ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼ 20:1-15

  • ਸ਼ੈਤਾਨ ਨੂੰ 1,000 ਸਾਲ ਲਈ ਬੰਨ੍ਹਿਆ ਗਿਆ (1-3)

  • ਮਸੀਹ ਨਾਲ 1,000 ਸਾਲ ਤਕ ਰਾਜ ਕਰਨ ਵਾਲੇ (4-6)

  • ਸ਼ੈਤਾਨ ਨੂੰ ਰਿਹਾ ਕੀਤਾ ਜਾਵੇਗਾ, ਫਿਰ ਉਸ ਦਾ ਨਾਸ਼ ਕੀਤਾ ਜਾਵੇਗਾ (7-10)

  • ਚਿੱਟੇ ਸਿੰਘਾਸਣ ਸਾਮ੍ਹਣੇ ਮਰੇ ਹੋਇਆਂ ਦਾ ਨਿਆਂ (11-15)

20  ਮੈਂ ਇਕ ਦੂਤ ਨੂੰ ਸਵਰਗੋਂ ਉੱਤਰਦੇ ਦੇਖਿਆ ਅਤੇ ਉਸ ਦੇ ਹੱਥ ਵਿਚ ਅਥਾਹ ਕੁੰਡ ਦੀ ਚਾਬੀ+ ਅਤੇ ਇਕ ਵੱਡਾ ਸਾਰਾ ਸੰਗਲ ਸੀ।  ਉਸ ਨੇ ਉਸ ਅਜਗਰ+ ਨੂੰ, ਹਾਂ, ਉਸ ਪੁਰਾਣੇ ਸੱਪ+ ਨੂੰ ਯਾਨੀ ਤੁਹਮਤਾਂ ਲਾਉਣ ਵਾਲੇ ਸ਼ੈਤਾਨ+ ਨੂੰ ਫੜ ਕੇ 1,000 ਸਾਲ ਲਈ ਬੰਨ੍ਹ ਦਿੱਤਾ।  ਉਸ ਨੇ ਅਜਗਰ ਨੂੰ ਅਥਾਹ ਕੁੰਡ ਵਿਚ ਸੁੱਟ ਦਿੱਤਾ+ ਅਤੇ ਇਸ ਦੇ ਦਰਵਾਜ਼ੇ ਨੂੰ ਬੰਦ ਕਰ ਕੇ ਮੁਹਰ ਲਾ ਦਿੱਤੀ ਤਾਂਕਿ ਉਹ 1,000 ਸਾਲ ਪੂਰੇ ਹੋਣ ਤਕ ਕੌਮਾਂ ਨੂੰ ਗੁਮਰਾਹ ਨਾ ਕਰੇ। ਇਸ ਤੋਂ ਬਾਅਦ ਉਸ ਨੂੰ ਥੋੜ੍ਹੇ ਸਮੇਂ ਲਈ ਛੱਡਿਆ ਜਾਵੇਗਾ।+  ਫਿਰ ਮੈਂ ਸਿੰਘਾਸਣ ਦੇਖੇ ਅਤੇ ਜਿਹੜੇ ਉਨ੍ਹਾਂ ਉੱਤੇ ਬੈਠੇ ਹੋਏ ਸਨ, ਉਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ। ਜੀ ਹਾਂ, ਮੈਂ ਉਨ੍ਹਾਂ ਨੂੰ ਦੇਖਿਆ ਜਿਹੜੇ ਯਿਸੂ ਮਸੀਹ ਬਾਰੇ ਗਵਾਹੀ ਦੇਣ ਕਰਕੇ ਅਤੇ ਪਰਮੇਸ਼ੁਰ ਦਾ ਪ੍ਰਚਾਰ ਕਰਨ ਕਰਕੇ ਵੱਢੇ* ਗਏ ਸਨ। ਉਨ੍ਹਾਂ ਨੇ ਵਹਿਸ਼ੀ ਦਰਿੰਦੇ ਜਾਂ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਨਾ ਹੀ ਆਪਣੇ ਮੱਥੇ ਉੱਤੇ ਅਤੇ ਆਪਣੇ ਹੱਥ ਉੱਤੇ ਉਸ ਦਾ ਨਿਸ਼ਾਨ ਲਗਵਾਇਆ ਸੀ।+ ਉਹ ਜੀਉਂਦੇ ਹੋ ਗਏ ਅਤੇ ਉਨ੍ਹਾਂ ਨੇ 1,000 ਸਾਲ ਮਸੀਹ ਦੇ ਨਾਲ ਰਾਜਿਆਂ ਵਜੋਂ ਰਾਜ ਕੀਤਾ।+  (ਬਾਕੀ ਮਰੇ ਹੋਏ ਲੋਕ+ 1,000 ਸਾਲ ਪੂਰਾ ਹੋਣ ਤਕ ਜੀਉਂਦੇ ਨਹੀਂ ਹੋਏ।) ਇਹ ਉਹ ਲੋਕ ਹਨ ਜਿਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਂਦਾ ਹੈ।+  ਖ਼ੁਸ਼ ਅਤੇ ਪਵਿੱਤਰ ਹਨ ਉਹ ਜਿਨ੍ਹਾਂ ਨੂੰ ਮਰੇ ਹੋਇਆਂ ਵਿੱਚੋਂ ਪਹਿਲਾਂ ਜੀਉਂਦਾ ਕੀਤਾ ਜਾਂਦਾ ਹੈ।+ ਉਨ੍ਹਾਂ ਉੱਤੇ ਦੂਸਰੀ ਮੌਤ*+ ਦਾ ਕੋਈ ਅਧਿਕਾਰ ਨਹੀਂ ਹੈ,+ ਪਰ ਉਹ ਪਰਮੇਸ਼ੁਰ ਅਤੇ ਮਸੀਹ ਦੇ ਪੁਜਾਰੀ ਬਣਨਗੇ+ ਅਤੇ 1,000 ਸਾਲ ਮਸੀਹ ਦੇ ਨਾਲ ਰਾਜਿਆਂ ਵਜੋਂ ਰਾਜ ਕਰਨਗੇ।+  ਜਿਉਂ ਹੀ 1,000 ਸਾਲ ਪੂਰੇ ਹੋਣਗੇ, ਸ਼ੈਤਾਨ ਨੂੰ ਕੈਦ ਵਿੱਚੋਂ ਰਿਹਾ ਕੀਤਾ ਜਾਵੇਗਾ  ਅਤੇ ਉਹ ਧਰਤੀ ਦੇ ਚਾਰੇ ਕੋਨਿਆਂ ਵਿਚ ਜਾ ਕੇ ਗੋਗ ਅਤੇ ਮਾਗੋਗ ਯਾਨੀ ਕੌਮਾਂ ਨੂੰ ਗੁਮਰਾਹ ਕਰੇਗਾ ਅਤੇ ਉਨ੍ਹਾਂ ਨੂੰ ਯੁੱਧ ਲਈ ਇਕੱਠਾ ਕਰੇਗਾ। ਗੁਮਰਾਹ ਹੋਣ ਵਾਲਿਆਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੋਵੇਗੀ।  ਉਹ ਪੂਰੀ ਧਰਤੀ ਉੱਤੇ ਫੈਲ ਜਾਣਗੇ ਅਤੇ ਪਵਿੱਤਰ ਸੇਵਕਾਂ ਦੇ ਡੇਰੇ ਨੂੰ ਅਤੇ ਪਰਮੇਸ਼ੁਰ ਦੇ ਪਿਆਰੇ ਸ਼ਹਿਰ ਨੂੰ ਘੇਰ ਲੈਣਗੇ। ਪਰ ਆਕਾਸ਼ੋਂ ਅੱਗ ਵਰ ਕੇ ਉਨ੍ਹਾਂ ਨੂੰ ਭਸਮ ਕਰ ਦੇਵੇਗੀ।+ 10  ਸ਼ੈਤਾਨ ਨੂੰ ਜਿਸ ਨੇ ਉਨ੍ਹਾਂ ਨੂੰ ਗੁਮਰਾਹ ਕੀਤਾ ਸੀ, ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਜਾਵੇਗਾ। ਵਹਿਸ਼ੀ ਦਰਿੰਦਾ+ ਅਤੇ ਝੂਠਾ ਨਬੀ ਦੋਵੇਂ ਪਹਿਲਾਂ ਹੀ ਉੱਥੇ ਹਨ+ ਅਤੇ ਉਨ੍ਹਾਂ ਨੂੰ ਹਮੇਸ਼ਾ-ਹਮੇਸ਼ਾ ਲਈ ਦਿਨ-ਰਾਤ ਤੜਫਾਇਆ ਜਾਵੇਗਾ।* 11  ਫਿਰ ਮੈਂ ਇਕ ਵੱਡਾ ਅਤੇ ਚਿੱਟਾ ਸਿੰਘਾਸਣ ਦੇਖਿਆ ਅਤੇ ਪਰਮੇਸ਼ੁਰ ਨੂੰ ਵੀ ਦੇਖਿਆ ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਸੀ।+ ਧਰਤੀ ਅਤੇ ਆਕਾਸ਼ ਉਸ ਦੇ ਸਾਮ੍ਹਣਿਓਂ ਨੱਠ ਗਏ+ ਅਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ। 12  ਮੈਂ ਸਿੰਘਾਸਣ ਦੇ ਸਾਮ੍ਹਣੇ ਉਨ੍ਹਾਂ ਸਾਰੇ ਛੋਟੇ ਅਤੇ ਵੱਡੇ ਲੋਕਾਂ ਨੂੰ ਖੜ੍ਹੇ ਦੇਖਿਆ ਜਿਹੜੇ ਮਰ ਚੁੱਕੇ ਸਨ। ਕਿਤਾਬਾਂ* ਖੋਲ੍ਹੀਆਂ ਗਈਆਂ ਅਤੇ ਇਕ ਹੋਰ ਕਿਤਾਬ ਖੋਲ੍ਹੀ ਗਈ; ਇਹ ਜੀਵਨ ਦੀ ਕਿਤਾਬ ਸੀ।+ ਇਨ੍ਹਾਂ ਕਿਤਾਬਾਂ ਵਿਚ ਜੋ ਵੀ ਲਿਖਿਆ ਗਿਆ ਸੀ, ਉਸ ਦੇ ਆਧਾਰ ’ਤੇ ਉਨ੍ਹਾਂ ਮਰੇ ਹੋਏ ਲੋਕਾਂ ਦਾ ਉਨ੍ਹਾਂ ਦੇ ਕੰਮਾਂ ਮੁਤਾਬਕ ਨਿਆਂ ਕੀਤਾ ਗਿਆ।+ 13  ਸਮੁੰਦਰ ਨੇ ਉਹ ਸਾਰੇ ਮਰੇ ਹੋਏ ਲੋਕ ਮੋੜ ਦਿੱਤੇ ਜਿਹੜੇ ਉਸ ਵਿਚ ਸਨ ਅਤੇ “ਮੌਤ” ਤੇ “ਕਬਰ”* ਨੇ ਵੀ ਉਹ ਸਾਰੇ ਮਰੇ ਹੋਏ ਲੋਕ ਮੋੜ ਦਿੱਤੇ ਜਿਹੜੇ ਉਨ੍ਹਾਂ ਵਿਚ ਸਨ ਅਤੇ ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕੀਤਾ ਗਿਆ।+ 14  “ਮੌਤ” ਅਤੇ “ਕਬਰ”* ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।+ ਅੱਗ ਦੀ ਝੀਲ+ ਦਾ ਮਤਲਬ ਹੈ ਦੂਸਰੀ ਮੌਤ।+ 15  ਇਸ ਤੋਂ ਇਲਾਵਾ, ਜਿਸ ਕਿਸੇ ਦਾ ਨਾਂ ਜੀਵਨ ਦੀ ਕਿਤਾਬ ਵਿਚ ਨਹੀਂ ਮਿਲਿਆ,+ ਉਸ ਨੂੰ ਅੱਗ ਦੀ ਝੀਲ ਵਿਚ ਸੁੱਟ ਦਿੱਤਾ ਗਿਆ।+

ਫੁਟਨੋਟ

ਯੂਨਾ, “ਕੁਹਾੜੇ ਨਾਲ ਵੱਢੇ।”
ਯਾਨੀ, ਹਮੇਸ਼ਾ ਦੀ ਮੌਤ।
ਪ੍ਰਕਾ 9:​17, ਫੁਟਨੋਟ ਦੇਖੋ।
ਜਾਂ, “ਬੰਦ ਕਰ ਕੇ ਰੱਖਿਆ ਜਾਵੇਗਾ; ਕੈਦ ਵਿਚ ਰੱਖਿਆ ਜਾਵੇਗਾ।”
ਯੂਨਾ, “ਲਪੇਟਵੀਂਆਂ ਪੱਤਰੀਆਂ।” ਸ਼ਬਦਾਵਲੀ ਦੇਖੋ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।