Skip to content

Skip to table of contents

ਬੁਰਾਈ ਉੱਤੇ ਭਲਾਈ ਦੀ ਜਿੱਤ

ਬੁਰਾਈ ਉੱਤੇ ਭਲਾਈ ਦੀ ਜਿੱਤ

ਬੁਰਾਈ ਉੱਤੇ ਭਲਾਈ ਦੀ ਜਿੱਤ

ਰਾਜਾ ਦਾਊਦ ਬਹੁਤ ਹੀ ਚੰਗਾ ਆਦਮੀ ਸੀ। ਉਹ ਪਰਮੇਸ਼ੁਰ ਦਾ ਭੈ ਰੱਖਣ ਵਾਲਾ, ਇਨਸਾਫ਼ ਦਾ ਪ੍ਰੇਮੀ ਅਤੇ ਗ਼ਰੀਬਾਂ ਦਾ ਦਾਤਾ ਸੀ। ਲੇਕਿਨ ਇਹ ਚੰਗਾ ਰਾਜਾ ਆਪਣੇ ਹੀ ਵਫ਼ਾਦਾਰ ਸੇਵਕ ਦੀ ਪਤਨੀ ਬਥ-ਸ਼ਬਾ ਨਾਲ ਵਿਭਚਾਰ ਕਰ ਬੈਠਾ। ਬਾਅਦ ਵਿਚ ਜਦ ਰਾਜੇ ਨੂੰ ਪਤਾ ਲੱਗਾ ਕਿ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ, ਉਸ ਨੇ ਬਥ-ਸ਼ਬਾ ਦੇ ਪਤੀ ਦੇ ਕਤਲ ਦੀ ਸਕੀਮ ਘੜੀ। ਫਿਰ ਦਾਊਦ ਨੇ ਆਪਣੇ ਪਾਪ ਤੇ ਪੜਦਾ ਪਾਉਣ ਲਈ ਬਥ-ਸ਼ਬਾ ਨਾਲ ਵਿਆਹ ਕਰਵਾ ਲਿਆ।—2 ਸਮੂਏਲ 11:1-27.

ਅਸੀਂ ਦੇਖਿਆ ਹੈ ਕਿ ਇਨਸਾਨਾਂ ਵਿਚ ਭਲੇ ਕੰਮ ਕਰਨ ਦੀ ਯੋਗਤਾ ਹੈ। ਫਿਰ ਉਹ ਇੰਨੇ ਬੁਰੇ ਕੰਮ ਕਿਉਂ ਕਰਦੇ ਹਨ? ਬਾਈਬਲ ਸਾਨੂੰ ਇਸ ਦੇ ਕਈ ਕਾਰਨ ਦੱਸਦੀ ਹੈ। ਬਾਈਬਲ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਯਿਸੂ ਮਸੀਹ ਰਾਹੀਂ ਬੁਰਾਈ ਨੂੰ ਜੜ੍ਹੋਂ ਉਖੇੜਨਾ ਹੈ।

ਮਨ ਦੀ ਬੁਰੀ ਭਾਵਨਾ

ਰਾਜਾ ਦਾਊਦ ਆਪ ਸਾਨੂੰ ਬੁਰਾਈ ਦਾ ਇਕ ਕਾਰਨ ਦੱਸਦਾ ਹੈ। ਉਸ ਦੇ ਪਾਪਾਂ ਦਾ ਪਰਦਾ ਫ਼ਾਸ਼ ਹੋਣ ਤੇ ਉਸ ਨੇ ਆਪਣੀ ਗ਼ਲਤੀ ਮੰਨ ਲਈ। ਫਿਰ ਪਛਤਾਵਾ ਕਰਦੇ ਹੋਏ ਉਸ ਨੇ ਲਿਖਿਆ: “ਵੇਖ, ਮੈਂ ਬਦੀ ਵਿੱਚ ਜੰਮਿਆ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।” (ਜ਼ਬੂਰਾਂ ਦੀ ਪੋਥੀ 51:5) ਕੀ ਪਰਮੇਸ਼ੁਰ ਚਾਹੁੰਦਾ ਸੀ ਕਿ ਇਨਸਾਨ ਨਾਮੁਕੰਮਲ ਪੈਦਾ ਹੋਣ? ਬਿਲਕੁਲ ਨਹੀਂ! ਉਸ ਨੇ ਤਾਂ ਸਾਡੇ ਪਹਿਲੇ ਮਾਂ-ਬਾਪ ਨੂੰ ਮੁਕੰਮਲ ਸ੍ਰਿਸ਼ਟ ਕੀਤਾ ਸੀ, ਪਰ ਉਹ ਗ਼ਲਤੀ ਕਰ ਬੈਠੇ ਅਤੇ ਪਰਮੇਸ਼ੁਰ ਤੋਂ ਦੂਰ ਹੋ ਗਏ। ਨਤੀਜੇ ਵਜੋਂ ਉਹ ਆਪਣੀ ਔਲਾਦ ਨੂੰ ਵੀ ਵਿਰਸੇ ਵਿਚ ਪਾਪ ਤੋਂ ਸਿਵਾਇ ਹੋਰ ਕੁਝ ਨਹੀਂ ਦੇ ਸਕੇ। (ਰੋਮੀਆਂ 5:12) ਜਿਉਂ-ਜਿਉਂ ਨਾਮੁਕੰਮਲ ਇਨਸਾਨਾਂ ਦੀ ਗਿਣਤੀ ਵਧਦੀ ਗਈ, ਤਿਉਂ-ਤਿਉਂ ਇਹ ਸੱਚਾਈ ਜ਼ਾਹਰ ਹੁੰਦੀ ਗਈ ਕਿ “ਆਦਮੀ ਦੇ ਮਨ ਦੀ ਭਾਵਨਾ ਉਸ ਦੀ ਜਵਾਨੀ ਤੋਂ ਬੁਰੀ ਹੀ” ਹੁੰਦੀ ਹੈ।—ਉਤਪਤ 8:21.

ਜੇਕਰ ਅਸੀਂ ਆਪਣੀਆਂ ਬੁਰੀਆਂ ਭਾਵਨਾਵਾਂ ਉੱਤੇ ਕਾਬੂ ਨਾ ਪਾਈਏ, ਤਾਂ ਅਸੀਂ “ਹਰਾਮਕਾਰੀ, . . . ਵੈਰ, ਝਗੜੇ, ਹਸਦ, ਕ੍ਰੋਧ, ਧੜੇਬਾਜ਼ੀਆਂ, ਫੁੱਟਾਂ, ਬਿਦਤਾਂ, ਖਾਰ” ਅਤੇ ਇਸ ਤਰ੍ਹਾਂ ਦੇ ਹੋਰ ਭੈੜੇ ਕੰਮ ਕਰ ਬੈਠਾਂਗੇ ਜਿਨ੍ਹਾਂ ਨੂੰ ਬਾਈਬਲ ਵਿਚ “ਸਰੀਰ ਦੇ ਕੰਮ” ਕਿਹਾ ਗਿਆ ਹੈ। (ਗਲਾਤੀਆਂ 5:19-21) ਰਾਜਾ ਦਾਊਦ ਨੇ ਆਪਣੇ ਮਨ ਵਿੱਚੋਂ ਬਥ-ਸ਼ਬਾ ਬਾਰੇ ਗ਼ਲਤ ਖ਼ਿਆਲ ਨਹੀਂ ਕੱਢੇ ਅਤੇ ਉਸ ਨਾਲ ਵਿਭਚਾਰ ਕਰਨ ਕਰਕੇ ਉਸ ਦੇ ਘਰ ਵਿਚ ਕਲੇਸ਼ ਪੈਦਾ ਹੋ ਗਿਆ। (2 ਸਮੂਏਲ 12:1-12) ਉਹ ਆਪਣੇ ਮਨ ਵਿੱਚੋਂ ਬੁਰੇ ਵਿਚਾਰ ਕੱਢ ਕੇ ਪਾਪ ਕਰਨ ਤੋਂ ਬਚ ਸਕਦਾ ਸੀ। ਲੇਕਿਨ ਉਹ ਬਥ-ਸ਼ਬਾ ਬਾਰੇ ਸੋਚਦਾ ਰਿਹਾ ਅਤੇ ਪਾਪ ਵੱਲ ਆਪਣੇ ਕਦਮ ਵਧਾਉਂਦਾ ਗਿਆ। ਦਾਊਦ ਦੀ ਉਦਾਹਰਣ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਾਕੂਬ ਦੇ ਸ਼ਬਦ ਕਿੰਨੇ ਸੱਚੇ ਹਨ ਜਦ ਉਸ ਨੇ ਕਿਹਾ: “ਹਰ ਕੋਈ ਤਦੇ ਪਰਤਾਇਆ ਜਾਂਦਾ ਹੈ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਅਤੇ ਭੁਚਲਾਇਆ ਜਾਂਦਾ ਹੈ। ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ।”—ਯਾਕੂਬ 1:14, 15.

ਲੋਕ ਕਤਲਾਮ, ਬਲਾਤਕਾਰ ਅਤੇ ਲੁੱਟਮਾਰ ਵਰਗੇ ਭੈੜੇ ਕੰਮ ਤਦ ਹੀ ਕਰਦੇ ਹਨ ਜਦ ਉਹ ਆਪਣੀਆਂ ਗ਼ਲਤ ਇੱਛਾਵਾਂ ਉੱਤੇ ਕਾਬੂ ਨਹੀਂ ਪਾਉਂਦੇ।

ਬੁਰਾਈ ਅਣਜਾਣਪੁਣੇ ਦਾ ਫ਼ਾਇਦਾ ਉਠਾਉਂਦੀ ਹੈ

ਪੌਲੁਸ ਰਸੂਲ ਦੀ ਉਦਾਹਰਣ ਤੋਂ ਅਸੀਂ ਬੁਰਾਈ ਦਾ ਦੂਜਾ ਕਾਰਨ ਦੇਖਦੇ ਹਾਂ। ਪੌਲੁਸ ਦਾ ਸੁਭਾਅ ਬੜਾ ਨਰਮ ਸੀ। ਉਸ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਬੜੀ ਸੇਵਾ ਕੀਤੀ। (1 ਥੱਸਲੁਨੀਕੀਆਂ 2:7-9) ਲੇਕਿਨ ਮਸੀਹੀ ਬਣਨ ਤੋਂ ਪਹਿਲਾਂ ਉਹ ਇਨ੍ਹਾਂ ਹੀ ਲੋਕਾਂ ਨੂੰ “ਦਬਕਾਉਣ ਅਤੇ ਕਤਲ ਕਰਨ” ਵਿਚ ਲੱਗਾ ਹੋਇਆ ਸੀ। (ਰਸੂਲਾਂ ਦੇ ਕਰਤੱਬ 9:1, 2) ਪੌਲੁਸ ਨੇ ਮਸੀਹੀਆਂ ਉੱਤੇ ਅਤਿਆਚਾਰ ਕਿਉਂ ਕੀਤੇ ਸਨ? ਉਹ ਆਪ ਦੱਸਦਾ ਹੈ ਕਿ ਉਸ ਨੇ ਇਹ ਸਭ ਕੁਝ “ਅਣਜਾਣਪੁਣੇ” ਵਿਚ ਕੀਤਾ ਸੀ। (1 ਤਿਮੋਥਿਉਸ 1:13) ਜੀ ਹਾਂ, ਪੌਲੁਸ ਨੂੰ ਮਸੀਹੀ ਬਣਨ ਤੋਂ ਪਹਿਲਾਂ ‘ਪਰਮੇਸ਼ੁਰ ਲਈ ਅਣਖ ਤਾਂ ਸੀ ਪਰ ਸਮਝ ਨਾਲ ਨਹੀਂ ਸੀ।’—ਰੋਮੀਆਂ 10:2.

ਪਰਮੇਸ਼ੁਰ ਦੀ ਇੱਛਾ ਦਾ ਸਹੀ ਗਿਆਨ ਨਾ ਹੋਣ ਕਰਕੇ ਪੌਲੁਸ ਵਾਂਗ ਹੋਰਨਾਂ ਲੋਕਾਂ ਨੇ ਵੀ ਬਹੁਤ ਬੁਰੇ ਕੰਮ ਕੀਤੇ ਹਨ। ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਠੀਕ ਹੀ ਕਰ ਰਹੇ ਹਨ। ਮਿਸਾਲ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ: “ਉਹ ਸਮਾ ਆਉਂਦਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਸੋ ਇਹ ਸਮਝੇਗਾ ਭਈ ਮੈਂ ਪਰਮੇਸ਼ੁਰ ਦੀ ਸੇਵਾ ਕਰਦਾ ਹਾਂ।” (ਯੂਹੰਨਾ 16:2) ਅੱਜ ਯਹੋਵਾਹ ਦੇ ਗਵਾਹਾਂ ਨੇ ਅਤਿਆਚਾਰ ਸਹਿੰਦੇ ਹੋਏ ਯਿਸੂ ਦੇ ਇਹ ਸ਼ਬਦ ਆਪਣੇ ਤੇ ਸੱਚ ਸਾਬਤ ਹੁੰਦੇ ਦੇਖੇ ਹਨ। ਅਨੇਕ ਦੇਸ਼ਾਂ ਵਿਚ ਰੱਬ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲਿਆਂ ਨੇ ਗਵਾਹਾਂ ਉੱਤੇ ਬਹੁਤ ਜ਼ੁਲਮ ਢਾਏ ਹਨ ਅਤੇ ਕਈਆਂ ਦੀਆਂ ਜਾਨਾਂ ਵੀ ਲਈਆਂ ਹਨ। ਕੀ ਅਜਿਹੀ ਸ਼ਰਧਾ ਸੱਚੇ ਪਰਮੇਸ਼ੁਰ ਨੂੰ ਮਨਜ਼ੂਰ ਹੈ? ਬਿਲਕੁਲ ਨਹੀਂ!—1 ਥੱਸਲੁਨੀਕੀਆਂ 1:6.

ਬੁਰਾਈ ਦੀ ਜੜ੍ਹ

ਯਿਸੂ ਦੇ ਜ਼ਮਾਨੇ ਦੇ ਧਾਰਮਿਕ ਆਗੂ ਉਸ ਦੀ ਜਾਨ ਲੈਣ ਤੇ ਤੁਲੇ ਹੋਏ ਸਨ। ਉਨ੍ਹਾਂ ਨਾਲ ਗੱਲ ਕਰਦੇ ਹੋਏ ਯਿਸੂ ਬੁਰਾਈ ਦਾ ਅਸਲੀ ਕਾਰਨ ਦੱਸਦਾ ਹੈ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਪਿਉ ਸ਼ਤਾਨ ਤੋਂ ਹੋ ਅਤੇ ਆਪਣੇ ਪਿਉ ਦੀਆਂ ਕਾਮਨਾਂ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ।” (ਯੂਹੰਨਾ 8:44) ਜੀ ਹਾਂ, ਸ਼ਤਾਨ ਹੀ ਬੁਰਾਈ ਦੀ ਜੜ੍ਹ ਹੈ। ਉਹ ਚਾਹੁੰਦਾ ਸੀ ਕਿ ਇਨਸਾਨ ਉਸ ਦੀ ਭਗਤੀ ਕਰਨ, ਇਸ ਲਈ ਉਸ ਨੇ ਆਦਮ ਅਤੇ ਹੱਵਾਹ ਨੂੰ ਪਰਮੇਸ਼ੁਰ ਦੀ ਆਗਿਆ ਤੋੜਨ ਲਈ ਭਰਮਾਇਆ। ਉਨ੍ਹਾਂ ਦੀ ਅਣਆਗਿਆਕਾਰੀ ਦੇ ਨਤੀਜੇ ਵਜੋਂ ਸਾਰੀ ਮਨੁੱਖਜਾਤੀ ਮੌਤ ਦੇ ਚੁੰਗਲ ਵਿਚ ਫਸ ਗਈ।

ਜਦ ਪਰਮੇਸ਼ੁਰ ਨੇ ਸ਼ਤਾਨ ਨੂੰ ਵਫ਼ਾਦਾਰ ਅੱਯੂਬ ਉੱਤੇ ਪਰੀਖਿਆਵਾਂ ਲਿਆਉਣ ਦੀ ਖੁੱਲ੍ਹ ਦਿੱਤੀ ਸੀ, ਤਾਂ ਉਸ ਨੇ ਸਿਰਫ਼ ਅੱਯੂਬ ਦਾ ਘਰ-ਬਾਰ ਹੀ ਤਬਾਹ ਨਹੀਂ ਕੀਤਾ ਸੀ, ਸਗੋਂ ਉਸ ਦੇ ਦਸ ਬੱਚਿਆਂ ਨੂੰ ਵੀ ਮਾਰ ਦਿੱਤਾ। ਇਸ ਤੋਂ ਜ਼ਾਹਰ ਹੋਇਆ ਕਿ ਸ਼ਤਾਨ ਕਿੰਨਾ ਜ਼ਾਲਮ ਹੈ। (ਅੱਯੂਬ 1:9-19) ਹੁਣ ਵੀ ਬੁਰਾਈ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਇਸ ਦਾ ਕਾਰਨ ਹੈ ਕਿ ਇਨਸਾਨ ਨਾਮੁਕੰਮਲ ਹਨ ਤੇ ਉਨ੍ਹਾਂ ਕੋਲ ਪਰਮੇਸ਼ੁਰ ਦੀ ਇੱਛਾ ਦਾ ਗਿਆਨ ਨਹੀਂ ਹੈ ਅਤੇ ਇਸ ਦੇ ਨਾਲ-ਨਾਲ ਸ਼ਤਾਨ ਵੀ ਵਧ-ਚੜ੍ਹ ਕੇ ਮਨੁੱਖੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰ ਰਿਹਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ਤਾਨ ਨੂੰ “ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ” ਸਨ। ਬਾਈਬਲ ਕਹਿੰਦੀ ਹੈ: ‘ਧਰਤੀ ਨੂੰ ਹਾਇ! ਹਾਇ!’ ਇਸ ਲਈ ਕਿ ਸ਼ਤਾਨ ਧਰਤੀ ਉੱਤੇ ਰਾਜ ਕਰ ਰਿਹਾ ਹੈ। ਇਹ ਸੱਚ ਹੈ ਕਿ ਸ਼ਤਾਨ ਲੋਕਾਂ ਨੂੰ ਬੁਰੇ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦਾ, ਪਰ ਉਹ ‘ਸਾਰੇ ਜਗਤ ਨੂੰ ਭਰਮਾਉਣ’ ਵਿਚ ਮਾਹਰ ਹੈ।—ਪਰਕਾਸ਼ ਦੀ ਪੋਥੀ 12:9, 12.

ਦਿਲ ਵਿੱਚੋਂ ਬੁਰਾਈ ਕੱਢੋ

ਬੁਰਾਈ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਇਨਸਾਨਾਂ ਨੂੰ ਦਿਲਾਂ ਵਿੱਚੋਂ ਬੁਰਾਈ ਕੱਢਣ ਅਤੇ ਪਰਮੇਸ਼ੁਰ ਦੀ ਇੱਛਾ ਬਾਰੇ ਸਿੱਖਣ ਦੀ ਲੋੜ ਹੈ। ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਸ਼ਤਾਨ ਦਾ ਸਾਇਆ ਦੂਰ ਕੀਤਾ ਜਾਵੇ। ਆਓ ਆਪਾਂ ਪਹਿਲਾਂ ਦੇਖੀਏ ਕਿ ਇਨਸਾਨਾਂ ਦੇ ਦਿਲਾਂ ਵਿੱਚੋਂ ਬੁਰਾਈ ਜਾਂ ਪਾਪ ਕਰਨ ਦਾ ਝੁਕਾਅ ਕਿੱਦਾਂ ਮਿਟਾਇਆ ਜਾ ਸਕਦਾ ਹੈ।

ਇਹ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਕਿ ਉਹ ਆਪਣੇ ਸਰੀਰਾਂ ਉੱਤੇ ਲੱਗਾ ਪਾਪ ਦਾ ਦਾਗ਼ ਮਿਟਾ ਸਕਣ। ਇਹ ਕੰਮ ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਕਰ ਸਕਦਾ ਹੈ ਅਤੇ ਉਸ ਨੇ ਇਸ ਦਾ ਪ੍ਰਬੰਧ ਵੀ ਕੀਤਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਯਿਸੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ।” (1 ਯੂਹੰਨਾ 1:7) ਜਦ ਯਿਸੂ ਨੇ ਆਪਣਾ ਮੁਕੰਮਲ ਸਰੀਰ ਕੁਰਬਾਨ ਕੀਤਾ, ਤਦ ਉਸ ਨੇ “ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ।” (1 ਪਤਰਸ 2:24) ਯਿਸੂ ਦੇ ਲਹੂ ਦੁਆਰਾ ਆਦਮ ਦੇ ਪਾਪ ਦੇ ਨਤੀਜਿਆਂ ਤੋਂ ਸਾਨੂੰ ਛੁਟਕਾਰਾ ਮਿਲੇਗਾ। ਪੌਲੁਸ ਰਸੂਲ ਨੇ ਕਿਹਾ ਸੀ ਕਿ ਯਿਸੂ ਨੇ “ਆਪਣੇ ਆਪ ਨੂੰ ਸਭਨਾਂ ਲਈ ਪ੍ਰਾਸਚਿਤ ਕਰ ਕੇ ਦੇ ਦਿੱਤਾ।” (1 ਤਿਮੋਥਿਉਸ 2:6) ਜੀ ਹਾਂ, ਯਿਸੂ ਦੀ ਕੁਰਬਾਨੀ ਸਦਕਾ ਹਰ ਇਨਸਾਨ ਪਾਪ ਤੋਂ ਮੁਕਤ ਹੋ ਸਕਦਾ ਹੈ।

ਲੇਕਿਨ ਤੁਸੀਂ ਸ਼ਾਇਦ ਪੁੱਛੋ, ‘ਜੇ 2,000 ਸਾਲ ਪਹਿਲਾਂ ਯਿਸੂ ਦੇ ਵਹਾਏ ਲਹੂ ਰਾਹੀਂ ਇਨਸਾਨਾਂ ਨੂੰ ਪਾਪ ਤੋਂ ਮੁਕਤ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ, ਤਾਂ ਫਿਰ ਹਾਲੇ ਵੀ ਦੁਨੀਆਂ ਵਿਚ ਇੰਨੀ ਬੁਰਾਈ ਤੇ ਮੌਤ ਕਿਉਂ ਹੈ?’ ਇਸ ਸਵਾਲ ਦਾ ਜਵਾਬ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਮਕਸਦ ਦਾ ਗਿਆਨ ਹਾਸਲ ਕਰੀਏ।

ਭਲਾਈ ਕਰਨ ਲਈ ਸਹੀ ਗਿਆਨ ਦੀ ਲੋੜ

ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਯਹੋਵਾਹ ਅਤੇ ਯਿਸੂ ਬੁਰਾਈ ਮਿਟਾਉਣ ਲਈ ਅੱਜ ਕੀ ਕਰ ਰਹੇ ਹਨ। ਇਹ ਗੱਲ ਜਾਣ ਕੇ ਅਸੀਂ ਅਣਜਾਣੇ ਵਿਚ ਕੋਈ ਗ਼ਲਤੀ ਕਰਨ ਤੋਂ ਅਤੇ ‘ਪਰਮੇਸ਼ੁਰ ਨਾਲ ਲੜਨ’ ਤੋਂ ਬਚ ਸਕਦੇ ਹਾਂ। (ਰਸੂਲਾਂ ਦੇ ਕਰਤੱਬ 5:38, 39) ਯਹੋਵਾਹ ਪਰਮੇਸ਼ੁਰ ਸਾਡੀਆਂ ਅਣਜਾਣੇ ਵਿਚ ਕੀਤੀਆਂ ਗ਼ਲਤੀਆਂ ਮਾਫ਼ ਕਰਨ ਲਈ ਤਿਆਰ ਹੈ। ਅਥੇਨੈ ਵਿਚ ਲੋਕਾਂ ਨਾਲ ਗੱਲ ਕਰਦੇ ਹੋਏ ਪੌਲੁਸ ਨੇ ਕਿਹਾ: “ਪਰਮੇਸ਼ੁਰ ਨੇ ਅਣਜਾਣਪੁਣੇ ਦੇ ਸਮਿਆਂ ਵੱਲੋਂ ਅੱਖੀਆਂ ਫੇਰ ਲਈਆਂ ਸਨ ਪਰ ਹੁਣ ਮਨੁੱਖਾਂ ਨੂੰ ਹੁਕਮ ਦਿੰਦਾ ਹੈ ਜੋ ਓਹ ਸਭ ਹਰੇਕ ਥਾਂ ਤੋਬਾ ਕਰਨ ਕਿਉਂ ਜੋ ਉਸ ਨੇ ਇੱਕ ਦਿਨ ਠਹਿਰਾ ਛੱਡਿਆ ਹੈ ਜਿਹ ਦੇ ਵਿੱਚ ਉਹ ਸਚਿਆਈ ਨਾਲ ਸੰਸਾਰ ਦਾ ਨਿਆਉਂ ਕਰੇਗਾ ਓਸ ਮਨੁੱਖ ਦੇ ਰਾਹੀਂ ਜਿਹ ਨੂੰ ਉਸ ਨੇ ਠਹਿਰਾਇਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਵਾਲ ਕੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।”—ਰਸੂਲਾਂ ਦੇ ਕਰਤੱਬ 17:30, 31.

ਪੌਲੁਸ ਨੂੰ ਪੱਕਾ ਵਿਸ਼ਵਾਸ ਸੀ ਕਿ ਯਿਸੂ ਨੂੰ ਜੀ ਉਠਾਇਆ ਗਿਆ ਸੀ। ਯਿਸੂ ਨੇ ਸਵਰਗੋਂ ਉਸ ਨਾਲ ਗੱਲ ਕੀਤੀ ਸੀ ਅਤੇ ਉਸ ਨੂੰ ਕਿਹਾ ਕਿ ਉਹ ਮਸੀਹੀਆਂ ਨੂੰ ਸਤਾਉਣ ਤੋਂ ਹਟ ਜਾਵੇ। (ਰਸੂਲਾਂ ਦੇ ਕਰਤੱਬ 9:3-7) ਫਿਰ ਪੌਲੁਸ ਪਰਮੇਸ਼ੁਰ ਦੀ ਇੱਛਾ ਬਾਰੇ ਸਿੱਖ ਕੇ ਯਿਸੂ ਵਾਂਗ ਇਕ ਚੰਗਾ ਇਨਸਾਨ ਬਣ ਗਿਆ। (1 ਕੁਰਿੰਥੀਆਂ 11:1; ਕੁਲੁੱਸੀਆਂ 3:9, 10) ਇਸ ਦੇ ਨਾਲ-ਨਾਲ ਉਸ ਨੇ ਜੋਸ਼ ਨਾਲ “ਰਾਜ ਦੀ ਇਸ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕੀਤਾ। (ਮੱਤੀ 24:14) ਯਿਸੂ ਦੀ ਮੌਤ ਅਤੇ ਦੁਬਾਰਾ ਜੀ ਉੱਠੇ ਨੂੰ 2,000 ਸਾਲ ਹੋ ਚੁੱਕੇ ਹਨ। ਇਸ ਸਮੇਂ ਦੌਰਾਨ ਯਿਸੂ ਨੇ ਵਫ਼ਾਦਾਰ ਇਨਸਾਨ ਚੁਣੇ ਹਨ ਜੋ ਪੌਲੁਸ ਵਾਂਗ ਉਸ ਨਾਲ ਸਵਰਗੋਂ ਧਰਤੀ ਉੱਤੇ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 5:9, 10.

ਪਿਛਲੀ ਸਦੀ ਵਿਚ ਤੇ ਅੱਜ ਵੀ ਯਹੋਵਾਹ ਦੇ ਗਵਾਹ ਜੋਸ਼ ਨਾਲ ਯਿਸੂ ਦੇ ਹੁਕਮ ਦੀ ਪਾਲਣਾ ਕਰ ਰਹੇ ਹਨ। ਯਿਸੂ ਨੇ ਕਿਹਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਜੋ ਇਨਸਾਨ ਇਸ ਸੰਦੇਸ਼ ਨੂੰ ਕਬੂਲ ਕਰਦੇ ਹਨ, ਉਹ ਯਿਸੂ ਦੀ ਸਵਰਗੀ ਹਕੂਮਤ ਅਧੀਨ ਧਰਤੀ ਉੱਤੇ ਹਮੇਸ਼ਾ ਦੀ ਜ਼ਿੰਦਗੀ ਜੀਣ ਦੀ ਆਸ ਰੱਖ ਸਕਦੇ ਹਨ। ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਸਭ ਤੋਂ ਭਲਾ ਕੰਮ ਜੋ ਅਸੀਂ ਕਰ ਸਕਦੇ ਹਾਂ, ਉਹ ਹੈ ਲੋਕਾਂ ਨੂੰ ਪਰਮੇਸ਼ੁਰ ਦਾ ਸਹੀ ਗਿਆਨ ਹਾਸਲ ਕਰਨ ਵਿਚ ਮਦਦ ਕਰਨੀ।

ਜੋ ਇਨਸਾਨ ਰਾਜ ਦੀ ਖ਼ੁਸ਼ ਖ਼ਬਰੀ ਦਾ ਸੰਦੇਸ਼ ਸਵੀਕਾਰ ਕਰਦੇ ਹਨ, ਉਹ ਆਪਣੇ ਆਲੇ-ਦੁਆਲੇ ਹੋ ਰਹੀ ਬੁਰਾਈ ਦੇ ਬਾਵਜੂਦ ਆਪਣੇ ਅੰਦਰ ‘ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ’ ਵਰਗੇ ਗੁਣ ਪੈਦਾ ਕਰਦੇ ਹਨ। (ਗਲਾਤੀਆਂ 5:22, 23) ਯਿਸੂ ਦੀ ਰੀਸ ਕਰਦੇ ਹੋਏ ਉਹ “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ” ਨਹੀਂ ਕਰਦੇ। (ਰੋਮੀਆਂ 12:17) ਉਹ ਆਪਣੀ ਪੂਰੀ ਵਾਹ ਲਾ ਕੇ ‘ਭਲਿਆਈ ਨਾਲ ਬੁਰਿਆਈ ਨੂੰ ਜਿੱਤਣ’ ਦੀ ਕੋਸ਼ਿਸ਼ ਕਰਦੇ ਹਨ।—ਰੋਮੀਆਂ 12:21; ਮੱਤੀ 5:44.

ਬੁਰਾਈ ਉੱਤੇ ਯਿਸੂ ਦੀ ਜਿੱਤ

ਜ਼ਿਆਦਾਤਰ ਬੁਰਾਈ ਦੇ ਪਿੱਛੇ ਸ਼ਤਾਨ ਦਾ ਹੱਥ ਹੈ। ਇਨਸਾਨ ਆਪਣੀ ਤਾਕਤ ਨਾਲ ਉਸ ਦਾ ਸਾਮ੍ਹਣਾ ਨਹੀਂ ਕਰ ਸਕਦੇ। ਲੇਕਿਨ ਬਹੁਤ ਜਲਦ ਯਹੋਵਾਹ ਯਿਸੂ ਰਾਹੀਂ ਸ਼ਤਾਨ ਦੇ ਸਿਰ ਨੂੰ ਫੇਵੇਗਾ। (ਉਤਪਤ 3:15; ਰੋਮੀਆਂ 16:20) ਯਿਸੂ ਰਾਹੀਂ ਯਹੋਵਾਹ ਇਸ ਦੁਨੀਆਂ ਦੀ ਰਾਜਨੀਤਿਕ ਸੰਸਥਾਵਾਂ ਨੂੰ ਵੀ “ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ” ਜਿਨ੍ਹਾਂ ਦੇ ਅਧੀਨ ਲੋਕਾਂ ਨੇ ਇਤਿਹਾਸ ਦੌਰਾਨ ਬੇਹੱਦ ਜ਼ੁਲਮ ਅਤੇ ਅਤਿਆਚਾਰ ਸਹੇ ਹਨ। (ਦਾਨੀਏਲ 2:44; ਉਪਦੇਸ਼ਕ 8:9) ਪਰਮੇਸ਼ੁਰ ਦੇ ਨਿਆਂ ਦੇ ਦਿਨ ਜੋ ਇਨਸਾਨ ‘ਪ੍ਰਭੁ ਯਿਸੂ ਦੀ ਇੰਜੀਲ ਨੂੰ ਨਹੀਂ ਮੰਨਦੇ ਓਹ ਸਜ਼ਾ ਭੋਗਣਗੇ ਅਰਥਾਤ ਸਦਾ ਦਾ ਵਿਨਾਸ।’—2 ਥੱਸਲੁਨੀਕੀਆਂ 1:8, 9; ਸਫ਼ਨਯਾਹ 1:14-18.

ਜਦ ਸ਼ਤਾਨ ਅਤੇ ਉਸ ਦੇ ਸਾਥੀਆਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ, ਤਾਂ ਯਿਸੂ ਧਰਤੀ ਨੂੰ ਸੁੰਦਰ ਬਣਾਉਣ ਵਿਚ ਧਰਮੀ ਲੋਕਾਂ ਦੀ ਮਦਦ ਕਰੇਗਾ। ਇਸ ਦੇ ਨਾਲ-ਨਾਲ ਉਹ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰੇਗਾ ਤਾਂਕਿ ਉਨ੍ਹਾਂ ਨੂੰ ਵੀ ਸਦਾ ਲਈ ਜੀਉਣ ਦਾ ਮੌਕਾ ਮਿਲ ਸਕੇ। (ਯੂਹੰਨਾ 5:26-29) ਫਿਰ ਬੁਰਾਈ ਕਰਕੇ ਇਨਸਾਨ ਸਦੀਆਂ ਤੋਂ ਜੋ ਦੁੱਖ ਸਹਿੰਦੇ ਆਏ ਹਨ, ਉਹ ਸਭ ਮਿਟਾਏ ਜਾਣਗੇ।

ਯਹੋਵਾਹ ਖ਼ੁਸ਼ ਖ਼ਬਰੀ ਦਾ ਸੰਦੇਸ਼ ਸੁਣਨ ਲਈ ਕਿਸੇ ਨੂੰ ਮਜਬੂਰ ਨਹੀਂ ਕਰਦਾ। ਲੇਕਿਨ ਉਹ ਸਾਰਿਆਂ ਨੂੰ ਸਦਾ ਦੀ ਜ਼ਿੰਦਗੀ ਪਾਉਣ ਲਈ ਸਹੀ ਗਿਆਨ ਹਾਸਲ ਕਰਨ ਦਾ ਮੌਕਾ ਦਿੰਦਾ ਹੈ। ਇਸ ਮੌਕੇ ਦਾ ਤੁਹਾਨੂੰ ਪੂਰਾ-ਪੂਰਾ ਫ਼ਾਇਦਾ ਉਠਾਉਣਾ ਚਾਹੀਦਾ ਹੈ! (ਸਫ਼ਨਯਾਹ 2:2, 3) ਇਸ ਤਰ੍ਹਾਂ ਕਰ ਕੇ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਸਿੱਖੋਗੇ। ਤੁਸੀਂ ਇਹ ਵੀ ਸਿੱਖੋਗੇ ਕਿ ਯਿਸੂ ਬੁਰਾਈ ਉੱਤੇ ਕਿਵੇਂ ਜਿੱਤ ਪ੍ਰਾਪਤ ਕਰੇਗਾ।—ਪਰਕਾਸ਼ ਦੀ ਪੋਥੀ 19:11-16; 20:1-3, 10; 21:3, 4.

[ਸਫ਼ਾ 5 ਉੱਤੇ ਤਸਵੀਰ]

ਪਰਮੇਸ਼ੁਰ ਦੀ ਇੱਛਾ ਦਾ ਸਹੀ ਗਿਆਨ ਨਾ ਹੋਣ ਕਰਕੇ ਸੌਲੁਸ ਨੇ ਬੁਰੇ ਕੰਮ ਕੀਤੇ

[ਸਫ਼ਾ 7 ਉੱਤੇ ਤਸਵੀਰ]

ਸਭ ਤੋਂ ਭਲਾ ਕੰਮ ਜੋ ਅਸੀਂ ਕਰ ਸਕਦੇ ਹਾਂ, ਉਹ ਹੈ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਹੀ ਗਿਆਨ ਹਾਸਲ ਕਰਨ ਵਿਚ ਮਦਦ ਕਰਨੀ