਫ਼ ਰੱਖਣਾ ਚਾਹੀਦਾ ਹੈ। ਇੱਥੇ ਅਸੀਂ ਯਹੋਵਾਹ ਦੀ ਭਗਤੀ ਕਰਦੇ ਹਾਂ।ਬਿਵ. 23:14.

16 ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਕਿੰਗਡਮ ਹਾਲ ਸਾਫ਼-ਸੁਥਰਾ ਹੋਵੇ, ਤਾਂ ਸਾਨੂੰ ਸਫ਼ਾਈ ਕਰਨ ਦੇ ਵਧੀਆ ਪ੍ਰਬੰਧ ਕਰਨ ਦੀ ਲੋੜ ਹੈ। ਬਜ਼ੁਰਗ ਮੰਡਲੀ ਲਈ ਸ਼ਡਿਉਲ ਬਣਾਉਂਦੇ ਹਨ ਤੇ ਇਹ ਵੀ ਧਿਆਨ ਰੱਖਦੇ ਹਨ ਕਿ ਸਫ਼ਾਈ ਕਰਨ ਲਈ ਸਾਰਾ ਸਾਮਾਨ ਹੈ। ਇਸ ਤੋਂ ਇਲਾਵਾ, ਉਹ ਵਧੀਆ ਤਰੀਕੇ ਨਾਲ ਇੰਤਜ਼ਾਮ ਕਰਦੇ ਹਨ ਤਾਂਕਿ ਸਫ਼ਾਈ ਦਾ ਕੰਮ ਪੂਰਾ ਹੋ ਸਕੇ। ਹਰ ਮੀਟਿੰਗ ਤੋਂ ਬਾਅਦ ਕੁਝ ਚੀਜ਼ਾਂ ਨੂੰ ਸਾਫ਼ ਕਰਨ ਦੀ ਲੋੜ ਹੁੰਦੀ ਹੈ, ਪਰ ਕੁਝ ਚੀਜ਼ਾਂ ਨੂੰ ਨਹੀਂ। ਸਾਡੇ ਸਾਰਿਆਂ ਕੋਲ ਕਿੰਗਡਮ ਹਾਲ ਵਿਚ ਸਫ਼ਾਈ ਕਰਨ ਦਾ ਸਨਮਾਨ ਹੈ।

ਅਸੀਂ ਆਪਣੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਦੇ ਹਾਂ

17, 18. (ੳ) ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਲੋਕਾਂ ਨੇ ਜਿਸ ਤਰ੍ਹਾਂ ਮੰਦਰ ਦੀ ਸਾਂਭ-ਸੰਭਾਲ ਕੀਤੀ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਅ) ਸਾਨੂੰ ਆਪਣੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਿਉਂ ਕਰਨੀ ਚਾਹੀਦੀ ਹੈ?

17 ਮੁਰੰਮਤ ਕਰ ਕੇ ਵੀ ਅਸੀਂ ਆਪਣੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਦੇ ਹਾਂ। ਪੁਰਾਣੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕਾਂ ਨੇ ਵੀ ਇਸ ਤਰ੍ਹਾਂ ਕੀਤਾ ਸੀ। ਮਿਸਾਲ ਲਈ, ਯਹੂਦਾਹ ਦੇ ਰਾਜੇ ਯੋਆਸ਼ ਦੇ ਰਾਜ ਦੌਰਾਨ ਲੋਕ ਮੰਦਰ ਵਿਚ ਦਾਨ ਦਿੰਦੇ ਸਨ। ਰਾਜੇ ਨੇ ਪੁਜਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਉਨ੍ਹਾਂ ਪੈਸਿਆਂ ਨਾਲ ਜਿੱਥੇ “ਯਹੋਵਾਹ ਦੇ ਭਵਨ ਵਿੱਚ ਟੁੱਟ ਫੁੱਟ ਹੋਵੇ ਉਨ੍ਹਾਂ ਟੁੱਟਾਂ ਫੁੱਟਾਂ ਦੀ ਮੁਰੰਮਤ ਕਰਨ।” (2 ਰਾਜ. 12:4, 5) 200 ਤੋਂ ਜ਼ਿਆਦਾ ਸਾਲਾਂ ਬਾਅਦ, ਰਾਜਾ ਯੋਸੀਯਾਹ ਨੇ ਵੀ ਮੰਦਰ ਵਿਚ ਦਿੱਤੇ ਗਏ ਦਾਨ ਨਾਲ ਮੁਰੰਮਤ ਕਰਵਾਈ।2 ਇਤਹਾਸ 34:9-11 ਪੜ੍ਹੋ।

18 ਕੁਝ ਬ੍ਰਾਂਚ ਕਮੇਟੀਆਂ ਨੇ ਦੇਖਿਆ ਹੈ ਕਿ ਉਨ੍ਹਾਂ ਦੇ ਦੇਸ਼ਾਂ ਵਿਚ ਲੋਕ ਇਮਾਰਤਾਂ ਅਤੇ ਹੋਰ ਚੀਜ਼ਾਂ ਦੀ ਮੁਰੰਮਤ ਕਰਨ ਵੱਲ ਘੱਟ ਹੀ ਧਿਆਨ ਦਿੰਦੇ ਹਨ। ਸ਼ਾਇਦ ਉਨ੍ਹਾਂ ਦੇਸ਼ਾਂ ਵਿਚ ਥੋੜ੍ਹੇ ਹੀ ਲੋਕ ਜਾਣਦੇ ਹਨ ਕਿ ਮੁਰੰਮਤ ਕਿਵੇਂ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਕੋਲ ਮੁਰੰਮਤ ਕਰਾਉਣ ਲਈ ਪੈਸੇ ਹੀ ਨਹੀਂ ਹੁੰਦੇ। ਪਰ ਜੇ ਅਸੀਂ ਸਮੇਂ ਸਿਰ ਆਪਣੇ ਕਿੰਗਡਮ ਹਾਲ ਦੀ ਮੁਰੰਮਤ ਨਹੀਂ ਕਰਦੇ, ਤਾਂ ਇਹ ਜਲਦੀ ਹੀ ਖ਼ਰਾਬ ਹੋ ਜਾਵੇਗਾ ਤੇ ਇਸ ਦਾ ਲੋਕਾਂ ’ਤੇ ਚੰਗਾ ਅਸਰ ਨਹੀਂ ਪਵੇਗਾ। ਪਰ ਜਦੋਂ ਅਸੀਂ ਆਪਣੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਮਹਿਮਾ ਕਰਦੇ ਹਾਂ ਤੇ ਭੈਣਾਂ-ਭਰਾਵਾਂ ਵੱਲੋਂ ਦਿੱਤੇ ਦਾਨ ਦੀ ਸਹੀ ਵਰਤੋਂ ਕਰਦੇ ਹਾਂ।

ਸਾਨੂੰ ਕਿੰਗਡਮ ਹਾਲ ਦੀ ਸਫ਼ਾਈ ਤੇ ਸਾਂਭ-ਸੰਭਾਲ ਕਰਨੀ ਚਾਹੀਦੀ ਹੈ (ਪੈਰੇ 16, 18 ਦੇਖੋ)

19. ਤੁਸੀਂ ਯਹੋਵਾਹ ਦੀ ਭਗਤੀ ਕਰਨ ਦੀ ਜਗ੍ਹਾ ਲਈ ਆਦਰ ਦਿਖਾਉਣ ਲਈ ਕੀ ਕਰੋਗੇ?

19 ਕਿੰਗਡਮ ਹਾਲ ਯਹੋਵਾਹ ਨੂੰ ਸਮਰਪਿਤ ਕੀਤਾ ਗਿਆ ਹੁੰਦਾ ਹੈ। ਇਹ ਕਿਸੇ ਵਿਅਕਤੀ ਦੀ ਜਾਂ ਮੰਡਲੀ ਦੀ ਨਿੱਜੀ ਜਾਇਦਾਦ ਨਹੀਂ ਹੁੰਦੀ। ਜਿਵੇਂ ਅਸੀਂ ਇਸ ਲੇਖ ਵਿਚ ਚਰਚਾ ਕੀਤੀ ਹੈ, ਬਾਈਬਲ ਦੇ ਅਸੂਲ ਭਗਤੀ ਦੀ ਥਾਂ ਪ੍ਰਤੀ ਸਹੀ ਰਵੱਈਆ ਰੱਖਣ ਵਿਚ ਸਾਡੀ ਮਦਦ ਕਰਨਗੇ। ਅਸੀਂ ਸਭਾਵਾਂ ਤੇ ਕਿੰਗਡਮ ਹਾਲ ਲਈ ਆਦਰ ਦਿਖਾਉਂਦੇ ਹਾਂ ਕਿਉਂਕਿ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ। ਹੋਰ ਜ਼ਿਆਦਾ ਕਿੰਗਡਮ ਹਾਲ ਬਣਾਉਣ ਲਈ ਅਸੀਂ ਖ਼ੁਸ਼ੀ-ਖ਼ੁਸ਼ੀ ਦਾਨ ਦਿੰਦੇ ਹਾਂ ਤੇ ਇਨ੍ਹਾਂ ਦੀ ਸਾਂਭ-ਸੰਭਾਲ ਅਤੇ ਸਫ਼ਾਈ ਕਰਨ ਵਿਚ ਸਖ਼ਤ ਮਿਹਨਤ ਕਰਦੇ ਹਾਂ। ਅਸੀਂ ਵੀ ਯਿਸੂ ਵਾਂਗ ਯਹੋਵਾਹ ਦੀ ਭਗਤੀ ਕਰਨ ਦੀ ਜਗ੍ਹਾ ਲਈ ਜੋਸ਼ ਤੇ ਆਦਰ ਦਿਖਾਉਂਦੇ ਹਾਂ।ਯੂਹੰ. 2:17.

^ ਪੈਰਾ 2 ਇਸ ਲੇਖ ਵਿਚ ਕਿੰਗਡਮ ਹਾਲਾਂ ਬਾਰੇ ਗੱਲ ਕੀਤੀ ਗਈ ਹੈ। ਪਰ ਇਸ ਵਿਚ ਦਿੱਤੀਆਂ ਸਲਾਹਾਂ ਅਸੈਂਬਲੀ ਹਾਲਾਂ ਅਤੇ ਯਹੋਵਾਹ ਦੀ ਭਗਤੀ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਹੋਰ ਥਾਵਾਂ ’ਤੇ ਵੀ ਲਾਗੂ ਹੁੰਦੀਆਂ ਹਨ।