Skip to content

Skip to table of contents

ਉਡੀਕ ਕਰਦੇ ਰਹੋ!

ਉਡੀਕ ਕਰਦੇ ਰਹੋ!

“ਭਾਵੇਂ ਉਹ ਠਹਿਰਿਆ ਰਹੇ, ਉਹ ਦੀ ਉਡੀਕ ਕਰ।”ਹਬ. 2:3.

ਗੀਤ: 32, 45

1, 2. ਲੰਬੇ ਸਮੇਂ ਤੋਂ ਯਹੋਵਾਹ ਦੇ ਸੇਵਕਾਂ ਦਾ ਕੀ ਰਵੱਈਆ ਰਿਹਾ ਹੈ?

ਯਹੋਵਾਹ ਦੇ ਸੇਵਕਾਂ ਨੇ ਧੀਰਜ ਨਾਲ ਭਵਿੱਖਬਾਣੀਆਂ ਦੇ ਪੂਰਾ ਹੋਣ ਦੀ ਉਡੀਕ ਕੀਤੀ ਹੈ। ਮਿਸਾਲ ਲਈ, ਯਿਰਮਿਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਬਾਬਲੀ ਲੋਕ ਯਹੂਦਾਹ ਨੂੰ ਤਬਾਹ ਕਰ ਦੇਣਗੇ ਅਤੇ 607 ਈਸਵੀ ਪੂਰਵ ਵਿਚ ਇਸੇ ਤਰ੍ਹਾਂ ਹੋਇਆ। (ਯਿਰ. 25:8-11) ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਯਹੋਵਾਹ ਯਹੂਦੀਆਂ ਨੂੰ ਗ਼ੁਲਾਮੀ ਵਿੱਚੋਂ ਛੁਡਾ ਕੇ ਯਹੂਦਾਹ ਨੂੰ ਵਾਪਸ ਲੈ ਕੇ ਆਵੇਗਾ। ਉਸ ਨੇ ਦੱਸਿਆ: “ਧੰਨ ਓਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ!” (ਯਸਾ. 30:18) ਮੀਕਾਹ ਨੇ ਵੀ ਭਵਿੱਖਬਾਣੀਆਂ ਕੀਤੀਆਂ ਸਨ ਅਤੇ ਉਸ ਨੇ ਠਾਣਿਆ ਸੀ: “ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।” (ਮੀਕਾ. 7:7) ਸਦੀਆਂ ਤੋਂ ਯਹੋਵਾਹ ਦੇ ਸੇਵਕਾਂ ਨੂੰ ਪੂਰਾ ਯਕੀਨ ਸੀ ਕਿ ਵਾਅਦਾ ਕੀਤਾ ਹੋਇਆ ਮਸੀਹ ਜ਼ਰੂਰ ਆਵੇਗਾ।ਲੂਕਾ 3:15; 1 ਪਤ. 1:10-12. *

2 ਅੱਜ ਅਸੀਂ ਵੀ ਯਹੋਵਾਹ ਦੇ ਰਾਜ ਬਾਰੇ ਭਵਿੱਖਬਾਣੀਆਂ ਦੀ ਪੂਰਤੀ ਦਾ ਇੰਤਜ਼ਾਰ ਕਰ ਰਹੇ ਹਾਂ। ਉਸ ਰਾਜ ਦਾ ਰਾਜਾ ਹੋਣ ਦੇ ਨਾਤੇ ਯਿਸੂ ਸਾਨੂੰ ਇਸ ਖ਼ਤਰਨਾਕ ਦੁਨੀਆਂ ਤੋਂ ਬਚਾਵੇਗਾ। ਉਹ ਸ਼ੈਤਾਨ ਦੇ ਵੱਸ ਵਿਚ ਪਏ ਭੈੜੇ ਲੋਕਾਂ ਨੂੰ ਖ਼ਤਮ ਕਰੇਗਾ ਅਤੇ ਸਾਰੇ ਦੁੱਖ-ਤਕਲੀਫ਼ਾਂ ਨੂੰ ਜੜ੍ਹੋਂ ਉਖਾੜ ਦੇਵੇਗਾ। (1 ਯੂਹੰ. 5:19) ਇਸ ਲਈ ਸਾਨੂੰ ਯਹੋਵਾਹ ਦੇ ਦਿਨ ਦੀ ਨਾ ਸਿਰਫ਼ ਉਡੀਕ ਕਰਨੀ ਚਾਹੀਦੀ ਹੈ, ਸਗੋਂ ਇਸ ਦੇ ਲਈ ਤਿਆਰ ਵੀ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਦਿਨ ਕਿਸੇ ਵੀ ਸਮੇਂ ਆ ਸਕਦਾ ਹੈ।

3. ਜੇ ਅਸੀਂ ਬਹੁਤ ਸਾਲਾਂ ਤੋਂ ਅੰਤ ਦੀ ਉਡੀਕ ਕਰ ਰਹੇ ਹਾਂ, ਤਾਂ ਸ਼ਾਇਦ ਅਸੀਂ ਕੀ ਸੋਚਣ ਲੱਗ ਪਈਏ?

3 ਅਸੀਂ ਉਸ ਦਿਨ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਧਰਤੀ ਉੱਤੇ ਯਹੋਵਾਹ ਦੀ ਇੱਛਾ ਪੂਰੀ ਹੋਵੇਗੀ। (ਮੱਤੀ 6:10) ਪਰ ਜੇ ਅਸੀਂ ਬਹੁਤ ਸਾਲਾਂ ਤੋਂ ਅੰਤ ਦਾ ਇੰਤਜ਼ਾਰ ਕਰ ਰਹੇ ਹਾਂ, ਤਾਂ ਸ਼ਾਇਦ ਅਸੀਂ ਇਸ ਤਰ੍ਹਾਂ ਸੋਚਣ ਲੱਗ ਪਈਏ, ‘ਕੀ ਹਾਲੇ ਵੀ ਅੰਤ ਦੀ ਉਡੀਕ ਕਰਨ ਦਾ ਸਾਡੇ ਕੋਲ ਕੋਈ ਠੋਸ ਕਾਰਨ ਹੈ?’

ਅੰਤ ਦੀ ਉਡੀਕ ਕਿਉਂ ਕਰਦੇ ਰਹੀਏ?

4. ਸਾਡੇ ਲਈ ‘ਖ਼ਬਰਦਾਰ ਰਹਿਣਾ’ ਕਿਉਂ ਜ਼ਰੂਰੀ ਹੈ?

4 ਯਿਸੂ ਨੇ ਆਪਣੇ ਚੇਲਿਆਂ ਨੂੰ ‘ਖ਼ਬਰਦਾਰ ਰਹਿਣ’ ਅਤੇ ‘ਜਾਗਦੇ ਰਹਿਣ’ ਲਈ ਕਿਹਾ ਸੀ। (ਮੱਤੀ 24:42; ਲੂਕਾ 21:34-36) ਇਹ ਆਪਣੇ ਆਪ ਵਿਚ ਹੀ ਇਕ ਵੱਡਾ ਕਾਰਨ ਹੈ ਕਿ ਸਾਨੂੰ ਅੰਤ ਜਲਦੀ ਆਉਣ ਦੀ ਉਡੀਕ ਕਿਉਂ ਕਰਦੇ ਰਹਿਣਾ ਚਾਹੀਦਾ ਹੈ। ਨਾਲੇ ਯਹੋਵਾਹ ਦਾ ਸੰਗਠਨ ਵੀ ਸਾਨੂੰ ਯਾਦ ਕਰਾਉਂਦਾ ਰਹਿੰਦਾ ਹੈ ਕਿ ਸਾਨੂੰ “ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ” ਤੇ ਯਹੋਵਾਹ ਦੀ ਵਾਅਦਾ ਕੀਤੀ ਹੋਈ ਨਵੀਂ ਦੁਨੀਆਂ ’ਤੇ ਧਿਆਨ ਲਾਈ ਰੱਖਣਾ ਚਾਹੀਦਾ ਹੈ।2 ਪਤਰਸ 3:11-13 ਪੜ੍ਹੋ।

5. ਹੋਰ ਕਿਹੜੇ ਕਾਰਨ ਕਰਕੇ ਸਾਨੂੰ ਯਹੋਵਾਹ ਦੇ ਦਿਨ ਦੀ ਉਡੀਕ ਕਰਨੀ ਚਾਹੀਦੀ ਹੈ?

5 ਜੇ ਪਹਿਲੀ ਸਦੀ ਦੇ ਯਿਸੂ ਦੇ ਚੇਲਿਆਂ ਨੂੰ ਯਹੋਵਾਹ ਦੇ ਦਿਨ ਦੀ ਉਡੀਕ ਕਰਨ ਦੀ ਲੋੜ ਸੀ, ਤਾਂ ਅੱਜ ਸਾਡੇ ਲਈ ਉਡੀਕ ਕਰਨੀ ਹੋਰ ਵੀ ਜ਼ਿਆਦਾ ਜ਼ਰੂਰੀ ਹੈ। ਕਿਉਂ? ਕਿਉਂਕਿ ਯਿਸੂ ਨੇ ਜੋ ਨਿਸ਼ਾਨੀਆਂ ਦੱਸੀਆਂ ਸਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ 1914 ਤੋਂ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਰਾਜ ਕਰ ਰਿਹਾ ਹੈ ਅਤੇ ਅਸੀਂ “ਇਸ ਯੁਗ ਦੇ ਆਖ਼ਰੀ ਸਮੇਂ” ਵਿਚ ਜੀ ਰਹੇ ਹਾਂ। ਮਿਸਾਲ ਲਈ, ਯਿਸੂ ਦੀ ਭਵਿੱਖਬਾਣੀ ਅਨੁਸਾਰ ਦੁਨੀਆਂ ਦੇ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ। (ਮੱਤੀ 24:3, 7-14) ਯਿਸੂ ਨੇ ਇਹ ਨਹੀਂ ਸੀ ਦੱਸਿਆ ਕਿ ਯੁਗ ਦਾ ਆਖ਼ਰੀ ਸਮਾਂ ਕਿੰਨਾ ਲੰਬਾ ਹੋਵੇਗਾ, ਇਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਕਿਉਂਕਿ ਅੰਤ ਕਿਸੇ ਵੇਲੇ ਵੀ ਆ ਸਕਦਾ ਹੈ।

6. ਅਸੀਂ ਕਿਉਂ ਉਮੀਦ ਰੱਖ ਸਕਦੇ ਹਾਂ ਕਿ ਜਿੱਦਾਂ-ਜਿੱਦਾਂ ਅੰਤ ਨੇੜੇ ਆਵੇਗਾ, ਉੱਦਾਂ-ਉੱਦਾਂ ਦੁਨੀਆਂ ਦੇ ਹਾਲਾਤ ਹੋਰ ਵੀ ਵਿਗੜਦੇ ਜਾਣਗੇ?

6 ਬਾਈਬਲ ਦੱਸਦੀ ਹੈ ਕਿ ‘ਆਖ਼ਰੀ ਦਿਨਾਂ’ ਵਿਚ ਲੋਕ ਬੁਰੇ ਤੋਂ ਬੁਰੇ ਹੁੰਦੇ ਜਾਣਗੇ। (2 ਤਿਮੋ. 3:1, 13; ਮੱਤੀ 24:21; ਪ੍ਰਕਾ. 12:12) ਭਾਵੇਂ ਅੱਜ ਹਾਲਾਤ ਬਹੁਤ ਬੁਰੇ ਹਨ, ਪਰ ਸਾਨੂੰ ਪਤਾ ਹੈ ਕਿ ਇਹ ਹੋਰ ਵੀ ਬੁਰੇ ਤੋਂ ਬੁਰੇ ਹੁੰਦੇ ਜਾਣਗੇ। ਕੀ ‘ਯੁਗ ਦਾ ਆਖ਼ਰੀ ਸਮਾਂ’ ਭਵਿੱਖ ਵਿਚ ਉਸ ਸਮੇਂ ਨੂੰ ਦਰਸਾਉਂਦਾ ਹੈ ਜਦੋਂ ਦੁਨੀਆਂ ਦੇ ਹਾਲਾਤ ਹੋਰ ਵੀ ਵਿਗੜਦੇ ਜਾਣਗੇ?

7. ਮੱਤੀ 24:37-39 ਸਾਨੂੰ ਆਖ਼ਰੀ ਦਿਨਾਂ ਦੇ ਹਾਲਾਤਾਂ ਬਾਰੇ ਕੀ ਦੱਸਦਾ ਹੈ?

7 ਕਈ ਸ਼ਾਇਦ ਸੋਚਣ ਕਿ “ਮਹਾਂਕਸ਼ਟ” ਦੇ ਆਉਣ ਤੋਂ ਪਹਿਲਾਂ ਹਰ ਦੇਸ਼ ਵਿਚ ਯੁੱਧ ਚੱਲ ਰਿਹਾ ਹੋਵੇਗਾ ਅਤੇ ਜ਼ਿਆਦਾਤਰ ਲੋਕ ਬੀਮਾਰੀਆਂ ਜਾਂ ਭੁੱਖਮਰੀ ਦੇ ਸ਼ਿਕਾਰ ਹੋਣਗੇ। (ਪ੍ਰਕਾ. 7:14) ਜੇ ਇਸ ਤਰ੍ਹਾਂ ਹੁੰਦਾ, ਤਾਂ ਸਾਰੇ ਲੋਕਾਂ ਨੂੰ ਸਾਫ਼ ਪਤਾ ਲੱਗ ਜਾਣਾ ਸੀ ਕਿ ਬਾਈਬਲ ਦੀ ਭਵਿੱਖਬਾਣੀ ਪੂਰੀ ਹੋ ਰਹੀ ਹੈ। ਇੱਥੋਂ ਤਕ ਕਿ ਉਨ੍ਹਾਂ ਲੋਕਾਂ ਨੇ ਵੀ ਇਹ ਗੱਲ ਮੰਨਣ ਲਈ ਮਜਬੂਰ ਹੋਣਾ ਸੀ ਜਿਹੜੇ ਬਾਈਬਲ ’ਤੇ ਵਿਸ਼ਵਾਸ ਨਹੀਂ ਕਰਦੇ। ਪਰ ਯਿਸੂ ਨੇ ਕਿਹਾ ਸੀ ਕਿ ਆਖ਼ਰੀ ਦਿਨਾਂ ਵਿਚ ਬਹੁਤ ਸਾਰੇ ਲੋਕ “ਕੋਈ ਧਿਆਨ” ਨਹੀਂ ਦੇਣਗੇ ਕਿ ਉਹ ਰਾਜ ਕਰ ਰਿਹਾ ਹੈ। ਉਹ ਆਪਣੇ ਰੋਜ਼ਮੱਰਾ ਦੇ ਕੰਮਾਂ ਵਿਚ ਹੀ ਰੁੱਝੇ ਹੋਣਗੇ ਅਤੇ ਯਹੋਵਾਹ ਦਾ ਦਿਨ ਆਉਣ ਤੇ ਹੱਕੇ-ਬੱਕੇ ਰਹਿ ਜਾਣਗੇ। (ਮੱਤੀ 24:37-39 ਪੜ੍ਹੋ।) ਇਸ ਲਈ ਸਾਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ “ਮਹਾਂਕਸ਼ਟ” ਦੇ ਆਉਣ ਤੋਂ ਪਹਿਲਾਂ ਦੁਨੀਆਂ ਦੇ ਹਾਲਾਤ ਹੱਦੋਂ ਵੱਧ ਖ਼ਰਾਬ ਹੋ ਜਾਣਗੇ।ਲੂਕਾ 17:20; 2 ਪਤ. 3:3, 4.

8. ਯਿਸੂ ਵੱਲੋਂ ਦੱਸੀਆਂ ਨਿਸ਼ਾਨੀਆਂ ਪੂਰੀਆਂ ਹੁੰਦੀਆਂ ਦੇਖ ਕੇ ਸਾਨੂੰ ਕਿਸ ਗੱਲ ਦਾ ਯਕੀਨ ਹੁੰਦਾ ਹੈ?

8 ਯਿਸੂ ਵੱਲੋਂ ਦੱਸੀਆਂ ਨਿਸ਼ਾਨੀਆਂ ਦੇਖ ਕੇ ਉਸ ਦੇ ਚੇਲਿਆਂ ਨੇ ਖ਼ਬਰਦਾਰ ਹੋ ਜਾਣਾ ਸੀ ਕਿ ਉਹ ਕਿਸ ਸਮੇਂ ਵਿਚ ਜੀ ਰਹੇ ਸਨ ਤੇ ਉਹ ਵਾਕਈ ਖ਼ਬਰਦਾਰ ਰਹੇ। (ਮੱਤੀ 24:27, 42) ਯਿਸੂ ਦੀਆਂ ਦੱਸੀਆਂ ਨਿਸ਼ਾਨੀਆਂ 1914 ਤੋਂ ਪੂਰੀਆਂ ਹੋ ਰਹੀਆਂ ਹਨ। ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਅਸੀਂ ਹੁਣ “ਯੁਗ ਦੇ ਆਖ਼ਰੀ ਸਮੇਂ” ਵਿਚ ਜੀ ਰਹੇ ਹਾਂ। ਯਹੋਵਾਹ ਨੇ ਉਹ ਸਮਾਂ ਤੈਅ ਕਰ ਲਿਆ ਹੈ ਕਿ ਉਹ ਕਦੋਂ ਸ਼ੈਤਾਨ ਦੀ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ।

9. ਸਾਨੂੰ ਕਿਉਂ ਉਡੀਕਦੇ ਰਹਿਣਾ ਚਾਹੀਦਾ ਹੈ ਕਿ ਅੰਤ ਜਲਦੀ ਹੀ ਆਉਣ ਵਾਲਾ ਹੈ?

9 ਤਾਂ ਫਿਰ ਸਾਨੂੰ ਕਿਉਂ ਉਡੀਕਦੇ ਰਹਿਣਾ ਚਾਹੀਦਾ ਹੈ ਕਿ ਅੰਤ ਜਲਦੀ ਹੀ ਆਉਣ ਵਾਲਾ ਹੈ? ਕਿਉਂਕਿ ਇਸ ਤਰ੍ਹਾਂ ਕਰ ਕੇ ਅਸੀਂ ਯਿਸੂ ਦਾ ਕਹਿਣਾ ਮੰਨਦੇ ਹਾਂ। ਨਾਲੇ ਅਸੀਂ ਇਹ ਵੀ ਦੇਖਦੇ ਹਾਂ ਕਿ ਅੰਤ ਬਾਰੇ ਯਿਸੂ ਦੀਆਂ ਦੱਸੀਆਂ ਨਿਸ਼ਾਨੀਆਂ ਵੀ ਪੂਰੀਆਂ ਹੋ ਰਹੀਆਂ ਹਨ। ਅਸੀਂ ਸੁਣੀਆਂ-ਸੁਣਾਈਆਂ ਗੱਲਾਂ ਕਰਕੇ ਨਹੀਂ ਮੰਨਦੇ ਕਿ ਅੰਤ ਨੇੜੇ ਹੈ, ਸਗੋਂ ਸਾਨੂੰ ਪੂਰਾ ਭਰੋਸਾ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ। ਇਸ ਲਈ ਸਾਨੂੰ ਜਾਗਦੇ ਰਹਿਣਾ ਚਾਹੀਦਾ ਹੈ ਤੇ ਅੰਤ ਲਈ ਤਿਆਰ ਰਹਿਣਾ ਚਾਹੀਦਾ ਹੈ।

ਸਾਨੂੰ ਕਿੰਨਾ ਚਿਰ ਉਡੀਕ ਕਰਨੀ ਪਵੇਗੀ?

10, 11. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ‘ਖ਼ਬਰਦਾਰ ਰਹਿਣ’ ਲਈ ਕਿਉਂ ਕਿਹਾ ਸੀ? (ਅ) ਯਿਸੂ ਨੇ ਆਪਣੇ ਚੇਲਿਆਂ ਨੂੰ ਕੀ ਕਰਨ ਲਈ ਕਿਹਾ ਸੀ ਜੇ ਉਨ੍ਹਾਂ ਦੀ ਸੋਚ ਮੁਤਾਬਕ ਅੰਤ ਜਲਦੀ ਨਾ ਆਇਆ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

10 ਸਾਡੇ ਵਿੱਚੋਂ ਕਈ ਜਣੇ ਕਾਫ਼ੀ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ ਅਤੇ ਬੇਸਬਰੀ ਨਾਲ ਅੰਤ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਭਾਵੇਂ ਅਸੀਂ ਜਿੰਨੇ ਮਰਜ਼ੀ ਲੰਬੇ ਸਮੇਂ ਤੋਂ ਅੰਤ ਆਉਣ ਦੀ ਉਡੀਕ ਕਿਉਂ ਨਾ ਕਰ ਰਹੇ ਹੋਈਏ, ਫਿਰ ਵੀ ਸਾਨੂੰ ਉਡੀਕਦੇ ਰਹਿਣਾ ਚਾਹੀਦਾ ਹੈ ਕਿ ਇਹ ਜਲਦੀ ਆਵੇਗਾ। ਸਾਨੂੰ ਉਸ ਸਮੇਂ ਲਈ ਤਿਆਰ ਰਹਿਣਾ ਚਾਹੀਦਾ ਹੈ ਜਦੋਂ ਯਿਸੂ ਸ਼ੈਤਾਨ ਦੀ ਦੁਨੀਆਂ ਦਾ ਨਾਸ਼ ਕਰੇਗਾ। ਯਾਦ ਰੱਖੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਖ਼ਬਰਦਾਰ ਰਹੋ, ਜਾਗਦੇ ਰਹੋ, ਕਿਉਂਕਿ ਤੁਸੀਂ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਨੂੰ ਨਹੀਂ ਜਾਣਦੇ। ਇਹ ਉਸ ਆਦਮੀ ਵਾਂਗ ਹੈ ਜੋ ਪਰਦੇਸ ਜਾਣ ਲੱਗਿਆਂ ਆਪਣੇ ਘਰ-ਬਾਰ ਦੀ ਦੇਖ-ਭਾਲ ਕਰਨ ਦਾ ਅਧਿਕਾਰ ਆਪਣੇ ਨੌਕਰਾਂ ਨੂੰ ਦਿੰਦਾ ਹੈ, ਹਰੇਕ ਨੂੰ ਕੰਮ ਸੌਂਪਦਾ ਹੈ, ਅਤੇ ਚੌਕੀਦਾਰ ਨੂੰ ਖ਼ਬਰਦਾਰ ਰਹਿਣ ਦਾ ਹੁਕਮ ਦਿੰਦਾ ਹੈ। ਇਸ ਲਈ ਖ਼ਬਰਦਾਰ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ, ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਵੇਲੇ ਜਾਂ ਤੜਕੇ, ਇਸ ਕਰਕੇ, ਜਦ ਉਹ ਅਚਾਨਕ ਆਵੇ, ਤਾਂ ਉਹ ਤੁਹਾਨੂੰ ਸੁੱਤੇ ਹੋਏ ਨਾ ਪਾਵੇ। ਪਰ ਮੈਂ ਤੁਹਾਨੂੰ ਜੋ ਕਹਿੰਦਾ ਹਾਂ ਉਹ ਸਾਰਿਆਂ ਨੂੰ ਕਹਿੰਦਾ ਹਾਂ: ਖ਼ਬਰਦਾਰ ਰਹੋ।”ਮਰ. 13:33-37.

11 ਜਦੋਂ ਯਿਸੂ ਦੇ ਚੇਲਿਆਂ ਨੂੰ ਸਮਝ ਆ ਗਈ ਕਿ ਉਸ ਨੇ 1914 ਤੋਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅੰਤ ਜਲਦੀ ਹੀ ਆਉਣ ਵਾਲਾ ਹੈ। ਸੋ ਇਸ ਵਾਸਤੇ ਤਿਆਰੀ ਕਰਨ ਲਈ ਉਨ੍ਹਾਂ ਨੇ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਯਿਸੂ ਨੇ ਇਹ ਵੀ ਕਿਹਾ ਸੀ ਕਿ ਉਹ ਸ਼ਾਇਦ “ਕੁੱਕੜ ਦੇ ਬਾਂਗ ਦੇਣ ਵੇਲੇ ਜਾਂ ਤੜਕੇ” ਆਵੇ। ਜੇ ਉਹ ਇਸ ਸਮੇਂ ’ਤੇ ਆਉਂਦਾ, ਤਾਂ ਉਸ ਦੇ ਚੇਲਿਆਂ ਨੂੰ ਕੀ ਕਰਨ ਦੀ ਲੋੜ ਸੀ? ਯਿਸੂ ਨੇ ਕਿਹਾ ਸੀ: “ਖ਼ਬਰਦਾਰ ਰਹੋ।” ਜੇ ਸਾਨੂੰ ਲੱਗਦਾ ਹੈ ਕਿ ਅਸੀਂ ਲੰਬੇ ਸਮੇਂ ਤੋਂ ਅੰਤ ਦੀ ਉਡੀਕ ਕਰ ਰਹੇ ਹਾਂ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅੰਤ ਹਾਲੇ ਬਹੁਤ ਦੂਰ ਹੈ ਜਾਂ ਇਹ ਸਾਡੇ ਜੀਉਂਦੇ ਜੀ ਕਦੀ ਵੀ ਨਹੀਂ ਆਵੇਗਾ।

12. ਹਬੱਕੂਕ ਨੇ ਯਹੋਵਾਹ ਤੋਂ ਕੀ ਪੁੱਛਿਆ ਤੇ ਪਰਮੇਸ਼ੁਰ ਨੇ ਉਸ ਨੂੰ ਕੀ ਜਵਾਬ ਦਿੱਤਾ?

12 ਨਬੀ ਹਬੱਕੂਕ ਨੇ ਬੜੇ ਹੀ ਧੀਰਜ ਨਾਲ ਯਰੂਸ਼ਲਮ ਦੀ ਤਬਾਹੀ ਦਾ ਇੰਤਜ਼ਾਰ ਕਰਦਿਆਂ ਪ੍ਰਚਾਰ ਕੀਤਾ। ਉਸ ਤੋਂ ਪਹਿਲਾਂ ਦੇ ਹੋਰ ਨਬੀਆਂ ਨੇ ਵੀ ਕਈ ਸਾਲਾਂ ਤਕ ਇਸ ਤਬਾਹੀ ਬਾਰੇ ਪ੍ਰਚਾਰ ਕੀਤਾ ਸੀ। ਹਬੱਕੂਕ ਦੇਖ ਸਕਦਾ ਸੀ ਕਿ ਬੁਰਾਈ ਅਤੇ ਬੇਇਨਸਾਫ਼ੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧ ਚੁੱਕੀ ਸੀ। ਉਸ ਨੇ ਮਦਦ ਲਈ ਯਹੋਵਾਹ ਨੂੰ ਮਿੰਨਤਾਂ ਕਰਦਿਆਂ ਪੁੱਛਿਆ: “ਹੇ ਯਹੋਵਾਹ, ਮੈਂ ਕਦ ਤਾਈਂ ਦੁਹਾਈ ਦਿਆਂ?” ਭਾਵੇਂ ਕਿ ਯਹੋਵਾਹ ਨੇ ਉਸ ਨੂੰ ਨਹੀਂ ਦੱਸਿਆ ਕਿ ਅੰਤ ਕਦੋਂ ਆਵੇਗਾ, ਪਰ ਉਸ ਨੇ ਹਬੱਕੂਕ ਨਾਲ ਵਾਅਦਾ ਕੀਤਾ: “ਉਹ ਚਿਰ ਨਾ ਲਾਵੇਗਾ।” ਯਹੋਵਾਹ ਨੇ ਉਸ ਨੂੰ ‘ਉਡੀਕ ਕਰਨ’ ਲਈ ਕਿਹਾ।ਹਬੱਕੂਕ 1:1-4; 2:3 ਪੜ੍ਹੋ।

13. ਹਬੱਕੂਕ ਕੀ ਸੋਚ ਸਕਦਾ ਸੀ ਤੇ ਇਹ ਖ਼ਤਰਨਾਕ ਕਿਉਂ ਹੋਣਾ ਸੀ?

13 ਮੰਨ ਲਓ ਕਿ ਜੇ ਹਬੱਕੂਕ ਅੰਤ ਦੀ ਉਡੀਕ ਕਰਦੇ-ਕਰਦੇ ਅੱਕ ਜਾਂਦਾ ਤੇ ਸੋਚਣ ਲੱਗ ਪੈਂਦਾ: ‘ਮੈਂ ਕਈ ਸਾਲਾਂ ਤੋਂ ਸੁਣਦਾ ਆਇਆਂ ਹਾਂ ਕਿ ਯਰੂਸ਼ਲਮ ਤਬਾਹ ਹੋਣ ਵਾਲਾ ਹੈ। ਪਰ ਕੀ ਪਤਾ ਤਬਾਹੀ ਆਉਣ ਵਿਚ ਅਜੇ ਕਿੰਨਾ ਸਮਾਂ ਪਿਆ ਹੈ? ਮੈਨੂੰ ਨਹੀਂ ਲੱਗਦਾ ਕਿ ਇਸ ਬਾਰੇ ਹੋਰ ਪ੍ਰਚਾਰ ਕਰਨ ਦੀ ਕੋਈ ਲੋੜ ਹੈ। ਇਹ ਕੰਮ ਮੈਂ ਦੂਜਿਆਂ ’ਤੇ ਛੱਡ ਦਿੰਦਾ ਹਾਂ।’ ਜੇ ਉਹ ਵਾਕਈ ਇਸ ਤਰ੍ਹਾਂ ਸੋਚਦਾ, ਤਾਂ ਉਹ ਯਹੋਵਾਹ ਦੀ ਮਿਹਰ ਗੁਆ ਬੈਠਦਾ ਤੇ ਬਾਬਲੀਆਂ ਵੱਲੋਂ ਯਰੂਸ਼ਲਮ ਦੀ ਤਬਾਹੀ ਵੇਲੇ ਆਪਣੀ ਜਾਨ ਗੁਆ ਬੈਠਦਾ।

14. ਅਸੀਂ ਸ਼ੁਕਰਗੁਜ਼ਾਰ ਕਿਉਂ ਹੋਵਾਂਗੇ ਕਿ ਯਹੋਵਾਹ ਨੇ ਸਾਨੂੰ ਅੰਤ ਦੀ ਉਡੀਕ ਕਰਨ ਲਈ ਖ਼ਬਰਦਾਰ ਕੀਤਾ?

14 ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ। ਯਹੋਵਾਹ ਨੇ ਅੰਤ ਬਾਰੇ ਜੋ ਵੀ ਭਵਿੱਖਬਾਣੀਆਂ ਕੀਤੀਆਂ ਸਨ, ਉਹ ਸਭ ਪੂਰੀਆਂ ਹੋ ਚੁੱਕੀਆਂ ਹਨ। ਤੁਸੀਂ ਹੁਣ ਯਹੋਵਾਹ ਉੱਤੇ ਪਹਿਲਾਂ ਨਾਲੋਂ ਜ਼ਿਆਦਾ ਵਿਸ਼ਵਾਸ ਕਰਦੇ ਹੋ ਅਤੇ ਤੁਹਾਨੂੰ ਹੋਰ ਵੀ ਜ਼ਿਆਦਾ ਯਕੀਨ ਹੈ ਕਿ ਉਹ ਆਪਣੇ ਬਾਕੀ ਰਹਿੰਦੇ ਵਾਅਦਿਆਂ ਨੂੰ ਵੀ ਜ਼ਰੂਰ ਪੂਰਾ ਕਰੇਗਾ। (ਯਹੋਸ਼ੁਆ 23:14 ਪੜ੍ਹੋ।) ਤੁਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹੋ ਕਿ ਉਸ ਨੇ ਅੰਤ ਦਾ ਸਹੀ ਸਮਾਂ ਠਹਿਰਾਇਆ ਸੀ ਅਤੇ ਉਸ ਨੇ ਆਪਣੇ ਲੋਕਾਂ ਨੂੰ ਇਸ ਦੀ ਉਡੀਕ ਕਰਨ ਲਈ ਖ਼ਬਰਦਾਰ ਕੀਤਾ।ਰਸੂ. 1:7; 1 ਪਤ. 4:7.

ਉਡੀਕ ਕਰਨ ਦੇ ਨਾਲ-ਨਾਲ ਪ੍ਰਚਾਰ ਵੀ ਕਰੋ

ਕੀ ਤੁਸੀਂ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਹਿੱਸਾ ਲੈਂਦੇ ਹੋ? (ਪੈਰਾ 15 ਦੇਖੋ)

15, 16. ਇਨ੍ਹਾਂ ਆਖ਼ਰੀ ਦਿਨਾਂ ਵਿਚ ਸਾਨੂੰ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਕਿੰਨੀ ਕੁ ਕੋਸ਼ਿਸ਼ ਕਰਨੀ ਚਾਹੀਦੀ ਹੈ?

15 ਯਹੋਵਾਹ ਦਾ ਸੰਗਠਨ ਸਾਨੂੰ ਵਾਰ-ਵਾਰ ਯਾਦ ਕਰਾਉਂਦਾ ਰਹੇਗਾ ਕਿ ਸਾਨੂੰ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਾਉਣੀ ਚਾਹੀਦੀ ਹੈ। ਇਸ ਤਰ੍ਹਾਂ ਸਾਨੂੰ ਚੇਤੇ ਰਹਿੰਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਲੱਗੇ ਰਹੀਏ ਅਤੇ ਸਾਡੀ ਇਹ ਵੀ ਦੇਖਣ ਵਿਚ ਮਦਦ ਹੁੰਦੀ ਹੈ ਕਿ ਸਾਡੇ ਲਈ ਸੰਦੇਸ਼ ਸੁਣਾਉਣਾ ਕਿੰਨਾ ਜ਼ਰੂਰੀ ਹੈ। ਸਾਨੂੰ ਪੂਰਾ ਯਕੀਨ ਹੈ ਕਿ ਯਿਸੂ ਵੱਲੋਂ ਦੱਸੀਆਂ ਨਿਸ਼ਾਨੀਆਂ ਹੁਣ ਪੂਰੀਆਂ ਹੋ ਰਹੀਆਂ ਹਨ ਤੇ ਅੰਤ ਬਹੁਤ ਨੇੜੇ ਹੈ। ਇਸ ਕਰਕੇ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ ਅਤੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਲੱਗੇ ਰਹਿੰਦੇ ਹਾਂ।ਮੱਤੀ 6:33; ਮਰ. 13:10.

16 ਇਕ ਭੈਣ ਕਹਿੰਦੀ ਹੈ: “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਅਸੀਂ . . . ਦੁਨੀਆਂ ਦੇ ਹੋਣ ਵਾਲੇ ਨਾਸ਼ ਵਿੱਚੋਂ ਬਚਣ ਵਿਚ ਦੂਜਿਆਂ ਦੀ ਮਦਦ ਕਰ ਸਕਦੇ ਹਾਂ।” ਇਹ ਭੈਣ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਕਿਉਂਕਿ ਉਸ ਨੂੰ ਤੇ ਉਸ ਦੇ ਪਤੀ ਨੂੰ ਇਕ ਇਤਿਹਾਸਕ ਘਟਨਾ ਤੋਂ ਬਚਾਇਆ ਗਿਆ ਸੀ। ਇਹ ਦੁਖਦਾਇਕ ਘਟਨਾ ਉਦੋਂ ਹੋਈ ਸੀ ਜਦੋਂ 1945 ਵਿਚ ਵਿਲਹੈਲਮ ਗੁਸਟਲੋਫ ਨਾਂ ਦਾ ਸਮੁੰਦਰੀ ਜਹਾਜ਼ ਡੁੱਬ ਗਿਆ। ਇਸ ਤਰ੍ਹਾਂ ਦੀ ਖ਼ਤਰਨਾਕ ਸਥਿਤੀ ਪੈਦਾ ਹੋਣ ਤੇ ਵੀ ਸ਼ਾਇਦ ਲੋਕਾਂ ਨੂੰ ਪਤਾ ਨਾ ਲੱਗੇ ਕਿ ਉਨ੍ਹਾਂ ਲਈ ਕਿਹੜੀ ਚੀਜ਼ ਜ਼ਿਆਦਾ ਮਾਅਨੇ ਰੱਖਦੀ ਹੈ। ਉਸ ਭੈਣ ਨੂੰ ਯਾਦ ਹੈ ਕਿ ਇਕ ਔਰਤ ਚਿਲਾ-ਚਿਲਾ ਕੇ ਕਹਿ ਰਹੀ ਸੀ: “ਹਾਏ ਮੇਰਾ ਸਮਾਨ! ਮੇਰੇ ਅਟੈਚੀ! ਹਾਏ ਮੇਰੇ ਗਹਿਣੇ! ਮੇਰੇ ਸਾਰੇ ਗਹਿਣੇ ਮੇਰੇ ਕਮਰੇ ਵਿਚ ਹਨ! ਮੇਰਾ ਸਭ ਕੁਝ ਤਬਾਹ ਹੋ ਗਿਆ!” ਪਰ ਹੋਰ ਸਵਾਰੀਆਂ ਦਾ ਨਜ਼ਰੀਆ ਉਸ ਔਰਤ ਨਾਲੋਂ ਵੱਖਰਾ ਸੀ। ਉਨ੍ਹਾਂ ਨੇ ਬਰਫ਼ੀਲੇ ਪਾਣੀ ਵਿਚ ਡਿੱਗੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਖ਼ਤਰੇ ਵਿਚ ਪਾਈਆਂ। ਉਨ੍ਹਾਂ ਨਿਰਸੁਆਰਥ ਸਵਾਰੀਆਂ ਵਾਂਗ ਅਸੀਂ ਵੀ ਲੋਕਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ। ਲੋਕਾਂ ਦੀਆਂ ਜਾਨਾਂ ਬਚਾਉਣ ਲਈ ਅਸੀਂ ਉਹ ਸਭ ਕੁਝ ਕਰਨ ਲਈ ਤਿਆਰ ਹਾਂ ਜੋ ਸਾਡੇ ਹੱਥ ਵੱਸ ਹੈ ਤਾਂਕਿ ਉਹ ਦੁਨੀਆਂ ਦੇ ਆਉਣ ਵਾਲੇ ਅੰਤ ਵਿੱਚੋਂ ਬਚ ਸਕਣ।

ਸਮਝਦਾਰੀ ਨਾਲ ਫ਼ੈਸਲੇ ਲਓ ਅਤੇ ਪ੍ਰਚਾਰ ਦੇ ਕੰਮ ਦੀ ਅਹਿਮੀਅਤ ਨਾ ਭੁੱਲੋ (ਪੈਰਾ 17 ਦੇਖੋ)

17. ਸਾਨੂੰ ਕਿਉਂ ਯਕੀਨ ਰੱਖਣਾ ਚਾਹੀਦਾ ਹੈ ਕਿ ਅੰਤ ਕਿਸੇ ਵੀ ਵੇਲੇ ਆ ਸਕਦਾ ਹੈ?

17 ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ ਤੇ ਦੁਸ਼ਟ ਦੁਨੀਆਂ ਦਾ ਨਾਸ਼ ਬਹੁਤ ਹੀ ਨੇੜੇ ਹੈ। ਅਸੀਂ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦੋਂ “ਦਸ ਸਿੰਗ ਅਤੇ ਵਹਿਸ਼ੀ ਦਰਿੰਦਾ” ਮਹਾਂ ਬਾਬਲ ਯਾਨੀ ਝੂਠੇ ਧਰਮਾਂ ਦੇ ਖ਼ਿਲਾਫ਼ ਹੋ ਜਾਣਗੇ। (ਪ੍ਰਕਾ. 17:16) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਹੋਣ ਵਿਚ ਹਾਲੇ ਬਹੁਤ ਸਮਾਂ ਪਿਆ ਹੈ। ਇਹ ਨਾ ਭੁੱਲੋ ਕਿ ਪਰਮੇਸ਼ੁਰ “ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ” ਕਿ ਉਹ ਝੂਠੇ ਧਰਮਾਂ ’ਤੇ ਹਮਲਾ ਕਰਨ। ਇਹ ਘਟਨਾ ਇਕਦਮ ਤੇ ਕਦੀ ਵੀ ਹੋ ਸਕਦੀ ਹੈ। (ਪ੍ਰਕਾ. 17:17) ਸ਼ੈਤਾਨ ਦੀ ਭੈੜੀ ਦੁਨੀਆਂ ਦਾ ਨਾਸ਼ ਜਲਦੀ ਹੀ ਹੋਣ ਵਾਲਾ ਹੈ। ਇਸ ਲਈ ਸਾਨੂੰ ਯਿਸੂ ਦੀ ਇਸ ਚੇਤਾਵਨੀ ਨੂੰ ਮੰਨਣਾ ਚਾਹੀਦਾ ਹੈ: “ਤੁਸੀਂ ਧਿਆਨ ਰੱਖੋ ਕਿ ਹੱਦੋਂ ਵੱਧ ਖਾਣ ਅਤੇ ਬੇਹਿਸਾਬੀ ਸ਼ਰਾਬ ਪੀਣ ਕਰਕੇ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ ਅਤੇ ਉਹ ਦਿਨ ਅਚਾਨਕ ਤੁਹਾਡੇ ਉੱਤੇ ਫੰਦੇ ਵਾਂਗ ਨਾ ਆ ਪਵੇ।” (ਲੂਕਾ 21:34, 35; ਪ੍ਰਕਾ. 16:15) ਆਓ ਆਪਾਂ ਖ਼ਬਰਦਾਰ ਰਹੀਏ ਅਤੇ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹੀਏ ਤੇ ਇਸ ਗੱਲ ਦਾ ਭਰੋਸਾ ਰੱਖੀਏ ਕਿ ਉਹ “ਆਪਣੇ ਉਡੀਕਣ ਵਾਲਿਆਂ ਲਈ ਕੰਮ ਕਰਦਾ ਹੈ।”ਯਸਾ. 64:4.

18. ਅਗਲੇ ਲੇਖ ਵਿਚ ਅਸੀਂ ਕਿਸ ਸਵਾਲ ’ਤੇ ਚਰਚਾ ਕਰਾਂਗੇ?

18 ਇਸ ਬੁਰੀ ਦੁਨੀਆਂ ਦੇ ਨਾਸ਼ ਹੋਣ ਦੀ ਉਡੀਕ ਕਰਦਿਆਂ ਸਾਨੂੰ ਯਹੂਦਾਹ ਦੀ ਇਹ ਸਲਾਹ ਲਾਗੂ ਕਰਨੀ ਚਾਹੀਦੀ ਹੈ: “ਪਿਆਰਿਓ, ਤੁਸੀਂ ਆਪਣੀ ਅੱਤ ਪਵਿੱਤਰ ਨਿਹਚਾ ਨੂੰ ਮਜ਼ਬੂਤ ਕਰੋ ਅਤੇ ਪਵਿੱਤਰ ਸ਼ਕਤੀ ਅਨੁਸਾਰ ਪ੍ਰਾਰਥਨਾ ਕਰੋ, ਤਾਂਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖੋ। ਨਾਲੇ ਉਸ ਸਮੇਂ ਦੀ ਵੀ ਉਡੀਕ ਕਰੋ ਜਦੋਂ ਯਿਸੂ ਮਸੀਹ ਤੁਹਾਡੇ ’ਤੇ ਦਇਆ ਕਰ ਕੇ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।” (ਯਹੂ. 20, 21) ਪਰ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਜਲਦੀ ਆਵੇ ਅਤੇ ਅਸੀਂ ਉਸ ਦੇ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ? ਅਸੀਂ ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕਰਾਂਗੇ।

^ ਪੈਰਾ 1 ਮਸੀਹ ਬਾਰੇ ਬਾਈਬਲ ਵਿਚ ਦਰਜ ਕੁਝ ਭਵਿੱਖਬਾਣੀਆਂ ਤੇ ਉਨ੍ਹਾਂ ਦੀ ਪੂਰਤੀ ਬਾਰੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 200 ਦੇਖੋ।