Skip to content

Skip to table of contents

ਕੀ ਤੁਹਾਨੂੰ ਉਡੀਕ ਕਰਨੀ ਆਉਂਦੀ ਹੈ?

ਕੀ ਤੁਹਾਨੂੰ ਉਡੀਕ ਕਰਨੀ ਆਉਂਦੀ ਹੈ?

ਕੀ ਤੁਹਾਨੂੰ ਉਡੀਕ ਕਰਨੀ ਆਉਂਦੀ ਹੈ?

ਕੀ ਤੁਹਾਨੂੰ ਪਤਾ ਹੈ ਕਿ ਹਰ ਸਾਲ ਉਡੀਕ ਕਰਨ ਵਿਚ ਲੋਕ ਕਿੰਨਾ ਸਮਾਂ ਬਿਤਾਉਂਦੇ ਹਨ? ਉਹ ਦੁਕਾਨਾਂ ਤੇ ਜਾਂ ਪਟਰੋਲ ਪੰਪਾਂ ਤੇ ਲਾਈਨਾਂ ਵਿਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹਨ। ਉਨ੍ਹਾਂ ਨੂੰ ਹੋਟਲ ਵਿਚ ਖਾਣੇ ਦੀ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਡਾਕਟਰ ਨੂੰ ਵੀ ਮਿਲਣ ਲਈ ਉਡੀਕ ਕਰਨੀ ਪੈਂਦੀ ਹੈ। ਇੱਥੋਂ ਤਕ ਕਿ ਉਹ ਬੱਸਾਂ ਅਤੇ ਗੱਡੀਆਂ ਦੀ ਵੀ ਉਡੀਕ ਕਰਦੇ ਹਨ। ਜੀ ਹਾਂ, ਲੋਕ ਉਡੀਕ ਕਰਨ ਵਿਚ ਕਿੰਨਾ ਸਮਾਂ ਬਿਤਾਉਂਦੇ ਹਨ ਇਹ ਜਾਣ ਕੇ ਤੁਹਾਨੂੰ ਬੜੀ ਹੈਰਾਨੀ ਹੋਵੇਗੀ। ਇਕ ਅੰਦਾਜ਼ੇ ਮੁਤਾਬਕ, ਜਰਮਨੀ ਦੇ ਲੋਕ ਸਿਰਫ਼ ਟ੍ਰੈਫਿਕ ਜਾਮ ਵਿਚ ਹੀ ਲਗਭਗ 4 ਕਰੋੜ 70 ਲੱਖ ਘੰਟੇ ਉਡੀਕ ਕਰਦੇ ਹਨ! ਇਕ ਵਿਅਕਤੀ ਨੇ ਅੰਦਾਜ਼ਾ ਲਾਇਆ ਕਿ ਇਹ ਅੰਕੜਾ 7,000 ਲੋਕਾਂ ਦੀ ਪੂਰੀ ਜ਼ਿੰਦਗੀ ਦੇ ਬਰਾਬਰ ਹੈ।

ਉਡੀਕ ਕਰਨ ਨਾਲ ਬੇਚੈਨੀ ਵੱਧਦੀ ਹੈ। ਅੱਜ-ਕੱਲ੍ਹ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਅਸੀਂ ਸਾਰੇ ਕੰਮ ਇੱਕੋ ਵਾਰੀ ਨਬੇੜ ਸਕੀਏ। ਇਸ ਲਈ ਕੋਈ ਵੀ ਕੰਮ ਕਰਦਿਆਂ ਦੂਸਰੇ ਬਹੁਤ ਸਾਰੇ ਕੰਮ ਸਾਡੇ ਦਿਮਾਗ਼ ਵਿਚ ਘੁੰਮਦੇ ਰਹਿੰਦੇ ਹਨ ਤੇ ਇਨ੍ਹਾਂ ਨੂੰ ਨਬੇੜਨ ਤਕ ਉਡੀਕ ਕਰਨੀ ਸਾਡੇ ਲਈ ਮੁਸੀਬਤ ਬਣੀ ਰਹਿੰਦੀ ਹੈ। ਲੇਖਕ ਐਲੇਗਜੈਂਡਰ ਰੋਜ਼ ਨੇ ਇਕ ਵਾਰ ਕਿਹਾ ਸੀ: “ਸਾਡੀ ਅੱਧੀ ਜ਼ਿੰਦਗੀ ਤਾਂ ਉਡੀਕ ਕਰਨ ਵਿਚ ਹੀ ਲੰਘ ਜਾਂਦੀ ਹੈ।”

ਅਮਰੀਕੀ ਸਿਆਸਤਦਾਨ ਬੈਂਜਮਿਨ ਫਰੈਂਕਲਿਨ ਨੇ ਕਿਹਾ ਸੀ ਕਿ ਉਡੀਕ ਕਰਨੀ ਮਹਿੰਗੀ ਵੀ ਪੈ ਸਕਦੀ ਹੈ। ਉਸ ਨੇ ਕੁਝ 250 ਸਾਲ ਪਹਿਲਾਂ ਕਿਹਾ ਸੀ: “ਸਮਾਂ ਕੀਮਤੀ ਹੈ।” ਇਸੇ ਕਰਕੇ ਬਿਜ਼ਨਿਸ ਕਰਨ ਵਾਲੇ ਲੋਕ ਕੰਮ-ਕਾਰ ਕਰਨ ਵੇਲੇ ਬੇਲੋੜੀ ਦੇਰ ਕਰਨ ਤੋਂ ਬਚਣ ਦੇ ਤਰੀਕੇ ਭਾਲਦੇ ਹਨ। ਉਹ ਜਾਣਦੇ ਹਨ ਕਿ ਥੋੜ੍ਹੇ ਸਮੇਂ ਵਿਚ ਜ਼ਿਆਦਾ ਚੀਜ਼ਾਂ ਬਣਾ ਕੇ ਉਨ੍ਹਾਂ ਨੂੰ ਜ਼ਿਆਦਾ ਨਫ਼ਾ ਹੋਵੇਗਾ। ਜਿਨ੍ਹਾਂ ਬਿਜ਼ਨਿਸ ਕਰਨ ਵਾਲਿਆਂ ਦਾ ਆਮ ਲੋਕਾਂ ਨਾਲ ਸਿੱਧਾ ਵਾਹ ਪੈਂਦਾ ਹੈ, ਉਹ ਲੋਕਾਂ ਦੀਆਂ ਮੰਗਾਂ ਫ਼ੌਰਨ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਗਾਹਕਾਂ ਦਾ ਸਮਾਂ ਬਚੇਗਾ ਤੇ ਉਹ ਖ਼ੁਸ਼ ਵੀ ਹੋਣਗੇ।

ਆਪਣੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨਾ

ਉੱਨੀਵੀਂ ਸਦੀ ਦੇ ਅਮਰੀਕੀ ਕਵੀ ਰੈਲਫ ਵਾਲਡੋ ਐਮਰਸਨ ਨੇ ਇਕ ਵਾਰ ਸ਼ਿਕਾਇਤ ਕੀਤੀ ਕਿ “ਉਡੀਕ ਕਰਦਿਆਂ-ਕਰਦਿਆਂ ਇਨਸਾਨ ਦੀ ਕਿੰਨੀ ਜ਼ਿੰਦਗੀ ਬੀਤ ਜਾਂਦੀ ਹੈ!” ਹਾਲ ਹੀ ਵਿਚ ਲੇਖਕ ਲੈਨਸ ਮਾਰੋ ਨੇ ਸ਼ਿਕਾਇਤ ਕੀਤੀ ਕਿ ਉਡੀਕ ਕਰਨ ਨਾਲ ਲੋਕ ਬੋਰ ਹੁੰਦੇ ਹਨ ਜਿਸ ਨਾਲ ਪਰੇਸ਼ਾਨੀ ਹੁੰਦੀ ਹੈ। ਫਿਰ ਉਸ ਨੇ “ਉਡੀਕ ਕਰਨ ਨਾਲ ਹੁੰਦੇ ਦੁੱਖ ਬਾਰੇ ਦੱਸਿਆ।” ਉਹ ਕਿਹੜਾ ਦੁੱਖ ਹੈ? “ਇਹ ਅਹਿਸਾਸ ਹੋਣਾ ਕਿ ਜ਼ਿੰਦਗੀ ਦਾ ਕਾਫ਼ੀ ਬਹੁਮੁੱਲਾ ਹਿੱਸਾ ਉਡੀਕ ਕਰਨ ਵਿਚ ਹੀ ਬਰਬਾਦ ਹੋ ਰਿਹਾ ਹੈ ਜੋ ਕਦੀ ਦੁਬਾਰਾ ਵਾਪਸ ਨਹੀਂ ਮਿਲੇਗਾ।” ਇਹ ਗੱਲ ਦੁਖਦਾਈ ਤਾਂ ਹੈ ਪਰ ਹੈ ਸੱਚ। ਸੱਚੀਂ ਉਡੀਕ ਕਰਨ ਵਿਚ ਬਰਬਾਦ ਹੋਇਆ ਸਮਾਂ ਦੁਬਾਰਾ ਕਦੇ ਹੱਥ ਨਹੀਂ ਆਉਂਦਾ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਜੇ ਜ਼ਿੰਦਗੀ ਐਨੀ ਛੋਟੀ ਨਾ ਹੁੰਦੀ, ਤਾਂ ਉਡੀਕ ਕਰਨ ਵਿਚ ਬਿਤਾਏ ਸਮੇਂ ਦੀ ਐਨੀ ਚਿੰਤਾ ਨਹੀਂ ਹੋਣੀ ਸੀ। ਪਰ ਜ਼ਿੰਦਗੀ ਬੜੀ ਹੀ ਛੋਟੀ ਹੈ। ਇਸ ਬਾਰੇ ਹਜ਼ਾਰਾਂ ਸਾਲ ਪਹਿਲਾਂ ਬਾਈਬਲ ਦੇ ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ ਸੀ: “ਸਾਡੀ ਉਮਰ ਦੇ ਦਿਨ ਸੱਤ੍ਰ ਵਰ੍ਹੇ ਹਨ, ਪਰ ਜੇ ਸਾਹ ਸਤ ਹੋਵੇ ਤਾਂ ਅੱਸੀ ਵਰ੍ਹੇ, ਪਰ ਉਨ੍ਹਾਂ ਦੀ ਆਕੜ ਕਸ਼ਟ ਅਤੇ ਸੋਗ ਹੀ ਹੈ, ਉਹ ਛੇਤੀ ਬੀਤ ਜਾਂਦੇ ਹਨ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।” (ਜ਼ਬੂਰ 90:10) ਅਸੀਂ ਭਾਵੇਂ ਕੋਈ ਵੀ ਹੋਈਏ ਤੇ ਜਿੱਥੇ ਕਿਤੇ ਵੀ ਰਹਿੰਦੇ ਹਾਂ, ਸਾਡੀ ਜ਼ਿੰਦਗੀ ਦੇ ਦਿਨ, ਘੰਟੇ ਅਤੇ ਮਿੰਟ ਸੀਮਿਤ ਹਨ। ਪਰ ਅਸੀਂ ਉਨ੍ਹਾਂ ਹਾਲਾਤਾਂ ਤੋਂ ਵੀ ਨਹੀਂ ਬਚ ਸਕਦੇ ਜਿਨ੍ਹਾਂ ਕਰਕੇ ਸਾਨੂੰ ਕਿਸੇ ਕੰਮ ਦੇ ਪੂਰਾ ਹੋਣ ਦੀ ਜਾਂ ਲੋਕਾਂ ਦੀ ਉਡੀਕ ਕਰਨ ਵਿਚ ਆਪਣਾ ਕੀਮਤੀ ਸਮਾਂ ਗਵਾਉਣਾ ਪੈਂਦਾ ਹੈ।

ਉਡੀਕ ਕਰਨੀ ਸਿੱਖਣੀ

ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਕਾਰ ਵਿਚ ਬੈਠ ਕੇ ਡਰਾਈਵਰ ਨਾਲ ਸਫ਼ਰ ਕਰਨ ਦਾ ਤਜਰਬਾ ਹੈ। ਤੁਸੀਂ ਦੇਖਿਆ ਹੋਣਾ ਕਿ ਡਰਾਈਵਰ ਆਪਣੀ ਕਾਰ ਤੋਂ ਅਗਲੀਆਂ ਮੋਟਰ-ਗੱਡੀਆਂ ਤੋਂ ਅੱਗੇ ਨਿਕਲਣ ਦੀ ਲਗਾਤਾਰ ਕੋਸ਼ਿਸ਼ ਕਰਦਾ ਹੈ। ਉਸ ਨੂੰ ਐਨਾ ਕੋਈ ਜ਼ਰੂਰੀ ਕੰਮ ਵੀ ਨਹੀਂ ਹੁੰਦਾ, ਫਿਰ ਵੀ ਉਹ ਅੱਗੇ ਨਿਕਲਣਾ ਚਾਹੁੰਦਾ ਹੈ। ਉਹ ਨਹੀਂ ਚਾਹੁੰਦਾ ਕਿ ਕੋਈ ਦੂਸਰਾ ਡਰਾਈਵਰ ਉਸ ਦੀ ਗੱਡੀ ਦੀ ਰਫ਼ਤਾਰ ਨੂੰ ਘਟਾਏ। ਉਸ ਵਿਚ ਸਹਿਣ-ਸ਼ਕਤੀ ਦੀ ਘਾਟ ਹੈ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਉਸ ਨੇ ਉਡੀਕ ਕਰਨੀ ਨਹੀਂ ਸਿੱਖੀ। ਉਡੀਕ ਕਰਨੀ ਸਿੱਖਣੀ? ਜੀ ਹਾਂ, ਉਡੀਕ ਕਰਨੀ ਇਕ ਸਬਕ ਹੈ ਜਿਸ ਨੂੰ ਸਿੱਖਣਾ ਬੜਾ ਜ਼ਰੂਰੀ ਹੈ। ਇਨਸਾਨ ਵਿਚ ਇਹ ਕਾਬਲੀਅਤ ਪੈਦਾਇਸ਼ੀ ਨਹੀਂ ਹੁੰਦੀ। ਬੱਚੇ ਜਦੋਂ ਭੁੱਖੇ ਹੁੰਦੇ ਹਨ ਜਾਂ ਉਨ੍ਹਾਂ ਨੂੰ ਕੋਈ ਤਕਲੀਫ਼ ਹੁੰਦੀ ਹੈ, ਤਾਂ ਉਹ ਰੋ-ਰੋ ਕੇ ਆਪਣੇ ਮਾਂ-ਬਾਪ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਜਿਉਂ-ਜਿਉਂ ਉਹ ਵੱਡੇ ਹੁੰਦੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਪਤਾ ਚੱਲਦਾ ਜਾਂਦਾ ਹੈ ਕਿ ਕੁਝ ਚੀਜ਼ਾਂ ਲਈ ਉਨ੍ਹਾਂ ਨੂੰ ਉਡੀਕ ਕਰਨ ਦੀ ਲੋੜ ਹੈ। ਅਸਲ ਵਿਚ ਉਡੀਕ ਕਰਨੀ ਜ਼ਿੰਦਗੀ ਦਾ ਇਕ ਹਿੱਸਾ ਹੈ। ਲੋੜ ਪੈਣ ਤੇ ਜਿਹੜਾ ਇਨਸਾਨ ਧੀਰਜ ਨਾਲ ਉਡੀਕ ਕਰਦਾ ਹੈ, ਇਹ ਉਸ ਦੀ ਸਮਝਦਾਰੀ ਦੀ ਨਿਸ਼ਾਨੀ ਹੈ।

ਪਰ ਕਦੀ-ਕਦੀ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਵਿਚ ਕਾਹਲੀ ਕਰਨੀ ਲਾਜ਼ਮੀ ਹੋ ਜਾਂਦੀ ਹੈ। ਮਿਸਾਲ ਵਜੋਂ, ਇਕ ਜਵਾਨ ਪਤੀ ਆਪਣੀ ਪਤਨੀ ਨੂੰ ਤੇਜ਼ੀ ਨਾਲ ਭੀੜ-ਭੜੱਕੇ ਵਿੱਚੋਂ ਹਸਪਤਾਲ ਲਿਜਾ ਰਿਹਾ ਹੈ ਕਿਉਂਕਿ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਹੈ। ਇਸ ਹਾਲਤ ਵਿਚ ਉਸ ਵੱਲੋਂ ਕਾਹਲੀ ਕਰਨੀ ਜਾਇਜ਼ ਹੈ। ਜਦੋਂ ਲੂਤ ਸਦੂਮ ਵਿੱਚੋਂ ਬਾਹਰ ਨਿਕਲਣ ਵਿਚ ਦੇਰੀ ਕਰ ਰਿਹਾ ਸੀ, ਤਾਂ ਦੂਤ ਉਡੀਕ ਕਰਨ ਲਈ ਬਿਲਕੁਲ ਵੀ ਤਿਆਰ ਨਹੀਂ ਸਨ ਕਿਉਂਕਿ ਸ਼ਹਿਰ ਕਿਸੇ ਵੀ ਘੜੀ ਨਾਸ਼ ਹੋ ਸਕਦਾ ਸੀ ਜਿਸ ਕਰਕੇ ਲੂਤ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਖ਼ਤਰੇ ਵਿਚ ਸੀ। (ਉਤਪਤ 19:15, 16) ਪਰ ਉਦੋਂ ਜ਼ਿਆਦਾ ਕਰਕੇ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿਚ ਨਹੀਂ ਹੁੰਦੀ ਜਦੋਂ ਉਨ੍ਹਾਂ ਨੂੰ ਉਡੀਕ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹੇ ਹਾਲਾਤਾਂ ਵਿਚ ਜੇ ਹਰ ਕੋਈ ਧੀਰਜ ਰੱਖਣਾ ਸਿੱਖੇ, ਤਾਂ ਸਥਿਤੀ ਹੋਰ ਵੀ ਖ਼ੁਸ਼ਗਵਾਰ ਹੋ ਸਕਦੀ ਹੈ। ਇੱਥੋਂ ਤਕ ਕਿ ਉਨ੍ਹਾਂ ਹਾਲਾਤਾਂ ਵਿਚ ਵੀ ਜਦੋਂ ਕਿਸੇ ਵਿਚ ਕਾਬਲੀਅਤ ਜਾਂ ਦਿਲਚਸਪੀ ਦੀ ਘਾਟ ਹੋਣ ਕਰਕੇ ਕਿਸੇ ਕੰਮ ਦੇ ਪੂਰਾ ਹੋਣ ਦੀ ਉਡੀਕ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ, ਧੀਰਜ ਰੱਖਣਾ ਉਦੋਂ ਹੋਰ ਵੀ ਆਸਾਨ ਹੋ ਜਾਵੇਗਾ ਜਦੋਂ ਹਰ ਕੋਈ ਉਡੀਕ ਕਰਨ ਦੇ ਸਮੇਂ ਨੂੰ ਫ਼ਾਇਦੇਮੰਦ ਤਰੀਕੇ ਨਾਲ ਇਸਤੇਮਾਲ ਕਰਨਾ ਸਿੱਖੇ। ਸਫ਼ਾ 5 ਉੱਤੇ ਬਾਕਸ ਵਿਚ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਤੇ ਚੱਲਣ ਨਾਲ ਉਡੀਕ ਕਰਨੀ ਨਾ ਸਿਰਫ਼ ਸਹਿਣਯੋਗ ਹੋਵੇਗੀ ਸਗੋਂ ਫ਼ਾਇਦੇਮੰਦ ਵੀ ਹੋਵੇਗੀ।

ਇਸ ਗੱਲ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਬੇਸਬਰੇ ਹੋਣਾ ਇਕ ਘਮੰਡੀ ਰਵੱਈਏ ਨੂੰ ਜ਼ਾਹਰ ਕਰ ਸਕਦਾ ਹੈ। ਅਜਿਹਾ ਰਵੱਈਆ ਰੱਖਣ ਵਾਲਾ ਇਨਸਾਨ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਸਮਝਦਾ ਹੈ ਤੇ ਉਹ ਨਹੀਂ ਚਾਹੁੰਦਾ ਕਿ ਉਸ ਕੋਲੋਂ ਉਡੀਕ ਕਰਵਾਈ ਜਾਵੇ। ਅਜਿਹਾ ਰਵੱਈਆ ਰੱਖਣ ਵਾਲੇ ਕਿਸੇ ਵੀ ਇਨਸਾਨ ਨੂੰ ਬਾਈਬਲ ਵਿਚ ਲਿਖੇ ਇਨ੍ਹਾਂ ਸ਼ਬਦਾਂ ਤੇ ਧਿਆਨ ਦੇਣਾ ਚਾਹੀਦਾ ਹੈ: “ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ।” (ਉਪਦੇਸ਼ਕ ਦੀ ਪੋਥੀ 7:8) ਹੰਕਾਰ ਜਾਂ ਘਮੰਡ ਇਕ ਗੰਭੀਰ ਔਗੁਣ ਹੈ ਕਿਉਂਕਿ ਬਾਈਬਲ ਦੀ ਇਕ ਕਹਾਵਤ ਕਹਿੰਦੀ ਹੈ: “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।” (ਕਹਾਉਤਾਂ 16:5) ਇਸ ਲਈ ਧੀਰਜ ਰੱਖਣਾ ਸਿੱਖਣਾ ਯਾਨੀ ਉਡੀਕ ਕਰਨੀ ਸਿੱਖਣ ਲਈ ਸਾਨੂੰ ਆਪਣੇ ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਆਪਣੇ ਸੰਬੰਧਾਂ ਨੂੰ ਜਾਂਚਣ ਦੀ ਲੋੜ ਹੈ।

ਸਬਰ ਦਾ ਫਲ ਮਿੱਠਾ ਹੁੰਦਾ ਹੈ

ਆਮ ਤੌਰ ਤੇ ਉਡੀਕ ਕਰਨੀ ਉਦੋਂ ਜ਼ਿਆਦਾ ਸੌਖੀ ਲੱਗਦੀ ਹੈ ਜਦੋਂ ਸਾਨੂੰ ਯਕੀਨ ਹੁੰਦਾ ਹੈ ਕਿ ਜਿਸ ਚੀਜ਼ ਦੀ ਅਸੀਂ ਉਡੀਕ ਕਰ ਰਹੇ ਹਾਂ, ਉਸ ਦਾ ਸਾਨੂੰ ਫ਼ਾਇਦਾ ਹੋਵੇਗਾ ਤੇ ਅਖ਼ੀਰ ਉਹ ਚੀਜ਼ ਸਾਨੂੰ ਜ਼ਰੂਰ ਮਿਲੇਗੀ। ਇਸ ਸੰਬੰਧ ਵਿਚ, ਇਸ ਗੱਲ ਤੇ ਵਿਚਾਰ ਕਰਨਾ ਚੰਗਾ ਹੈ ਕਿ ਪਰਮੇਸ਼ੁਰ ਦੇ ਸਾਰੇ ਸੱਚੇ ਸੇਵਕ ਬਾਈਬਲ ਵਿਚ ਪਾਏ ਜਾਂਦੇ ਪਰਮੇਸ਼ੁਰ ਦੇ ਸ਼ਾਨਦਾਰ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ। ਉਦਾਹਰਣ ਲਈ, ਸਾਨੂੰ ਪਰਮੇਸ਼ੁਰ ਵੱਲੋਂ ਪ੍ਰੇਰਿਤ ਇਕ ਜ਼ਬੂਰ ਵਿਚ ਕਿਹਾ ਗਿਆ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29) ਇਹੀ ਵਾਅਦਾ ਯੂਹੰਨਾ ਰਸੂਲ ਨੇ ਦੁਹਰਾਇਆ ਜਦੋਂ ਉਸ ਨੇ ਕਿਹਾ: “ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:17) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੇ ਅਸੀਂ ਹਮੇਸ਼ਾ ਜੀਉਂਦੇ ਰਹਿ ਸਕਦੇ, ਤਾਂ ਉਡੀਕ ਕਰਨੀ ਕੋਈ ਐਨੀ ਵੱਡੀ ਮੁਸ਼ਕਲ ਨਹੀਂ ਹੋਣੀ ਸੀ। ਪਰ ਇਸ ਵੇਲੇ ਸਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਨਹੀਂ ਹੈ। ਤਾਂ ਕੀ ਅੱਜ ਹਮੇਸ਼ਾ ਦੀ ਜ਼ਿੰਦਗੀ ਬਾਰੇ ਗੱਲ ਕਰਨੀ ਸਹੀ ਹੈ?

ਜਵਾਬ ਦੇਣ ਤੋਂ ਪਹਿਲਾਂ, ਇਸ ਗੱਲ ਤੇ ਵਿਚਾਰ ਕਰੋ ਕਿ ਪਰਮੇਸ਼ੁਰ ਨੇ ਸਾਡੇ ਪਹਿਲੇ ਮਾਪਿਆਂ ਨੂੰ ਸਦਾ ਲਈ ਜੀਉਂਦੇ ਰਹਿਣ ਵਾਸਤੇ ਬਣਾਇਆ ਸੀ। ਪਰ ਉਨ੍ਹਾਂ ਦੇ ਪਾਪ ਕਰਨ ਨਾਲ ਹੀ ਉਹ ਅਤੇ ਉਨ੍ਹਾਂ ਦੀ ਔਲਾਦ, ਜਿਨ੍ਹਾਂ ਵਿਚ ਅਸੀਂ ਵੀ ਸ਼ਾਮਲ ਹਾਂ, ਉਸ ਮੌਕੇ ਨੂੰ ਗੁਆ ਬੈਠੇ। ਪਰ ਉਨ੍ਹਾਂ ਦੇ ਪਾਪ ਕਰਨ ਤੋਂ ਤੁਰੰਤ ਬਾਅਦ ਪਰਮੇਸ਼ੁਰ ਨੇ ਆਪਣਾ ਮਕਸਦ ਐਲਾਨ ਕੀਤਾ ਜਿਸ ਦੁਆਰਾ ਉਨ੍ਹਾਂ ਦੀ ਅਣਆਗਿਆਕਾਰੀ ਦੇ ਪ੍ਰਭਾਵਾਂ ਨੂੰ ਖ਼ਤਮ ਕੀਤਾ ਜਾਂਦਾ। ਉਸ ਨੇ ਇਕ “ਸੰਤਾਨ” ਯਾਨੀ ਯਿਸੂ ਮਸੀਹ ਦੇ ਆਉਣ ਦਾ ਵਾਅਦਾ ਕੀਤਾ।—ਉਤਪਤ 3:15; ਰੋਮੀਆਂ 5:18.

ਅਸੀਂ ਨਿੱਜੀ ਤੌਰ ਤੇ ਪਰਮੇਸ਼ੁਰ ਦੇ ਵਾਅਦਿਆਂ ਦੀ ਪੂਰਤੀ ਤੋਂ ਫ਼ਾਇਦਾ ਉਠਾਵਾਂਗੇ ਜਾਂ ਨਹੀਂ, ਇਸ ਦਾ ਫ਼ੈਸਲਾ ਸਾਨੂੰ ਖ਼ੁਦ ਕਰਨਾ ਪੈਣਾ ਹੈ। ਇਸ ਦੇ ਲਈ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਇਸ ਤਰ੍ਹਾਂ ਦੇ ਧੀਰਜ ਬਾਰੇ ਸਿੱਖਣ ਲਈ ਬਾਈਬਲ ਸਾਨੂੰ ਇਕ ਕਿਸਾਨ ਦੀ ਉਦਾਹਰਣ ਤੇ ਸੋਚ-ਵਿਚਾਰ ਕਰਨ ਲਈ ਉਤਸ਼ਾਹਿਤ ਕਰਦੀ ਹੈ। ਪਹਿਲਾਂ ਉਹ ਬੀ ਬੀਜਦਾ ਹੈ ਤੇ ਬਾਅਦ ਵਿਚ ਉਹ ਧੀਰਜ ਨਾਲ ਫ਼ਸਲ ਪੱਕਣ ਦੀ ਉਡੀਕ ਕਰਦਾ ਹੈ। ਉਹ ਉਦੋਂ ਤਕ ਆਪਣੀ ਫ਼ਸਲ ਦੀ ਚੰਗੀ ਦੇਖ-ਭਾਲ ਕਰਦਾ ਹੈ ਜਦੋਂ ਤਕ ਵਾਢੀ ਦਾ ਸਮਾਂ ਨਹੀਂ ਆ ਜਾਂਦਾ। ਫਿਰ ਉਸ ਨੂੰ ਆਪਣੇ ਧੀਰਜ ਅਤੇ ਮਿਹਨਤ ਦਾ ਫਲ ਮਿਲਦਾ ਹੈ। (ਯਾਕੂਬ 5:7) ਪੌਲੁਸ ਰਸੂਲ ਧੀਰਜ ਦੀ ਇਕ ਹੋਰ ਉਦਾਹਰਣ ਦਿੰਦਾ ਹੈ। ਉਹ ਸਾਨੂੰ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਦੀ ਯਾਦ ਦਿਲਾਉਂਦਾ ਹੈ। ਉਨ੍ਹਾਂ ਨੂੰ ਪਰਮੇਸ਼ੁਰ ਦੇ ਮਕਸਦਾਂ ਨੂੰ ਪੂਰਾ ਹੁੰਦੇ ਦੇਖਣ ਦੀ ਬੜੀ ਇੱਛਾ ਸੀ। ਪਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਠਹਿਰਾਏ ਸਮੇਂ ਦੀ ਉਡੀਕ ਕਰਨੀ ਪਈ। ਪੌਲੁਸ ਸਾਨੂੰ ਉਨ੍ਹਾਂ ਦੀ ਰੀਸ ਕਰਨ ਲਈ ਉਤਸ਼ਾਹਿਤ ਕਰਦਾ ਹੈ “ਜਿਹੜੇ ਨਿਹਚਾ ਅਤੇ ਧੀਰਜ ਦੇ ਰਾਹੀਂ ਵਾਇਦਿਆਂ ਦੇ ਅਧਕਾਰੀ ਹੁੰਦੇ ਹਨ।”—ਇਬਰਾਨੀਆਂ 6:11, 12.

ਜੀ ਹਾਂ, ਉਡੀਕ ਕਰਨੀ ਜ਼ਿੰਦਗੀ ਦੀ ਇਕ ਅਟੱਲ ਸੱਚਾਈ ਹੈ। ਪਰ ਇਸ ਦੇ ਕਾਰਨ ਸਾਨੂੰ ਨਿਰਾਸ਼ ਰਹਿਣ ਦੀ ਲੋੜ ਨਹੀਂ ਹੈ। ਜਿਹੜੇ ਲੋਕ ਪਰਮੇਸ਼ੁਰ ਦੇ ਵਾਅਦਿਆਂ ਦੇ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ, ਉਨ੍ਹਾਂ ਲਈ ਇਹ ਉਡੀਕ ਖ਼ੁਸ਼ੀ ਦਾ ਕਾਰਨ ਹੋ ਸਕਦੀ ਹੈ। ਉਹ ਉਡੀਕ ਦੇ ਸਮੇਂ ਨੂੰ ਪਰਮੇਸ਼ੁਰ ਦੇ ਨਾਲ ਆਪਣਾ ਰਿਸ਼ਤਾ ਗੂੜ੍ਹਾ ਬਣਾਉਣ ਅਤੇ ਆਪਣੀ ਨਿਹਚਾ ਨੂੰ ਕੰਮਾਂ ਦੁਆਰਾ ਦਿਖਾਉਣ ਵਿਚ ਬਿਤਾ ਸਕਦੇ ਹਨ। ਅਤੇ ਉਹ ਪ੍ਰਾਰਥਨਾ ਕਰਨ, ਅਧਿਐਨ ਅਤੇ ਮਨਨ ਕਰਨ ਨਾਲ ਦ੍ਰਿੜ੍ਹ ਵਿਸ਼ਵਾਸ ਪੈਦਾ ਕਰ ਸਕਦੇ ਹਨ ਕਿ ਪਰਮੇਸ਼ੁਰ ਨੇ ਜੋ ਵਾਅਦੇ ਕੀਤੇ ਹਨ, ਉਹ ਉਸ ਦੇ ਨਿਯਤ ਸਮੇਂ ਤੇ ਜ਼ਰੂਰ ਪੂਰੇ ਹੋਣਗੇ।

[ਸਫ਼ੇ 5 ਉੱਤੇ ਡੱਬੀ/​ਤਸਵੀਰਾਂ]

ਉਡੀਕ ਕਰਨ ਦੀ ਪਰੇਸ਼ਾਨੀ ਨੂੰ ਘਟਾਓ!

ਪਹਿਲਾਂ ਹੀ ਯੋਜਨਾ ਬਣਾਓ! ਜੇ ਤੁਹਾਨੂੰ ਪਤਾ ਹੈ ਕਿ ਤੁਹਾਨੂੰ ਉਡੀਕ ਕਰਨੀ ਪੈਣੀ ਹੈ, ਤਾਂ ਪਹਿਲਾਂ ਹੀ ਪੜ੍ਹਨ, ਲਿਖਣ, ਬੁਣਨ ਜਾਂ ਦੂਸਰੇ ਕੁਝ ਫ਼ਾਇਦੇਮੰਦ ਕੰਮਾਂ ਨੂੰ ਕਰਨ ਲਈ ਤਿਆਰ ਰਹੋ।

ਇਸ ਸਮੇਂ ਨੂੰ ਮਨਨ ਕਰਨ ਵਿਚ ਬਿਤਾਓ ਕਿਉਂਕਿ ਇਸ ਨੱਠ-ਭਜਾਈ ਦੀ ਦੁਨੀਆਂ ਵਿਚ ਮਨਨ ਕਰਨਾ ਬੜਾ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਟੈਲੀਫ਼ੋਨ ਦੇ ਕੋਲ ਕੁਝ ਪੜ੍ਹਨ ਲਈ ਰੱਖੋ ਤਾਂਕਿ ਜੇ ਤੁਹਾਨੂੰ ਟੈਲੀਫ਼ੋਨ ਤੇ ਪੰਜ-ਦਸ ਮਿੰਟ ਉਡੀਕ ਕਰਨੀ ਪਈ, ਤਾਂ ਤੁਸੀਂ ਉਸ ਸਮੇਂ ਦੌਰਾਨ ਕਈ ਸਫ਼ੇ ਪੜ੍ਹ ਸਕਦੇ ਹੋ।

ਜਦੋਂ ਤੁਸੀਂ ਗਰੁੱਪ ਵਿਚ ਉਡੀਕ ਕਰਦੇ ਹੋ, ਤਾਂ ਸਮਾਂ ਮਿਲਣ ਤੇ ਇਸ ਮੌਕੇ ਨੂੰ ਦੂਜਿਆਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਨਾਲ ਹੌਸਲਾ ਵਧਾਉਣ ਵਾਲੇ ਵਿਚਾਰ ਸਾਂਝੇ ਕਰਨ ਲਈ ਵਰਤੋ।

ਆਪਣੀ ਕਾਰ ਵਿਚ ਨੋਟ ਪੈਡ ਜਾਂ ਪੜ੍ਹਨ ਲਈ ਕੁਝ ਰੱਖੋ, ਤਾਂਕਿ ਲੋੜ ਪੈਣ ਤੇ ਇਨ੍ਹਾਂ ਨੂੰ ਵਰਤਿਆ ਜਾ ਸਕੇ।

ਆਪਣੀਆਂ ਅੱਖਾਂ ਬੰਦ ਕਰ ਕੇ ਆਰਾਮ ਕਰੋ ਜਾਂ ਪ੍ਰਾਰਥਨਾ ਕਰੋ।

ਸਹੀ ਰਵੱਈਆ ਰੱਖਣ ਅਤੇ ਪਹਿਲਾਂ ਤੋਂ ਹੀ ਯੋਜਨਾ ਬਣਾਉਣ ਨਾਲ ਉਡੀਕ ਕਰਨੀ ਫ਼ਾਇਦੇਮੰਦ ਹੋ ਸਕਦੀ ਹੈ!