ਦਾਨੀਏਲ 12:1-13

  • ‘ਅੰਤ ਦਾ ਸਮਾਂ’ ਅਤੇ ਉਸ ਤੋਂ ਬਾਅਦ (1-13)

    • ਮੀਕਾਏਲ ਖੜ੍ਹਾ ਹੋਵੇਗਾ (1)

    • ਡੂੰਘੀ ਸਮਝ ਰੱਖਣ ਵਾਲੇ ਚਾਨਣ ਵਾਂਗ ਤੇਜ਼ ਚਮਕਣਗੇ (3)

    • ਸੱਚਾ ਗਿਆਨ ਬਹੁਤ ਵਧੇਗਾ (4)

    • ਦਾਨੀਏਲ ਆਪਣਾ ਹਿੱਸਾ ਲੈਣ ਲਈ ਉੱਠੇਗਾ (13)

12  “ਉਸ ਸਮੇਂ ਦੌਰਾਨ ਮੀਕਾਏਲ*+ ਖੜ੍ਹਾ ਹੋਵੇਗਾ, ਉਹ ਮਹਾਨ ਹਾਕਮ+ ਜੋ ਤੇਰੇ ਲੋਕਾਂ* ਦੇ ਪੱਖ ਵਿਚ ਖੜ੍ਹਾ ਹੈ। ਅਤੇ ਕਸ਼ਟ ਦਾ ਅਜਿਹਾ ਸਮਾਂ ਆਵੇਗਾ ਜੋ ਇਕ ਕੌਮ ਦੇ ਬਣਨ ਤੋਂ ਲੈ ਕੇ ਉਸ ਸਮੇਂ ਤਕ ਨਹੀਂ ਆਇਆ। ਉਸ ਸਮੇਂ ਦੌਰਾਨ ਤੇਰੇ ਲੋਕਾਂ ਵਿੱਚੋਂ ਹਰ ਉਹ ਇਨਸਾਨ ਬਚ ਨਿਕਲੇਗਾ+ ਜਿਸ ਦਾ ਨਾਂ ਪਰਮੇਸ਼ੁਰ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+  ਜ਼ਮੀਨ ਦੀ ਮਿੱਟੀ ਵਿਚ ਸੁੱਤੇ ਪਏ ਲੋਕਾਂ ਵਿੱਚੋਂ ਬਹੁਤ ਸਾਰੇ ਜਾਗ ਉੱਠਣਗੇ। ਉਨ੍ਹਾਂ ਵਿੱਚੋਂ ਕੁਝ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਕੁਝ ਲੋਕ ਸ਼ਰਮਿੰਦਗੀ ਅਤੇ ਹਮੇਸ਼ਾ ਲਈ ਘਿਰਣਾ ਦੇ ਲਾਇਕ ਠਹਿਰਾਏ ਜਾਣਗੇ।  “ਅਤੇ ਜਿਹੜੇ ਡੂੰਘੀ ਸਮਝ ਰੱਖਦੇ ਹਨ, ਉਹ ਅੰਬਰ ਦੇ ਚਾਨਣ ਵਾਂਗ ਤੇਜ਼ ਚਮਕਣਗੇ ਅਤੇ ਜਿਹੜੇ ਬਹੁਤ ਸਾਰੇ ਲੋਕਾਂ ਦੀ ਧਰਮੀ ਅਸੂਲਾਂ ’ਤੇ ਚੱਲਣ ਵਿਚ ਮਦਦ ਕਰਦੇ ਹਨ, ਉਹ ਤਾਰਿਆਂ ਵਾਂਗ ਹਮੇਸ਼ਾ-ਹਮੇਸ਼ਾ ਲਈ ਚਮਕਣਗੇ।  “ਪਰ ਤੂੰ, ਹੇ ਦਾਨੀਏਲ, ਅੰਤ ਦੇ ਸਮੇਂ ਤਕ ਇਸ ਕਿਤਾਬ ਨੂੰ ਮੁਹਰ ਲਾ ਕੇ ਬੰਦ ਕਰ ਦੇ ਅਤੇ ਇਨ੍ਹਾਂ ਗੱਲਾਂ ਨੂੰ ਗੁਪਤ ਰੱਖ।+ ਬਹੁਤ ਸਾਰੇ ਲੋਕ ਇਸ ਕਿਤਾਬ ਵਿੱਚੋਂ ਧਿਆਨ ਨਾਲ ਖੋਜ ਕਰਨਗੇ ਅਤੇ ਸੱਚਾ ਗਿਆਨ ਬਹੁਤ ਵਧ ਜਾਵੇਗਾ।”+  ਫਿਰ ਮੈਂ ਦਾਨੀਏਲ ਨੇ ਦੋ ਦੂਤਾਂ ਨੂੰ ਖੜ੍ਹੇ ਦੇਖਿਆ, ਇਕ ਨਦੀ ਦੇ ਇਸ ਕਿਨਾਰੇ ’ਤੇ ਅਤੇ ਦੂਜਾ ਨਦੀ ਦੇ ਉਸ ਕਿਨਾਰੇ ’ਤੇ।+  ਫਿਰ ਜਿਸ ਆਦਮੀ ਨੇ ਮਲਮਲ ਦੇ ਕੱਪੜੇ ਪਾਏ ਸਨ+ ਅਤੇ ਜੋ ਨਦੀ ਦੇ ਪਾਣੀ ਉੱਤੇ ਖੜ੍ਹਾ ਸੀ, ਉਸ ਨੂੰ ਇਕ ਦੂਤ ਨੇ ਪੁੱਛਿਆ: “ਇਹ ਅਨੋਖੀਆਂ ਗੱਲਾਂ ਕਿੰਨੇ ਸਮੇਂ ਬਾਅਦ ਪੂਰੀਆਂ ਹੋਣਗੀਆਂ?”  ਫਿਰ ਜਿਸ ਆਦਮੀ ਨੇ ਮਲਮਲ ਦੇ ਕੱਪੜੇ ਪਾਏ ਹੋਏ ਸਨ ਅਤੇ ਜੋ ਨਦੀ ਦੇ ਪਾਣੀ ਉੱਤੇ ਖੜ੍ਹਾ ਸੀ, ਉਸ ਨੇ ਆਪਣਾ ਸੱਜਾ ਅਤੇ ਖੱਬਾ ਹੱਥ ਆਕਾਸ਼ ਵੱਲ ਚੁੱਕ ਕੇ ਪਰਮੇਸ਼ੁਰ ਦੀ ਸਹੁੰ ਖਾਧੀ ਜੋ ਸਦਾ ਜੀਉਂਦਾ ਰਹਿੰਦਾ ਹੈ।+ ਮੈਂ ਉਸ ਆਦਮੀ ਨੂੰ ਇਹ ਕਹਿੰਦੇ ਹੋਏ ਸੁਣਿਆ: “ਇਸ ਵਾਸਤੇ ਇਕ ਸਮਾਂ, ਦੋ ਸਮੇਂ ਅਤੇ ਅੱਧਾ ਸਮਾਂ* ਮਿਥਿਆ ਗਿਆ ਹੈ। ਜਿਵੇਂ ਹੀ ਪਵਿੱਤਰ ਲੋਕਾਂ ਦੀ ਤਾਕਤ ਨੂੰ ਚੂਰ-ਚੂਰ ਕਰਨ ਦਾ ਸਿਲਸਿਲਾ ਖ਼ਤਮ ਹੋ ਜਾਵੇਗਾ,+ ਉਸ ਸਮੇਂ ਤਕ ਇਹ ਸਾਰੀਆਂ ਗੱਲਾਂ ਪੂਰੀਆਂ ਹੋ ਜਾਣਗੀਆਂ।”  ਮੈਂ ਇਹ ਸਾਰੀਆਂ ਗੱਲਾਂ ਸੁਣੀਆਂ, ਪਰ ਮੈਂ ਇਨ੍ਹਾਂ ਨੂੰ ਸਮਝ ਨਾ ਸਕਿਆ।+ ਇਸ ਲਈ ਮੈਂ ਪੁੱਛਿਆ: “ਹੇ ਮੇਰੇ ਪ੍ਰਭੂ, ਆਖ਼ਰ ਇਨ੍ਹਾਂ ਗੱਲਾਂ ਦਾ ਨਤੀਜਾ ਕੀ ਨਿਕਲੇਗਾ?”  ਉਸ ਨੇ ਕਿਹਾ: “ਹੇ ਦਾਨੀਏਲ, ਤੂੰ ਜਾਹ ਕਿਉਂਕਿ ਅੰਤ ਦੇ ਸਮੇਂ ਤਕ ਇਹ ਕਿਤਾਬ ਮੁਹਰ ਲਾ ਕੇ ਬੰਦ ਕਰ ਦਿੱਤੀ ਜਾਵੇਗੀ ਅਤੇ ਇਸ ਵਿਚ ਲਿਖੀਆਂ ਗੱਲਾਂ ਨੂੰ ਰਾਜ਼ ਰੱਖਿਆ ਜਾਵੇਗਾ।+ 10  ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸਾਫ਼ ਅਤੇ ਸ਼ੁੱਧ ਕਰਨਗੇ ਅਤੇ ਉਨ੍ਹਾਂ ਨੂੰ ਪਰਖਿਆ ਜਾਵੇਗਾ।+ ਦੁਸ਼ਟ ਲੋਕ ਦੁਸ਼ਟ ਕੰਮ ਕਰਦੇ ਰਹਿਣਗੇ ਅਤੇ ਕੋਈ ਦੁਸ਼ਟ ਇਨਸਾਨ ਇਨ੍ਹਾਂ ਗੱਲਾਂ ਨੂੰ ਨਹੀਂ ਸਮਝੇਗਾ। ਪਰ ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਹ ਇਹ ਗੱਲਾਂ ਸਮਝ ਲੈਣਗੇ।+ 11  “ਅਤੇ ਜਿਸ ਸਮੇਂ ਤੋਂ ਰੋਜ਼ ਚੜ੍ਹਾਈਆਂ ਜਾਂਦੀਆਂ ਭੇਟਾਂ+ ਬੰਦ ਕੀਤੀਆਂ ਗਈਆਂ ਹਨ ਅਤੇ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਖੜ੍ਹੀ ਕੀਤੀ ਗਈ ਹੈ,+ ਉਸ ਸਮੇਂ ਤੋਂ 1,290 ਦਿਨ ਬੀਤਣਗੇ। 12  “ਖ਼ੁਸ਼ ਹੈ ਉਹ ਇਨਸਾਨ ਜੋ 1,335 ਦਿਨਾਂ ਦੇ ਅੰਤ ਤਕ ਧੀਰਜ ਨਾਲ ਉਡੀਕ ਕਰਦਾ ਹੈ! 13  “ਪਰ ਜਿੱਥੇ ਤਕ ਤੇਰੀ ਗੱਲ ਹੈ, ਤੂੰ ਅੰਤ ਤਕ ਪੱਕਾ ਰਹਿ। ਤੂੰ ਆਰਾਮ ਕਰੇਂਗਾ, ਪਰ ਉਨ੍ਹਾਂ ਦਿਨਾਂ ਦੇ ਖ਼ਤਮ ਹੋਣ ’ਤੇ ਤੂੰ ਆਪਣਾ ਹਿੱਸਾ* ਲੈਣ ਲਈ ਉੱਠ ਖੜ੍ਹਾ ਹੋਵੇਂਗਾ।”+

ਫੁਟਨੋਟ

ਮਤਲਬ “ਪਰਮੇਸ਼ੁਰ ਵਰਗਾ ਕੌਣ ਹੈ?”
ਇਬ, “ਤੇਰੇ ਲੋਕਾਂ ਦੇ ਪੁੱਤਰਾਂ।”
ਯਾਨੀ, ਸਾਢੇ ਤਿੰਨ ਸਮੇਂ।
ਜਾਂ, “ਤੂੰ ਆਪਣੇ ਹਿੱਸੇ ਆਈ ਜਗ੍ਹਾ।”