Skip to content

Skip to table of contents

ਇਤਿਹਾਸ ਦੇ ਪੰਨਿਆਂ ਤੋਂ

“ਸੱਚਾਈ ਸਿਖਾਉਣ ਲਈ ਯਹੋਵਾਹ ਨੇ ਤੁਹਾਨੂੰ ਫਰਾਂਸ ਲਿਆਂਦਾ”

“ਸੱਚਾਈ ਸਿਖਾਉਣ ਲਈ ਯਹੋਵਾਹ ਨੇ ਤੁਹਾਨੂੰ ਫਰਾਂਸ ਲਿਆਂਦਾ”

ਬਚਪਨ ਵਿਚ ਐਂਟਵੌਨ ਸਕਾਲੇਕੀ ਦੇ ਨਾਲ ਹਮੇਸ਼ਾ ਖੱਚਰ ਜਾਂ ਘੋੜਾ ਹੁੰਦਾ ਸੀ। ਉਹ ਇਕੱਠੇ ਜ਼ਮੀਨ ਵਿਚ 1,600 ਫੁੱਟ (500 ਮੀਟਰ) ਡੂੰਘੀ ਖਾਣ ਵਿਚ ਜਾ ਕੇ ਬਹੁਤ ਸਾਰਾ ਕੋਲਾ ਲੈ ਕੇ ਆਉਂਦੇ ਸਨ ਤੇ ਸੁਰੰਗਾਂ ਵਿੱਚੋਂ ਦੀ ਤੁਰ-ਤੁਰ ਕੇ ਜਾਂਦੇ ਸਨ ਜਿਨ੍ਹਾਂ ਵਿਚ ਮਾੜੀ-ਮੋਟੀ ਰੌਸ਼ਨੀ ਹੁੰਦੀ ਸੀ। ਖਾਣ ਡਿਗਣ ਕਰਕੇ ਐਂਟਵੌਨ ਦਾ ਪਿਤਾ ਜ਼ਖ਼ਮੀ ਹੋ ਗਿਆ ਅਤੇ ਪਰਿਵਾਰ ਲਈ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਐਂਟਵੌਨ ਨੂੰ ਖਾਣ ਵਿਚ ਕੰਮ ਕਰਨ ਲਈ ਭੇਜਿਆ ਗਿਆ। ਉਹ ਹਰ ਰੋਜ਼ ਨੌਂ-ਨੌਂ ਘੰਟੇ ਹੱਡ-ਤੋੜ ਮਿਹਨਤ ਕਰਦਾ ਸੀ। ਇਕ ਵਾਰ ਖਾਣ ਡਿਗਣ ਵੇਲੇ ਐਂਟਵੌਨ ਦੀ ਜਾਨ ਮਸਾਂ ਬਚੀ।

ਖਾਣਾਂ ਖੋਦਣ ਵਾਲੇ ਪੋਲਿਸ਼ ਲੋਕ ਅਤੇ ਸਾਨ-ਲਾ-ਨੋਬਲ ਦੇ ਨੇੜੇ ਡੇਸ਼ੀ ਖਾਣ ਵਿਚ ਵਰਤੇ ਗਏ ਸੰਦ ਜਿੱਥੇ ਐਂਟਵੌਨ ਸਕਾਲੇਕੀ ਕੰਮ ਕਰਦਾ ਸੀ

ਐਂਟਵੌਨ ਉਨ੍ਹਾਂ ਬੱਚਿਆਂ ਵਿੱਚੋਂ ਇਕ ਸੀ ਜੋ 1920 ਅਤੇ 1930 ਦੇ ਦਹਾਕਿਆਂ ਵਿਚ ਫਰਾਂਸ ਵਿਚ ਰਹਿੰਦੇ ਪੋਲਿਸ਼ ਮਾਪਿਆਂ ਦੇ ਘਰ ਪੈਂਦਾ ਹੋਏ ਸਨ। ਪੋਲੈਂਡ ਦੇ ਲੋਕ ਫਰਾਂਸ ਰਹਿਣ ਕਿਉਂ ਆਏ ਸਨ? ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਪੋਲੈਂਡ ਆਜ਼ਾਦ ਹੋਇਆ ਤੇ ਆਬਾਦੀ ਵਧਣੀ ਇਕ ਗੰਭੀਰ ਸਮੱਸਿਆ ਬਣ ਗਈ। ਦੂਜੇ ਪਾਸੇ, ਫਰਾਂਸ ਦੇ 10 ਲੱਖ ਤੋਂ ਜ਼ਿਆਦਾ ਆਦਮੀ ਯੁੱਧ ਵਿਚ ਮਾਰੇ ਗਏ ਅਤੇ ਉੱਥੇ ਖਾਣਾਂ ਵਿਚ ਕੰਮ ਕਰਨ ਵਾਲਿਆਂ ਦੀ ਬਹੁਤ ਲੋੜ ਸੀ। ਇਸ ਲਈ ਫਰਾਂਸ ਅਤੇ ਪੋਲੈਂਡ ਦੀਆਂ ਸਰਕਾਰਾਂ ਨੇ ਸਤੰਬਰ 1919 ਵਿਚ ਇਕ ਇਕਰਾਰਨਾਮੇ ’ਤੇ ਦਸਤਖਤ ਕੀਤੇ ਕਿ ਦੋਨਾਂ ਦੇਸ਼ਾਂ ਦੇ ਲੋਕ ਆ ਕੇ ਇਨ੍ਹਾਂ ਵਿਚ ਰਹਿ ਸਕਦੇ ਸਨ। 1931 ਤਕ ਫਰਾਂਸ ਵਿਚ ਪੋਲੈਂਡ ਦੇ ਲੋਕਾਂ ਦੀ ਆਬਾਦੀ 5,07,800 ਹੋ ਗਈ ਅਤੇ ਬਹੁਤ ਸਾਰੇ ਪੋਲਿਸ਼ ਲੋਕ ਉੱਤਰੀ ਫਰਾਂਸ ਦੇ ਖਾਣਾਂ ਵਾਲੇ ਇਲਾਕਿਆਂ ਵਿਚ ਵਸ ਗਏ।

ਪੋਲੈਂਡ ਦੇ ਇਹ ਮਿਹਨਤੀ ਲੋਕ ਆਪਣੇ ਨਾਲ ਆਪਣਾ ਸਭਿਆਚਾਰ ਲੈ ਕੇ ਆਏ ਸਨ ਤੇ ਉਹ ਡੂੰਘੀਆਂ ਧਾਰਮਿਕ ਭਾਵਨਾਵਾਂ ਰੱਖਦੇ ਸਨ। ਹੁਣ 90 ਸਾਲਾਂ ਦਾ ਹੋ ਚੁੱਕਾ ਐਂਟਵੌਨ ਕਹਿੰਦਾ ਹੈ, “ਮੇਰੇ ਨਾਨਾ ਜੀ, ਜੋਸਫ਼, ਪਵਿੱਤਰ ਬਾਈਬਲ ਦੀਆਂ ਗੱਲਾਂ ਬੜੀ ਸ਼ਰਧਾ ਨਾਲ ਦੱਸਦੇ ਸਨ। ਇਹ ਸ਼ਰਧਾ ਮੇਰੇ ਪੜਨਾਨਾ ਜੀ ਨੇ ਉਨ੍ਹਾਂ ਵਿਚ ਪੈਦਾ ਕੀਤੀ ਸੀ।” ਫਰਾਂਸ ਵਿਚ ਪੋਲੈਂਡ ਦੇ ਲੋਕ ਹਰ ਐਤਵਾਰ ਨੂੰ ਚਰਚ ਜਾਣ ਲਈ ਬਹੁਤ ਸੋਹਣੇ ਕੱਪੜੇ ਪਾਉਂਦੇ ਸਨ ਜਿਵੇਂ ਉਹ ਪੋਲੈਂਡ ਵਿਚ ਰਹਿੰਦਿਆਂ ਕਰਦੇ ਸਨ। ਧਰਮ ਵਿਚ ਰੁਚੀ ਨਾ ਰੱਖਣ ਵਾਲੇ ਫਰਾਂਸ ਦੇ ਕੁਝ ਲੋਕ ਉਨ੍ਹਾਂ ਨੂੰ ਤੁੱਛ ਸਮਝਦੇ ਸਨ।

ਨੋਰ-ਪਾ-ਦੇ-ਕਾਲੇ ਨਾਂ ਦੇ ਇਲਾਕੇ ਵਿਚ ਪੋਲੈਂਡ ਦੇ ਬਹੁਤ ਸਾਰੇ ਲੋਕ ਪਹਿਲੀ ਵਾਰ ਬਾਈਬਲ ਸਟੂਡੈਂਟਸ ਨੂੰ ਮਿਲੇ ਜੋ 1904 ਤੋਂ ਉੱਥੇ ਜੋਸ਼ ਨਾਲ ਪ੍ਰਚਾਰ ਕਰ ਰਹੇ ਸਨ। 1915 ਵਿਚ ਹਰ ਮਹੀਨੇ ਪੋਲਿਸ਼ ਭਾਸ਼ਾ ਵਿਚ ਪਹਿਰਾਬੁਰਜ ਛਪਣਾ ਸ਼ੁਰੂ ਹੋ ਗਿਆ ਤੇ 1925 ਵਿਚ ਦ ਗੋਲਡਨ ਏਜ (ਹੁਣ ਜਾਗਰੂਕ ਬਣੋ!) ਉਪਲਬਧ ਹੋ ਗਿਆ। ਬਹੁਤ ਸਾਰੇ ਪਰਿਵਾਰ ਇਨ੍ਹਾਂ ਰਸਾਲਿਆਂ ਅਤੇ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਕਿਤਾਬ ਵਿਚ ਦੱਸੀਆਂ ਬਾਈਬਲ ਦੀਆਂ ਗੱਲਾਂ ਮੰਨ ਲੈਂਦੇ ਸਨ।

ਐਂਟਵੌਨ ਦੇ ਪਰਿਵਾਰ ਨੂੰ ਉਸ ਦੇ ਮਾਮੇ ਤੋਂ ਬਾਈਬਲ ਸਟੂਡੈਂਟਸ ਬਾਰੇ ਪਤਾ ਲੱਗਾ ਸੀ। ਉਸ ਦਾ ਮਾਮਾ 1924 ਵਿਚ ਪਹਿਲੀ ਵਾਰ ਮੀਟਿੰਗ ’ਤੇ ਗਿਆ ਸੀ। ਉਸੇ ਸਾਲ ਬਰੂ-ਏਨ-ਆਰਤਵਾ ਕਸਬੇ ਵਿਚ ਬਾਈਬਲ ਸਟੂਡੈਂਟਸ ਨੇ ਪੋਲਿਸ਼ ਭਾਸ਼ਾ ਵਿਚ ਪਹਿਲਾ ਸੰਮੇਲਨ ਕੀਤਾ। ਇਸੇ ਕਸਬੇ ਵਿਚ ਇਕ ਮਹੀਨੇ ਦੇ ਅੰਦਰ-ਅੰਦਰ ਵਰਲਡ ਹੈੱਡ-ਕੁਆਰਟਰ ਦੇ ਪ੍ਰਤਿਨਿਧੀ ਜੋਸਫ਼ ਐੱਫ਼. ਰਦਰਫ਼ਰਡ ਨੇ ਇਕ ਸਭਾ ਕੀਤੀ ਜਿਸ ਵਿਚ 2,000 ਲੋਕ ਹਾਜ਼ਰ ਹੋਏ। ਪੋਲਿਸ਼ ਲੋਕਾਂ ਦੀ ਇੰਨੀ ਵੱਡੀ ਭੀੜ ਨੂੰ ਦੇਖ ਕੇ ਭਰਾ ਰਦਰਫ਼ਰਡ ਨੇ ਉਨ੍ਹਾਂ ਨੂੰ ਕਿਹਾ: “ਸੱਚਾਈ ਸਿਖਾਉਣ ਲਈ ਯਹੋਵਾਹ ਨੇ ਤੁਹਾਨੂੰ ਫਰਾਂਸ ਲਿਆਂਦਾ ਹੈ। ਹੁਣ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਫਰਾਂਸ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ! ਪ੍ਰਚਾਰ ਦਾ ਹਾਲੇ ਬਹੁਤ ਸਾਰਾ ਕੰਮ ਕਰਨ ਨੂੰ ਪਿਆ ਹੈ ਤੇ ਯਹੋਵਾਹ ਇਹ ਕੰਮ ਕਰਨ ਲਈ ਪ੍ਰਚਾਰਕਾਂ ਦਾ ਇੰਤਜ਼ਾਮ ਕਰੇਗਾ।”

ਯਹੋਵਾਹ ਨੇ ਇੱਦਾਂ ਹੀ ਕੀਤਾ! ਇਹ ਪੋਲਿਸ਼ ਮਸੀਹੀ ਪ੍ਰਚਾਰ ਕਰਨ ਵਿਚ ਉੱਨੀ ਹੀ ਮਿਹਨਤ ਕਰਦੇ ਸਨ ਜਿੰਨੀ ਉਹ ਖਾਣਾਂ ਵਿਚ ਕਰਦੇ ਸਨ! ਦਰਅਸਲ ਉਨ੍ਹਾਂ ਵਿੱਚੋਂ ਕੁਝ ਮਸੀਹੀ ਪੋਲੈਂਡ ਵਾਪਸ ਚਲੇ ਗਏ ਤਾਂਕਿ ਉਹ ਅਨਮੋਲ ਸੱਚਾਈਆਂ ਬਾਰੇ ਉੱਥੇ ਦੇ ਲੋਕਾਂ ਨੂੰ ਦੱਸ ਸਕਣ। ਪੋਲੈਂਡ ਦੇ ਵੱਡੇ-ਵੱਡੇ ਇਲਾਕਿਆਂ ਵਿਚ ਖ਼ੁਸ਼ ਖ਼ਬਰੀ ਫੈਲਾਉਣ ਲਈ ਜਿਹੜੇ ਮਸੀਹੀ ਫਰਾਂਸ ਤੋਂ ਚਲੇ ਗਏ ਸਨ, ਉਨ੍ਹਾਂ ਵਿਚ ਟਿਓਫੀਲ ਪੀਆਸਕੋਸਕੀ, ਸ਼ਟੇਪਾਨ ਕੋਸੀਆਕ ਤੇ ਯਾਨ ਜ਼ਾਬੁਦਾ ਸਨ।

ਪਰ ਬਹੁਤ ਸਾਰੇ ਪੋਲਿਸ਼ ਭਾਸ਼ਾ ਬੋਲਣ ਵਾਲੇ ਪ੍ਰਚਾਰਕ ਫਰਾਂਸ ਵਿਚ ਹੀ ਰਹੇ ਅਤੇ ਫ਼੍ਰੈਂਚ ਭੈਣਾਂ-ਭਰਾਵਾਂ ਨਾਲ ਮਿਲ ਕੇ ਜੋਸ਼ ਨਾਲ ਪ੍ਰਚਾਰ ਕਰਦੇ ਰਹੇ। ਸਾਨ-ਲਾ-ਨੋਬਲ ਵਿਚ 1926 ਨੂੰ ਹੋਏ ਸੰਮੇਲਨ ਵਿਚ 1,000 ਜਣੇ ਪੋਲਿਸ਼ ਸੈਸ਼ਨ ਵਿਚ ਅਤੇ 300 ਜਣੇ ਫ਼੍ਰੈਂਚ ਸੈਸ਼ਨ ਵਿਚ ਹਾਜ਼ਰ ਹੋਏ। 1929 ਦੀ ਯੀਅਰ ਬੁੱਕ ਵਿਚ ਦੱਸਿਆ ਗਿਆ ਹੈ: “ਉਸ ਸਾਲ ਦੌਰਾਨ 332 ਪੋਲਿਸ਼ ਭਰਾਵਾਂ ਨੇ ਬਪਤਿਸਮਾ ਲੈ ਕੇ ਆਪਣੇ ਸਮਰਪਣ ਦਾ ਸਬੂਤ ਦਿੱਤਾ।” ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਵਿਚ 84 ਮੰਡਲੀਆਂ ਵਿੱਚੋਂ 32 ਮੰਡਲੀਆਂ ਪੋਲਿਸ਼ ਭਾਸ਼ਾ ਦੀਆਂ ਸਨ।

ਫਰਾਂਸ ਵਿਚ ਪੋਲਿਸ਼ ਭੈਣ-ਭਰਾ ਸੰਮੇਲਨ ’ਤੇ ਜਾਂਦੇ ਹੋਏ। ਬਸ ’ਤੇ ਲਿਖਿਆ ਹੈ “ਯਹੋਵਾਹ ਦੇ ਗਵਾਹ”

1947 ਵਿਚ ਬਹੁਤ ਸਾਰੇ ਯਹੋਵਾਹ ਦੇ ਗਵਾਹ ਪੋਲੈਂਡ ਦੀ ਸਰਕਾਰ ਦੇ ਸੱਦੇ ’ਤੇ ਪੋਲੈਂਡ ਵਾਪਸ ਆ ਗਏ। ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਤੇ ਉਨ੍ਹਾਂ ਦੇ ਫ਼੍ਰੈਂਚ ਭੈਣਾਂ-ਭਰਾਵਾਂ ਦੀ ਮਿਹਨਤ ਰੰਗ ਲਿਆਈ। ਉਸ ਸਾਲ ਪਬਲੀਸ਼ਰਾਂ ਵਿਚ 10% ਵਾਧਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ 1948 ਤੋਂ 1950 ਵਿਚ 20%, 23% ਅਤੇ 40% ਵਾਧਾ ਹੋਇਆ। ਇਨ੍ਹਾਂ ਨਵੇਂ ਪਬਲੀਸ਼ਰਾਂ ਨੂੰ ਸਿਖਲਾਈ ਦੇਣ ਲਈ ਫਰਾਂਸ ਦੀ ਬ੍ਰਾਂਚ ਨੇ 1948 ਵਿਚ ਪਹਿਲੇ ਸਫ਼ਰੀ ਨਿਗਾਹਬਾਨ ਨਿਯੁਕਤ ਕੀਤੇ। ਇਨ੍ਹਾਂ ਚੁਣੇ ਗਏ 5 ਭਰਾਵਾਂ ਵਿੱਚੋਂ 4 ਜਣੇ ਪੋਲਿਸ਼ ਸਨ ਤੇ ਉਨ੍ਹਾਂ ਵਿੱਚੋਂ ਇਕ ਸੀ, ਐਂਟਵੌਨ ਸਕਾਲੇਕੀ।

ਫਰਾਂਸ ਵਿਚ ਬਹੁਤ ਸਾਰੇ ਯਹੋਵਾਹ ਦੇ ਗਵਾਹ ਹਾਲੇ ਵੀ ਆਪਣੇ ਨਾਂ ਨਾਲ ਆਪਣੇ ਦਾਦੇ-ਪੜਦਾਦਿਆਂ ਦੇ ਗੋਤ ਲਾਉਂਦੇ ਹਨ ਜਿਨ੍ਹਾਂ ਨੇ ਖਾਣਾਂ ਵਿਚ ਹੱਡ-ਤੋੜ ਮਿਹਨਤ ਕਰਨ ਦੇ ਨਾਲ-ਨਾਲ ਪ੍ਰਚਾਰ ਵਿਚ ਵੀ ਬਹੁਤ ਮਿਹਨਤ ਕੀਤੀ ਸੀ। ਅੱਜ ਵੀ ਫਰਾਂਸ ਵਿਚ ਹੋਰ ਥਾਵਾਂ ਤੋਂ ਆਏ ਲੋਕ ਸੱਚਾਈ ਸਿੱਖ ਰਹੇ ਹਨ। ਭਾਵੇਂ ਹੋਰ ਦੇਸ਼ਾਂ ਤੋਂ ਆਏ ਪ੍ਰਚਾਰਕ ਆਪਣੇ ਦੇਸ਼ਾਂ ਨੂੰ ਵਾਪਸ ਜਾਣ ਜਾਂ ਉੱਥੇ ਹੀ ਰਹਿਣ, ਪਰ ਉਹ ਉੱਨੇ ਹੀ ਜੋਸ਼ ਨਾਲ ਪ੍ਰਚਾਰ ਕਰਦੇ ਹਨ ਜਿੰਨੇ ਜੋਸ਼ ਨਾਲ ਪਹਿਲਾਂ ਆਏ ਪੋਲਿਸ਼ ਭੈਣਾਂ-ਭਰਾਵਾਂ ਨੇ ਕੀਤਾ ਸੀ।—ਫਰਾਂਸ ਵਿਚ ਸਾਡੇ ਇਤਿਹਾਸਕ ਰਿਕਾਰਡ ਤੋਂ।