ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼ 14:1-20

  • ਲੇਲਾ ਅਤੇ 1,44,000 ਜਣੇ (1-5)

  • ਤਿੰਨ ਦੂਤਾਂ ਦੇ ਸੰਦੇਸ਼ (6-12)

    • ਆਕਾਸ਼ ਵਿਚ ਉੱਡਦੇ ਦੂਤ ਕੋਲ ਖ਼ੁਸ਼ ਖ਼ਬਰੀ (6, 7)

  • ਖ਼ੁਸ਼ ਹਨ ਉਹ ਜਿਹੜੇ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਏ ਮਰਦੇ ਹਨ (13)

  • ਧਰਤੀ ਉੱਤੇ ਦੋ ਤਰ੍ਹਾਂ ਦੀ ਵਾਢੀ (14-20)

14  ਫਿਰ ਮੈਂ ਸੀਓਨ ਪਹਾੜ+ ਉੱਤੇ ਲੇਲੇ+ ਨੂੰ ਖੜ੍ਹਾ ਦੇਖਿਆ ਅਤੇ ਉਸ ਦੇ ਨਾਲ 1,44,000+ ਜਣੇ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੱਥਿਆਂ ਉੱਤੇ ਲੇਲੇ ਦਾ ਨਾਂ ਅਤੇ ਉਸ ਦੇ ਪਿਤਾ ਦਾ ਨਾਂ ਲਿਖਿਆ ਹੋਇਆ ਸੀ।+  ਮੈਂ ਸਵਰਗੋਂ ਇਕ ਆਵਾਜ਼ ਸੁਣੀ ਜੋ ਬਹੁਤ ਸਾਰੇ ਪਾਣੀਆਂ ਅਤੇ ਉੱਚੀ ਗਰਜ ਦੀ ਆਵਾਜ਼ ਵਰਗੀ ਸੀ; ਇਹ ਆਵਾਜ਼ ਇਵੇਂ ਲੱਗਦੀ ਸੀ ਜਿਵੇਂ ਗਾਇਕ ਆਪਣੇ ਰਬਾਬ ਵਜਾ ਕੇ ਨਾਲ-ਨਾਲ ਗਾਉਂਦੇ ਹੋਣ।  ਉਹ ਸਿੰਘਾਸਣ ਦੇ ਸਾਮ੍ਹਣੇ, ਚਾਰ ਜੀਉਂਦੇ ਪ੍ਰਾਣੀਆਂ+ ਦੇ ਸਾਮ੍ਹਣੇ ਅਤੇ ਬਜ਼ੁਰਗਾਂ+ ਦੇ ਸਾਮ੍ਹਣੇ ਇਕ ਗੀਤ ਗਾ ਰਹੇ ਸਨ ਜਿਹੜਾ ਨਵਾਂ ਲੱਗਦਾ ਸੀ।+ ਧਰਤੀ ਉੱਤੋਂ ਮੁੱਲ ਲਏ ਗਏ ਇਨ੍ਹਾਂ 1,44,000+ ਜਣਿਆਂ ਤੋਂ ਸਿਵਾਇ ਹੋਰ ਕੋਈ ਵੀ ਇਸ ਗੀਤ ਨੂੰ ਗਾਉਣਾ ਨਹੀਂ ਸਿੱਖ ਸਕਿਆ।  ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਤੀਵੀਆਂ ਨਾਲ ਭ੍ਰਿਸ਼ਟ ਨਹੀਂ ਕੀਤਾ; ਅਸਲ ਵਿਚ ਇਹ ਸ਼ੁੱਧ* ਹਨ।+ ਲੇਲਾ ਜਿੱਥੇ ਵੀ ਜਾਂਦਾ ਹੈ, ਇਹ ਲੇਲੇ ਦੇ ਪਿੱਛੇ-ਪਿੱਛੇ ਜਾਂਦੇ ਹਨ।+ ਇਹ ਪਰਮੇਸ਼ੁਰ ਅਤੇ ਲੇਲੇ ਵਾਸਤੇ ਪਹਿਲੇ ਫਲਾਂ ਦੇ ਤੌਰ ਤੇ+ ਮਨੁੱਖਜਾਤੀ ਵਿੱਚੋਂ ਮੁੱਲ ਲਏ ਗਏ ਹਨ+  ਅਤੇ ਇਨ੍ਹਾਂ ਦੀ ਜ਼ਬਾਨ ਉੱਤੇ ਕੋਈ ਛਲ-ਕਪਟ ਨਹੀਂ ਹੈ; ਇਹ ਬੇਦਾਗ਼ ਹਨ।+  ਮੈਂ ਇਕ ਹੋਰ ਦੂਤ ਨੂੰ ਆਕਾਸ਼ ਵਿਚ* ਉੱਡਦਿਆਂ ਦੇਖਿਆ ਜਿਸ ਕੋਲ ਹਮੇਸ਼ਾ ਕਾਇਮ ਰਹਿਣ ਵਾਲੀ ਖ਼ੁਸ਼ ਖ਼ਬਰੀ ਸੀ। ਉਹ ਧਰਤੀ ਦੇ ਵਾਸੀਆਂ ਨੂੰ ਯਾਨੀ ਹਰ ਕੌਮ, ਹਰ ਕਬੀਲੇ, ਹਰ ਭਾਸ਼ਾ* ਬੋਲਣ ਵਾਲੇ ਅਤੇ ਹਰ ਨਸਲ ਦੇ ਲੋਕਾਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾ ਰਿਹਾ ਸੀ।+  ਉਹ ਉੱਚੀ ਆਵਾਜ਼ ਵਿਚ ਕਹਿ ਰਿਹਾ ਸੀ: “ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ ਕਿਉਂਕਿ ਉਸ ਦੁਆਰਾ ਨਿਆਂ ਕਰਨ ਦਾ ਸਮਾਂ ਆ ਗਿਆ ਹੈ,+ ਇਸ ਲਈ ਉਸ ਦੀ ਭਗਤੀ ਕਰੋ ਜਿਸ ਨੇ ਆਕਾਸ਼, ਧਰਤੀ, ਸਮੁੰਦਰ+ ਅਤੇ ਪਾਣੀ ਦੇ ਚਸ਼ਮਿਆਂ ਨੂੰ ਬਣਾਇਆ ਹੈ।”  ਉਸ ਤੋਂ ਬਾਅਦ ਦੂਸਰਾ ਦੂਤ ਆਇਆ ਅਤੇ ਉਸ ਨੇ ਕਿਹਾ: “ਉਹ ਸ਼ਹਿਰ ਢਹਿ ਗਿਆ ਹੈ! ਹਾਂ, ਮਹਾਂ ਬਾਬਲ+ ਢਹਿ ਗਿਆ ਹੈ!+ ਇਸ ਨੇ ਇਕ ਬਦਚਲਣ ਤੀਵੀਂ ਵਾਂਗ ਆਪਣੀ ਹਰਾਮਕਾਰੀ* ਦੀ ਹਵਸ* ਦਾ ਦਾਖਰਸ ਸਾਰੀਆਂ ਕੌਮਾਂ ਨੂੰ ਪਿਲਾਇਆ ਸੀ।”+  ਉਨ੍ਹਾਂ ਤੋਂ ਬਾਅਦ ਤੀਸਰਾ ਦੂਤ ਆਇਆ ਅਤੇ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਜੇ ਕੋਈ ਉਸ ਵਹਿਸ਼ੀ ਦਰਿੰਦੇ+ ਜਾਂ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਉਸ ਦਾ ਨਿਸ਼ਾਨ ਆਪਣੇ ਮੱਥੇ ਜਾਂ ਹੱਥ ਉੱਤੇ ਲਗਵਾਉਂਦਾ ਹੈ,+ 10  ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦਾ ਖਾਲਸ ਦਾਖਰਸ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿਚ ਪਾਇਆ ਗਿਆ ਹੈ+ ਅਤੇ ਉਸ ਨੂੰ ਪਵਿੱਤਰ ਦੂਤਾਂ ਅਤੇ ਲੇਲੇ ਦੀਆਂ ਨਜ਼ਰਾਂ ਸਾਮ੍ਹਣੇ ਅੱਗ ਅਤੇ ਗੰਧਕ* ਨਾਲ ਤੜਫਾਇਆ ਜਾਵੇਗਾ।+ 11  ਜਿਹੜੇ ਉਸ ਵਹਿਸ਼ੀ ਦਰਿੰਦੇ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਜਿਹੜੇ ਉਸ ਦੇ ਨਾਂ ਦਾ ਨਿਸ਼ਾਨ ਲਗਵਾਉਂਦੇ ਹਨ,+ ਉਨ੍ਹਾਂ ਨੂੰ ਤੜਫਾਉਣ ਵਾਲੀ ਅੱਗ ਦਾ ਧੂੰਆਂ ਹਮੇਸ਼ਾ ਉੱਪਰ ਉੱਠਦਾ ਰਹੇਗਾ+ ਅਤੇ ਉਨ੍ਹਾਂ ਨੂੰ ਬਿਨਾਂ ਰੁਕੇ ਦਿਨ-ਰਾਤ ਤੜਫਾਇਆ ਜਾਵੇਗਾ। 12  ਇਸ ਕਰਕੇ ਪਵਿੱਤਰ ਸੇਵਕਾਂ ਵਾਸਤੇ ਧੀਰਜ ਰੱਖਣਾ ਜ਼ਰੂਰੀ ਹੈ+ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ ਅਤੇ ਯਿਸੂ ਉੱਤੇ ਪੱਕੀ ਨਿਹਚਾ ਰੱਖਦੇ ਹਨ।”+ 13  ਮੈਂ ਸਵਰਗੋਂ ਇਕ ਆਵਾਜ਼ ਸੁਣੀ ਜਿਸ ਨੇ ਕਿਹਾ: “ਲਿਖ, ਖ਼ੁਸ਼ ਹਨ ਉਹ ਜਿਹੜੇ ਇਸ ਸਮੇਂ ਤੋਂ ਪ੍ਰਭੂ ਨਾਲ ਏਕਤਾ ਵਿਚ ਬੱਝੇ ਹੋਏ ਮਰਦੇ ਹਨ।+ ਜੀ ਹਾਂ, ਪਵਿੱਤਰ ਸ਼ਕਤੀ ਕਹਿੰਦੀ ਹੈ ਕਿ ਉਨ੍ਹਾਂ ਨੂੰ ਆਪਣੇ ਕੰਮਾਂ ਤੋਂ ਆਰਾਮ ਕਰਨ ਦਿਓ ਕਿਉਂਕਿ ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਜਾਣਗੇ।” 14  ਫਿਰ ਮੈਂ ਇਕ ਚਿੱਟਾ ਬੱਦਲ ਦੇਖਿਆ ਅਤੇ ਉਸ ਬੱਦਲ ਉੱਤੇ ਕੋਈ ਬੈਠਾ ਹੋਇਆ ਸੀ ਜਿਹੜਾ ਮਨੁੱਖ ਦੇ ਪੁੱਤਰ ਵਰਗਾ ਲੱਗਦਾ ਸੀ।+ ਉਸ ਦੇ ਸਿਰ ਉੱਤੇ ਸੋਨੇ ਦਾ ਮੁਕਟ ਸੀ ਅਤੇ ਉਸ ਦੇ ਹੱਥ ਵਿਚ ਇਕ ਤਿੱਖੀ ਦਾਤੀ ਸੀ। 15  ਇਕ ਹੋਰ ਦੂਤ ਮੰਦਰ* ਵਿੱਚੋਂ ਨਿਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਹੋਇਆ ਸੀ, ਉਸ ਨੂੰ ਉਸ ਦੂਤ ਨੇ ਉੱਚੀ ਆਵਾਜ਼ ਵਿਚ ਕਿਹਾ: “ਆਪਣੀ ਦਾਤੀ ਚਲਾ ਅਤੇ ਵੱਢ ਕਿਉਂਕਿ ਧਰਤੀ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਗਈ ਹੈ ਅਤੇ ਵਾਢੀ ਦਾ ਸਮਾਂ ਆ ਗਿਆ ਹੈ।”+ 16  ਜਿਹੜਾ ਬੱਦਲ ਉੱਤੇ ਬੈਠਾ ਹੋਇਆ ਸੀ, ਉਸ ਨੇ ਧਰਤੀ ਉੱਤੇ ਆਪਣੀ ਦਾਤੀ ਚਲਾਈ ਅਤੇ ਧਰਤੀ ਦੀ ਫ਼ਸਲ ਵੱਢ ਲਈ। 17  ਇਕ ਹੋਰ ਦੂਤ ਮੰਦਰ* ਵਿੱਚੋਂ ਨਿਕਲਿਆ ਜੋ ਸਵਰਗ ਵਿਚ ਹੈ। ਉਸ ਦੇ ਹੱਥ ਵਿਚ ਵੀ ਇਕ ਤਿੱਖੀ ਦਾਤੀ ਸੀ। 18  ਇਕ ਹੋਰ ਦੂਤ ਵੇਦੀ ਵੱਲੋਂ ਆਇਆ ਅਤੇ ਉਸ ਕੋਲ ਅੱਗ ਉੱਤੇ ਅਧਿਕਾਰ ਸੀ। ਉਸ ਨੇ ਤਿੱਖੀ ਦਾਤੀ ਵਾਲੇ ਦੂਤ ਨੂੰ ਉੱਚੀ ਆਵਾਜ਼ ਵਿਚ ਕਿਹਾ: “ਆਪਣੀ ਦਾਤੀ ਚਲਾ ਅਤੇ ਧਰਤੀ ਉੱਤੇ ਅੰਗੂਰੀ ਵੇਲ ਤੋਂ ਗੁੱਛੇ ਵੱਢ ਕੇ ਇਕੱਠੇ ਕਰ ਕਿਉਂਕਿ ਅੰਗੂਰ ਪੱਕ ਗਏ ਹਨ।”+ 19  ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਚਲਾਈ ਅਤੇ ਧਰਤੀ ਉੱਤੋਂ ਅੰਗੂਰਾਂ ਦੇ ਗੁੱਛੇ ਵੱਢ ਕੇ ਪਰਮੇਸ਼ੁਰ ਦੇ ਕ੍ਰੋਧ ਦੇ ਵੱਡੇ ਸਾਰੇ ਚੁਬੱਚੇ ਵਿਚ ਸੁੱਟ ਦਿੱਤੇ।+ 20  ਸ਼ਹਿਰੋਂ ਬਾਹਰ ਚੁਬੱਚੇ ਵਿਚ ਅੰਗੂਰਾਂ ਨੂੰ ਮਿੱਧਿਆ ਗਿਆ ਅਤੇ ਚੁਬੱਚੇ ਵਿੱਚੋਂ ਇੰਨਾ ਖ਼ੂਨ ਨਿਕਲਿਆ ਕਿ ਇਹ ਘੋੜਿਆਂ ਦੀਆਂ ਲਗਾਮਾਂ ਤਕ ਪਹੁੰਚ ਗਿਆ ਅਤੇ ਇਹ ਲਗਭਗ 300 ਕਿਲੋਮੀਟਰ* ਦੇ ਇਲਾਕੇ ਵਿਚ ਫੈਲ ਗਿਆ।

ਫੁਟਨੋਟ

ਯੂਨਾ, “ਕੁਆਰੇ।”
ਜਾਂ, “ਹਵਾ ਵਿਚ; ਸਿਰ ਉੱਪਰ।”
ਜਾਂ, “ਬੋਲੀ।”
ਜਾਂ, “ਗੁੱਸੇ।”
ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।
ਪ੍ਰਕਾ 9:​17, ਫੁਟਨੋਟ ਦੇਖੋ।
ਯਾਨੀ, ਮੰਦਰ ਦਾ ਅੱਤ ਪਵਿੱਤਰ ਕਮਰਾ।
ਯਾਨੀ, ਮੰਦਰ ਦਾ ਅੱਤ ਪਵਿੱਤਰ ਕਮਰਾ।
ਯੂਨਾ, “1,600 ਸਟੇਡੀਅਮ।” ਇਕ ਸਟੇਡੀਅਮ ਲਗਭਗ 190 ਮੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।