ਯੂਹੰਨਾ ਦੀ ਪਹਿਲੀ ਚਿੱਠੀ 5:1-21

  • ਯਿਸੂ ’ਤੇ ਨਿਹਚਾ ਕਰਨ ਕਰਕੇ ਦੁਨੀਆਂ ਉੱਤੇ ਜਿੱਤ (1-12)

    • ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ (3)

  • ਪ੍ਰਾਰਥਨਾ ਦੀ ਤਾਕਤ ’ਤੇ ਭਰੋਸਾ (13-17)

  • ਦੁਸ਼ਟ ਦੁਨੀਆਂ ਵਿਚ ਬਚ ਕੇ ਰਹੋ (18-21)

    • ਸਾਰੀ ਦੁਨੀਆਂ ਸ਼ੈਤਾਨ ਦੇ ਵੱਸ ਵਿਚ ਹੈ (19)

5  ਜਿਹੜੇ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ, ਉਹ ਸਾਰੇ ਪਰਮੇਸ਼ੁਰ ਦੇ ਬੱਚੇ ਹਨ+ ਅਤੇ ਜਿਹੜੇ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਉਹ ਉਸ ਦੇ ਬੱਚਿਆਂ ਨੂੰ ਵੀ ਪਿਆਰ ਕਰਦੇ ਹਨ।  ਅਸੀਂ ਪਰਮੇਸ਼ੁਰ ਨੂੰ ਪਿਆਰ ਕਰ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਬੱਚਿਆਂ ਨਾਲ ਪਿਆਰ ਕਰਦੇ ਹਾਂ।+  ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ+ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ+  ਕਿਉਂਕਿ ਪਰਮੇਸ਼ੁਰ ਦੇ ਸਾਰੇ ਬੱਚੇ ਦੁਨੀਆਂ ਉੱਤੇ ਜਿੱਤ ਹਾਸਲ ਕਰਦੇ ਹਨ।+ ਅਸੀਂ ਆਪਣੀ ਨਿਹਚਾ ਦੀ ਮਦਦ ਨਾਲ ਹੀ ਇਸ ਦੁਨੀਆਂ ਉੱਤੇ ਜਿੱਤ ਹਾਸਲ ਕੀਤੀ ਹੈ।+  ਕੌਣ ਦੁਨੀਆਂ ਉੱਤੇ ਜਿੱਤ ਹਾਸਲ ਕਰ ਸਕਦਾ ਹੈ?+ ਕੀ ਉਹ ਨਹੀਂ ਜਿਹੜਾ ਨਿਹਚਾ ਕਰਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ?+  ਇਹ ਉਹੀ ਹੈ ਜਿਹੜਾ ਪਾਣੀ ਅਤੇ ਖ਼ੂਨ ਰਾਹੀਂ ਆਇਆ ਯਾਨੀ ਯਿਸੂ ਮਸੀਹ। ਉਹ ਸਿਰਫ਼ ਪਾਣੀ ਨਾਲ ਹੀ ਨਹੀਂ,+ ਸਗੋਂ ਪਾਣੀ ਅਤੇ ਖ਼ੂਨ ਨਾਲ ਆਇਆ।+ ਪਵਿੱਤਰ ਸ਼ਕਤੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ+ ਕਿਉਂਕਿ ਇਸ ਦੀ ਗਵਾਹੀ ਸੱਚੀ ਹੈ।  ਇਹ ਤਿੰਨ ਚੀਜ਼ਾਂ ਗਵਾਹ ਹਨ:  ਪਵਿੱਤਰ ਸ਼ਕਤੀ,+ ਪਾਣੀ+ ਅਤੇ ਖ਼ੂਨ+ ਅਤੇ ਇਹ ਤਿੰਨੇ ਆਪਸ ਵਿਚ ਸਹਿਮਤ ਹਨ।  ਜੇ ਅਸੀਂ ਇਨਸਾਨਾਂ ਦੀ ਗਵਾਹੀ ਨੂੰ ਮੰਨਦੇ ਹਾਂ, ਤਾਂ ਪਰਮੇਸ਼ੁਰ ਦੀ ਗਵਾਹੀ ਇਨ੍ਹਾਂ ਤੋਂ ਵੀ ਵੱਡੀ ਹੈ ਕਿਉਂਕਿ ਉਸ ਨੇ ਆਪ ਇਸ ਗੱਲ ਦੀ ਗਵਾਹੀ ਦਿੱਤੀ ਹੈ ਕਿ ਉਸ ਦਾ ਪੁੱਤਰ ਕੌਣ ਹੈ। 10  ਜਿਹੜਾ ਇਨਸਾਨ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰਦਾ ਹੈ, ਉਹ ਉਸ ਗਵਾਹੀ ਨੂੰ ਮੰਨਦਾ ਹੈ ਜਿਹੜੀ ਉਸ ਨੂੰ ਦਿੱਤੀ ਗਈ ਹੈ। ਜਿਹੜਾ ਇਨਸਾਨ ਪਰਮੇਸ਼ੁਰ ਉੱਤੇ ਨਿਹਚਾ ਨਹੀਂ ਕਰਦਾ, ਉਹ ਪਰਮੇਸ਼ੁਰ ਨੂੰ ਝੂਠਾ ਠਹਿਰਾਉਂਦਾ ਹੈ+ ਕਿਉਂਕਿ ਉਸ ਨੇ ਪਰਮੇਸ਼ੁਰ ਦੀ ਗਵਾਹੀ ਉੱਤੇ ਨਿਹਚਾ ਨਹੀਂ ਕੀਤੀ ਜਿਹੜੀ ਉਸ ਨੇ ਆਪਣੇ ਪੁੱਤਰ ਬਾਰੇ ਦਿੱਤੀ ਹੈ। 11  ਪਰਮੇਸ਼ੁਰ ਦੀ ਗਵਾਹੀ ਇਹ ਹੈ ਕਿ ਉਸ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਿੱਤੀ+ ਅਤੇ ਸਾਨੂੰ ਇਹ ਜ਼ਿੰਦਗੀ ਉਸ ਦੇ ਪੁੱਤਰ ਰਾਹੀਂ ਮਿਲੀ ਹੈ।+ 12  ਜਿਹੜਾ ਪੁੱਤਰ ਨੂੰ ਕਬੂਲ ਕਰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਹੈ; ਜਿਹੜਾ ਪਰਮੇਸ਼ੁਰ ਦੇ ਪੁੱਤਰ ਨੂੰ ਕਬੂਲ ਨਹੀਂ ਕਰਦਾ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲਦੀ।+ 13  ਪਰਮੇਸ਼ੁਰ ਦੇ ਪੁੱਤਰ ਦੇ ਨਾਂ ਉੱਤੇ ਨਿਹਚਾ ਕਰਨ ਵਾਲਿਓ,+ ਮੈਂ ਤੁਹਾਨੂੰ ਇਹ ਗੱਲਾਂ ਇਸ ਕਰਕੇ ਲਿਖ ਰਿਹਾ ਹਾਂ ਤਾਂਕਿ ਤੁਸੀਂ ਜਾਣ ਜਾਓ ਕਿ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੀ ਹੈ।+ 14  ਸਾਨੂੰ ਉਸ ਉੱਤੇ ਭਰੋਸਾ ਹੈ*+ ਕਿ ਅਸੀਂ ਉਸ ਦੀ ਇੱਛਾ ਅਨੁਸਾਰ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।+ 15  ਜੇ ਸਾਨੂੰ ਭਰੋਸਾ ਹੈ ਕਿ ਅਸੀਂ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ, ਤਾਂ ਸਾਨੂੰ ਇਹ ਵੀ ਭਰੋਸਾ ਹੈ ਕਿ ਅਸੀਂ ਉਸ ਤੋਂ ਜੋ ਵੀ ਮੰਗਦੇ ਹਾਂ, ਉਹ ਸਾਨੂੰ ਜ਼ਰੂਰ ਮਿਲੇਗਾ ਕਿਉਂਕਿ ਅਸੀਂ ਉਸ ਤੋਂ ਮੰਗਿਆ ਹੈ।+ 16  ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦੇ ਹੋਏ ਦੇਖਦਾ ਹੈ ਜਿਸ ਦੀ ਸਜ਼ਾ ਮੌਤ ਨਹੀਂ ਹੈ, ਤਾਂ ਉਹ ਆਪਣੇ ਭਰਾ ਲਈ ਪ੍ਰਾਰਥਨਾ ਕਰੇ ਅਤੇ ਪਰਮੇਸ਼ੁਰ ਉਸ ਨੂੰ ਜ਼ਿੰਦਗੀ ਬਖ਼ਸ਼ੇਗਾ।+ ਹਾਂ, ਉਨ੍ਹਾਂ ਨੂੰ ਜ਼ਿੰਦਗੀ ਮਿਲੇਗੀ ਜਿਹੜੇ ਅਜਿਹਾ ਪਾਪ ਨਹੀਂ ਕਰਦੇ ਜਿਸ ਦੀ ਸਜ਼ਾ ਮੌਤ ਹੈ। ਪਰ ਅਜਿਹਾ ਪਾਪ ਵੀ ਹੈ ਜਿਸ ਦੀ ਸਜ਼ਾ ਮੌਤ ਹੈ।+ ਮੈਂ ਅਜਿਹਾ ਪਾਪ ਕਰਨ ਵਾਲੇ ਇਨਸਾਨ ਵਾਸਤੇ ਪ੍ਰਾਰਥਨਾ ਕਰਨ ਲਈ ਨਹੀਂ ਕਹਿੰਦਾ। 17  ਹਰ ਬੁਰਾ ਕੰਮ ਪਾਪ ਹੈ;+ ਪਰ ਅਜਿਹਾ ਪਾਪ ਵੀ ਹੈ ਜਿਸ ਦੀ ਸਜ਼ਾ ਮੌਤ ਨਹੀਂ ਹੈ। 18  ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੇ ਬੱਚੇ ਪਾਪ ਕਰਨ ਵਿਚ ਲੱਗੇ ਨਹੀਂ ਰਹਿੰਦੇ, ਸਗੋਂ ਪਰਮੇਸ਼ੁਰ ਦਾ ਪੁੱਤਰ ਉਨ੍ਹਾਂ ਦੀ ਰਾਖੀ ਕਰਦਾ ਹੈ ਅਤੇ ਸ਼ੈਤਾਨ* ਉਨ੍ਹਾਂ ਦਾ ਕੁਝ ਵੀ ਨਹੀਂ ਵਿਗਾੜ ਸਕਦਾ।*+ 19  ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲੋਂ ਹਾਂ, ਪਰ ਸਾਰੀ ਦੁਨੀਆਂ ਸ਼ੈਤਾਨ* ਦੇ ਵੱਸ ਵਿਚ ਹੈ।+ 20  ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ+ ਅਤੇ ਉਸ ਨੇ ਸਾਨੂੰ ਡੂੰਘੀ ਸਮਝ* ਬਖ਼ਸ਼ੀ ਤਾਂਕਿ ਅਸੀਂ ਸੱਚੇ ਪਰਮੇਸ਼ੁਰ ਦਾ ਗਿਆਨ ਲੈ ਸਕੀਏ। ਅਸੀਂ ਸੱਚੇ ਪਰਮੇਸ਼ੁਰ ਨਾਲ ਉਸ ਦੇ ਪੁੱਤਰ ਯਿਸੂ ਮਸੀਹ ਰਾਹੀਂ ਏਕਤਾ ਵਿਚ ਬੱਝੇ ਹੋਏ ਹਾਂ।+ ਉਹੀ ਸੱਚਾ ਪਰਮੇਸ਼ੁਰ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਸੋਮਾ ਹੈ।+ 21  ਪਿਆਰੇ ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।+

ਫੁਟਨੋਟ

ਜਾਂ, “ਅਸੀਂ ਉਸ ਦੇ ਸਾਮ੍ਹਣ ਬੇਝਿਜਕ ਹੋ ਕੇ ਗੱਲ ਕਰ ਸਕਦੇ ਹਾਂ।”
ਯੂਨਾ, “ਉਹ ਦੁਸ਼ਟ।”
ਜਾਂ, “ਸ਼ੈਤਾਨ ਦਾ ਉਨ੍ਹਾਂ ਉੱਤੇ ਵੱਸ ਨਹੀਂ ਚੱਲਦਾ।”
ਯੂਨਾ, “ਉਸ ਦੁਸ਼ਟ।”
ਯੂਨਾ, “ਸੋਚਣ-ਸਮਝਣ ਦੀ ਕਾਬਲੀਅਤ।”