Skip to content

Skip to table of contents

ਤੁਹਾਡੀ ਜ਼ਿੰਦਗੀ ਕਿੰਨੀ ਕੁ ਅਨਮੋਲ ਹੈ?

ਤੁਹਾਡੀ ਜ਼ਿੰਦਗੀ ਕਿੰਨੀ ਕੁ ਅਨਮੋਲ ਹੈ?

ਤੁਹਾਡੀ ਜ਼ਿੰਦਗੀ ਕਿੰਨੀ ਕੁ ਅਨਮੋਲ ਹੈ?

ਪਹਿਲੇ ਵਿਸ਼ਵ ਯੁੱਧ ਦੌਰਾਨ ਯੂਰਪ ਵਿਚ ਅਣਗਿਣਤ ਜਾਨਾਂ ਲਈਆਂ ਜਾ ਰਹੀਆਂ ਸਨ, ਪਰ ਦੂਜੇ ਪਾਸੇ ਐਂਟਾਰਕਟਿਕਾ ਵਿਚ ਜਾਨਾਂ ਬਚਾਉਣ ਲਈ ਸਖ਼ਤ ਜਤਨ ਕੀਤੇ ਜਾ ਰਹੇ ਸਨ। ਐਂਗਲੋ-ਆਇਰਿਸ਼ ਖੋਜੀ ਅਰਨੈਸਟ ਸ਼ੈਕਲਟਨ ਅਤੇ ਉਸ ਦੇ ਸਾਥੀ ਮੌਤ ਦੇ ਮੂੰਹ ਵਿਚ ਜਾਣ ਤੋਂ ਮਸੀਂ ਬਚੇ ਜਦੋਂ ਉਨ੍ਹਾਂ ਦਾ ਬੇੜਾ ਇਨਡੁਰੰਸ ਸਮੁੰਦਰੀ ਬਰਫ਼ ਵਿਚ ਫਸ ਗਿਆ ਤੇ ਅਖ਼ੀਰ ਚਕਨਾਚੂਰ ਹੋ ਕੇ ਡੁੱਬ ਗਿਆ। ਸ਼ੈਕਲਟਨ ਤੇ ਉਸ ਦੇ ਸਾਥੀ ਬਚਾਅ-ਕਿਸ਼ਤੀਆਂ ਰਾਹੀਂ ਜਿੱਦਾਂ-ਕਿੱਦਾਂ ਐਲੀਫੈਂਟ ਟਾਪੂ ਤੇ ਪਹੁੰਚ ਗਏ ਜੋ ਦੱਖਣੀ ਐਟਲਾਂਟਿਕ ਮਹਾਂਸਾਗਰ ਵਿਚ ਸਥਿਤ ਹੈ। ਪਰ ਉਨ੍ਹਾਂ ਦੀ ਜਾਨ ਅਜੇ ਵੀ ਖ਼ਤਰੇ ਵਿਚ ਸੀ।

ਸ਼ੈਕਲਟਨ ਜਾਣਦਾ ਸੀ ਕਿ ਉਨ੍ਹਾਂ ਦੇ ਬਚਣ ਦਾ ਇੱਕੋ-ਇਕ ਰਾਹ ਸੀ ਕਿ ਕੁਝ ਬੰਦੇ ਦੱਖਣੀ ਜਾਰਜੀਆ ਦੇ ਟਾਪੂ ਤੇ ਜਾ ਕੇ ਵ੍ਹੇਲਿੰਗ ਸਟੇਸ਼ਨ (ਜਿੱਥੇ ਵੇਲ ਮੱਛੀਆਂ ਦਾ ਸ਼ਿਕਾਰ ਕੀਤਾ ਜਾਂਦਾ ਹੈ) ਤੋਂ ਮਦਦ ਹਾਸਲ ਕਰਨ। ਪਰ ਇਹ ਟਾਪੂ 1,100 ਕਿਲੋਮੀਟਰ ਦੂਰ ਸੀ ਅਤੇ ਉਸ ਕੋਲ ਸਿਰਫ਼ 22 ਫੁੱਟ ਲੰਬੀ ਬਚਾਅ-ਕਿਸ਼ਤੀ ਸੀ। ਇਸ ਛੋਟੀ ਜਿਹੀ ਕਿਸ਼ਤੀ ਵਿਚ ਦੱਖਣੀ ਜਾਰਜੀਆ ਪਹੁੰਚਣ ਦੇ ਉਨ੍ਹਾਂ ਦੇ ਆਸਾਰ ਬਹੁਤ ਘੱਟ ਸਨ।

ਫਿਰ ਵੀ 17 ਕਸ਼ਟਦਾਇਕ ਦਿਨਾਂ ਤੋਂ ਬਾਅਦ 10 ਮਈ 1916 ਨੂੰ ਸ਼ੈਕਲਟਨ ਅਤੇ ਉਸ ਦੇ ਕੁਝ ਸਾਥੀ ਦੱਖਣੀ ਜਾਰਜੀਆ ਪਹੁੰਚ ਗਏ। ਪਰ ਬਹੁਤ ਹੀ ਖ਼ਰਾਬ ਮੌਸਮ ਕਰਕੇ ਉਨ੍ਹਾਂ ਨੂੰ ਟਾਪੂ ਦੇ ਦੂਜੇ ਪਾਸੇ ਦੇ ਕੰਢੇ ਤੇ ਉਤਰਨਾ ਪਿਆ। ਆਪਣੀ ਮੰਜ਼ਲ ਤੇ ਪਹੁੰਚਣ ਲਈ ਉਨ੍ਹਾਂ ਨੂੰ 30 ਕਿਲੋਮੀਟਰ ਪੈਦਲ ਤੁਰ ਕੇ ਬਰਫ਼ ਨਾਲ ਲੱਦੇ ਅਣਜਾਣ ਪਹਾੜ ਪਾਰ ਕਰਨੇ ਪਏ। ਜ਼ੀਰੋ ਤੋਂ ਵੀ ਥੱਲੇ ਤਾਪਮਾਨ ਵਿਚ ਅਤੇ ਪਹਾੜਾਂ ਤੇ ਚੜ੍ਹਨ ਲਈ ਢੁਕਵਾਂ ਸਾਮਾਨ ਨਾ ਹੋਣ ਦੇ ਬਾਵਜੂਦ ਔਕੜਾਂ ਨੂੰ ਪਾਰ ਕਰਦਿਆਂ ਸ਼ੈਕਲਟਨ ਅਤੇ ਉਸ ਦੇ ਸਾਥੀ ਆਪਣੀ ਮੰਜ਼ਲ ਤੇ ਪਹੁੰਚ ਗਏ। ਅਖ਼ੀਰ ਵਿਚ ਸ਼ੈਕਲਟਨ ਨੇ ਐਲੀਫੈਂਟ ਟਾਪੂ ਉੱਤੇ ਫਸੇ ਆਪਣੇ ਸਾਰੇ ਆਦਮੀਆਂ ਨੂੰ ਬਚਾ ਲਿਆ। ਸ਼ੈਕਲਟਨ ਨੇ ਐਨੀ ਜੱਦੋ-ਜਹਿਦ ਕਿਉਂ ਕੀਤੀ? ਉਸ ਦੀ ਜੀਵਨੀ ਲਿਖਣ ਵਾਲੇ ਲੇਖਕ ਰੋਲੈਂਡ ਹੰਟਫੋਰਡ ਲਿਖਦਾ ਹੈ: “ਉਸ ਦਾ ਟੀਚਾ ਸੀ ਆਪਣੇ ਸਾਰੇ ਆਦਮੀਆਂ ਨੂੰ ਮੁਸੀਬਤ ਵਿੱਚੋਂ ਜੀਉਂਦਿਆਂ ਕੱਢ ਲੈ ਆਉਣਾ।”

“ਇੱਕ ਦੀ ਵੀ ਕਮੀ ਨਹੀਂ ਹੁੰਦੀ”

ਕਿਹੜੀ ਗੱਲ ਨੇ ਸ਼ੈਕਲਟਨ ਦੇ ਆਦਮੀਆਂ ਨੂੰ ਹਿੰਮਤ ਹਾਰਨ ਤੋਂ ਬਚਾਇਆ ਜੋ ਆਪਣੇ ਬਚਾਅ ਦੀ ਉਡੀਕ ਵਿਚ “30 ਕਿਲੋਮੀਟਰ ਵੱਡੇ ਸੁੰਨ-ਮਸਾਣ, ਪਥਰੀਲੇ ਅਤੇ ਬਰਫ਼ੀਲੇ ਟਾਪੂ” ਤੇ ਅੰਤਾਂ ਦੀ ਠੰਢ ਕਾਰਨ ਸੁੰਗੜ ਕੇ ਬੈਠੇ ਹੋਏ ਸਨ? ਉਨ੍ਹਾਂ ਨੂੰ ਆਪਣੇ ਆਗੂ ਤੇ ਭਰੋਸਾ ਸੀ ਕਿ ਉਹ ਉਨ੍ਹਾਂ ਨੂੰ ਬਚਾਉਣ ਦੇ ਆਪਣੇ ਵਾਅਦੇ ਨੂੰ ਜ਼ਰੂਰ ਪੂਰਾ ਕਰੇਗਾ।

ਅੱਜ ਮਨੁੱਖਜਾਤੀ ਦੀ ਹਾਲਤ ਵੀ ਐਲੀਫੈਂਟ ਟਾਪੂ ਤੇ ਫਸੇ ਉਨ੍ਹਾਂ ਆਦਮੀਆਂ ਵਰਗੀ ਹੈ ਜਿਨ੍ਹਾਂ ਦੇ ਬਚਣ ਦੀ ਉਮੀਦ ਬਹੁਤ ਘੱਟ ਸੀ। ਕਈ ਲੋਕ ਬਹੁਤ ਹੀ ਮਾੜੇ ਹਾਲ ਵਿਚ ਰਹਿੰਦੇ ਹਨ ਤੇ ਜੀਉਂਦੇ ਰਹਿਣ ਲਈ ਬੜੀ ਜੱਦੋ-ਜਹਿਦ ਕਰਦੇ ਹਨ। ਪਰ ਉਹ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਪਰਮੇਸ਼ੁਰ ‘ਦੁਖਿਆਰਿਆਂ’ ਨੂੰ ਜ਼ੁਲਮ ਅਤੇ ਕਸ਼ਟਾਂ ਤੋਂ ਛੁਡਾਵੇਗਾ। (ਅੱਯੂਬ 36:15) ਯਕੀਨ ਰੱਖੋ ਕਿ ਪਰਮੇਸ਼ੁਰ ਹਰ ਇਕ ਦੀ ਜ਼ਿੰਦਗੀ ਨੂੰ ਕੀਮਤੀ ਸਮਝਦਾ ਹੈ। ਸਾਡਾ ਸਿਰਜਣਹਾਰ ਯਹੋਵਾਹ ਕਹਿੰਦਾ ਹੈ: “ਦੁਖਾਂ ਦੇ ਦਿਨ ਮੈਨੂੰ ਪੁਕਾਰ,—ਮੈਂ ਤੈਨੂੰ ਛੁਡਾਵਾਂਗਾ।”—ਜ਼ਬੂਰਾਂ ਦੀ ਪੋਥੀ 50:15.

ਕੀ ਤੁਹਾਨੂੰ ਇਹ ਵਿਸ਼ਵਾਸ ਕਰਨਾ ਮੁਸ਼ਕਲ ਲੱਗਦਾ ਹੈ ਕਿ ਸਿਰਜਣਹਾਰ ਅਰਬਾਂ ਲੋਕਾਂ ਵਿੱਚੋਂ ਹਰ ਇਕ ਇਨਸਾਨ ਨੂੰ ਕੀਮਤੀ ਸਮਝਦਾ ਹੈ ਜਿਨ੍ਹਾਂ ਵਿਚ ਤੁਸੀਂ ਵੀ ਸ਼ਾਮਲ ਹੋ? ਧਿਆਨ ਦਿਓ ਕਿ ਯਸਾਯਾਹ ਨਬੀ ਨੇ ਵਿਸ਼ਾਲ ਬ੍ਰਹਿਮੰਡ ਵਿਚ ਅਰਬਾਂ ਹੀ ਗਲੈਕਸੀਆਂ ਵਿਚ ਅਰਬਾਂ ਤਾਰਿਆਂ ਬਾਰੇ ਕੀ ਲਿਖਿਆ ਸੀ। ਅਸੀਂ ਪੜ੍ਹਦੇ ਹਾਂ: ‘ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।’—ਯਸਾਯਾਹ 40:26.

ਕੀ ਤੁਸੀਂ ਇਸ ਦਾ ਮਤਲਬ ਸਮਝਦੇ ਹੋ? ਆਕਾਸ਼-ਗੰਗਾ ਗਲੈਕਸੀ ਵਿਚ ਘੱਟੋ-ਘੱਟ ਇਕ ਖਰਬ ਤਾਰੇ ਹਨ ਤੇ ਸਾਡਾ ਸੂਰਜ ਮੰਡਲ ਇਸ ਗਲੈਕਸੀ ਦਾ ਇਕ ਹਿੱਸਾ ਹੈ। ਆਕਾਸ਼-ਗੰਗਾ ਨੂੰ ਛੱਡ ਹੋਰ ਕਿੰਨੀਆਂ ਗਲੈਕਸੀਆਂ ਹਨ? ਕਿਸੇ ਨੂੰ ਵੀ ਪੱਕਾ ਨਹੀਂ ਪਤਾ। ਪਰ ਕੁਝ ਵਿਗਿਆਨੀ ਅੰਦਾਜ਼ੇ ਨਾਲ ਗਲੈਕਸੀਆਂ ਦੀ ਗਿਣਤੀ 1 ਖਰਬ 25 ਅਰਬ ਦੱਸਦੇ ਹਨ! ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਬ੍ਰਹਿਮੰਡ ਦਾ ਸਿਰਜਣਹਾਰ ਇਕ-ਇਕ ਤਾਰੇ ਦਾ ਨਾਂ ਜਾਣਦਾ ਹੈ।

“ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ”

‘ਪਰ,’ ਕੁਝ ਸ਼ਾਇਦ ਕਹਿਣ, ‘ਅਰਬਾਂ ਤਾਰਿਆਂ ਜਾਂ ਅਰਬਾਂ ਲੋਕਾਂ ਦੇ ਨਾਂ ਜਾਣਨ ਦਾ ਮਤਲਬ ਇਹ ਨਹੀਂ ਕਿ ਉਹ ਹਰ ਇਕ ਦੀ ਪਰਵਾਹ ਕਰਦਾ ਹੈ।’ ਇਹ ਸੱਚ ਹੈ ਕਿ ਕੰਪਿਊਟਰ ਵਿਚ ਅਰਬਾਂ ਲੋਕਾਂ ਦੇ ਨਾਂ ਦਰਜ ਕੀਤੇ ਜਾ ਸਕਦੇ ਹਨ, ਪਰ ਕੋਈ ਵੀ ਨਹੀਂ ਸੋਚੇਗਾ ਕਿ ਕੰਪਿਊਟਰ ਨੂੰ ਉਨ੍ਹਾਂ ਲੋਕਾਂ ਦੀ ਪਰਵਾਹ ਹੈ। ਪਰ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਰਮੇਸ਼ੁਰ ਨਾ ਸਿਰਫ਼ ਅਰਬਾਂ ਲੋਕਾਂ ਦੇ ਨਾਂ ਜਾਣਦਾ ਹੈ, ਸਗੋਂ ਉਹ ਉਨ੍ਹਾਂ ਵਿੱਚੋਂ ਹਰ ਕਿਸੇ ਦੀ ਪਰਵਾਹ ਵੀ ਕਰਦਾ ਹੈ। ਪਤਰਸ ਰਸੂਲ ਨੇ ਲਿਖਿਆ ਸੀ: “ਆਪਣੀ ਸਾਰੀ ਚਿੰਤਾ ਓਸ ਉੱਤੇ ਸੁਟ ਛੱਡੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.

ਯਿਸੂ ਮਸੀਹ ਨੇ ਕਿਹਾ ਸੀ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29-31) ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ ਕਿ ਪਰਮੇਸ਼ੁਰ ਸਿਰਫ਼ ਜਾਣਕਾਰੀ ਹੀ ਰੱਖਦਾ ਹੈ ਕਿ ਚਿੜੀਆਂ ਤੇ ਇਨਸਾਨਾਂ ਨਾਲ ਕੀ ਵਾਪਰਦਾ ਹੈ। ਉਸ ਨੇ ਕਿਹਾ: “ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” ਕਿਹੜੀ ਗੱਲ ਕਰਕੇ ਤੁਸੀਂ ਉੱਤਮ ਹੋ? ਤੁਸੀਂ ‘ਪਰਮੇਸ਼ੁਰ ਦੇ ਸਰੂਪ’ ਉੱਤੇ ਬਣਾਏ ਗਏ ਹੋ, ਇਸ ਲਈ ਤੁਹਾਡੇ ਵਿਚ ਪਰਮੇਸ਼ੁਰ ਦੇ ਨੈਤਿਕ, ਬੌਧਿਕ ਅਤੇ ਅਧਿਆਤਮਿਕ ਗੁਣ ਪੈਦਾ ਕਰਨ ਤੇ ਉਨ੍ਹਾਂ ਨੂੰ ਜ਼ਾਹਰ ਕਰਨ ਦੀ ਕਾਬਲੀਅਤ ਹੈ।—ਉਤਪਤ 1:26, 27.

“ਕੁਸ਼ਲ ਦਿਮਾਗ਼ ਦੀ ਰਚਨਾ”

ਉਨ੍ਹਾਂ ਲੋਕਾਂ ਦੀਆਂ ਗੱਲਾਂ ਵਿਚ ਨਾ ਆਓ ਜੋ ਸਿਰਜਣਹਾਰ ਦੀ ਹੋਂਦ ਨੂੰ ਨਹੀਂ ਮੰਨਦੇ। ਉਨ੍ਹਾਂ ਦੇ ਵਿਚਾਰ ਅਨੁਸਾਰ ਤੁਹਾਨੂੰ ਕੁਦਰਤੀ ਸ਼ਕਤੀਆਂ ਨੇ ਬਣਾਇਆ ਹੈ। ਉਹ ਕਹਿੰਦੇ ਹਨ ਕਿ ਤੁਸੀਂ ‘ਪਰਮੇਸ਼ੁਰ ਦੇ ਸਰੂਪ’ ਤੇ ਨਹੀਂ ਬਣਾਏ ਗਏ ਜਿਸ ਕਰਕੇ ਤੁਸੀਂ ਜਾਨਵਰਾਂ ਤੇ ਚਿੜੀਆਂ ਤੋਂ ਅਲੱਗ ਨਹੀਂ ਹੋ।

ਕੀ ਤੁਹਾਨੂੰ ਇਹ ਮੰਨਣਾ ਸਹੀ ਲੱਗਦਾ ਹੈ ਕਿ ਜੀਵਨ ਆਪਣੇ ਆਪ ਹੀ ਕੁਦਰਤੀ ਸ਼ਕਤੀਆਂ ਕਾਰਨ ਹੋਂਦ ਵਿਚ ਆ ਗਿਆ? ਜੀਵ-ਵਿਗਿਆਨੀ ਮਾਈਕਲ ਜੇ. ਬੀਹੀ ਅਨੁਸਾਰ ਜੀਵਨ ਨੂੰ ਚੱਲਦਿਆਂ ਰੱਖਣ ਵਾਲੀਆਂ “ਅਤਿਅੰਤ ਗੁੰਝਲਦਾਰ ਜੀਵ-ਰਸਾਇਣਕ ਕ੍ਰਿਆਵਾਂ” ਇਸ ਵਿਚਾਰ ਨੂੰ ਪੂਰੀ ਤਰ੍ਹਾਂ ਨਕਾਰਦੀਆਂ ਹਨ। ਉਹ ਕਹਿੰਦਾ ਹੈ ਕਿ ਇਹ ਰਸਾਇਣਕ ਕ੍ਰਿਆਵਾਂ ਇਸ ਗੱਲ ਦਾ ਸਬੂਤ ਹਨ ਕਿ ‘ਛੋਟੇ ਤੋਂ ਛੋਟਾ ਜੀਵ ਵੀ ਕੁਸ਼ਲ ਦਿਮਾਗ਼ ਦੀ ਰਚਨਾ ਹੈ।’—ਡਾਰਵਿਨਸ ਬਲੈਕ ਬਾਕਸ—ਦ ਬਾਇਓਕੈਮੀਕਲ ਚੈਲੰਜ ਟੂ ਐਵਾਲੂਸ਼ਨ।

ਬਾਈਬਲ ਸਾਨੂੰ ਦੱਸਦੀ ਹੈ ਕਿ ਧਰਤੀ ਉੱਤੇ ਹਰ ਛੋਟਾ-ਵੱਡਾ ਜੀਵ ਇਕ ਕੁਸ਼ਲ ਦਿਮਾਗ਼ ਦੀ ਰਚਨਾ ਹੈ। ਇਹ ਦੱਸਦੀ ਹੈ ਕਿ ਇਹ ਕੁਸ਼ਲ ਦਿਮਾਗ਼ ਯਹੋਵਾਹ ਪਰਮੇਸ਼ੁਰ ਦਾ ਹੈ ਜਿਸ ਨੇ ਸਾਰੇ ਬ੍ਰਹਿਮੰਡ ਨੂੰ ਰਚਿਆ ਹੈ।—ਜ਼ਬੂਰਾਂ ਦੀ ਪੋਥੀ 36:9; ਪਰਕਾਸ਼ ਦੀ ਪੋਥੀ 4:11.

ਇਸ ਦੁਨੀਆਂ ਵਿਚ ਸਾਨੂੰ ਦੁੱਖ-ਤਕਲੀਫ਼ਾਂ ਝੱਲਣੀਆਂ ਪੈਂਦੀਆਂ ਹਨ। ਪਰ ਇਨ੍ਹਾਂ ਕਰਕੇ ਇਹ ਨਾ ਸੋਚੋ ਕਿ ਧਰਤੀ, ਮਨੁੱਖਜਾਤੀ, ਜੀਵ-ਜੰਤੂ ਅਤੇ ਬਨਸਪਤੀ ਦੀ ਸਿਰਜਣਾ ਕਰਨ ਵਾਲਾ ਕੋਈ ਸਿਰਜਣਹਾਰ ਨਹੀਂ। ਦੋ ਮੁੱਖ ਸੱਚਾਈਆਂ ਹਮੇਸ਼ਾ ਯਾਦ ਰੱਖੋ। ਇਕ ਤਾਂ ਇਹ ਕਿ ਅੱਜ ਦੇ ਭੈੜੇ ਮਾਹੌਲ ਅਤੇ ਦੁੱਖਾਂ-ਤਕਲੀਫ਼ਾਂ ਨੂੰ ਪਰਮੇਸ਼ੁਰ ਨੇ ਪੈਦਾ ਨਹੀਂ ਕੀਤਾ। ਦੂਜੀ ਕਿ ਸਾਡੇ ਸਿਰਜਣਹਾਰ ਨੇ ਚੰਗੇ ਕਾਰਨਾਂ ਕਰਕੇ ਕੁਝ ਸਮੇਂ ਲਈ ਦੁੱਖ-ਤਕਲੀਫ਼ਾਂ ਰਹਿਣ ਦਿੱਤੀਆਂ ਹਨ। ਇਸ ਰਸਾਲੇ ਦੇ ਕਈ ਅੰਕਾਂ ਵਿਚ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਯਹੋਵਾਹ ਪਰਮੇਸ਼ੁਰ ਨੇ ਸਿਰਫ਼ ਥੋੜ੍ਹੇ ਚਿਰ ਲਈ ਬੁਰਾਈ ਨੂੰ ਰਹਿਣ ਦਿੱਤਾ ਹੈ ਤਾਂਕਿ ਉਨ੍ਹਾਂ ਵਾਦ-ਵਿਸ਼ਿਆਂ ਨੂੰ ਹਮੇਸ਼ਾ ਲਈ ਸੁਲਝਾਇਆ ਜਾ ਸਕੇ ਜੋ ਪਹਿਲੇ ਇਨਸਾਨੀ ਜੋੜੇ ਦੁਆਰਾ ਪਰਮੇਸ਼ੁਰ ਦੀ ਹਕੂਮਤ ਨੂੰ ਠੁਕਰਾਉਣ ਕਾਰਨ ਉੱਠੇ ਸਨ। *ਉਤਪਤ 3:1-7; ਬਿਵਸਥਾ ਸਾਰ 32:4, 5; ਉਪਦੇਸ਼ਕ ਦੀ ਪੋਥੀ 7:29; 2 ਪਤਰਸ 3:8, 9.

“ਉਹ ਦੁਹਾਈ ਦੇਣ ਵਾਲੇ ਕੰਗਾਲ ਨੂੰ ਬਚਾਵੇਗਾ”

ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਤਰਸਯੋਗ ਹਾਲਾਤਾਂ ਵਿਚ ਜੀ ਰਹੇ ਹਨ, ਪਰ ਫਿਰ ਵੀ ਜ਼ਿੰਦਗੀ ਇਕ ਅਨਮੋਲ ਤੋਹਫ਼ਾ ਹੈ। ਇਸ ਨੂੰ ਬਰਕਰਾਰ ਰੱਖਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ। ਭਵਿੱਖ ਵਿਚ ਪਰਮੇਸ਼ੁਰ ਸਾਨੂੰ ਜੋ ਜ਼ਿੰਦਗੀ ਦੇਣ ਦਾ ਵਾਅਦਾ ਕਰਦਾ ਹੈ, ਉਹ ਅੱਜ ਦੀ ਜ਼ਿੰਦਗੀ ਨਾਲੋਂ ਕਿਤੇ ਬਿਹਤਰ ਹੋਵੇਗੀ। ਐਲੀਫੈਂਟ ਟਾਪੂ ਤੇ ਫਸੇ ਸ਼ੈਕਲਟਨ ਦੇ ਆਦਮੀਆਂ ਵਾਂਗ ਸਾਨੂੰ ਦੁਖਦਾਈ ਹਾਲਾਤਾਂ ਤੇ ਕਠਿਨਾਈਆਂ ਨਾਲ ਨਹੀਂ ਜੂਝਣਾ ਪਵੇਗਾ। ਪਰਮੇਸ਼ੁਰ ਸਾਨੂੰ ਮੌਜੂਦਾ ਦੁੱਖਾਂ ਅਤੇ ਮਾਯੂਸੀ ਭਰੀ ਜ਼ਿੰਦਗੀ ਤੋਂ ਮੁਕਤੀ ਦਿਵਾਉਣਾ ਚਾਹੁੰਦਾ ਹੈ ਤਾਂਕਿ ਅਸੀਂ ਉਸ ਦੇ ਮੁਢਲੇ ਮਕਸਦ ਅਨੁਸਾਰ ‘ਅਸਲ ਜੀਵਨ ਨੂੰ ਫੜ ਲਈਏ’।—1 ਤਿਮੋਥਿਉਸ 6:19.

ਪਰਮੇਸ਼ੁਰ ਇਹ ਸਾਰੀਆਂ ਗੱਲਾਂ ਪੂਰੀਆਂ ਕਰੇਗਾ ਕਿਉਂਕਿ ਸਾਡੇ ਵਿੱਚੋਂ ਹਰ ਇਕ ਜਣਾ ਉਸ ਦੀਆਂ ਨਜ਼ਰਾਂ ਵਿਚ ਕੀਮਤੀ ਹੈ। ਉਸ ਨੇ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਤਾਂਕਿ ਅਸੀਂ ਆਪਣੇ ਪਹਿਲੇ ਮਾਤਾ-ਪਿਤਾ ਆਦਮ ਤੇ ਹੱਵਾਹ ਤੋਂ ਮਿਲੇ ਪਾਪ, ਨਾਮੁਕੰਮਲਤਾ ਅਤੇ ਮੌਤ ਤੋਂ ਛੁਡਾਏ ਜਾ ਸਕੀਏ। (ਮੱਤੀ 20:28) ਯਿਸੂ ਮਸੀਹ ਨੇ ਕਿਹਾ: “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ . . . ਸਦੀਪਕ ਜੀਉਣ ਪਾਵੇ।”—ਯੂਹੰਨਾ 3:16.

ਪਰਮੇਸ਼ੁਰ ਉਨ੍ਹਾਂ ਲੋਕਾਂ ਲਈ ਕੀ ਕਰੇਗਾ ਜਿਹੜੇ ਇਸ ਸਮੇਂ ਦੁੱਖ-ਤਕਲੀਫ਼ਾਂ ਅਤੇ ਜ਼ੁਲਮ ਸਹਿ ਰਹੇ ਹਨ? ਉਸ ਦੇ ਪੁੱਤਰ ਬਾਰੇ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਦੱਸਦਾ ਹੈ: “ਉਹ ਤਾਂ ਦੁਹਾਈ ਦੇਣ ਵਾਲੇ ਕੰਗਾਲ ਨੂੰ ਅਤੇ ਮਸਕੀਨ ਤੇ ਅਨਾਥ ਨੂੰ ਬਚਾਵੇਗਾ। ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ।” ਇਹ ਸਭ ਉਹ ਕਿਉਂ ਕਰੇਗਾ? ਕਿਉਂਕਿ ‘ਉਨ੍ਹਾਂ ਦਾ ਲਹੂ [ਜਾਂ ਜ਼ਿੰਦਗੀ] ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।’ਜ਼ਬੂਰਾਂ ਦੀ ਪੋਥੀ 72:12-14.

ਸਦੀਆਂ ਤੋਂ ਮਨੁੱਖਜਾਤੀ ਪਾਪ ਅਤੇ ਨਾਮੁਕੰਮਲਤਾ ਦੇ ਬੋਝ ਹੇਠਾਂ ਦੱਬੀ ਸੰਘਰਸ਼ ਕਰ ਰਹੀ ਹੈ ਜਿੱਦਾਂ ਕਿ ਉਹ ਦੁੱਖ-ਤਕਲੀਫ਼ਾਂ ਕਾਰਨ “ਹਾਹੁਕੇ” ਭਰ ਰਹੀ ਹੋਵੇ। ਪਰਮੇਸ਼ੁਰ ਨੇ ਇਹ ਜਾਣਦੇ ਹੋਏ ਇਸ ਹਾਲਤ ਨੂੰ ਰਹਿਣ ਦਿੱਤਾ ਹੈ ਕਿ ਉਹ ਕਿਸੇ ਵੀ ਵਿਗਾੜ ਨੂੰ ਸੁਧਾਰਨ ਦੀ ਤਾਕਤ ਰੱਖਦਾ ਹੈ। (ਰੋਮੀਆਂ 8:18-22) ਜਲਦੀ ਹੀ ਉਹ ਆਪਣੇ ਪੁੱਤਰ ਯਿਸੂ ਮਸੀਹ ਦੀ ਸਰਕਾਰ ਦੁਆਰਾ ‘ਸਾਰੀਆਂ ਚੀਜ਼ਾਂ ਨੂੰ ਸੁਧਾਰੇਗਾ।’—ਰਸੂਲਾਂ ਦੇ ਕਰਤੱਬ 3:21; ਮੱਤੀ 6:9, 10.

ਉਹ ਉਨ੍ਹਾਂ ਲੋਕਾਂ ਨੂੰ ਜੀ ਉਠਾਏਗਾ ਜੋ ਦੁੱਖ-ਦਰਦ ਸਹਿੰਦਿਆਂ ਮਰ ਚੁੱਕੇ ਹਨ। ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਯਾਦ ਵਿਚ ਰੱਖਿਆ ਹੋਇਆ ਹੈ। (ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15) ਬਹੁਤ ਜਲਦੀ ਉਹ ਉਨ੍ਹਾਂ ਨੂੰ ਦੁੱਖਾਂ-ਤਕਲੀਫ਼ਾਂ ਤੋਂ ਬਗੈਰ ਸੋਹਣੀ ਧਰਤੀ ਉੱਤੇ “ਚੋਖਾ” ਜੀਵਨ ਯਾਨੀ ਮੁਕੰਮਲ ਅਨੰਤ ਜ਼ਿੰਦਗੀ ਦੇਵੇਗਾ। (ਯੂਹੰਨਾ 10:10; ਪਰਕਾਸ਼ ਦੀ ਪੋਥੀ 21:3-5) ਹਰ ਕੋਈ ਭਰਪੂਰ ਜ਼ਿੰਦਗੀ ਦਾ ਮਜ਼ਾ ਲਵੇਗਾ ਤੇ ਆਪਣੇ ਅੰਦਰ ਸ਼ਾਨਦਾਰ ਗੁਣ ਅਤੇ ਕਾਬਲੀਅਤਾਂ ਪੈਦਾ ਕਰੇਗਾ ਜੋ ਇਸ ਗੱਲ ਦਾ ਸਬੂਤ ਹੋਵੇਗਾ ਕਿ ਉਹ ‘ਪਰਮੇਸ਼ੁਰ ਦੇ ਸਰੂਪ’ ਉੱਤੇ ਬਣਾਏ ਹੋਏ ਹਨ।

ਕੀ ਤੁਸੀਂ ਯਹੋਵਾਹ ਵੱਲੋਂ ਵਾਅਦਾ ਕੀਤੀ ਇਸ ਜ਼ਿੰਦਗੀ ਦਾ ਮਜ਼ਾ ਲਵੋਗੇ? ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਨ੍ਹਾਂ ਇੰਤਜ਼ਾਮਾਂ ਤੋਂ ਫ਼ਾਇਦਾ ਲਓ ਜੋ ਪਰਮੇਸ਼ੁਰ ਨੇ ਸਾਨੂੰ ਇਹ ਸਾਰੀਆਂ ਬਰਕਤਾਂ ਦੇਣ ਲਈ ਕੀਤੇ ਹਨ। ਯਹੋਵਾਹ ਦੇ ਗਵਾਹ ਇਸ ਤਰ੍ਹਾਂ ਕਰਨ ਵਿਚ ਖ਼ੁਸ਼ੀ-ਖ਼ੁਸ਼ੀ ਤੁਹਾਡੀ ਮਦਦ ਕਰਨਗੇ।

[ਫੁਟਨੋਟ]

^ ਪੈਰਾ 17 ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਦਾ ਅਧਿਆਇ 8 ਦੇਖੋ ਜਿਸ ਦਾ ਸਿਰਲੇਖ ਹੈ “ਪਰਮੇਸ਼ੁਰ ਦੁੱਖਾਂ ਨੂੰ ਕਿਉਂ ਇਜਾਜ਼ਤ ਦਿੰਦਾ ਹੈ?”

[ਸਫ਼ੇ 5 ਉੱਤੇ ਤਸਵੀਰ]

ਮੁਸੀਬਤ ਵਿਚ ਫਸੇ ਆਦਮੀਆਂ ਨੂੰ ਭਰੋਸਾ ਸੀ ਕਿ ਸ਼ੈਕਲਟਨ ਉਨ੍ਹਾਂ ਨੂੰ ਬਚਾਉਣ ਦਾ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ

[ਕ੍ਰੈਡਿਟ ਲਾਈਨ]

© CORBIS

[ਸਫ਼ੇ 6 ਉੱਤੇ ਤਸਵੀਰ]

“ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ”