ਆਪਣੀ ਜ਼ਮੀਰ ਦੀ ਰਾਖੀ ਕਰੋ

ਆਪਣੀ ਜ਼ਮੀਰ ਦੀ ਰਾਖੀ ਕਰੋ

ਆਪਣੀ ਜ਼ਮੀਰ ਦੀ ਰਾਖੀ ਕਰੋ

ਗ਼ਲਤ ਜਾਣਕਾਰੀ ਨਾਲ ਪ੍ਰੋਗ੍ਰਾਮ ਕੀਤੇ ਕੰਪਿਊਟਰ ਵਾਲੇ ਹਵਾਈ ਜਹਾਜ਼ ਵਿਚ ਸਫ਼ਰ ਕਰਨ ਦਾ ਵਿਚਾਰ ਬੜਾ ਡਰਾਉਣਾ ਹੈ। ਪਰ ਇਸ ਤੋਂ ਵੀ ਖ਼ਤਰਨਾਕ ਸਥਿਤੀ ਉਦੋਂ ਹੋਵੇਗੀ ਜੇਕਰ ਜਹਾਜ਼ ਦੀ ਦਿਸ਼ਾ ਦਿਖਾਉਣ ਵਾਲੀ ਪ੍ਰਣਾਲੀ ਵਿਚ ਕਿਸੇ ਨੇ ਜਾਣ-ਬੁੱਝ ਕੇ ਫੇਰ-ਬਦਲ ਕਰ ਦਿੱਤਾ ਹੋਵੇ ਜਾਂ ਇਸ ਦੀ ਜਾਣਕਾਰੀ ਨੂੰ ਵਿਗਾੜ ਦਿੱਤਾ ਹੋਵੇ। ਦਰਅਸਲ, ਇਕ ਵਿਅਕਤੀ ਬਿਲਕੁਲ ਇਸੇ ਤਰ੍ਹਾਂ ਤੁਹਾਡੀ ਜ਼ਮੀਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਤੁਹਾਡੀ ਨੈਤਿਕ-ਦਿਸ਼ਾ ਪ੍ਰਣਾਲੀ ਨੂੰ ਖ਼ਰਾਬ ਕਰਨਾ ਚਾਹੁੰਦਾ ਹੈ। ਉਸ ਦਾ ਉਦੇਸ਼ ਹੈ ਪਰਮੇਸ਼ੁਰ ਨਾਲ ਤੁਹਾਡੀ ਟੱਕਰ ਕਰਾਉਣੀ!​—ਅੱਯੂਬ 2:2-5; ਯੂਹੰਨਾ 8:44.

ਇਹ ਖ਼ਤਰਨਾਕ ਦੁਸ਼ਮਣ ਕੌਣ ਹੈ? ਬਾਈਬਲ ਵਿਚ ਉਸ ਨੂੰ “ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ” ਕਿਹਾ ਗਿਆ ਹੈ “ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ।” (ਟੇਢੇ ਟਾਈਪ ਸਾਡੇ।) (ਪਰਕਾਸ਼ ਦੀ ਪੋਥੀ 12:9) ਉਸ ਨੇ ਆਪਣੀ ਪਹਿਲੀ ਚਾਲ ਅਦਨ ਦੇ ਬਾਗ਼ ਵਿਚ ਉਦੋਂ ਚੱਲੀ ਜਦੋਂ ਉਸ ਨੇ ਝੂਠੀਆਂ ਦਲੀਲਾਂ ਦੇ ਕੇ ਹੱਵਾਹ ਨੂੰ ਕੁਰਾਹੇ ਪਾਇਆ ਅਤੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭਰਮਾਇਆ। (ਉਤਪਤ 3:1-6, 16-19) ਉਦੋਂ ਤੋਂ ਹੀ ਸ਼ਤਾਨ ਨੇ ਲੋਕਾਂ ਨੂੰ ਧੋਖਾ ਦੇਣ ਅਤੇ ਪਰਮੇਸ਼ੁਰ ਨਾਲ ਉਨ੍ਹਾਂ ਦੀ ਦੁਸ਼ਮਣੀ ਕਰਾਉਣ ਲਈ ਕਈ ਸੰਸਥਾਵਾਂ ਖੜ੍ਹੀਆਂ ਕਰਨ ਦੀ ਵਿਓਂਤ ਘੜੀ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਕਸੂਰਵਾਰ ਝੂਠੇ ਧਰਮ ਹਨ।​—2 ਕੁਰਿੰਥੀਆਂ 11:14, 15.

ਝੂਠੇ ਧਰਮ ਜ਼ਮੀਰ ਨੂੰ ਵਿਗਾੜਦੇ ਹਨ

ਬਾਈਬਲ ਦੀ ਪਰਕਾਸ਼ ਦੀ ਪੋਥੀ ਵਿਚ ਝੂਠੇ ਧਰਮਾਂ ਨੂੰ ਇਕ ਕੰਜਰੀ ਵਜੋਂ ਦਰਸਾਇਆ ਗਿਆ ਹੈ ਜੋ ਵੱਡੀ ਬਾਬੁਲ ਕਹਾਉਂਦੀ ਹੈ। ਉਸ ਦੀਆਂ ਸਿੱਖਿਆਵਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਵਿਗਾੜ ਦਿੱਤਾ ਹੈ ਜਿਸ ਕਾਰਨ ਉਹ ਆਪਣੇ ਤੋਂ ਵੱਖਰੇ ਵਿਸ਼ਵਾਸਾਂ ਵਾਲੇ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਉੱਤੇ ਜ਼ੁਲਮ ਵੀ ਕਰਦੇ ਹਨ। ਅਸਲ ਵਿਚ, ਪਰਕਾਸ਼ ਦੀ ਪੋਥੀ ਮੁਤਾਬਕ ਪਰਮੇਸ਼ੁਰ ਖ਼ਾਸ ਕਰਕੇ ਝੂਠੇ ਧਰਮਾਂ ਨੂੰ ਉਨ੍ਹਾਂ “ਸਭਨਾਂ” ਦੇ ਲਹੂ ਦਾ ਦੋਸ਼ੀ ਠਹਿਰਾਉਂਦਾ ਹੈ ‘ਜਿਹੜੇ ਧਰਤੀ ਉੱਤੇ ਕੋਹੇ ਗਏ ਹਨ’ ਤੇ ਇਨ੍ਹਾਂ ਵਿਚ ਪਰਮੇਸ਼ੁਰ ਦੇ ਆਪਣੇ ਲੋਕਾਂ ਦਾ ਲਹੂ ਵੀ ਸ਼ਾਮਲ ਹੈ।​—ਪਰਕਾਸ਼ ਦੀ ਪੋਥੀ 17:1-6; 18:3, 24.

ਝੂਠੇ ਧਰਮ ਕਿਸ ਹੱਦ ਤਕ ਕੁਝ ਲੋਕਾਂ ਦੇ ਨੈਤਿਕ ਮਿਆਰਾਂ ਨੂੰ ਵਿਗਾੜ ਦੇਣਗੇ, ਇਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ: “ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ।” ਅਜਿਹੇ ਜ਼ਾਲਮ ਲੋਕ ਨੈਤਿਕ ਤੌਰ ਤੇ ਕਿੰਨੇ ਅੰਨ੍ਹੇ ਕੀਤੇ ਹੋਏ ਹਨ! ਯਿਸੂ ਨੇ ਕਿਹਾ ਸੀ: “ਉਨ੍ਹਾਂ ਨਾ ਪਿਤਾ ਨੂੰ ਅਤੇ ਨਾ ਮੈਨੂੰ ਜਾਣਿਆ।” (ਟੇਢੇ ਟਾਈਪ ਸਾਡੇ।) (ਯੂਹੰਨਾ 16:2, 3) ਇਹ ਸ਼ਬਦ ਕਹਿਣ ਤੋਂ ਕੁਝ ਚਿਰ ਬਾਅਦ ਯਿਸੂ ਨੂੰ ਕੁਝ ਧਾਰਮਿਕ ਆਗੂਆਂ ਦੇ ਹੁਕਮ ਨਾਲ ਮਾਰ ਦਿੱਤਾ ਗਿਆ ਜੋ ਆਪਣੀ ਜ਼ਮੀਰ ਨੂੰ ਧਰਵਾਸਾ ਦੇ ਰਹੇ ਸਨ ਕਿ ਜੋ ਕੁਝ ਉਹ ਕਰ ਰਹੇ ਸਨ ਸਹੀ ਕਰ ਰਹੇ ਸਨ। (ਯੂਹੰਨਾ 11:47-50) ਇਸ ਦੇ ਉਲਟ, ਯਿਸੂ ਨੇ ਕਿਹਾ ਕਿ ਉਸ ਦੇ ਸੱਚੇ ਪੈਰੋਕਾਰ ਆਪਣੇ ਆਪਸੀ ਪਿਆਰ ਦੁਆਰਾ ਪਛਾਣੇ ਜਾਂਦੇ ਹਨ। ਪਰ ਉਨ੍ਹਾਂ ਦਾ ਇਹ ਪਿਆਰ ਸਿਰਫ਼ ਇਕ ਦੂਸਰੇ ਤਕ ਹੀ ਸੀਮਿਤ ਨਹੀਂ ਹੈ, ਸਗੋਂ ਉਹ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰਦੇ ਹਨ।​—ਮੱਤੀ 5:44-48; ਯੂਹੰਨਾ 13:35.

ਝੂਠੇ ਧਰਮਾਂ ਨੇ ਇਕ ਹੋਰ ਤਰੀਕੇ ਨਾਲ ਕਈਆਂ ਦੀ ਜ਼ਮੀਰ ਨੂੰ ਖ਼ਰਾਬ ਕੀਤਾ ਹੈ। ਦੁਨੀਆਂ ਵਿਚ ਜਿਸ ਤਰ੍ਹਾਂ ਦੇ ਨੈਤਿਕ ਜਾਂ ਅਨੈਤਿਕ ਮਿਆਰ ਪ੍ਰਚਲਿਤ ਹੁੰਦੇ ਹਨ, ਧਰਮ ਉਨ੍ਹਾਂ ਨੂੰ ਸਹੀ ਕਰਾਰ ਦੇ ਦਿੰਦਾ ਹੈ। ਇਸ ਬਾਰੇ ਪਹਿਲਾਂ ਹੀ ਦੱਸਦੇ ਹੋਏ ਪੌਲੁਸ ਰਸੂਲ ਨੇ ਕਿਹਾ ਸੀ: “ਇਕ ਸਮਾਂ ਉਹ ਵੀ ਆਵੇਗਾ, ਜਦੋਂ ਲੋਕ ਨਿਰੋਈਆਂ ਸਿਖਿਆਵਾਂ ਸੁਣਨਾ ਪਸੰਦ ਨਹੀਂ ਕਰਨਗੇ। ਉਹ ਕੇਵਲ ਆਪਣੀ ਮਨ ਪਸੰਦ ਦੀਆਂ ਸਿਖਿਆਵਾਂ ਹੀ ਸੁਣਨੀਆਂ ਚਾਹੁਣਗੇ ਅਤੇ ਆਪਣੇ ਲਈ ਬਹੁਤ ਸਾਰੇ ਇਹੋ ਜਿਹੇ ਸਿਖਿਅਕ ਇਕੱਠੇ ਕਰ ਲੈਣਗੇ, ਜੋ ਕੇਵਲ ਉਹਨਾਂ ਦੇ ਕੰਨ-ਰਸ ਦੀ ਪੂਰਤੀ ਹੀ ਕਰਨ।”​—2 ਤਿਮੋਥਿਉਸ 4:3, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਅੱਜ-ਕੱਲ੍ਹ ਧਾਰਮਿਕ ਆਗੂ ਇਹ ਕਹਿ ਕੇ ਲੋਕਾਂ ਦੇ ਕੰਨ-ਰਸ ਦੀ ਪੂਰਤੀ ਕਰਦੇ ਹਨ ਕਿ ਵਿਆਹ ਤੋਂ ਬਿਨਾਂ ਲਿੰਗੀ ਸੰਬੰਧ ਰੱਖਣੇ ਪਰਮੇਸ਼ੁਰ ਨੂੰ ਮਨਜ਼ੂਰ ਹਨ। ਕਈ ਤਾਂ ਸਮਲਿੰਗੀ ਸੰਬੰਧਾਂ ਨੂੰ ਵੀ ਗ਼ਲਤ ਨਹੀਂ ਸਮਝਦੇ। ਅਸਲ ਵਿਚ ਕੁਝ ਪਾਦਰੀ ਆਪ ਹੀ ਸਮਲਿੰਗੀ ਹਨ। ਬ੍ਰਿਟਿਸ਼ ਅਖ਼ਬਾਰ ਦ ਟਾਈਮਜ਼ ਇਕ ਲੇਖ ਵਿਚ ਦੱਸਦੀ ਹੈ ਕਿ ਚਰਚ ਆਫ਼ ਇੰਗਲੈਂਡ ਦੀ ਧਰਮ-ਸਭਾ ਲਈ “ਤੇਰਾਂ ਸਮਲਿੰਗੀ ਪਾਦਰੀਆਂ” ਨੂੰ ਚੁਣਿਆ ਗਿਆ ਹੈ। ਜਦੋਂ ਗਿਰਜੇ ਦੇ ਆਗੂ ਬਾਈਬਲ ਦੇ ਨੈਤਿਕ ਗੁਣਾਂ ਨੂੰ ਛੱਡ ਦਿੰਦੇ ਹਨ ਅਤੇ ਉਨ੍ਹਾਂ ਦੇ ਗਿਰਜੇ ਇਸ ਬਾਰੇ ਕੁਝ ਨਹੀਂ ਕਰਦੇ, ਤਾਂ ਫਿਰ ਗਿਰਜੇ ਦੇ ਮੈਂਬਰਾਂ ਨੂੰ ਕਿਹੜੇ ਮਿਆਰ ਅਪਣਾਉਣੇ ਚਾਹੀਦੇ ਹਨ? ਇਸ ਵਿਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਲੱਖਾਂ ਹੀ ਲੋਕ ਪੂਰੀ ਤਰ੍ਹਾਂ ਉਲਝਣ ਵਿਚ ਪਏ ਹੋਏ ਹਨ।

ਤਾਂ ਫਿਰ ਸਾਡੇ ਲਈ ਕਿੰਨਾ ਬਿਹਤਰ ਹੋਵੇਗਾ ਕਿ ਅਸੀਂ ਬਾਈਬਲ ਵਿਚ ਦਿੱਤੀਆਂ ਨੈਤਿਕ ਤੇ ਅਧਿਆਤਮਿਕ ਸੱਚਾਈਆਂ ਦੀ ਅਗਵਾਈ ਵਿਚ ਚੱਲੀਏ! (ਜ਼ਬੂਰ 43:3; ਯੂਹੰਨਾ 17:17) ਮਿਸਾਲ ਵਜੋਂ, ਬਾਈਬਲ ਸਿਖਾਉਂਦੀ ਹੈ ਕਿ ਹਰਾਮਕਾਰ ਅਤੇ ਜ਼ਨਾਹਕਾਰ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।” (1 ਕੁਰਿੰਥੀਆਂ 6:9, 10) ਇਹ ਸਾਨੂੰ ਦੱਸਦੀ ਹੈ ਕਿ ਉਹ ਆਦਮੀ ਅਤੇ ਔਰਤਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ “ਮੁਕਾਲਕ ਦੇ ਕੰਮ” ਕਰਦੇ ਹਨ ਜਿਨ੍ਹਾਂ ਨੇ “ਆਪਣੇ ਸੁਭਾਵਕ ਕੰਮ ਨੂੰ ਉਹ ਦੇ ਨਾਲ ਵਟਾ ਦਿੱਤਾ ਜਿਹੜਾ ਸੁਭਾਉ ਦੇ ਵਿਰੁੱਧ ਹੈ।” (ਰੋਮੀਆਂ 1:26, 27, 32) ਇਹ ਨੈਤਿਕ ਸੱਚਾਈਆਂ ਕਿਸੇ ਨਾਮੁਕੰਮਲ ਇਨਸਾਨ ਦੀਆਂ ਘਾੜਤਾਂ ਨਹੀਂ ਹਨ; ਉਹ ਪਰਮੇਸ਼ੁਰ ਦੇ ਪ੍ਰੇਰਿਤ ਮਿਆਰ ਹਨ ਜਿਨ੍ਹਾਂ ਨੂੰ ਉਸ ਨੇ ਕਦੇ ਵੀ ਬਦਲਿਆ ਨਹੀਂ ਹੈ। (ਗਲਾਤੀਆਂ 1:8; 2 ਤਿਮੋਥਿਉਸ 3:16) ਪਰ ਸ਼ਤਾਨ ਹੋਰ ਤਰੀਕਿਆਂ ਨਾਲ ਵੀ ਜ਼ਮੀਰ ਨੂੰ ਵਿਗਾੜਦਾ ਹੈ।

ਮਨੋਰੰਜਨ ਦੀ ਚੋਣ ਅਕਲਮੰਦੀ ਨਾਲ ਕਰੋ

ਕਿਸੇ ਨੂੰ ਬੁਰਾ ਕੰਮ ਕਰਨ ਲਈ ਮਜਬੂਰ ਕਰਨਾ ਮੁਸ਼ਕਲ ਹੁੰਦਾ ਹੈ, ਪਰ ਜੇ ਉਸ ਦੇ ਮਨ ਵਿਚ ਅਜਿਹਾ ਕੰਮ ਕਰਨ ਦੀ ਇੱਛਾ ਪੈਦਾ ਕਰ ਦਿੱਤੀ ਜਾਵੇ, ਤਾਂ ਉਹ ਆਸਾਨੀ ਨਾਲ ਬੁਰਾ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ। ਇਸ ‘ਜਗਤ ਦੇ ਸਰਦਾਰ’ ਸ਼ਤਾਨ ਦਾ ਇਹੀ ਟੀਚਾ ਹੈ। ਮੂਰਖ ਜਾਂ ਭੋਲੇ-ਭਾਲੇ ਲੋਕਾਂ, ਖ਼ਾਸਕਰ ਨਾਤਜਰਬੇਕਾਰ ਨੌਜਵਾਨਾਂ ਦੇ ਦਿਲਾਂ-ਦਿਮਾਗ਼ਾਂ ਵਿਚ ਆਪਣੀ ਭ੍ਰਿਸ਼ਟ ਸੋਚਣੀ ਪੈਦਾ ਕਰਨ ਲਈ ਉਹ ਭੈੜੇ ਸਾਹਿੱਤ, ਫ਼ਿਲਮਾਂ, ਸੰਗੀਤ, ਕੰਪਿਊਟਰ ਗੇਮਾਂ ਅਤੇ ਇੰਟਰਨੈੱਟ ਉੱਤੇ ਅਸ਼ਲੀਲ ਤਸਵੀਰਾਂ ਇਸਤੇਮਾਲ ਕਰਦਾ ਹੈ।​—ਯੂਹੰਨਾ 14:30; ਅਫ਼ਸੀਆਂ 2:2.

ਪੀਡਿਐਟ੍ਰਿਕਸ ਨਾਮਕ ਰਸਾਲੇ ਵਿਚ ਇਕ ਰਿਪੋਰਟ ਨੇ ਕਿਹਾ ਕਿ “[ਅਮਰੀਕਾ ਵਿਚ] ਹਰ ਸਾਲ ਬੱਚੇ ਹਿੰਸਾ ਦੇ ਤਕਰੀਬਨ 10,000 ਸੀਨ ਦੇਖਦੇ ਹਨ ਅਤੇ ਖ਼ਾਸਕਰ ਬੱਚਿਆਂ ਦੇ ਪ੍ਰੋਗ੍ਰਾਮ ਹਿੰਸਾ ਨਾਲ ਭਰਪੂਰ ਹੁੰਦੇ ਹਨ।” ਰਿਪੋਰਟ ਨੇ ਇਹ ਵੀ ਕਿਹਾ ਕਿ “ਅੱਲ੍ਹੜ ਉਮਰ ਦੇ ਨੌਜਵਾਨ ਟੈਲੀਵਿਯਨ ਉੱਤੇ ਇਕ ਸਾਲ ਵਿਚ ਲਗਭਗ 15,000 ਵਾਰ ਅਸ਼ਲੀਲ ਗੱਲਾਂ ਤੇ ਚੁਟਕਲੇ ਸੁਣਦੇ ਹਨ।” ਇਸ ਰਿਪੋਰਟ ਨੇ ਕਿਹਾ ਕਿ ਪ੍ਰਾਈਮ-ਟਾਈਮ (ਸ਼ਾਮ 7 ਵਜੇ ਤੋਂ 11 ਵਜੇ) ਦੇ ਦੌਰਾਨ ਵੀ ਟੈਲੀਵਿਯਨ ਤੇ ਇਕ ਘੰਟੇ ਵਿਚ 8 ਨਾਲੋਂ ਜ਼ਿਆਦਾ ਗੰਦੇ ਸੀਨ ਦਿਖਾਏ ਜਾਂਦੇ ਹਨ ਜੋ ਕਿ 1976 ਦੇ ਮੁਕਾਬਲੇ 4 ਗੁਣਾ ਜ਼ਿਆਦਾ ਹਨ।” ਤਾਂ ਫਿਰ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਸ ਅਧਿਐਨ ਨੇ ਇਹ ਵੀ ਦੇਖਿਆ ਕਿ ਟੈਲੀਵਿਯਨ ਪ੍ਰੋਗ੍ਰਾਮਾਂ ਵਿਚ “ਗੰਦੀ ਬੋਲੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ।” ਪਰ ਬਾਈਬਲ ਅਤੇ ਕਈ ਵਿਗਿਆਨਕ ਅਧਿਐਨ ਚੇਤਾਵਨੀ ਦਿੰਦੇ ਹਨ ਕਿ ਇਨ੍ਹਾਂ ਪ੍ਰੋਗ੍ਰਾਮਾਂ ਨੂੰ ਬਾਕਾਇਦਾ ਦੇਖਣ ਨਾਲ ਲੋਕਾਂ ਵਿਚ ਭੈੜਾ ਰੁਝਾਨ ਪੈਦਾ ਹੁੰਦਾ ਹੈ। ਇਸ ਲਈ ਜੇ ਤੁਸੀਂ ਪਰਮੇਸ਼ੁਰ ਨੂੰ ਸੱਚ-ਮੁੱਚ ਖ਼ੁਸ਼ ਕਰਨਾ ਚਾਹੁੰਦੇ ਹੋ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਹੋ, ਤਾਂ ਕਹਾਉਤਾਂ 4:23 ਵੱਲ ਧਿਆਨ ਦਿਓ ਜੋ ਕਹਿੰਦਾ ਹੈ: “ਆਪਣੇ ਮਨ ਦੀ ਵੱਡੀ ਚੌਕਸੀ ਕਰ, ਕਿਉਂ ਜੋ ਜੀਉਣ ਦੀਆਂ ਧਾਰਾਂ ਓਸੇ ਤੋਂ ਨਿੱਕਲਦੀਆਂ ਹਨ।”​—ਯਸਾਯਾਹ 48:17.

ਜ਼ਿਆਦਾਤਰ ਮਸ਼ਹੂਰ ਸੰਗੀਤ ਵੀ ਜ਼ਮੀਰ ਨੂੰ ਵਿਗਾੜਦਾ ਹੈ। ਇਕ ਗਾਇਕ, ਜਿਸ ਦੇ ਗੀਤ ਕਈ ਪੱਛਮੀ ਦੇਸ਼ਾਂ ਵਿਚ ਬੜੇ ਮਸ਼ਹੂਰ ਹੋਏ ਹਨ ਤੇ ਜਿਸ ਦੀਆਂ ਕੈਸਟਾਂ ਭਾਰੀ ਗਿਣਤੀ ਵਿਚ ਵਿਕਦੀਆਂ ਹਨ, ਉਸ ਬਾਰੇ ਆਸਟ੍ਰੇਲੀਆ ਦੇ ਅਖ਼ਬਾਰ ਦ ਸੰਡੇ ਮੇਲ ਵਿਚ ਇਕ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਉਹ “ਲੋਕਾਂ ਨੂੰ ਹੈਰਾਨ ਕਰਨ ਦੀ ਖ਼ਾਸ ਕੋਸ਼ਿਸ਼ ਕਰਦਾ ਹੈ।” ਇਹ ਲੇਖ ਕਹਿੰਦਾ ਹੈ ਕਿ “ਉਸ ਦੇ ਗੀਤ ਨਸ਼ਿਆਂ, ਸਕੇ-ਸੰਬੰਧੀਆਂ ਨਾਲ ਜਿਨਸੀ ਸੰਬੰਧਾਂ ਅਤੇ ਬਲਾਤਕਾਰ ਵਰਗੀਆਂ ਗੱਲਾਂ ਨੂੰ ਵਡਿਆਉਂਦੇ ਹਨ,” ਅਤੇ ਉਹ “ਆਪਣੀ ਪਤਨੀ ਨੂੰ ਮਾਰ ਕੇ ਉਸ ਦੀ ਲਾਸ਼ ਨੂੰ ਝੀਲ ਵਿਚ ਸੁੱਟਣ ਬਾਰੇ ਗੀਤ ਗਾਉਂਦਾ ਹੈ।” ਉਸ ਦੇ ਗੀਤ ਦੇ ਹੋਰ ਬੋਲ ਇੰਨੇ ਘਿਣਾਉਣੇ ਹਨ ਕਿ ਉਨ੍ਹਾਂ ਨੂੰ ਇੱਥੇ ਦੁਹਰਾਇਆ ਨਹੀਂ ਜਾ ਸਕਦਾ। ਪਰ ਉਸ ਦੇ ਸੰਗੀਤ ਕਾਰਨ ਉਸ ਨੂੰ ਸਨਮਾਨਿਆ ਗਿਆ ਹੈ। ਕੀ ਤੁਸੀਂ ਉੱਪਰ ਦੱਸੇ ਘਿਣਾਉਣੇ ਵਿਚਾਰਾਂ ਨੂੰ ਆਪਣੇ ਦਿਲਾਂ-ਦਿਮਾਗ਼ਾਂ ਵਿਚ ਬੀਜਣਾ ਚਾਹੋਗੇ ਭਾਵੇਂ ਕਿ ਉਨ੍ਹਾਂ ਨੂੰ ਸੰਗੀਤ ਨਾਲ ਸ਼ਿੰਗਾਰਿਆ ਗਿਆ ਹੈ? ਯਕੀਨਨ ਨਹੀਂ, ਕਿਉਂਕਿ ਇਸ ਤਰ੍ਹਾਂ ਕਰਨ ਵਾਲੇ ਲੋਕ ਆਪਣੀ ਜ਼ਮੀਰ ਨੂੰ ਖ਼ਰਾਬ ਕਰਦੇ ਹਨ ਅਤੇ ਅਖ਼ੀਰ ਆਪਣੇ ਵਿਚ “ਬੁਰਾ ਦਿਲ” ਪੈਦਾ ਕਰ ਲੈਂਦੇ ਹਨ ਜੋ ਉਨ੍ਹਾਂ ਨੂੰ ਪਰਮੇਸ਼ੁਰ ਦੇ ਵੈਰੀ ਬਣਾ ਦਿੰਦਾ ਹੈ।​—ਇਬਰਾਨੀਆਂ 3:12; ਮੱਤੀ 12:33-35.

ਇਸ ਲਈ ਮਨੋਰੰਜਨ ਦੀ ਚੋਣ ਅਕਲਮੰਦੀ ਨਾਲ ਕਰੋ। ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।”​—ਫ਼ਿਲਿੱਪੀਆਂ 4:8.

ਤੁਹਾਡੇ ਦੋਸਤ ਤੁਹਾਡੀ ਜ਼ਮੀਰ ਉੱਤੇ ਅਸਰ ਪਾਉਂਦੇ ਹਨ

ਨੀਲ ਤੇ ਫ਼੍ਰਾਂਜ਼ ਨੇ ਛੋਟੇ ਹੁੰਦਿਆਂ ਸੱਚੇ ਮਸੀਹੀਆਂ ਦੀ ਚੰਗੀ ਸੰਗਤੀ ਦਾ ਆਨੰਦ ਮਾਣਿਆ ਸੀ। * ਪਰ ਨੀਲ ਕਹਿੰਦਾ ਹੈ ਕਿ ਸਮਾਂ ਬੀਤਣ ਤੇ “ਮੈਂ ਬੁਰੇ ਸਾਥੀਆਂ ਨਾਲ ਸੰਗਤੀ ਕਰਨ ਲੱਗ ਪਿਆ।” ਅਖ਼ੀਰ ਇਸ ਦਾ ਦੁਖਦਾਈ ਨਤੀਜਾ ਇਹ ਨਿਕਲਿਆ ਕਿ ਉਹ ਅਪਰਾਧ ਦੇ ਜਾਲ ਵਿਚ ਪੈ ਗਿਆ ਤੇ ਉਸ ਨੂੰ ਜੇਲ੍ਹ ਹੋ ਗਈ। ਹੁਣ ਨੀਲ ਪਛਤਾ ਰਿਹਾ ਹੈ। ਫ਼੍ਰਾਂਜ਼ ਦੀ ਕਹਾਣੀ ਵੀ ਇੱਦਾਂ ਦੀ ਹੀ ਹੈ। “ਮੈਂ ਸੋਚਿਆ ਸੀ ਕਿ ਦੁਨਿਆਵੀ ਸਾਥੀਆਂ ਨਾਲ ਰਹਿੰਦੇ ਹੋਏ ਮੇਰੇ ਉੱਤੇ ਉਨ੍ਹਾਂ ਦਾ ਕੋਈ ਅਸਰ ਨਹੀਂ ਪਵੇਗਾ,” ਉਸ ਨੇ ਅਫ਼ਸੋਸ ਨਾਲ ਕਿਹਾ। “ਪਰ ਜਿਵੇਂ ਗਲਾਤੀਆਂ 6:7 ਕਹਿੰਦਾ ਹੈ, ‘ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।’ ਮੈਂ ਇਸ ਕੌੜੇ ਤਜਰਬੇ ਤੋਂ ਸਿੱਖਿਆ ਕਿ ਮੈਂ ਗ਼ਲਤ ਸੀ ਤੇ ਯਹੋਵਾਹ ਸਹੀ ਸੀ। ਹੁਣ ਮੈਂ ਆਪਣੀ ਗ਼ਲਤੀ ਲਈ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹਾਂ।”

ਨੀਲ ਅਤੇ ਫ਼੍ਰਾਂਜ਼ ਵਰਗੇ ਲੋਕ ਆਮ ਤੌਰ ਤੇ ਅਚਾਨਕ ਹੀ ਅਪਰਾਧ ਵਿਚ ਨਹੀਂ ਪੈ ਜਾਂਦੇ; ਪਹਿਲਾਂ-ਪਹਿਲ ਤਾਂ ਉਨ੍ਹਾਂ ਨੇ ਕਦੇ ਅਪਰਾਧ ਕਰਨ ਬਾਰੇ ਸੋਚਿਆ ਵੀ ਨਹੀਂ ਸੀ। ਅਕਸਰ ਉਨ੍ਹਾਂ ਦੇ ਕਦਮ ਹੌਲੀ-ਹੌਲੀ ਅਪਰਾਧ ਵੱਲ ਵਧਦੇ ਚਲੇ ਜਾਂਦੇ ਹਨ ਅਤੇ ਇਸ ਦਿਸ਼ਾ ਵੱਲ ਪਹਿਲਾ ਕਦਮ ਹੈ ਬੁਰੀਆਂ ਸੰਗਤਾਂ। (1 ਕੁਰਿੰਥੀਆਂ 15:33) ਉਸ ਤੋਂ ਬਾਅਦ ਉਹ ਨਸ਼ੇ ਕਰਨੇ ਅਤੇ ਸ਼ਰਾਬ ਪੀਣੀ ਸ਼ੁਰੂ ਕਰ ਸਕਦੇ ਹਨ। ਕਿਸੇ ਨੇ ਬਿਲਕੁਲ ਠੀਕ ਕਿਹਾ ਹੈ ਕਿ ਜ਼ਮੀਰ “ਸ਼ਖ਼ਸੀਅਤ ਦਾ ਉਹ ਹਿੱਸਾ ਹੈ ਜਿਹੜਾ ਸ਼ਰਾਬ ਵਿਚ ਘੁੱਲ ਜਾਂਦਾ ਹੈ।” ਇਸ ਪਿੱਛੋਂ ਅਗਲਾ ਕਦਮ ਅਪਰਾਧ ਜਾਂ ਅਨੈਤਿਕਤਾ ਹੁੰਦਾ ਹੈ।

ਤਾਂ ਫਿਰ ਅਸੀਂ ਉਹ ਪਹਿਲਾ ਕਦਮ ਚੁੱਕੀਏ ਹੀ ਕਿਉਂ? ਇਸ ਦੀ ਬਜਾਇ ਉਨ੍ਹਾਂ ਬੁੱਧੀਮਾਨ ਲੋਕਾਂ ਨਾਲ ਸੰਗਤੀ ਕਰੋ ਜੋ ਸੱਚ-ਮੁੱਚ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ। ਉਹ ਤੁਹਾਡੀ ਜ਼ਮੀਰ ਨੂੰ ਮਜ਼ਬੂਤ ਕਰਨ ਵਿਚ ਤੁਹਾਡੀ ਮਦਦ ਕਰਨਗੇ ਤਾਂਕਿ ਇਹ ਤੁਹਾਨੂੰ ਸਹੀ ਸੇਧ ਦੇਵੇ ਤੇ ਤੁਸੀਂ ਕਈ ਦੁੱਖਾਂ ਤੋਂ ਬਚ ਸਕੋ। (ਕਹਾਉਤਾਂ 13:20) ਨੀਲ ਅਤੇ ਫ਼੍ਰਾਂਜ਼ ਅਜੇ ਵੀ ਜੇਲ੍ਹ ਵਿਚ ਹਨ, ਪਰ ਹੁਣ ਉਹ ਆਪਣੀ ਜ਼ਮੀਰ ਨੂੰ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਮੰਨਦੇ ਹਨ ਜਿਸ ਨੂੰ ਸਹੀ ਢੰਗ ਨਾਲ ਸਾਧਣ ਦੀ ਲੋੜ ਹੈ। ਜੀ ਹਾਂ, ਇਸ ਤੋਹਫ਼ੇ ਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਉਹ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਸ ਲਈ ਅਕਲਮੰਦ ਬਣੋ ਅਤੇ ਉਨ੍ਹਾਂ ਦੀਆਂ ਗ਼ਲਤੀਆਂ ਤੋਂ ਸਿੱਖੋ।​—ਕਹਾਉਤਾਂ 22:3.

ਆਪਣੀ ਜ਼ਮੀਰ ਦੀ ਰਾਖੀ ਕਰੋ

ਪਰਮੇਸ਼ੁਰ ਦਾ ਗੁਣਕਾਰੀ ਡਰ ਰੱਖਣ ਦੇ ਨਾਲ-ਨਾਲ ਜਦੋਂ ਅਸੀਂ ਉਸ ਲਈ ਆਪਣੇ ਪਿਆਰ ਅਤੇ ਨਿਹਚਾ ਨੂੰ ਮਜ਼ਬੂਤ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਆਪਣੀ ਜ਼ਮੀਰ ਦੀ ਰਾਖੀ ਕਰਨੀ ਚਾਹੁੰਦੇ ਹਾਂ। (ਕਹਾਉਤਾਂ 8:13; 1 ਯੂਹੰਨਾ 5:3) ਬਾਈਬਲ ਦੱਸਦੀ ਹੈ ਕਿ ਇਨ੍ਹਾਂ ਗੁਣਾਂ ਤੋਂ ਬਗੈਰ ਸਾਡੀ ਜ਼ਮੀਰ ਨੈਤਿਕ ਪੱਖੋਂ ਸਥਿਰ ਨਹੀਂ ਹੋਵੇਗੀ। ਮਿਸਾਲ ਵਜੋਂ ਜ਼ਬੂਰ 14:1 ਅਜਿਹੇ ਲੋਕਾਂ ਬਾਰੇ ਦੱਸਦਾ ਹੈ ਜੋ ਆਪਣੇ ਦਿਲਾਂ ਵਿਚ ਕਹਿੰਦੇ ਹਨ: “ਪਰਮੇਸ਼ੁਰ ਹੈ ਹੀ ਨਹੀਂ।” ਨਿਹਚਾ ਦੀ ਇਹ ਕਮੀ ਉਨ੍ਹਾਂ ਦੇ ਚਾਲ-ਚਲਣ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਇਹੀ ਆਇਤ ਅੱਗੇ ਕਹਿੰਦੀ ਹੈ: “ਓਹ ਵਿਗੜ ਗਏ ਹਨ, ਉਨ੍ਹਾਂ ਨੇ ਘਿਣਾਉਣੇ ਕੰਮ ਕੀਤੇ ਹਨ।”

ਪਰਮੇਸ਼ੁਰ ਵਿਚ ਪੱਕੀ ਨਿਹਚਾ ਨਾ ਰੱਖਣ ਵਾਲੇ ਲੋਕਾਂ ਨੂੰ ਬਿਹਤਰ ਭਵਿੱਖ ਦੀ ਕੋਈ ਪੱਕੀ ਉਮੀਦ ਨਹੀਂ ਹੁੰਦੀ। ਇਸ ਲਈ ਉਹ ਸਿਰਫ਼ ਹੁਣ ਦੇ ਸਮੇਂ ਲਈ ਹੀ ਜੀਉਣਾ ਚਾਹੁੰਦੇ ਹਨ ਤੇ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਦਾ ਫ਼ਲਸਫ਼ਾ ਹੈ: “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:32) ਦੂਜੇ ਪਾਸੇ, ਜਿਨ੍ਹਾਂ ਲੋਕਾਂ ਦੀਆਂ ਅੱਖਾਂ ਸਦੀਪਕ ਜੀਵਨ ਦੇ ਇਨਾਮ ਉੱਤੇ ਲੱਗੀਆਂ ਹੋਈਆਂ ਹਨ, ਉਹ ਦੁਨੀਆਂ ਦੇ ਪਲ ਭਰ ਦੇ ਐਸ਼ੋ-ਆਰਾਮ ਨੂੰ ਪਾਉਣ ਲਈ ਗੁਮਰਾਹ ਨਹੀਂ ਹੁੰਦੇ। ਜਹਾਜ਼ ਨੂੰ ਸਹੀ ਦਿਸ਼ਾ ਦਿਖਾਉਣ ਵਾਲੇ ਕੰਪਿਊਟਰ ਦੀ ਤਰ੍ਹਾਂ, ਉਨ੍ਹਾਂ ਦੀ ਸਾਧੀ ਹੋਈ ਜ਼ਮੀਰ ਉਨ੍ਹਾਂ ਦੀ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਆਗਿਆ ਮੰਨਣ ਵਿਚ ਮਦਦ ਕਰਦੀ ਹੈ।​—ਫ਼ਿਲਿੱਪੀਆਂ 3:8.

ਆਪਣੀ ਜ਼ਮੀਰ ਨੂੰ ਮਜ਼ਬੂਤ ਤੇ ਸਹੀ ਰੱਖਣ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਤੋਂ ਬਾਕਾਇਦਾ ਅਗਵਾਈ ਲੈਣ ਦੀ ਲੋੜ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਅਜਿਹੀ ਅਗਵਾਈ ਉਪਲਬਧ ਹੈ ਜਦੋਂ ਇਹ ਲਾਖਣਿਕ ਭਾਸ਼ਾ ਵਿਚ ਕਹਿੰਦੀ ਹੈ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:21) ਇਸ ਲਈ ਬਾਈਬਲ ਪੜ੍ਹਨ ਲਈ ਹਰ ਰੋਜ਼ ਸਮਾਂ ਕੱਢੋ। ਇਸ ਨਾਲ ਤੁਹਾਨੂੰ ਤਾਕਤ ਤੇ ਹੌਸਲਾ ਮਿਲੇਗਾ ਜਦੋਂ ਤੁਸੀਂ ਸਹੀ ਕੰਮ ਕਰਨ ਲਈ ਜੱਦੋ-ਜਹਿਦ ਕਰ ਰਹੇ ਹੋਵੋਗੇ ਜਾਂ ਜਦੋਂ ਤੁਸੀਂ ਚਿੰਤਾ ਜਾਂ ਬੇਚੈਨੀ ਦੇ ਬੱਦਲਾਂ ਨਾਲ ਘਿਰੇ ਹੋਏ ਹੋਵੋਗੇ। ਯਕੀਨ ਕਰੋ ਕਿ ਯਹੋਵਾਹ ਤੁਹਾਨੂੰ ਨੈਤਿਕ ਅਤੇ ਅਧਿਆਤਮਿਕ ਸੇਧ ਜ਼ਰੂਰ ਦੇਵੇਗਾ ਜੇ ਤੁਸੀਂ ਉਸ ਵਿਚ ਆਪਣਾ ਪੂਰਾ ਭਰੋਸਾ ਰੱਖਦੇ ਹੋ। ਜੀ ਹਾਂ, ਜ਼ਬੂਰਾਂ ਦੇ ਲਿਖਾਰੀ ਦੀ ਨਕਲ ਕਰੋ ਜਿਸ ਨੇ ਲਿਖਿਆ: “ਮੈਂ ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖਿਆ ਹੈ, ਉਹ ਮੇਰੇ ਸੱਜੇ ਪਾਸੇ ਜੋ ਹੈ ਇਸ ਲਈ ਮੈਂ ਨਾ ਡੋਲਾਂਗਾ।”​—ਜ਼ਬੂਰ 16:8; ਜ਼ਬੂਰ 55:22.

[ਫੁਟਨੋਟ]

^ ਪੈਰਾ 16 ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 5 ਉੱਤੇ ਤਸਵੀਰਾਂ]

ਝੂਠੇ ਧਰਮਾਂ ਨੂੰ ਬਾਈਬਲ ਵਿਚ ‘ਵੱਡੀ ਬਾਬੁਲ’ ਕਿਹਾ ਗਿਆ ਹੈ ਅਤੇ ਉਹ ਕਈਆਂ ਦੀ ਜ਼ਮੀਰ ਨੂੰ ਖ਼ਰਾਬ ਕਰਨ ਦੇ ਦੋਸ਼ੀ ਹਨ

[ਕ੍ਰੈਡਿਟ ਲਾਈਨ]

ਫ਼ੌਜਾਂ ਨੂੰ ਅਸੀਸਾਂ ਦਿੰਦਾ ਪਾਦਰੀ: U.S. Army photo

[ਸਫ਼ੇ 6 ਉੱਤੇ ਤਸਵੀਰਾਂ]

ਹਿੰਸਕ ਅਤੇ ਅਨੈਤਿਕ ਪ੍ਰੋਗ੍ਰਾਮ ਦੇਖਣ ਨਾਲ ਤੁਹਾਡੀ ਜ਼ਮੀਰ ਨੂੰ ਨੁਕਸਾਨ ਪਹੁੰਚੇਗਾ

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਤੋਂ ਬਾਕਾਇਦਾ ਅਗਵਾਈ ਲੈਣ ਨਾਲ ਤੁਹਾਡੀ ਜ਼ਮੀਰ ਦੀ ਰਾਖੀ ਹੋਵੇਗੀ