ਯਹੋਸ਼ੁਆ 23:1-16

  • ਯਹੋਸ਼ੁਆ ਨੇ ਇਜ਼ਰਾਈਲ ਦੇ ਆਗੂਆਂ ਨੂੰ ਵਿਦਾ ਕੀਤਾ (1-16)

    • ਯਹੋਵਾਹ ਦਾ ਇਕ ਵੀ ਸ਼ਬਦ ਪੂਰਾ ਹੋਏ ਬਿਨਾਂ ਨਾ ਰਿਹਾ (14)

23  ਯਹੋਵਾਹ ਵੱਲੋਂ ਇਜ਼ਰਾਈਲ ਨੂੰ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਆਰਾਮ ਦੇਣ ਤੋਂ+ ਬਹੁਤ ਦਿਨਾਂ ਬਾਅਦ, ਜਦੋਂ ਯਹੋਸ਼ੁਆ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਸੀ,+  ਤਾਂ ਯਹੋਸ਼ੁਆ ਨੇ ਸਾਰੇ ਇਜ਼ਰਾਈਲ, ਇਸ ਦੇ ਮੁਖੀਆਂ, ਇਸ ਦੇ ਨਿਆਂਕਾਰਾਂ ਅਤੇ ਇਸ ਦੇ ਅਧਿਕਾਰੀਆਂ+ ਨੂੰ ਬੁਲਾਇਆ+ ਤੇ ਉਨ੍ਹਾਂ ਨੂੰ ਕਿਹਾ: “ਮੈਂ ਬੁੱਢਾ ਹੋ ਗਿਆ ਹਾਂ; ਮੈਂ ਕਾਫ਼ੀ ਉਮਰ ਭੋਗ ਲਈ ਹੈ।  ਤੁਸੀਂ ਆਪਣੀ ਅੱਖੀਂ ਉਹ ਸਾਰਾ ਕੁਝ ਦੇਖਿਆ ਹੈ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੀ ਖ਼ਾਤਰ ਇਨ੍ਹਾਂ ਸਾਰੀਆਂ ਕੌਮਾਂ ਨਾਲ ਕੀਤਾ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਤੁਹਾਡੇ ਵਾਸਤੇ ਲੜ ਰਿਹਾ ਸੀ।+  ਦੇਖੋ, ਮੈਂ ਗੁਣਾ ਪਾ ਕੇ ਤੁਹਾਨੂੰ ਬਾਕੀ ਬਚੀਆਂ ਕੌਮਾਂ ਦਾ ਅਤੇ ਉਨ੍ਹਾਂ ਸਾਰੀਆਂ ਕੌਮਾਂ ਦਾ ਦੇਸ਼ ਤੁਹਾਨੂੰ ਦਿੱਤਾ ਹੈ+ ਜਿਨ੍ਹਾਂ ਨੂੰ ਮੈਂ ਨਾਸ਼ ਕੀਤਾ ਸੀ।+ ਇਹ ਤੁਹਾਡੇ ਗੋਤਾਂ ਲਈ ਵਿਰਾਸਤ ਹੈ ਜੋ ਯਰਦਨ ਦੇ ਪੱਛਮ* ਤੋਂ ਲੈ ਕੇ ਵੱਡੇ ਸਾਗਰ* ਤਕ ਹੈ।  ਤੁਹਾਡਾ ਪਰਮੇਸ਼ੁਰ ਯਹੋਵਾਹ ਹੀ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਧੱਕਦਾ ਰਿਹਾ+ ਅਤੇ ਉਸ ਨੇ ਤੁਹਾਡੀ ਖ਼ਾਤਰ ਉਨ੍ਹਾਂ ਨੂੰ ਭਜਾ ਦਿੱਤਾ* ਤੇ ਤੁਸੀਂ ਉਨ੍ਹਾਂ ਦੇ ਦੇਸ਼ ’ਤੇ ਕਬਜ਼ਾ ਕਰ ਲਿਆ, ਠੀਕ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।+  “ਹੁਣ ਤੁਹਾਨੂੰ ਮੂਸਾ ਦੇ ਕਾਨੂੰਨ ਦੀ ਕਿਤਾਬ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ+ ਅਤੇ ਉਨ੍ਹਾਂ ਉੱਤੇ ਚੱਲਣ ਲਈ ਬਹੁਤ ਦਲੇਰੀ ਦਿਖਾਉਣੀ ਪਵੇਗੀ ਤਾਂਕਿ ਤੁਸੀਂ ਨਾ ਤਾਂ ਉਸ ਤੋਂ ਸੱਜੇ ਮੁੜੋ ਤੇ ਨਾ ਹੀ ਖੱਬੇ+  ਅਤੇ ਨਾ ਹੀ ਉਨ੍ਹਾਂ ਕੌਮਾਂ ਨਾਲ ਰਲ਼ਿਓ-ਮਿਲਿਓ+ ਜੋ ਤੁਹਾਡੇ ਨਾਲ ਰਹਿੰਦੀਆਂ ਹਨ। ਤੁਸੀਂ ਉਨ੍ਹਾਂ ਦੇ ਦੇਵਤਿਆਂ ਦਾ ਨਾਂ ਵੀ ਨਹੀਂ ਲੈਣਾ,+ ਨਾ ਉਨ੍ਹਾਂ ਦੀ ਸਹੁੰ ਖਾਣੀ ਅਤੇ ਨਾ ਹੀ ਉਨ੍ਹਾਂ ਦੀ ਕਦੇ ਭਗਤੀ ਕਰਨੀ ਤੇ ਉਨ੍ਹਾਂ ਅੱਗੇ ਝੁਕਣਾ।+  ਪਰ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਚਿੰਬੜੇ ਰਹੋ,+ ਜਿਵੇਂ ਤੁਸੀਂ ਅੱਜ ਤਕ ਕਰਦੇ ਆਏ ਹੋ।  ਯਹੋਵਾਹ ਵੱਡੀਆਂ ਅਤੇ ਤਾਕਤਵਰ ਕੌਮਾਂ ਨੂੰ ਤੁਹਾਡੇ ਅੱਗਿਓਂ ਭਜਾ ਦੇਵੇਗਾ+ ਕਿਉਂਕਿ ਅੱਜ ਤਕ ਇਕ ਵੀ ਆਦਮੀ ਤੁਹਾਡੇ ਅੱਗੇ ਟਿਕ ਨਹੀਂ ਪਾਇਆ।+ 10  ਤੁਹਾਡੇ ਵਿੱਚੋਂ ਸਿਰਫ਼ ਇਕ ਆਦਮੀ ਇਕ ਹਜ਼ਾਰ ਦਾ ਪਿੱਛਾ ਕਰੇਗਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਲਈ ਲੜ ਰਿਹਾ ਹੈ+ ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ।+ 11  ਇਸ ਲਈ ਤੁਸੀਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਿਓ+ ਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪਿਆਰ ਕਰਦੇ ਰਹੋ।+ 12  “ਪਰ ਜੇ ਤੁਸੀਂ ਪਰਮੇਸ਼ੁਰ ਤੋਂ ਮੂੰਹ ਮੋੜੋਗੇ ਅਤੇ ਕੌਮਾਂ ਦੇ ਬਚੇ ਹੋਏ ਲੋਕਾਂ ਨਾਲ ਮਿਲ ਜਾਓਗੇ ਜੋ ਤੁਹਾਡੇ ਨਾਲ ਰਹਿੰਦੇ ਹਨ+ ਅਤੇ ਉਨ੍ਹਾਂ ਨਾਲ ਵਿਆਹ ਕਰੋਗੇ*+ ਅਤੇ ਤੁਸੀਂ ਉਨ੍ਹਾਂ ਨਾਲ ਉੱਠੋ-ਬੈਠੋਗੇ ਤੇ ਉਹ ਤੁਹਾਡੇ ਨਾਲ ਉੱਠਣ-ਬੈਠਣਗੇ, 13  ਤਾਂ ਤੁਸੀਂ ਪੱਕਾ ਜਾਣ ਲਓ ਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਅੱਗੋਂ ਇਨ੍ਹਾਂ ਕੌਮਾਂ ਨੂੰ ਭਜਾਉਂਦਾ* ਨਹੀਂ ਰਹੇਗਾ।+ ਉਹ ਤੁਹਾਡੇ ਲਈ ਇਕ ਫੰਦਾ ਤੇ ਜਾਲ਼ ਹੋਣਗੀਆਂ, ਤੁਹਾਡੀਆਂ ਵੱਖੀਆਂ ’ਤੇ ਕੋਰੜਿਆਂ ਵਾਂਗ+ ਅਤੇ ਤੁਹਾਡੀਆਂ ਅੱਖਾਂ ਵਿਚ ਕੰਡਿਆਂ ਵਾਂਗ ਹੋਣਗੀਆਂ ਜਦ ਤਕ ਤੁਸੀਂ ਇਸ ਚੰਗੇ ਦੇਸ਼ ਵਿੱਚੋਂ ਮਿਟ ਨਹੀਂ ਜਾਂਦੇ ਜੋ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ। 14  “ਹੁਣ ਦੇਖੋ, ਮੈਂ ਮਰਨ ਕਿਨਾਰੇ ਹਾਂ* ਅਤੇ ਤੁਸੀਂ ਆਪਣੇ ਦਿਲ ਅਤੇ ਮਨ ਵਿਚ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਸਾਰੇ ਚੰਗੇ ਵਾਅਦਿਆਂ ਦਾ ਇਕ ਵੀ ਸ਼ਬਦ ਅਜਿਹਾ ਨਹੀਂ ਜੋ ਪੂਰਾ ਨਾ ਹੋਇਆ ਹੋਵੇ। ਉਹ ਸਾਰੇ ਦੇ ਸਾਰੇ ਤੁਹਾਡੇ ਲਈ ਪੂਰੇ ਹੋਏ। ਉਨ੍ਹਾਂ ਵਾਅਦਿਆਂ ਦਾ ਇਕ ਵੀ ਸ਼ਬਦ ਪੂਰਾ ਹੋਏ ਬਿਨਾਂ ਨਾ ਰਿਹਾ।+ 15  ਪਰ ਜਿਵੇਂ ਤੁਹਾਡੇ ਲਈ ਉਹ ਸਾਰੇ ਚੰਗੇ ਵਾਅਦੇ ਪੂਰੇ ਹੋਏ ਜਿਹੜੇ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਨਾਲ ਕੀਤੇ ਸਨ,+ ਉਸੇ ਤਰ੍ਹਾਂ ਯਹੋਵਾਹ ਤੁਹਾਡੇ ’ਤੇ ਉਹ ਸਾਰੀ ਬਿਪਤਾ ਵੀ ਲਿਆਵੇਗਾ ਜਿਸ ਬਾਰੇ ਉਸ ਨੇ ਦੱਸਿਆ ਸੀ* ਅਤੇ ਉਹ ਇਸ ਚੰਗੇ ਦੇਸ਼ ਵਿੱਚੋਂ ਤੁਹਾਡਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਜੋ ਦੇਸ਼ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਦਿੱਤਾ ਹੈ।+ 16  ਜੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਉਸ ਇਕਰਾਰ ਨੂੰ ਤੋੜਿਆ ਜਿਸ ਦੀ ਪਾਲਣਾ ਕਰਨ ਦਾ ਹੁਕਮ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਜੇ ਤੁਸੀਂ ਜਾ ਕੇ ਹੋਰਨਾਂ ਦੇਵਤਿਆਂ ਦੀ ਭਗਤੀ ਕੀਤੀ ਅਤੇ ਉਨ੍ਹਾਂ ਅੱਗੇ ਮੱਥਾ ਟੇਕਿਆ, ਤਾਂ ਯਹੋਵਾਹ ਦੇ ਗੁੱਸੇ ਦੀ ਅੱਗ ਤੁਹਾਡੇ ’ਤੇ ਭੜਕ ਉੱਠੇਗੀ+ ਅਤੇ ਤੁਸੀਂ ਉਸ ਚੰਗੇ ਦੇਸ਼ ਵਿੱਚੋਂ ਝੱਟ ਹੀ ਮਿਟ ਜਾਓਗੇ ਜੋ ਉਸ ਨੇ ਤੁਹਾਨੂੰ ਦਿੱਤਾ ਹੈ।”+

ਫੁਟਨੋਟ

ਜਾਂ, “ਚੜ੍ਹਦੇ ਪਾਸੇ।”
ਯਾਨੀ, ਭੂਮੱਧ ਸਾਗਰ।
ਜਾਂ, “ਕੱਢ ਦਿੱਤਾ।”
ਜਾਂ, “ਤੁਸੀਂ ਉਨ੍ਹਾਂ ਨਾਲ ਤੇ ਉਹ ਤੁਹਾਡੇ ਨਾਲ ਵਿਆਹ ਕਰਨਗੇ।”
ਜਾਂ, “ਕੱਢਦਾ।”
ਇਬ, “ਮੈਂ ਸਾਰੀ ਧਰਤੀ ਦੇ ਰਾਹ ਜਾ ਰਿਹਾ ਹਾਂ।”
ਜਾਂ, “ਸਾਰੀਆਂ ਬੁਰੀਆਂ ਗੱਲਾਂ ਲਿਆਵੇਗਾ।”