Skip to content

Skip to table of contents

ਜਦ ਸਾਰਿਆਂ ਦਾ ਇੱਜ਼ਤ-ਮਾਣ ਕੀਤਾ ਜਾਵੇਗਾ

ਜਦ ਸਾਰਿਆਂ ਦਾ ਇੱਜ਼ਤ-ਮਾਣ ਕੀਤਾ ਜਾਵੇਗਾ

ਜਦ ਸਾਰਿਆਂ ਦਾ ਇੱਜ਼ਤ-ਮਾਣ ਕੀਤਾ ਜਾਵੇਗਾ

“ਸਾਨੂੰ ਇਕ ਸ਼ਾਨਦਾਰ ਨਵੀਂ ਦੁਨੀਆਂ ਬਣਾਉਣ ਦੀ ਲੋੜ ਹੈ। ਅਜਿਹੀ ਦੁਨੀਆਂ ਜਿਸ ਵਿਚ ਹਰ ਇਨਸਾਨ ਦਾ ਸਦਾ ਇੱਜ਼ਤ-ਮਾਣ ਹੋਵੇ।” —ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮਨ, ਸਾਨ ਫ਼ਰਾਂਸਿਸਕੋ, ਕੈਲੇਫ਼ੋਰਨੀਆ, ਅਮਰੀਕਾ, 25 ਅਪ੍ਰੈਲ 1945.

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਹੋਰਨਾਂ ਕਈ ਲੋਕਾਂ ਵਾਂਗ ਰਾਸ਼ਟਰਪਤੀ ਟਰੂਮਨ ਵਿਸ਼ਵਾਸ ਕਰਦੇ ਸਨ ਕਿ ਇਨਸਾਨ ਇਤਿਹਾਸ ਤੋਂ ਸਬਕ ਸਿੱਖ ਕੇ ਇਕ “ਨਵੀਂ ਦੁਨੀਆਂ” ਦੀ ਸਿਰਜਣਾ ਕਰਨਗੇ ਜਿਸ ਵਿਚ ਸਾਰਿਆਂ ਦਾ ਇੱਜ਼ਤ-ਮਾਣ ਕੀਤਾ ਜਾਵੇਗਾ। ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਹਾਲੇ ਵੀ ਇਨਸਾਨਾਂ ਦੇ ਹੱਕਾਂ ਨੂੰ ਪੈਰਾਂ ਹੇਠ ਰੌਂਦ ਕੇ ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਹੈ। ਇਸ ਸਮੱਸਿਆ ਦੀ ਜੜ੍ਹ ਇਨਸਾਨ ਨਹੀਂ, ਸਗੋਂ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ।

ਸਮੱਸਿਆ ਦੀ ਜੜ੍ਹ

ਜਦ ਪਰਮੇਸ਼ੁਰ ਨੇ ਪਹਿਲੇ ਇਨਸਾਨੀ ਜੋੜੇ ਨੂੰ ਬਣਾਇਆ, ਤਦ ਇਕ ਫ਼ਰਿਸ਼ਤੇ ਨੇ, ਜਿਸ ਨੂੰ ਬਾਈਬਲ ਵਿਚ ਸ਼ਤਾਨ ਕਿਹਾ ਜਾਂਦਾ ਹੈ, ਪਰਮੇਸ਼ੁਰ ਖ਼ਿਲਾਫ਼ ਬਗਾਵਤ ਕਰ ਦਿੱਤੀ। ਉਸ ਨੇ ਦਾਅਵਾ ਕੀਤਾ ਕਿ ਇਨਸਾਨਾਂ ਨੂੰ ਰੱਬ ਦੀ ਸੇਧ ਦੀ ਕੋਈ ਲੋੜ ਨਹੀਂ। ਉਸ ਸਮੇਂ ਤੋਂ ਸ਼ਤਾਨ ਦਾ ਇਹੋ ਮਕਸਦ ਰਿਹਾ ਹੈ ਕਿ ਹਰ ਇਨਸਾਨ ਪਰਮੇਸ਼ੁਰ ਤੋਂ ਦੂਰ ਹੋ ਜਾਵੇ ਜਿਸ ਤਰ੍ਹਾਂ ਉਸ ਨੇ ਅਦਨ ਦੇ ਬਾਗ਼ ਵਿਚ ਪਹਿਲੀ ਔਰਤ ਹੱਵਾਹ ਨੂੰ ਪਰਮੇਸ਼ੁਰ ਤੋਂ ਦੂਰ ਕੀਤਾ ਸੀ। (ਉਤਪਤ 3:1-5) ਆਦਮ ਅਤੇ ਹੱਵਾਹ ਨੇ ਸ਼ਤਾਨ ਦੇ ਮਗਰ ਲੱਗ ਕੇ ਕੀ ਨਤੀਜੇ ਭੁਗਤੇ? ਜਦ ਉਨ੍ਹਾਂ ਨੇ ਪਰਮੇਸ਼ੁਰ ਵੱਲੋਂ ਮਨ੍ਹਾ ਕੀਤਾ ਗਿਆ ਫਲ ਖਾ ਕੇ ਪਰਮੇਸ਼ੁਰ ਦਾ ਹੁਕਮ ਤੋੜਿਆ, ਤਾਂ ਉਨ੍ਹਾਂ ਦੋਹਾਂ ਨੇ ‘ਯਹੋਵਾਹ ਪਰਮੇਸ਼ੁਰ ਦੇ ਸਾਹਮਣਿਓਂ ਆਪਣੇ ਆਪ ਨੂੰ ਲੁਕੋ ਲਿਆ।’ ਕਿਉਂ? ਇਸ ਦਾ ਜਵਾਬ ਆਦਮ ਨੇ ਪਰਮੇਸ਼ੁਰ ਨੂੰ ਇਸ ਤਰ੍ਹਾਂ ਦਿੱਤਾ: “ਮੈਂ ਡਰ ਗਿਆ ਕਿਉਂਜੋ ਮੈਂ ਨੰਗਾ ਹਾਂ ਸੋ ਮੈਂ ਆਪਣੇ ਆਪ ਨੂੰ ਲੁਕਾਇਆ।” (ਉਤਪਤ 3:8-10) ਆਦਮ ਤੇ ਉਸ ਦੇ ਸਵਰਗੀ ਪਿਤਾ ਯਹੋਵਾਹ ਦੇ ਰਿਸ਼ਤੇ ਵਿਚ ਫੁੱਟ ਪੈ ਗਈ। ਹਾਂ, ਆਦਮ ਦੀ ਜ਼ਮੀਰ ਉਸ ਤੇ ਲਾਨ੍ਹਤਾਂ ਪਾਉਣ ਲੱਗੀ ਜਿਸ ਕਰਕੇ ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨ ਲੱਗਾ ਅਤੇ ਸ਼ਰਮ ਦਾ ਮਾਰਾ ਪਰਮੇਸ਼ੁਰ ਦੇ ਅੱਗੇ ਨਹੀਂ ਆ ਸਕਿਆ।

ਸ਼ਤਾਨ ਇਹ ਕਿਉਂ ਚਾਹੁੰਦਾ ਸੀ ਕਿ ਆਦਮ ਆਪਣੀਆਂ ਨਜ਼ਰਾਂ ਵਿਚ ਡਿੱਗ ਜਾਵੇ? ਇਨਸਾਨ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਨ ਜਿਸ ਕਰਕੇ ਉਹ ਪਰਮੇਸ਼ੁਰੀ ਗੁਣ ਜ਼ਾਹਰ ਕਰਨ ਦੀ ਕਾਬਲੀਅਤ ਰੱਖਦੇ ਹਨ। ਪਰ ਸ਼ਤਾਨ ਨਹੀਂ ਚਾਹੁੰਦਾ ਕਿ ਇਨਸਾਨ ਪਰਮੇਸ਼ੁਰ ਵਰਗੇ ਗੁਣ ਜ਼ਾਹਰ ਕਰਨ, ਇਸ ਲਈ ਉਸ ਨੂੰ ਖ਼ੁਸ਼ੀ ਹੁੰਦੀ ਹੈ ਜਦ ਇਨਸਾਨ ਮਾੜੇ ਕੰਮ ਕਰ ਕੇ ਪਰਮੇਸ਼ੁਰ ਦਾ ਨਾਂ ਬਦਨਾਮ ਕਰਦੇ ਹਨ। (ਉਤਪਤ 1:27; ਰੋਮੀਆਂ 3:23) ਸ਼ਤਾਨ “ਇਸ ਜੁੱਗ” ਦਾ ਰਾਜਾ ਹੈ ਅਤੇ ਉਹ ਚਾਹੁੰਦਾ ਹੈ ਕਿ ਸਾਰੇ ਲੋਕ ਉਸ ਵਾਂਗ ਸੋਚਣ। ਇਸ ਲਈ ਉਹ ਸਾਰੇ ਲੋਕਾਂ ਉੱਤੇ ਆਪਣਾ ਪ੍ਰਭਾਵ ਪਾ ਰਿਹਾ ਹੈ। ਸ਼ਤਾਨ ਦੇ ਇਸ ਪ੍ਰਭਾਵ ਹੇਠਾਂ ਆ ਕੇ ਸਦੀਆਂ ਤੋਂ ਇਨਸਾਨ ‘ਇਕ-ਦੂਜੇ ਉੱਤੇ ਆਗਿਆ ਤੋਰ ਕੇ ਆਪਣਾ ਹੀ ਨੁਕਸਾਨ ਕਰਦੇ ਆਏ ਹਨ।’ (2 ਕੁਰਿੰਥੀਆਂ 4:4; ਉਪਦੇਸ਼ਕ ਦੀ ਪੋਥੀ 8:9; 1 ਯੂਹੰਨਾ 5:19) ਇਸ ਤੋਂ ਪਤਾ ਲੱਗਦਾ ਹੈ ਕਿ ਇਤਿਹਾਸ ਦੌਰਾਨ ਇਨਸਾਨ ਕਿਉਂ ਇਕ-ਦੂਜੇ ਨਾਲ ਬੁਰਾ ਸਲੂਕ ਕਰਦੇ ਆਏ ਹਨ। ਪਰ, ਕੀ ਇਸ ਦਾ ਇਹ ਮਤਲਬ ਹੈ ਕਿ ਇਨਸਾਨ ਇਕ-ਦੂਜੇ ਦਾ ਅਪਮਾਨ ਕਰਦੇ ਰਹਿਣਗੇ?

ਯਹੋਵਾਹ ਇਨਸਾਨਾਂ ਨਾਲ ਆਦਰ ਨਾਲ ਪੇਸ਼ ਆਉਂਦਾ ਹੈ

ਪਾਪ ਕਰਨ ਤੋਂ ਪਹਿਲਾਂ ਅਦਨ ਦੇ ਬਾਗ਼ ਵਿਚ ਆਦਮ ਅਤੇ ਹੱਵਾਹ ਦਾ ਜੀਵਨ ਕਿਹੋ ਜਿਹਾ ਸੀ? ਪਰਮੇਸ਼ੁਰ ਨੇ ਉਨ੍ਹਾਂ ਨੂੰ ਖਾਣ ਲਈ ਭਾਂਤ-ਭਾਂਤ ਦੇ ਫਲ-ਫਰੂਟ ਅਤੇ ਵਧੀਆ ਕੰਮ ਕਰਨ ਲਈ ਦਿੱਤਾ ਸੀ। ਉਹ ਪੂਰੀ ਤਰ੍ਹਾਂ ਤੰਦਰੁਸਤ ਸਨ ਅਤੇ ਉਨ੍ਹਾਂ ਕੋਲ ਆਪਣੀ ਔਲਾਦ ਨਾਲ ਉਸ ਸੁੰਦਰ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਜੀਣ ਦਾ ਮੌਕਾ ਸੀ। (ਉਤਪਤ 1:28) ਉਨ੍ਹਾਂ ਦੀ ਜ਼ਿੰਦਗੀ ਤੋਂ ਇਨਸਾਨਾਂ ਲਈ ਪਰਮੇਸ਼ੁਰ ਦਾ ਸ਼ਾਨਦਾਰ ਮਕਸਦ ਅਤੇ ਉਸ ਦਾ ਪਿਆਰ ਸਾਫ਼ ਜ਼ਾਹਰ ਹੁੰਦਾ ਸੀ।

ਲੇਕਿਨ ਆਦਮ ਅਤੇ ਹੱਵਾਹ ਦੇ ਗ਼ਲਤੀ ਕਰਨ ਤੋਂ ਬਾਅਦ ਯਹੋਵਾਹ ਉਨ੍ਹਾਂ ਨਾਲ ਕਿਵੇਂ ਪੇਸ਼ ਆਇਆ? ਕੀ ਉਸ ਨੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ? ਬਿਲਕੁਲ ਨਹੀਂ। ਯਹੋਵਾਹ ਉਨ੍ਹਾਂ ਦੇ ਜਜ਼ਬਾਤ ਚੰਗੀ ਤਰ੍ਹਾਂ ਸਮਝਦਾ ਸੀ। ਉਹ ਜਾਣਦਾ ਸੀ ਕਿ ਨੰਗੇ ਹੋਣ ਕਰਕੇ ਆਦਮ ਅਤੇ ਹੱਵਾਹ ਕਿੰਨੀ ਸ਼ਰਮ ਮਹਿਸੂਸ ਕਰ ਰਹੇ ਸਨ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਦੀ ਲਾਜ ਰੱਖਣ ਲਈ ਉਨ੍ਹਾਂ ਨੂੰ ਅੰਜੀਰ ਦੇ ਪੱਤਿਆਂ (ਜੋ ਉਨ੍ਹਾਂ ਨੇ ਆਪ ਸੀਉਂ ਕੇ ਪਾਏ ਸਨ) ਦੀ ਬਜਾਇ, “ਚਮੜੇ ਦੇ ਚੋਲੇ” ਪਹਿਨਣ ਲਈ ਦਿੱਤੇ। (ਉਤਪਤ 3:7, 21) ਪਰਮੇਸ਼ੁਰ ਇਹ ਨਹੀਂ ਸੀ ਚਾਹੁੰਦਾ ਕਿ ਉਹ ਸ਼ਰਮਿੰਦਾ ਮਹਿਸੂਸ ਕਰਦੇ ਰਹਿਣ, ਇਸ ਲਈ ਉਹ ਉਨ੍ਹਾਂ ਦੇ ਨਾਲ ਆਦਰ ਨਾਲ ਪੇਸ਼ ਆਇਆ।

ਕਈ ਸਦੀਆਂ ਬਾਅਦ, ਇਸਰਾਏਲੀਆਂ ਦੇ ਜ਼ਮਾਨੇ ਵਿਚ ਯਹੋਵਾਹ ਨੇ ਯਤੀਮਾਂ, ਵਿਧਵਾਵਾਂ ਅਤੇ ਪਰਦੇਸੀਆਂ ਲਈ ਇਕ ਪਿਆਰ ਭਰਿਆ ਪ੍ਰਬੰਧ ਕੀਤਾ ਸੀ ਕਿਉਂਕਿ ਇਹੋ ਜਿਹੇ ਲੋਕ ਹੀ ਬੇਇਨਸਾਫ਼ੀ ਅਤੇ ਬਦਸਲੂਕੀ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ। (ਜ਼ਬੂਰਾਂ ਦੀ ਪੋਥੀ 72:13) ਯਹੋਵਾਹ ਨੇ ਇਸਰਾਏਲੀਆਂ ਨੂੰ ਇਹ ਹੁਕਮ ਦਿੱਤਾ ਸੀ ਕਿ ਵਾਢੀ ਦੇ ਵੇਲੇ ਉਹ ਆਪਣੇ ਖੇਤਾਂ ਦੇ ਕਿਨਾਰਿਆਂ ਤੇ ਖੜ੍ਹੀ ਫ਼ਸਲ ਨਾ ਵੱਢਣ ਅਤੇ ਡਿੱਗੇ ਹੋਏ ਅਨਾਜ ਨੂੰ ਇਕੱਠਾ ਨਾ ਕਰਨ। ਇਸ ਦੀ ਬਜਾਇ, ਇਹ ਅਨਾਜ “ਪਰਦੇਸੀ, ਯਤੀਮ ਅਤੇ ਵਿਧਵਾ” ਲਈ ਛੱਡਿਆ ਜਾਣਾ ਸੀ। (ਬਿਵਸਥਾ ਸਾਰ 24:19-21) ਇਸ ਤਰ੍ਹਾਂ ਉਨ੍ਹਾਂ ਨੂੰ ਭੀਖ ਮੰਗਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਆਪਣੇ ਹੱਥਾਂ ਨਾਲ ਮਿਹਨਤ ਕਰ ਕੇ ਇੱਜ਼ਤ ਦੀ ਜ਼ਿੰਦਗੀ ਜੀ ਸਕਦੇ ਸਨ।

ਯਿਸੂ ਨੇ ਦੂਸਰਿਆਂ ਦਾ ਇੱਜ਼ਤ-ਮਾਣ ਕੀਤਾ

ਜਦ ਪਰਮੇਸ਼ੁਰ ਦਾ ਪੁੱਤਰ ਯਿਸੂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਦੂਸਰਿਆਂ ਦਾ ਬਹੁਤ ਇੱਜ਼ਤ-ਮਾਣ ਕੀਤਾ। ਮਿਸਾਲ ਲਈ, ਇਕ ਵਾਰ ਜਦ ਉਹ ਗਲੀਲ ਵਿਚ ਸੀ, ਤਾਂ ਕੋੜ੍ਹ ਨਾਲ ਭਰਿਆ ਇਕ ਆਦਮੀ ਉਸ ਕੋਲ ਆਇਆ। ਇਸਰਾਏਲੀ ਲੋਕਾਂ ਨੂੰ ਦਿੱਤੇ ਨਿਯਮ ਅਨੁਸਾਰ ਕੋੜ੍ਹੀ ਨੂੰ ਦੂਰੋਂ ਉੱਚੀ ਆਵਾਜ਼ ਵਿਚ “ਅਸ਼ੁੱਧ! ਅਸ਼ੁੱਧ!” ਕਹਿਣ ਦੀ ਲੋੜ ਸੀ ਤਾਂਕਿ ਲੋਕ ਚੁਕੰਨੇ ਹੋ ਜਾਣ ਤੇ ਬੀਮਾਰੀ ਲੱਗਣ ਤੋਂ ਬਚ ਸਕਣ। (ਲੇਵੀਆਂ 13:45) ਲੇਕਿਨ ਜਦ ਇਹ ਆਦਮੀ ਯਿਸੂ ਵੱਲ ਤੁਰਿਆ ਆਉਂਦਾ ਸੀ, ਤਾਂ ਉਸ ਨੇ ਇਸ ਤਰ੍ਹਾਂ ਨਹੀਂ ਕੀਤਾ। ਇਸ ਦੀ ਬਜਾਇ, ਉਹ ਯਿਸੂ ਅੱਗੇ ਆ ਕੇ ਉਸ ਦੇ ਪੈਰੀਂ ਪਿਆ ਅਤੇ ਬੇਨਤੀ ਕੀਤੀ: “ਪ੍ਰਭੁ ਜੀ ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ।” (ਲੂਕਾ 5:12) ਯਿਸੂ ਨੇ ਕੀ ਕਿਹਾ? ਕੀ ਉਸ ਨੇ ਆਦਮੀ ਨੂੰ ਝਿੜਕਿਆ ਕਿਉਂਕਿ ਉਸ ਨੇ ਨਿਯਮ ਤੋੜਿਆ ਸੀ? ਕੀ ਉਹ ਉਸ ਤੋਂ ਪਰੇ ਹਟ ਗਿਆ ਸੀ? ਨਹੀਂ, ਉਸ ਨੇ ਇਸ ਤਰ੍ਹਾਂ ਨਹੀਂ ਕੀਤਾ ਸਗੋਂ ਉਸ ਨੇ ਪਿਆਰ ਨਾਲ ਉਸ ਨੂੰ ਛੂਹ ਕੇ ਕਿਹਾ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।”—ਲੂਕਾ 5:13.

ਹੋਰਨਾਂ ਮੌਕਿਆਂ ਤੇ ਯਿਸੂ ਨੇ ਲੋਕਾਂ ਨੂੰ ਛੂਹੇ ਬਿਨਾਂ ਦੂਰੋਂ ਹੀ ਠੀਕ ਕਰ ਦਿੱਤਾ ਸੀ। ਪਰ ਇਸ ਮੌਕੇ ਤੇ ਉਸ ਨੇ ਇਸ ਆਦਮੀ ਨੂੰ ਛੂਹ ਕੇ ਠੀਕ ਕੀਤਾ। (ਮੱਤੀ 15:21-28; ਮਰਕੁਸ 10:51, 52; ਲੂਕਾ 7:1-10) ਆਦਮੀ “ਕੋੜ੍ਹ ਦਾ ਭਰਿਆ ਹੋਇਆ” ਸੀ, ਇਸ ਲਈ ਕਈ ਸਾਲਾਂ ਤੋਂ ਕਿਸੇ ਨੇ ਉਸ ਨੂੰ ਛੂਹਿਆ ਤਕ ਨਹੀਂ ਸੀ। ਜ਼ਰਾ ਸੋਚੋ ਕਿ ਉਸ ਨੇ ਕਿਵੇਂ ਮਹਿਸੂਸ ਕੀਤਾ ਹੋਣਾ ਜਦ ਉਸ ਨੂੰ ਇੰਨੇ ਸਾਲਾਂ ਬਾਅਦ ਕਿਸੇ ਨੇ ਛੂਹਿਆ! ਕੋੜ੍ਹੀ ਤਾਂ ਬਸ ਇਹ ਚਾਹੁੰਦਾ ਸੀ ਕਿ ਉਸ ਨੂੰ ਕੋੜ੍ਹ ਤੋਂ ਚੰਗਾ ਕੀਤਾ ਜਾਵੇ, ਉਸ ਨੂੰ ਇਹ ਉਮੀਦ ਨਹੀਂ ਸੀ ਕਿ ਯਿਸੂ ਉਸ ਨੂੰ ਛੂਹੇਗਾ ਵੀ। ਯਿਸੂ ਨੇ ਉਸ ਆਦਮੀ ਨੂੰ ਸਿਰਫ਼ ਠੀਕ ਹੀ ਨਹੀਂ ਕੀਤਾ, ਸਗੋਂ ਉਸ ਨੂੰ ਅਹਿਸਾਸ ਕਰਾਇਆ ਕਿ ਉਹ ਵੀ ਇਕ ਇਨਸਾਨ ਹੈ ਤੇ ਉਸ ਦੀ ਵੀ ਕੋਈ ਇੱਜ਼ਤ ਹੈ। ਕੀ ਅੱਜ ਸਾਡੇ ਜ਼ਮਾਨੇ ਵਿਚ ਲੋਕਾਂ ਦਾ ਇਸ ਤਰ੍ਹਾਂ ਇੱਜ਼ਤ-ਮਾਣ ਕੀਤਾ ਜਾ ਸਕਦਾ ਹੈ? ਜੇ ਹਾਂ, ਤਾਂ ਇਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?

ਸੁਨਹਿਰਾ ਅਸੂਲ

ਦੂਸਰਿਆਂ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਲਈ ਜੋ ਸਲਾਹ ਯਿਸੂ ਨੇ ਦਿੱਤੀ ਸੀ, ਉਹ ਅੱਜ ਬਹੁਤ ਮਸ਼ਹੂਰ ਹੈ। ਉਸ ਨੇ ਕਿਹਾ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਇਸ ਨੂੰ ਅਕਸਰ ਸੁਨਹਿਰਾ ਅਸੂਲ ਕਿਹਾ ਜਾਂਦਾ ਹੈ। ਇਸ ਅਸੂਲ ਤੇ ਚੱਲ ਕੇ ਅਸੀਂ ਜ਼ਰੂਰ ਦੂਸਰਿਆਂ ਦਾ ਆਦਰ ਕਰਾਂਗੇ ਅਤੇ ਬਦਲੇ ਵਿਚ ਸਾਡਾ ਵੀ ਆਦਰ-ਮਾਣ ਕੀਤਾ ਜਾਵੇਗਾ।

ਇਤਿਹਾਸ ਗਵਾਹ ਹੈ ਕਿ ਇਨਸਾਨਾਂ ਲਈ ਇਸ ਅਸੂਲ ਉੱਤੇ ਚੱਲਣਾ ਸੌਖਾ ਨਹੀਂ, ਸਗੋਂ ਉਹ ਇਸ ਅਸੂਲ ਤੋਂ ਬਿਲਕੁਲ ਉਲਟ ਹੀ ਚੱਲਦੇ ਆਏ ਹਨ। ਹੈਰੋਲਡ (ਅਸਲੀ ਨਾਂ ਨਹੀਂ) ਦੱਸਦਾ ਹੈ: “ਦੂਸਰਿਆਂ ਦੀ ਬੇਇੱਜ਼ਤੀ ਕਰ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਮੈਂ ਇਕ-ਦੋ ਸ਼ਬਦ ਕਹਿਣ ਦੁਆਰਾ ਉਨ੍ਹਾਂ ਨੂੰ ਸ਼ਰਮਿੰਦਾ ਕਰ ਕੇ ਉਨ੍ਹਾਂ ਦੀ ਰੋਣਹਾਕੀ ਹਾਲਤ ਕਰ ਦਿੰਦਾ ਸੀ।” ਪਰ ਫਿਰ ਕੁਝ ਅਜਿਹਾ ਹੋਇਆ ਕਿ ਹੈਰੋਲਡ ਦੂਸਰਿਆਂ ਦਾ ਅਪਮਾਨ ਕਰਨ ਦੀ ਬਜਾਇ ਉਨ੍ਹਾਂ ਨਾਲ ਚੰਗਾ ਸਲੂਕ ਕਰਨ ਲੱਗਾ। ਉਹ ਦੱਸਦਾ ਹੈ: “ਯਹੋਵਾਹ ਦੇ ਕਈ ਗਵਾਹ ਵਾਰ-ਵਾਰ ਮੈਨੂੰ ਘਰ ਮਿਲਣ ਆਉਂਦੇ ਰਹੇ। ਮੈਂ ਇਹ ਸੋਚ ਕੇ ਬਹੁਤ ਸ਼ਰਮਿੰਦਾ ਹੁੰਦਾ ਹਾਂ ਕਿ ਉਨ੍ਹਾਂ ਦੇ ਨਾਲ ਕਈ ਵਾਰ ਮੈਂ ਬਹੁਤ ਬੁਰਾ ਸਲੂਕ ਕੀਤਾ। ਪਰ ਉਨ੍ਹਾਂ ਨੇ ਕਦੇ ਬੁਰਾ ਨਹੀਂ ਮੰਨਿਆ, ਸਗੋਂ ਹੌਲੀ-ਹੌਲੀ ਉਨ੍ਹਾਂ ਨੇ ਬਾਈਬਲ ਦੀਆਂ ਗੱਲਾਂ ਨਾਲ ਮੇਰਾ ਦਿਲ ਜਿੱਤ ਲਿਆ ਤੇ ਮੈਂ ਆਪਣਾ ਰਵੱਈਆ ਬਦਲਣ ਲੱਗਾ।” ਅੱਜ ਹੈਰੋਲਡ ਕਲੀਸਿਯਾ ਵਿਚ ਇਕ ਨਿਗਾਹਬਾਨ ਵਜੋਂ ਸੇਵਾ ਕਰ ਰਿਹਾ ਹੈ।

ਹੈਰੋਲਡ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” (ਇਬਰਾਨੀਆਂ 4:12) ਜੀ ਹਾਂ, ਪਰਮੇਸ਼ੁਰ ਦੇ ਬਚਨ ਵਿਚ ਇੰਨੀ ਤਾਕਤ ਹੈ ਕਿ ਉਹ ਇਨਸਾਨ ਦੇ ਦਿਲ ਨੂੰ ਛੂਹ ਕੇ ਉਸ ਦੇ ਵਿਚਾਰਾਂ ਅਤੇ ਚਾਲ-ਚਲਣ ਨੂੰ ਬਦਲ ਸਕਦਾ ਹੈ। ਤਾਂ ਫਿਰ ਦੂਸਰਿਆਂ ਨੂੰ ਦੁੱਖ ਦੇਣ ਜਾਂ ਉਨ੍ਹਾਂ ਦਾ ਅਪਮਾਨ ਕਰਨ ਦੀ ਬਜਾਇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸੱਚੇ ਦਿਲੋਂ ਉਨ੍ਹਾਂ ਦੀ ਮਦਦ ਅਤੇ ਇੱਜ਼ਤ ਕਰੀਏ।—ਰਸੂਲਾਂ ਦੇ ਕਰਤੱਬ 20:35; ਰੋਮੀਆਂ 12:10.

ਜਦ ਸਾਰਿਆਂ ਦੀ ਇੱਜ਼ਤ ਕੀਤੀ ਜਾਵੇਗੀ

ਦਿਲੋਂ ਦੂਸਰਿਆਂ ਦੀ ਮਦਦ ਕਰਨ ਦੀ ਇੱਛਾ ਕਾਰਨ ਯਹੋਵਾਹ ਦੇ ਗਵਾਹ ਬਾਈਬਲ ਦਾ ਸ਼ਾਨਦਾਰ ਸੰਦੇਸ਼ ਲੋਕਾਂ ਨੂੰ ਸੁਣਾਉਂਦੇ ਹਨ। (ਰਸੂਲਾਂ ਦੇ ਕਰਤੱਬ 5:42) “ਭਲਿਆਈ ਦੀ ਖੁਸ਼ ਖਬਰੀ” ਲੋਕਾਂ ਤਕ ਪਹੁੰਚਾ ਕੇ ਉਨ੍ਹਾਂ ਦਾ ਆਦਰ-ਮਾਣ ਕਰਨ ਦਾ ਹੋਰ ਕੋਈ ਬਿਹਤਰ ਤਰੀਕਾ ਨਹੀਂ ਹੈ। (ਯਸਾਯਾਹ 52:7) ਗਵਾਹ ਹੋਰਨਾਂ ਲੋਕਾਂ ਨੂੰ ਚੰਗੀ ਸਿੱਖਿਆ ਦਿੰਦੇ ਹਨ। ਮਿਸਾਲ ਲਈ, ‘ਨਵੀਂ ਇਨਸਾਨੀਅਤ’ ਪਹਿਨਣ ਨਾਲ ਅਸੀਂ ਆਪਣੇ ਦਿਲਾਂ ਵਿੱਚੋਂ “ਬੁਰੀ ਇੱਛਿਆ” ਕੱਢ ਸਕਦੇ ਹਾਂ ਜਿਸ ਇੱਛਾ ਕਾਰਨ ਅਕਸਰ ਦੂਸਰਿਆਂ ਦਾ ਅਪਮਾਨ ਕੀਤਾ ਜਾਂਦਾ ਹੈ। (ਕੁਲੁੱਸੀਆਂ 3:5-10) ਯਹੋਵਾਹ ਦੇ ਗਵਾਹ ਲੋਕਾਂ ਨੂੰ ਇਹ ਵੀ ਸਿਖਾਉਂਦੇ ਹਨ ਕਿ ਬਹੁਤ ਜਲਦ ਯਹੋਵਾਹ ਪਰਮੇਸ਼ੁਰ ਉਹ ਸਭ ਮਾੜੇ ਹਾਲਾਤ ਮਿਟਾ ਦੇਵੇਗਾ ਜਿਨ੍ਹਾਂ ਕਾਰਨ ਲੋਕਾਂ ਦਾ ਅਪਮਾਨ ਹੁੰਦਾ ਹੈ। ਇਸ ਦੇ ਨਾਲ-ਨਾਲ ਉਹ ਫ਼ਸਾਦਾਂ ਦੀ ਜੜ੍ਹ ਯਾਨੀ ਸ਼ਤਾਨ ਦਾ ਵੀ ਨਾਮੋ-ਨਿਸ਼ਾਨ ਮਿਟਾ ਦੇਵੇਗਾ। (ਦਾਨੀਏਲ 2:44; ਮੱਤੀ 6:9, 10; ਪਰਕਾਸ਼ ਦੀ ਪੋਥੀ 20:1, 2, 10) ਇਹ ਸਭ ਕੁਝ ਹੋਣ ਤੋਂ ਬਾਅਦ ਹੀ, ਜਦ ਸਾਰੀ ਧਰਤੀ “ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ,” ਹਰ ਇਨਸਾਨ ਦਾ ਆਦਰ-ਮਾਣ ਕੀਤਾ ਜਾਵੇਗਾ।—ਯਸਾਯਾਹ 11:9.

ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਸ਼ਾਨਦਾਰ ਉਮੀਦ ਬਾਰੇ ਸਿੱਖੋ। ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਤੁਸੀਂ ਆਪ ਦੇਖ ਸਕੋਗੇ ਕਿ ਬਾਈਬਲ ਸਿਧਾਂਤਾਂ ਨੂੰ ਜ਼ਿੰਦਗੀ ਵਿਚ ਲਾਗੂ ਕਰ ਕੇ ਅਸੀਂ ਹੋਰਨਾਂ ਦਾ ਕਿੰਨਾ ਆਦਰ-ਮਾਣ ਕਰ ਸਕਦੇ ਹਾਂ। ਤੁਸੀਂ ਇਹ ਵੀ ਸਿੱਖੋਗੇ ਕਿ ਪਰਮੇਸ਼ੁਰ ਦੇ ਰਾਜ ਰਾਹੀਂ ‘ਇਕ ਸ਼ਾਨਦਾਰ ਨਵੀਂ ਦੁਨੀਆਂ ਬਣਾਈ’ ਜਾਵੇਗੀ ਜਿਸ ਵਿਚ ਹਰ ਇਨਸਾਨ ਦਾ ਹਮੇਸ਼ਾ ਇੱਜ਼ਤ-ਮਾਣ ਕੀਤਾ ਜਾਵੇਗਾ।

[ਸਫ਼ਾ 6 ਉੱਤੇ ਡੱਬੀ/ਤਸਵੀਰ]

ਆਪਣੀ ਖਰਿਆਈ ਕਾਇਮ ਰੱਖਣੀ ਉਨ੍ਹਾਂ ਦੀ ਇੱਜ਼ਤ ਦਾ ਸਵਾਲ ਸੀ

ਦੂਜੇ ਵਿਸ਼ਵ ਯੁੱਧ ਦੌਰਾਨ 2,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹਾਂ ਨੂੰ ਉਨ੍ਹਾਂ ਦੇ ਵਿਸ਼ਵਾਸਾਂ ਕਾਰਨ ਤਸ਼ੱਦਦ ਕੈਂਪਾਂ ਵਿਚ ਘੱਲਿਆ ਗਿਆ ਸੀ। ਉਨ੍ਹਾਂ ਨੇ ਵਫ਼ਾਦਾਰੀ ਦੀ ਵਧੀਆ ਮਿਸਾਲ ਕਾਇਮ ਕੀਤੀ ਜਿਸ ਬਾਰੇ ਰੈਵਨਜ਼ਬਰੂਕ ਨਾਂ ਦੇ ਤਸ਼ੱਦਦ ਕੈਂਪ ਵਿਚ ਕੈਦਣ ਰਹਿ ਚੁੱਕੀ ਜੈਮਾ ਲਾ ਗਾਰਡੀਆ ਗਲੁਕ ਆਪਣੀ ਕਿਤਾਬ ਵਿਚ ਦੱਸਦੀ ਹੈ: “ਜਰਮਨੀ ਦੀ ਖੁਫੀਆ ਪੁਲਸ ਗਸਤਾਪੋ ਨੇ ਯਹੋਵਾਹ ਦੇ ਗਵਾਹਾਂ ਤੇ ਦਬਾਅ ਪਾ ਕੇ ਕਿਹਾ ਕਿ ਜੇ ਉਹ ਇਕ ਪੱਤਰ ਤੇ ਦਸਤਖਤ ਕਰ ਕੇ ਆਪਣਾ ਧਰਮ ਛੱਡ ਦੇਣ, ਤਾਂ ਉਨ੍ਹਾਂ ਨੂੰ ਹੋਰ ਤਸੀਹੇ ਨਹੀਂ ਦਿੱਤੇ ਜਾਣਗੇ। ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ।” ਜਿਨ੍ਹਾਂ ਨੇ ਦਸਤਾਵੇਜ਼ ਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ, ਉਨ੍ਹਾਂ ਬਾਰੇ ਜੈਮਾ ਨੇ ਲਿਖਿਆ: “ਆਪਣੇ ਧਰਮ ਦੀ ਖ਼ਾਤਰ ਉਹ ਦੁੱਖ ਝੱਲਣ ਲਈ ਤਿਆਰ ਸਨ। ਉਹ ਉਸ ਨਵੀਂ ਦੁਨੀਆਂ ਦੀ ਉਡੀਕ ਕਰ ਰਹੇ ਸਨ ਜਿਸ ਵਿਚ ਉਨ੍ਹਾਂ ਨੂੰ ਹਰ ਮੁਸ਼ਕਲ ਤੋਂ ਆਜ਼ਾਦੀ ਮਿਲਣ ਵਾਲੀ ਸੀ।” ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਮਾਗਡਾਲੇਨਾ, ਜਿਸ ਦਾ ਪਹਿਲੇ ਲੇਖ ਵਿਚ ਜ਼ਿਕਰ ਕੀਤਾ ਗਿਆ ਸੀ, ਹੁਣ 80 ਕੁ ਸਾਲਾਂ ਦੀ ਹੈ ਅਤੇ ਉਹ ਦੱਸਦੀ ਹੈ ਕਿ “ਕਿਸੇ ਵੀ ਕੀਮਤ ਤੇ ਆਪਣੀ ਜਾਨ ਬਚਾਉਣ ਨਾਲੋਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣਾ ਸਾਡੇ ਲਈ ਜ਼ਿਆਦਾ ਜ਼ਰੂਰੀ ਸੀ। ਆਪਣੀ ਖਰਿਆਈ ਕਾਇਮ ਰੱਖਣੀ ਸਾਡੀ ਇੱਜ਼ਤ ਦਾ ਸਵਾਲ ਸੀ।” *

[ਫੁਟਨੋਟ]

^ ਪੈਰਾ 23 ਕੁਸਰੋ ਪਰਿਵਾਰ ਦੀ ਕਹਾਣੀ ਤੁਸੀਂ ਅੰਗ੍ਰੇਜ਼ੀ ਵਿਚ 1 ਸਤੰਬਰ 1985 ਦੇ ਪਹਿਰਾਬੁਰਜ ਵਿਚ ਸਫ਼ੇ 10-15 ਤੇ ਪੜ੍ਹ ਸਕਦੇ ਹੋ।

[ਸਫ਼ਾ 5 ਉੱਤੇ ਤਸਵੀਰ]

ਯਿਸੂ ਨੇ ਉਨ੍ਹਾਂ ਲੋਕਾਂ ਦਾ ਇੱਜ਼ਤ-ਮਾਣ ਕੀਤਾ ਜਿਨ੍ਹਾਂ ਨੂੰ ਉਸ ਨੇ ਠੀਕ ਕੀਤਾ ਸੀ

[ਸਫ਼ਾ 7 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ “ਭਲਿਆਈ ਦੀ ਖੁਸ਼ ਖਬਰੀ” ਸੁਣਾ ਕੇ ਲੋਕਾਂ ਦਾ ਇੱਜ਼ਤ-ਮਾਣ ਕਰਦੇ ਹਨ