Skip to content

Skip to table of contents

ਪਰਮੇਸ਼ੁਰ ਦੇ ਰਾਜ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ

ਪਰਮੇਸ਼ੁਰ ਦੇ ਰਾਜ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ

ਪਰਮੇਸ਼ੁਰ ਦੇ ਰਾਜ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ

“ਤੁਸੀਂ ਚੰਗਾ ਕਰਦੇ ਹੋ ਜੋ [ਅਗੰਮ ਵਾਕ ਦੇ ਬਚਨ] ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ।”—2 ਪਤਰਸ 1:19.

1. ਭਵਿੱਖ ਬਾਰੇ ਲੋਕ ਕੀ-ਕੀ ਮਹਿਸੂਸ ਕਰਦੇ ਹਨ?

ਅੱਜ-ਕੱਲ੍ਹ ਦੁਨੀਆਂ ਵਿਚ ਇਕ ਤੋਂ ਬਾਅਦ ਦੂਜੀ ਬਿਪਤਾ ਆਉਂਦੀ ਹੈ। ਕਿਤੇ ਵਾਤਾਵਰਣ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਤੇ ਕਿਤੇ ਆਤੰਕਵਾਦੀ ਹਮਲੇ ਕਰਦੇ ਹਨ। ਦੁਨੀਆਂ ਦੇ ਮਜ਼ਹਬ ਇਸ ਹਾਲਤ ਨੂੰ ਸੁਧਾਰ ਨਹੀਂ ਸਕੇ। ਬਲਕਿ ਉਹ ਲੋਕਾਂ ਵਿਚ ਪੱਖਪਾਤ, ਨਫ਼ਰਤ ਅਤੇ ਕੌਮਪਰਸਤੀ ਭਰ ਕੇ ਫੁੱਟ ਪਾਉਂਦੇ ਹਨ। ਜਿਸ ਤਰ੍ਹਾਂ ਬਾਈਬਲ ਵਿਚ ਪਹਿਲਾਂ ਹੀ ਲਿਖਿਆ ਗਿਆ ਸੀ, ਲੋਕ ਹਨੇਰੇ ਵਿਚ ਹੋਣਗੇ। (ਯਸਾਯਾਹ 60:2) ਫਿਰ ਵੀ, ਲੱਖਾਂ ਲੋਕ ਸਿਰ ਉਠਾ ਕੇ ਜੀਉਂਦੇ ਹਨ ਤੇ ਉਹ ਇਕ ਵਧੀਆ ਭਵਿੱਖ ਦੀ ਉਮੀਦ ਰੱਖਦੇ ਹਨ। ਕਿਉਂ? ਕਿਉਂਕਿ ਉਹ ਪਰਮੇਸ਼ੁਰ ਦੇ ਬਚਨ ਵੱਲ ਧਿਆਨ ਲਾਉਂਦੇ ਹਨ “ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ।” ਇਸ ਤਰ੍ਹਾਂ ਉਹ ਬਾਈਬਲ ਤੋਂ ਭਵਿੱਖ ਬਾਰੇ ਜਾਣ ਕੇ ਪਰਮੇਸ਼ੁਰ ਦੇ ਸ਼ਬਦਾਂ ਮੁਤਾਬਕ ਚੱਲਦੇ ਹਨ।—2 ਪਤਰਸ 1:19.

2. ਦਾਨੀਏਲ ਨੇ ਕੀ ਕਿਹਾ ਸੀ ਕਿ “ਓੜਕ ਦੇ ਸਮੇਂ” ਵਿਚ ਕਿਨ੍ਹਾਂ ਨੂੰ ਬਾਈਬਲ ਦੀ ਵਿੱਦਿਆ ਮਿਲੇਗੀ?

2 ਦਾਨੀਏਲ ਨਬੀ ਨੇ “ਓੜਕ ਦੇ ਸਮੇਂ” ਬਾਰੇ ਲਿਖਿਆ: “ਬਥੇਰੇ ਏੱਧਰ ਉੱਧਰ ਭੱਜਣਗੇ ਅਤੇ ਵਿੱਦਿਆ ਵਧੇਗੀ। ਬਥੇਰੇ ਆਪਣੇ ਆਪ ਨੂੰ ਪਵਿੱਤ੍ਰ ਕਰਨਗੇ ਅਤੇ ਆਪ ਨੂੰ ਚਿੱਟੇ ਬਣਾਉਣਗੇ ਅਤੇ ਤਾਏ ਜਾਣਗੇ ਪਰ ਦੁਸ਼ਟ ਬੁਰਿਆਈ ਕਰਦੇ ਰਹਿਣਗੇ ਅਤੇ ਦੁਸ਼ਟਾਂ ਵਿੱਚੋਂ ਕੋਈ ਨਾ ਸਮਝੇਗਾ ਪਰ ਬੁੱਧਵਾਨ ਸਮਝਣਗੇ।” (ਦਾਨੀਏਲ 12:4, 10) ਬਾਈਬਲ ਦੀ ਵਿੱਦਿਆ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ ਜੋ ਤਨ-ਮਨ ਲਾ ਕੇ ਬਾਈਬਲ ਵਿਚ “ਏੱਧਰ ਉੱਧਰ” ਫਿਰਦੇ ਹਨ, ਮਤਲਬ ਉਸ ਨੂੰ ਪੜ੍ਹ ਕੇ ਉਸ ਉੱਤੇ ਚੱਲਦੇ ਹਨ ਅਤੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।—ਮੱਤੀ 13:11-15; 1 ਯੂਹੰਨਾ 5:20.

3. ਬਾਈਬਲ ਸਟੂਡੈਂਟਸ ਨੇ 1870 ਦੇ ਦਹਾਕੇ ਵਿਚ ਕਿਹੜੀ ਗੱਲ ਸਮਝ ਲਈ ਸੀ?

3 ‘ਅੰਤ ਦੇ ਦਿਨ’ ਸ਼ੁਰੂ ਹੋਣ ਤੋਂ ਪਹਿਲਾਂ ਹੀ, 1870 ਦੇ ਦਹਾਕੇ ਵਿਚ ਯਹੋਵਾਹ ਪਰਮੇਸ਼ੁਰ ਨੇ ਆਪਣੇ ਸੇਵਕਾਂ ਨੂੰ “ਸੁਰਗ ਦੇ ਰਾਜ ਦੇ ਭੇਤਾਂ” ਦੀ ਜ਼ਿਆਦਾ ਸਮਝ ਦਿੱਤੀ। (2 ਤਿਮੋਥਿਉਸ 3:1-5; ਮੱਤੀ 13:11) ਉਸ ਸਮੇਂ ਬਾਈਬਲ ਸਟੂਡੈਂਟਸ ਨੇ ਸਮਝ ਲਿਆ ਸੀ ਕਿ ਮਸੀਹ ਨੇ ਧਰਤੀ ਉੱਤੇ ਵਾਪਸ ਨਹੀਂ ਆਉਣਾ ਸੀ। ਇਸ ਦੀ ਬਜਾਇ ਉਸ ਨੇ ਸਵਰਗ ਵਿਚ ਰਾਜਾ ਬਣ ਕੇ ਆਪਣਾ ਧਿਆਨ ਧਰਤੀ ਵੱਲ ਦੇਣਾ ਸੀ। ਇਹ ਵਿਚਾਰ ਬਾਕੀ ਲੋਕਾਂ ਦੇ ਵਿਚਾਰਾਂ ਤੋਂ ਬਿਲਕੁਲ ਉਲਟ ਸੀ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਈ ਨਿਸ਼ਾਨੀਆਂ ਦਿੱਤੀਆਂ ਸਨ ਜਿਨ੍ਹਾਂ ਨੂੰ ਦੇਖ ਕੇ ਉਸ ਦੇ ਚੇਲੇ ਜਾਣ ਸਕਦੇ ਸਨ ਕਿ ਉਹ ਸਵਰਗ ਵਿਚ ਰਾਜਾ ਬਣ ਗਿਆ ਸੀ।—ਮੱਤੀ 24:3-14.

ਭਵਿੱਖਬਾਣੀ ਪੂਰੀ ਹੁੰਦੀ ਹੈ

4. ਯਹੋਵਾਹ ਨੇ ਅੱਜ ਆਪਣੇ ਲੋਕਾਂ ਦੀ ਨਿਹਚਾ ਮਜ਼ਬੂਤ ਕਿਵੇਂ ਕੀਤੀ ਹੈ?

4 ਜ਼ਰਾ ਉਸ ਘਟਨਾ ਬਾਰੇ ਸੋਚੋ ਜਦ ਯਿਸੂ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਤੇ ਲੈ ਗਿਆ ਸੀ ਤੇ ਉਨ੍ਹਾਂ ਨੇ ਉਸ ਦਾ ਰੂਪ ਬਦਲਦਾ ਦੇਖਿਆ ਸੀ। (ਮੱਤੀ 17:1-9) ਇਸ ਦਰਸ਼ਣ ਨੇ ਉਨ੍ਹਾਂ ਦੀ ਨਿਹਚਾ ਉਸ ਸਮੇਂ ਮਜ਼ਬੂਤ ਕੀਤੀ ਸੀ ਜਿਸ ਸਮੇਂ ਯਿਸੂ ਦੇ ਬਹੁਤ ਸਾਰੇ ਚੇਲੇ ਉਸ ਨੂੰ ਛੱਡ ਗਏ ਸਨ ਕਿਉਂਕਿ ਉਨ੍ਹਾਂ ਦੇ ਖ਼ਿਆਲ ਵਿਚ ਯਿਸੂ ਨੇ ਉਨ੍ਹਾਂ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਸੀ। ਇਸੇ ਤਰ੍ਹਾਂ ਅੱਜ ਅੰਤ ਦੇ ਦਿਨਾਂ ਦੌਰਾਨ ਯਹੋਵਾਹ ਨੇ ਆਪਣੇ ਸੇਵਕਾਂ ਦੀ ਨਿਹਚਾ ਮਜ਼ਬੂਤ ਕੀਤੀ ਹੈ। ਕਿਸ ਤਰ੍ਹਾਂ? ਉਸ ਨੇ ਆਪਣੇ ਲੋਕਾਂ ਨੂੰ ਸਮਝ ਬਖ਼ਸ਼ੀ ਹੈ। ਉਹ ਜਾਣ ਗਏ ਹਨ ਕਿ ਇਹ ਸ਼ਾਨਦਾਰ ਦਰਸ਼ਣ ਅਸਲੀਅਤ ਬਣ ਚੁੱਕਾ ਹੈ ਅਤੇ ਬਾਈਬਲ ਦੀਆਂ ਹੋਰ ਵੀ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਹੁਣ ਆਓ ਆਪਾਂ ਦੇਖੀਏ ਕਿ ਬਾਈਬਲ ਦੀਆਂ ਕਿਹੜੀਆਂ ਕੁਝ ਭਵਿੱਖਬਾਣੀਆਂ ਪੂਰੀਆਂ ਹੋਈਆਂ ਹਨ।

5. ਦਿਨ ਦਾ ਤਾਰਾ ਕੌਣ ਹੈ ਅਤੇ ਉਹ ਕਦੋਂ ਅਤੇ ਕਿੱਦਾਂ ‘ਚੜ੍ਹਿਆ’ ਸੀ?

5 ਪਤਰਸ ਰਸੂਲ ਨੇ ਉਸ ਘਟਨਾ ਬਾਰੇ ਲਿਖਿਆ ਜਦ ਯਿਸੂ ਦਾ ਰੂਪ ਬਦਲਿਆ ਸੀ: “ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿੱਚ ਚਮਕਦਾ ਹੈ ਜਿੰਨਾ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਹਿਰਦਿਆਂ ਵਿੱਚ ਨਾ ਚੜ੍ਹ ਆਵੇ।” (2 ਪਤਰਸ 1:19) “ਦਿਨ ਦਾ ਤਾਰਾ” ਕੋਈ ਅਸਲੀ ਤਾਰਾ ਨਹੀਂ ਹੈ, ਸਗੋਂ ਇਹ ਰਾਜਾ ਯਿਸੂ ਮਸੀਹ ਹੈ। (ਪਰਕਾਸ਼ ਦੀ ਪੋਥੀ 22:16) ਦਿਨ ਦਾ ਇਹ ਤਾਰਾ 1914 ਵਿਚ ‘ਚੜ੍ਹਿਆ’ ਸੀ ਜਦ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੋਇਆ ਅਤੇ ਇਕ ਨਵਾਂ ਯੁਗ ਸ਼ੁਰੂ ਹੋਇਆ। (ਪਰਕਾਸ਼ ਦੀ ਪੋਥੀ 11:15) ਦਰਸ਼ਣ ਵਿਚ ਮੂਸਾ ਅਤੇ ਏਲੀਯਾਹ ਵੀ ਯਿਸੂ ਨਾਲ ਗੱਲਬਾਤ ਕਰਦੇ ਹੋਏ ਦੇਖੇ ਗਏ ਸਨ। ਉਹ ਕਿਨ੍ਹਾਂ ਨੂੰ ਦਰਸਾਉਂਦੇ ਹਨ?

6, 7. ਦਰਸ਼ਣ ਵਿਚ ਮੂਸਾ ਅਤੇ ਏਲੀਯਾਹ ਕਿਨ੍ਹਾਂ ਨੂੰ ਦਰਸਾਉਂਦੇ ਹਨ ਅਤੇ ਬਾਈਬਲ ਵਿਚ ਇਨ੍ਹਾਂ ਬਾਰੇ ਹੋਰ ਕਿਹੜੀ ਜਾਣਕਾਰੀ ਦਿੱਤੀ ਗਈ ਹੈ?

6 ਮੂਸਾ ਅਤੇ ਏਲੀਯਾਹ ਯਿਸੂ ਨਾਲ ਨਜ਼ਰ ਆਏ ਸਨ, ਇਸ ਲਈ ਇਹ ਦੋ ਵਫ਼ਾਦਾਰ ਸੇਵਕ ਉਨ੍ਹਾਂ ਨੂੰ ਦਰਸਾਉਂਦੇ ਹਨ ਜੋ ਯਿਸੂ ਨਾਲ ਰਾਜ ਕਰਨਗੇ। ਇਹ ਸਮਝ ਕਿ ਯਿਸੂ ਨਾਲ ਹੋਰ ਰਾਜੇ ਰਾਜ ਕਰਨਗੇ ਉਸ ਦਰਸ਼ਣ ਨਾਲ ਮਿਲਦੀ-ਜੁਲਦੀ ਹੈ ਜੋ ਦਾਨੀਏਲ ਨਬੀ ਨੂੰ ਦਿੱਤਾ ਗਿਆ ਸੀ। ਉਸ ਵਿਚ ਦਾਨੀਏਲ ਨੇ “ਮਨੁੱਖ ਦੇ ਪੁੱਤ੍ਰ ਵਰਗਾ” ਕੋਈ ਦੇਖਿਆ ਜਿਸ ਨੂੰ “ਅੱਤ ਪਰਾਚੀਨ” ਯਹੋਵਾਹ ਪਰਮੇਸ਼ੁਰ ਨੇ “ਸਦਾ ਦਾ ਰਾਜ” ਦਿੱਤਾ ਸੀ। ਪਰ ਧਿਆਨ ਦਿਓ ਕਿ ਦਾਨੀਏਲ ਨੇ ਦਰਸ਼ਣ ਵਿਚ ਹੋਰ ਕਿਸ ਨੂੰ ਦੇਖਿਆ ਸੀ। ਉਸ ਨੇ ਲਿਖਿਆ: “ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸਾਂ ਦੇ ਰਾਜਾਂ ਦਾ ਪਰਤਾਪ ਅਰ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ।” (ਦਾਨੀਏਲ 7:13, 14, 27) ਜੀ ਹਾਂ, ਪਹਿਲੀ ਸਦੀ ਵਿਚ ਯਿਸੂ ਦਾ ਰੂਪ ਬਦਲਣ ਤੋਂ ਪੰਜ ਸਦੀਆਂ ਪਹਿਲਾਂ ਪਰਮੇਸ਼ੁਰ ਨੇ ਪ੍ਰਗਟ ਕੀਤਾ ਸੀ ਕਿ ਮਸੀਹ ਨਾਲ ‘ਸੰਤ’ ਰਾਜੇ ਬਣਨਗੇ।

7 ਇਸ ਦਰਸ਼ਣ ਵਿਚ ਸੰਤ ਕੌਣ ਹਨ? ਪੌਲੁਸ ਨੇ ਇਨ੍ਹਾਂ ਬਾਰੇ ਗੱਲ ਕੀਤੀ ਸੀ ਜਦ ਉਸ ਨੇ ਕਿਹਾ: “ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਜੇ ਬਾਲਕ ਹਾਂ ਤਾਂ ਅਧਕਾਰੀ ਵੀ ਹਾਂ, ਪਰਮੇਸ਼ੁਰ ਦੇ ਅਧਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਕਾਰੀ ਪਰ ਤਦੇ ਜੇ ਅਸੀਂ ਉਹ ਦੇ ਨਾਲ ਦੁਖ ਝੱਲੀਏ ਭਈ ਉਹ ਦੇ ਨਾਲ ਅਸੀਂ ਵਡਿਆਏ ਜਾਈਏ।” (ਰੋਮੀਆਂ 8:16, 17) ਇਹ ਸੰਤ ਯਿਸੂ ਦੇ ਮਸਹ ਕੀਤੇ ਹੋਏ ਚੇਲੇ ਹੀ ਹਨ। ਪਰਕਾਸ਼ ਦੀ ਪੋਥੀ ਵਿਚ ਯਿਸੂ ਨੇ ਕਿਹਾ: “ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ ਉੱਤੇ ਬੈਠਾ।” ਇਨ੍ਹਾਂ ਜਿੱਤਣ ਵਾਲਿਆਂ ਦੀ ਗਿਣਤੀ 1,44,000 ਹੈ ਅਤੇ ਜੀ ਉਠਾਏ ਜਾਣ ਤੋਂ ਬਾਅਦ ਉਹ ਯਿਸੂ ਨਾਲ ਸਵਰਗ ਤੋਂ ਧਰਤੀ ਉੱਤੇ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 3:21; 5:9, 10; 14:1, 3, 4; 1 ਕੁਰਿੰਥੀਆਂ 15:53.

8. ਯਿਸੂ ਦੇ ਮਸਹ ਕੀਤੇ ਹੋਏ ਚੇਲੇ ਮੂਸਾ ਅਤੇ ਏਲੀਯਾਹ ਵਰਗੇ ਕੰਮ ਕਿਵੇਂ ਕਰਦੇ ਹਨ?

8 ਪਰ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਮੂਸਾ ਅਤੇ ਏਲੀਯਾਹ ਮਸਹ ਕੀਤੇ ਹੋਏ ਮਸੀਹੀਆਂ ਨੂੰ ਦਰਸਾਉਂਦੇ ਹਨ? ਕਿਉਂਕਿ ਧਰਤੀ ਉੱਤੇ ਇਹ ਮਸੀਹੀ ਮੂਸਾ ਅਤੇ ਏਲੀਯਾਹ ਵਰਗੇ ਕੰਮ ਕਰਦੇ ਹਨ। ਮਿਸਾਲ ਲਈ, ਉਹ ਵਿਰੋਧਤਾ ਦੇ ਬਾਵਜੂਦ ਯਹੋਵਾਹ ਬਾਰੇ ਗਵਾਹੀ ਦਿੰਦੇ ਹਨ। (ਯਸਾਯਾਹ 43:10; ਰਸੂਲਾਂ ਦੇ ਕਰਤੱਬ 8:1-8; ਪਰਕਾਸ਼ ਦੀ ਪੋਥੀ 11:2-12) ਮੂਸਾ ਅਤੇ ਏਲੀਯਾਹ ਵਾਂਗ ਉਹ ਹਿੰਮਤ ਨਾਲ ਝੂਠੇ ਧਰਮ ਦਾ ਪਰਦਾ ਫ਼ਾਸ਼ ਕਰਦੇ ਹਨ ਅਤੇ ਲੋਕਾਂ ਨੂੰ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਹੌਸਲਾ ਦਿੰਦੇ ਹਨ। (ਕੂਚ 32:19, 20; ਬਿਵਸਥਾ ਸਾਰ 4:22-24; 1 ਰਾਜਿਆਂ 18:18-40) ਕੀ ਉਨ੍ਹਾਂ ਦਾ ਕੰਮ ਸਫ਼ਲ ਹੋਇਆ ਹੈ? ਬਿਲਕੁਲ ਹੋਇਆ ਹੈ! ਮਸਹ ਕੀਤੇ ਹੋਇਆਂ ਦੀ ਗਿਣਤੀ ਪੂਰੀ ਕਰਨ ਤੋਂ ਇਲਾਵਾ ਉਨ੍ਹਾਂ ਨੇ ਲੱਖਾਂ ਹੀ ‘ਹੋਰ ਭੇਡਾਂ’ ਦੀ ਮਦਦ ਕੀਤੀ ਹੈ ਤਾਂਕਿ ਉਹ ਮਸੀਹੀ ਵੀ ਖ਼ੁਸ਼ੀ ਨਾਲ ਯਿਸੂ ਮਸੀਹ ਨੂੰ ਆਪਣਾ ਰਾਜਾ ਸਵੀਕਾਰ ਕਰਨ।—ਯੂਹੰਨਾ 10:16; ਪਰਕਾਸ਼ ਦੀ ਪੋਥੀ 7:4.

ਮਸੀਹ ਫਤਿਹ ਕਰਨ ਨੂੰ ਨਿਕਲ ਤੁਰਿਆ

9. ਪਰਕਾਸ਼ ਦੀ ਪੋਥੀ 6:2 ਵਿਚ ਯਿਸੂ ਬਾਰੇ ਕੀ ਦੱਸਿਆ ਗਿਆ ਹੈ?

9 ਅੱਜ ਯਿਸੂ ਧਰਤੀ ਉੱਤੇ ਇਕ ਇਨਸਾਨ ਨਹੀਂ, ਪਰ ਸਵਰਗ ਵਿਚ ਇਕ ਸ਼ਕਤੀਸ਼ਾਲੀ ਰਾਜਾ ਹੈ। ਕਿੱਥੇ ਉਹ ਇਕ ਵਾਰ ਗਧੀ ਦੇ ਬੱਚੇ ਉੱਤੇ ਸਵਾਰ ਹੋਇਆ ਸੀ ਅਤੇ ਕਿੱਥੇ ਅੱਜ ਉਹ ਘੋੜੇ ਉੱਤੇ ਸਵਾਰ ਯੁੱਧ ਲਈ ਤਿਆਰ ਹੈ। (ਕਹਾਉਤਾਂ 21:31) ਪਰਕਾਸ਼ ਦੀ ਪੋਥੀ 6:2 ਵਿਚ ਲਿਖਿਆ ਹੈ: “ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ। ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਫਤਹ ਕਰਦਿਆਂ ਅਤੇ ਫਤਹ ਕਰਨ ਨੂੰ ਨਿੱਕਲ ਤੁਰਿਆ।” ਇਸ ਤੋਂ ਇਲਾਵਾ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਯਿਸੂ ਬਾਰੇ ਲਿਖਿਆ ਸੀ: “ਯਹੋਵਾਹ ਤੇਰੇ ਬਲ ਦੀ ਆਸਾ ਸੀਯੋਨ ਵਿੱਚੋਂ ਘੱਲੇਗਾ, ਤੂੰ ਆਪਣੇ ਵੈਰੀਆਂ ਦੇ ਵਿਚਕਾਰ ਰਾਜ ਕਰ।”—ਜ਼ਬੂਰਾਂ ਦੀ ਪੋਥੀ 110:2.

10. (ੳ) ਯਿਸੂ ਦੀ ਪਹਿਲੀ ਜਿੱਤ ਕੀ ਸੀ? (ਅ) ਯਿਸੂ ਦੀ ਪਹਿਲੀ ਜਿੱਤ ਦਾ ਦੁਨੀਆਂ ਉੱਤੇ ਕੀ ਅਸਰ ਪਿਆ ਸੀ?

10 ਯਿਸੂ ਦੀ ਪਹਿਲੀ ਜਿੱਤ ਉਸ ਦੇ ਜਾਨੀ ਦੁਸ਼ਮਣ ਸ਼ਤਾਨ ਅਤੇ ਸ਼ਤਾਨ ਦੇ ਬੁਰੇ ਦੂਤਾਂ ਉੱਤੇ ਸੀ ਜਦ ਉਸ ਨੇ ਉਨ੍ਹਾਂ ਨੂੰ ਸਵਰਗੋਂ ਕੱਢ ਕੇ ਧਰਤੀ ਉੱਤੇ ਸੁੱਟ ਦਿੱਤਾ ਸੀ। ਇਹ ਬੁਰੇ ਦੂਤ ਜਾਣਦੇ ਹਨ ਕਿ ਉਨ੍ਹਾਂ ਦਾ ਥੋੜ੍ਹਾ ਹੀ ਸਮਾਂ ਰਹਿੰਦਾ ਹੈ। ਇਸ ਲਈ ਉਨ੍ਹਾਂ ਨੇ ਇਨਸਾਨਾਂ ਉੱਤੇ ਆਪਣਾ ਗੁੱਸਾ ਕੱਢ ਕੇ ਬਹੁਤ ਦੁੱਖ ਲਿਆਂਦੇ ਹਨ। ਪਰਕਾਸ਼ ਦੀ ਪੋਥੀ ਵਿਚ ਇਹ ਦੁੱਖ ਤਿੰਨ ਹੋਰ ਘੋੜਸਵਾਰਾਂ ਦੁਆਰਾ ਦਰਸਾਏ ਗਏ ਹਨ ਜਿਨ੍ਹਾਂ ਦੀ ਦੌੜ ਕਰਕੇ ਧਰਤੀ ਤੇ ਜੰਗ, ਭੁੱਖਮਰੀ ਅਤੇ ਮਹਾਂਮਾਰੀ ਦਾ ਬੱਦਲ ਛਾਇਆ ਹੈ। (ਪਰਕਾਸ਼ ਦੀ ਪੋਥੀ 6:3-8; 12:7-12) ਯਿਸੂ ਨੇ ਆਪਣੇ “ਆਉਣ ਅਰ ਜੁਗ ਦੇ ਅੰਤ” ਦੀਆਂ ਭਵਿੱਖਬਾਣੀਆਂ ਵਿਚ ਵੀ ਇਨ੍ਹਾਂ ਦੁੱਖਾਂ ਬਾਰੇ ਦੱਸਿਆ ਸੀ। (ਮੱਤੀ 24:3, 7; ਲੂਕਾ 21:7-11) ਦੁੱਖ ਦੀਆਂ ਇਹ “ਪੀੜਾਂ” ਉਦੋਂ ਤਕ ਵਧਦੀਆਂ ਰਹਿਣਗੀਆਂ ਜਦ ਤਕ ਯਿਸੂ ‘ਫਤਹ ਕਰ’ ਕੇ ਸ਼ਤਾਨ ਦੀ ਦੁਨੀਆਂ ਦਾ ਪੂਰੀ ਤਰ੍ਹਾਂ ਅੰਤ ਨਾ ਕਰ ਦੇਵੇਗਾ। *ਮੱਤੀ 24:8.

11. ਮਸੀਹੀ ਕਲੀਸਿਯਾ ਦੇ ਇਤਿਹਾਸ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਿਸੂ ਸਵਰਗ ਵਿਚ ਰਾਜਾ ਬਣ ਗਿਆ ਹੈ?

11 ਸਾਡੇ ਕੋਲ ਹੋਰ ਕਿਹੜਾ ਸਬੂਤ ਹੈ ਕਿ ਯਿਸੂ ਸਵਰਗ ਵਿਚ ਰਾਜਾ ਬਣ ਗਿਆ ਹੈ? ਉਸ ਨੇ ਮਸੀਹੀ ਕਲੀਸਿਯਾ ਨੂੰ ਬਰਕਰਾਰ ਰੱਖਿਆ ਹੈ ਤਾਂਕਿ ਉਸ ਦੇ ਮੈਂਬਰ ਸਾਰੀ ਦੁਨੀਆਂ ਵਿਚ ਪ੍ਰਚਾਰ ਕਰ ਸਕਣ। ਭਾਵੇਂ ਝੂਠੇ ਧਰਮਾਂ ਦੀ ਬਣੀ ਵੱਡੀ ਬਾਬੁਲ ਅਤੇ ਸਰਕਾਰਾਂ ਨੇ ਸਾਡਾ ਸਖ਼ਤ ਵਿਰੋਧ ਕੀਤਾ ਹੈ, ਫਿਰ ਵੀ ਪ੍ਰਚਾਰ ਦਾ ਕੰਮ ਕੀਤਾ ਜਾ ਰਿਹਾ ਹੈ। ਪਰ ਇੰਨਾ ਹੀ ਨਹੀਂ ਇਹ ਕੰਮ ਪਹਿਲੀ ਵਾਰ ਇੱਡੇ ਵੱਡੇ ਪੈਮਾਨੇ ਤੇ ਕੀਤਾ ਜਾ ਰਿਹਾ ਹੈ। (ਪਰਕਾਸ਼ ਦੀ ਪੋਥੀ 17:5, 6) ਇਸ ਤੋਂ ਸਾਨੂੰ ਸਬੂਤ ਮਿਲਦਾ ਹੈ ਕਿ ਮਸੀਹ ਸੱਚ-ਮੱਚ ਰਾਜਾ ਬਣ ਗਿਆ ਹੈ!—ਜ਼ਬੂਰਾਂ ਦੀ ਪੋਥੀ 110:3.

12. ਜ਼ਿਆਦਾਤਰ ਲੋਕ ਇਹ ਕਿਉਂ ਨਹੀਂ ਸਮਝਦੇ ਕਿ ਯਿਸੂ ਸਵਰਗ ਵਿਚ ਰਾਜਾ ਬਣ ਗਿਆ ਹੈ?

12 ਦੁੱਖ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ, ਈਸਾਈ ਲੋਕ ਵੀ, ਸਮਝਦੇ ਨਹੀਂ ਕਿ ਧਰਤੀ ਉੱਤੇ ਹੋਣ ਵਾਲੀਆਂ ਮਹੱਤਵਪੂਰਣ ਘਟਨਾਵਾਂ ਦਾ ਅਸਲੀ ਅਰਥ ਕੀ ਹੈ। ਉਹ ਤਾਂ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਵਾਲਿਆਂ ਦਾ ਵੀ ਮਜ਼ਾਕ ਉਡਾਉਂਦੇ ਹਨ! (2 ਪਤਰਸ 3:3, 4) ਕਿਉਂ? ਕਿਉਂਕਿ ਸ਼ਤਾਨ ਨੇ ਉਨ੍ਹਾਂ ਦੇ ਮਨਾਂ ਨੂੰ ਅੰਨ੍ਹਾ ਕੀਤਾ ਹੋਇਆ ਹੈ। (2 ਕੁਰਿੰਥੀਆਂ 4:3, 4) ਦਰਅਸਲ ਸ਼ਤਾਨ ਨੇ ਕਈ ਸਦੀਆਂ ਪਹਿਲਾਂ ਈਸਾਈਆਂ ਦੇ ਮਨਾਂ ਉੱਤੇ ਹਨੇਰੇ ਦਾ ਪਰਦਾ ਪਾਉਣਾ ਸ਼ੁਰੂ ਕੀਤਾ, ਜਿਸ ਕਰਕੇ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਉੱਤੇ ਵਿਸ਼ਵਾਸ ਕਰਨਾ ਛੱਡ ਦਿੱਤਾ ਸੀ।

ਈਸਾਈਆਂ ਨੇ ਪਰਮੇਸ਼ੁਰ ਦੇ ਰਾਜ ਉੱਤੇ ਵਿਸ਼ਵਾਸ ਕਰਨਾ ਛੱਡ ਦਿੱਤਾ

13. ਹਨੇਰੇ ਦੇ ਪਰਦੇ ਕਰਕੇ ਈਸਾਈਆਂ ਵਿਚ ਕੀ-ਕੀ ਹੋਇਆ?

13 ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿਚ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਲੀਸਿਯਾ ਵਿੱਚੋਂ ਕਈ ਲੋਕ ਸੱਚਾਈ ਛੱਡ ਕੇ ਕਈਆਂ ਨੂੰ ਗੁਮਰਾਹ ਕਰ ਦੇਣਗੇ। (ਮੱਤੀ 13:24-30, 36-43; ਰਸੂਲਾਂ ਦੇ ਕਰਤੱਬ 20:29-31; ਯਹੂਦਾਹ 4) ਸਮੇਂ ਦੇ ਬੀਤਣ ਨਾਲ ਇਹ ਲੋਕ ਈਸਾਈ ਸੱਦੇ ਜਾਣ ਲੱਗੇ ਅਤੇ ਉਹ ਗ਼ੈਰ-ਮਸੀਹੀ ਤਿਉਹਾਰ ਮਨਾਉਣ ਅਤੇ ਹੋਰ ਫ਼ਿਲਾਸਫ਼ੀਆਂ ਤੇ ਸਿੱਖਿਆਵਾਂ ਵਿਚ ਵਿਸ਼ਵਾਸ ਕਰਨ ਲੱਗ ਪਏ। ਉਨ੍ਹਾਂ ਨੇ ਇਨ੍ਹਾਂ ਤਿਉਹਾਰਾਂ ਦੇ ਨਾਂ ਬਦਲ ਕੇ ਝੂਠ ਨੂੰ ਸੱਚ ਦਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ। ਇਕ ਮਿਸਾਲ ਉੱਤੇ ਜ਼ਰਾ ਗੌਰ ਕਰੋ। ਕ੍ਰਿਸਮਸ ਦਾ ਤਿਉਹਾਰ ਰੋਮ ਦੇ ਮਿਥਰਾ ਅਤੇ ਸੈਟਰਨ ਦੇਵਤਿਆਂ ਦੀ ਪੂਜਾ ਤੋਂ ਸ਼ੁਰੂ ਹੋਇਆ ਸੀ। ਪਰ ਇਹ ਕਿੱਦਾਂ ਹੋ ਸਕਦਾ ਹੈ ਕਿ ਇਕ ਗ਼ੈਰ-ਮਸੀਹੀ ਤਿਉਹਾਰ ਯਿਸੂ ਮਸੀਹ ਦੇ ਜਨਮ ਦਿਨ ਵਜੋਂ ਮਨਾਇਆ ਜਾਵੇ? ਇਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ “ਯਿਸੂ ਮਸੀਹ ਦੇ ਜਨਮ ਦਾ ਤਿਉਹਾਰ ਯਾਨੀ ਕ੍ਰਿਸਮਸ, ਇਸ ਕਰਕੇ ਸਥਾਪਿਤ ਹੋਇਆ ਕਿਉਂਕਿ ਲੋਕ ਮਸੀਹ ਦੇ ਆਉਣ ਦੀ ਉਡੀਕ ਕਰਨੋਂ ਹਟ ਗਏ ਸਨ।”

14. ਔਰਿਜੇਨ ਅਤੇ ਆਗਸਤੀਨ ਦੀਆਂ ਸਿੱਖਿਆਵਾਂ ਨੇ ਪਰਮੇਸ਼ੁਰ ਦੇ ਰਾਜ ਦੇ ਮਤਲਬ ਨੂੰ ਤੋੜ-ਮਰੋੜ ਕੇ ਕਿਵੇਂ ਪੇਸ਼ ਕੀਤਾ ਸੀ?

14 ਇਸ ਬਾਰੇ ਵੀ ਸੋਚੋ ਕਿ “ਰਾਜ” ਸ਼ਬਦ ਦੇ ਮਤਲਬ ਨੂੰ ਕਿਵੇਂ ਤੋੜਿਆ-ਮਰੋੜਿਆ ਗਿਆ ਹੈ। ਪਰਮੇਸ਼ੁਰ ਦੇ ਰਾਜ ਬਾਰੇ ਇਕ ਪੁਸਤਕ ਵਿਚ ਲਿਖਿਆ ਹੈ ਕਿ ਤੀਜੀ ਸਦੀ ਦੇ ਇਕ ਵਿਦਵਾਨ “ਔਰਿਜੇਨ ਨੇ ‘ਰਾਜ’ ਸ਼ਬਦ ਦੇ ਮਤਲਬ ਨੂੰ ਬਦਲ ਦਿੱਤਾ ਅਤੇ ਕਿਹਾ ਕਿ ਇਹ ਇਨਸਾਨ ਦੇ ਦਿਲ ਵਿਚ ਪਰਮੇਸ਼ੁਰ ਦਾ ਰਾਜ ਹੈ।” ਔਰਿਜੇਨ ਦੀ ਸਿੱਖਿਆ ਕਿਸ ਉੱਤੇ ਆਧਾਰਿਤ ਸੀ? ਉਹੀ ਪੁਸਤਕ ਦੱਸਦੀ ਹੈ ਕਿ ਇਹ ਬਾਈਬਲ ਦੀ ਬਜਾਇ “ਫ਼ਲਸਫ਼ਿਆਂ ਅਤੇ ਦੁਨੀਆਂ ਦੇ ਲੋਕਾਂ ਦੇ ਵਿਚਾਰਾਂ ਉੱਤੇ ਆਧਾਰਿਤ ਸੀ ਜੋ ਯਿਸੂ ਅਤੇ ਉਸ ਦੇ ਮੁਢਲੇ ਚੇਲਿਆਂ ਦੇ ਵਿਚਾਰਾਂ ਤੋਂ ਬਿਲਕੁਲ ਉਲਟ ਸੀ।” ਹਿੱਪੋ ਸ਼ਹਿਰ ਦੇ ਆਗਸਤੀਨ (354-430 ਸਾ.ਯੁ.) ਨੇ ਆਪਣੀ ਪੁਸਤਕ ਵਿਚ ਕਿਹਾ ਕਿ ਚਰਚ ਹੀ ਪਰਮੇਸ਼ੁਰ ਦਾ ਰਾਜ ਹੈ। ਅਜਿਹੀ ਸੋਚਣੀ ਕਿ ਪਰਮੇਸ਼ੁਰ ਚਰਚਾਂ ਰਾਹੀਂ ਇਸ ਧਰਤੀ ਤੇ ਰਾਜ ਕਰਦਾ ਹੈ ਬਾਈਬਲ ਦੇ ਖ਼ਿਲਾਫ਼ ਸੀ। ਇਸ ਸੋਚਣੀ ਕਾਰਨ ਈਸਾਈ-ਜਗਤ ਨੂੰ ਸਿਆਸੀ ਸ਼ਕਤੀ ਹਾਸਲ ਕਰਨ ਦਾ ਬਹਾਨਾ ਮਿਲਿਆ ਅਤੇ ਉਸ ਨੇ ਕਈ ਸਦੀਆਂ ਤਕ ਕਠੋਰਤਾ ਨਾਲ ਇਸ ਸ਼ਕਤੀ ਨੂੰ ਇਸਤੇਮਾਲ ਕੀਤਾ।—ਪਰਕਾਸ਼ ਦੀ ਪੋਥੀ 17:5, 18.

15. ਕਈਆਂ ਚਰਚਾਂ ਦੇ ਸੰਬੰਧ ਵਿਚ ਗਲਾਤੀਆਂ 6:7 ਦੀ ਪੂਰਤੀ ਕਿਵੇਂ ਹੋਈ ਹੈ?

15 ਅੱਜ ਚਰਚ ਆਪਣੀਆਂ ਕਰਨੀਆਂ ਦਾ ਫਲ ਭੁਗਤ ਰਹੇ ਹਨ। (ਗਲਾਤੀਆਂ 6:7) ਨਾ ਹੀ ਉਨ੍ਹਾਂ ਦਾ ਇੰਨਾ ਅਧਿਕਾਰ ਰਿਹਾ ਹੈ ਅਤੇ ਨਾ ਹੀ ਬਹੁਤੇ ਮੈਂਬਰ। ਯੂਰਪ ਵਿਚ ਇਸ ਗੱਲ ਦਾ ਕਾਫ਼ੀ ਸਬੂਤ ਦੇਖਿਆ ਜਾਂਦਾ ਹੈ। ਇਕ ਰਸਾਲੇ ਅਨੁਸਾਰ “ਯੂਰਪ ਦੇ ਵੱਡੇ-ਵੱਡੇ ਗਿਰਜਿਆਂ ਵਿਚ ਪੁਜਾਰੀਆਂ ਦੀ ਬਜਾਇ ਸਿਰਫ਼ ਸੈਲਾਨੀ ਆਉਂਦੇ ਹਨ ਕਿਉਂਕਿ ਚਰਚ ਅਜਾਇਬ-ਘਰ ਬਣ ਕੇ ਰਹਿ ਗਏ ਹਨ।” ਇਹੀ ਗੱਲ ਬਾਕੀ ਦੁਨੀਆਂ ਵਿਚ ਵੀ ਦੇਖੀ ਜਾ ਸਕਦੀ ਹੈ। ਝੂਠੇ ਧਰਮਾਂ ਲਈ ਇਸ ਦਾ ਕੀ ਅਰਥ ਹੈ? ਕੀ ਪੈਸਾ ਅਤੇ ਮੈਂਬਰ ਨਾ ਹੋਣ ਕਰਕੇ ਇਨ੍ਹਾਂ ਦਾ ਅੰਤ ਹੋ ਜਾਵੇਗਾ? ਯਹੋਵਾਹ ਦੀ ਭਗਤੀ ਉੱਤੇ ਇਸ ਦਾ ਕੀ ਅਸਰ ਪਵੇਗਾ?

ਪਰਮੇਸ਼ੁਰ ਦੇ ਵੱਡੇ ਦਿਨ ਲਈ ਤਿਆਰ ਰਹੋ

16. ਵੱਡੀ ਬਾਬੁਲ ਲਈ ਲੋਕਾਂ ਦੀ ਨਫ਼ਰਤ ਤੋਂ ਸਾਨੂੰ ਕੀ ਪਤਾ ਲੱਗਦਾ ਹੈ?

16 ਜੇ ਇਕ ਜੁਆਲਾਮੁਖੀ ਪਹਾੜ ਤੋਂ ਧੂੰਆਂ ਅਤੇ ਸੁਆਹ ਨਿਕਲਦੇ ਹੋਣ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਫਟਣ ਵਾਲਾ ਹੈ। ਇਸੇ ਤਰ੍ਹਾਂ ਅੱਜ-ਕੱਲ੍ਹ ਦੁਨੀਆਂ ਦੇ ਧਰਮਾਂ ਲਈ ਲੋਕਾਂ ਦੀ ਨਫ਼ਰਤ ਦੀ ਅੱਗ ਤੋਂ ਪਤਾ ਲੱਗਦਾ ਹੈ ਕਿ ਝੂਠੇ ਧਰਮਾਂ ਦਾ ਅੰਤ ਨੇੜੇ ਹੈ। ਬਹੁਤ ਜਲਦ ਯਹੋਵਾਹ ਸਰਕਾਰਾਂ ਨੂੰ ਇਕਮੁੱਠ ਹੋਣ ਲਈ ਪ੍ਰੇਰੇਗਾ ਤਾਂਕਿ ਉਹ ਵੱਡੀ ਬਾਬੁਲ ਦਾ ਨਾਸ਼ ਕਰ ਦੇਣ ਜਿਸ ਨੂੰ ਬਾਈਬਲ ਵਿਚ ਕੰਜਰੀ ਸੱਦਿਆ ਗਿਆ ਹੈ। (ਪਰਕਾਸ਼ ਦੀ ਪੋਥੀ 17:15-17; 18:21) ਕੀ ਸੱਚੇ ਮਸੀਹੀਆਂ ਨੂੰ ਉਸ ਘਟਨਾ ਅਤੇ ‘ਵੱਡੇ ਕਸ਼ਟ’ ਦੌਰਾਨ ਹੋਣ ਵਾਲੀਆਂ ਹੋਰਨਾਂ ਘਟਨਾਵਾਂ ਕਰਕੇ ਡਰਨਾ ਚਾਹੀਦਾ ਹੈ? (ਮੱਤੀ 24:21) ਬਿਲਕੁਲ ਨਹੀਂ, ਸਗੋਂ ਉਹ ਖ਼ੁਸ਼ ਹੋਣਗੇ ਜਦ ਪਰਮੇਸ਼ੁਰ ਦੁਸ਼ਟਾਂ ਦਾ ਅੰਤ ਕਰੇਗਾ। (ਪਰਕਾਸ਼ ਦੀ ਪੋਥੀ 18:20; 19:1, 2) ਪਹਿਲੀ ਸਦੀ ਵਿਚ ਯਰੂਸ਼ਲਮ ਸ਼ਹਿਰ ਵਿਚ ਰਹਿਣ ਵਾਲੇ ਮਸੀਹੀਆਂ ਨਾਲ ਜੋ ਹੋਇਆ ਸੀ ਉਸ ਵੱਲ ਧਿਆਨ ਦਿਓ।

17. ਯਹੋਵਾਹ ਦੇ ਵਫ਼ਾਦਾਰ ਸੇਵਕ ਦੁਨੀਆਂ ਦੇ ਅੰਤ ਬਾਰੇ ਹੌਸਲਾ ਕਿਉਂ ਰੱਖ ਸਕਦੇ ਹਨ?

17 ਜਦ ਸਾਲ 66 ਵਿਚ ਰੋਮੀ ਫ਼ੌਜਾਂ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ ਸੀ, ਤਾਂ ਜਿਹੜੇ ਮਸੀਹੀ ਸਾਵਧਾਨ ਰਹੇ ਸਨ ਉਹ ਇਸ ਗੱਲ ਤੋਂ ਨਾ ਹੈਰਾਨ ਹੋਏ ਸਨ ਤੇ ਨਾ ਹੀ ਡਰੇ ਸਨ। ਉਹ ਪਰਮੇਸ਼ੁਰ ਦੇ ਬਚਨ ਦੇ ਅਧਿਐਨ ਤੋਂ ਜਾਣਦੇ ਸਨ ਕਿ “ਉਹ ਦਾ ਉੱਜੜਨਾ ਨੇੜੇ ਆ ਪਹੁੰਚਿਆ” ਸੀ। (ਲੂਕਾ 21:20) ਉਹ ਇਹ ਵੀ ਜਾਣਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਦੇ ਭੱਜਣ ਦਾ ਰਾਹ ਖੋਲ੍ਹੇਗਾ। ਜਦ ਉਨ੍ਹਾਂ ਨੂੰ ਇਹ ਰਾਹ ਦਿਸਿਆ, ਤਾਂ ਉਹ ਭੱਜ ਨਿਕਲੇ। (ਦਾਨੀਏਲ 9:26; ਮੱਤੀ 24:15-19; ਲੂਕਾ 21:21) ਇਸੇ ਤਰ੍ਹਾਂ ਅੱਜ ਜਿਹੜੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਅਤੇ ਉਸ ਦੇ ਪੁੱਤਰ ਦੇ ਹੁਕਮ ਮੰਨਦੇ ਹਨ ਉਹ ਵੀ ਦੁਨੀਆਂ ਦੇ ਅੰਤ ਬਾਰੇ ਸੋਚ ਕੇ ਹੌਸਲਾ ਰੱਖ ਸਕਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਨੂੰ ਬਚਾਵੇਗਾ। (2 ਥੱਸਲੁਨੀਕੀਆਂ 1:6-9) ਜਦੋਂ ਵੱਡਾ ਕਸ਼ਟ ਸ਼ੁਰੂ ਹੋਵੇਗਾ, ਤਾਂ ਉਹ ਖ਼ੁਸ਼ੀ ਨਾਲ ‘ਉਤਾਹਾਂ ਵੇਖਣਗੇ ਅਤੇ ਆਪਣੇ ਸਿਰ ਚੁੱਕਣਗੇ ਇਸ ਲਈ ਜੋ ਉਹ ਜਾਣਦੇ ਹਨ ਕਿ ਉਨ੍ਹਾਂ ਦਾ ਨਿਸਤਾਰਾ ਨੇੜੇ ਆਇਆ ਹੈ।’—ਲੂਕਾ 21:28.

18. ਯਹੋਵਾਹ ਦੇ ਸੇਵਕਾਂ ਉੱਤੇ ਗੋਗ ਦੇ ਹਮਲੇ ਦਾ ਕੀ ਨਤੀਜਾ ਨਿਕਲੇਗਾ?

18 ਵੱਡੀ ਬਾਬੁਲ ਦੇ ਨਾਸ਼ ਤੋਂ ਬਾਅਦ ਸ਼ਤਾਨ ਮਾਗੋਗ ਦਾ ਗੋਗ ਹੋਣ ਦੇ ਨਾਤੇ ਯਹੋਵਾਹ ਦੇ ਗਵਾਹਾਂ ਉੱਤੇ ਹਮਲਾ ਕਰੇਗਾ। ਜਦ ਗੋਗ ਤੇ ਉਸ ਦੇ ਦਲ “ਬੱਦਲ ਵਾਂਙੁ” ਆਉਣਗੇ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਉਹ ਆਸਾਨੀ ਨਾਲ ਜਿੱਤ ਜਾਣਗੇ। ਪਰ ਇਸ ਦੀ ਬਜਾਇ ਉਨ੍ਹਾਂ ਨੂੰ ਕਿੰਨਾ ਝਟਕਾ ਲੱਗੇਗਾ! (ਹਿਜ਼ਕੀਏਲ 38:14-16, 18-23) ਯੂਹੰਨਾ ਰਸੂਲ ਨੇ ਲਿਖਿਆ: “ਮੈਂ ਅਕਾਸ਼ ਨੂੰ ਖੁਲ੍ਹਿਆ ਹੋਇਆ ਡਿੱਠਾ, ਤਾਂ ਕੀ ਵੇਖਦਾ ਹਾਂ ਭਈ ਇੱਕ ਨੁਕਰਾ ਘੋੜਾ ਹੈ ਅਤੇ ਉਹ ਦਾ ਸਵਾਰ ‘ਵਫ਼ਾਦਾਰ’ ਅਤੇ ‘ਸੱਚਾ’ ਸਦਾਉਂਦਾ ਹੈ . . . ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਭਈ ਓਸ ਨਾਲ ਉਹ ਕੌਮਾਂ ਨੂੰ ਮਾਰੇ।” ਇਹ “ਰਾਜਿਆਂ ਦਾ ਰਾਜਾ” ਯਹੋਵਾਹ ਦੇ ਵਫ਼ਾਦਾਰ ਲੋਕਾਂ ਨੂੰ ਬਚਾਵੇਗਾ ਅਤੇ ਉਨ੍ਹਾਂ ਦੇ ਸਾਰੇ ਵੈਰੀਆਂ ਨੂੰ ਖ਼ਤਮ ਕਰ ਦੇਵੇਗਾ। (ਪਰਕਾਸ਼ ਦੀ ਪੋਥੀ 19:11-21) ਇਹ ਉਸ ਦਰਸ਼ਣ ਦੀ ਕਿੰਨੀ ਵਧੀਆ ਪੂਰਤੀ ਹੈ ਜਦ ਯਿਸੂ ਦੇ ਚੇਲਿਆਂ ਨੇ ਉਸ ਨੂੰ ਰਾਜ-ਸੱਤਾ ਵਿਚ ਆਉਂਦੇ ਦੇਖਿਆ ਸੀ!

19. ਮਸੀਹ ਦੀ ਜਿੱਤ ਦਾ ਉਸ ਦੇ ਵਫ਼ਾਦਾਰ ਚੇਲਿਆਂ ਉੱਤੇ ਕੀ ਅਸਰ ਪਵੇਗਾ ਅਤੇ ਉਨ੍ਹਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ?

19 ‘ਉਸ ਦਿਨ ਜਦ ਯਿਸੂ ਆਵੇਗਾ ਉਹ ਸਾਰੇ ਨਿਹਚਾਵਾਨਾਂ ਵਿੱਚ ਅਚਰਜ ਮੰਨਿਆ ਜਾਵੇਗਾ।’ (2 ਥੱਸਲੁਨੀਕੀਆਂ 1:10) ਜੇ ਤੁਸੀਂ ਉਨ੍ਹਾਂ ਲੋਕਾਂ ਵਿਚਕਾਰ ਹੋਣਾ ਚਾਹੁੰਦੇ ਹੋ ਜੋ ਪਰਮੇਸ਼ੁਰ ਦੇ ਵਿਜੇਤਾ ਪੁੱਤਰ ਨੂੰ ਅਸਚਰਜ ਮੰਨਣਗੇ, ਤਾਂ ਆਪਣੀ ਨਿਹਚਾ ਪੱਕੀ ਰੱਖੋ ਅਤੇ “ਤਿਆਰ ਰਹੋ ਕਿਉਂਕਿ ਜਿਸ ਘੜੀ ਤੁਹਾਨੂੰ ਚਿੱਤ ਚੇਤਾ ਨਾ ਹੋਵੇ ਉਸੇ ਘੜੀ ਮਨੁੱਖ ਦਾ ਪੁੱਤ੍ਰ ਆ ਜਾਵੇਗਾ।”—ਮੱਤੀ 24:43, 44.

ਸਚੇਤ ਰਹੋ

20. (ੳ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਕਦਰ ਕਰਦੇ ਹਾਂ? (ਅ) ਸਾਨੂੰ ਆਪਣੇ ਆਪ ਨੂੰ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

20 “ਮਾਤਬਰ ਅਤੇ ਬੁੱਧਵਾਨ ਨੌਕਰ” ਪਰਮੇਸ਼ੁਰ ਦੇ ਲੋਕਾਂ ਨੂੰ ਜਾਗਦੇ ਰਹਿਣ ਅਤੇ ਸਚੇਤ ਰਹਿਣ ਦੀਆਂ ਬਾਕਾਇਦਾ ਯਾਦ-ਦਹਾਨੀਆਂ ਦਿੰਦਾ ਹੈ। (ਮੱਤੀ 24:45, 46; 1 ਥੱਸਲੁਨੀਕੀਆਂ 5:6) ਕੀ ਤੁਸੀਂ ਉਸ ਦੀ ਸਮੇਂ ਸਿਰ ਦਿੱਤੀ ਜਾਂਦੀ ਸਲਾਹ ਦੀ ਕਦਰ ਕਰਦੇ ਹੋ? ਕੀ ਤੁਸੀਂ ਉਸ ਦੀ ਸਲਾਹ ਤੇ ਚੱਲ ਕੇ ਜ਼ਰੂਰੀ ਕੰਮਾਂ ਨੂੰ ਪਹਿਲ ਦਿੰਦੇ ਹੋ? ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਨਿਹਚਾ ਦੀਆਂ ਅੱਖਾਂ ਨਾਲ ਦੇਖ ਸਕਦਾ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਸਵਰਗ ਵਿਚ ਰਾਜ ਕਰ ਰਿਹਾ ਹੈ? ਕੀ ਮੈਂ ਦੇਖ ਸਕਦਾ ਹਾਂ ਕਿ ਉਹ ਵੱਡੀ ਬਾਬੁਲ ਅਤੇ ਸ਼ਤਾਨ ਦੀ ਬਾਕੀ ਦੁਨੀਆਂ ਨੂੰ ਸਜ਼ਾ ਦੇਣ ਲਈ ਤਿਆਰ ਹੈ?’

21. ਕੁਝ ਲੋਕਾਂ ਦੀ ਨਿਹਚਾ ਸ਼ਾਇਦ ਕਮਜ਼ੋਰ ਕਿਉਂ ਹੋ ਗਈ ਹੈ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਕੀ ਕਰਨਾ ਚਾਹੀਦਾ ਹੈ?

21 ਦੁੱਖ ਦੀ ਗੱਲ ਹੈ ਕਿ ਕੁਝ ਭੈਣਾਂ-ਭਰਾਵਾਂ ਦੀ ਨਿਹਚਾ ਕਮਜ਼ੋਰ ਹੋ ਗਈ ਹੈ। ਪਰ ਕਿਉਂ? ਕੀ ਯਿਸੂ ਦੇ ਮੁਢਲੇ ਚੇਲਿਆਂ ਵਾਂਗ ਯਹੋਵਾਹ ਦੇ ਕੁਝ ਸੇਵਕ ਅੱਕ ਗਏ ਹਨ? ਕੀ ਕੁਝ ਸੇਵਕਾਂ ਉੱਤੇ ਦੁੱਖ-ਤਕਲੀਫ਼ਾਂ, ਧੰਨ-ਦੌਲਤ ਇਕੱਠਾ ਕਰਨ ਦੇ ਲਾਲਚ ਜਾਂ ਜ਼ਿੰਦਗੀ ਦੀਆਂ ਹੋਰ ਚਿੰਤਾਵਾਂ ਨੇ ਅਸਰ ਪਾਇਆ ਹੈ? (ਮੱਤੀ 13:3-8, 18-23; ਲੂਕਾ 21:34-36) ਕੀ ਕੁਝ ਸੇਵਕਾਂ ਨੂੰ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਛਾਪੀ ਗਈ ਕੋਈ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਆਈ? ਜੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਹੈ, ਤਾਂ ਤੁਹਾਡੀ ਦਿਲੋਂ ਤਾਕੀਦ ਕੀਤੀ ਜਾਂਦੀ ਹੈ ਕਿ ਤੁਸੀਂ ਜਲਦ ਤੋਂ ਜਲਦ ਮਸੀਹ ਦੀ ਮੌਜੂਦਗੀ ਦੀ ਅਸਲੀਅਤ ਵੱਲ ਫਿਰ ਤੋਂ ਧਿਆਨ ਦਿਓ ਅਤੇ ਯਹੋਵਾਹ ਅੱਗੇ ਬੇਨਤੀ ਕਰੋ ਕਿ ਤੁਹਾਡੇ ਨਾਲ ਉਸ ਦੀ ਦੋਸਤੀ ਪੱਕੀ ਰਹੇ।—2 ਪਤਰਸ 3:11-15.

22. ਯਿਸੂ ਦੇ ਦਰਸ਼ਣ ਅਤੇ ਹੋਰਨਾਂ ਭਵਿੱਖਬਾਣੀਆਂ ਦੀ ਚਰਚਾ ਤੋਂ ਤੁਹਾਡੇ ਉੱਤੇ ਕੀ ਪ੍ਰਭਾਵ ਪਿਆ ਹੈ?

22 ਯਿਸੂ ਦੀ ਰਾਜ-ਸੱਤਾ ਦਾ ਦਰਸ਼ਣ ਉਸ ਦੇ ਚੇਲਿਆਂ ਨੂੰ ਉਸ ਸਮੇਂ ਦਿੱਤਾ ਗਿਆ ਸੀ ਜਦੋਂ ਉਨ੍ਹਾਂ ਨੂੰ ਹੌਸਲੇ ਦੀ ਲੋੜ ਸੀ। ਅੱਜ ਸਾਨੂੰ ਇਸ ਗੱਲ ਤੋਂ ਹੌਸਲਾ ਮਿਲਦਾ ਹੈ ਕਿ ਉਹ ਦਰਸ਼ਣ ਅਤੇ ਬਾਈਬਲ ਦੀਆਂ ਹੋਰ ਭਵਿੱਖਬਾਣੀਆਂ ਪੂਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਦੀ ਪੂਰਤੀ ਅਤੇ ਭਵਿੱਖ ਵਿਚ ਇਨ੍ਹਾਂ ਦੀ ਅਸਲੀਅਤ ਬਾਰੇ ਸੋਚਦੇ ਹੋਏ ਆਓ ਆਪਾਂ ਪੂਰੇ ਦਿਲ ਨਾਲ ਯੂਹੰਨਾ ਰਸੂਲ ਵਾਂਗ ਕਹੀਏ: “ਆਮੀਨ। ਹੇ ਪ੍ਰਭੁ ਯਿਸੂ, ਆਓ!”—ਪਰਕਾਸ਼ ਦੀ ਪੋਥੀ 22:20.

[ਫੁਟਨੋਟ]

^ ਪੈਰਾ 10 ਯੂਨਾਨੀ ਭਾਸ਼ਾ ਵਿਚ ਇੱਥੇ “ਪੀੜਾਂ” ਅਨੁਵਾਦ ਕੀਤੇ ਗਏ ਸ਼ਬਦ ਦਾ ਮਤਲਬ ਹੈ “ਜਣਨ ਦੀਆਂ ਪੀੜਾਂ।” (ਮੱਤੀ 24:8) ਜਿਸ ਤਰ੍ਹਾਂ ਔਰਤ ਨੂੰ ਜਣਨ ਦੀਆਂ ਪੀੜਾਂ ਸ਼ੁਰੂ ਹੁੰਦੀਆਂ, ਫਿਰ ਵਾਰ-ਵਾਰ ਲੱਗਦੀਆਂ, ਫਿਰ ਉਹ ਤੇਜ਼ੀ ਨਾਲ ਆਉਣ ਲੱਗਦੀਆਂ ਹਨ ਤੇ ਲੰਮੇ ਸਮੇਂ ਲਈ ਰਹਿੰਦੀਆਂ ਹਨ, ਉਸੇ ਤਰ੍ਹਾਂ ਵੱਡੀ ਬਿਪਤਾ ਆਉਣ ਤਕ ਸੰਸਾਰ ਦੇ ਦੁੱਖ ਵੀ ਵਧਦੇ ਜਾਣਗੇ।

ਕੀ ਤੁਹਾਨੂੰ ਯਾਦ ਹੈ?

• ਬਾਈਬਲ ਸਟੂਡੈਂਟਸ ਨੇ 1870 ਦੇ ਦਹਾਕੇ ਵਿਚ ਮਸੀਹ ਦੇ ਆਉਣ ਬਾਰੇ ਕਿਹੜੀ ਗੱਲ ਸਮਝ ਲਈ ਸੀ?

• ਯਿਸੂ ਦਾ ਰਾਜ-ਸੱਤਾ ਵਿਚ ਆਉਣ ਦਾ ਦਰਸ਼ਣ ਇਕ ਅਸਲੀਅਤ ਕਿਵੇਂ ਬਣ ਗਿਆ ਹੈ?

• ਯਿਸੂ ਦੀ ਫਤਿਹ ਦਾ ਦੁਨੀਆਂ ਉੱਤੇ ਅਤੇ ਕਲੀਸਿਯਾ ਉੱਤੇ ਕੀ ਅਸਰ ਹੋਇਆ ਹੈ?

• ਜੇ ਅਸੀਂ ਉਸ ਸਮੇਂ ਬਚਣਾ ਚਾਹੁੰਦੇ ਹਾਂ ਜਦ ਯਿਸੂ ਆਪਣੀ ਜਿੱਤ ਪੂਰੀ ਕਰੇਗਾ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

[ਸਵਾਲ]

[ਸਫ਼ੇ 17 ਉੱਤੇ ਤਸਵੀਰ]

ਜੋ ਦਰਸ਼ਣ ਵਿਚ ਦੇਖਿਆ ਗਿਆ ਉਹ ਪੂਰਾ ਹੋਇਆ

[ਸਫ਼ੇ 18 ਉੱਤੇ ਤਸਵੀਰ]

ਉਦੋਂ ਕੀ ਹੋਇਆ ਸੀ ਜਦੋਂ ਯਿਸੂ ਫਤਿਹ ਕਰਨ ਨੂੰ ਨਿਕਲਿਆ ਸੀ?