Skip to content

Skip to table of contents

ਪਹਾੜਾਂ ਦੇ ਪਰਛਾਵਿਆਂ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਲੁਕਾਇਆ

ਪਹਾੜਾਂ ਦੇ ਪਰਛਾਵਿਆਂ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਲੁਕਾਇਆ

ਇਕ ਤੀਵੀਂ ਨੇ ਤੜਕੇ ਜਦ ਆਪਣੇ ਘਰ ਦਾ ਬਾਹਰਲਾ ਦਰਵਾਜ਼ਾ ਖੋਲ੍ਹਿਆ, ਤਾਂ ਉਸ ਨੇ ਦਰਵਾਜ਼ੇ ਮੋਹਰੇ ਇਕ ਪੈਕਟ ਪਿਆ ਦੇਖਿਆ। ਉਸ ਨੇ ਪੈਕਟ ਚੁੱਕ ਕੇ ਆਲੇ-ਦੁਆਲੇ ਦੇਖਿਆ, ਪਰ ਗਲੀ ਵਿਚ ਕੋਈ ਨਹੀਂ ਸੀ। ਜ਼ਰੂਰ ਕੋਈ ਅਣਜਾਣ ਵਿਅਕਤੀ ਰਾਤ ਨੂੰ ਇਹ ਪੈਕਟ ਛੱਡ ਗਿਆ ਹੋਣਾ। ਉਸ ਨੇ ਪੈਕਟ ਥੋੜ੍ਹਾ ਜਿਹਾ ਖੋਲ੍ਹਿਆ ਤੇ ਅੰਦਰ ਆ ਕੇ ਝੱਟ ਦਰਵਾਜ਼ਾ ਬੰਦ ਕਰ ਦਿੱਤਾ। ਕਿਉਂ? ਕਿਉਂਕਿ ਇਸ ਵਿਚ ਬਾਈਬਲ ਦੇ ਪ੍ਰਕਾਸ਼ਨ ਸਨ ਜਿਨ੍ਹਾਂ ’ਤੇ ਪਾਬੰਦੀ ਲੱਗੀ ਹੋਈ ਸੀ। ਉਸ ਨੇ ਪੈਕਟ ਨੂੰ ਸੀਨੇ ਨਾਲ ਲਾ ਕੇ ਯਹੋਵਾਹ ਦਾ ਲੱਖ-ਲੱਖ ਸ਼ੁਕਰ ਕੀਤਾ।

ਨਾਜ਼ੀ ਰਾਜ ਦੌਰਾਨ ਜਰਮਨੀ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਸਨ। 1933 ਵਿਚ ਨਾਜ਼ੀ ਰਾਜ ਦੇ ਸੱਤਾ ਵਿਚ ਆਉਣ ਕਰਕੇ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ’ਤੇ ਪਾਬੰਦੀ ਲਾ ਦਿੱਤੀ ਗਈ। ਭਰਾ ਰਿਖਾਰਟ ਰੂਡੋਲਫ * ਜਿਸ ਦੀ ਉਮਰ ਹੁਣ 100 ਤੋਂ ਜ਼ਿਆਦਾ ਸਾਲਾਂ ਦੀ ਹੈ, ਦੱਸਦਾ ਹੈ: “ਸਾਨੂੰ ਪੱਕਾ ਭਰੋਸਾ ਸੀ ਕਿ ਕੋਈ ਵੀ ਮਨੁੱਖੀ ਫ਼ਰਮਾਨ ਯਹੋਵਾਹ ਅਤੇ ਉਸ ਦੇ ਨਾਂ ਦਾ ਐਲਾਨ ਕਰਨ ’ਤੇ ਰੋਕ ਨਹੀਂ ਲਾ ਸਕਦਾ। ਪ੍ਰਚਾਰ ਤੇ ਸਟੱਡੀ ਕਰਨ ਲਈ ਬਾਈਬਲ ਪ੍ਰਕਾਸ਼ਨਾਂ ਦੀ ਲੋੜ ਸੀ। ਪਰ ਪਾਬੰਦੀ ਹੋਣ ਕਰਕੇ ਇਹ ਆਸਾਨੀ ਨਾਲ ਨਹੀਂ ਸੀ ਮਿਲਦੇ। ਅਸੀਂ ਸੋਚਦੇ ਸੀ ਕਿ ਪ੍ਰਚਾਰ ਦਾ ਕੰਮ ਕਿੱਦਾਂ ਹੋਵੇਗਾ।” ਰਿਖਾਰਟ ਨੂੰ ਕੁਝ ਸਮੇਂ ਬਾਅਦ ਪਤਾ ਲੱਗਾ ਕਿ ਉਹ ਇਕ ਅਨੋਖੇ ਤਰੀਕੇ ਨਾਲ ਪ੍ਰਕਾਸ਼ਨ ਹਾਸਲ ਕਰਨ ਵਿਚ ਮਦਦ ਕਰ ਸਕਦਾ ਸੀ। ਇਹ ਕੰਮ ਪਹਾੜਾਂ ਦੇ ਪਰਛਾਵਿਆਂ ਵਿਚ ਕੀਤਾ ਗਿਆ।​—ਨਿਆ. 9:36.

ਸਮਗਲਰਾਂ ਦੇ ਰਾਹਾਂ ’ਤੇ

ਜੇ ਤੁਸੀਂ ਐਲਬ (ਜਾਂ ਲਾਬੇ) ਨਦੀ ਉੱਤੇ ਸਫ਼ਰ ਕਰ ਕੇ ਦੱਖਣ ਵੱਲ ਨੂੰ ਜਾਓ, ਤਾਂ ਤੁਸੀਂ ਅਖ਼ੀਰ ਜਾਇੰਟ ਮਾਉਂਟੇਨਜ਼ (ਕਰਕੋਨੇਸ਼ੇ) ਵਿਚ ਪਹੁੰਚ ਜਾਓਗੇ ਜੋ ਚੈੱਕ ਗਣਰਾਜ ਤੇ ਪੋਲੈਂਡ ਦੇ ਬਾਰਡਰ ’ਤੇ ਹਨ। ਭਾਵੇਂ ਇਨ੍ਹਾਂ ਦੀ ਉਚਾਈ ਸਿਰਫ਼ 5,250 ਫੁੱਟ (1,600 ਮੀਟਰ) ਹੈ, ਪਰ ਇਨ੍ਹਾਂ ਪਹਾੜਾਂ ’ਤੇ ਬਹੁਤ ਬਰਫ਼ ਪੈਂਦੀ ਹੈ। ਪਹਾੜਾਂ ਦੀਆਂ ਟੀਸੀਆਂ ਛੇ ਮਹੀਨੇ 10 ਫੁੱਟ (3 ਮੀਟਰ) ਬਰਫ਼ ਨਾਲ ਢਕੀਆਂ ਰਹਿੰਦੀਆਂ ਹਨ। ਇੱਥੇ ਮੌਸਮ ਝੱਟ ਹੀ ਬਦਲ ਜਾਂਦਾ ਹੈ ਤੇ ਝੱਟ ਧੁੰਦ ਪੈ ਜਾਂਦੀ ਹੈ। ਕਈ ਲੋਕ ਅਚਾਨਕ ਇੱਦਾਂ ਦੇ ਮੌਸਮ ਵਿਚ ਫਸ ਜਾਂਦੇ ਹਨ।

ਸਦੀਆਂ ਤੋਂ ਇਹ ਪਹਾੜ ਪ੍ਰਾਂਤਾਂ, ਰਾਜਾਂ ਤੇ ਦੇਸ਼ਾਂ ਵਿਚ ਬਾਰਡਰ ਦਾ ਕੰਮ ਕਰਦੇ ਆਏ ਹਨ। ਇਸ ਇਲਾਕੇ ਦੀ ਨਿਗਰਾਨੀ ਕਰਨੀ  ਔਖੀ ਸੀ, ਇਸ ਕਰਕੇ ਇਨ੍ਹਾਂ ਪਹਾੜਾਂ ਉੱਪਰੋਂ ਦੀ ਚੀਜ਼ਾਂ ਦੀ ਸਮਗਲਿੰਗ ਕੀਤੀ ਜਾਂਦੀ ਸੀ। 1933 ਤੋਂ 1936 ਤਕ ਜਦੋਂ ਜਾਇੰਟ ਮਾਉਂਟੇਨਜ਼ ਚੈਕੋਸਲੋਵਾਕੀਆ ਤੇ ਜਰਮਨੀ ਦੇ ਬਾਰਡਰ ’ਤੇ ਸਨ, ਤਾਂ ਗਵਾਹਾਂ ਨੇ ਸਮਗਲਰਾਂ ਦੇ ਇਨ੍ਹਾਂ ਪੁਰਾਣੇ ਰਾਹਾਂ ਨੂੰ ਵਰਤਣਾ ਸ਼ੁਰੂ ਕੀਤਾ। ਕਿਸ ਕੰਮ ਲਈ? ਬਾਈਬਲ ਪ੍ਰਕਾਸ਼ਨਾਂ ਨੂੰ ਉਨ੍ਹਾਂ ਥਾਵਾਂ ਤੋਂ ਲਿਆਉਣ ਲਈ ਜਿੱਥੋਂ ਇਹ ਆਸਾਨੀ ਨਾਲ ਮਿਲ ਜਾਂਦੇ ਸਨ। ਨੌਜਵਾਨ ਰਿਖਾਰਟ ਨੇ ਵੀ ਇਸ ਕੰਮ ਵਿਚ ਹਿੱਸਾ ਲਿਆ ਸੀ।

ਭੈਣ-ਭਰਾ ਸੈਰ ਕਰਨ ਦਾ ਦਿਖਾਵਾ ਕਰ ਕੇ ਜਾਇੰਟ ਮਾਉਂਟੇਨਜ਼ ਦੇ ਉੱਪਰੋਂ ਦੀ ਜਰਮਨੀ ਨੂੰ ਪ੍ਰਕਾਸ਼ਨ ਲੈ ਕੇ ਜਾਂਦੇ ਹੋਏ

ਖ਼ਤਰਨਾਕ ਸੈਰ

ਭਰਾ ਰਿਖਾਰਟ ਦੱਸਦਾ ਹੈ: “ਸ਼ਨੀ-ਐਤਵਾਰ ਨੂੰ ਅਸੀਂ ਕਈ ਗਰੁੱਪਾਂ ਵਿਚ ਪਹਾੜਾਂ ’ਤੇ ਚੜ੍ਹਨ ਜਾਂਦੇ ਸੀ ਤੇ ਹਰ ਗਰੁੱਪ ਵਿਚ ਸੱਤ-ਅੱਠ ਭਰਾ ਹੁੰਦੇ ਸਨ। ਦੇਖਣ ਵਾਲਿਆਂ ਨੂੰ ਲੱਗਦਾ ਸੀ ਕਿ ਅਸੀਂ ਸੈਰ ’ਤੇ ਚੱਲੇ ਸੀ। ਜਰਮਨੀ ਤੋਂ ਇਨ੍ਹਾਂ ਪਹਾੜਾਂ ਨੂੰ ਪਾਰ ਕਰ ਕੇ ਚੈੱਕ ਵਿਚ ਸਪਿੰਡਲਾਰੂਫ ਮਲੀਨ ਰਿਸੋਰਟ ਤਕ ਪਹੁੰਚਣ ਲਈ ਤਿੰਨ ਘੰਟੇ ਲੱਗ ਜਾਂਦੇ ਸਨ।” ਉੱਥੇ ਪਹੁੰਚਣ ਲਈ 16.5 ਕਿਲੋਮੀਟਰ (ਤਕਰੀਬਨ 10 ਮੀਲ) ਤੁਰਨਾ ਪੈਂਦਾ ਸੀ। ਉਨ੍ਹਾਂ ਦਿਨਾਂ ਵਿਚ ਬਹੁਤ ਸਾਰੇ ਜਰਮਨ ਲੋਕ ਉੱਥੇ ਰਹਿੰਦੇ ਸਨ। ਇਕ ਕਿਸਾਨ ਭਰਾਵਾਂ ਦੀ ਮਦਦ ਕਰਨ ਲਈ ਮੰਨ ਗਿਆ। ਉਸ ਕੋਲ ਇਕ ਟਾਂਗਾ ਸੀ ਜਿਸ ਉੱਤੇ ਉਹ ਸੈਰ ਕਰਨ ਆਏ ਲੋਕਾਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਂਦਾ ਸੀ। ਉਹ ਆਪਣੇ ਟਾਂਗੇ ਉੱਤੇ ਨੇੜਲੇ ਕਸਬੇ ਤੋਂ ਪ੍ਰਕਾਸ਼ਨਾਂ ਨਾਲ ਭਰੇ ਬਕਸੇ ਲੈ ਆਉਂਦਾ ਸੀ ਜੋ ਗੱਡੀ ਰਾਹੀਂ ਪਰਾਗ ਤੋਂ ਆਉਂਦੇ ਸਨ। ਉਹ ਇਨ੍ਹਾਂ ਬਕਸਿਆਂ ਨੂੰ ਆਪਣੇ ਖੇਤਾਂ ਵਿਚ ਲਿਜਾ ਕੇ ਪਰਾਲੀ ਵਿਚ ਉਦੋਂ ਤਕ ਲੁਕਾ ਦਿੰਦਾ ਸੀ ਜਦੋਂ ਤਕ ਭਰਾ ਉਨ੍ਹਾਂ ਨੂੰ ਜਰਮਨੀ ਨਹੀਂ ਲੈ ਜਾਂਦੇ ਸਨ।

ਭਰਾ ਰਿਖਾਰਟ ਅੱਗੇ ਦੱਸਦਾ ਹੈ: “ਖੇਤ ਪਹੁੰਚ ਕੇ ਅਸੀਂ ਆਪਣੇ ਪਿੱਠੂਬੈੱਗਾਂ ਵਿਚ ਪ੍ਰਕਾਸ਼ਨ ਪਾ ਲੈਂਦੇ ਸੀ। ਇਹ ਬੈਗ ਖ਼ਾਸ ਕਰਕੇ ਭਾਰਾ ਸਾਮਾਨ ਚੁੱਕਣ ਲਈ ਬਣਾਏ ਗਏ ਸਨ। ਹਰ ਜਣਾ 50 ਕਿਲੋ (ਲਗਭਗ 100 ਪੌਂਡ) ਭਾਰ ਚੁੱਕਦਾ ਸੀ।” ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਅਸੀਂ ਹਨੇਰਾ ਹੋਣ ਤੋਂ ਬਾਅਦ ਆਪਣਾ ਸਫ਼ਰ ਸ਼ੁਰੂ ਕਰਦੇ ਸੀ ਤੇ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਪਹੁੰਚ ਜਾਂਦੇ ਸੀ। ਅਰਨਸਟ ਵੀਸਨਰ ਉਸ ਸਮੇਂ ਜਰਮਨੀ ਵਿਚ ਸਰਕਟ ਓਵਰਸੀਅਰ ਸੀ। ਉਸ ਨੇ ਦੱਸਿਆ ਕਿ ਭਰਾ ਕਿਵੇਂ ਸਾਵਧਾਨੀ ਤੋਂ ਕੰਮ ਲੈਂਦੇ ਸਨ: “ਪ੍ਰਕਾਸ਼ਨ ਲੈ ਕੇ ਮੁੜਦੇ ਵੇਲੇ ਦੋ ਭਰਾ ਅੱਗੇ-ਅੱਗੇ ਜਾਂਦੇ ਸਨ ਤੇ ਜੇ ਉਹ ਕਿਸੇ ਨੂੰ ਮਿਲਦੇ ਸਨ, ਤਾਂ ਉਹ ਬੈਟਰੀ ਨਾਲ ਉਨ੍ਹਾਂ ਭਰਾਵਾਂ ਨੂੰ ਇਸ਼ਾਰਾ ਕਰਦੇ ਸਨ ਜੋ 100 ਮੀਟਰ (328 ਫੁੱਟ) ਪਿੱਛੇ ਆਪਣੇ ਪਿੱਠੂਬੈੱਗਾਂ ਨਾਲ ਆਉਂਦੇ ਸਨ। ਇਹ ਇਸ਼ਾਰਾ ਮਿਲਦਿਆਂ ਉਹ ਝਾੜੀਆਂ ਵਿਚ ਲੁਕ ਜਾਂਦੇ ਸਨ ਤੇ ਉਹ ਉੱਨਾ ਚਿਰ ਲੁਕੇ ਰਹਿੰਦੇ ਸਨ ਜਿੰਨਾ ਚਿਰ ਦੋਵੇਂ ਭਰਾ ਵਾਪਸ ਆ ਕੇ ਉਨ੍ਹਾਂ ਨੂੰ ਕੋਡ ਵਰਡ ਨਹੀਂ ਦੱਸਦੇ ਸਨ। ਇਹ ਕੋਡ ਵਰਡ ਹਰ ਹਫ਼ਤੇ ਬਦਲਿਆ ਜਾਂਦਾ ਸੀ।” ਪਰ ਉਨ੍ਹਾਂ ਨੂੰ ਸਿਰਫ਼ ਨੀਲੀ ਵਰਦੀ ਵਾਲੀ ਜਰਮਨ ਪੁਲਸ ਤੋਂ ਹੀ ਖ਼ਤਰਾ ਨਹੀਂ ਸੀ।

ਭਰਾ ਰਿਖਾਰਟ ਕਹਿੰਦਾ ਹੈ: “ਇਕ ਸ਼ਾਮ ਮੈਨੂੰ ਦੇਰ ਤਕ ਕੰਮ ਕਰਨਾ ਪਿਆ। ਇਸ ਕਰਕੇ ਮੈਂ ਹੋਰਨਾਂ ਭਰਾਵਾਂ ਤੋਂ ਬਾਅਦ ਚੈੱਕ ਦੇਸ਼  ਲਈ ਰਵਾਨਾ ਹੋਇਆ। ਹਨੇਰਾ ਬਹੁਤ ਸੀ ਤੇ ਧੁੰਦ ਪਈ ਹੋਈ ਸੀ। ਮੀਂਹ ਪੈਂਦਾ ਹੋਣ ਕਰਕੇ ਮੈਂ ਠੰਢ ਨਾਲ ਕੰਬ ਰਿਹਾ ਸੀ। ਦਰਖ਼ਤਾਂ ਵਿਚ ਦੀ ਮੈਨੂੰ ਰਾਹ ਨਾ ਲੱਭਿਆ ਤੇ ਮੈਂ ਕਈ ਘੰਟੇ ਇੱਧਰ-ਉੱਧਰ ਭਟਕਦਾ ਰਿਹਾ। ਕਈ ਸੈਰ ਕਰਨ ਵਾਲੇ ਲੋਕ ਇਸ ਤਰ੍ਹਾਂ ਰਾਹ ਭੁੱਲ ਕੇ ਮਰ ਚੁੱਕੇ ਸਨ। ਜਦੋਂ ਤੜਕੇ ਭਰਾ ਵਾਪਸ ਆ ਰਹੇ ਸਨ, ਤਾਂ ਮੈਂ ਉਨ੍ਹਾਂ ਨੂੰ ਰਾਹ ਵਿਚ ਮਿਲਿਆ।”

ਦਲੇਰ ਭਰਾ ਲਗਭਗ ਤਿੰਨ ਸਾਲ ਹਰ ਹਫ਼ਤੇ ਪਹਾੜਾਂ ਨੂੰ ਜਾਂਦੇ ਰਹੇ। ਸਰਦੀਆਂ ਨੂੰ ਉਹ ਪ੍ਰਕਾਸ਼ਨ ਲਿਆਉਣ ਲਈ ਬਰਫ਼ ’ਤੇ ਰਿੜ੍ਹਨ ਵਾਲੀਆਂ ਫੱਟੀਆਂ ’ਤੇ ਜਾਂਦੇ ਸਨ। ਕਦੀ-ਕਦਾਈਂ 20 ਕੁ ਭਰਾਵਾਂ ਦਾ ਗਰੁੱਪ ਪਗਡੰਡੀਆਂ ਰਾਹੀਂ ਦਿਨੇ ਬਾਰਡਰ ਪਾਰ ਕਰਦਾ ਸੀ। ਉਹ ਆਪਣੇ ਨਾਲ ਕੁਝ ਭੈਣਾਂ ਨੂੰ ਵੀ ਲੈ ਜਾਂਦੇ ਸਨ ਤਾਂਕਿ ਲੋਕਾਂ ਨੂੰ ਉਨ੍ਹਾਂ ’ਤੇ ਸ਼ੱਕ ਨਾ ਹੋਵੇ। ਕੁਝ ਬਾਕੀਆਂ ਤੋਂ ਅੱਗੇ-ਅੱਗੇ ਤੁਰਦੇ ਸਨ ਤੇ ਕੋਈ ਖ਼ਤਰਾ ਹੋਣ ਤੇ ਉਹ ਆਪਣੀਆਂ ਟੋਪੀਆਂ ਉੱਪਰ ਵੱਲ ਨੂੰ ਸੁੱਟਦੇ ਸਨ।

ਬਰਫ਼ ਨਾਲ ਢਕੀਆਂ ਟੀਸੀਆਂ ਕਰਕੇ ਜਾਇੰਟ ਮਾਉਂਟੇਨਜ਼ ਨੂੰ ਪਾਰ ਕਰਨਾ ਖ਼ਤਰਨਾਕ ਹੁੰਦਾ ਸੀ

ਰਾਤੋ-ਰਾਤ ਜਾ ਕੇ ਪ੍ਰਕਾਸ਼ਨ ਲਿਆਉਣ ਤੋਂ ਬਾਅਦ ਉਨ੍ਹਾਂ ਨਾਲ ਕੀ ਕੀਤਾ ਜਾਂਦਾ ਸੀ? ਪ੍ਰਕਾਸ਼ਨ ਛੇਤੀ ਤੋਂ ਛੇਤੀ ਵੰਡ ਦਿੱਤੇ ਜਾਂਦੇ ਸਨ। ਕਿਵੇਂ? ਪ੍ਰਕਾਸ਼ਨਾਂ ਨੂੰ ਪੈਕਟਾਂ ਵਿਚ ਇਵੇਂ ਪੈਕ ਕੀਤਾ ਜਾਂਦਾ ਸੀ ਕਿ ਦੇਖਣ ਵਾਲੇ ਨੂੰ ਲੱਗੇ ਕਿ ਇਨ੍ਹਾਂ ਵਿਚ ਸਾਬਣ ਸੀ ਤੇ ਇਨ੍ਹਾਂ ਪੈਕਟਾਂ ਨੂੰ ਹਰਸ਼ਬਰਗ ਦੇ ਰੇਲਵੇ ਸਟੇਸ਼ਨ ’ਤੇ ਲਿਜਾਇਆ ਜਾਂਦਾ ਸੀ। ਇੱਥੋਂ ਇਨ੍ਹਾਂ ਨੂੰ ਜਰਮਨੀ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਭੇਜਿਆ ਜਾਂਦਾ ਸੀ ਜਿੱਥੇ ਭੈਣ-ਭਰਾ ਬੜੀ ਹੁਸ਼ਿਆਰੀ ਨਾਲ ਹੋਰ ਭੈਣ-ਭਰਾਵਾਂ ਤਕ ਇਨ੍ਹਾਂ ਨੂੰ ਪਹੁੰਚਾਉਂਦੇ ਸਨ, ਜਿਵੇਂ ਸ਼ੁਰੂ ਵਿਚ ਦੱਸਿਆ ਗਿਆ ਸੀ। ਪ੍ਰਕਾਸ਼ਨਾਂ ਨੂੰ ਇਕ-ਦੂਜੇ ਤਕ ਪਹੁੰਚਾਉਣ ਦੇ ਕੰਮ ਵਿਚ ਬਹੁਤ ਸਾਰੇ ਭੈਣ-ਭਰਾ ਸ਼ਾਮਲ ਸਨ ਤੇ ਜੇ ਇਕ ਜਣਾ ਫੜਿਆ ਜਾਂਦਾ, ਤਾਂ ਸਾਰਿਆਂ ਨੂੰ ਖ਼ਤਰਾ ਹੋ ਸਕਦਾ ਸੀ। ਇਕ ਦਿਨ ਇੱਦਾਂ ਹੋ ਹੀ ਗਿਆ।

1936 ਵਿਚ ਪੁਲਸ ਨੂੰ ਬਰਲਿਨ ਨੇੜੇ ਇਕ ਡਿਪੂ ਦਾ ਪਤਾ ਲੱਗ ਗਿਆ ਜਿੱਥੇ ਪ੍ਰਕਾਸ਼ਨ ਰੱਖੇ ਗਏ ਸਨ। ਬਾਕੀ ਚੀਜ਼ਾਂ ਦੇ ਨਾਲ-ਨਾਲ ਉਨ੍ਹਾਂ ਨੂੰ ਤਿੰਨ ਪੈਕਟ ਵੀ ਮਿਲੇ ਜੋ ਹਰਸ਼ਬਰਗ ਤੋਂ ਭੇਜੇ ਗਏ ਸਨ ਜਿਨ੍ਹਾਂ ’ਤੇ ਘੱਲਣ ਵਾਲੇ ਦਾ ਨਾਂ ਨਹੀਂ ਸੀ ਲਿਖਿਆ ਹੋਇਆ। ਪੁਲਸ ਨੇ ਲਿਖਾਈ ਦੀ ਪਛਾਣ ਕਰ ਕੇ ਇਸ ਕੰਮ ਵਿਚ ਸ਼ਾਮਲ ਇਕ ਖ਼ਾਸ ਭਰਾ ਨੂੰ ਫੜ ਲਿਆ। ਇਸ ਤੋਂ ਜਲਦੀ ਬਾਅਦ ਰਿਖਾਰਟ ਰੂਡੋਲਫ ਤੇ ਇਕ ਹੋਰ ਭਰਾ ਨੂੰ ਵੀ ਫੜ ਲਿਆ ਗਿਆ। ਉਨ੍ਹਾਂ ਭਰਾਵਾਂ ਨੇ ਸਾਰਾ ਇਲਜ਼ਾਮ ਆਪਣੇ ਸਿਰ ’ਤੇ ਲੈ ਲਿਆ। ਇਸ ਕਰਕੇ ਬਾਕੀ ਭੈਣ-ਭਰਾ ਕੁਝ ਸਮੇਂ ਲਈ ਇਹ ਕੰਮ ਕਰਦੇ ਰਹਿ ਸਕੇ ਜਿਸ ਵਿਚ ਖ਼ਤਰਾ ਹੋਰ ਵੀ ਵਧ ਗਿਆ ਸੀ।

ਸਾਡੇ ਲਈ ਸਬਕ

ਜਾਇੰਟ ਮਾਉਂਟੇਨਜ਼ ਪਾਰੋਂ ਲਿਆਂਦੇ ਬਾਈਬਲ ਪ੍ਰਕਾਸ਼ਨ ਜਰਮਨੀ ਦੇ ਭੈਣਾਂ-ਭਰਾਵਾਂ ਨੂੰ ਮਿਲਦੇ ਰਹੇ। ਇਹ ਪ੍ਰਕਾਸ਼ਨ ਉਨ੍ਹਾਂ ਲਈ ਬਹੁਤ ਹੀ ਕੀਮਤੀ ਸਨ। ਪਰ ਸਿਰਫ਼ ਜਾਇੰਟ ਮਾਉਂਟੇਨਜ਼ ਰਾਹੀਂ ਹੀ ਪ੍ਰਕਾਸ਼ਨ ਨਹੀਂ ਆਉਂਦੇ ਸਨ। 1939 ਵਿਚ ਜਰਮਨ ਫ਼ੌਜਾਂ ਦੁਆਰਾ ਚੈਕੋਸਲੋਵਾਕੀਆ ’ਤੇ ਕਬਜ਼ਾ ਕਰਨ ਤਕ ਇਸ ਦੇਸ਼ ਵਿਚ ਵੀ ਇਹੋ ਜਿਹੇ ਰਾਹਾਂ ਨੂੰ ਵਰਤਿਆ ਜਾਂਦਾ ਰਿਹਾ। ਜਰਮਨੀ ਨਾਲ ਲੱਗਦੇ ਹੋਰ ਦੇਸ਼ਾਂ ਜਿਵੇਂ ਕਿ ਫਰਾਂਸ, ਨੀਦਰਲੈਂਡਜ਼ ਤੇ ਸਵਿਟਜ਼ਰਲੈਂਡ ਵਿਚ ਵੀ ਗਵਾਹ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਜਰਮਨੀ ਵਿਚ ਅਜ਼ਮਾਇਸ਼ਾਂ ਸਹਿ ਰਹੇ ਭੈਣਾਂ-ਭਰਾਵਾਂ ਨੂੰ ਪ੍ਰਕਾਸ਼ਨ ਭੇਜਦੇ ਸਨ।

ਅੱਜ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਲੋੜ ਅਨੁਸਾਰ ਬਾਈਬਲ ਪ੍ਰਕਾਸ਼ਨ ਮਿਲਦੇ ਹਨ। ਇਹ ਪ੍ਰਕਾਸ਼ਨ ਲਿਖਤੀ ਰੂਪ ਵਿਚ ਹੋ ਸਕਦੇ ਹਨ ਜਾਂ ਆਡੀਓ-ਵੀਡੀਓ ਹੋ ਸਕਦੇ ਹਨ। ਭਾਵੇਂ ਪ੍ਰਕਾਸ਼ਨ ਤੁਹਾਨੂੰ ਕਿੰਗਡਮ ਹਾਲ ਵਿਚ ਮਿਲਦੇ ਹਨ ਜਾਂ ਤੁਸੀਂ ਵੈੱਬਸਾਈਟ jw.org ਤੋਂ ਡਾਊਨਲੋਡ ਕਰਦੇ ਹੋ, ਕਿਉਂ ਨਾ ਸੋਚੋ ਕਿ ਇਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਕਿੰਨਾ ਕੰਮ ਕੀਤਾ ਜਾਂਦਾ ਹੈ? ਸ਼ਾਇਦ ਤੁਹਾਡੇ ਤਕ ਇਹ ਪ੍ਰਕਾਸ਼ਨ ਪਹੁੰਚਾਉਣ ਲਈ ਅੱਧੀ ਰਾਤ ਨੂੰ ਬਰਫ਼ ਨਾਲ ਢਕੇ ਪਹਾੜਾਂ ਨੂੰ ਪਾਰ ਨਹੀਂ ਕਰਨਾ ਪਿਆ, ਪਰ ਬਹੁਤ ਸਾਰੇ ਭੈਣ-ਭਰਾ ਤੁਹਾਡੀ ਖ਼ਾਤਰ ਇਨ੍ਹਾਂ ਨੂੰ ਤਿਆਰ ਕਰਨ ਵਿਚ ਖ਼ੁਸ਼ੀ-ਖ਼ੁਸ਼ੀ ਬਹੁਤ ਮਿਹਨਤ ਕਰਦੇ ਹਨ।

^ ਪੇਰਗ੍ਰੈਫ 3 ਭਰਾ ਰੂਡੋਲਫ ਸਾਏਲੀਜਾ ਇਲਾਕੇ ਵਿਚ ਹਰਸ਼ਬਰਗ ਨਾਂ ਦੀ ਮੰਡਲੀ ਵਿਚ ਸੇਵਾ ਕਰਦਾ ਸੀ। ਹੁਣ ਹਰਸ਼ਬਰਗ ਸ਼ਹਿਰ ਜਿਲਿਨੀਆ ਗੂਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੋ ਪੋਲੈਂਡ ਦੇ ਦੱਖਣ-ਪੱਛਮ ਵਿਚ ਹੈ।