Skip to content

Skip to table of contents

ਉਡੀਕ ਕਰਨ ਦਾ ਰਵੱਈਆ ਰੱਖਣਾ!

ਉਡੀਕ ਕਰਨ ਦਾ ਰਵੱਈਆ ਰੱਖਣਾ!

ਉਡੀਕ ਕਰਨ ਦਾ ਰਵੱਈਆ ਰੱਖਣਾ!

“ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।”—ਮੀਕਾਹ 7:7.

1, 2. (ੳ) ਉਜਾੜ ਵਿਚ ਇਸਰਾਏਲੀਆਂ ਨੇ ਕਿਹੜਾ ਗ਼ਲਤ ਰਵੱਈਆ ਦਿਖਾਇਆ ਸੀ? (ਅ) ਜੇ ਇਕ ਮਸੀਹੀ ਸਹੀ ਰਵੱਈਆ ਨਹੀਂ ਰੱਖਦਾ ਹੈ, ਤਾਂ ਉਸ ਨੂੰ ਕੀ ਹੋ ਸਕਦਾ ਹੈ?

ਅਸੀਂ ਜ਼ਿੰਦਗੀ ਵਿਚ ਬਹੁਤ ਸਾਰੇ ਵੱਖੋ-ਵੱਖਰੇ ਹਾਲਾਤਾਂ ਦਾ ਸਾਮ੍ਹਣਾ ਕਰਦੇ ਹਾਂ। ਅਸੀਂ ਇਨ੍ਹਾਂ ਦਾ ਸਾਮ੍ਹਣਾ ਹੱਸ ਕੇ ਕਰਦੇ ਹਾਂ ਜਾਂ ਰੋ ਕੇ, ਇਹ ਸਾਡੇ ਰਵੱਈਏ ਉੱਤੇ ਨਿਰਭਰ ਕਰਦਾ ਹੈ। ਜਦੋਂ ਇਸਰਾਏਲੀ ਉਜਾੜ ਵਿਚ ਸਨ, ਤਾਂ ਉਨ੍ਹਾਂ ਨੂੰ ਖਾਣ ਲਈ ਚਮਤਕਾਰੀ ਢੰਗ ਨਾਲ ਮੰਨ ਦਿੱਤਾ ਗਿਆ ਸੀ। ਉਸ ਉਜਾੜ ਬੀਆਬਾਨ ਵਿਚ ਰਹਿੰਦੇ ਹੋਏ ਉਨ੍ਹਾਂ ਨੂੰ ਯਹੋਵਾਹ ਦਾ ਸ਼ੁਕਰ ਕਰਨਾ ਚਾਹੀਦਾ ਸੀ ਕਿ ਉਸ ਨੇ ਉਨ੍ਹਾਂ ਨੂੰ ਇਹ ਭੋਜਨ ਦਿੱਤਾ ਸੀ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੇ ਸਹੀ ਰਵੱਈਆ ਦਿਖਾਉਣਾ ਸੀ। ਇਸ ਦੀ ਬਜਾਇ, ਉਹ ਮਿਸਰ ਦੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਨੂੰ ਯਾਦ ਕਰਨ ਲੱਗ ਪਏ ਤੇ ਬੁੜ੍ਹ-ਬੁੜ੍ਹ ਕਰਨ ਲੱਗ ਪਏ ਕਿ ਮੰਨ ਸੁਆਦੀ ਨਹੀਂ ਸੀ। ਕਿੰਨਾ ਗ਼ਲਤ ਰਵੱਈਆ ਦਿਖਾਇਆ ਉਨ੍ਹਾਂ ਨੇ!—ਗਿਣਤੀ 11:4-6.

2 ਅੱਜ ਇਕ ਮਸੀਹੀ ਆਪਣੇ ਰਵੱਈਏ ਕਰਕੇ ਖ਼ੁਸ਼ ਰਹਿ ਸਕਦਾ ਹੈ ਜਾਂ ਨਿਰਾਸ਼ ਹੋ ਸਕਦਾ ਹੈ। ਸਹੀ ਰਵੱਈਏ ਤੋਂ ਬਿਨਾਂ ਇਕ ਮਸੀਹੀ ਆਸਾਨੀ ਨਾਲ ਆਪਣੀ ਖ਼ੁਸ਼ੀ ਗੁਆ ਸਕਦਾ ਹੈ ਜੋ ਬਹੁਤ ਅਫ਼ਸੋਸ ਦੀ ਗੱਲ ਹੋਵੇਗੀ ਕਿਉਂਕਿ ਜਿਵੇਂ ਨਹਮਯਾਹ ਨੇ ਕਿਹਾ ਸੀ: “ਯਹੋਵਾਹ ਦਾ ਅਨੰਦ [ਸਾਡਾ] ਬਲ ਹੈ।” (ਨਹਮਯਾਹ 8:10) ਸਹੀ ਅਤੇ ਖ਼ੁਸ਼ੀ ਭਰਿਆ ਰਵੱਈਆ ਸਾਨੂੰ ਮਜ਼ਬੂਤ ਬਣਾਈ ਰੱਖਦਾ ਹੈ ਅਤੇ ਇਸ ਨਾਲ ਕਲੀਸਿਯਾ ਵਿਚ ਸ਼ਾਂਤੀ ਤੇ ਏਕਤਾ ਬਣੀ ਰਹਿੰਦੀ ਹੈ।—ਰੋਮੀਆਂ 15:13; ਫ਼ਿਲਿੱਪੀਆਂ 1:25.

3. ਸਹੀ ਰਵੱਈਏ ਨੇ ਯਿਰਮਿਯਾਹ ਦੀ ਮੁਸ਼ਕਲ ਸਮਿਆਂ ਵਿਚ ਕਿਵੇਂ ਮਦਦ ਕੀਤੀ ਸੀ?

3 ਮੁਸ਼ਕਲ ਸਮਿਆਂ ਵਿਚ ਰਹਿਣ ਦੇ ਬਾਵਜੂਦ ਵੀ ਯਿਰਮਿਯਾਹ ਨੇ ਸਹੀ ਰਵੱਈਆ ਦਿਖਾਇਆ ਸੀ। ਇੱਥੋਂ ਤਕ ਕਿ ਜਦੋਂ ਉਸ ਨੇ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਨੂੰ ਆਪਣੀ ਅੱਖੀਂ ਦੇਖਿਆ ਸੀ, ਉਦੋਂ ਵੀ ਉਸ ਨੇ ਆਸ ਦਾ ਪੱਲਾ ਨਹੀਂ ਛੱਡਿਆ। ਉਸ ਨੂੰ ਯਕੀਨ ਸੀ ਕਿ ਯਹੋਵਾਹ ਇਸਰਾਏਲੀਆਂ ਨੂੰ ਨਹੀਂ ਭੁੱਲੇਗਾ ਅਤੇ ਕੌਮ ਪੂਰੀ ਤਰ੍ਹਾਂ ਨਾਸ਼ ਨਹੀਂ ਹੋਵੇਗੀ। ਯਿਰਮਿਯਾਹ ਨੇ ਵਿਰਲਾਪ ਦੀ ਪੋਥੀ ਵਿਚ ਲਿਖਿਆ ਸੀ: “ਏਹ ਯਹੋਵਾਹ ਦੀ ਦਯਾ ਹੈ ਕਿ ਅਸੀਂ ਮੁੱਕੇ ਨਹੀਂ, ਉਸ ਦਾ ਰਹਮ ਅਟੁੱਟ ਜੋ ਹੈ! ਓਹ ਹਰ ਸਵੇਰ ਨੂੰ ਤਾਜ਼ਾ ਹਨ, ਤੇਰੀ ਵਫ਼ਾਦਾਰੀ ਵੱਡੀ ਹੈ।” (ਵਿਰਲਾਪ 3:22, 23) ਬੀਤੇ ਸਮੇਂ ਦੌਰਾਨ, ਪਰਮੇਸ਼ੁਰ ਦੇ ਸੇਵਕਾਂ ਨੇ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਸਹੀ, ਇੱਥੋਂ ਤਕ ਕਿ ਖ਼ੁਸ਼ੀ ਭਰਿਆ ਰਵੱਈਆ ਰੱਖਣ ਦੀ ਕੋਸ਼ਿਸ਼ ਕੀਤੀ ਹੈ।—2 ਕੁਰਿੰਥੀਆਂ 7:4; 1 ਥੱਸਲੁਨੀਕੀਆਂ 1:6; ਯਾਕੂਬ 1:2.

4. ਯਿਸੂ ਨੇ ਕਿਸ ਤਰ੍ਹਾਂ ਦਾ ਰਵੱਈਆ ਕਾਇਮ ਰੱਖਿਆ ਅਤੇ ਇਸ ਨੇ ਉਸ ਦੀ ਕਿਵੇਂ ਮਦਦ ਕੀਤੀ ਸੀ?

4 ਯਿਰਮਿਯਾਹ ਤੋਂ ਛੇ ਸੌ ਸਾਲ ਬਾਅਦ ਯਿਸੂ ਆਪਣੇ ਸਹੀ ਰਵੱਈਏ ਕਰਕੇ ਸਤਾਹਟਾਂ ਸਹਿ ਸਕਿਆ। ਅਸੀਂ ਪੜ੍ਹਦੇ ਹਾਂ: “[ਯਿਸੂ] ਨੇ ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” (ਇਬਰਾਨੀਆਂ 12:2) ਯਿਸੂ ਨੇ ਸਖ਼ਤ ਵਿਰੋਧ ਦਾ ਸਾਮ੍ਹਣਾ ਕੀਤਾ ਜਾਂ ਸਤਾਹਟ ਸਹੀ, ਇੱਥੋਂ ਤਕ ਸਲੀਬ ਉੱਤੇ ਕਸ਼ਟ ਸਹਿਆ, ਪਰ ਉਸ ਨੇ ਆਪਣਾ ਮਨ “ਉਸ ਅਨੰਦ” ਉੱਤੇ ਲਾਈ ਰੱਖਿਆ “ਜੋ ਉਹ ਦੇ ਅੱਗੇ ਧਰਿਆ ਹੋਇਆ ਸੀ।” ਉਹ ਆਨੰਦ ਕੀ ਸੀ? ਉਹ ਆਨੰਦ ਸੀ ਯਹੋਵਾਹ ਦੀ ਪ੍ਰਭੂਸੱਤਾ ਨੂੰ ਸਹੀ ਸਿੱਧ ਕਰਨਾ ਅਤੇ ਉਸ ਦੇ ਨਾਂ ਨੂੰ ਪਵਿੱਤਰ ਕਰਨ ਦੇ ਨਾਲ-ਨਾਲ ਭਵਿੱਖ ਵਿਚ ਆਗਿਆਕਾਰੀ ਮਨੁੱਖਜਾਤੀ ਨੂੰ ਵੱਡੀਆਂ-ਵੱਡੀਆਂ ਬਰਕਤਾਂ ਦੇਣ ਦਾ ਵਿਸ਼ੇਸ਼ ਸਨਮਾਨ।

ਉਡੀਕ ਕਰਨ ਦਾ ਰਵੱਈਆ ਪੈਦਾ ਕਰੋ

5. ਅਸੀਂ ਕਿਹੜੀ ਇਕ ਖ਼ਾਸ ਹਾਲਤ ਵਿਚ ਉਡੀਕ ਕਰਨ ਨਾਲ ਆਪਣੇ ਭਰਾਵਾਂ ਬਾਰੇ ਸਹੀ ਨਜ਼ਰੀਆ ਰੱਖ ਸਕਦੇ ਹਾਂ?

5 ਜੇ ਅਸੀਂ ਆਪਣੇ ਵਿਚ ਮਸੀਹ ਵਰਗਾ ਰਵੱਈਆ ਪੈਦਾ ਕਰਦੇ ਹਾਂ, ਤਾਂ ਅਸੀਂ ਉਦੋਂ ਵੀ ਯਹੋਵਾਹ ਦਾ ਆਨੰਦ ਨਹੀਂ ਗੁਆਵਾਂਗੇ ਜਦੋਂ ਸਾਡੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ। ਨਬੀ ਮੀਕਾਹ ਨੇ ਕਿਹਾ: “ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।” (ਮੀਕਾਹ 7:7; ਵਿਰਲਾਪ 3:21) ਅਸੀਂ ਵੀ ਉਡੀਕ ਕਰਨ ਦਾ ਰਵੱਈਆ ਪੈਦਾ ਕਰ ਸਕਦੇ ਹਾਂ। ਕਿਵੇਂ? ਬਹੁਤ ਸਾਰੇ ਤਰੀਕਿਆਂ ਨਾਲ। ਮਿਸਾਲ ਲਈ, ਅਸੀਂ ਸ਼ਾਇਦ ਸੋਚਦੇ ਹੋਈਏ ਕਿ ਇਕ ਜ਼ਿੰਮੇਵਾਰ ਭਰਾ ਨੇ ਗ਼ਲਤ ਕੰਮ ਕੀਤਾ ਹੈ ਅਤੇ ਉਸ ਨੂੰ ਫ਼ੌਰਨ ਸੁਧਾਰੇ ਜਾਣ ਦੀ ਲੋੜ ਹੈ। ਉਡੀਕ ਕਰਨ ਦਾ ਰਵੱਈਆ ਰੱਖਣ ਨਾਲ ਅਸੀਂ ਇਨ੍ਹਾਂ ਗੱਲਾਂ ਤੇ ਵਿਚਾਰ ਕਰਾਂਗੇ: ‘ਕੀ ਉਸ ਨੇ ਸੱਚ-ਮੁੱਚ ਗ਼ਲਤ ਕੰਮ ਕੀਤਾ ਹੈ ਜਾਂ ਮੈਨੂੰ ਹੀ ਕੋਈ ਗ਼ਲਤਫ਼ਹਿਮੀ ਹੈ? ਜੇ ਉਸ ਨੇ ਗ਼ਲਤ ਕੰਮ ਕੀਤਾ ਹੈ, ਤਾਂ ਕੀ ਯਹੋਵਾਹ ਉਸ ਨੂੰ ਇਹ ਗ਼ਲਤੀ ਕਰਨ ਦੀ ਇਜਾਜ਼ਤ ਦੇ ਰਿਹਾ ਸੀ ਕਿਉਂਕਿ ਉਹ ਸੋਚਦਾ ਹੈ ਕਿ ਇਹ ਵਿਅਕਤੀ ਆਪਣੇ ਆਪ ਨੂੰ ਸੁਧਾਰੇਗਾ ਅਤੇ ਸਖ਼ਤ ਸਜ਼ਾ ਦੇਣ ਦੀ ਲੋੜ ਨਹੀਂ ਪਵੇਗੀ?’

6. ਉਡੀਕ ਕਰਨ ਦਾ ਰਵੱਈਆ ਨਿੱਜੀ ਸਮੱਸਿਆ ਨਾਲ ਲੜ ਰਹੇ ਇਕ ਵਿਅਕਤੀ ਦੀ ਕਿਵੇਂ ਮਦਦ ਕਰਦਾ ਹੈ?

6 ਸਾਨੂੰ ਉਦੋਂ ਵੀ ਉਡੀਕ ਕਰਨ ਦੀ ਲੋੜ ਪੈਂਦੀ ਹੈ ਜਦੋਂ ਸਾਨੂੰ ਕੋਈ ਨਿੱਜੀ ਸਮੱਸਿਆ ਹੁੰਦੀ ਹੈ ਜਾਂ ਅਸੀਂ ਕਿਸੇ ਕਮਜ਼ੋਰੀ ਨਾਲ ਲੜ ਰਹੇ ਹੁੰਦੇ ਹਾਂ। ਫ਼ਰਜ਼ ਕਰੋ ਕਿ ਤੁਸੀਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਹੋ, ਪਰ ਤੁਹਾਡੀ ਸਮੱਸਿਆ ਹੱਲ ਨਹੀਂ ਹੁੰਦੀ। ਤਾਂ ਤੁਸੀਂ ਕੀ ਕਰੋਗੇ? ਆਪਣੀ ਸਮੱਸਿਆ ਨੂੰ ਹੱਲ ਕਰਨ ਲਈ ਤੁਸੀਂ ਜਿੰਨਾ ਵੀ ਕਰ ਸਕਦੇ ਹਾਂ, ਉੱਨਾ ਤੁਹਾਨੂੰ ਕਰਦੇ ਰਹਿਣਾ ਚਾਹੀਦਾ ਹੈ ਤੇ ਯਿਸੂ ਦੇ ਸ਼ਬਦਾਂ ਵਿਚ ਭਰੋਸਾ ਰੱਖਣਾ ਚਾਹੀਦਾ ਹੈ: “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।” (ਲੂਕਾ 11:9) ਪ੍ਰਾਰਥਨਾ ਕਰਦੇ ਰਹੋ ਤੇ ਯਹੋਵਾਹ ਦੀ ਉਡੀਕ ਕਰੋ। ਸਹੀ ਸਮੇਂ ਤੇ ਯਹੋਵਾਹ ਆਪਣੇ ਤਰੀਕੇ ਨਾਲ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇਗਾ।—1 ਥੱਸਲੁਨੀਕੀਆਂ 5:17.

7. ਬਾਈਬਲ ਦੀ ਸਮਝ ਵਿਚ ਹੌਲੀ-ਹੌਲੀ ਹੋ ਰਹੇ ਸੁਧਾਰ ਪ੍ਰਤੀ ਸਹੀ ਨਜ਼ਰੀਆ ਰੱਖਣ ਵਿਚ ਉਡੀਕ ਕਰਨ ਦਾ ਰਵੱਈਆ ਕਿਵੇਂ ਸਾਡੀ ਮਦਦ ਕਰਦਾ ਹੈ?

7 ਜਿਉਂ-ਜਿਉਂ ਬਾਈਬਲ ਦੀਆਂ ਭਵਿੱਖਬਾਣੀਆਂ ਪੂਰੀਆਂ ਹੁੰਦੀਆਂ ਜਾ ਰਹੀਆਂ ਹਨ, ਤਿਉਂ-ਤਿਉਂ ਇਨ੍ਹਾਂ ਦੀ ਸਮਝ ਹੋਰ ਜ਼ਿਆਦਾ ਸਪੱਸ਼ਟ ਹੁੰਦੀ ਜਾ ਰਹੀ ਹੈ। ਪਰ ਕਦੀ-ਕਦੀ ਅਸੀਂ ਸ਼ਾਇਦ ਸੋਚੀਏ ਕਿ ਕਿਸੇ ਭਵਿੱਖਬਾਣੀ ਦੀ ਸਮਝ ਸਪੱਸ਼ਟ ਹੋਣ ਵਿਚ ਦੇਰੀ ਹੋ ਰਹੀ ਹੈ। ਜੇ ਇਹ ਸਾਡੇ ਸਮੇਂ ਅਨੁਸਾਰ ਸਪੱਸ਼ਟ ਨਹੀਂ ਹੁੰਦੀ, ਤਾਂ ਕੀ ਅਸੀਂ ਉਡੀਕ ਕਰਾਂਗੇ? ਯਾਦ ਰੱਖੋ ਯਹੋਵਾਹ ਨੇ “ਮਸੀਹ ਦੇ ਭੇਤ” ਨੂੰ 4,000 ਸਾਲਾਂ ਦੌਰਾਨ ਹੌਲੀ-ਹੌਲੀ ਪ੍ਰਗਟ ਕਰਨਾ ਠੀਕ ਸਮਝਿਆ। (ਅਫ਼ਸੀਆਂ 3:3-6) ਤਾਂ ਫਿਰ ਕੀ ਸਾਨੂੰ ਬੇਸਬਰੇ ਹੋਣਾ ਚਾਹੀਦਾ ਹੈ? ਕੀ ਅਸੀਂ ਇਹ ਸ਼ੱਕ ਕਰਦੇ ਹਾਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ “ਵੇਲੇ ਸਿਰ ਰਸਤ” ਦੇਣ ਲਈ ਸੱਚ-ਮੁੱਚ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਨਿਯੁਕਤ ਕੀਤਾ ਹੈ? (ਟੇਢੇ ਟਾਈਪ ਸਾਡੇ) (ਮੱਤੀ 24:45) ਸਾਰੀਆਂ ਗੱਲਾਂ ਪੂਰੀ ਤਰ੍ਹਾਂ ਸਮਝ ਨਾ ਆਉਣ ਕਰਕੇ ਅਸੀਂ ਆਪਣੇ ਆਪ ਨੂੰ ਪਰਮੇਸ਼ੁਰੀ ਆਨੰਦ ਤੋਂ ਸੱਖਣੇ ਕਿਉਂ ਕਰੀਏ? ਯਾਦ ਰੱਖੋ ਕਿ ਯਹੋਵਾਹ ਇਸ ਗੱਲ ਦਾ ਫ਼ੈਸਲਾ ਕਰਦਾ ਹੈ ਕਿ ਉਹ ‘ਆਪਣੇ ਭੇਤ’ ਕਦੋਂ ਅਤੇ ਕਿਵੇਂ ਪ੍ਰਗਟ ਕਰੇਗਾ।—ਆਮੋਸ 3:7.

8. ਯਹੋਵਾਹ ਦੇ ਧੀਰਜ ਰੱਖਣ ਨਾਲ ਬਹੁਤ ਸਾਰੇ ਲੋਕਾਂ ਨੂੰ ਕਿਵੇਂ ਫ਼ਾਇਦਾ ਹੋਇਆ ਹੈ?

8 ਕੁਝ ਲੋਕ ਇਸ ਕਰਕੇ ਨਿਰਾਸ਼ ਹੋ ਜਾਂਦੇ ਹਨ ਕਿ ਬਹੁਤ ਸਾਲਾਂ ਤਕ ਵਫ਼ਾਦਾਰੀ ਨਾਲ ਸੇਵਾ ਕਰਨ ਤੋਂ ਬਾਅਦ ਉਹ ਸ਼ਾਇਦ “ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ” ਨੂੰ ਦੇਖਣ ਲਈ ਜੀਉਂਦੇ ਨਹੀਂ ਰਹਿਣਗੇ। (ਯੋਏਲ 2:30, 31) ਪਰ ਉਹ ਇਸ ਗੱਲ ਦੇ ਚੰਗੇ ਪਹਿਲੂ ਬਾਰੇ ਸੋਚ ਕੇ ਹੌਸਲਾ ਰੱਖ ਸਕਦੇ ਹਨ। ਪਤਰਸ ਨੇ ਸਲਾਹ ਦਿੱਤੀ ਸੀ: “ਸਾਡੇ ਪ੍ਰਭੁ ਦੀ ਧੀਰਜ ਨੂੰ ਮੁਕਤੀ ਸਮਝੋ।” (2 ਪਤਰਸ 3:15) ਯਹੋਵਾਹ ਦੇ ਧੀਰਜ ਰੱਖਣ ਕਰਕੇ ਲੱਖਾਂ ਨੇਕਦਿਲ ਲੋਕਾਂ ਨੂੰ ਸੱਚਾਈ ਸਿੱਖਣ ਦਾ ਮੌਕਾ ਮਿਲਿਆ ਹੈ। ਕੀ ਇਹ ਖ਼ੁਸ਼ੀ ਦੀ ਗੱਲ ਨਹੀਂ ਹੈ? ਇਸ ਤੋਂ ਇਲਾਵਾ ਯਹੋਵਾਹ ਜਿੰਨੇ ਜ਼ਿਆਦਾ ਸਮੇਂ ਤਕ ਧੀਰਜ ਰੱਖੇਗਾ, ਸਾਡੇ ਕੋਲ ‘ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਨਿਬਾਉਣ’ ਦਾ ਉੱਨਾ ਹੀ ਜ਼ਿਆਦਾ ਸਮਾਂ ਹੋਵੇਗਾ।—ਫ਼ਿਲਿੱਪੀਆਂ 2:12; 2 ਪਤਰਸ 3:11, 12.

9. ਜੇ ਅਸੀਂ ਯਹੋਵਾਹ ਦੀ ਸੇਵਾ ਜ਼ਿਆਦਾ ਨਹੀਂ ਕਰ ਪਾਉਂਦੇ ਹਾਂ, ਤਾਂ ਉਡੀਕ ਕਰਨ ਦਾ ਰਵੱਈਆ ਇਸ ਹਾਲਤ ਦਾ ਸਾਮ੍ਹਣਾ ਕਰਨ ਵਿਚ ਕਿਵੇਂ ਸਾਡੀ ਮਦਦ ਕਰੇਗਾ?

9 ਜਦੋਂ ਵਿਰੋਧ, ਬੀਮਾਰੀ, ਬੁਢਾਪੇ ਜਾਂ ਦੂਸਰੀਆਂ ਸਮੱਸਿਆਵਾਂ ਸਾਡੀ ਰਾਜ ਸੇਵਕਾਈ ਵਿਚ ਰੁਕਾਵਟ ਬਣਦੀਆਂ ਹਨ, ਤਾਂ ਉਡੀਕ ਕਰਨ ਦਾ ਰਵੱਈਆ ਅਪਣਾ ਕੇ ਅਸੀਂ ਨਿਰਾਸ਼ ਹੋਣ ਤੋਂ ਬਚ ਸਕਦੇ ਹਾਂ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਪੂਰੇ ਦਿਲ ਨਾਲ ਉਸ ਦੀ ਸੇਵਾ ਕਰੀਏ। (ਰੋਮੀਆਂ 12:1) ਪਰ, ਪਰਮੇਸ਼ੁਰ ਦਾ ਪੁੱਤਰ ਜੋ ‘ਗਰੀਬ ਅਤੇ ਕੰਗਾਲ ਉੱਤੇ ਤਰਸ ਖਾਂਦਾ ਹੈ,’ ਸਾਡੇ ਕੋਲੋਂ ਹੱਦੋਂ ਜ਼ਿਆਦਾ ਮੰਗ ਨਹੀਂ ਕਰਦਾ। ਯਹੋਵਾਹ ਵੀ ਸਾਡੇ ਕੋਲੋਂ ਇਸ ਤਰ੍ਹਾਂ ਮੰਗ ਨਹੀਂ ਕਰਦਾ। (ਜ਼ਬੂਰ 72:13) ਇਸ ਲਈ ਸਾਨੂੰ ਇਹੀ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਅਸੀਂ ਜਿੰਨਾ ਕਰ ਸਕਦੇ ਹਾਂ, ਉੱਨਾ ਕਰੀਏ ਅਤੇ ਇਸ ਦੁਨੀਆਂ ਵਿਚ ਜਾਂ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਾਲਾਤਾਂ ਦੇ ਬਦਲਣ ਦੀ ਧੀਰਜ ਨਾਲ ਉਡੀਕ ਕਰੀਏ। ਯਾਦ ਰੱਖੋ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.

10. ਜਿਹੜਾ ਮਸੀਹੀ ਉਡੀਕ ਕਰਨ ਦਾ ਰਵੱਈਆ ਰੱਖਦਾ ਹੈ, ਉਹ ਕਿਹੜੇ ਔਗੁਣ ਤੋਂ ਬਚ ਸਕਦਾ ਹੈ? ਸਮਝਾਓ।

10 ਉਡੀਕ ਕਰਨ ਦਾ ਰਵੱਈਆ ਗੁਸਤਾਖ਼ੀਆਂ ਨਾ ਕਰਨ ਵਿਚ ਵੀ ਸਾਡੀ ਮਦਦ ਕਰੇਗਾ। ਜਿਨ੍ਹਾਂ ਲੋਕਾਂ ਨੇ ਯਹੋਵਾਹ ਦੀ ਸੇਵਾ ਕਰਨੀ ਛੱਡ ਦਿੱਤੀ ਹੈ, ਉਹ ਉਡੀਕ ਕਰਨ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ ਸ਼ਾਇਦ ਸੋਚਿਆ ਹੋਣਾ ਕਿ ਬਾਈਬਲ ਦੀ ਸਮਝ ਵਿਚ ਜਾਂ ਸੰਸਥਾ ਦੇ ਪ੍ਰਬੰਧਾਂ ਵਿਚ ਸੁਧਾਰ ਕਰਨ ਦੀ ਲੋੜ ਸੀ। ਪਰ ਉਨ੍ਹਾਂ ਨੇ ਇਹ ਕਬੂਲ ਨਹੀਂ ਕੀਤਾ ਕਿ ਯਹੋਵਾਹ ਦੀ ਪਵਿੱਤਰ ਆਤਮਾ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਪਰਮੇਸ਼ੁਰ ਦੇ ਨਿਯਤ ਸਮੇਂ ਤੇ ਸੁਧਾਰ ਕਰਨ ਲਈ ਪ੍ਰੇਰਿਤ ਕਰਦੀ ਹੈ, ਨਾ ਕਿ ਉਦੋਂ ਜਦੋਂ ਅਸੀਂ ਚਾਹੁੰਦੇ ਹਾਂ। ਅਤੇ ਜਦੋਂ ਵੀ ਕੋਈ ਸੁਧਾਰ ਕੀਤਾ ਜਾਂਦਾ ਹੈ, ਤਾਂ ਇਹ ਪਰਮੇਸ਼ੁਰ ਦੀ ਇੱਛਾ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਸਾਡੇ ਵਿਚਾਰਾਂ ਅਨੁਸਾਰ। ਧਰਮ-ਤਿਆਗੀਆਂ ਨੇ ਗੁਸਤਾਖ਼ ਰਵੱਈਏ ਨਾਲ ਆਪਣੀ ਸੋਚਣੀ ਨੂੰ ਖ਼ਰਾਬ ਕਰ ਲਿਆ ਅਤੇ ਉਹ ਭਟਕ ਗਏ। ਪਰ ਜੇ ਉਨ੍ਹਾਂ ਨੇ ਮਸੀਹ ਵਰਗਾ ਰਵੱਈਆ ਆਪਣੇ ਵਿਚ ਪੈਦਾ ਕੀਤਾ ਹੁੰਦਾ, ਤਾਂ ਉਹ ਆਪਣੇ ਆਨੰਦ ਨੂੰ ਨਾ ਗੁਆਉਂਦੇ ਅਤੇ ਯਹੋਵਾਹ ਦੇ ਲੋਕਾਂ ਵਿਚ ਹੀ ਰਹਿੰਦੇ।—ਫ਼ਿਲਿੱਪੀਆਂ 2:5-8.

11. ਅਸੀਂ ਉਡੀਕ ਕਰਨ ਦੇ ਸਮੇਂ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹਾਂ ਤੇ ਸਾਨੂੰ ਕਿਨ੍ਹਾਂ ਦੀਆਂ ਉਦਾਹਰਣਾਂ ਉੱਤੇ ਚੱਲਣਾ ਚਾਹੀਦਾ ਹੈ?

11 ਪਰ ਉਡੀਕ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਸੁਸਤ ਹੋ ਜਾਈਏ ਜਾਂ ਕੁਝ ਵੀ ਨਾ ਕਰੀਏ। ਸਾਡੇ ਕੋਲ ਬਹੁਤ ਸਾਰੇ ਕੰਮ ਹਨ। ਉਦਾਹਰਣ ਲਈ, ਸਾਨੂੰ ਨਿੱਜੀ ਬਾਈਬਲ ਅਧਿਐਨ ਕਰਨ ਵਿਚ ਰੁੱਝੇ ਰਹਿਣਾ ਚਾਹੀਦਾ ਹੈ ਅਤੇ ਅਧਿਆਤਮਿਕ ਗੱਲਾਂ ਵਿਚ ਉਸੇ ਤਰ੍ਹਾਂ ਡੂੰਘੀ ਦਿਲਚਸਪੀ ਦਿਖਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਵਫ਼ਾਦਾਰ ਨਬੀਆਂ ਅਤੇ ਦੂਤਾਂ ਨੇ ਦਿਖਾਈ ਸੀ। ਅਜਿਹੀ ਦਿਲਚਸਪੀ ਬਾਰੇ ਪਤਰਸ ਕਹਿੰਦਾ ਹੈ: “ਇਸੇ ਮੁਕਤੀ ਦੇ ਵਿਖੇ ਉਨ੍ਹਾਂ ਨਬੀਆਂ ਨੇ ਵੱਡੀ ਭਾਲ ਅਤੇ ਖੋਜ ਵਿਚਾਰ ਕੀਤੀ . . . ਅਤੇ ਦੂਤ ਵੱਡੀ ਚਾਹ ਨਾਲ ਇਨ੍ਹਾਂ ਗੱਲਾਂ ਨੂੰ ਮਲੂਮ ਕਰਨਾ ਚਾਹੁੰਦੇ ਹਨ।” (1 ਪਤਰਸ 1:10-12) ਸਿਰਫ਼ ਨਿੱਜੀ ਤੌਰ ਤੇ ਅਧਿਐਨ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਸਭਾਵਾਂ ਵਿਚ ਲਗਾਤਾਰ ਹਾਜ਼ਰ ਹੋਣਾ ਅਤੇ ਪ੍ਰਾਰਥਨਾ ਕਰਨੀ ਵੀ ਜ਼ਰੂਰੀ ਹੈ। (ਯਾਕੂਬ 4:8) ਜਿਹੜੇ ਮਸੀਹੀ ਲਗਾਤਾਰ ਅਧਿਆਤਮਿਕ ਭੋਜਨ ਖਾ ਕੇ ਅਤੇ ਦੂਜੇ ਮਸੀਹੀਆਂ ਨਾਲ ਸੰਗਤੀ ਕਰ ਕੇ ਆਪਣੀਆਂ ਅਧਿਆਤਮਿਕ ਲੋੜਾਂ ਨੂੰ ਪਛਾਣਦੇ ਹਨ, ਉਹ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਉਨ੍ਹਾਂ ਨੇ ਮਸੀਹ ਵਰਗਾ ਰਵੱਈਆ ਆਪਣੇ ਵਿਚ ਪੈਦਾ ਕੀਤਾ ਹੈ।—ਮੱਤੀ 5:3.

ਸਹੀ ਨਜ਼ਰੀਆ ਰੱਖੋ

12. (ੳ) ਆਦਮ ਅਤੇ ਹੱਵਾਹ ਕਿਹੜੀ ਆਜ਼ਾਦੀ ਚਾਹੁੰਦੇ ਸਨ? (ਅ) ਆਦਮ ਤੇ ਹੱਵਾਹ ਦੇ ਰਾਹ ਉੱਤੇ ਚੱਲ ਕੇ ਇਨਸਾਨ ਅੱਜ ਕੀ ਨਤੀਜੇ ਭੁਗਤ ਰਿਹਾ ਹੈ?

12 ਜਦੋਂ ਪਰਮੇਸ਼ੁਰ ਨੇ ਪਹਿਲੇ ਮਨੁੱਖੀ ਜੋੜੇ ਨੂੰ ਬਣਾਇਆ ਸੀ, ਉਸ ਵੇਲੇ ਉਸ ਨੇ ਸਹੀ-ਗ਼ਲਤ ਦਾ ਫ਼ੈਸਲਾ ਕਰਨ ਦਾ ਅਧਿਕਾਰ ਆਪਣੇ ਕੋਲ ਰੱਖਿਆ ਸੀ। (ਉਤਪਤ 2:16, 17) ਆਦਮ ਤੇ ਹੱਵਾਹ ਪਰਮੇਸ਼ੁਰ ਦੀ ਅਗਵਾਈ ਵਿਚ ਨਹੀਂ ਚੱਲਣਾ ਚਾਹੁੰਦੇ ਸਨ ਜਿਸ ਦਾ ਨਤੀਜਾ ਅੱਜ ਅਸੀਂ ਦੁਨੀਆਂ ਵਿਚ ਲੋਕਾਂ ਨੂੰ ਭੁਗਤਦੇ ਹੋਏ ਦੇਖਦੇ ਹਾਂ। ਪੌਲੁਸ ਰਸੂਲ ਨੇ ਕਿਹਾ ਸੀ: “ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।” (ਰੋਮੀਆਂ 5:12) ਆਦਮ ਦੇ ਸਮੇਂ ਤੋਂ ਮਨੁੱਖੀ ਇਤਿਹਾਸ ਦੇ 6,000 ਸਾਲਾਂ ਦੌਰਾਨ ਯਿਰਮਿਯਾਹ ਦੇ ਇਹ ਸ਼ਬਦ ਸੱਚੇ ਸਿੱਧ ਹੋਏ ਹਨ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਯਿਰਮਿਯਾਹ ਦੇ ਸ਼ਬਦਾਂ ਨੂੰ ਸੱਚ ਮੰਨ ਲੈਣ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹਾਰ ਮੰਨ ਲਈ ਹੈ। ਇਹ ਸ਼ਬਦ ਅਸਲੀਅਤ ਦੱਸਦੇ ਹਨ ਤੇ ਇਨ੍ਹਾਂ ਨੂੰ ਸੱਚ ਮੰਨਣਾ ਸਮਝਦਾਰੀ ਦੀ ਗੱਲ ਹੈ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਦੀਆਂ ਦੌਰਾਨ ‘ਇੱਕ ਜਣੇ ਨੇ ਦੂਜੇ ਉੱਤੇ ਆਗਿਆ ਤੋਰ ਕੇ ਉਸ ਦਾ ਨੁਕਸਾਨ’ ਹੀ ਕੀਤਾ ਹੈ ਕਿਉਂਕਿ ਇਨਸਾਨਾਂ ਨੇ ਪਰਮੇਸ਼ੁਰ ਤੋਂ ਆਜ਼ਾਦ ਰਹਿ ਕੇ ਸ਼ਾਸਨ ਕੀਤਾ ਹੈ।—ਉਪਦੇਸ਼ਕ 8:9.

13. ਇਨਸਾਨ ਜੋ ਕੰਮ ਕਰ ਸਕਦਾ ਹੈ, ਉਨ੍ਹਾਂ ਪ੍ਰਤੀ ਯਹੋਵਾਹ ਦੇ ਗਵਾਹਾਂ ਦਾ ਸਹੀ ਰਵੱਈਆ ਕੀ ਹੈ?

13 ਇਨਸਾਨਜਾਤੀ ਦੀ ਹਾਲਤ ਨੂੰ ਦੇਖਦੇ ਹੋਏ ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਇਸ ਮੌਜੂਦਾ ਰੀਤੀ-ਵਿਵਸਥਾ ਵਿਚ ਉਹ ਸਭ ਕੁਝ ਹਾਸਲ ਨਹੀਂ ਕਰ ਸਕਦੇ। ਆਪਣੀ ਖ਼ੁਸ਼ੀ ਨੂੰ ਬਰਕਰਾਰ ਰੱਖਣ ਵਿਚ ਸਹੀ ਰਵੱਈਆ ਸਾਡੀ ਮਦਦ ਕਰੇਗਾ। ਪਰ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ। ਸੰਨ 1950 ਦੇ ਦਹਾਕੇ ਦੇ ਸ਼ੁਰੂ ਵਿਚ ਅਮਰੀਕਾ ਦੇ ਇਕ ਪਾਦਰੀ ਨੇ ਅੰਗ੍ਰੇਜ਼ੀ ਵਿਚ ਇਕ ਕਿਤਾਬ ਲਿਖੀ ਜਿਸ ਦਾ ਨਾਂ ਸੀ ਸਹੀ ਰਵੱਈਏ ਦੀ ਤਾਕਤ। ਇਹ ਕਿਤਾਬ ਬਹੁਤ ਵਿਕੀ ਸੀ। ਇਸ ਕਿਤਾਬ ਵਿਚ ਸਲਾਹ ਦਿੱਤੀ ਗਈ ਸੀ ਕਿ ਜੇ ਅਸੀਂ ਉਨ੍ਹਾਂ ਨੂੰ ਸਹੀ ਰਵੱਈਏ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਜ਼ਿਆਦਾਤਰ ਸਮੱਸਿਆਵਾਂ ਹੱਲ ਕੀਤੀਆਂ ਜਾ ਸਕਦੀਆਂ ਹਨ। ਸਹੀ ਰਵੱਈਆ ਰੱਖਣ ਨਾਲ ਸੱਚ-ਮੁੱਚ ਫ਼ਾਇਦਾ ਹੁੰਦਾ ਹੈ। ਪਰ ਇਨਸਾਨੀ ਤਜਰਬੇ ਤੋਂ ਪਤਾ ਚੱਲਦਾ ਹੈ ਕਿ ਗਿਆਨ, ਹੁਨਰ, ਭੌਤਿਕ ਸਾਧਨ ਅਤੇ ਦੂਸਰੀਆਂ ਕਈ ਚੀਜ਼ਾਂ ਕਰਕੇ ਅਸੀਂ ਬਹੁਤ ਸਾਰੇ ਕੰਮ ਨਹੀਂ ਕਰ ਪਾਉਂਦੇ ਜੋ ਅਸੀਂ ਨਿੱਜੀ ਤੌਰ ਤੇ ਕਰ ਸਕਦੇ ਹਾਂ। ਅਤੇ ਪੂਰੀ ਦੁਨੀਆਂ ਵਿਚ ਸਮੱਸਿਆਵਾਂ ਇੰਨੀਆਂ ਜ਼ਿਆਦਾ ਹਨ ਕਿ ਇਨਸਾਨ ਉਨ੍ਹਾਂ ਨੂੰ ਹੱਲ ਕਰ ਹੀ ਨਹੀਂ ਸਕਦਾ, ਚਾਹੇ ਉਹ ਇਨ੍ਹਾਂ ਪ੍ਰਤੀ ਸਹੀ ਰਵੱਈਆ ਕਿਉਂ ਨਾ ਰੱਖੇ।

14. ਕੀ ਯਹੋਵਾਹ ਦੇ ਗਵਾਹਾਂ ਦਾ ਰਵੱਈਆ ਗ਼ਲਤ ਹੈ? ਸਮਝਾਓ।

14 ਯਹੋਵਾਹ ਦੇ ਗਵਾਹ ਦੁਨੀਆਂ ਦੀ ਹਾਲਤ ਬਾਰੇ ਸਹੀ ਨਜ਼ਰੀਆ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਉੱਤੇ ਦੋਸ਼ ਲਗਾਇਆ ਜਾਂਦਾ ਹੈ ਕਿ ਉਨ੍ਹਾਂ ਦਾ ਰਵੱਈਆ ਗ਼ਲਤ ਹੈ। ਪਰ ਉਹ ਤਾਂ ਲੋਕਾਂ ਨੂੰ ਖ਼ੁਸ਼ੀ-ਖ਼ੁਸ਼ੀ ਉਸ ਪਰਮੇਸ਼ੁਰ ਬਾਰੇ ਦੱਸਦੇ ਹਨ ਜਿਹੜਾ ਇਨਸਾਨ ਦੀ ਹਾਲਤ ਨੂੰ ਹਮੇਸ਼ਾ ਲਈ ਸੁਧਾਰ ਸਕਦਾ ਹੈ। ਇਸ ਮਾਮਲੇ ਵਿਚ ਵੀ ਉਹ ਮਸੀਹ ਦੇ ਰਵੱਈਏ ਦੀ ਨਕਲ ਕਰਦੇ ਹਨ। (ਰੋਮੀਆਂ 15:2) ਅਤੇ ਉਹ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਕਾਇਮ ਕਰਨ ਵਿਚ ਲੋਕਾਂ ਦੀ ਮਦਦ ਕਰਨ ਵਿਚ ਰੁੱਝੇ ਹੋਏ ਹਨ। ਉਹ ਜਾਣਦੇ ਹਨ ਕਿ ਅਖ਼ੀਰ ਹੋਰ ਕੰਮਾਂ ਨਾਲੋਂ ਇਸ ਕੰਮ ਦਾ ਸਭ ਤੋਂ ਚੰਗਾ ਨਤੀਜਾ ਨਿਕਲੇਗਾ।—ਮੱਤੀ 28:19, 20; 1 ਤਿਮੋਥਿਉਸ 4:16.

15. ਯਹੋਵਾਹ ਦੇ ਗਵਾਹਾਂ ਦਾ ਕੰਮ ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰਦਾ ਹੈ?

15 ਯਹੋਵਾਹ ਦੇ ਗਵਾਹ ਸਮਾਜ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹਨ, ਖ਼ਾਸ ਕਰਕੇ ਪਰਮੇਸ਼ੁਰ ਦੀ ਇੱਛਾ ਦੇ ਖ਼ਿਲਾਫ਼ ਕੀਤੇ ਜਾਣ ਵਾਲੇ ਗੰਦੇ ਕੰਮ। ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਇਕ ਇਨਸਾਨ ਆਪਣੀ ਜ਼ਿੰਦਗੀ ਨੂੰ ਬਦਲਦਾ ਹੈ ਤੇ ਉਨ੍ਹਾਂ ਬੁਰੀਆਂ ਆਦਤਾਂ ਉੱਤੇ ਜਿੱਤ ਪਾਉਂਦਾ ਹੈ ਜਿਨ੍ਹਾਂ ਨਾਲ ਪਰਮੇਸ਼ੁਰ ਨਫ਼ਰਤ ਕਰਦਾ ਹੈ। (1 ਕੁਰਿੰਥੀਆਂ 6:9-11) ਇਸ ਤਰ੍ਹਾਂ ਯਹੋਵਾਹ ਦੇ ਗਵਾਹਾਂ ਨੇ ਕਈ ਲੋਕਾਂ ਦੀ ਨਸ਼ੇਬਾਜ਼ੀ, ਨਸ਼ੀਲੀਆਂ ਦਵਾਈਆਂ ਲੈਣ, ਬਦਚਲਣੀ ਅਤੇ ਜੂਆ ਖੇਡਣ ਦੀ ਲਤ ਤੋਂ ਛੁਟਕਾਰਾ ਪਾਉਣ ਵਿਚ ਮਦਦ ਕੀਤੀ ਹੈ। ਅਜਿਹੇ ਸੁਧਰੇ ਹੋਏ ਲੋਕਾਂ ਨੇ ਈਮਾਨਦਾਰੀ ਨਾਲ ਆਪਣੇ ਪਰਿਵਾਰਾਂ ਦਾ ਢਿੱਡ ਭਰਨਾ ਸਿੱਖਿਆ ਹੈ। (1 ਤਿਮੋਥਿਉਸ 5:8) ਜਦੋਂ ਲੋਕਾਂ ਦੀ ਨਿੱਜੀ ਤੌਰ ਤੇ ਜਾਂ ਪੂਰੇ ਪਰਿਵਾਰ ਦੀ ਇਸ ਤਰ੍ਹਾਂ ਮਦਦ ਕੀਤੀ ਜਾਂਦੀ ਹੈ, ਤਾਂ ਸਮਾਜ ਵਿਚ ਸਮੱਸਿਆਵਾਂ ਘੱਟਦੀਆਂ ਹਨ। ਸਮਾਜ ਵਿਚ ਘੱਟ ਲੋਕ ਨਸ਼ੀਲੀਆਂ ਦਵਾਈਆਂ ਲੈਣਗੇ, ਘਰੇਲੂ ਹਿੰਸਾ ਘਟੇਗੀ ਅਤੇ ਇਸ ਤਰ੍ਹਾਂ ਦੀਆਂ ਹੋਰ ਕਈ ਸਮੱਸਿਆਵਾਂ ਹੱਲ ਹੋਣਗੀਆਂ। ਯਹੋਵਾਹ ਦੇ ਗਵਾਹ ਆਪ ਚੰਗੇ ਨਾਗਰਿਕ ਬਣਨ ਦੁਆਰਾ ਅਤੇ ਦੂਸਰਿਆਂ ਦੀ ਆਪਣੀਆਂ ਜ਼ਿੰਦਗੀਆਂ ਨੂੰ ਸੁਧਾਰਨ ਵਿਚ ਮਦਦ ਕਰਨ ਦੁਆਰਾ ਉਹ ਉਨ੍ਹਾਂ ਸੰਸਥਾਵਾਂ ਦਾ ਭਾਰ ਘਟਾਉਂਦੇ ਹਨ ਜਿਨ੍ਹਾਂ ਦਾ ਕੰਮ ਸਮਾਜਕ ਸਮੱਸਿਆਵਾਂ ਨਾਲ ਨਜਿੱਠਣਾ ਹੈ।

16. ਯਹੋਵਾਹ ਦੇ ਗਵਾਹ ਸਮਾਜ ਸੁਧਾਰ ਮੁਹਿੰਮਾਂ ਵਿਚ ਹਿੱਸਾ ਕਿਉਂ ਨਹੀਂ ਲੈਂਦੇ?

16 ਤਾਂ ਕੀ ਯਹੋਵਾਹ ਦੇ ਗਵਾਹਾਂ ਨੇ ਦੁਨੀਆਂ ਦੇ ਨੈਤਿਕ ਮਾਹੌਲ ਨੂੰ ਬਦਲ ਦਿੱਤਾ ਹੈ? ਪਿਛਲੇ ਦਹਾਕੇ ਵਿਚ ਸਰਗਰਮ ਗਵਾਹਾਂ ਦੀ ਗਿਣਤੀ ਲਗਭਗ 38,00,000 ਤੋਂ ਵੱਧ ਕੇ ਤਕਰੀਬਨ 60,00,000 ਹੋ ਗਈ। ਇਸ ਦਾ ਮਤਲਬ ਹੈ ਕਿ ਦਸਾਂ ਕੁ ਸਾਲਾਂ ਵਿਚ ਲਗਭਗ 22,00,000 ਲੋਕ ਗਵਾਹ ਬਣੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਮਸੀਹੀ ਬਣਨ ਵੇਲੇ ਅਨੈਤਿਕ ਕੰਮਾਂ ਨੂੰ ਛੱਡਿਆ ਸੀ। ਇਸ ਤਰ੍ਹਾਂ ਬਹੁਤ ਸਾਰੀਆਂ ਜ਼ਿੰਦਗੀਆਂ ਵਿਚ ਸੁਧਾਰ ਹੋਇਆ! ਫਿਰ ਵੀ ਜੇ ਅਸੀਂ ਉਸ ਸਮੇਂ ਦੌਰਾਨ ਦੁਨੀਆਂ ਦੀ ਆਬਾਦੀ ਵਿਚ ਹੋਏ ਵਾਧੇ, 87,50,00,000 ਨਾਲ ਗਵਾਹਾਂ ਦੀ ਗਿਣਤੀ ਦੀ ਤੁਲਨਾ ਕਰੀਏ, ਤਾਂ ਇਹ ਗਿਣਤੀ ਕੁਝ ਵੀ ਨਹੀਂ ਹੈ! ਯਹੋਵਾਹ ਦੇ ਗਵਾਹ ਨੇਕਦਿਲ ਇਨਸਾਨਾਂ ਦੀ ਮਦਦ ਕਰ ਕੇ ਖ਼ੁਸ਼ ਹੁੰਦੇ ਹਨ, ਭਾਵੇਂ ਕਿ ਉਹ ਜਾਣਦੇ ਹਨ ਕਿ ਬਹੁਤ ਥੋੜ੍ਹੇ ਲੋਕ ਜ਼ਿੰਦਗੀ ਦੇ ਰਾਹ ਉੱਤੇ ਚੱਲਣਗੇ। (ਮੱਤੀ 7:13, 14) ਗਵਾਹ ਉਸ ਸਮੇਂ ਦੀ ਉਡੀਕ ਕਰਦੇ ਹਨ ਜਦੋਂ ਸਿਰਫ਼ ਪਰਮੇਸ਼ੁਰ ਹੀ ਦੁਨੀਆਂ ਦੀ ਹਾਲਤ ਨੂੰ ਸੁਧਾਰੇਗਾ। ਇਸੇ ਲਈ ਉਹ ਸਮਾਜ ਸੁਧਾਰ ਮੁਹਿੰਮਾਂ ਵਿਚ ਹਿੱਸਾ ਨਹੀਂ ਲੈਂਦੇ ਜੋ ਕਿ ਚੰਗੇ ਮਨੋਰਥ ਨਾਲ ਸ਼ੁਰੂ ਹੁੰਦੀਆਂ ਹਨ, ਪਰ ਨਿਰਾਸ਼ਾ ਨਾਲ ਠੱਪ ਹੋ ਜਾਂਦੀਆਂ ਹਨ ਜਾਂ ਕਈ ਵਾਰੀ ਇਨ੍ਹਾਂ ਵਿਚ ਹਿੰਸਾ ਵੀ ਹੁੰਦੀ ਹੈ।—2 ਪਤਰਸ 3:13.

17. ਯਿਸੂ ਨੇ ਲੋਕਾਂ ਦੀ ਕਿਵੇਂ ਮਦਦ ਕੀਤੀ ਸੀ, ਪਰ ਉਸ ਨੇ ਕੀ ਨਹੀਂ ਕੀਤਾ?

17 ਇਸ ਤਰ੍ਹਾਂ ਕਰਨ ਦੁਆਰਾ ਯਹੋਵਾਹ ਦੇ ਗਵਾਹ ਯਹੋਵਾਹ ਵਿਚ ਪੂਰਾ ਭਰੋਸਾ ਦਿਖਾਉਂਦੇ ਹਨ ਜਿਵੇਂ ਯਿਸੂ ਨੇ ਧਰਤੀ ਉੱਤੇ ਰਹਿੰਦੇ ਹੋਏ ਦਿਖਾਇਆ ਸੀ। ਪਹਿਲੀ ਸਦੀ ਵਿਚ ਯਿਸੂ ਨੇ ਚਮਤਕਾਰ ਕਰ ਕੇ ਲੋਕਾਂ ਨੂੰ ਬੀਮਾਰੀਆਂ ਤੋਂ ਚੰਗਾ ਕੀਤਾ ਸੀ। (ਲੂਕਾ 6:17-19) ਉਸ ਨੇ ਮੁਰਦਿਆਂ ਨੂੰ ਵੀ ਜੀਉਂਦੇ ਕੀਤਾ ਸੀ। (ਲੂਕਾ 7:11-15; 8:49-56) ਪਰ ਉਸ ਨੇ ਬੀਮਾਰੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਸੀ ਜਾਂ ਮੌਤ ਉੱਤੇ ਜਿੱਤ ਪ੍ਰਾਪਤ ਨਹੀਂ ਕੀਤੀ ਸੀ। ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਇਹ ਕੰਮ ਕਰਨ ਲਈ ਸਮਾਂ ਨਿਯਤ ਕੀਤਾ ਹੈ। ਮੁਕੰਮਲ ਇਨਸਾਨ ਦੇ ਗੁਣ ਹੋਣ ਕਰਕੇ ਯਿਸੂ ਰਾਜਨੀਤਿਕ ਅਤੇ ਸਮਾਜਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਹੁਤ ਕੁਝ ਕਰ ਸਕਦਾ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਉਸ ਸਮੇਂ ਕੁਝ ਲੋਕ ਚਾਹੁੰਦੇ ਸਨ ਕਿ ਯਿਸੂ ਰਾਜਾ ਬਣੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰੇ, ਪਰ ਉਸ ਨੇ ਰਾਜਾ ਬਣਨ ਤੋਂ ਇਨਕਾਰ ਕਰ ਦਿੱਤਾ। ਅਸੀਂ ਪੜ੍ਹਦੇ ਹਾਂ: ‘ਉਪਰੰਤ ਉਨ੍ਹਾਂ ਲੋਕਾਂ ਨੇ ਇਹ ਨਿਸ਼ਾਨ ਜਿਹੜਾ ਉਸ ਨੇ ਵਿਖਾਇਆ ਸੀ ਵੇਖ ਕੇ ਕਿਹਾ ਕਿ ਸੱਚੀ ਮੁੱਚੀ ਇਹ ਉਹੋ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ! ਸੋ ਜਾਂ ਯਿਸੂ ਨੂੰ ਮਲੂਮ ਹੋਇਆ ਜੋ ਉਹ ਮੈਨੂੰ ਬਦੋ ਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ ਤਾਂ ਆਪ ਇਕੱਲਾ ਫੇਰ ਪਹਾੜ ਨੂੰ ਚੱਲਿਆ ਗਿਆ।’—ਯੂਹੰਨਾ 6:14, 15.

18. (ੳ) ਯਿਸੂ ਨੇ ਹਮੇਸ਼ਾ ਕਿਵੇਂ ਉਡੀਕ ਕੀਤੀ? (ਅ) 1914 ਤੋਂ ਯਿਸੂ ਦਾ ਕੰਮ ਕਿਵੇਂ ਬਦਲ ਗਿਆ ਹੈ?

18 ਯਿਸੂ ਨੇ ਰਾਜਨੀਤੀ ਵਿਚ ਹਿੱਸਾ ਲੈਣ ਜਾਂ ਸਮਾਜ ਸੁਧਾਰ ਕੰਮਾਂ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਰਾਜਾ ਬਣਨ ਅਤੇ ਹਰ ਜਗ੍ਹਾ ਸਾਰਿਆਂ ਨੂੰ ਚੰਗਾ ਕਰਨ ਦਾ ਅਜੇ ਸਮਾਂ ਨਹੀਂ ਆਇਆ ਸੀ। ਅਮਰ ਆਤਮਿਕ ਪ੍ਰਾਣੀ ਦੇ ਰੂਪ ਵਿਚ ਸਵਰਗ ਨੂੰ ਜਾਣ ਤੋਂ ਬਾਅਦ ਵੀ ਉਹ ਇਹ ਕੰਮ ਕਰਨ ਤੋਂ ਪਹਿਲਾਂ ਯਹੋਵਾਹ ਦੁਆਰਾ ਨਿਯਤ ਕੀਤੇ ਸਮੇਂ ਤਕ ਉਡੀਕ ਕਰਨ ਲਈ ਤਿਆਰ ਸੀ। (ਜ਼ਬੂਰ 110:1; ਰਸੂਲਾਂ ਦੇ ਕਰਤੱਬ 2:34, 35) ਪਰ 1914 ਵਿਚ ਪਰਮੇਸ਼ੁਰ ਦੇ ਰਾਜ ਦੇ ਰਾਜੇ ਵਜੋਂ ਸਿੰਘਾਸਣ ਉੱਤੇ ਬੈਠਣ ਤੋਂ ਬਾਅਦ ਉਹ “ਫਤਹ ਕਰਨ ਨੂੰ” ਨਿਕਲਿਆ ਹੈ। (ਪਰਕਾਸ਼ ਦੀ ਪੋਥੀ 6:2; 12:10) ਅਸੀਂ ਉਸ ਦੇ ਰਾਜ ਦੇ ਅਧੀਨ ਹੋ ਕੇ ਕਿੰਨੇ ਖ਼ੁਸ਼ ਹਾਂ ਜਦ ਕਿ ਮਸੀਹੀ ਹੋਣ ਦਾ ਦਾਅਵਾ ਕਰਨ ਵਾਲੇ ਦੂਜੇ ਲੋਕ ਉਸ ਦੇ ਰਾਜ ਸੰਬੰਧੀ ਬਾਈਬਲ ਵਿਚ ਦਿੱਤੀਆਂ ਸਿੱਖਿਆਵਾਂ ਤੋਂ ਅਣਜਾਣ ਰਹਿਣਾ ਚਾਹੁੰਦੇ ਹਨ!

ਉਡੀਕ ਕਰਨੀ—ਬੇਚੈਨ ਹੋਣ ਜਾਂ ਖ਼ੁਸ਼ ਹੋਣ ਦਾ ਕਾਰਨ?

19. ਕਦੋਂ ਉਡੀਕ ਕਰਨ ਨਾਲ ‘ਦਿਲ ਬੀਮਾਰ’ ਹੁੰਦਾ ਹੈ ਤੇ ਕਦੋਂ ਇਹ ਖ਼ੁਸ਼ੀ ਮਨਾਉਣ ਦਾ ਕਾਰਨ ਹੁੰਦਾ ਹੈ?

19 ਸੁਲੇਮਾਨ ਜਾਣਦਾ ਸੀ ਕਿ ਉਡੀਕ ਕਰਨ ਨਾਲ ਬੇਚੈਨੀ ਹੁੰਦੀ ਹੈ। ਉਸ ਨੇ ਲਿਖਿਆ: “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ।” (ਕਹਾਉਤਾਂ 13:12) ਇਹ ਗੱਲ ਸੱਚ ਹੈ ਕਿ ਜੇ ਇਕ ਵਿਅਕਤੀ ਬੇਬੁਨਿਆਦ ਆਸਾਂ ਲਾਈ ਬੈਠਾ ਹੈ, ਤਾਂ ਨਿਰਾਸ਼ਾ ਹੋਣ ਕਰਕੇ ਉਸ ਦਾ ਦਿਲ ਦੁਖੀ ਹੁੰਦਾ ਹੈ। ਪਰ ਖ਼ੁਸ਼ੀ ਭਰੇ ਮੌਕਿਆਂ ਜਿਵੇਂ ਕਿਸੇ ਦੇ ਵਿਆਹ ਦੀ, ਬੱਚੇ ਦੇ ਜਨਮ ਦੀ ਜਾਂ ਆਪਣੇ ਪਿਆਰਿਆਂ ਨੂੰ ਦੁਬਾਰਾ ਮਿਲਣ ਦੇ ਸਮੇਂ ਦੀ ਉਡੀਕ ਕਰਨ ਵਿਚ ਅਸੀਂ ਖ਼ੁਸ਼ ਰਹਿੰਦੇ ਹਾਂ। ਇਹ ਖ਼ੁਸ਼ੀ ਹੋਰ ਵੀ ਵੱਧਦੀ ਹੈ ਜੇ ਅਸੀਂ ਉਡੀਕ ਕਰਨ ਦੇ ਸਮੇਂ ਨੂੰ ਸਮਝਦਾਰੀ ਨਾਲ ਵਰਤੀਏ, ਜਿਵੇਂ ਕਿ ਉਸ ਆ ਰਹੇ ਖ਼ੁਸ਼ੀ ਭਰੇ ਮੌਕੇ ਦੀ ਪਹਿਲਾਂ ਤੋਂ ਹੀ ਤਿਆਰੀ ਕਰੀਏ।

20. (ੳ) ਅਸੀਂ ਕਿਹੜੇ ਖ਼ੁਸ਼ੀ ਭਰੇ ਮੌਕਿਆਂ ਦੀ ਪੂਰੇ ਭਰੋਸੇ ਨਾਲ ਉਡੀਕ ਕਰਦੇ ਹਾਂ? (ਅ) ਯਹੋਵਾਹ ਦੇ ਮਕਸਦਾਂ ਦੇ ਪੂਰਾ ਹੋਣ ਦੀ ਉਡੀਕ ਕਰਨ ਦੌਰਾਨ ਅਸੀਂ ਖ਼ੁਸ਼ ਕਿਵੇਂ ਰਹਿ ਸਕਦੇ ਹਾਂ?

20 ਜਦੋਂ ਸਾਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਸਾਡੀਆਂ ਆਸਾਂ ਪੂਰੀਆਂ ਹੋਣਗੀਆਂ, ਭਾਵੇਂ ਕਿ ਅਸੀਂ ਨਹੀਂ ਜਾਣਦੇ ਕਿ ਇਹ ਕਦੋਂ ਪੂਰੀਆਂ ਹੋਣਗੀਆਂ, ਤਾਂ ਉਡੀਕ ਕਰਨ ਦਾ ਸਮਾਂ ‘ਦਿਲ ਨੂੰ ਬੀਮਾਰ’ ਨਹੀਂ ਕਰਦਾ। ਪਰਮੇਸ਼ੁਰ ਦੇ ਵਫ਼ਾਦਾਰ ਭਗਤ ਜਾਣਦੇ ਹਨ ਕਿ ਮਸੀਹ ਦਾ ਇਕ ਹਜ਼ਾਰ ਸਾਲ ਦਾ ਰਾਜ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਮੌਤ ਅਤੇ ਬੀਮਾਰੀਆਂ ਦਾ ਨਾਮੋ-ਨਿਸ਼ਾਨ ਮਿੱਟਦੇ ਦੇਖਣਗੇ। ਉਹ ਬੜੀ ਬੇਸਬਰੀ ਨਾਲ ਉਸ ਖ਼ੁਸ਼ੀ ਭਰੇ ਸਮੇਂ ਦੀ ਉਡੀਕ ਕਰਦੇ ਹਨ ਜਦੋਂ ਮਰੇ ਹੋਏ ਅਰਬਾਂ ਲੋਕ ਜੀਉਂਦੇ ਹੋਣਗੇ ਜਿਨ੍ਹਾਂ ਵਿਚ ਉਨ੍ਹਾਂ ਦੇ ਆਪਣੇ ਪਿਆਰੇ ਵੀ ਹੋਣਗੇ। (ਪਰਕਾਸ਼ ਦੀ ਪੋਥੀ 20:1-3, 6; 21:3, 4) ਅੱਜ ਸਾਡਾ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੋ ਰਿਹਾ ਹੈ, ਪਰ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਭਵਿੱਖ ਵਿਚ ਇਹ ਧਰਤੀ ਇਕ ਸੋਹਣਾ ਬਾਗ਼ ਬਣ ਜਾਵੇਗੀ। (ਯਸਾਯਾਹ 35:1, 2, 7) ਇਸ ਲਈ ਉਡੀਕ ਕਰਨ ਦੇ ਸਮੇਂ ਨੂੰ ਸਮਝਦਾਰੀ ਨਾਲ ਵਰਤਣਾ ਕਿੰਨੀ ਚੰਗੀ ਗੱਲ ਹੈ, ਕਿਉਂਕਿ ‘ਪ੍ਰਭੁ ਦਾ ਬਹੁਤ ਸਾਰਾ ਕੰਮ’ ਕਰਨ ਵਾਲਾ ਹੈ! (1 ਕੁਰਿੰਥੀਆਂ 15:58) ਅਧਿਆਤਮਿਕ ਭੋਜਨ ਲੈਂਦੇ ਰਹੋ। ਯਹੋਵਾਹ ਦੇ ਨਾਲ ਹੋਰ ਜ਼ਿਆਦਾ ਕਰੀਬੀ ਰਿਸ਼ਤਾ ਜੋੜੋ। ਉਨ੍ਹਾਂ ਲੋਕਾਂ ਦੀ ਭਾਲ ਕਰੋ ਜਿਨ੍ਹਾਂ ਦਾ ਮਨ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਦੂਸਰੇ ਮਸੀਹੀਆਂ ਨੂੰ ਉਤਸ਼ਾਹ ਦਿਓ। ਯਹੋਵਾਹ ਜੋ ਵੀ ਸਾਨੂੰ ਸਮਾਂ ਦਿੰਦਾ ਹੈ, ਉਸ ਦਾ ਪੂਰਾ-ਪੂਰਾ ਫ਼ਾਇਦਾ ਲਓ। ਫਿਰ ਯਹੋਵਾਹ ਦੀ ਉਡੀਕ ਕਰਨ ਨਾਲ ਕਦੀ ਤੁਹਾਡਾ ‘ਦਿਲ ਬੀਮਾਰ’ ਨਹੀਂ ਹੋਵੇਗਾ। ਇਸ ਦੀ ਬਜਾਇ ਇਹ ਤੁਹਾਨੂੰ ਖ਼ੁਸ਼ੀ ਨਾਲ ਭਰ ਦੇਵੇਗਾ!

ਕੀ ਤੁਸੀਂ ਸਮਝਾ ਸਕਦੇ ਹੋ?

• ਯਿਸੂ ਨੇ ਕਿਵੇਂ ਉਡੀਕ ਕਰਨ ਦਾ ਰਵੱਈਆ ਦਿਖਾਇਆ ਸੀ?

• ਕਿਨ੍ਹਾਂ ਹਾਲਾਤਾਂ ਵਿਚ ਮਸੀਹੀਆਂ ਨੂੰ ਉਡੀਕ ਕਰਨ ਦਾ ਰਵੱਈਆ ਦਿਖਾਉਣਾ ਚਾਹੀਦਾ ਹੈ?

• ਯਹੋਵਾਹ ਦੇ ਗਵਾਹ ਯਹੋਵਾਹ ਦੀ ਉਡੀਕ ਕਰਨ ਵਿਚ ਕਿਉਂ ਖ਼ੁਸ਼ ਹਨ?

• ਯਹੋਵਾਹ ਦੀ ਉਡੀਕ ਕਰਨ ਨੂੰ ਖ਼ੁਸ਼ੀ ਦਾ ਮੌਕਾ ਕਿਵੇਂ ਬਣਾਇਆ ਜਾ ਸਕਦਾ ਹੈ?

[ਸਵਾਲ]

[ਸਫ਼ੇ 12 ਉੱਤੇ ਤਸਵੀਰਾਂ]

ਯਿਸੂ ਨੇ ਉਸ ਆਨੰਦ ਦੇ ਕਾਰਨ ਦੁੱਖ ਝੱਲਿਆ ਜੋ ਉਸ ਦੇ ਅੱਗੇ ਰੱਖਿਆ ਗਿਆ ਸੀ

[ਸਫ਼ੇ 13 ਉੱਤੇ ਤਸਵੀਰ]

ਕਈ ਸਾਲਾਂ ਤਕ ਸੇਵਾ ਕਰਨ ਤੋਂ ਬਾਅਦ ਵੀ ਅਸੀਂ ਆਪਣੀ ਖ਼ੁਸ਼ੀ ਬਰਕਰਾਰ ਰੱਖ ਸਕਦੇ ਹਾਂ

[ਸਫ਼ੇ 15 ਉੱਤੇ ਤਸਵੀਰਾਂ]

ਲੱਖਾਂ ਲੋਕਾਂ ਨੇ ਯਹੋਵਾਹ ਦੇ ਗਵਾਹ ਬਣ ਕੇ ਆਪਣੀਆਂ ਜ਼ਿੰਦਗੀਆਂ ਨੂੰ ਸੁਧਾਰਿਆ ਹੈ