ਲੇਵੀਆਂ 23:1-44

 • ਪਵਿੱਤਰ ਦਿਨ ਅਤੇ ਤਿਉਹਾਰ (1-44)

  • ਸਬਤ (3)

  • ਪਸਾਹ ਦਾ ਤਿਉਹਾਰ (4, 5)

  • ਬੇਖਮੀਰੀ ਰੋਟੀ ਦਾ ਤਿਉਹਾਰ (6-8)

  • ਪਹਿਲੇ ਫਲ ਦਾ ਚੜ੍ਹਾਵਾ (9-14)

  • ਹਫ਼ਤਿਆਂ ਦਾ ਤਿਉਹਾਰ (15-21)

  • ਵਾਢੀ ਦਾ ਸਹੀ ਤਰੀਕਾ (22)

  • ਤੁਰ੍ਹੀ ਵਜਾਉਣ ਦਾ ਤਿਉਹਾਰ (23-25)

  • ਪਾਪ ਮਿਟਾਉਣ ਦਾ ਦਿਨ (26-32)

  • ਛੱਪਰਾਂ ਦਾ ਤਿਉਹਾਰ (33-43)

23  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ:  “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਯਹੋਵਾਹ ਤੁਹਾਨੂੰ ਜਿਹੜੇ ਤਿਉਹਾਰ ਮਨਾਉਣ ਲਈ ਕਹਿੰਦਾ ਹੈ,+ ਉਹ ਪਵਿੱਤਰ ਸਭਾਵਾਂ ਹਨ। ਤੁਸੀਂ ਇਨ੍ਹਾਂ ਤਿਉਹਾਰਾਂ ਦਾ ਐਲਾਨ ਕਰੋ।+ ਮੇਰੀ ਮਹਿਮਾ ਕਰਨ ਲਈ ਇਹ ਤਿਉਹਾਰ ਮਨਾਏ ਜਾਣ:  “‘ਛੇ ਦਿਨ ਕੰਮ ਕੀਤਾ ਜਾ ਸਕਦਾ ਹੈ, ਪਰ ਸੱਤਵੇਂ ਦਿਨ ਸਬਤ ਹੋਣ ਕਰਕੇ ਪੂਰਾ ਆਰਾਮ ਕੀਤਾ ਜਾਵੇ।+ ਇਸ ਦਿਨ ਪਵਿੱਤਰ ਸਭਾ ਰੱਖੀ ਜਾਵੇ। ਤੁਸੀਂ ਕੋਈ ਵੀ ਕੰਮ ਨਾ ਕਰੋ। ਤੁਸੀਂ ਜਿੱਥੇ ਵੀ ਰਹੋ, ਸੱਤਵਾਂ ਦਿਨ ਯਹੋਵਾਹ ਲਈ ਸਬਤ ਦਾ ਹੋਵੇ।+  “‘ਯਹੋਵਾਹ ਦੀ ਮਹਿਮਾ ਕਰਨ ਲਈ ਇਹ ਤਿਉਹਾਰ ਮਨਾਓ, ਹਾਂ, ਇਹ ਪਵਿੱਤਰ ਸਭਾਵਾਂ ਰੱਖੋ ਅਤੇ ਇਨ੍ਹਾਂ ਦਾ ਮਿਥੇ ਸਮੇਂ ’ਤੇ ਐਲਾਨ ਕਰੋ:  ਪਹਿਲੇ ਮਹੀਨੇ ਦੀ 14 ਤਾਰੀਖ਼+ ਦੀ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਯਹੋਵਾਹ ਲਈ ਪਸਾਹ ਦਾ ਤਿਉਹਾਰ ਮਨਾਇਆ ਜਾਵੇ।+  “‘ਇਸੇ ਮਹੀਨੇ ਦੀ 15 ਤਾਰੀਖ਼ ਨੂੰ ਯਹੋਵਾਹ ਲਈ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ ਜਾਵੇ।+ ਤੁਸੀਂ ਸੱਤ ਦਿਨ ਬੇਖਮੀਰੀ ਰੋਟੀ ਖਾਓ।+  ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਰੱਖੋ।+ ਤੁਸੀਂ ਕੋਈ ਸਖ਼ਤ ਕੰਮ ਨਾ ਕਰੋ।  ਪਰ ਤੁਸੀਂ ਸੱਤ ਦਿਨ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਈ ਜਾਂਦੀ ਭੇਟ ਚੜ੍ਹਾਓ। ਸੱਤਵੇਂ ਦਿਨ ਪਵਿੱਤਰ ਸਭਾ ਰੱਖੀ ਜਾਵੇ। ਤੁਸੀਂ ਕੋਈ ਸਖ਼ਤ ਕੰਮ ਨਾ ਕਰੋ।’”  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 10  “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਅਤੇ ਉੱਥੇ ਫ਼ਸਲ ਵੱਢੋਗੇ, ਤਾਂ ਤੁਸੀਂ ਆਪਣੀ ਪੈਦਾਵਾਰ ਦੇ ਪਹਿਲੇ ਫਲ ਦਾ ਇਕ ਪੂਲਾ+ ਪੁਜਾਰੀ ਕੋਲ ਲੈ ਕੇ ਆਓ।+ 11  ਪੁਜਾਰੀ ਯਹੋਵਾਹ ਸਾਮ੍ਹਣੇ ਉਸ ਪੂਲੇ ਨੂੰ ਅੱਗੇ-ਪਿੱਛੇ ਹਿਲਾਵੇਗਾ ਤਾਂਕਿ ਤੁਹਾਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲੇ। ਪੁਜਾਰੀ ਸਬਤ ਤੋਂ ਅਗਲੇ ਦਿਨ ਉਹ ਪੂਲਾ ਅੱਗੇ-ਪਿੱਛੇ ਹਿਲਾਵੇ। 12  ਪੂਲੇ ਨੂੰ ਹਿਲਾਏ ਜਾਣ ਤੋਂ ਬਾਅਦ ਉਸੇ ਦਿਨ ਤੁਸੀਂ ਯਹੋਵਾਹ ਲਈ ਇਕ ਸਾਲ ਦਾ ਭੇਡੂ ਹੋਮ-ਬਲ਼ੀ ਵਜੋਂ ਚੜ੍ਹਾਓ ਜਿਸ ਵਿਚ ਕੋਈ ਨੁਕਸ ਨਾ ਹੋਵੇ। 13  ਇਸ ਦੇ ਨਾਲ ਅਨਾਜ ਦੇ ਚੜ੍ਹਾਵੇ ਵਜੋਂ ਤੇਲ ਵਿਚ ਗੁੰਨ੍ਹਿਆ ਦੋ ਓਮਰ* ਮੈਦਾ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ। ਇਕ-ਚੌਥਾਈ ਹੀਨ* ਦਾਖਰਸ ਪੀਣ ਦੀ ਭੇਟ ਵਜੋਂ ਚੜ੍ਹਾਓ। 14  ਇਸ ਦਿਨ ਤਕ ਤੁਸੀਂ ਨਵਾਂ ਅਨਾਜ ਨਾ ਖਾਓ ਤੇ ਨਾ ਹੀ ਇਸ ਦੇ ਦਾਣਿਆਂ ਨੂੰ ਭੁੰਨ ਕੇ ਜਾਂ ਇਸ ਦੀ ਰੋਟੀ ਬਣਾ ਕੇ ਖਾਓ ਜਦ ਤਕ ਤੁਸੀਂ ਆਪਣੇ ਪਰਮੇਸ਼ੁਰ ਲਈ ਚੜ੍ਹਾਵਾ ਨਹੀਂ ਲੈ ਆਉਂਦੇ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਇਸ ਨਿਯਮ ਦੀ ਪੀੜ੍ਹੀਓ-ਪੀੜ੍ਹੀ ਪਾਲਣਾ ਕਰਨੀ। 15  “‘ਸਬਤ ਦੇ ਅਗਲੇ ਦਿਨ ਤੋਂ ਜਦੋਂ ਤੁਸੀਂ ਹਿਲਾਉਣ ਦੀ ਭੇਟ ਵਜੋਂ ਅਨਾਜ ਦਾ ਪੂਲਾ ਚੜ੍ਹਾਉਂਦੇ ਹੋ, ਤੁਸੀਂ ਪੂਰੇ ਸੱਤ ਹਫ਼ਤੇ* ਗਿਣੋ।+ 16  ਤੁਸੀਂ ਸੱਤਵੇਂ ਹਫ਼ਤੇ ਦੇ ਸਬਤ ਤੋਂ ਬਾਅਦ ਦੇ ਦਿਨ ਤਕ 50 ਦਿਨ ਗਿਣੋ।+ ਉਸ ਦਿਨ ਤੁਸੀਂ ਯਹੋਵਾਹ ਨੂੰ ਨਵੇਂ ਅਨਾਜ ਦਾ ਚੜ੍ਹਾਵਾ ਚੜ੍ਹਾਓ।+ 17  ਤੁਸੀਂ ਆਪਣੇ ਘਰੋਂ ਹਿਲਾਉਣ ਦੀ ਭੇਟ ਵਜੋਂ ਦੋ ਰੋਟੀਆਂ ਲੈ ਕੇ ਆਓ। ਦੋ ਓਮਰ* ਮੈਦੇ ਵਿਚ ਖਮੀਰ ਰਲ਼ਾਇਆ ਜਾਵੇ ਅਤੇ ਤੰਦੂਰ ਵਿਚ ਇਸ ਦੀਆਂ ਰੋਟੀਆਂ ਪਕਾਈਆਂ ਜਾਣ+ ਅਤੇ ਯਹੋਵਾਹ ਨੂੰ ਪਹਿਲੇ ਫਲ ਵਜੋਂ ਚੜ੍ਹਾਈਆਂ ਜਾਣ।+ 18  ਤੁਸੀਂ ਰੋਟੀਆਂ ਦੇ ਨਾਲ ਇਕ ਸਾਲ ਦੇ ਸੱਤ ਲੇਲੇ, ਇਕ ਵੱਛਾ ਅਤੇ ਦੋ ਭੇਡੂ ਚੜ੍ਹਾਓ ਜਿਨ੍ਹਾਂ ਵਿਚ ਕੋਈ ਨੁਕਸ ਨਾ ਹੋਵੇ।+ ਇਹ ਸਾਰੇ ਜਾਨਵਰ, ਅਨਾਜ ਦਾ ਚੜ੍ਹਾਵਾ ਅਤੇ ਪੀਣ ਦੀਆਂ ਭੇਟਾਂ ਯਹੋਵਾਹ ਨੂੰ ਹੋਮ-ਬਲ਼ੀ ਵਜੋਂ ਅੱਗ ਵਿਚ ਸਾੜ ਕੇ ਚੜ੍ਹਾਓ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। 19  ਤੁਸੀਂ ਪਾਪ-ਬਲ਼ੀ+ ਵਜੋਂ ਇਕ ਮੇਮਣਾ ਅਤੇ ਸ਼ਾਂਤੀ-ਬਲ਼ੀ+ ਵਜੋਂ ਇਕ ਸਾਲ ਦੇ ਦੋ ਲੇਲੇ ਚੜ੍ਹਾਓ। 20  ਪੁਜਾਰੀ ਪੱਕੇ ਹੋਏ ਅਨਾਜ ਦੇ ਪਹਿਲੇ ਫਲ ਦੀਆਂ ਰੋਟੀਆਂ ਦੇ ਨਾਲ ਦੋਵੇਂ ਲੇਲਿਆਂ ਨੂੰ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਵੇ। ਇਹ ਸਭ ਕੁਝ ਯਹੋਵਾਹ ਲਈ ਪਵਿੱਤਰ ਚੜ੍ਹਾਵਾ ਹੈ ਜੋ ਪੁਜਾਰੀ ਨੂੰ ਦਿੱਤਾ ਜਾਵੇਗਾ।+ 21  ਇਸ ਦਿਨ ਤੁਸੀਂ ਪਵਿੱਤਰ ਸਭਾ ਦਾ ਐਲਾਨ ਕਰੋ।+ ਤੁਸੀਂ ਕੋਈ ਸਖ਼ਤ ਕੰਮ ਨਾ ਕਰੋ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ। 22  “‘ਜਦੋਂ ਤੁਸੀਂ ਆਪਣੇ ਦੇਸ਼ ਵਿਚ ਫ਼ਸਲ ਵੱਢਦੇ ਹੋ, ਤਾਂ ਤੁਸੀਂ ਆਪਣੇ ਖੇਤਾਂ ਦੀਆਂ ਨੁੱਕਰਾਂ ਤੋਂ ਪੂਰੀ ਤਰ੍ਹਾਂ ਫ਼ਸਲ ਨਾ ਵੱਢੋ ਅਤੇ ਨਾ ਹੀ ਖੇਤਾਂ ਵਿੱਚੋਂ ਸਿੱਟੇ ਚੁਗੋ।+ ਤੁਸੀਂ ਇਨ੍ਹਾਂ ਨੂੰ ਗ਼ਰੀਬਾਂ*+ ਅਤੇ ਪਰਦੇਸੀਆਂ+ ਵਾਸਤੇ ਰਹਿਣ ਦਿਓ। ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’” 23  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 24  “ਇਜ਼ਰਾਈਲੀਆਂ ਨੂੰ ਕਹਿ, ‘ਸੱਤਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੁਸੀਂ ਪੂਰਾ ਆਰਾਮ ਕਰੋ ਅਤੇ ਤੁਰ੍ਹੀ ਵਜਾ ਕੇ ਲੋਕਾਂ ਨੂੰ ਯਾਦ ਕਰਾਓ+ ਕਿ ਇਸ ਦਿਨ ਪਵਿੱਤਰ ਸਭਾ ਹੈ। 25  ਤੁਸੀਂ ਕੋਈ ਸਖ਼ਤ ਕੰਮ ਨਾ ਕਰੋ ਅਤੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ।’” 26  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 27  “ਪਰ ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਪਾਪ ਮਿਟਾਉਣ ਦਾ ਦਿਨ* ਹੋਵੇਗਾ।+ ਤੁਸੀਂ ਪਵਿੱਤਰ ਸਭਾ ਰੱਖੋ ਅਤੇ ਆਪਣੇ ਆਪ ਨੂੰ ਕਸ਼ਟ* ਦਿਓ+ ਅਤੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। 28  ਤੁਸੀਂ ਇਸ ਖ਼ਾਸ ਦਿਨ ’ਤੇ ਕੋਈ ਕੰਮ ਨਾ ਕਰੋ ਕਿਉਂਕਿ ਇਹ ਤੁਹਾਡੇ ਪਾਪ ਮਿਟਾਉਣ ਦਾ ਦਿਨ ਹੈ+ ਅਤੇ ਇਸ ਦਿਨ ਤੁਹਾਡੇ ਪਰਮੇਸ਼ੁਰ ਯਹੋਵਾਹ ਅੱਗੇ ਤੁਹਾਡੇ ਪਾਪ ਮਿਟਾਏ ਜਾਣਗੇ। 29  ਇਸ ਦਿਨ ਜਿਹੜਾ ਆਪਣੇ ਆਪ ਨੂੰ ਕਸ਼ਟ* ਨਹੀਂ ਦੇਵੇਗਾ, ਉਸ ਨੂੰ ਮੌਤ ਦੀ ਸਜ਼ਾ ਮਿਲੇਗੀ।+ 30  ਜਿਹੜਾ ਇਸ ਦਿਨ ਕੋਈ ਵੀ ਕੰਮ ਕਰੇਗਾ, ਮੈਂ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ। 31  ਤੁਸੀਂ ਕੋਈ ਕੰਮ ਨਾ ਕਰੋ। ਤੁਸੀਂ ਜਿੱਥੇ ਵੀ ਰਹੋ, ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ। 32  ਇਹ ਸਬਤ ਦਾ ਦਿਨ ਹੈ ਅਤੇ ਤੁਸੀਂ ਪੂਰਾ ਆਰਾਮ ਕਰੋ ਅਤੇ ਇਸ ਮਹੀਨੇ ਦੀ 9 ਤਾਰੀਖ਼ ਦੀ ਸ਼ਾਮ ਨੂੰ ਆਪਣੇ ਆਪ ਨੂੰ ਕਸ਼ਟ ਦਿਓ।+ ਤੁਸੀਂ ਇਸ ਦਿਨ ਦੀ ਸ਼ਾਮ ਤੋਂ ਲੈ ਕੇ ਅਗਲੇ ਦਿਨ ਸ਼ਾਮ ਤਕ ਸਬਤ ਮਨਾਓ।” 33  ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 34  “ਇਜ਼ਰਾਈਲੀਆਂ ਨੂੰ ਕਹਿ, ‘ਸੱਤਵੇਂ ਮਹੀਨੇ ਦੀ 15 ਤਾਰੀਖ਼ ਨੂੰ ਤੁਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਸੱਤ ਦਿਨਾਂ ਤਕ ਛੱਪਰਾਂ ਦਾ ਤਿਉਹਾਰ ਮਨਾਓ।+ 35  ਪਹਿਲੇ ਦਿਨ ਪਵਿੱਤਰ ਸਭਾ ਰੱਖੋ ਅਤੇ ਤੁਸੀਂ ਕੋਈ ਸਖ਼ਤ ਕੰਮ ਨਾ ਕਰੋ। 36  ਤੁਸੀਂ ਸੱਤ ਦਿਨ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। ਅੱਠਵੇਂ ਦਿਨ ਪਵਿੱਤਰ ਸਭਾ ਰੱਖੋ+ ਅਤੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। ਇਹ ਖ਼ਾਸ ਸਭਾ ਦਾ ਦਿਨ ਹੈ। ਤੁਸੀਂ ਕੋਈ ਸਖ਼ਤ ਕੰਮ ਨਾ ਕਰੋ। 37  “‘ਯਹੋਵਾਹ ਦੀ ਮਹਿਮਾ ਕਰਨ ਲਈ ਇਹ ਸਾਰੇ ਤਿਉਹਾਰ+ ਮਨਾਓ, ਹਾਂ, ਇਹ ਪਵਿੱਤਰ ਸਭਾਵਾਂ+ ਰੱਖੋ ਅਤੇ ਇਨ੍ਹਾਂ ਦਾ ਐਲਾਨ ਕਰੋ। ਤੁਸੀਂ ਇਸ ਦਿਨ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਇਹ ਚੜ੍ਹਾਵੇ ਚੜ੍ਹਾਓ: ਹਰ ਦਿਨ ਲਈ ਠਹਿਰਾਏ ਗਏ ਚੜ੍ਹਾਵਿਆਂ ਅਨੁਸਾਰ ਹੋਮ-ਬਲ਼ੀ,+ ਅਨਾਜ ਦਾ ਚੜ੍ਹਾਵਾ+ ਅਤੇ ਪੀਣ ਦੀ ਭੇਟ।+ 38  ਯਹੋਵਾਹ ਦੇ ਸਬਤਾਂ ਦੇ ਚੜ੍ਹਾਵਿਆਂ+ ਅਤੇ ਤੋਹਫ਼ਿਆਂ,+ ਸੁੱਖਣਾਂ ਦੀਆਂ ਭੇਟਾਂ+ ਅਤੇ ਇੱਛਾ-ਬਲ਼ੀਆਂ+ ਤੋਂ ਇਲਾਵਾ ਤੁਸੀਂ ਇਹ ਸਾਰੇ ਚੜ੍ਹਾਵੇ ਯਹੋਵਾਹ ਅੱਗੇ ਚੜ੍ਹਾਓ। 39  ਪਰ ਆਪਣੀ ਜ਼ਮੀਨ ਦੀ ਪੈਦਾਵਾਰ ਇਕੱਠੀ ਕਰਨ ਤੋਂ ਬਾਅਦ ਸੱਤਵੇਂ ਮਹੀਨੇ ਦੀ 15 ਤਾਰੀਖ਼ ਨੂੰ ਤੁਸੀਂ ਸੱਤ ਦਿਨਾਂ ਤਕ ਯਹੋਵਾਹ ਦੀ ਮਹਿਮਾ ਲਈ ਤਿਉਹਾਰ ਮਨਾਓ।+ ਪਹਿਲੇ ਅਤੇ ਅੱਠਵੇਂ ਦਿਨ ਤੁਸੀਂ ਪੂਰਾ ਆਰਾਮ ਕਰੋ।+ 40  ਤੁਸੀਂ ਪਹਿਲੇ ਦਿਨ ਸ਼ਾਨਦਾਰ ਦਰਖ਼ਤਾਂ ਦਾ ਫਲ, ਖਜੂਰ ਦੇ ਦਰਖ਼ਤ ਦੀਆਂ ਟਾਹਣੀਆਂ,+ ਹਰੇ-ਭਰੇ ਦਰਖ਼ਤਾਂ ਦੀਆਂ ਟਾਹਣੀਆਂ ਅਤੇ ਵਾਦੀ ਦੇ ਬੇਦ* ਦੇ ਦਰਖ਼ਤਾਂ ਦੀਆਂ ਟਾਹਣੀਆਂ ਲਿਆਓ। ਤੁਸੀਂ ਸੱਤ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਖ਼ੁਸ਼ੀਆਂ ਮਨਾਓ।+ 41  ਤੁਸੀਂ ਸਾਲ ਵਿਚ ਇਕ ਵਾਰ ਸੱਤ ਦਿਨਾਂ ਤਕ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਓ।+ ਤੁਸੀਂ ਇਹ ਤਿਉਹਾਰ ਸੱਤਵੇਂ ਮਹੀਨੇ ਮਨਾਓ। ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ। 42  ਤੁਸੀਂ ਸੱਤਾਂ ਦਿਨਾਂ ਤਕ ਛੱਪਰਾਂ ਵਿਚ ਰਹੋ।+ ਸਾਰੇ ਪੈਦਾਇਸ਼ੀ ਇਜ਼ਰਾਈਲੀ ਸੱਤਾਂ ਦਿਨਾਂ ਤਕ ਛੱਪਰਾਂ ਵਿਚ ਰਹਿਣ 43  ਤਾਂਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ+ ਕਿ ਜਦੋਂ ਮੈਂ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆ ਰਿਹਾ ਸੀ, ਤਾਂ ਮੈਂ ਉਨ੍ਹਾਂ ਨੂੰ ਛੱਪਰਾਂ ਵਿਚ ਰਹਿਣ ਦਿੱਤਾ।+ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’” 44  ਇਸ ਲਈ ਮੂਸਾ ਨੇ ਇਜ਼ਰਾਈਲੀਆਂ ਨੂੰ ਯਹੋਵਾਹ ਦੀ ਮਹਿਮਾ ਕਰਨ ਲਈ ਤਿਉਹਾਰ ਮਨਾਉਣ ਬਾਰੇ ਇਹ ਸਭ ਕੁਝ ਦੱਸਿਆ।

ਫੁਟਨੋਟ

ਇਬ, “ਦੋ ਸ਼ਾਮਾਂ ਵਿਚਕਾਰ।” ਕੂਚ 12:​6, ਫੁਟਨੋਟ ਦੇਖੋ।
ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਹੀਨ 3.67 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਸੱਤ ਸਬਤ।”
ਇਬ, “ਦੋ-ਦਹਾਈ ਏਫਾ।” ਦੋ ਓਮਰ 4.4 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਦੁਖੀਆਂ।”
ਇਬ, “ਸੁਲ੍ਹਾ ਦਾ ਦਿਨ।”
ਲੇਵੀ 16:​29, ਫੁਟਨੋਟ ਦੇਖੋ।
ਜਾਂ ਸੰਭਵ ਹੈ, “ਵਰਤ ਨਹੀਂ ਰੱਖੇਗਾ।”
ਜਾਂ, “ਪਾਪਲਰ।”