Skip to content

Skip to table of contents

 ਇਤਿਹਾਸ ਦੇ ਪੰਨਿਆਂ ਤੋਂ

“ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ”

“ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ”

ਸਤੰਬਰ 1922 ਦੇ ਦਿਨ ਸ਼ੁੱਕਰਵਾਰ ਨੂੰ ਸਵੇਰੇ-ਸਵੇਰੇ ਬਹੁਤ ਗਰਮੀ ਸੀ। ਉਸ ਦਿਨ ਸੰਮੇਲਨ ਹਾਲ 8,000 ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਅਗਲਾ ਭਾਸ਼ਣ ਸੁਣਨ ਲਈ ਲੋਕ ਬੇਤਾਬ ਸਨ। ਸੰਚਾਲਕ ਨੇ ਦੱਸਿਆ ਕਿ ਅਗਲਾ ਅਹਿਮ ਭਾਗ ਸ਼ੁਰੂ ਹੋਣਾ ਤੋਂ ਪਹਿਲਾਂ ਜੇ ਕੋਈ ਬਾਹਰ ਜਾਣਾ ਚਾਹੁੰਦਾ ਸੀ, ਤਾਂ ਉਹ ਜਾ ਸਕਦਾ ਸੀ। ਪਰ ਉਹ ਵਾਪਸ ਅੰਦਰ ਨਹੀਂ ਆ ਸਕਦਾ ਸੀ।

“ਗੀਤਾਂ ਵਾਲੇ” ਭਾਗ ਤੋਂ ਬਾਅਦ ਭਰਾ ਜੋਸਫ਼ ਐੱਫ਼. ਰਦਰਫ਼ਰਡ ਸਟੇਜ ’ਤੇ ਆਏ। ਜ਼ਿਆਦਾਤਰ ਲੋਕ ਆਪਣੀਆਂ ਕੁਰਸੀਆਂ ’ਤੇ ਬੈਠੇ ਬੇਤਾਬੀ ਨਾਲ ਇੰਤਜ਼ਾਰ ਕਰ ਰਹੇ ਸਨ। ਕੁਝ ਜਣੇ ਗਰਮੀ ਕਰਕੇ ਬੇਚੈਨੀ ਨਾਲ ਇੱਧਰ-ਉੱਧਰ ਘੁੰਮ ਰਹੇ ਸਨ। ਭਾਸ਼ਣਕਾਰ ਨੇ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਉਹ ਬੈਠ ਕੇ ਧਿਆਨ ਨਾਲ ਸੁਣਨ। ਕੀ ਭਾਸ਼ਣ ਦੌਰਾਨ ਕਿਸੇ ਦਾ ਧਿਆਨ ਸਟੇਜ ਦੇ ਉੱਪਰਲੇ ਪਾਸੇ ਗਿਆ ਜਿੱਥੇ ਇਕ ਲੰਬਾ ਸਾਰਾ ਕੱਪੜਾ ਲਪੇਟਿਆ ਹੋਇਆ ਸੀ?

ਭਰਾ ਰਦਰਫ਼ਰਡ ਦੇ ਭਾਸ਼ਣ ਦਾ ਵਿਸ਼ਾ ਸੀ “ਸਵਰਗ ਦਾ ਰਾਜ ਨੇੜੇ ਆ ਗਿਆ ਹੈ।” ਡੇਢ ਘੰਟੇ ਲਈ ਉਸ ਦੀ ਜ਼ੋਰਦਾਰ ਆਵਾਜ਼ ਪੂਰੇ ਹਾਲ ਵਿਚ ਗੂੰਜਦੀ ਰਹੀ। ਉਨ੍ਹਾਂ ਨੇ ਦੱਸਿਆ ਕਿ ਪੁਰਾਣੇ ਸਮੇਂ ਦੇ ਨਬੀਆਂ ਨੇ ਕਿਵੇਂ ਦਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਐਲਾਨ ਕੀਤਾ। ਆਪਣੇ ਭਾਸ਼ਣ ਦੇ ਅਖ਼ੀਰ ਵਿਚ ਉਨ੍ਹਾਂ ਨੇ ਪੁੱਛਿਆ, “ਕੀ ਤੁਸੀਂ ਯਕੀਨ ਕਰਦੇ ਹੋ ਕਿ ਮਹਿਮਾਵਾਨ ਰਾਜੇ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ?” ਸਾਰਿਆਂ ਨੇ ਉੱਚੀ ਆਵਾਜ਼ ਵਿਚ ਕਿਹਾ: “ਹਾਂਜੀ।”

ਫਿਰ ਭਰਾ ਰਦਰਫ਼ਰਡ ਨੇ ਆਪਣੀ ਜ਼ਬਰਦਸਤ ਆਵਾਜ਼ ਵਿਚ ਕਿਹਾ: “ਹੇ ਪਰਮੇਸ਼ੁਰ ਦੇ ਪੁੱਤਰੋ, ਜਾਓ ਅਤੇ ਪ੍ਰਚਾਰ ਦਾ ਕੰਮ ਜ਼ੋਰਾਂ-ਸ਼ੋਰਾ ਨਾਲ ਕਰੋ। ਦੇਖੋ, ਰਾਜਾ ਰਾਜ ਕਰ ਰਿਹਾ ਹੈ। ਤੁਸੀਂ ਉਸ ਦੇ ਰਾਜਦੂਤ ਹੋ। ਇਸ ਲਈ ਐਲਾਨ ਕਰੋ, ਐਲਾਨ ਕਰੋ, ਐਲਾਨ ਕਰੋ!”

ਉਸੇ ਸਮੇਂ ਸਟੇਜ ਉੱਪਰ ਲਪੇਟਿਆ ਕੱਪੜਾ ਖੁੱਲ੍ਹ ਗਿਆ। ਉਸ ਉੱਤੇ ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਸੀ: “ਰਾਜੇ ਅਤੇ ਰਾਜ ਦਾ ਐਲਾਨ ਕਰੋ।”

ਭਰਾ ਰੇਅ ਬੌਪ ਯਾਦ ਕਰਦੇ ਹੋਏ ਦੱਸਦਾ ਹੈ: “ਸਾਰੇ ਭੈਣ-ਭਰਾ ਖ਼ੁਸ਼ੀ ਨਾਲ ਝੂਮ ਉੱਠੇ।” ਭੈਣ ਐਨਾ ਗਾਰਡਨਰ ਯਾਦ ਕਰਦੀ ਹੋਈ ਕਹਿੰਦੀ ਹੈ: “ਸਾਰੀਆਂ ਨੇ ਤਾੜੀਆਂ ਇੰਨੀ ਜ਼ੋਰ ਨਾਲ ਮਾਰੀਆਂ ਕਿ ਕੰਧਾਂ ਹਿੱਲ ਗਈਆਂ।” ਭਰਾ ਫਰੈੱਡ ਤਵਾਰੋਸ਼ ਕਹਿੰਦਾ ਹੈ: “ਸਾਰੀ ਭੀੜ ਇਕਦਮ ਆਪਣੀਆਂ ਕੁਰਸੀਆਂ ਤੋਂ ਖੜ੍ਹੀ ਹੋ ਗਈ।” ਭਰਾ ਈਵਾਨਜਲੋਸ ਸਕੂਫ਼ਸ ਦੱਸਦਾ ਹੈ: “ਇੱਦਾਂ ਲੱਗਾ ਕਿ ਸਾਰਿਆਂ ਦੇ ਇਕਦਮ ਖੜ੍ਹੇ ਹੋਣ ਪਿੱਛੇ ਕਿਸੇ ਸ਼ਕਤੀ ਦਾ ਹੱਥ ਸੀ। ਸਾਰਿਆਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਅੰਝੂ ਸਨ।”

ਉਸ ਸੰਮੇਲਨ ਤੋਂ ਪਹਿਲਾਂ ਵੀ ਕਈ ਭੈਣ-ਭਰਾ ਰਾਜ ਬਾਰੇ ਪ੍ਰਚਾਰ ਕਰ ਰਹੇ ਸਨ। ਪਰ ਉਦੋਂ ਸਾਰੇ ਭੈਣਾਂ-ਭਰਾਵਾਂ ਵਿਚ ਨਵਾਂ ਜੋਸ਼ ਭਰ ਗਿਆ। ਭੈਣ ਐਥਲ ਬੈਨੀਕੌਫ ਦੱਸਦੀ ਹੈ ਕਿ ਉਸ ਦਿਨ ਬਾਈਬਲ ਵਿਦਿਆਰਥੀਆਂ ਵਿਚ “ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜੋਸ਼ ਅਤੇ ਪਿਆਰ ਭਰ ਗਿਆ।” ਉਸ ਵੇਲੇ ਭੈਣ ਔਡੇਸਾ ਟਕ 18 ਸਾਲਾਂ ਦੀ ਸੀ। ਸੰਮੇਲਨ ਤੋਂ ਬਾਅਦ ਉਸ ਨੇ ਇਸ ਸਵਾਲ ਦਾ ਜਵਾਬ ਦੇਣ ਦਾ ਪੱਕਾ ਇਰਾਦਾ ਕੀਤਾ ਕਿ “ਕੌਣ ਸਾਡੇ ਲਈ ਜਾਵੇਗਾ?” ਉਹ ਕਹਿੰਦੀ ਹੈ: “ਮੈਂ ਇਹ ਗੱਲ ਜਾਣਦੀ ਸੀ ਕਿ ਮੈਂ ਯਸਾਯਾਹ ਵਾਂਗ ਬਣਨਾ ਚਾਹੁੰਦੀ ਸੀ ਜਿਸ ਨੇ ਕਿਹਾ: ‘ਮੈਂ ਹਾਜ਼ਰ ਹਾਂ, ਮੈਨੂੰ ਘੱਲੋ।’ ਪਰ ਮੈਨੂੰ ਇਹ ਨਹੀਂ ਸੀ ਪਤਾ ਕਿੱਥੇ, ਕਿੱਦਾਂ ਜਾਂ ਕਿਵੇਂ।” (ਯਸਾ. 6:8) ਭਰਾ ਰਾਲਫ਼ ਲੈਫ਼ਲਰ ਦੱਸਦਾ ਹੈ: “ਉਸ ਖ਼ਾਸ ਦਿਨ ਤੋਂ ਬਾਅਦ ਵੱਡੇ ਪੱਧਰ ’ਤੇ ਰਾਜ ਦਾ ਐਲਾਨ ਕਰਨਾ ਸ਼ੁਰੂ ਹੋਇਆ ਜੋ ਅੱਜ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚ ਗਿਆ ਹੈ।”

ਬਿਨਾਂ ਸ਼ੱਕ ਸੀਡਰ ਪਾਇੰਟ, ਓਹੀਓ ਵਿਚ ਹੋਇਆ ਇਹ ਵੱਡਾ ਸੰਮੇਲਨ ਇਤਿਹਾਸਕ ਸੀ। ਭਰਾ ਜੋਰਜ ਗੈਂਗੱਸ ਕਹਿੰਦਾ ਹੈ: “ਉਸ ਸੰਮੇਲਨ ਨੇ ਮੇਰੇ ਵਿਚ ਇੰਨਾ ਜੋਸ਼ ਭਰਿਆ ਕਿ ਮੈਂ ਹਰ ਸੰਮੇਲਨ ਵਿਚ  ਜਾਣ ਦਾ ਪੱਕਾ ਇਰਾਦਾ ਕੀਤਾ।” ਜਿੱਥੋਂ ਤਕ ਉਸ ਨੂੰ ਯਾਦ ਹੈ ਉਸ ਨੇ ਇਕ ਵੀ ਸੰਮੇਲਨ ਨਹੀਂ ਛੱਡਿਆ। ਜੂਲੀਆ ਵਿਲਕੋਕਸ ਨੇ ਲਿਖਿਆ: “ਜਦੋਂ ਵੀ ਸਾਡੇ ਪ੍ਰਕਾਸ਼ਨਾਂ ਵਿਚ 1922 ਦੇ ਸੀਡਰ ਪਾਇੰਟ, ਓਹੀਓ ਦੇ ਸੰਮੇਲਨ ਦੀ ਗੱਲ ਆਉਂਦੀ ਹੈ, ਤਾਂ ਮੈਂ ਆਪਣੀ ਖ਼ੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਮੈਂ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕਰਦੀ ਹਾਂ ਕਿ ਉਸ ਨੇ ਮੈਨੂੰ ਉਸ ਸੰਮੇਲਨ ਵਿਚ ਜਾਣ ਦਾ ਇੰਨਾ ਵੱਡਾ ਸਨਮਾਨ ਦਿੱਤਾ।”

ਇਨ੍ਹਾਂ ਭੈਣਾਂ-ਭਰਾਵਾਂ ਵਾਂਗ ਸਾਡੇ ਕੋਲ ਵੀ ਕਿਸੇ ਸੰਮੇਲਨ ਦੀਆਂ ਮਿੱਠੀਆਂ ਯਾਦਾਂ ਜ਼ਰੂਰ ਹੋਣਗੀਆਂ। ਉਸ ਸੰਮੇਲਨ ਨੇ ਪੱਕਾ ਸਾਡੇ ਦਿਲਾਂ ਨੂੰ ਛੂਹਿਆ ਹੋਵੇਗਾ ਅਤੇ ਸਾਡੇ ਵਿਚ ਜੋਸ਼ ਭਰਿਆ ਹੋਵੇਗਾ। ਉਸ ਸੰਮੇਲਨ ਕਰਕੇ ਪਰਮੇਸ਼ੁਰ ਅਤੇ ਰਾਜਾ ਯਿਸੂ ਲਈ ਸਾਡਾ ਪਿਆਰ ਜ਼ਰੂਰ ਵਧਿਆ ਹੋਵੇਗਾ। ਆਪਣੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਅਸੀਂ ਵੀ ਕਹਿਣਾ ਚਾਵਾਂਗੇ, “ਹੇ ਯਹੋਵਾਹ ਤੇਰਾ ਲੱਖ-ਲੱਖ ਸ਼ੁਕਰ ਹੈ ਕਿ ਤੂੰ ਮੈਨੂੰ ਸੰਮੇਲਨ ਵਿਚ ਜਾਣ ਦਾ ਇੰਨਾ ਵੱਡਾ ਸਨਮਾਨ ਦਿੱਤਾ।”