Skip to content

Skip to table of contents

ਜਿਨ੍ਹਾਂ ਨੂੰ ਤੁਸੀਂ ਸਿਖਾਉਂਦੇ ਹੋ, ਕੀ ਉਨ੍ਹਾਂ ਉੱਤੇ ਸੱਚਾਈ ਦਾ ਅਸਰ ਪੈ ਰਿਹਾ ਹੈ?

ਜਿਨ੍ਹਾਂ ਨੂੰ ਤੁਸੀਂ ਸਿਖਾਉਂਦੇ ਹੋ, ਕੀ ਉਨ੍ਹਾਂ ਉੱਤੇ ਸੱਚਾਈ ਦਾ ਅਸਰ ਪੈ ਰਿਹਾ ਹੈ?

ਜਿਨ੍ਹਾਂ ਨੂੰ ਤੁਸੀਂ ਸਿਖਾਉਂਦੇ ਹੋ, ਕੀ ਉਨ੍ਹਾਂ ਉੱਤੇ ਸੱਚਾਈ ਦਾ ਅਸਰ ਪੈ ਰਿਹਾ ਹੈ?

ਜਦੋਂ ਐਰਿਕ ਜਵਾਨ ਹੋਇਆ, ਤਾਂ ਉਸ ਨੇ ਐਲਾਨ ਕੀਤਾ ਕਿ ਉਹ ਹੁਣ ਯਹੋਵਾਹ ਦਾ ਗਵਾਹ ਨਹੀਂ ਰਹਿਣਾ ਚਾਹੁੰਦਾ। ਇਸ ਗੱਲ ਨਾਲ ਉਸ ਦੇ ਮਾਤਾ-ਪਿਤਾ ਨੂੰ ਗਹਿਰਾ ਸਦਮਾ ਪਹੁੰਚਿਆ। ਉਸ ਦੇ ਮਾਪਿਆਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦਾ ਮੁੰਡਾ ਇਸ ਤਰ੍ਹਾਂ ਕਰੇਗਾ। ਛੋਟੇ ਹੁੰਦਿਆਂ ਐਰਿਕ ਪਰਿਵਾਰ ਨਾਲ ਮਿਲ ਕੇ ਬਾਈਬਲ ਸਟੱਡੀ ਕਰਿਆ ਕਰਦਾ ਸੀ, ਸਾਰੀਆਂ ਮਸੀਹੀ ਸਭਾਵਾਂ ਵਿਚ ਜਾਂਦਾ ਸੀ ਅਤੇ ਕਲੀਸਿਯਾ ਦੇ ਭੈਣ-ਭਰਾਵਾਂ ਨਾਲ ਪ੍ਰਚਾਰ ਕਰਨ ਵੀ ਜਾਂਦਾ ਸੀ। ਦੇਖਣ ਨੂੰ ਤਾਂ ਉਹ ਸੱਚਾਈ ਵਿਚ ਬਹੁਤ ਪੱਕਾ ਲੱਗਦਾ ਸੀ। ਪਰ ਜਦੋਂ ਉਸ ਨੇ ਸੱਚਾਈ ਛੱਡੀ ਤੇ ਘਰੋਂ ਚਲਾ ਗਿਆ, ਤਾਂ ਉਸ ਦੇ ਮਾਪਿਆਂ ਨੂੰ ਅਹਿਸਾਸ ਹੋਇਆ ਕਿ ਬਾਈਬਲ ਦੀ ਸੱਚਾਈ ਨੇ ਉਸ ਦੇ ਦਿਲ ਵਿਚ ਜੜ੍ਹ ਨਹੀਂ ਫੜੀ ਸੀ। ਇਸ ਹਕੀਕਤ ਨੇ ਉਨ੍ਹਾਂ ਦੇ ਦਿਲ ਨੂੰ ਕੁਚਲ ਕੇ ਰੱਖ ਦਿੱਤਾ।

ਕਈ ਲੋਕਾਂ ਨੂੰ ਉਦੋਂ ਬੜੀ ਮਾਯੂਸੀ ਹੁੰਦੀ ਹੈ ਜਦੋਂ ਉਨ੍ਹਾਂ ਦਾ ਬਾਈਬਲ ਵਿਦਿਆਰਥੀ ਅਚਾਨਕ ਸਟੱਡੀ ਕਰਨੀ ਛੱਡ ਦਿੰਦਾ ਹੈ। ਇਸ ਤਰ੍ਹਾਂ ਹੋਣ ਤੇ ਉਹ ਅਕਸਰ ਆਪਣੇ ਆਪ ਨੂੰ ਪੁੱਛਦੇ ਹਨ, ‘ਮੈਨੂੰ ਇਸ ਗੱਲ ਦਾ ਪਤਾ ਕਿਉਂ ਨਹੀਂ ਲੱਗਾ?’ ਪਰ ਕੀ ਅਸੀਂ ਇਸ ਤਰ੍ਹਾਂ ਹੋਣ ਤੋਂ ਪਹਿਲਾਂ ਪਤਾ ਲਗਾ ਸਕਦੇ ਹਾਂ ਕਿ ਸੱਚਾਈ ਉਸ ਨੂੰ ਬਦਲ ਰਹੀ ਹੈ ਜਾਂ ਨਹੀਂ? ਅਸੀਂ ਕਿਵੇਂ ਯਕੀਨੀ ਹੋ ਸਕਦੇ ਹਾਂ ਕਿ ਸੱਚਾਈ ਸਾਡੇ ਉੱਤੇ, ਨਾਲੇ ਜਿਨ੍ਹਾਂ ਨੂੰ ਅਸੀਂ ਬਾਈਬਲ ਸਿਖਾਉਂਦੇ ਹਾਂ ਉਨ੍ਹਾਂ ਉੱਤੇ ਵੀ ਅਸਰ ਕਰ ਰਹੀ ਹੈ? ਯਿਸੂ ਦੁਆਰਾ ਦਿੱਤੇ ਬੀ ਬੀਜਣ ਵਾਲੇ ਕਿਸਾਨ ਦੇ ਦ੍ਰਿਸ਼ਟਾਂਤ ਤੋਂ ਸਾਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਮਿਲ ਸਕਦਾ ਹੈ।

ਸੱਚਾਈ ਨੂੰ ਦਿਲ ਵਿਚ ਬਿਠਾਉਣ ਦੀ ਲੋੜ

“ਬੀ ਪਰਮੇਸ਼ੁਰ ਦਾ ਬਚਨ ਹੈ,” ਯਿਸੂ ਨੇ ਕਿਹਾ ਸੀ। “ਜੋ ਚੰਗੀ ਜਮੀਨ ਵਿੱਚ ਕਿਰਿਆ ਸੋ ਓਹ ਹਨ ਜਿਹੜੇ ਸੁਣ ਕੇ ਬਚਨ ਨੂੰ ਚੰਗੇ ਅਤੇ ਖਰੇ ਦਿਲ ਵਿੱਚ ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।” (ਲੂਕਾ 8:11, 15) ਜੇ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਨੇ ਵਿਦਿਆਰਥੀਆਂ ਵਿਚ ਫਲ ਪੈਦਾ ਕਰਨਾ ਹੈ, ਤਾਂ ਇਹ ਜ਼ਰੂਰੀ ਹੈ ਕਿ ਸੱਚਾਈ ਉਨ੍ਹਾਂ ਦੇ ਦਿਲਾਂ ਵਿਚ ਜੜ੍ਹ ਫੜੇ। ਯਿਸੂ ਨੇ ਭਰੋਸਾ ਦਿੱਤਾ ਸੀ ਕਿ ਜਿੱਦਾਂ ਚੰਗਾ ਬੀ ਚੰਗੀ ਮਿੱਟੀ ਵਿਚ ਜੜ੍ਹ ਫੜ ਕੇ ਫਲ ਪੈਦਾ ਕਰਦਾ ਹੈ, ਉੱਦਾਂ ਹੀ ਬਾਈਬਲ ਦੀ ਸੱਚਾਈ ਵੀ ਚੰਗੇ ਦਿਲਾਂ ਵਿਚ ਜੜ੍ਹ ਫੜ ਕੇ ਫਲ ਪੈਦਾ ਕਰੇਗੀ। ਸੱਚਾਈ ਸਿੱਖਣ ਨਾਲ ਸਾਡੇ ਵਿਦਿਆਰਥੀਆਂ ਵਿਚ ਕਿਹੜੀਆਂ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ?

ਸਾਨੂੰ ਬਾਹਰੀ ਦਿੱਖ ਦੀ ਬਜਾਇ ਦਿਲ ਵਿਚ ਝਾਕ ਕੇ ਦੇਖਣ ਦੀ ਲੋੜ ਹੈ। ਇਕ ਵਿਅਕਤੀ ਸ਼ਾਇਦ ਦੇਖਣ ਨੂੰ ਤਾਂ ਯਹੋਵਾਹ ਦੀ ਭਗਤੀ ਕਰਦਾ ਹੋਵੇ, ਪਰ ਸਾਨੂੰ ਪਤਾ ਲਗਾਉਣ ਦੀ ਲੋੜ ਹੈ ਕਿ ਉਸ ਦੇ ਦਿਲ ਵਿਚ ਕੀ ਹੈ। (ਯਿਰਮਿਯਾਹ 17:9, 10; ਮੱਤੀ 15:7-9) ਜੇ ਸੱਚਾਈ ਉਸ ਦੇ ਦਿਲ ਵਿਚ ਵਾਕਈ ਜੜ੍ਹ ਫੜ ਰਹੀ ਹੈ, ਤਾਂ ਉਸ ਦੀਆਂ ਇੱਛਾਵਾਂ, ਉਦੇਸ਼ਾਂ ਅਤੇ ਟੀਚਿਆਂ ਵਿਚ ਬਦਲਾਅ ਆਉਣਾ ਚਾਹੀਦਾ ਹੈ। ਉਸ ਦੀ ਸ਼ਖ਼ਸੀਅਤ ਵਿਚ ਪਰਮੇਸ਼ੁਰ ਦੀ ਇੱਛਾ ਅਨੁਸਾਰ ਨਿਖਾਰ ਆਵੇਗਾ। (ਅਫ਼ਸੀਆਂ 4:20-24) ਉਦਾਹਰਣ ਲਈ, ਥੱਸਲੁਨੀਕਾ ਦੇ ਮਸੀਹੀਆਂ ਬਾਰੇ ਪੌਲੁਸ ਨੇ ਕਿਹਾ ਸੀ ਕਿ ਖ਼ੁਸ਼ ਖ਼ਬਰੀ ਸੁਣਦੇ ਸਾਰ ਹੀ ਉਨ੍ਹਾਂ ਨੇ ਇਸ ਨੂੰ ਪਰਮੇਸ਼ੁਰ ਦਾ ਬਚਨ ਮੰਨ ਕੇ ਸਵੀਕਾਰ ਕਰ ਲਿਆ। ਬਾਅਦ ਵਿਚ ਉਨ੍ਹਾਂ ਦਾ ਧੀਰਜ, ਵਫ਼ਾਦਾਰੀ ਅਤੇ ਪਿਆਰ ਦੇਖ ਕੇ ਪੌਲੁਸ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਸੱਚਾਈ ਵਾਕਈ ‘ਉਨ੍ਹਾਂ ਵਿੱਚ ਕੰਮ ਕਰ’ ਰਹੀ ਸੀ।—1 ਥੱਸਲੁਨੀਕੀਆਂ 2:13, 14; 3:6.

ਇਹ ਸੱਚ ਹੈ ਕਿ ਵਿਦਿਆਰਥੀ ਦੇ ਦਿਲ ਵਿਚ ਜੋ ਕੁਝ ਵੀ ਹੈ, ਉਹ ਆਖ਼ਰਕਾਰ ਉਸ ਦੇ ਕੰਮਾਂ ਤੋਂ ਜ਼ਾਹਰ ਹੋ ਜਾਵੇਗਾ ਜਿਵੇਂ ਐਰਿਕ ਦੇ ਸੰਬੰਧ ਵਿਚ ਹੋਇਆ ਸੀ। (ਮਰਕੁਸ 7:21, 22; ਯਾਕੂਬ 1:14, 15) ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਜਦ ਤਕ ਵਿਦਿਆਰਥੀ ਦੇ ਕੰਮਾਂ ਤੋਂ ਉਸ ਦੇ ਭੈੜੇ ਗੁਣ ਜ਼ਾਹਰ ਹੁੰਦੇ ਹਨ, ਤਦ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਇਸ ਲਈ ਦੇਰ ਹੋਣ ਤੋਂ ਪਹਿਲਾਂ-ਪਹਿਲਾਂ ਸਾਨੂੰ ਆਪਣੇ ਵਿਦਿਆਰਥੀ ਦੀਆਂ ਕਮਜ਼ੋਰੀਆਂ ਨੂੰ ਪਛਾਣਨ ਦੀ ਲੋੜ ਹੈ ਤਾਂਕਿ ਇਹ ਕਮਜ਼ੋਰੀਆਂ ਉਸ ਦੀ ਅਧਿਆਤਮਿਕ ਤਰੱਕੀ ਦੇ ਰਾਹ ਵਿਚ ਰੁਕਾਵਟ ਨਾ ਬਣ ਜਾਣ। ਸਾਨੂੰ ਉਸ ਦੇ ਦਿਲ ਵਿਚ ਝਾਕ ਕੇ ਦੇਖਣ ਦੀ ਲੋੜ ਹੈ। ਇਹ ਅਸੀਂ ਕਿਵੇਂ ਕਰ ਸਕਦੇ ਹਾਂ?

ਯਿਸੂ ਤੋਂ ਸਿੱਖੋ

ਯਿਸੂ ਦਿਲਾਂ ਨੂੰ ਚੰਗੀ ਤਰ੍ਹਾਂ ਪਰਖ ਸਕਦਾ ਸੀ। (ਮੱਤੀ 12:25) ਪਰ ਸਾਡੇ ਵਿਚ ਇਹ ਯੋਗਤਾ ਨਹੀਂ ਹੈ। ਫਿਰ ਵੀ ਯਿਸੂ ਨੇ ਦਿਖਾਇਆ ਕਿ ਅਸੀਂ ਵੀ ਕਿਸੇ ਵਿਅਕਤੀ ਦੀਆਂ ਕਾਮਨਾਵਾਂ, ਉਦੇਸ਼ਾਂ ਤੇ ਟੀਚਿਆਂ ਦਾ ਪਤਾ ਲਗਾ ਸਕਦੇ ਹਾਂ। ਡਾਕਟਰ ਵੱਖ-ਵੱਖ ਤਰੀਕਿਆਂ ਨਾਲ ਮਰੀਜ਼ ਦਾ ਚੈੱਕਅਪ ਕਰ ਕੇ ਪਤਾ ਲਗਾਉਂਦਾ ਹੈ ਕਿ ਉਸ ਦੇ ਦਿਲ ਦੀ ਕੀ ਦਸ਼ਾ ਹੈ। ਉਸੇ ਤਰ੍ਹਾਂ ਯਿਸੂ ਵੀ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਇਨਸਾਨ ਦੇ ਦਿਲ ਵਿਚ ਲੁਕੀਆਂ ਗੱਲਾਂ ਨੂੰ ‘ਬਾਹਰ ਕੱਢ ਲਿਆਉਂਦਾ’ ਸੀ ਅਤੇ “ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ” ਸੀ।—ਕਹਾਉਤਾਂ 20:5; ਇਬਰਾਨੀਆਂ 4:12.

ਮਿਸਾਲ ਲਈ, ਯਿਸੂ ਨੇ ਇਕ ਵਾਰ ਪਤਰਸ ਦੀ ਇਕ ਕਮਜ਼ੋਰੀ ਨੂੰ ਪਛਾਣਨ ਵਿਚ ਉਸ ਦੀ ਮਦਦ ਕੀਤੀ ਜੋ ਬਾਅਦ ਵਿਚ ਪਤਰਸ ਲਈ ਠੋਕਰ ਦਾ ਕਾਰਨ ਬਣੀ। ਯਿਸੂ ਨੂੰ ਪਤਾ ਸੀ ਕਿ ਪਤਰਸ ਉਸ ਨੂੰ ਬਹੁਤ ਪਿਆਰ ਕਰਦਾ ਸੀ। ਉਸ ਨੇ ਪਤਰਸ ਨੂੰ “ਰਾਜ ਦੀਆਂ ਕੁੰਜੀਆਂ” ਵੀ ਸੌਂਪੀਆਂ ਸਨ। (ਮੱਤੀ 16:13-19) ਪਰ ਯਿਸੂ ਇਹ ਵੀ ਜਾਣਦਾ ਸੀ ਕਿ ਉਸ ਦੇ ਚੇਲੇ ਸ਼ਤਾਨ ਦੇ ਮੁੱਖ ਨਿਸ਼ਾਨੇ ਸਨ। ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਨੂੰ ਕਠੋਰ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪੈਣਾ ਸੀ। ਯਿਸੂ ਨੇ ਦੇਖ ਲਿਆ ਸੀ ਕਿ ਉਸ ਦੇ ਕੁਝ ਚੇਲੇ ਨਿਹਚਾ ਵਿਚ ਕਮਜ਼ੋਰ ਸਨ ਜਿਸ ਬਾਰੇ ਉਸ ਨੇ ਉਨ੍ਹਾਂ ਨਾਲ ਸਾਫ਼-ਸਾਫ਼ ਗੱਲ ਕੀਤੀ। ਗੌਰ ਕਰੋ ਕਿ ਯਿਸੂ ਨੇ ਇਹ ਗੱਲ ਉਨ੍ਹਾਂ ਦੇ ਧਿਆਨ ਵਿਚ ਕਿਵੇਂ ਲਿਆਂਦੀ।

ਮੱਤੀ 16:21 ਕਹਿੰਦਾ ਹੈ: “ਉਸ ਸਮੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਭਈ ਮੈਨੂੰ ਜਰੂਰ ਹੈ ਜੋ . . . ਬਹੁਤ ਦੁਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ।” ਯਿਸੂ ਨੇ ਸ਼ਾਇਦ ਜ਼ਬੂਰਾਂ ਦੀ ਪੋਥੀ 22:14-18 ਜਾਂ ਯਸਾਯਾਹ 53:10-12 ਵਰਗੀਆਂ ਆਇਤਾਂ ਦਿਖਾ ਕੇ ਆਪਣੇ ਚੇਲਿਆਂ ਨੂੰ ਸਮਝਾਇਆ ਹੋਣਾ ਕਿ ਮਸੀਹਾ ਲਈ ਦੁੱਖ ਝੱਲਣਾ ਅਤੇ ਮਰਨਾ ਜ਼ਰੂਰੀ ਸੀ। ਪਵਿੱਤਰ ਸ਼ਾਸਤਰ ਵਿੱਚੋਂ ਪੜ੍ਹ ਕੇ ਜਾਂ ਇਸ ਦਾ ਹਵਾਲਾ ਦੇ ਕੇ ਯਿਸੂ ਨੇ ਪਤਰਸ ਤੇ ਹੋਰ ਚੇਲਿਆਂ ਨੂੰ ਦਿਲੋਂ ਪ੍ਰਤਿਕ੍ਰਿਆ ਦਿਖਾਉਣ ਦਾ ਮੌਕਾ ਦਿੱਤਾ। ਯਿਸੂ ਉੱਤੇ ਆਉਣ ਵਾਲੀਆਂ ਸਤਾਹਟਾਂ ਬਾਰੇ ਸੁਣ ਕੇ ਉਨ੍ਹਾਂ ਉੱਤੇ ਕੀ ਅਸਰ ਪਿਆ?

ਭਾਵੇਂ ਪਤਰਸ ਆਪਣੇ ਆਪ ਨੂੰ ਬਹੁਤ ਦਲੇਰ ਤੇ ਜੋਸ਼ੀਲਾ ਸਮਝਦਾ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮੌਕੇ ਤੇ ਉਸ ਨੇ ਬਿਨਾਂ ਸੋਚੇ-ਸਮਝੇ ਇਕ ਅਜਿਹੀ ਗੱਲ ਕਹਿ ਦਿੱਤੀ ਜਿਸ ਤੋਂ ਉਸ ਦੀ ਗ਼ਲਤ ਸੋਚ ਦਾ ਪਤਾ ਲੱਗਾ। ਉਸ ਨੇ ਯਿਸੂ ਨੂੰ ਕਿਹਾ: “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!” ਪਤਰਸ ਦੀ ਸੋਚ ਗ਼ਲਤ ਸੀ ਕਿਉਂਕਿ ਯਿਸੂ ਨੇ ਕਿਹਾ ਕਿ ਉਹ “ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ” ਮੁਤਾਬਕ ਸੋਚ ਰਿਹਾ ਸੀ। ਇਹ ਬਹੁਤ ਵੱਡੀ ਕਮਜ਼ੋਰੀ ਸੀ ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਸਨ। ਤਾਂ ਫਿਰ ਯਿਸੂ ਨੇ ਕੀ ਕੀਤਾ? ਪਤਰਸ ਨੂੰ ਝਿੜਕਣ ਤੋਂ ਬਾਅਦ ਯਿਸੂ ਨੇ ਉਸ ਨੂੰ ਤੇ ਹੋਰ ਚੇਲਿਆਂ ਨੂੰ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।” ਜ਼ਬੂਰਾਂ ਦੀ ਪੋਥੀ 49:8 ਅਤੇ 62:12 ਦੇ ਵਿਚਾਰ ਦੁਹਰਾਉਂਦੇ ਹੋਏ ਯਿਸੂ ਨੇ ਉਨ੍ਹਾਂ ਨੂੰ ਪਿਆਰ ਨਾਲ ਚੇਤੇ ਕਰਾਇਆ ਕਿ ਕੋਈ ਵੀ ਇਨਸਾਨ ਸਦੀਪਕ ਜ਼ਿੰਦਗੀ ਨਹੀਂ ਦੇ ਸਕਦਾ, ਸਗੋਂ ਮੁਕਤੀ ਦੇਣ ਵਾਲਾ ਸਿਰਫ਼ ਪਰਮੇਸ਼ੁਰ ਹੀ ਹੈ।—ਮੱਤੀ 16:22-28.

ਬਾਅਦ ਵਿਚ ਪਤਰਸ ਨੇ ਭਾਵੇਂ ਇਨਸਾਨਾਂ ਤੋਂ ਡਰ ਕੇ ਯਿਸੂ ਦਾ ਤਿੰਨ ਵਾਰੀ ਇਨਕਾਰ ਕੀਤਾ, ਪਰ ਯਿਸੂ ਦੀਆਂ ਨਸੀਹਤਾਂ ਨੇ ਉਸ ਦੀ ਮੁੜ ਅਧਿਆਤਮਿਕ ਤਾਕਤ ਹਾਸਲ ਕਰਨ ਵਿਚ ਜ਼ਰੂਰ ਮਦਦ ਕੀਤੀ ਹੋਣੀ। (ਯੂਹੰਨਾ 21:15-19) ਯਿਸੂ ਦਾ ਇਨਕਾਰ ਕਰਨ ਤੋਂ ਸਿਰਫ਼ 50 ਦਿਨਾਂ ਬਾਅਦ ਪਤਰਸ ਨੇ ਯਰੂਸ਼ਲਮ ਵਿਚ ਇਕੱਠੀ ਹੋਈ ਭੀੜ ਅੱਗੇ ਖੜ੍ਹੇ ਹੋ ਕੇ ਦਲੇਰੀ ਨਾਲ ਯਿਸੂ ਦੇ ਦੁਬਾਰਾ ਜੀ ਉੱਠਣ ਦੀ ਸਾਖੀ ਭਰੀ। ਉਸ ਤੋਂ ਬਾਅਦ ਦੇ ਹਫ਼ਤਿਆਂ, ਮਹੀਨਿਆਂ ਅਤੇ ਸਾਲਾਂ ਦੌਰਾਨ ਪਤਰਸ ਨੇ ਬਿਨਾਂ ਡਰੇ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਤੇ ਵਫ਼ਾਦਾਰੀ ਦੀ ਸ਼ਾਨਦਾਰ ਮਿਸਾਲ ਕਾਇਮ ਕੀਤੀ। ਉਸ ਨੂੰ ਕਈ ਵਾਰ ਗਿਰਫ਼ਤਾਰ ਕੀਤਾ ਗਿਆ, ਮਾਰਿਆ-ਕੁੱਟਿਆ ਗਿਆ ਅਤੇ ਕੈਦ ਵਿਚ ਵੀ ਸੁੱਟਿਆ ਗਿਆ ਸੀ।—ਰਸੂਲਾਂ ਦੇ ਕਰਤੱਬ 2:14-36; 4:18-21; 5:29-32, 40-42; 12:3-5.

ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਕੀ ਤੁਸੀਂ ਧਿਆਨ ਦਿੱਤਾ ਕਿ ਯਿਸੂ ਨੇ ਪਤਰਸ ਦੇ ਦਿਲ ਦੀ ਗੱਲ ਨੂੰ ਕਿਵੇਂ ਜ਼ਾਹਰ ਕੀਤਾ ਸੀ? ਪਹਿਲਾਂ ਤਾਂ ਉਸ ਨੇ ਧਿਆਨ ਨਾਲ ਚੁਣੀਆਂ ਆਇਤਾਂ ਦੀ ਮਦਦ ਨਾਲ ਪਤਰਸ ਦਾ ਧਿਆਨ ਇਕ ਖ਼ਾਸ ਚਿੰਤਾ ਦੇ ਵਿਸ਼ੇ ਵੱਲ ਖਿੱਚਿਆ। ਫਿਰ ਉਸ ਨੇ ਪਤਰਸ ਨੂੰ ਆਪਣੇ ਦਿਲ ਦੀ ਗੱਲ ਜ਼ਾਹਰ ਕਰਨ ਦਾ ਮੌਕਾ ਦਿੱਤਾ। ਅਖ਼ੀਰ ਵਿਚ ਉਸ ਨੇ ਪਤਰਸ ਦੀ ਗ਼ਲਤ ਸੋਚ ਅਤੇ ਰਾਇ ਨੂੰ ਸੁਧਾਰਨ ਲਈ ਉਸ ਨੂੰ ਪਵਿੱਤਰ ਸ਼ਾਸਤਰ ਵਿੱਚੋਂ ਹੋਰ ਸਲਾਹਾਂ ਦਿੱਤੀਆਂ। ਤੁਸੀਂ ਸ਼ਾਇਦ ਸੋਚਦੇ ਹੋਵੋ ਕਿ ਇੰਨੇ ਵਧੀਆ ਤਰੀਕੇ ਨਾਲ ਸਿਖਾਉਣਾ ਤਾਂ ਸਾਡੇ ਵੱਸ ਦੀ ਗੱਲ ਨਹੀਂ। ਪਰ ਆਓ ਆਪਾਂ ਦੋ ਤਜਰਬਿਆਂ ਉੱਤੇ ਗੌਰ ਕਰੀਏ ਜੋ ਦਿਖਾਉਂਦੇ ਹਨ ਕਿ ਚੰਗੀ ਤਿਆਰੀ ਕਰਨ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਅਸੀਂ ਵੀ ਯਿਸੂ ਦੀ ਮਿਸਾਲ ਉੱਤੇ ਚੱਲ ਸਕਦੇ ਹਾਂ।

ਦਿਲ ਦੀ ਗੱਲ ਕੱਢਣੀ

ਇਕ ਵਾਰ ਇਕ ਪਿਤਾ ਨੂੰ ਪਤਾ ਲੱਗਾ ਕਿ ਉਸ ਦੇ ਪਹਿਲੀ ਤੇ ਦੂਸਰੀ ਕਲਾਸ ਵਿਚ ਪੜ੍ਹਦੇ ਦੋ ਮੁੰਡਿਆਂ ਨੇ ਟੀਚਰ ਦੇ ਮੇਜ਼ ਤੋਂ ਗੋਲੀ ਚੋਰੀ ਕਰ ਕੇ ਖਾਧੀ ਸੀ। ਇਸ ਮਸੀਹੀ ਪਿਤਾ ਨੇ ਮੁੰਡਿਆਂ ਨੂੰ ਬਿਠਾ ਕੇ ਬੜੇ ਪਿਆਰ ਨਾਲ ਸਮਝਾਇਆ-ਬੁਝਾਇਆ। ਪਿਤਾ ਨੇ ਉਨ੍ਹਾਂ ਦੀ ਚੋਰੀ ਨੂੰ ਛੋਟੀ-ਮੋਟੀ ਗੱਲ ਨਹੀਂ ਸਮਝਿਆ। ਉਹ ਦੱਸਦਾ ਹੈ: “ਮੈਂ ਉਨ੍ਹਾਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੇ ਇਹ ਬੁਰਾ ਕੰਮ ਕਿਉਂ ਕੀਤਾ ਸੀ।”

ਪਿਤਾ ਨੇ ਆਪਣੇ ਮੁੰਡਿਆਂ ਨੂੰ ਆਕਾਨ ਦੀ ਕਹਾਣੀ ਯਾਦ ਕਰਨ ਲਈ ਕਿਹਾ ਜੋ ਬਾਈਬਲ ਵਿਚ ਯਹੋਸ਼ੁਆ ਦੇ 7ਵੇਂ ਅਧਿਆਇ ਵਿਚ ਦਿੱਤੀ ਗਈ ਹੈ। ਮੁੰਡਿਆਂ ਨੂੰ ਝੱਟ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਅਤੇ ਉਨ੍ਹਾਂ ਨੇ ਮਾਫ਼ੀ ਮੰਗੀ। ਉਨ੍ਹਾਂ ਦੀ ਦੋਸ਼ੀ ਜ਼ਮੀਰ ਪਹਿਲਾਂ ਹੀ ਉਨ੍ਹਾਂ ਨੂੰ ਤੰਗ ਕਰ ਰਹੀ ਸੀ। ਸੋ ਪਿਤਾ ਨੇ ਉਨ੍ਹਾਂ ਨੂੰ ਅਫ਼ਸੀਆਂ 4:28 ਪੜ੍ਹਨ ਲਈ ਕਿਹਾ ਜਿਸ ਵਿਚ ਲਿਖਿਆ ਸੀ: ‘ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰੇ, ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।’ ਇਸ ਤੋਂ ਬਾਅਦ ਪਿਤਾ ਨੇ ਮੁੰਡਿਆਂ ਨੂੰ ਬਾਜ਼ਾਰੋਂ ਗੋਲੀ ਖ਼ਰੀਦ ਕੇ ਟੀਚਰ ਨੂੰ ਵਾਪਸ ਦੇਣ ਲਈ ਕਿਹਾ। ਇਸ ਤਰ੍ਹਾਂ ਕਰਨ ਨਾਲ ਮੁੰਡੇ ਇਹ ਗੱਲ ਕਦੇ ਨਹੀਂ ਭੁੱਲਣਗੇ ਕਿ ਚੋਰੀ ਕਰਨੀ ਗ਼ਲਤ ਹੈ।

ਪਿਤਾ ਅੱਗੇ ਕਹਿੰਦਾ ਹੈ: “ਜਦੋਂ ਵੀ ਸਾਨੂੰ ਆਪਣੇ ਬੱਚਿਆਂ ਵਿਚ ਕੋਈ ਗ਼ਲਤ ਵਿਚਾਰ ਜਾਂ ਮਨੋਰਥ ਨਜ਼ਰ ਆਉਂਦਾ ਸੀ, ਤਾਂ ਅਸੀਂ ਤੁਰੰਤ ਇਸ ਨੂੰ ਜੜ੍ਹੋਂ ਉਖਾੜਨ ਦੀ ਕੋਸ਼ਿਸ਼ ਕਰਦੇ ਸੀ। ਅਸੀਂ ਉਨ੍ਹਾਂ ਨੂੰ ਪਿਆਰ ਨਾਲ ਸਮਝਾ ਕੇ ਉਨ੍ਹਾਂ ਦੀ ਸੋਚ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕੀਤੀ।” ਯਿਸੂ ਦੀ ਰੀਸ ਕਰ ਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਨਾਲ ਇਨ੍ਹਾਂ ਮਾਪਿਆਂ ਨੂੰ ਆਪਣੀ ਮਿਹਨਤ ਦਾ ਫਲ ਮਿਲਿਆ। ਉਨ੍ਹਾਂ ਦੇ ਦੋਨੋਂ ਮੁੰਡੇ ਵੱਡੇ ਹੋ ਕੇ ਬਰੁਕਲਿਨ ਬੈਥਲ ਵਿਚ ਸੇਵਾ ਕਰਨ ਲੱਗ ਪਏ। ਇਕ ਮੁੰਡਾ ਪਿਛਲੇ 25 ਸਾਲਾਂ ਤੋਂ ਉੱਥੇ ਸੇਵਾ ਕਰ ਰਿਹਾ ਹੈ।

ਯਹੋਵਾਹ ਦੀ ਇਕ ਹੋਰ ਗਵਾਹ ਦੇ ਤਜਰਬੇ ਉੱਤੇ ਗੌਰ ਕਰੋ ਜੋ ਇਕ ਕੁੜੀ ਨਾਲ ਬਾਈਬਲ ਸਟੱਡੀ ਕਰਦੀ ਸੀ। ਇਹ ਵਿਦਿਆਰਥਣ ਸਭਾਵਾਂ ਵਿਚ ਆਉਂਦੀ ਸੀ, ਪ੍ਰਚਾਰ ਕਰਦੀ ਸੀ ਅਤੇ ਬਪਤਿਸਮਾ ਲੈਣ ਬਾਰੇ ਵੀ ਸੋਚ ਰਹੀ ਸੀ। ਪਰ ਗਵਾਹ ਨੇ ਦੇਖਿਆ ਕਿ ਉਹ ਯਹੋਵਾਹ ਨਾਲੋਂ ਆਪਣੇ ਉੱਤੇ ਜ਼ਿਆਦਾ ਭਰੋਸਾ ਰੱਖਦੀ ਸੀ। ਗਵਾਹ ਦੱਸਦੀ ਹੈ: “ਉਹ ਕੁਆਰੀ ਹੋਣ ਕਰਕੇ ਆਪਣੀ ਮਰਜ਼ੀ ਦੀ ਮਾਲਕਣ ਸੀ। ਮੈਨੂੰ ਡਰ ਸੀ ਕਿ ਜੇ ਉਸ ਨੇ ਆਪਣੇ ਤੌਰ-ਤਰੀਕੇ ਨਾ ਬਦਲੇ, ਤਾਂ ਉਹ ਜਾਂ ਤਾਂ ਬੀਮਾਰ ਪੈ ਜਾਵੇਗੀ ਜਾਂ ਯਹੋਵਾਹ ਨੂੰ ਹੀ ਛੱਡ ਦੇਵੇਗੀ।”

ਇਸ ਲਈ ਗਵਾਹ ਨੇ ਪਹਿਲ ਕਰ ਕੇ ਆਪਣੀ ਵਿਦਿਆਰਥਣ ਨਾਲ ਮੱਤੀ 6:33 ਉੱਤੇ ਗੱਲਬਾਤ ਕੀਤੀ। ਉਸ ਨੇ ਉਸ ਨੂੰ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਅਤੇ ਹਰ ਗੱਲ ਵਿਚ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਪ੍ਰੇਰਣਾ ਦਿੱਤੀ। ਉਸ ਨੇ ਕੁੜੀ ਨੂੰ ਸਾਫ਼-ਸਾਫ਼ ਪੁੱਛਿਆ: “ਕੀ ਇਕੱਲੀ ਰਹਿਣ ਕਰਕੇ ਤੂੰ ਦੂਸਰਿਆਂ ਦੀ ਮਦਦ ਲੈਣ, ਇੱਥੋਂ ਤਕ ਕਿ ਯਹੋਵਾਹ ਦੀ ਮਦਦ ਲੈਣ ਤੋਂ ਵੀ ਕਤਰਾਉਂਦੀ ਹੈਂ?” ਵਿਦਿਆਰਥਣ ਨੇ ਮੰਨਿਆ ਕਿ ਉਹ ਅੱਜ-ਕੱਲ੍ਹ ਬਹੁਤ ਘੱਟ ਪ੍ਰਾਰਥਨਾ ਕਰਦੀ ਸੀ। ਗਵਾਹ ਨੇ ਉਸ ਨੂੰ ਜ਼ਬੂਰਾਂ ਦੀ ਪੋਥੀ 55:22 ਵਿਚ ਦਿੱਤੀ ਸਲਾਹ ਮੁਤਾਬਕ ਆਪਣਾ ਭਾਰ ਯਹੋਵਾਹ ਉੱਤੇ ਸੁੱਟਣ ਦੀ ਹੱਲਾਸ਼ੇਰੀ ਦਿੱਤੀ ਕਿਉਂਕਿ 1 ਪਤਰਸ 5:7 ਸਾਨੂੰ ਭਰੋਸਾ ਦਿੰਦਾ ਹੈ ਕਿ ‘ਉਹ ਨੂੰ ਸਾਡਾ ਫ਼ਿਕਰ ਹੈ।’ ਇਨ੍ਹਾਂ ਸ਼ਬਦਾਂ ਦਾ ਵਿਦਿਆਰਥਣ ਦੇ ਦਿਲ ਉੱਤੇ ਇੰਨਾ ਡੂੰਘਾ ਅਸਰ ਪਿਆ ਕਿ ਉਹ ਰੋ ਪਈ।

ਸੱਚਾਈ ਨੂੰ ਆਪਣੇ ਉੱਤੇ ਅਸਰ ਕਰਨ ਦਿਓ

ਦੂਸਰਿਆਂ ਨੂੰ ਬਾਈਬਲ ਵਿੱਚੋਂ ਸੱਚਾਈ ਸਿਖਾ ਕੇ ਅਤੇ ਉਨ੍ਹਾਂ ਨੂੰ ਆਪਣੇ ਵਿਚ ਤਬਦੀਲੀਆਂ ਕਰਦੇ ਦੇਖ ਕੇ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਇਸ ਕੰਮ ਵਿਚ ਕਾਮਯਾਬ ਹੋਣ ਲਈ ਸਾਨੂੰ ਆਪ ਚੰਗੀ ਮਿਸਾਲ ਕਾਇਮ ਕਰਨੀ ਪਵੇਗੀ। (ਯਹੂਦਾਹ 22, 23) ਸਾਨੂੰ ਸਾਰਿਆਂ ਨੂੰ ‘ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਭਾਉਣ’ ਦੀ ਲੋੜ ਹੈ। (ਫ਼ਿਲਿੱਪੀਆਂ 2:12) ਇਸ ਤਰ੍ਹਾਂ ਕਰਨ ਲਈ ਸਾਨੂੰ ਲਗਾਤਾਰ ਆਪਣੇ ਦਿਲਾਂ ਨੂੰ ਬਾਈਬਲ ਦੀ ਰੌਸ਼ਨੀ ਵਿਚ ਜਾਂਚਦੇ ਅਤੇ ਦੇਖਦੇ ਰਹਿਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਰਵੱਈਏ, ਇੱਛਾਵਾਂ ਅਤੇ ਸ਼ੌਕਾਂ ਵਿਚ ਕਿੱਧਰੇ ਸੁਧਾਰ ਕਰਨ ਦੀ ਲੋੜ ਤਾਂ ਨਹੀਂ।—2 ਪਤਰਸ 1:19.

ਉਦਾਹਰਣ ਲਈ, ਕੀ ਅੱਜ-ਕੱਲ੍ਹ ਅਸੀਂ ਮਸੀਹੀ ਕੰਮਾਂ ਵਿਚ ਢਿੱਲੇ ਪੈ ਗਏ ਹਾਂ? ਜੇਕਰ ਹਾਂ, ਤਾਂ ਇਸ ਦਾ ਕੀ ਕਾਰਨ ਹੈ? ਇਕ ਕਾਰਨ ਇਹ ਹੋ ਸਕਦਾ ਹੈ ਕਿ ਅਸੀਂ ਆਪਣੇ ਉੱਤੇ ਜ਼ਿਆਦਾ ਭਰੋਸਾ ਰੱਖਣ ਲੱਗ ਪਏ ਹਾਂ। ਇਸ ਦੀਆਂ ਕੀ ਨਿਸ਼ਾਨੀਆਂ ਹਨ? ਹੱਜਈ 1:2-11 ਪੜ੍ਹੋ ਅਤੇ ਆਪਣੇ ਦੇਸ਼ ਯਹੂਦਾਹ ਪਰਤੇ ਯਹੂਦੀਆਂ ਨੂੰ ਦਿੱਤੀ ਯਹੋਵਾਹ ਦੀ ਦਲੀਲ ਉੱਤੇ ਗੌਰ ਕਰੋ। ਫਿਰ ਆਪਣੇ ਆਪ ਨੂੰ ਪੁੱਛੋ: ‘ਕੀ ਮੈਂ ਅਮੀਰ ਬਣਨ ਅਤੇ ਸੁਖ-ਸਹੂਲਤਾਂ ਇਕੱਠੀਆਂ ਕਰਨ ਪਿੱਛੇ ਲੱਗਾ ਹਾਂ? ਕੀ ਮੈਂ ਸੱਚ-ਮੁੱਚ ਮੰਨਦਾ ਹਾਂ ਕਿ ਜੇ ਮੈਂ ਰੂਹਾਨੀ ਗੱਲਾਂ ਨੂੰ ਪਹਿਲ ਦਿੰਦਾ ਹਾਂ, ਤਾਂ ਯਹੋਵਾਹ ਮੇਰੇ ਪਰਿਵਾਰ ਦੀ ਦੇਖ-ਭਾਲ ਕਰੇਗਾ? ਜਾਂ ਕੀ ਮੈਨੂੰ ਲੱਗਦਾ ਹੈ ਕਿ ਮੈਨੂੰ ਪਹਿਲਾਂ ਆਪਣੇ ਲਈ ਧਨ-ਦੌਲਤ ਇਕੱਠੀ ਕਰਨੀ ਪਵੇਗੀ?’ ਜੇ ਤੁਹਾਡੇ ਸੋਚਣ ਦੇ ਤਰੀਕੇ ਵਿਚ ਖ਼ਰਾਬੀ ਹੈ, ਤਾਂ ਇਸ ਨੂੰ ਤੁਰੰਤ ਬਦਲੋ। ਜ਼ਿੰਦਗੀ ਦੀਆਂ ਲੋੜਾਂ ਅਤੇ ਭੌਤਿਕ ਚੀਜ਼ਾਂ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਮੱਤੀ 6:25-33, ਲੂਕਾ 12:13-21 ਅਤੇ 1 ਤਿਮੋਥਿਉਸ 6:6-12 ਵਰਗੀਆਂ ਆਇਤਾਂ ਸਾਡੀ ਮਦਦ ਕਰਨਗੀਆਂ। ਇਨ੍ਹਾਂ ਵਿਚ ਦਿੱਤੀਆਂ ਸਲਾਹਾਂ ਨੂੰ ਮੰਨਣ ਨਾਲ ਯਹੋਵਾਹ ਦੀ ਬਰਕਤ ਹਮੇਸ਼ਾ ਸਾਡੇ ਉੱਤੇ ਰਹੇਗੀ।—ਮਲਾਕੀ 3:10.

ਈਮਾਨਦਾਰੀ ਨਾਲ ਆਪਣੀ ਜਾਂਚ ਕਰ ਕੇ ਅਸੀਂ ਆਪਣੀਆਂ ਕਮਜ਼ੋਰੀਆਂ ਜਾਣ ਸਕਦੇ ਹਾਂ। ਜਦੋਂ ਕੋਈ ਦੂਸਰਾ ਸਾਨੂੰ ਸਾਡੀ ਕਿਸੇ ਕਮਜ਼ੋਰੀ ਬਾਰੇ ਦੱਸਦਾ ਹੈ, ਤਾਂ ਆਪਣੀ ਕਮਜ਼ੋਰੀ ਨੂੰ ਕਬੂਲ ਕਰਨਾ ਸਾਡੇ ਲਈ ਬਹੁਤ ਔਖਾ ਹੋ ਸਕਦਾ ਹੈ। ਕਮਜ਼ੋਰੀ ਭਾਵੇਂ ਛੋਟੀ ਹੋਵੇ ਜਾਂ ਵੱਡੀ, ਪਰ ਜਦੋਂ ਅਸੀਂ ਆਪਣੇ ਬੱਚੇ ਨੂੰ, ਬਾਈਬਲ ਵਿਦਿਆਰਥੀ ਨੂੰ ਜਾਂ ਆਪਣੇ ਆਪ ਨੂੰ ਸੁਧਾਰਨ ਲਈ ਠੋਸ ਕਦਮ ਚੁੱਕਦੇ ਹਾਂ, ਤਾਂ ਇਸ ਨਾਲ ਉਨ੍ਹਾਂ ਦੀ ਜਾਂ ਸਾਡੀ ਜ਼ਿੰਦਗੀ ਬਚ ਸਕਦੀ ਹੈ।—ਗਲਾਤੀਆਂ 6:1.

ਪਰ ਉਦੋਂ ਕੀ ਕੀਤਾ ਜਾਵੇ ਜਦੋਂ ਸਾਨੂੰ ਆਪਣੀਆਂ ਕੋਸ਼ਿਸ਼ਾਂ ਦਾ ਕੋਈ ਫਲ ਨਜ਼ਰ ਨਹੀਂ ਆਉਂਦਾ? ਛੇਤੀ ਹਾਰ ਨਾ ਮੰਨੋ। ਨਾਮੁਕੰਮਲ ਇਨਸਾਨਾਂ ਦੇ ਦਿਲਾਂ ਨੂੰ ਸੁਧਾਰਨਾ ਬੜਾ ਹੀ ਔਖਾ ਤੇ ਨਾਜ਼ੁਕ ਕੰਮ ਹੈ ਜਿਸ ਵਿਚ ਸ਼ਾਇਦ ਕਾਫ਼ੀ ਸਮਾਂ ਤੇ ਮਿਹਨਤ ਲੱਗੇ। ਪਰ ਇਸ ਦਾ ਫਲ ਮਿੱਠਾ ਹੋ ਸਕਦਾ ਹੈ।

ਇਸ ਲੇਖ ਦੇ ਸ਼ੁਰੂ ਵਿਚ ਦੱਸੇ ਗਏ ਐਰਿਕ ਨੂੰ ਬਾਅਦ ਵਿਚ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਅਤੇ ਉਹ ਫਿਰ ਤੋਂ ‘ਸਚਿਆਈ ਉੱਤੇ ਚੱਲਣ’ ਲੱਗ ਪਿਆ। (2 ਯੂਹੰਨਾ 4) ਉਹ ਕਹਿੰਦਾ ਹੈ: ‘ਸੱਚਾਈ ਵਿੱਚੋਂ ਨਿਕਲ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਿੰਨੀ ਕੀਮਤੀ ਚੀਜ਼ ਨੂੰ ਠੋਕਰ ਮਾਰੀ ਸੀ। ਇਸ ਲਈ ਮੈਂ ਫਿਰ ਤੋਂ ਯਹੋਵਾਹ ਕੋਲ ਮੁੜ ਆਇਆ।’ ਆਪਣੇ ਮਾਪਿਆਂ ਦੀ ਸਹਾਇਤਾ ਨਾਲ ਐਰਿਕ ਹੁਣ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਹੈ। ਪਹਿਲਾਂ ਉਹ ਆਪਣੇ ਮਾਤਾ-ਪਿਤਾ ਦੀ ਹਰ ਸਲਾਹ ਜਾਂ ਅਨੁਸ਼ਾਸਨ ਤੋਂ ਖਿੱਝਦਾ ਹੁੰਦਾ ਸੀ, ਪਰ ਹੁਣ ਉਹ ਉਨ੍ਹਾਂ ਦੇ ਪਿਆਰ ਤੇ ਪਰਵਾਹ ਦੀ ਦਿਲੋਂ ਕਦਰ ਕਰਦਾ ਹੈ। ਉਹ ਕਹਿੰਦਾ ਹੈ: ‘ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੰਨੇ ਚੰਗੇ ਮੰਮੀ-ਪਾਪਾ ਮਿਲੇ। ਉਨ੍ਹਾਂ ਨੇ ਕਦੇ ਮੇਰਾ ਸਾਥ ਨਹੀਂ ਛੱਡਿਆ।’

ਅਸੀਂ ਪਰਮੇਸ਼ੁਰ ਦੇ ਬਚਨ ਦੇ ਚਾਨਣ ਨਾਲ ਦੂਸਰਿਆਂ ਦੇ ਦਿਲਾਂ ਨੂੰ ਰੌਸ਼ਨ ਕਰ ਕੇ ਉਨ੍ਹਾਂ ਦਾ ਭਲਾ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 141:5) ਆਪਣੇ ਬੱਚਿਆਂ ਅਤੇ ਬਾਈਬਲ ਵਿਦਿਆਰਥੀਆਂ ਦੇ ਦਿਲਾਂ ਦੀ ਲਗਾਤਾਰ ਜਾਂਚ ਕਰ ਕੇ ਪਤਾ ਲਗਾਓ ਕਿ ਉਨ੍ਹਾਂ ਵਿਚ ਨਵੀਂ ਮਸੀਹੀ ਸ਼ਖ਼ਸੀਅਤ ਪੈਦਾ ਹੋ ਰਹੀ ਹੈ ਜਾਂ ਨਹੀਂ। “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ” ਕਰ ਕੇ ਸੱਚਾਈ ਨੂੰ ਦੂਸਰਿਆਂ ਵਿਚ ਅਤੇ ਆਪਣੇ ਵਿਚ ਵੀ ਜੜ੍ਹ ਫੜਨ ਦਿਓ।—2 ਤਿਮੋਥਿਉਸ 2:15.

[ਸਫ਼ੇ 29 ਉੱਤੇ ਤਸਵੀਰ]

ਯਿਸੂ ਦੇ ਸ਼ਬਦਾਂ ਨੇ ਪਤਰਸ ਦੀ ਕਮਜ਼ੋਰੀ ਜ਼ਾਹਰ ਕੀਤੀ

[ਸਫ਼ੇ 31 ਉੱਤੇ ਤਸਵੀਰ]

ਬਾਈਬਲ ਦੀ ਮਦਦ ਨਾਲ ਦਿਲ ਦੀ ਗੱਲ ਜਾਣੋ