Skip to content

Skip to table of contents

‘ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇ’

‘ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇ’

“ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਅਰ ਤੁਸੀਂ ਏਹ ਦਿਨ ਯਹੋਵਾਹ ਲਈ ਪਰਬ ਕਰਕੇ ਮਨਾਇਓ।”​—ਕੂਚ 12:14.

1, 2. ਸਾਰੇ ਮਸੀਹੀਆਂ ਨੂੰ ਕਿਹੜੇ ਇਕ ਤਿਉਹਾਰ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਅਤੇ ਕਿਉਂ?

ਜਦੋਂ ਤੁਸੀਂ ਵਰ੍ਹੇ-ਗੰਢ ਸ਼ਬਦ ਸੁਣਦੇ ਹੋ, ਤਾਂ ਤੁਹਾਡੇ ਮਨ ਵਿਚ ਕੀ ਆਉਂਦਾ ਹੈ? ਕੋਈ ਵਿਆਹੁਤਾ ਵਿਅਕਤੀ ਸ਼ਾਇਦ ਕਹੇ, “ਵਿਆਹ ਦੀ ਵਰ੍ਹੇ-ਗੰਢ।” ਕਈਆਂ ਦੇ ਮਨ ਵਿਚ ਸ਼ਾਇਦ ਕਿਸੇ ਮਸ਼ਹੂਰ ਇਤਿਹਾਸਕ ਘਟਨਾ ਦੀ ਤਾਰੀਖ਼ ਆਵੇ, ਜਿਵੇਂ ਕਿ ਜਿਸ ਦਿਨ ਉਨ੍ਹਾਂ ਦਾ ਦੇਸ਼ ਆਜ਼ਾਦ ਹੋਇਆ ਸੀ। ਕੀ ਤੁਹਾਨੂੰ ਇਕ ਖ਼ਾਸ ਘਟਨਾ ਬਾਰੇ ਪਤਾ ਹੈ ਜਿਸ ਦੀ ਵਰ੍ਹੇ-ਗੰਢ 3,500 ਤੋਂ ਜ਼ਿਆਦਾ ਸਾਲਾਂ ਤੋਂ ਮਨਾਈ ਜਾਂਦੀ ਹੈ?

2 ਇਹ ਘਟਨਾ ਹੈ ਪਸਾਹ ਦਾ ਦਿਨ। ਸਦੀਆਂ ਪਹਿਲਾਂ ਇਸ ਦਿਨ ਇਜ਼ਰਾਈਲੀ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਹੋਏ ਸਨ। ਇਸ ਘਟਨਾ ਵੱਲ ਸਾਨੂੰ ਵੀ ਧਿਆਨ ਦੇਣਾ ਚਾਹੀਦਾ ਹੈ। ਕਿਉਂ? ਕਿਉਂਕਿ ਇਸ ਦਾ ਸਾਡੀ ਜ਼ਿੰਦਗੀ ਉੱਤੇ ਅਸਰ ਪੈਂਦਾ ਹੈ। ਪਰ ਤੁਸੀਂ ਸ਼ਾਇਦ ਸੋਚੋ, ‘ਇਹ ਤਿਉਹਾਰ ਤਾਂ ਯਹੂਦੀ ਮਨਾਉਂਦੇ ਹਨ, ਮੈਂ ਤਾਂ ਯਹੂਦੀ ਨਹੀਂ ਹਾਂ। ਮੈਂ ਕੀ ਲੈਣਾ ਇਸ ਬਾਰੇ ਜਾਣ ਕੇ?’ ਇਸ ਦਾ ਜਵਾਬ ਪੌਲੁਸ ਦੀ ਇਸ ਗੱਲ ਤੋਂ ਮਿਲਦਾ ਹੈ: “ਪਸਾਹ ਦੇ ਲੇਲੇ ਯਿਸੂ ਦੀ ਕੁਰਬਾਨੀ ਦਿੱਤੀ ਜਾ ਚੁੱਕੀ ਹੈ।” (1 ਕੁਰਿੰ. 5:7) ਇਸ ਦਾ ਕੀ ਮਤਲਬ ਹੈ? ਜਵਾਬ ਜਾਣਨ ਲਈ ਜ਼ਰੂਰੀ ਹੈ ਕਿ ਅਸੀਂ ਇਸ ਯਹੂਦੀ ਤਿਉਹਾਰ ਬਾਰੇ ਜਾਣੀਏ ਅਤੇ ਸੋਚੀਏ ਕਿ ਇਸ ਦਾ ਉਸ ਹੁਕਮ ਨਾਲ ਕੀ ਸੰਬੰਧ ਹੈ ਜੋ ਸਾਰੇ ਮਸੀਹੀਆਂ ਨੂੰ ਦਿੱਤਾ ਗਿਆ ਹੈ।

ਪਸਾਹ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਸੀ?

3, 4. ਪਸਾਹ ਦੇ ਤਿਉਹਾਰ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਕੀ ਹੋਇਆ ਸੀ?

3 ਦੁਨੀਆਂ ਭਰ ਵਿਚ ਕਰੋੜਾਂ ਲੋਕਾਂ ਨੂੰ ਜਿਹੜੇ ਯਹੂਦੀ ਨਹੀਂ ਹਨ, ਇਹ ਪਤਾ ਹੈ ਕਿ ਪਸਾਹ ਦੇ ਤਿਉਹਾਰ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਕੀ ਹੋਇਆ ਸੀ। ਉਨ੍ਹਾਂ ਨੇ ਸ਼ਾਇਦ ਇਸ ਬਾਰੇ ਬਾਈਬਲ ਵਿਚ ਕੂਚ ਦੀ ਕਿਤਾਬ ਵਿਚ ਪੜ੍ਹਿਆ ਹੋਵੇ, ਕਿਸੇ ਤੋਂ ਇਸ ਬਾਰੇ ਸੁਣਿਆ ਹੋਵੇ ਜਾਂ ਇਸ ਘਟਨਾ ਉੱਤੇ ਬਣੀ ਕੋਈ ਫ਼ਿਲਮ ਦੇਖੀ ਹੋਵੇ।

4 ਜਦੋਂ ਇਜ਼ਰਾਈਲੀ ਕਈ ਸਾਲਾਂ ਤੋਂ ਮਿਸਰ ਵਿਚ ਗ਼ੁਲਾਮ ਸਨ, ਤਾਂ ਯਹੋਵਾਹ ਨੇ ਮੂਸਾ ਅਤੇ ਉਸ ਦੇ ਭਰਾ ਹਾਰੂਨ ਨੂੰ ਫ਼ਿਰਊਨ ਕੋਲ ਇਹ ਕਹਿਣ ਲਈ ਘੱਲਿਆ ਕਿ ਉਹ ਉਸ ਦੇ ਲੋਕਾਂ ਨੂੰ ਆਜ਼ਾਦ ਕਰ ਦੇਵੇ। ਉਸ ਹੰਕਾਰੀ ਮਿਸਰੀ ਰਾਜੇ ਨੇ ਇਜ਼ਰਾਈਲੀਆਂ ਨੂੰ ਆਜ਼ਾਦ ਕਰਨ  ਤੋਂ ਇਨਕਾਰ ਕਰ ਦਿੱਤਾ, ਇਸ ਲਈ ਯਹੋਵਾਹ ਨੇ ਮਿਸਰ ਦੇ ਲੋਕਾਂ ਉੱਤੇ ਕਈ ਬਿਪਤਾਵਾਂ ਲਿਆਂਦੀਆਂ। ਅਖ਼ੀਰ ਵਿਚ ਯਹੋਵਾਹ ਨੇ ਦਸਵੀਂ ਬਿਪਤਾ ਘੱਲੀ ਜਿਸ ਵਿਚ ਮਿਸਰੀਆਂ ਦੇ ਸਾਰੇ ਜੇਠੇ ਮੁੰਡੇ ਮਰ ਗਏ। ਇਸ ਤੋਂ ਬਾਅਦ ਫ਼ਿਰਊਨ ਨੇ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ।​—ਕੂਚ 1:11; 3:9, 10; 5:1, 2; 11:1, 5.

5. ਆਜ਼ਾਦ ਹੋਣ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਕੀ ਕਰਨਾ ਪੈਣਾ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

5 ਪਰ ਆਜ਼ਾਦ ਹੋਣ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਕੀ ਕਰਨਾ ਪੈਣਾ ਸੀ? ਉਸ ਸਮੇਂ 1513 ਈਸਵੀ ਪੂਰਵ ਦੀ ਬਸੰਤ ਵਿਚ ਇਬਰਾਨੀ ਮਹੀਨਾ ਅਬੀਬ ਚੱਲ ਰਿਹਾ ਸੀ ਜਿਸ ਨੂੰ ਬਾਅਦ ਵਿਚ ਨੀਸਾਨ ਕਿਹਾ ਜਾਣ ਲੱਗਾ। * ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਕਿਹਾ ਕਿ ਉਹ ਉਸ ਮਹੀਨੇ ਦੇ ਦਸਵੇਂ ਦਿਨ ਉਸ ਘਟਨਾ ਲਈ ਤਿਆਰੀ ਸ਼ੁਰੂ ਕਰ ਦੇਣ ਜੋ 14 ਨੀਸਾਨ ਨੂੰ ਸੂਰਜ ਛਿਪਣ ਤੋਂ ਬਾਅਦ ਵਾਪਰਨੀ ਸੀ। ਇਬਰਾਨੀ ਦਿਨ ਸੂਰਜ ਛਿਪਣ ਤੋਂ ਲੈ ਕੇ ਸੂਰਜ ਛਿਪਣ ਤਕ ਹੁੰਦਾ ਸੀ। 14 ਨੀਸਾਨ ਨੂੰ ਹਰ ਪਰਿਵਾਰ ਨੇ ਇਕ ਲੇਲੇ (ਜਾਂ ਮੇਮਣੇ) ਦੀ ਬਲ਼ੀ ਦੇਣੀ ਸੀ ਤੇ ਉਸ ਦਾ ਕੁਝ ਲਹੂ ਆਪਣੇ ਘਰ ਦੇ ਬਾਹਰਲੇ ਦਰਵਾਜ਼ੇ ਦੀ ਚੁਗਾਠ ਦੇ ਦੋਵੇਂ ਪਾਸੇ ਅਤੇ ਉੱਪਰ ਲਾਉਣਾ ਸੀ। (ਕੂਚ 12:3-7, 22, 23) ਫਿਰ ਪੂਰੇ ਪਰਿਵਾਰ ਨੇ ਭੁੰਨਿਆ ਹੋਇਆ ਲੇਲਾ, ਬੇਖ਼ਮੀਰੀ ਰੋਟੀ ਤੇ ਕੌੜੀ ਭਾਜੀ ਖਾਣੀ ਸੀ। ਪਰਮੇਸ਼ੁਰ ਦੇ ਦੂਤ ਨੇ ਉਸ ਦੇਸ਼ ਦੇ ਉੱਪਰੋਂ ਦੀ ਲੰਘ ਕੇ ਮਿਸਰੀਆਂ ਦੇ ਸਾਰੇ ਜੇਠੇ ਮੁੰਡਿਆਂ ਨੂੰ ਮਾਰ ਦੇਣਾ ਸੀ, ਪਰ ਆਗਿਆਕਾਰੀ ਇਜ਼ਰਾਈਲੀਆਂ ਦੇ ਮੁੰਡੇ ਬਚੇ ਰਹਿਣੇ ਸਨ ਅਤੇ ਫਿਰ ਇਜ਼ਰਾਈਲੀਆਂ ਨੇ ਆਜ਼ਾਦ ਹੋ ਜਾਣਾ ਸੀ।​—ਕੂਚ 12:8-13, 29-32.

6. ਇਜ਼ਰਾਈਲੀ ਹਰ ਸਾਲ ਪਸਾਹ ਦਾ ਤਿਉਹਾਰ ਕਿਉਂ ਮਨਾਉਂਦੇ ਰਹੇ?

6 ਉਸ ਦਿਨ ਇਸੇ ਤਰ੍ਹਾਂ ਹੋਇਆ। ਇਸ ਕਰਕੇ ਇਜ਼ਰਾਈਲੀਆਂ ਨੂੰ ਹਰ ਸਾਲ ਇਹ ਦਿਨ ਮਨਾਉਣ ਦਾ ਹੁਕਮ ਦਿੱਤਾ ਗਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: “ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਅਰ ਤੁਸੀਂ ਏਹ ਦਿਨ ਯਹੋਵਾਹ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਏਸ ਨੂੰ ਸਦੀਪਕ ਬਿਧੀ ਦਾ ਪਰਬ ਮਨਾਇਓ।” 14 ਨੀਸਾਨ ਨੂੰ ਇਹ ਦਿਨ ਮਨਾਉਣ ਤੋਂ ਬਾਅਦ ਇਜ਼ਰਾਈਲੀਆਂ ਨੇ ਸੱਤ ਦਿਨ ਤਿਉਹਾਰ ਮਨਾਉਣਾ ਸੀ। ਪਸਾਹ 14 ਨੀਸਾਨ ਨੂੰ ਹੁੰਦਾ ਸੀ, ਪਰ ਸਾਰੇ ਅੱਠਾਂ ਦਿਨਾਂ ਦੇ ਤਿਉਹਾਰ ਨੂੰ ਪਸਾਹ ਦਾ ਤਿਉਹਾਰ ਕਿਹਾ ਜਾਂਦਾ ਸੀ। (ਕੂਚ 12:14-17; ਲੂਕਾ 22:1; ਯੂਹੰ. 18:28; 19:14) ਇਜ਼ਰਾਈਲੀਆਂ ਨੂੰ ਹਰ ਸਾਲ ਜਿਹੜੇ ਤਿਉਹਾਰ ਮਨਾਉਣ ਲਈ ਕਹੇ ਗਏ ਸਨ, ਉਨ੍ਹਾਂ ਵਿੱਚੋਂ ਪਸਾਹ ਦਾ ਤਿਉਹਾਰ ਇਕ ਸੀ।​—2 ਇਤ. 8:13.

7. ਆਖ਼ਰੀ ਵਾਰ ਪਸਾਹ ਦਾ ਤਿਉਹਾਰ ਮਨਾਉਣ ਤੋਂ ਬਾਅਦ ਯਿਸੂ ਨੇ ਕਿਹੜੇ ਤਿਉਹਾਰ ਦੀ ਸ਼ੁਰੂਆਤ ਕੀਤੀ ਸੀ?

7 ਯਿਸੂ ਤੇ ਉਸ ਦੇ ਰਸੂਲ ਵੀ ਹਰ ਸਾਲ ਇਹ ਤਿਉਹਾਰ ਮਨਾਉਂਦੇ ਸਨ ਕਿਉਂਕਿ ਉਹ ਯਹੂਦੀ ਹੋਣ ਕਰਕੇ ਮੂਸਾ ਦੇ ਕਾਨੂੰਨ ਅਧੀਨ ਸਨ। (ਮੱਤੀ 26:17-19) ਜਿਸ ਦਿਨ ਉਨ੍ਹਾਂ ਨੇ ਆਖ਼ਰੀ ਵਾਰ ਪਸਾਹ ਦਾ ਤਿਉਹਾਰ ਮਨਾਇਆ, ਉਸ ਦਿਨ ਯਿਸੂ ਨੇ ਇਕ ਨਵੇਂ ਤਿਉਹਾਰ ਦੀ ਸ਼ੁਰੂਆਤ ਕੀਤੀ ਜਿਸ ਨੂੰ ਉਸ ਦੇ ਚੇਲਿਆਂ ਨੇ ਹਰ ਸਾਲ ਮਨਾਉਣਾ ਸੀ। ਇਹ ਤਿਉਹਾਰ ਸੀ ਪ੍ਰਭੂ ਦਾ ਭੋਜਨ। ਉਨ੍ਹਾਂ ਨੇ ਇਹ ਕਿਸ ਦਿਨ ਮਨਾਉਣਾ ਸੀ?

ਪ੍ਰਭੂ ਦਾ ਭੋਜਨ—ਕਿਸ ਦਿਨ?

8. ਪਸਾਹ ਅਤੇ ਪ੍ਰਭੂ ਦੇ ਭੋਜਨ ਦੇ ਸੰਬੰਧ ਵਿਚ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?

8 ਯਿਸੂ ਨੇ ਆਖ਼ਰੀ ਪਸਾਹ ਮਨਾਉਣ ਤੋਂ ਬਾਅਦ ਇਸ ਨਵੇਂ ਤਿਉਹਾਰ ਦੀ ਸ਼ੁਰੂਆਤ ਕੀਤੀ ਸੀ, ਇਸ ਲਈ ਇਹ ਨਵਾਂ ਤਿਉਹਾਰ ਪਸਾਹ ਦੇ ਦਿਨ ਹੀ ਮਨਾਇਆ ਜਾਣਾ ਸੀ। ਪਰ ਤੁਸੀਂ ਸ਼ਾਇਦ ਦੇਖਿਆ ਹੋਣਾ ਕਿ ਅੱਜ ਯਹੂਦੀ ਪਸਾਹ ਦਾ ਦਿਨ ਕਿਸੇ ਹੋਰ ਦਿਨ ਮਨਾਉਂਦੇ ਹਨ ਤੇ ਯਹੋਵਾਹ ਦੇ ਗਵਾਹ ਮਸੀਹ ਦੀ ਮੌਤ ਦੀ ਵਰ੍ਹੇ-ਗੰਢ ਕਿਸੇ ਹੋਰ ਦਿਨ। ਇਨ੍ਹਾਂ ਦੀਆਂ ਤਾਰੀਖ਼ਾਂ ਵਿਚ ਇਕ ਜਾਂ ਜ਼ਿਆਦਾ ਦਿਨਾਂ ਦਾ ਫ਼ਰਕ ਹੁੰਦਾ ਹੈ। ਕਿਉਂ? ਕੁਝ ਹੱਦ ਤਕ ਇਸ ਦਾ ਜਵਾਬ ਇਜ਼ਰਾਈਲੀਆਂ ਨੂੰ ਦਿੱਤੇ ਪਰਮੇਸ਼ੁਰ ਦੇ ਇਕ ਹੁਕਮ ਤੋਂ ਮਿਲਦਾ ਹੈ। ਜਦੋਂ “ਇਸਰਾਏਲ ਦੀ ਮੰਡਲੀ ਦੀ ਸਾਰੀ ਸਭਾ” ਨੂੰ ਲੇਲੇ ਦੀ ਬਲ਼ੀ ਦੇਣ ਦਾ ਹੁਕਮ ਦਿੱਤਾ ਗਿਆ ਸੀ, ਤਾਂ ਉਸ ਵੇਲੇ ਮੂਸਾ ਨੇ ਸਾਫ਼ ਦੱਸਿਆ ਸੀ ਕਿ ਇਹ ਬਲ਼ੀ ਕਦੋਂ ਦਿੱਤੀ ਜਾਣੀ ਸੀ।​—ਕੂਚ 12:5, 6 ਪੜ੍ਹੋ।

9. ਕੂਚ 12:6 ਮੁਤਾਬਕ ਪਸਾਹ ਦੇ ਲੇਲੇ ਦੀ ਬਲ਼ੀ ਕਦੋਂ ਦਿੱਤੀ ਜਾਣੀ ਸੀ?

 9 ਕੂਚ 12:6 ਮੁਤਾਬਕ ਲੇਲੇ ਦੀ ਬਲ਼ੀ “ਸ਼ਾਮ ਨੂੰ” ਦਿੱਤੀ ਜਾਣੀ ਸੀ। ਯਹੂਦੀ ਟਾਨਾਕ ਤੇ ਬਾਈਬਲ ਦੇ ਕੁਝ ਹੋਰ ਤਰਜਮਿਆਂ ਵਿਚ ਸ਼ਾਮ ਲਈ ਵਰਤੇ ਗਏ ਇਬਰਾਨੀ ਸ਼ਬਦ ਨੂੰ “ਤਰਕਾਲਾਂ ਵੇਲੇ” ਜਾਂ “ਘੁਸਮੁਸਾ ਹੋਣ ਤੇ” ਕੀਤਾ ਗਿਆ ਹੈ। ਇਸ ਲਈ ਲੇਲੇ ਦੀ ਬਲ਼ੀ 14 ਨੀਸਾਨ ਦੇ ਸ਼ੁਰੂ ਵਿਚ ਦਿੱਤੀ ਜਾਣੀ ਸੀ ਜਦੋਂ ਸੂਰਜ ਛਿਪਣ ਤੋਂ ਬਾਅਦ ਅਜੇ ਥੋੜ੍ਹਾ ਚਾਨਣ ਹੁੰਦਾ ਸੀ।

10. ਕੁਝ ਯਹੂਦੀਆਂ ਮੁਤਾਬਕ ਲੇਲੇ ਦੀ ਬਲ਼ੀ ਕਦੋਂ ਦਿੱਤੀ ਜਾਂਦੀ ਸੀ, ਪਰ ਇਸ ਸੰਬੰਧੀ ਕਿਹੜਾ ਸਵਾਲ ਪੈਦਾ ਹੁੰਦਾ ਹੈ?

10 ਸਮੇਂ ਦੇ ਬੀਤਣ ਨਾਲ ਕੁਝ ਯਹੂਦੀ ਸੋਚਣ ਲੱਗ ਪਏ ਕਿ ਮੰਦਰ ਵਿਚ ਲਿਆਂਦੇ ਸਾਰੇ ਲੇਲਿਆਂ ਦੀ ਬਲ਼ੀ ਦੇਣ ਵਿਚ ਸ਼ਾਇਦ ਕਈ ਘੰਟੇ ਲੱਗ ਜਾਂਦੇ ਹੋਣੇ। ਇਸ ਲਈ ਉਨ੍ਹਾਂ ਮੁਤਾਬਕ ਕੂਚ 12:6 ਵਿਚ 14 ਨੀਸਾਨ ਨੂੰ ਦੁਪਹਿਰ ਨੂੰ ਦਿਨ ਢਲ਼ਣਾ ਸ਼ੁਰੂ ਹੋਣ ਤੋਂ ਲੈ ਕੇ ਸੂਰਜ ਛਿਪਣ ਤਕ ਕੁਝ ਘੰਟਿਆਂ ਦੀ ਗੱਲ ਕੀਤੀ ਗਈ ਸੀ। ਪਰ ਜੇ ਇਸ ਦਾ ਇਹ ਮਤਲਬ ਹੈ, ਤਾਂ ਫਿਰ ਪਸਾਹ ਦਾ ਭੋਜਨ ਕਦੋਂ ਖਾਧਾ ਜਾਂਦਾ ਸੀ? ਪ੍ਰਾਚੀਨ ਯਹੂਦੀ ਧਰਮ ਦੇ ਮਾਹਰ ਇਕ ਪ੍ਰੋਫ਼ੈਸਰ ਨੇ ਇਸ ਬਾਰੇ ਕਿਹਾ: “ਨਵਾਂ ਦਿਨ ਸੂਰਜ ਛਿਪਣ ਤੋਂ ਬਾਅਦ ਸ਼ੁਰੂ ਹੁੰਦਾ ਹੈ, ਇਸ ਲਈ ਬਲ਼ੀ 14 ਨੀਸਾਨ ਨੂੰ ਦਿੱਤੀ ਜਾਂਦੀ ਹੈ, ਪਰ ਪਸਾਹ ਦਾ ਤਿਉਹਾਰ 15 ਨੀਸਾਨ ਨੂੰ ਸ਼ੁਰੂ ਹੁੰਦਾ ਹੈ ਤੇ ਉਸ ਦਿਨ ਪਸਾਹ ਦਾ ਭੋਜਨ ਖਾਧਾ ਜਾਂਦਾ ਹੈ। ਪਰ ਇਹ ਗੱਲ ਬਾਈਬਲ ਵਿਚ ਕੂਚ ਦੀ ਕਿਤਾਬ ਵਿਚ ਨਹੀਂ ਪਾਈ ਜਾਂਦੀ।” ਉਸ ਨੇ ਇਹ ਵੀ ਕਿਹਾ ਕਿ ਯਹੂਦੀ ਧਰਮ-ਗੁਰੂਆਂ ਦੀਆਂ ਲਿਖਤਾਂ ਵਿਚ ਇਹ ਨਹੀਂ ਦੱਸਿਆ ਗਿਆ ਹੈ ਕਿ ਸੰਨ 70 ਈਸਵੀ ਵਿਚ ਮੰਦਰ ਦੀ ਤਬਾਹੀ ਤੋਂ ਪਹਿਲਾਂ ਪਸਾਹ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਸੀ।

11. (ੳ) ਸੰਨ 33 ਈਸਵੀ ਨੂੰ ਪਸਾਹ ਦੇ ਦਿਨ ਯਿਸੂ ਨਾਲ ਕੀ-ਕੀ ਹੋਇਆ ਸੀ? (ਅ) ਸੰਨ 33 ਈਸਵੀ ਦੀ 15 ਨੀਸਾਨ ਦਾ ਸਬਤ “ਖ਼ਾਸ ਸਬਤ” ਕਿਉਂ ਸੀ? (ਫੁਟਨੋਟ ਦੇਖੋ।)

11 ਤਾਂ ਫਿਰ ਸੰਨ 33 ਈਸਵੀ ਵਿਚ ਪਸਾਹ ਦਾ ਤਿਉਹਾਰ ਕਦੋਂ ਮਨਾਇਆ ਗਿਆ ਸੀ? ਜਦੋਂ ‘ਪਸਾਹ ਦੇ ਜਾਨਵਰ ਦੀ ਬਲ਼ੀ ਚੜ੍ਹਾਉਣ’ ਦਾ ਸਮਾਂ ਨੇੜੇ ਆਇਆ, ਤਾਂ 13 ਨੀਸਾਨ ਨੂੰ ਮਸੀਹ ਨੇ ਪਤਰਸ ਅਤੇ ਯੂਹੰਨਾ ਨੂੰ ਕਿਹਾ: “ਜਾ ਕੇ ਸਾਡੇ ਲਈ ਪਸਾਹ ਦਾ ਖਾਣਾ ਤਿਆਰ ਕਰੋ।” (ਲੂਕਾ 22:7, 8) ਫਿਰ “ਕੁਝ ਚਿਰ ਬਾਅਦ” 14 ਨੀਸਾਨ ਨੂੰ ਸੂਰਜ ਛਿਪਣ ਤੋਂ ਬਾਅਦ “ਪਸਾਹ ਦਾ ਖਾਣਾ ਖਾਣ ਦਾ ਸਮਾਂ ਆਇਆ,” ਇਹ ਵੀਰਵਾਰ ਸ਼ਾਮ ਦਾ ਸਮਾਂ ਸੀ। ਯਿਸੂ ਨੇ ਆਪਣੇ ਰਸੂਲਾਂ ਨਾਲ ਇਹ ਭੋਜਨ ਖਾਧਾ ਅਤੇ ਫਿਰ ਉਸ ਨੇ ਪ੍ਰਭੂ ਦੇ ਭੋਜਨ ਦੀ ਸ਼ੁਰੂਆਤ ਕੀਤੀ। (ਲੂਕਾ 22:14, 15) ਉਸੇ ਰਾਤ ਉਸ ਨੂੰ ਗਿਰਫ਼ਤਾਰ ਕਰ ਕੇ ਮੁਕੱਦਮਾ ਚਲਾਇਆ ਗਿਆ। ਯਿਸੂ ਨੂੰ 14 ਨੀਸਾਨ ਨੂੰ ਦੁਪਹਿਰ ਕੁ ਵੇਲੇ ਸੂਲ਼ੀ ’ਤੇ ਟੰਗਿਆ ਗਿਆ ਤੇ ਉਸੇ ਦੁਪਹਿਰ ਉਸ ਦੀ ਮੌਤ ਹੋ ਗਈ। (ਯੂਹੰ. 19:14) ਇਸ ਤਰ੍ਹਾਂ ਜਿਸ ਦਿਨ ਪਸਾਹ ਦੇ ਲੇਲੇ ਦੀ ਬਲ਼ੀ ਦਿੱਤੀ ਗਈ ਸੀ, ਉਸੇ ਦਿਨ “ਪਸਾਹ ਦੇ ਲੇਲੇ ਯਿਸੂ ਦੀ ਕੁਰਬਾਨੀ ਦਿੱਤੀ” ਗਈ। (1 ਕੁਰਿੰ. 5:7; 11:23; ਮੱਤੀ 26:2) 14 ਨੀਸਾਨ ਦਾ ਦਿਨ ਖ਼ਤਮ ਹੋਣ ਅਤੇ 15 ਨੀਸਾਨ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਯਿਸੂ ਨੂੰ ਦਫ਼ਨਾ ਦਿੱਤਾ ਗਿਆ ਸੀ। *​—ਲੇਵੀ. 23:5-7; ਲੂਕਾ 23:54.

ਇਕ ਯਾਦਗਾਰੀ ਦਿਨ ਤੋਂ ਤੁਹਾਡੇ ਲਈ ਸਬਕ

12, 13. ਇਜ਼ਰਾਈਲੀ ਬੱਚਿਆਂ ਲਈ ਪਸਾਹ ਦਾ ਦਿਨ “ਇੱਕ ਯਾਦਗਾਰ” ਕਿਵੇਂ ਬਣਦਾ ਸੀ?

12 ਆਓ ਆਪਾਂ ਮਿਸਰ ਵਿਚ ਘਟੀ ਘਟਨਾ ਬਾਰੇ ਦੁਬਾਰਾ ਗੱਲ ਕਰੀਏ। ਮੂਸਾ ਨੇ ਕਿਹਾ ਸੀ ਕਿ ਭਵਿੱਖ ਵਿਚ ਪਰਮੇਸ਼ੁਰ ਦੇ ਲੋਕ “ਸਦਾ” ਲਈ ਪਸਾਹ ਮਨਾਉਣ। ਹਰ ਸਾਲ ਇਸ ਦਿਨ ਬੱਚਿਆਂ ਨੇ ਆਪਣੇ ਮਾਂ-ਬਾਪ ਤੋਂ ਇਸ ਘਟਨਾ ਬਾਰੇ ਸਵਾਲ ਪੁੱਛਣੇ ਸਨ। (ਕੂਚ 12:24-27 ਪੜ੍ਹੋ; ਬਿਵ. 6:20-23) ਇਸ ਤਰ੍ਹਾਂ ਬੱਚਿਆਂ ਵਾਸਤੇ ਵੀ ਪਸਾਹ ਦਾ ਦਿਨ “ਇੱਕ ਯਾਦਗਾਰ” ਹੋਣਾ ਸੀ।​—ਕੂਚ 12:14.

13 ਪੀੜ੍ਹੀਓ-ਪੀੜ੍ਹੀ ਇਜ਼ਰਾਈਲੀਆਂ ਨੇ ਆਪਣੇ ਬੱਚਿਆਂ ਨੂੰ ਪਸਾਹ ਬਾਰੇ ਅਹਿਮ ਸਬਕ ਸਿਖਾਏ। ਇਕ ਸਬਕ ਇਹ ਸੀ: ਯਹੋਵਾਹ ਵਿਚ ਆਪਣੇ ਭਗਤਾਂ ਦੀ ਰਾਖੀ ਕਰਨ ਦੀ ਤਾਕਤ ਸੀ। ਨਾਲੇ ਯਹੋਵਾਹ ਜੀਉਂਦਾ  ਪਰਮੇਸ਼ੁਰ ਹੈ, ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਦਾ ਹੈ। ਉਸ ਨੇ ਇਸ ਦਾ ਸਬੂਤ ਉਦੋਂ ਦਿੱਤਾ ਜਦੋਂ “ਉਸ ਨੇ ਮਿਸਰੀਆਂ ਨੂੰ ਮਾਰਿਆ” ਤੇ ਇਜ਼ਰਾਈਲੀਆਂ ਦੇ ਜੇਠੇ ਪੁੱਤਰਾਂ ਨੂੰ ਬਚਾਇਆ ਸੀ।

14. ਮਸੀਹੀ ਮਾਪੇ ਆਪਣੇ ਬੱਚਿਆਂ ਨੂੰ ਪਸਾਹ ਬਾਰੇ ਕਿਹੜਾ ਸਬਕ ਸਿਖਾ ਸਕਦੇ ਹਨ?

14 ਮਸੀਹੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹਰ ਸਾਲ ਪਸਾਹ ਦੀ ਕਹਾਣੀ ਸੁਣਾਉਣ ਦਾ ਹੁਕਮ ਨਹੀਂ ਦਿੱਤਾ ਗਿਆ ਹੈ। ਪਰ ਕੀ ਤੁਸੀਂ ਆਪਣੇ ਬੱਚਿਆਂ ਨੂੰ ਪਸਾਹ ਬਾਰੇ ਇਹ ਸਬਕ ਸਿਖਾਉਂਦੇ ਹੋ ਕਿ ਯਹੋਵਾਹ ਵਿਚ ਆਪਣੇ ਲੋਕਾਂ ਦੀ ਰਾਖੀ ਕਰਨ ਦੀ ਤਾਕਤ ਹੈ? ਕੀ ਬੱਚਿਆਂ ਨੂੰ ਦਿਖਾਈ ਦਿੰਦਾ ਹੈ ਕਿ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਯਹੋਵਾਹ ਅੱਜ ਵੀ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ? (ਜ਼ਬੂ. 27:11; ਯਸਾ. 12:2) ਕੀ ਤੁਸੀਂ ਇਹ ਗੱਲ ਭਾਸ਼ਣ ਦੇ ਕੇ ਸਿਖਾਉਂਦੇ ਹੋ ਜਾਂ ਫਿਰ ਉਨ੍ਹਾਂ ਨਾਲ ਪਿਆਰ ਨਾਲ ਗੱਲਬਾਤ ਕਰ ਕੇ? ਇਹ ਸਬਕ ਯਹੋਵਾਹ ਨਾਲ ਰਿਸ਼ਤਾ ਪੱਕਾ ਕਰਨ ਵਿਚ ਤੁਹਾਡੇ ਪਰਿਵਾਰ ਦੀ ਮਦਦ ਕਰੇਗਾ।

ਪਸਾਹ ਬਾਰੇ ਚਰਚਾ ਕਰਦੇ ਹੋਏ ਤੁਸੀਂ ਆਪਣੇ ਬੱਚਿਆਂ ਨੂੰ ਕਿਹੜੇ ਸਬਕ ਸਿਖਾ ਸਕਦੇ ਹੋ? (ਪੈਰਾ 14 ਦੇਖੋ)

15, 16. ਪਸਾਹ ਦੇ ਦਿਨ ਅਤੇ ਕੂਚ ਦੀ ਕਿਤਾਬ ਵਿਚ ਦਿੱਤੇ ਬਿਰਤਾਂਤਾਂ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖ ਸਕਦੇ ਹਾਂ?

15 ਪਸਾਹ ਤੋਂ ਅਸੀਂ ਸਿਰਫ਼ ਇਹੀ ਨਹੀਂ ਸਿੱਖਦੇ ਕਿ ਯਹੋਵਾਹ ਵਿਚ ਆਪਣੇ ਲੋਕਾਂ ਦੀ ਰਾਖੀ ਕਰਨ ਦੀ ਤਾਕਤ ਹੈ, ਸਗੋਂ ਉਹ ਉਨ੍ਹਾਂ ਨੂੰ ਬਚਾਉਂਦਾ ਵੀ ਹੈ। ਉਹ ਇਜ਼ਰਾਈਲੀਆਂ ਨੂੰ ਬਚਾ ਕੇ ‘ਮਿਸਰ ਵਿੱਚੋਂ ਕੱਢ ਲਿਆਇਆ ਸੀ।’ ਜ਼ਰਾ ਸੋਚੋ ਕਿ ਯਹੋਵਾਹ ਨੇ ਇਹ ਕਿਵੇਂ ਕੀਤਾ ਸੀ। ਬੱਦਲ ਅਤੇ ਅੱਗ ਦੇ ਇਕ ਥੰਮ੍ਹ ਨੇ ਉਨ੍ਹਾਂ ਦੇ ਅੱਗੇ-ਅੱਗੇ ਜਾ ਕੇ ਉਨ੍ਹਾਂ ਨੂੰ ਰਾਹ ਦਿਖਾਇਆ। ਜਦੋਂ ਲਾਲ ਸਮੁੰਦਰ ਦਾ ਪਾਣੀ ਦੋ ਹਿੱਸੇ ਹੋ ਕੇ ਕੰਧਾਂ ਵਾਂਗ ਸੱਜੇ-ਖੱਬੇ ਖੜ੍ਹ ਗਿਆ ਸੀ, ਤਾਂ ਉਨ੍ਹਾਂ ਨੇ ਸੁੱਕੀ ਜ਼ਮੀਨ ਤੋਂ ਲਾਲ ਸਮੁੰਦਰ ਪਾਰ ਕੀਤਾ। ਜਦੋਂ ਉਹ ਸਹੀ-ਸਲਾਮਤ ਦੂਜੇ ਪਾਸੇ ਪਹੁੰਚ ਗਏ, ਤਾਂ ਉਨ੍ਹਾਂ ਨੇ ਮਿਸਰੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਡੁੱਬਦੇ ਦੇਖਿਆ। ਆਜ਼ਾਦ ਹੋਣ ਤੋਂ ਬਾਅਦ ਇਜ਼ਰਾਈਲੀਆਂ ਨੇ ਗੀਤ ਗਾਉਂਦੇ ਹੋਏ ਕਿਹਾ: “ਮੈਂ ਯਹੋਵਾਹ ਲਈ ਗਾਵਾਂਗਾ . . . ਉਸ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ। ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ।”​—ਕੂਚ 13:14, 21, 22; 15:1, 2; ਜ਼ਬੂ. 136:11-15.

16 ਜੇ ਤੁਹਾਡੇ ਬੱਚੇ ਹਨ, ਤਾਂ ਕੀ ਤੁਸੀਂ ਉਨ੍ਹਾਂ ਦੀ ਇਹ ਭਰੋਸਾ ਰੱਖਣ ਵਿਚ ਮਦਦ ਕਰਦੇ ਹੋ ਕਿ ਉਹ ਆਪਣੇ ਲੋਕਾਂ ਨੂੰ ਬਚਾਉਂਦਾ ਹੈ? ਕੀ ਉਹ ਤੁਹਾਡੀ ਗੱਲਬਾਤ ਅਤੇ ਫ਼ੈਸਲਿਆਂ ਤੋਂ ਦੇਖ ਸਕਦੇ ਹਨ ਕਿ ਤੁਹਾਨੂੰ ਵੀ ਯਹੋਵਾਹ ’ਤੇ ਭਰੋਸਾ ਹੈ? ਤੁਸੀਂ ਆਪਣੀ ਪਰਿਵਾਰਕ ਸਟੱਡੀ ਵਿਚ ਕੂਚ ਅਧਿਆਇ 12-15 ਪੜ੍ਹ ਕੇ ਚਰਚਾ ਕਰੋ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿੱਦਾਂ ਬਚਾਇਆ ਸੀ। ਨਾਲੇ ਤੁਸੀਂ ਰਸੂਲਾਂ ਦੇ ਕੰਮ 7:30-36 ਜਾਂ ਦਾਨੀਏਲ 3:16-18, 26-28 ਉੱਤੇ ਵੀ ਚਰਚਾ ਕਰ ਕੇ ਇਹ ਸਬਕ ਸਿਖਾ ਸਕਦੇ ਹੋ। ਜੀ ਹਾਂ, ਛੋਟੇ-ਵੱਡੇ ਸਾਰੇ ਮਸੀਹੀਆਂ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਯਹੋਵਾਹ ਨੇ ਆਪਣੇ ਭਗਤਾਂ ਨੂੰ ਮੂਸਾ ਦੇ ਸਮੇਂ ਵਿਚ ਹੀ ਨਹੀਂ ਬਚਾਇਆ ਸੀ, ਸਗੋਂ ਉਹ ਭਵਿੱਖ ਵਿਚ ਸਾਨੂੰ ਵੀ ਬਚਾਵੇਗਾ।​—1 ਥੱਸਲੁਨੀਕੀਆਂ 1:9, 10 ਪੜ੍ਹੋ।

ਸਾਡੇ ਲਈ ਯਾਦ ਰੱਖਣ ਵਾਲੀਆਂ ਗੱਲਾਂ

17, 18. ਯਿਸੂ ਦਾ ਲਹੂ ਪਸਾਹ ਦੇ ਲੇਲੇ ਦੇ ਲਹੂ ਨਾਲੋਂ ਜ਼ਿਆਦਾ ਕੀਮਤੀ ਕਿਵੇਂ ਹੈ?

17 ਸੱਚੇ ਮਸੀਹੀ ਯਹੂਦੀ ਪਸਾਹ ਦਾ ਤਿਉਹਾਰ ਨਹੀਂ ਮਨਾਉਂਦੇ। ਇਹ ਤਿਉਹਾਰ ਮੂਸਾ ਦੇ ਕਾਨੂੰਨ ਦਾ ਹਿੱਸਾ  ਸੀ ਅਤੇ ਅਸੀਂ ਇਸ ਕਾਨੂੰਨ ਅਧੀਨ ਨਹੀਂ ਹਾਂ। (ਰੋਮੀ. 10:4; ਕੁਲੁ. 2:13-16) ਇਸ ਦੀ ਬਜਾਇ, ਅਸੀਂ ਇਕ ਹੋਰ ਵਰ੍ਹੇ-ਗੰਢ ਮਨਾਉਂਦੇ ਹਾਂ ਜੋ ਸਾਡੇ ਲਈ ਬਹੁਤ ਅਹਿਮੀਅਤ ਰੱਖਦੀ ਹੈ। ਉਹ ਹੈ ਪਰਮੇਸ਼ੁਰ ਦੇ ਪੁੱਤਰ ਦੀ ਮੌਤ ਦਾ ਦਿਨ। ਪਰ ਅਸੀਂ ਪਸਾਹ ਤੋਂ ਕਈ ਗੱਲਾਂ ਸਿੱਖ ਸਕਦੇ ਹਾਂ।

18 ਆਪਣੇ ਘਰਾਂ ਦੇ ਬਾਹਰਲੇ ਦਰਵਾਜ਼ਿਆਂ ਦੀਆਂ ਚੁਗਾਠਾਂ ਉੱਤੇ ਲੇਲੇ ਦਾ ਲਹੂ ਲਾਉਣ ਨਾਲ ਇਜ਼ਰਾਈਲੀਆਂ ਦੇ ਜੇਠੇ ਮੁੰਡਿਆਂ ਦੀਆਂ ਜਾਨਾਂ ਬਚੀਆਂ ਸਨ। ਅੱਜ ਅਸੀਂ ਪਸਾਹ ਦੇ ਦਿਨ ਜਾਂ ਕਿਸੇ ਹੋਰ ਦਿਨ ਪਰਮੇਸ਼ੁਰ ਨੂੰ ਜਾਨਵਰਾਂ ਦੀਆਂ ਬਲ਼ੀਆਂ ਨਹੀਂ ਚੜ੍ਹਾਉਂਦੇ। ਪਰ ਇਕ ਹੋਰ ਕੁਰਬਾਨੀ ਦਾ ਲਹੂ ਇਸ ਤੋਂ ਜ਼ਿਆਦਾ ਕੀਮਤੀ ਹੈ। ਇਸ ਰਾਹੀਂ ਲੋਕਾਂ ਦੀਆਂ ਜਾਨਾਂ ਹੀ ਨਹੀਂ ਬਚਣਗੀਆਂ, ਸਗੋਂ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। ਪੌਲੁਸ ਰਸੂਲ ਨੇ ਦੱਸਿਆ ਸੀ ਕਿ ਇਹ ਯਿਸੂ ਦਾ ਲਹੂ ਹੈ। ਉਸ ਨੇ “ਪਰਮੇਸ਼ੁਰ ਦੇ ਜੇਠੇ ਪੁੱਤਰਾਂ ਦੀ ਮੰਡਲੀ” ਬਾਰੇ ਲਿਖਿਆ ਸੀ “ਜਿਨ੍ਹਾਂ ਦੇ ਨਾਂ ਸਵਰਗ ਵਿਚ ਲਿਖੇ ਗਏ ਹਨ।” ਚੁਣੇ ਹੋਏ ਮਸੀਹੀਆਂ ਦੀਆਂ ਜ਼ਿੰਦਗੀਆਂ ਯਿਸੂ ਦੇ “ਛਿੜਕੇ ਗਏ ਲਹੂ” ਰਾਹੀਂ ਬਚਾਈਆਂ ਜਾਂਦੀਆਂ ਹਨ। (ਇਬ. 12:23, 24) ਧਰਤੀ ਉੱਤੇ ਹਮੇਸ਼ਾ ਜੀਉਣ ਦੀ ਆਸ ਰੱਖਣ ਵਾਲੇ ਮਸੀਹੀਆਂ ਨੂੰ ਵੀ ਇਸੇ ਲਹੂ ਰਾਹੀਂ ਬਚਾਇਆ ਜਾਵੇਗਾ। ਉਨ੍ਹਾਂ ਨੂੰ ਆਪਣੇ ਆਪ ਨੂੰ ਇਹ ਗੱਲ ਯਾਦ ਕਰਾਉਂਦੇ ਰਹਿਣਾ ਚਾਹੀਦਾ ਹੈ: “ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਲਹੂ ਦੀ ਕੀਮਤ ਦੇ ਕੇ ਸਾਨੂੰ ਛੁਡਾਇਆ ਹੈ ਅਤੇ ਆਪਣੀ ਅਪਾਰ ਕਿਰਪਾ ਕਰ ਕੇ ਸਾਡੇ ਪਾਪ ਮਾਫ਼ ਕੀਤੇ ਹਨ।”​—ਅਫ਼. 1:7.

19. ਜਿਸ ਤਰੀਕੇ ਨਾਲ ਯਿਸੂ ਦੀ ਮੌਤ ਹੋਈ ਸੀ, ਉਸ ਕਰਕੇ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਕਿਵੇਂ ਵਧਦਾ ਹੈ?

19 ਜਦੋਂ ਪਸਾਹ ਦੇ ਭੋਜਨ ਲਈ ਲੇਲੇ ਦੀ ਕੁਰਬਾਨੀ ਦਿੱਤੀ ਜਾਂਦੀ ਸੀ, ਤਾਂ ਲੇਲੇ ਦੀ ਕੋਈ ਹੱਡੀ ਨਹੀਂ ਤੋੜੀ ਜਾਂਦੀ ਸੀ। (ਕੂਚ 12:46; ਗਿਣ. 9:11, 12) ਕੀ ‘ਪਰਮੇਸ਼ੁਰ ਦੇ ਲੇਲੇ’ ਯਿਸੂ ਦੀ ਵੀ ਕੋਈ ਹੱਡੀ ਤੋੜੀ ਗਈ ਜਿਸ ਨੇ ਆਪਣੀ ਜਾਨ ਰਿਹਾਈ ਦੀ ਕੀਮਤ ਦੇ ਤੌਰ ਤੇ ਦਿੱਤੀ ਸੀ? (ਯੂਹੰ. 1:29) ਉਸ ਨੂੰ ਸੂਲ਼ੀ ਉੱਤੇ ਟੰਗਿਆ ਗਿਆ ਅਤੇ ਉਸ ਦੇ ਸੱਜੇ ਤੇ ਖੱਬੇ ਦੋ ਅਪਰਾਧੀਆਂ ਨੂੰ ਟੰਗਿਆ ਗਿਆ। ਯਹੂਦੀਆਂ ਨੇ ਪਿਲਾਤੁਸ ਨੂੰ ਕਿਹਾ ਕਿ ਸੂਲ਼ੀ ’ਤੇ ਟੰਗੇ ਆਦਮੀਆਂ ਦੀਆਂ ਹੱਡੀਆਂ ਤੋੜੀਆਂ ਜਾਣ। ਇਸ ਤਰ੍ਹਾਂ ਉਨ੍ਹਾਂ ਦੀ ਮੌਤ ਜਲਦੀ ਹੋ ਜਾਣੀ ਸੀ ਜਿਸ ਕਰਕੇ ਉਨ੍ਹਾਂ ਦੀਆਂ ਲਾਸ਼ਾਂ 15 ਨੀਸਾਨ ਨੂੰ, ਜੋ ਕਿ ਖ਼ਾਸ ਸਬਤ ਸੀ, ਟੰਗੀਆਂ ਨਹੀਂ ਰਹਿਣੀਆਂ ਸਨ। ਫ਼ੌਜੀਆਂ ਨੇ ਦੋ ਅਪਰਾਧੀਆਂ ਦੀਆਂ ਲੱਤਾਂ ਤੋੜੀਆਂ, ਪਰ “ਜਦੋਂ ਉਹ ਯਿਸੂ ਕੋਲ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਉਹ ਮਰ ਚੁੱਕਾ ਸੀ, ਇਸ ਲਈ ਉਨ੍ਹਾਂ ਨੇ ਉਸ ਦੀਆਂ ਲੱਤਾਂ ਨਾ ਤੋੜੀਆਂ।” (ਯੂਹੰ. 19:31-34) ਪਸਾਹ ਦੇ ਲੇਲੇ ਵਾਂਗ ਯਿਸੂ ਦੀਆਂ ਹੱਡੀਆਂ ਵੀ ਨਹੀਂ ਤੋੜੀਆਂ ਗਈਆਂ ਸਨ। ਇਸ ਤਰ੍ਹਾਂ ਪਸਾਹ ਦਾ ਲੇਲਾ ਯਿਸੂ ਦੀ ਕੁਰਬਾਨੀ ਦਾ “ਪਰਛਾਵਾਂ” ਸੀ ਜੋ 14 ਨੀਸਾਨ 33 ਈਸਵੀ ਨੂੰ ਦਿੱਤੀ ਗਈ ਸੀ। (ਇਬ. 10:1) ਇਸ ਤੋਂ ਇਲਾਵਾ, ਇਸ ਨਾਲ ਜ਼ਬੂਰ 34:20 ਦੀ ਭਵਿੱਖਬਾਣੀ ਵੀ ਪੂਰੀ ਹੋਈ। ਇਸ ਕਰਕੇ ਬਾਈਬਲ ਦੀਆਂ ਭਵਿੱਖਬਾਣੀਆਂ ਉੱਤੇ ਸਾਡਾ ਭਰੋਸਾ ਹੋਰ ਵੀ ਵਧਦਾ ਹੈ।

20. ਪਸਾਹ ਦੇ ਤਿਉਹਾਰ ਅਤੇ ਪ੍ਰਭੂ ਦੇ ਭੋਜਨ ਵਿਚ ਇਕ ਖ਼ਾਸ ਫ਼ਰਕ ਕੀ ਹੈ?

20 ਪਰ ਪਸਾਹ ਅਤੇ ਪ੍ਰਭੂ ਦੇ ਭੋਜਨ ਵਿਚ ਕਈ ਫ਼ਰਕ ਹਨ। ਮਿਸਾਲ ਲਈ, ਇਜ਼ਰਾਈਲੀ ਪਸਾਹ ਦੇ ਦਿਨ ਲੇਲੇ ਦਾ ਸਿਰਫ਼ ਮਾਸ ਖਾਂਦੇ ਸਨ, ਲਹੂ ਨਹੀਂ। ਪਰ ਯਿਸੂ ਨੇ “ਪਰਮੇਸ਼ੁਰ ਦੇ ਰਾਜ ਵਿਚ” ਹਕੂਮਤ ਕਰਨ ਵਾਲੇ ਮਸੀਹੀਆਂ ਨੂੰ ਕਿਹਾ ਸੀ ਕਿ ਉਹ ਰੋਟੀ ਖਾਣ ਅਤੇ ਦਾਖਰਸ ਪੀਣ। ਰੋਟੀ ਉਸ ਦੇ ਸਰੀਰ ਨੂੰ ਅਤੇ ਦਾਖਰਸ ਉਸ ਦੇ ਲਹੂ ਨੂੰ ਦਰਸਾਉਂਦਾ ਹੈ। ਆਪਾਂ ਅਗਲੇ ਲੇਖ ਵਿਚ ਮਸੀਹ ਦੀ ਮੌਤ ਦੀ ਵਰ੍ਹੇ-ਗੰਢ ਬਾਰੇ ਹੋਰ ਸਿੱਖਾਂਗੇ।​—ਮਰ. 14:22-25.

21. ਪਸਾਹ ਬਾਰੇ ਜਾਣਕਾਰੀ ਲੈਣੀ ਫ਼ਾਇਦੇਮੰਦ ਕਿਉਂ ਹੈ?

21 ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦੇ ਲੋਕਾਂ ਦੇ ਇਤਿਹਾਸ ਵਿਚ ਪਸਾਹ ਦਾ ਤਿਉਹਾਰ ਬਹੁਤ ਅਹਿਮੀਅਤ ਰੱਖਦਾ ਸੀ ਅਤੇ ਅਸੀਂ ਸਾਰੇ ਇਸ ਤੋਂ ਕਈ ਸਬਕ ਸਿੱਖ ਸਕਦੇ ਹਾਂ। ਪਸਾਹ ਯਹੂਦੀਆਂ ਲਈ ‘ਇੱਕ ਯਾਦਗਾਰ’ ਸੀ, ਮਸੀਹੀਆਂ ਲਈ ਨਹੀਂ। ਫਿਰ ਵੀ ਮਸੀਹੀ ਹੋਣ ਦੇ ਨਾਤੇ ਸਾਨੂੰ ਇਸ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਇਸ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ ਬਿਰਤਾਂਤ ਵੀ ‘ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਾਏ ਗਏ ਧਰਮ-ਗ੍ਰੰਥ’ ਦਾ ਹਿੱਸਾ ਹੈ।​—2 ਤਿਮੋ. 3:16.

^ ਪੇਰਗ੍ਰੈਫ 5 ਇਬਰਾਨੀ ਕਲੰਡਰ ਦਾ ਪਹਿਲਾ ਮਹੀਨਾ ਅਬੀਬ ਹੁੰਦਾ ਸੀ। ਪਰ ਜਦੋਂ ਇਜ਼ਰਾਈਲੀ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਮੁੜੇ ਸਨ, ਇਸ ਮਹੀਨੇ ਨੂੰ ਨੀਸਾਨ ਕਿਹਾ ਜਾਣ ਲੱਗਾ। ਇਸ ਲੇਖ ਵਿਚ ਅਸੀਂ ਅਬੀਬ ਦੀ ਬਜਾਇ ਨੀਸਾਨ ਵਰਤਾਂਗੇ।

^ ਪੇਰਗ੍ਰੈਫ 11 ਪਸਾਹ ਤੋਂ ਅਗਲੇ ਦਿਨ ਸੂਰਜ ਛਿਪਣ ਤੋਂ ਬਾਅਦ 15 ਨੀਸਾਨ ਨੂੰ ਬੇਖ਼ਮੀਰੀ ਰੋਟੀਆਂ ਦਾ ਤਿਉਹਾਰ ਸ਼ੁਰੂ ਹੁੰਦਾ ਸੀ ਅਤੇ ਇਹ ਦਿਨ ਹਮੇਸ਼ਾ ਸਬਤ ਦਾ ਦਿਨ ਹੁੰਦਾ ਸੀ। ਸੰਨ 33 ਈਸਵੀ ਵਿਚ 15 ਨੀਸਾਨ ਦਾ ਦਿਨ ਹਰ ਹਫ਼ਤੇ ਆਉਣ ਵਾਲੇ ਸਬਤ ਦਾ ਦਿਨ (ਸ਼ੁੱਕਰਵਾਰ ਸ਼ਾਮ ਤੋਂ ਲੈ ਕੇ ਸ਼ਨੀਵਾਰ ਸ਼ਾਮ ਤਕ) ਵੀ ਸੀ। ਇਸ ਤਰ੍ਹਾਂ ਉਸ ਸਾਲ ਦੋ ਸਬਤ ਇੱਕੋ ਦਿਨ ਆਏ, ਇਸ ਕਰਕੇ ਉਸ ਦਿਨ ਨੂੰ “ਖ਼ਾਸ ਸਬਤ” ਕਿਹਾ ਗਿਆ।​—ਯੂਹੰਨਾ 19:31, 42 ਪੜ੍ਹੋ।