Skip to content

Skip to table of contents

ਦੁਨੀਆਂ ਵਿਚ ਆਦਰ-ਮਾਣ ਦੀ ਕਮੀ

ਦੁਨੀਆਂ ਵਿਚ ਆਦਰ-ਮਾਣ ਦੀ ਕਮੀ

ਦੁਨੀਆਂ ਵਿਚ ਆਦਰ-ਮਾਣ ਦੀ ਕਮੀ

“ਤਸ਼ੱਦਦ ਕੈਂਪ ਵਿਚ ਬੇਰਹਿਮੀ ਨਾਲ ਲੋਕਾਂ ਉੱਤੇ ਅਤਿਆਚਾਰ ਕਰ ਕੇ ਇਨਸਾਨੀਅਤ ਦਾ ਗਲਾ ਘੁੱਟਿਆ ਜਾ ਰਿਹਾ ਸੀ। ਹਰ ਤਰ੍ਹਾਂ ਲੋਕਾਂ ਦਾ ਅਪਮਾਨ ਕੀਤਾ ਜਾ ਰਿਹਾ ਸੀ।” —ਨਾਜ਼ੀ ਤਸ਼ੱਦਦ ਕੈਂਪ ਵਿਚ ਰਹਿ ਚੁੱਕੀ ਮਾਗਡਾਲੇਨਾ ਕੁਸਰੋ ਰੌਏਟਰ।

ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਤਸ਼ੱਦਦ ਕੈਂਪਾਂ ਵਿਚ ਲੋਕਾਂ ਤੇ ਜ਼ੁਲਮ ਢਾਹੇ ਗਏ ਸਨ। ਪਰ ਇਹ ਇਨਸਾਨਾਂ ਉੱਤੇ ਵਾਪਰੀ ਪਹਿਲੀ ਅਤੇ ਆਖ਼ਰੀ ਘਟਨਾ ਨਹੀਂ ਸੀ। ਇਤਿਹਾਸ ਦੇ ਪੰਨੇ ਅਜਿਹੇ ਜ਼ੁਲਮਾਂ ਨਾਲ ਭਰੇ ਪਏ ਹਨ। ਸਦੀਆਂ ਤੋਂ ਲੋਕ ਦੂਸਰਿਆਂ ਦਾ ‘ਅਪਮਾਨ ਜਾਂ ਨਿਰਾਦਰ’ ਕਰਦੇ ਆਏ ਹਨ।

ਲੋਕਾਂ ਦਾ ਅਪਮਾਨ ਹੋਰਨਾਂ ਤਰੀਕਿਆਂ ਨਾਲ ਵੀ ਕੀਤਾ ਜਾ ਰਿਹਾ ਹੈ। ਮਿਸਾਲ ਲਈ, ਉਸ ਬੇਚਾਰੇ ਬੱਚੇ ਬਾਰੇ ਸੋਚੋ ਜਿਸ ਨੂੰ ਉਸ ਦੀ ਸ਼ਕਲ-ਸੂਰਤ ਕਰਕੇ ਚਿੜਾਇਆ ਜਾਂਦਾ ਹੈ। ਜਾਂ ਹੋਰ ਦੇਸ਼ ਤੋਂ ਆਏ ਉਸ ਇਨਸਾਨ ਬਾਰੇ ਸੋਚੋ ਜਿਸ ਦਾ ਉਸ ਦੇ ਰੀਤੀ-ਰਿਵਾਜਾਂ ਕਾਰਨ ਮਖੌਲ ਉਡਾਇਆ ਜਾਂਦਾ ਹੈ। ਕਈ ਲੋਕ ਆਪਣੇ ਰੰਗ-ਰੂਪ ਜਾਂ ਜਾਤ-ਪਾਤ ਕਾਰਨ ਪੱਖਪਾਤ ਅਤੇ ਨਫ਼ਰਤ ਦੇ ਸ਼ਿਕਾਰ ਹੁੰਦੇ ਹਨ। ਜ਼ੁਲਮ ਢਾਹੁਣ ਵਾਲਿਆਂ ਨੂੰ ਸ਼ਾਇਦ ਮਜ਼ਾਕ ਸੁੱਝਦਾ ਹੋਵੇ, ਪਰ ਜਿਨ੍ਹਾਂ ਦੀ ਇਸ ਤਰ੍ਹਾਂ ਬੇਇੱਜ਼ਤੀ ਕੀਤੀ ਜਾਂਦੀ ਹੈ, ਉਨ੍ਹਾਂ ਦੇ ਦਿਲ ਤੇ ਕੀ ਬੀਤਦੀ ਹੈ ਇਹ ਉਹੀ ਜਾਣਦੇ ਹਨ। ਉਨ੍ਹਾਂ ਲਈ ਇਹ ਕੋਈ ਹਾਸੇ-ਮਜ਼ਾਕ ਵਾਲੀ ਗੱਲ ਨਹੀਂ ਹੁੰਦੀ।—ਕਹਾਉਤਾਂ 26:18, 19.

ਇੱਜ਼ਤ-ਮਾਣ ਕਰਨ ਵਿਚ ਕੀ ਕੁਝ ਸ਼ਾਮਲ ਹੈ?

ਇੱਜ਼ਤ-ਮਾਣ ਕਰਨ ਵਿਚ ਦੋ ਗੱਲਾਂ ਸ਼ਾਮਲ ਹਨ, ਇਕ ਇਹ ਕਿ ਅਸੀਂ ਆਪਣੇ ਬਾਰੇ ਕੀ ਨਜ਼ਰੀਆ ਰੱਖਦੇ ਹਾਂ ਅਤੇ ਦੂਜੀ ਇਹ ਕਿ ਦੂਸਰੇ ਸਾਡੇ ਨਾਲ ਕਿਹੋ ਜਿਹਾ ਸਲੂਕ ਕਰਦੇ ਹਨ। ਆਪਣੇ ਬਾਰੇ ਜੋ ਅਸੀਂ ਸੋਚਦੇ ਹਾਂ, ਉਸ ਦੇ ਕਈ ਕਾਰਨ ਹੋ ਸਕਦੇ ਹਨ। ਲੇਕਿਨ ਦੂਸਰੇ ਸਾਡੇ ਬਾਰੇ ਜੋ ਖ਼ਿਆਲ ਰੱਖਦੇ ਹਨ ਜਾਂ ਸਾਡੇ ਨਾਲ ਜਿਸ ਤਰ੍ਹਾਂ ਦਾ ਸਲੂਕ ਕਰਦੇ ਹਨ, ਉਸ ਦਾ ਸਾਡੇ ਉੱਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਇਹ ਅਸਰ ਚੰਗਾ ਵੀ ਹੋ ਸਕਦਾ ਹੈ ਤੇ ਮਾੜਾ ਵੀ।

ਹਰ ਤਬਕੇ ਵਿਚ ਗ਼ਰੀਬ, ਬੇਸਹਾਰਾ ਤੇ ਲਾਚਾਰ ਲੋਕ ਹੁੰਦੇ ਹਨ। ਪਰ ਅਜਿਹੀ ਹਾਲਤ ਵਿਚ ਹੋਣ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੀ ਕੋਈ ਇੱਜ਼ਤ ਹੀ ਨਹੀਂ ਹੈ। ਇਹ ਤਾਂ ਦੂਸਰੇ ਲੋਕ ਹੀ ਹਨ ਜੋ ਉਨ੍ਹਾਂ ਨੂੰ ਨੀਵਾਂ ਸਮਝ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਦੇ ਹਨ। ਦੁੱਖ ਦੀ ਗੱਲ ਹੈ ਕਿ ਆਮ ਤੌਰ ਤੇ ਅਜਿਹੇ ਬੇਸਹਾਰਾ ਲੋਕਾਂ ਦੇ ਹੱਕਾਂ ਨੂੰ ਪੈਰਾਂ ਹੇਠ ਰੌਂਦ ਕੇ ਉਨ੍ਹਾਂ ਦਾ ਅਪਮਾਨ ਕੀਤਾ ਜਾਂਦਾ ਹੈ। ਬਿਰਧ, ਗ਼ਰੀਬ ਅਤੇ ਦਿਮਾਗ਼ੀ ਨੁਕਸ ਵਾਲੇ ਜਾਂ ਸਰੀਰਕ ਤੌਰ ਤੇ ਅਪਾਹਜ ਲੋਕਾਂ ਨੂੰ ਅਕਸਰ “ਨਿਕੰਮੇ,” “ਨਾਲਾਇਕ” ਅਤੇ “ਘਟੀਆ” ਕਹਿ ਕੇ ਬੇਇੱਜ਼ਤ ਕੀਤਾ ਜਾਂਦਾ ਹੈ।

ਲੋਕ ਇਕ-ਦੂਸਰੇ ਦਾ ਅਪਮਾਨ ਕਿਉਂ ਕਰਦੇ ਹਨ? ਕੀ ਅਜਿਹਾ ਸਮਾਂ ਕਦੇ ਆਵੇਗਾ ਜਦ ਸਾਰਿਆਂ ਦਾ ਇੱਜ਼ਤ-ਮਾਣ ਕੀਤਾ ਜਾਵੇਗਾ? ਅਗਲੇ ਲੇਖ ਵਿਚ ਅਸੀਂ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ।