ਕਹਾਉਤਾਂ 8:1-36
8 ਭਲਾ ਬੁੱਧ ਪੁਕਾਰ ਨਹੀਂ ਰਹੀ?
ਭਲਾ ਸੂਝ-ਬੂਝ ਆਵਾਜ਼ਾਂ ਨਹੀਂ ਮਾਰ ਰਹੀ?+
2 ਉਹ ਰਾਹ ਦੇ ਨਾਲ ਲੱਗਦੀਆਂ ਉਚਾਈਆਂ ʼਤੇ+ਅਤੇ ਚੁਰਾਹਿਆਂ ਵਿਚ ਖੜ੍ਹੀ ਹੁੰਦੀ ਹੈ।
3 ਸ਼ਹਿਰ ਨੂੰ ਜਾਂਦੇ ਦਰਵਾਜ਼ਿਆਂ ਦੇ ਨੇੜੇ,ਫਾਟਕਾਂ ਦੇ ਲਾਂਘਿਆਂ ʼਤੇ,ਉਹ ਉੱਚੀ-ਉੱਚੀ ਹਾਕਾਂ ਮਾਰਦੀ ਰਹਿੰਦੀ ਹੈ:+
4 “ਹੇ ਲੋਕੋ, ਮੈਂ ਤੁਹਾਨੂੰ ਬੁਲਾ ਰਹੀ ਹਾਂ;ਮੈਂ ਹਰ ਇਕ* ਨੂੰ ਆਵਾਜ਼ਾਂ ਮਾਰਦੀ ਹਾਂ।
5 ਹੇ ਨਾਤਜਰਬੇਕਾਰੋ, ਤੁਸੀਂ ਹੁਸ਼ਿਆਰੀ ਸਿੱਖੋ;+ਹੇ ਮੂਰਖੋ, ਤੁਸੀਂ ਸਮਝ ਰੱਖਣ ਵਾਲਾ ਮਨ ਹਾਸਲ ਕਰੋ।*
6 ਸੁਣੋ, ਕਿਉਂਕਿ ਮੈਂ ਜੋ ਕਹਿੰਦੀ ਹਾਂ ਉਹ ਜ਼ਰੂਰੀ ਹੈ,ਮੇਰੇ ਬੁੱਲ੍ਹਾਂ ਵਿੱਚੋਂ ਸਹੀ ਗੱਲਾਂ ਹੀ ਨਿਕਲਦੀਆਂ ਹਨ;
7 ਕਿਉਂਕਿ ਮੈਂ ਆਪਣੇ ਮੂੰਹੋਂ ਧੀਮੀ ਆਵਾਜ਼ ਵਿਚ ਸੱਚਾਈ ਦੀਆਂ ਗੱਲਾਂ ਕੱਢਦੀ ਹਾਂਅਤੇ ਮੇਰੇ ਬੁੱਲ੍ਹਾਂ ਨੂੰ ਬੁਰੀਆਂ ਗੱਲਾਂ ਤੋਂ ਘਿਣ ਹੈ।
8 ਮੇਰੇ ਮੂੰਹ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ।
ਉਨ੍ਹਾਂ ਵਿੱਚੋਂ ਕੋਈ ਵੀ ਤੋੜੀ-ਮਰੋੜੀ ਜਾਂ ਪੁੱਠੀ-ਸਿੱਧੀ ਗੱਲ ਨਹੀਂ ਹੈ।
9 ਸੂਝ-ਬੂਝ ਰੱਖਣ ਵਾਲਿਆਂ ਲਈ ਇਹ ਸਾਰੀਆਂ ਗੱਲਾਂ ਸਿੱਧੀਆਂ-ਪੱਧਰੀਆਂ ਹਨਅਤੇ ਗਿਆਨ ਹਾਸਲ ਕਰਨ ਵਾਲਿਆਂ ਨੂੰ ਸਹੀ ਲੱਗਦੀਆਂ ਹਨ।
10 ਚਾਂਦੀ ਦੀ ਬਜਾਇ ਮੇਰਾ ਅਨੁਸ਼ਾਸਨ ਲੈਅਤੇ ਉੱਤਮ ਸੋਨੇ ਨਾਲੋਂ ਗਿਆਨ ਨੂੰ ਚੁਣ+
11 ਕਿਉਂਕਿ ਬੁੱਧ ਮੂੰਗਿਆਂ* ਨਾਲੋਂ ਬਿਹਤਰ ਹੈ;ਬਾਕੀ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਇਸ ਦੀ ਬਰਾਬਰੀ ਨਹੀਂ ਕਰ ਸਕਦੀਆਂ।
12 ਮੈਂ ਬੁੱਧ ਹਾਂ, ਮੈਂ ਹੁਸ਼ਿਆਰੀ ਨਾਲ ਵੱਸਦੀ ਹਾਂ;ਮੈਂ ਗਿਆਨ ਅਤੇ ਸੋਚਣ-ਸਮਝਣ ਦੀ ਕਾਬਲੀਅਤ ਹਾਸਲ ਕੀਤੀ ਹੈ।+
13 ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਬੁਰਾਈ ਨਾਲ ਨਫ਼ਰਤ ਕਰਨੀ।+
ਖ਼ੁਦ ਨੂੰ ਉੱਚਾ ਚੁੱਕਣ, ਘਮੰਡ,+ ਬੁਰੇ ਰਾਹ ਅਤੇ ਖੋਟੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੈ।+
14 ਮੇਰੇ ਕੋਲ ਚੰਗੀ ਸਲਾਹ ਤੇ ਬੁੱਧ ਹੈ;+ਸਮਝ+ ਤੇ ਤਾਕਤ+ ਦੀ ਮੈਂ ਮਾਲਕਣ ਹਾਂ।
15 ਮੇਰੇ ਕਰਕੇ ਰਾਜੇ ਰਾਜ ਕਰਦੇ ਹਨਅਤੇ ਉੱਚ ਅਧਿਕਾਰੀ ਧਰਮੀ ਫ਼ਰਮਾਨ ਜਾਰੀ ਕਰਦੇ ਹਨ।+
16 ਮੇਰੇ ਕਰਕੇ ਹਾਕਮ ਹਕੂਮਤ ਕਰਦੇ ਹਨਅਤੇ ਅਧਿਕਾਰੀ ਸੱਚਾਈ ਨਾਲ ਨਿਆਂ ਕਰਦੇ ਹਨ।
17 ਜੋ ਮੈਨੂੰ ਪਿਆਰ ਕਰਦੇ ਹਨ, ਉਨ੍ਹਾਂ ਨਾਲ ਮੈਂ ਪਿਆਰ ਕਰਦੀ ਹਾਂਅਤੇ ਜੋ ਮੈਨੂੰ ਭਾਲਦੇ ਹਨ, ਉਹ ਮੈਨੂੰ ਲੱਭ ਲੈਣਗੇ।+
18 ਮੇਰੇ ਕੋਲ ਧਨ ਤੇ ਮਹਿਮਾ,ਕਦੀ ਖ਼ਤਮ ਨਾ ਹੋਣ ਵਾਲੀ ਦੌਲਤ* ਤੇ ਨਿਆਂ ਹੈ।
19 ਮੇਰਾ ਫਲ ਸੋਨੇ ਨਾਲੋਂ, ਸਗੋਂ ਕੁੰਦਨ ਸੋਨੇ ਨਾਲੋਂ ਵੀ ਉੱਤਮ ਹੈ,ਮੈਂ ਜੋ ਤੁਹਾਨੂੰ ਦਿੰਦੀ ਹਾਂ, ਉਹ ਖਾਲਸ ਚਾਂਦੀ ਨਾਲੋਂ ਵੀ ਉੱਤਮ ਹੈ।+
20 ਮੈਂ ਨੇਕੀ ਦੇ ਰਾਹ ʼਤੇ ਤੁਰਦੀ ਹਾਂ,ਹਾਂ, ਨਿਆਂ ਦੇ ਰਾਹਾਂ ਦੇ ਵਿਚਕਾਰ;
21 ਮੈਂ ਆਪਣੇ ਪ੍ਰੇਮੀਆਂ ਨੂੰ ਵਿਰਾਸਤ ਵਿਚ ਬਹੁਤ ਕੁਝ ਦਿੰਦੀ ਹਾਂ,ਮੈਂ ਉਨ੍ਹਾਂ ਦੇ ਭੰਡਾਰ ਭਰ ਦਿੰਦੀ ਹਾਂ।
22 ਯਹੋਵਾਹ ਨੇ ਆਪਣੇ ਕੰਮ ਦੀ ਸ਼ੁਰੂਆਤ ਵਜੋਂ ਮੈਨੂੰ ਰਚਿਆ,+ਹਾਂ, ਪ੍ਰਾਚੀਨ ਸਮੇਂ ਦੇ ਆਪਣੇ ਕੰਮਾਂ ਵਿੱਚੋਂ ਸਭ ਤੋਂ ਪਹਿਲਾਂ।+
23 ਯੁਗਾਂ ਤੋਂ* ਹੀ ਮੈਨੂੰ ਸਥਾਪਿਤ ਕੀਤਾ ਗਿਆ,+ਹਾਂ, ਸ਼ੁਰੂ ਤੋਂ, ਧਰਤੀ ਬਣਾਉਣ ਤੋਂ ਵੀ ਪਹਿਲਾਂ ਦੇ ਸਮਿਆਂ ਤੋਂ।+
24 ਜਦੋਂ ਡੂੰਘੇ ਪਾਣੀ ਨਹੀਂ ਸਨ,+ ਉਦੋਂ ਮੈਨੂੰ ਜਨਮ ਦਿੱਤਾ ਗਿਆ,*ਹਾਂ, ਉਦੋਂ ਜਦੋਂ ਪਾਣੀ ਨਾਲ ਵਹਿੰਦੇ ਚਸ਼ਮੇ ਵੀ ਨਹੀਂ ਸਨ।
25 ਇਸ ਤੋਂ ਪਹਿਲਾਂ ਕਿ ਪਹਾੜ ਆਪਣੀ ਜਗ੍ਹਾ ਰੱਖੇ ਗਏ,ਸਗੋਂ ਪਹਾੜੀਆਂ ਤੋਂ ਵੀ ਪਹਿਲਾਂ ਮੇਰਾ ਜਨਮ ਹੋਇਆ,
26 ਜਦੋਂ ਹਾਲੇ ਉਸ ਨੇ ਧਰਤੀ ਅਤੇ ਇਸ ਦੇ ਮੈਦਾਨ,ਜਾਂ ਧਰਤੀ ਦੀ ਮਿੱਟੀ ਦੇ ਪਹਿਲੇ ਢੇਲੇ ਵੀ ਨਹੀਂ ਬਣਾਏ ਸਨ।
27 ਜਦੋਂ ਉਸ ਨੇ ਆਕਾਸ਼ ਤਾਣੇ,+ ਤਾਂ ਮੈਂ ਉੱਥੇ ਸੀ;ਜਦੋਂ ਉਸ ਨੇ ਪਾਣੀਆਂ ਦੀ ਸਤਹ ਦੀ ਹੱਦ* ਬੰਨ੍ਹੀ,+
28 ਜਦੋਂ ਉਸ ਨੇ ਉੱਪਰ ਬੱਦਲ ਠਹਿਰਾਏ,*ਜਦੋਂ ਉਸ ਨੇ ਡੂੰਘੇ ਪਾਣੀਆਂ ਦੇ ਚਸ਼ਮਿਆਂ ਦੀ ਨੀਂਹ ਰੱਖੀ,
29 ਜਦੋਂ ਉਸ ਨੇ ਸਮੁੰਦਰ ਲਈ ਫ਼ਰਮਾਨ ਜਾਰੀ ਕੀਤਾਕਿ ਇਸ ਦੇ ਪਾਣੀ ਉਸ ਦਾ ਹੁਕਮ ਤੋੜ ਕੇ ਹੱਦਾਂ ਤੋਂ ਬਾਹਰ ਨਾ ਜਾਣ,+ਜਦੋਂ ਉਸ ਨੇ ਧਰਤੀ ਦੀਆਂ ਨੀਂਹਾਂ ਰੱਖੀਆਂ,
30 ਉਦੋਂ ਮੈਂ ਰਾਜ ਮਿਸਤਰੀ ਵਜੋਂ ਉਸ ਦੇ ਨਾਲ ਸੀ।+
ਹਰ ਰੋਜ਼ ਉਹ ਖ਼ਾਸ ਕਰਕੇ ਮੇਰੇ ਤੋਂ ਖ਼ੁਸ਼ ਹੁੰਦਾ ਸੀ;+ਮੈਂ ਉਸ ਅੱਗੇ ਹਰ ਵੇਲੇ ਆਨੰਦ ਮਾਣਦੀ ਸੀ;+
31 ਵੱਸਣ ਦੇ ਲਾਇਕ ਉਸ ਦੀ ਧਰਤੀ ਕਰਕੇ ਮੈਂ ਬਹੁਤ ਖ਼ੁਸ਼ ਹੋਈ,ਮੈਨੂੰ ਖ਼ਾਸ ਕਰਕੇ ਮਨੁੱਖਾਂ ਦੇ ਪੁੱਤਰਾਂ* ਨਾਲ ਗਹਿਰਾ ਲਗਾਅ ਸੀ।
32 ਹੁਣ ਹੇ ਮੇਰੇ ਪੁੱਤਰੋ, ਮੇਰੀ ਸੁਣੋ;ਹਾਂ, ਖ਼ੁਸ਼ ਹਨ ਉਹ ਜੋ ਮੇਰੇ ਰਾਹਾਂ ʼਤੇ ਚੱਲਦੇ ਹਨ।
33 ਅਨੁਸ਼ਾਸਨ ਵੱਲ ਕੰਨ ਲਾਓ+ ਤੇ ਬੁੱਧੀਮਾਨ ਬਣੋਅਤੇ ਇਸ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ।
34 ਖ਼ੁਸ਼ ਹੈ ਉਹ ਇਨਸਾਨ ਜੋ ਮੇਰੀ ਸੁਣਨ ਲਈਹਰ ਰੋਜ਼ ਤੜਕੇ ਮੇਰੇ ਦਰਵਾਜ਼ੇ ʼਤੇ ਆਉਂਦਾ ਹੈ*ਅਤੇ ਮੇਰੀ ਦਹਿਲੀਜ਼ ਕੋਲ ਇੰਤਜ਼ਾਰ ਕਰਦਾ ਹੈ;
35 ਕਿਉਂਕਿ ਮੈਨੂੰ ਭਾਲਣ ਵਾਲਾ ਜ਼ਿੰਦਗੀ ਪਾਵੇਗਾ+ਅਤੇ ਉਹ ਯਹੋਵਾਹ ਦੀ ਮਿਹਰ ਪਾਉਂਦਾ ਹੈ।
36 ਪਰ ਮੇਰੇ ਤੋਂ ਮੂੰਹ ਮੋੜਨ ਵਾਲਾ ਆਪਣਾ ਹੀ ਨੁਕਸਾਨ ਕਰਦਾ ਹੈਅਤੇ ਮੇਰੇ ਨਾਲ ਨਫ਼ਰਤ ਕਰਨ ਵਾਲੇ ਮੌਤ ਨੂੰ ਪਿਆਰ ਕਰਦੇ ਹਨ।”+
ਫੁਟਨੋਟ
^ ਇਬ, “ਮਨੁੱਖ ਦੇ ਪੁੱਤਰਾਂ।”
^ ਇਬ, “ਮਨ ਨੂੰ ਸਮਝੋ।”
^ ਜਾਂ, “ਪੁਸ਼ਤੈਨੀ ਕਦਰਾਂ-ਕੀਮਤਾਂ।”
^ ਜਾਂ, “ਬਹੁਤ ਪੁਰਾਣੇ ਸਮੇਂ ਤੋਂ।”
^ ਜਾਂ, “ਜਣਨ ਪੀੜਾਂ ਨਾਲ ਪੈਦਾ ਕੀਤਾ ਗਿਆ।”
^ ਇਬ, “ਘੇਰਾ।”
^ ਇਬ, “ਪੱਕੇ ਕੀਤੇ।”
^ ਜਾਂ, “ਮਨੁੱਖਜਾਤੀ।”
^ ਜਾਂ, “ਹਰ ਰੋਜ਼ ਮੇਰੇ ਦਰਵਾਜ਼ੇ ʼਤੇ ਜਾਗਦਾ ਰਹਿੰਦਾ ਹੈ।”