Skip to content

Skip to table of contents

ਚੀਜ਼ਾਂ ਨੂੰ ਨਹੀਂ, ਸਗੋਂ ਰਾਜ ਨੂੰ ਪਹਿਲ ਦਿਓ

ਚੀਜ਼ਾਂ ਨੂੰ ਨਹੀਂ, ਸਗੋਂ ਰਾਜ ਨੂੰ ਪਹਿਲ ਦਿਓ

‘ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿਓ, ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।’​—ਲੂਕਾ 12:31.

ਗੀਤ: 40, 44

1. ਲੋੜਾਂ ਅਤੇ ਇੱਛਾਵਾਂ ਵਿਚ ਕੀ ਫ਼ਰਕ ਹੈ?

ਕਿਹਾ ਜਾਂਦਾ ਹੈ ਕਿ ਇਨਸਾਨ ਦੀਆਂ ਲੋੜਾਂ ਘੱਟ ਹਨ, ਪਰ ਉਸ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ। ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਦੀਆਂ ਕਿਹੜੀਆਂ ਲੋੜਾਂ ਹਨ ਅਤੇ ਕਿਹੜੀਆਂ ਇੱਛਾਵਾਂ। ਸੋ ਲੋੜਾਂ ਵਿਚ ਅਤੇ ਇੱਛਾਵਾਂ ਵਿਚ ਕੀ ਫ਼ਰਕ ਹੈ? “ਲੋੜਾਂ” ਉਹ ਚੀਜ਼ਾਂ ਹਨ ਜੋ ਜ਼ਿੰਦਗੀ ਦਾ ਗੁਜ਼ਾਰਾ ਤੋਰਨ ਲਈ ਜ਼ਰੂਰੀ ਹਨ, ਜਿਵੇਂ ਰੋਟੀ, ਕੱਪੜਾ, ਮਕਾਨ। “ਇੱਛਾਵਾਂ” ਉਹ ਚੀਜ਼ਾਂ ਹਨ ਜੋ ਅਸੀਂ ਚਾਹੁੰਦੇ ਹਾਂ, ਪਰ ਇਹ ਜ਼ਿੰਦਗੀ ਦਾ ਗੁਜ਼ਾਰਾ ਤੋਰਨ ਲਈ ਜ਼ਰੂਰੀ ਨਹੀਂ ਹੁੰਦੀਆਂ।

2. ਲੋਕ ਕਿਹੜੀਆਂ ਕੁਝ ਚੀਜ਼ਾਂ ਦੀ ਇੱਛਾ ਰੱਖਦੇ ਹਨ?

2 ਅਲੱਗ-ਅਲੱਗ ਦੇਸ਼ਾਂ ਦੇ ਲੋਕਾਂ ਦੀਆਂ ਇੱਛਾਵਾਂ ਸ਼ਾਇਦ ਵੱਖੋ-ਵੱਖਰੀਆਂ ਹੋਣ। ਗ਼ਰੀਬ ਦੇਸ਼ਾਂ ਦੇ ਬਹੁਤ ਸਾਰੇ ਲੋਕ ਸ਼ਾਇਦ ਚਾਹੁਣ ਕਿ ਉਨ੍ਹਾਂ ਕੋਲ ਇੰਨੇ ਪੈਸੇ ਹੋਣ ਕਿ ਉਹ ਮੋਬਾਇਲ, ਮੋਟਰ ਸਾਈਕਲ ਜਾਂ ਜ਼ਮੀਨ ਦਾ ਇਕ ਛੋਟਾ ਜਿਹਾ ਟੁਕੜਾ ਖ਼ਰੀਦ ਸਕਣ। ਅਮੀਰ ਦੇਸ਼ਾਂ ਦੇ ਲੋਕ ਸ਼ਾਇਦ ਚਾਹੁਣ ਕਿ ਉਨ੍ਹਾਂ ਕੋਲ ਮਹਿੰਗੇ ਤੋਂ ਮਹਿੰਗੇ ਕੱਪੜੇ ਹੋਣ, ਹੋਰ ਵੀ ਵੱਡਾ ਘਰ ਅਤੇ ਹੋਰ ਵੀ ਮਹਿੰਗੀ ਗੱਡੀ ਹੋਵੇ। ਭਾਵੇਂ ਅਸੀਂ ਅਮੀਰ ਹੋਈਏ ਜਾਂ ਗ਼ਰੀਬ, ਅਸੀਂ ਸਾਰੇ ਧਨ-ਦੌਲਤ ਦੇ ਫੰਦੇ ਵਿਚ ਫਸ ਸਕਦੇ ਹਾਂ। ਚਾਹੇ ਸਾਨੂੰ ਚੀਜ਼ਾਂ ਦੀ ਲੋੜ ਹੋਵੇ ਜਾਂ ਨਾ ਅਤੇ ਇਨ੍ਹਾਂ ਨੂੰ ਖ਼ਰੀਦਣ ਲਈ ਪੈਸੇ ਹੋਣ ਜਾਂ ਨਾ, ਫਿਰ ਵੀ ਸਾਡੇ ਵਿਚ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਪਾਉਣ ਦੀ ਇੱਛਾ ਜੜ੍ਹ ਫੜ ਸਕਦੀ ਹੈ।

ਧਨ-ਦੌਲਤ ਦੇ ਫੰਦੇ ਤੋਂ ਖ਼ਬਰਦਾਰ ਰਹੋ

3. ਧਨ-ਦੌਲਤ ਦੇ ਫੰਦੇ ਵਿਚ ਫਸਿਆ ਵਿਅਕਤੀ ਕੀ ਕਰਨ ਵਿਚ ਲੱਗਾ ਰਹਿੰਦਾ ਹੈ?

3 ਧਨ-ਦੌਲਤ ਦੇ ਫੰਦੇ ਵਿਚ ਫਸਿਆ ਵਿਅਕਤੀ ਪਰਮੇਸ਼ੁਰ ਨਾਲ ਅਨਮੋਲ ਰਿਸ਼ਤਾ ਜੋੜਨ ਦੀ ਬਜਾਇ ਦਿਨ-ਰਾਤ ਚੀਜ਼ਾਂ ਇਕੱਠੀਆਂ ਕਰਨ ਵਿਚ ਲੱਗਾ ਰਹਿੰਦਾ ਹੈ। ਇਸ ਫੰਦੇ ਕਰਕੇ ਕਿਸੇ ਦੇ ਦਿਲ ਵਿਚ ਵੀ ਚੀਜ਼ਾਂ ਇਕੱਠੀਆਂ ਕਰਨ ਦਾ ਲਾਲਚ ਆ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਧਨ-ਦੌਲਤ ਨਾਲ ਪਿਆਰ ਕਰਨ ਵਾਲੇ ਵਿਅਕਤੀ ਕੋਲ ਬਹੁਤ ਸਾਰੇ ਪੈਸੇ ਹੋਣ ਜਾਂ ਉਹ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਖ਼ਰੀਦੇ। ਗ਼ਰੀਬ ਲੋਕ ਵੀ ਧਨ-ਦੌਲਤ ਦੇ ਫੰਦੇ ਵਿਚ ਫਸ ਕੇ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦੇਣੀ ਛੱਡ ਸਕਦੇ ਹਨ।​—ਇਬ. 13:5.

4. ਸ਼ੈਤਾਨ ਸਾਡੀ “ਅੱਖਾਂ ਦੀ ਲਾਲਸਾ” ਦਾ ਫ਼ਾਇਦਾ ਕਿਵੇਂ ਉਠਾਉਂਦਾ ਹੈ?

4 ਸ਼ੈਤਾਨ ਦੁਨੀਆਂ ਦੀ ਚਮਕ-ਦਮਕ ਨਾਲ ਸਾਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਬੁਨਿਆਦੀ ਚੀਜ਼ਾਂ ਨਾਲ ਜ਼ਿੰਦਗੀ ਦਾ ਅਸਲੀ ਮਜ਼ਾ ਨਹੀਂ ਲੈ ਸਕਦੇ, ਸਗੋਂ ਸਾਨੂੰ ਵੱਧ ਤੋਂ ਵੱਧ ਚੀਜ਼ਾਂ ਚਾਹੀਦੀਆਂ ਹਨ। ਸ਼ੈਤਾਨ ਸਾਡੀ “ਅੱਖਾਂ ਦੀ ਲਾਲਸਾ” ਜਾਣਦਾ ਹੈ ਅਤੇ ਉਹ ਇਸ ਲਾਲਸਾ ਦਾ ਫ਼ਾਇਦਾ ਉਠਾਉਣ ਵਿਚ ਮਾਹਰ ਹੈ। (1 ਯੂਹੰ. 2:15-17; ਉਤ. 3:6; ਕਹਾ. 27:20) ਇਸ ਦੁਨੀਆਂ ਵਿਚ ਹਰ ਤਰ੍ਹਾਂ ਦੀਆਂ ਚੀਜ਼ਾਂ ਹਨ, ਅਜੀਬੋ-ਗ਼ਰੀਬ ਤੋਂ ਲੈ ਕੇ ਵਧੀਆ ਤੋਂ ਵਧੀਆ ਤਕ। ਇਨ੍ਹਾਂ ਵਿੱਚੋਂ ਕੁਝ ਚੀਜ਼ਾਂ ਸਾਡੀਆਂ ਅੱਖਾਂ ਨੂੰ ਭਾਉਂਦੀਆਂ ਹਨ। ਕੀ ਤੁਸੀਂ ਕਦੀ ਅਜਿਹੀ ਕੋਈ ਚੀਜ਼ ਖ਼ਰੀਦੀ ਹੈ ਜਿਸ ਦੀ ਤੁਹਾਨੂੰ ਲੋੜ ਨਹੀਂ ਸੀ, ਪਰ ਕਿਸੇ ਮਸ਼ਹੂਰੀ ਜਾਂ ਦੁਕਾਨ ਵਿਚ ਦੇਖਣ ਕਰਕੇ ਤੁਸੀਂ ਖ਼ਰੀਦ ਲਈ? ਪਰ ਕੀ ਤੁਹਾਨੂੰ ਬਾਅਦ ਵਿਚ ਅਹਿਸਾਸ ਹੋਇਆ ਕਿ ਤੁਹਾਡਾ ਇਸ ਚੀਜ਼ ਤੋਂ ਬਿਨਾਂ ਵੀ ਸਰ ਸਕਦਾ ਸੀ? ਇੱਦਾਂ ਦੀਆਂ ਫ਼ਜ਼ੂਲ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਔਖਾ ਬਣਾਉਣ ਦੇ ਨਾਲ-ਨਾਲ ਬੋਝ ਹੇਠ ਦਬਾਉਂਦੀਆਂ ਹਨ। ਇਹ ਚੀਜ਼ਾਂ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਸਾਡਾ ਧਿਆਨ ਭਟਕਾ ਸਕਦੀਆਂ ਹਨ, ਜਿਵੇਂ ਕਿ ਬਾਈਬਲ ਪੜ੍ਹਨੀ, ਪ੍ਰਚਾਰ ਕਰਨਾ, ਸਭਾਵਾਂ ਦੀ ਤਿਆਰੀ ਕਰਨੀ ਅਤੇ ਇਨ੍ਹਾਂ ’ਤੇ ਜਾਣਾ। ਯਾਦ ਕਰੋ ਕਿ ਯੂਹੰਨਾ ਰਸੂਲ ਨੇ ਸਾਨੂੰ ਚੇਤਾਵਨੀ ਦਿੱਤੀ: “ਇਹ ਦੁਨੀਆਂ ਅਤੇ ਇਸ ਦੀ ਹਰ ਚੀਜ਼ ਜਿਸ ਦੀ ਲਾਲਸਾ ਲੋਕ ਕਰਦੇ ਹਨ ਖ਼ਤਮ ਹੋ ਜਾਵੇਗੀ।”

5. ਉਦੋਂ ਕੀ ਹੋ ਸਕਦਾ ਹੈ ਜਦੋਂ ਕੋਈ ਸਿਰਫ਼ ਚੀਜ਼ਾਂ ਇਕੱਠੀਆਂ ਕਰਨ ਵਿਚ ਲੱਗਾ ਰਹਿੰਦਾ ਹੈ?

5 ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਦੇ ਨਹੀਂ, ਸਗੋਂ ਪੈਸੇ ਦੇ ਗ਼ੁਲਾਮ ਬਣੀਏ। (ਮੱਤੀ 6:24) ਜਿਹੜੇ ਲੋਕ ਸਿਰਫ਼ ਚੀਜ਼ਾਂ ਇਕੱਠੀਆਂ ਕਰਨ ਵਿਚ ਲੱਗੇ ਰਹਿੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਖੋਖਲੀ ਹੁੰਦੀ ਹੈ। ਨਾਲੇ ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਲੀਰੋ-ਲੀਰ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨਿਰਾਸ਼ਾ ਅਤੇ ਪਰੇਸ਼ਾਨੀਆਂ ਨਾਲ ਭਰ ਜਾਂਦੀ ਹੈ। (1 ਤਿਮੋ. 6:9, 10; ਪ੍ਰਕਾ. 3:17) ਯਿਸੂ ਨੇ ਬੀ ਬੀਜਣ ਵਾਲੇ ਦੀ ਮਿਸਾਲ ਦੇ ਕੇ ਇਸ ਗੱਲ ਨੂੰ ਸਮਝਾਇਆ। ਜਦੋਂ ਰਾਜ ਦਾ ਸੰਦੇਸ਼ “ਕੰਡਿਆਲ਼ੀਆਂ ਝਾੜੀਆਂ ਵਿਚ” ਬੀਜਿਆ ਜਾਂਦਾ ਹੈ, ਤਾਂ “ਹੋਰ ਚੀਜ਼ਾਂ ਦੀਆਂ ਇੱਛਾਵਾਂ . . . ਦਿਲ ਵਿਚ ਆ ਜਾਂਦੀਆਂ ਹਨ ਅਤੇ ਬਚਨ ਨੂੰ ਦਬਾ ਲੈਂਦੀਆਂ ਹਨ ਜਿਸ ਕਰਕੇ ਉਹ ਫਲ ਨਹੀਂ ਦਿੰਦਾ।”​—ਮਰ. 4:14, 18, 19.

6. ਅਸੀਂ ਬਾਰੂਕ ਤੋਂ ਕੀ ਸਬਕ ਸਿੱਖਦੇ ਹਾਂ?

6 ਜ਼ਰਾ ਯਿਰਮਿਯਾਹ ਦੇ ਸੈਕਟਰੀ ਬਾਰੂਕ ਦੀ ਮਿਸਾਲ ’ਤੇ ਗੌਰ ਕਰੋ। ਜਦੋਂ ਬਾਰੂਕ ਨੇ ਆਪਣੇ ਲਈ ‘ਵੱਡੀਆਂ ਚੀਜ਼ਾਂ ਲੱਭੀਆਂ,’ ਤਾਂ ਯਹੋਵਾਹ ਨੇ ਉਸ ਨੂੰ ਯਾਦ ਕਰਾਇਆ ਕਿ ਉਹ ਛੇਤੀ ਹੀ ਯਰੂਸ਼ਲਮ ਦਾ ਨਾਸ਼ ਕਰਨ ਵਾਲਾ ਸੀ। ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ ਉਸ ਦੀ ਜਾਨ ਬਚਾਵੇਗਾ। (ਯਿਰ. 45:1-5) ਪਰਮੇਸ਼ੁਰ ਨੇ ਯਰੂਸ਼ਲਮ ਦੇ ਨਾਸ਼ ਵੇਲੇ ਕਿਸੇ ਦੀ ਕੋਈ ਚੀਜ਼ ਨਹੀਂ ਬਚਾਉਣੀ ਸੀ। (ਯਿਰ. 20:5) ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਇਸ ਲਈ ਹੁਣ ਆਪਣੇ ਲਈ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਇਕੱਠੀਆਂ ਕਰਨ ਦਾ ਸਮਾਂ ਨਹੀਂ ਹੈ। ਸਾਨੂੰ ਇਸ ਧੋਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਸਾਡੀ ਕੋਈ ਵੀ ਚੀਜ਼, ਚਾਹੇ ਉਹ ਕਿੰਨੀ ਹੀ ਮਹਿੰਗੀ ਜਾਂ ਸਾਡੇ ਲਈ ਕਿੰਨੀ ਹੀ ਅਨਮੋਲ ਹੋਵੇ, ਮਹਾਂਕਸ਼ਟ ਵਿੱਚੋਂ ਬਚਾਈ ਜਾਵੇਗੀ।—ਕਹਾ. 11:4; ਮੱਤੀ 24:21, 22; ਲੂਕਾ 12:15.

7. ਅਸੀਂ ਅੱਗੇ ਕਿਨ੍ਹਾਂ ਗੱਲਾਂ ’ਤੇ ਸੋਚ-ਵਿਚਾਰ ਕਰਾਂਗੇ ਅਤੇ ਕਿਉਂ?

7 ਯਿਸੂ ਨੇ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਬਾਰੇ ਸਭ ਤੋਂ ਵਧੀਆ ਸਲਾਹ ਦਿੱਤੀ। ਉਸ ਨੇ ਦੱਸਿਆ ਕਿ ਸਾਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪਰਮੇਸ਼ੁਰ ਦੀ ਸੇਵਾ ਨੂੰ ਦਾਅ ’ਤੇ ਲਾਉਣ ਦੀ ਲੋੜ ਨਹੀਂ, ਨਾ ਹੀ ਧਨ-ਦੌਲਤ ਦੇ ਫੰਦੇ ਵਿਚ ਫਸਣ ਅਤੇ ਨਾ ਹੀ ਹੱਦੋਂ ਵੱਧ ਚਿੰਤਾ ਕਰਨ ਦੀ ਲੋੜ ਹੈ। ਉਸ ਨੇ ਇਹ ਸਲਾਹ ਆਪਣੇ ਪਹਾੜੀ ਉਪਦੇਸ਼ ਵਿਚ ਦਿੱਤੀ। (ਮੱਤੀ 6:19-21) ਆਓ ਆਪਾਂ ਮੱਤੀ 6:25-34 ਪੜ੍ਹੀਏ ਅਤੇ ਇਸ ’ਤੇ ਸੋਚ-ਵਿਚਾਰ ਕਰੀਏ। ਇੱਦਾਂ ਕਰ ਕੇ ਸਾਨੂੰ ਯਕੀਨ ਹੋਵੇਗਾ ਕਿ ਸਾਨੂੰ ਚੀਜ਼ਾਂ ਨੂੰ ਨਹੀਂ, ਸਗੋਂ ਪਰਮੇਸ਼ੁਰ ਦੇ ‘ਰਾਜ ਨੂੰ ਪਹਿਲ ਦੇਣੀ’ ਚਾਹੀਦੀ ਹੈ।​—ਲੂਕਾ 12:31.

ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਹੈ

8, 9. (ੳ) ਸਾਨੂੰ ਰੋਜ਼ ਦੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ? (ਅ) ਯਿਸੂ ਇਨਸਾਨਾਂ ਅਤੇ ਉਨ੍ਹਾਂ ਦੀਆਂ ਲੋੜਾਂ ਬਾਰੇ ਕੀ ਜਾਣਦਾ ਸੀ?

8 ਮੱਤੀ 6:25 ਪੜ੍ਹੋ। ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ ਉਹ “ਆਪਣੀ ਜ਼ਿੰਦਗੀ ਦੀ ਚਿੰਤਾ ਕਰਨੀ ਛੱਡ” ਦੇਣ। ਲੋਕ ਉਨ੍ਹਾਂ ਚੀਜ਼ਾਂ ਬਾਰੇ ਚਿੰਤਾ ਕਰ ਰਹੇ ਸਨ ਜਿਨ੍ਹਾਂ ਦੀ ਚਿੰਤਾ ਕਰਨ ਦੀ ਉਨ੍ਹਾਂ ਨੂੰ ਕੋਈ ਲੋੜ ਨਹੀਂ ਸੀ। ਯਿਸੂ ਨੇ ਉਨ੍ਹਾਂ ਦੇ ਭਲੇ ਲਈ ਉਨ੍ਹਾਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਸੀ। ਭਾਵੇਂ ਕਿ ਜ਼ਰੂਰੀ ਚੀਜ਼ਾਂ ਲਈ ਚਿੰਤਾ ਕਰਨੀ ਜਾਇਜ਼ ਹੈ, ਪਰ ਸਾਨੂੰ ਇਨ੍ਹਾਂ ਦੀ ਹੱਦੋਂ ਵੱਧ ਚਿੰਤਾ ਨਹੀਂ ਕਰਨੀ ਚਾਹੀਦੀ। ਕਿਉਂ? ਕਿਉਂਕਿ ਇੱਦਾਂ ਕਰ ਕੇ ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਨਹੀਂ ਦੇ ਸਕਾਂਗੇ। ਯਿਸੂ ਨੂੰ ਆਪਣੇ ਚੇਲਿਆਂ ਦੀ ਇੰਨੀ ਪਰਵਾਹ ਸੀ ਕਿ ਉਸ ਨੇ ਆਪਣੇ ਪਹਾੜੀ ਉਪਦੇਸ਼ ਵਿਚ ਇਸ ਖ਼ਤਰੇ ਬਾਰੇ ਚਾਰ ਤੋਂ ਜ਼ਿਆਦਾ ਵਾਰ ਚੇਤਾਵਨੀ ਦਿੱਤੀ।​—ਮੱਤੀ 6:27, 28, 31, 34.

9 ਯਿਸੂ ਨੇ ਕਿਉਂ ਕਿਹਾ ਸੀ ਕਿ ਸਾਨੂੰ ਇਸ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ ਜਾਂ ਕੀ ਪਹਿਨਾਂਗੇ? ਕੀ ਇਹ ਚੀਜ਼ਾਂ ਸਾਡੀ ਜ਼ਿੰਦਗੀ ਲਈ ਜ਼ਰੂਰੀ ਨਹੀਂ ਹਨ? ਬਿਲਕੁਲ ਹਨ। ਜੇ ਸਾਡੇ ਕੋਲ ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਪੈਸੇ ਹੀ ਨਹੀਂ ਹਨ, ਤਾਂ ਕੀ ਚਿੰਤਾ ਹੋਣੀ ਜਾਇਜ਼ ਨਹੀਂ ਹੈ? ਬਿਲਕੁਲ। ਯਿਸੂ ਵੀ ਇਹ ਗੱਲ ਜਾਣਦਾ ਸੀ। ਉਹ ਲੋਕਾਂ ਦੀਆਂ ਲੋੜਾਂ ਚੰਗੀ ਤਰ੍ਹਾਂ ਜਾਣਦਾ ਸੀ। ਇਸ ਤੋਂ ਵੀ ਵਧ, ਉਹ ਜਾਣਦਾ ਸੀ ਕਿ ‘ਆਖ਼ਰੀ ਦਿਨਾਂ’ ਵਿਚ ਉਸ ਦੇ ਚੇਲਿਆਂ ਨੂੰ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇਗਾ ਜੋ “ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ” ਹੋਣਗੇ। (2 ਤਿਮੋ. 3:1) ਇਨ੍ਹਾਂ ਆਖ਼ਰੀ ਦਿਨਾਂ ਵਿਚ ਲੋਕ ਅੱਤ ਗ਼ਰੀਬੀ, ਬੇਰੋਜ਼ਗਾਰੀ, ਮਹਿੰਗਾਈ, ਕਾਲ਼ ਅਤੇ ਇਨ੍ਹਾਂ ਵਰਗੀਆਂ ਹੋਰ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ। ਪਰ ਯਿਸੂ ਇਹ ਵੀ ਜਾਣਦਾ ਸੀ ਕਿ “ਜ਼ਿੰਦਗੀ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਜ਼ਿਆਦਾ ਅਹਿਮੀਅਤ” ਰੱਖਦਾ ਹੈ।

10. ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ, ਤਾਂ ਉਸ ਨੇ ਕਿਹੜੀ ਚੀਜ਼ ਨੂੰ ਪਹਿਲ ਦੇਣ ਬਾਰੇ ਕਿਹਾ?

10 ਯਿਸੂ ਨੇ ਆਪਣੇ ਉਪਦੇਸ਼ ਵਿਚ ਆਪਣੇ ਸੁਣਨ ਵਾਲਿਆਂ ਨੂੰ ਕਿਹਾ ਕਿ ਉਹ ਆਪਣੀਆਂ ਰੋਜ਼ ਦੀਆਂ ਲੋੜਾਂ ਬਾਰੇ ਆਪਣੇ ਸਵਰਗੀ ਪਿਤਾ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨ: “ਸਾਨੂੰ ਅੱਜ ਦੀ ਰੋਟੀ ਅੱਜ ਦੇ।” (ਮੱਤੀ 6:11) ਇਕ ਹੋਰ ਸਮੇਂ ’ਤੇ ਉਸ ਨੇ ਇੱਦਾਂ ਪ੍ਰਾਰਥਨਾ ਕਰਨ ਲਈ ਕਿਹਾ: “ਸਾਨੂੰ ਅੱਜ ਜੋਗੀ ਰੋਟੀ ਦੇ।” (ਲੂਕਾ 11:3) ਪਰ ਉਸ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਅਸੀਂ ਬੱਸ ਆਪਣੀਆਂ ਲੋੜਾਂ ਬਾਰੇ ਹੀ ਸੋਚਦੇ ਰਹੀਏ। ਪਰ ਯਿਸੂ ਨੇ ਉਸੇ ਪ੍ਰਾਰਥਨਾ ਵਿਚ ਇਸ ਗੱਲ ਨੂੰ ਪਹਿਲ ਦਿੱਤੀ ਕਿ ਪਰਮੇਸ਼ੁਰ ਦਾ ਰਾਜ ਆਵੇ। (ਮੱਤੀ 6:10; ਲੂਕਾ 11:2) ਆਪਣੇ ਸੁਣਨ ਵਾਲਿਆਂ ਨੂੰ ਹੌਸਲਾ ਦੇਣ ਲਈ ਯਿਸੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਯਹੋਵਾਹ ਹੀ ਇਨਸਾਨਾਂ ਅਤੇ ਜੀਵ-ਜੰਤੂਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ।

11, 12. ਯਹੋਵਾਹ ਜਿੱਦਾਂ ਪੰਛੀਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

11 ਮੱਤੀ 6:26 ਪੜ੍ਹੋ। ਸਾਨੂੰ “ਆਕਾਸ਼ ਦੇ ਪੰਛੀਆਂ ਵੱਲ ਧਿਆਨ ਨਾਲ” ਦੇਖਣਾ ਚਾਹੀਦਾ ਹੈ। ਭਾਵੇਂ ਉਹ ਛੋਟੇ ਜਿਹੇ ਹਨ, ਫਿਰ ਵੀ ਉਹ ਬਹੁਤ ਫਲ, ਬੀ, ਕੀੜੇ-ਮਕੌੜੇ ਜਾਂ ਗੰਡੋਏ ਖਾਂਦੇ ਹਨ। ਭਾਵੇਂ ਆਕਾਸ਼ ਦੇ ਪੰਛੀ ਇਨਸਾਨਾਂ ਨਾਲੋਂ ਛੋਟੇ ਹੁੰਦੇ ਹਨ, ਪਰ ਉਹ ਆਪਣੇ ਸਰੀਰ ਦੇ ਹਿਸਾਬ ਨਾਲ ਇਨਸਾਨਾਂ ਨਾਲੋਂ ਜ਼ਿਆਦਾ ਖਾਂਦੇ ਹਨ। ਪਰ ਉਹ ਨਾ ਤਾਂ ਜ਼ਮੀਨ ਵਾਹੁੰਦੇ ਤੇ ਨਾ ਹੀ ਬੀਜਦੇ ਹਨ, ਫਿਰ ਵੀ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ। (ਜ਼ਬੂ. 147:9) ਖਾਣਾ ਤਾਂ ਬਹੁਤ ਹੈ, ਪਰ ਪਰਮੇਸ਼ੁਰ ਉਨ੍ਹਾਂ ਦੀਆਂ ਚੁੰਝਾਂ ਵਿਚ ਖਾਣਾ ਨਹੀਂ ਪਾਉਂਦਾ। ਉਨ੍ਹਾਂ ਨੂੰ ਜਾ ਕੇ ਲੱਭਣ ਦੀ ਲੋੜ ਹੈ।

12 ਯਿਸੂ ਨੂੰ ਇਸ ਗੱਲ ਦਾ ਕੋਈ ਸ਼ੱਕ ਨਹੀਂ ਸੀ ਕਿ ਜੇ ਉਸ ਦਾ ਸਵਰਗੀ ਪਿਤਾ ਆਕਾਸ਼ ਦੇ ਪੰਛੀਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਤਾਂ ਉਹ ਇਨਸਾਨਾਂ ਦੀਆਂ ਲੋੜਾਂ ਵੀ ਜ਼ਰੂਰ ਪੂਰੀਆਂ ਕਰੇਗਾ।  [1] (1 ਪਤ. 5:6, 7) ਉਹ ਸਾਡੇ ਮੂੰਹ ਵਿਚ ਆ ਕੇ ਰੋਟੀ ਨਹੀਂ ਪਾਵੇਗਾ। ਇਸ ਦੀ ਬਜਾਇ, ਉਹ ਸਾਡੀ ਕਮਾਈ ’ਤੇ ਬਰਕਤ ਪਾਉਣ ਦੇ ਨਾਲ-ਨਾਲ ਫਲ-ਸਬਜ਼ੀਆਂ ਉਗਾਉਣ ਲਈ ਕੀਤੀਆਂ ਸਾਡੀਆਂ ਕੋਸ਼ਿਸ਼ਾਂ ’ਤੇ ਵੀ ਬਰਕਤ ਪਾ ਸਕਦਾ ਹੈ ਤਾਂਕਿ ਅਸੀਂ ਆਪਣੀਆਂ ਰੋਜ਼ ਦੀਆਂ ਲੋੜਾਂ ਪੂਰੀਆਂ ਕਰ ਸਕੀਏ। ਤੰਗੀ ਵੇਲੇ ਸ਼ਾਇਦ ਯਹੋਵਾਹ ਦੂਜਿਆਂ ਨੂੰ ਪ੍ਰੇਰੇ ਕਿ ਉਹ ਸਾਡੀ ਮਦਦ ਕਰਨ। ਭਾਵੇਂ ਕਿ ਯਿਸੂ ਨੇ ਇਹ ਨਹੀਂ ਕਿਹਾ ਕਿ ਯਹੋਵਾਹ ਪੰਛੀਆਂ ਨੂੰ ਘਰ ਦਿੰਦਾ ਹੈ, ਫਿਰ ਵੀ ਯਹੋਵਾਹ ਨੇ ਉਨ੍ਹਾਂ ਨੂੰ ਸਮਝ, ਕਾਬਲੀਅਤ ਅਤੇ ਸਾਰਾ ਕੁਝ ਦਿੱਤਾ ਹੈ ਤਾਂਕਿ ਉਹ ਆਪਣੇ ਰਹਿਣ ਲਈ ਆਲ੍ਹਣੇ ਬਣਾ ਸਕਣ। ਇਸੇ ਤਰ੍ਹਾਂ ਯਹੋਵਾਹ ਸਾਡੀ ਵੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਆਪਣੇ ਪਰਿਵਾਰ ਲਈ ਰਹਿਣ ਜੋਗੀ ਜਗ੍ਹਾ ਦਾ ਪ੍ਰਬੰਧ ਕਰ ਸਕੀਏ।

13. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਸੀਂ ਆਕਾਸ਼ ਦੇ ਪੰਛੀਆਂ ਨਾਲੋਂ ਉੱਤਮ ਹਾਂ?

13 ਯਿਸੂ ਨੇ ਆਪਣੇ ਸੁਣਨ ਵਾਲਿਆਂ ਤੋਂ ਪੁੱਛਿਆ: “ਕੀ ਤੁਸੀਂ [ਆਕਾਸ਼ ਦੇ ਪੰਛੀਆਂ] ਨਾਲੋਂ ਉੱਤਮ ਨਹੀਂ ਹੋ?” ਇਸ ਵਿਚ ਕੋਈ ਸ਼ੱਕ ਨਹੀਂ ਕਿ ਯਿਸੂ ਨੂੰ ਪਤਾ ਸੀ ਕਿ ਉਹ ਜਲਦੀ ਹੀ ਇਨਸਾਨਾਂ ਲਈ ਆਪਣੀ ਜਾਨ ਦੇਣ ਵਾਲਾ ਸੀ। (ਲੂਕਾ 12:6, 7 ਵਿਚ ਨੁਕਤਾ ਦੇਖੋ।) ਮਸੀਹ ਨੇ ਆਪਣੀ ਕੁਰਬਾਨੀ ਕਿਸੇ ਵੀ ਜੀਵ-ਜੰਤੂ ਜਾਂ ਪੰਛੀ ਲਈ ਨਹੀਂ, ਸਗੋਂ ਸਾਡੇ ਲਈ ਦਿੱਤੀ ਤਾਂਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣ ਸਕੀਏ।​—ਮੱਤੀ 20:28.

14. ਇਨਸਾਨ ਚਿੰਤਾ ਕਰ ਕੇ ਕੀ ਨਹੀਂ ਕਰ ਸਕਦਾ?

14 ਮੱਤੀ 6:27 ਪੜ੍ਹੋ। ਯਿਸੂ ਨੇ ਕਿਹਾ ਕਿ ਇਨਸਾਨ ਚਿੰਤਾ ਕਰ ਕੇ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਨਹੀਂ ਵਧਾ ਸਕਦਾ। ਇਸ ਦੀ ਬਜਾਇ, ਰੋਜ਼ਮੱਰਾ ਦੀਆਂ ਲੋੜਾਂ ਬਾਰੇ ਹੱਦੋਂ ਵੱਧ ਚਿੰਤਾ ਕਰ ਕੇ ਇਨਸਾਨ ਦੀ ਉਮਰ ਘੱਟ ਸਕਦੀ ਹੈ।

15, 16. (ੳ) ਯਹੋਵਾਹ ਜਿੱਦਾਂ ਜੰਗਲੀ ਫੁੱਲਾਂ ਦਾ ਖ਼ਿਆਲ ਰੱਖਦਾ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਅਸੀਂ ਆਪਣੇ ਆਪ ਤੋਂ ਕੀ ਪੁੱਛ ਸਕਦੇ ਹਾਂ ਅਤੇ ਕਿਉਂ?

15 ਮੱਤੀ 6:28-30 ਪੜ੍ਹੋ। ਸਾਡੇ ਵਿੱਚੋਂ ਕੌਣ ਸੋਹਣੇ ਕੱਪੜੇ ਨਹੀਂ ਪਾਉਣਾ ਚਾਹੁੰਦਾ, ਖ਼ਾਸ ਕਰਕੇ ਜਦੋਂ ਅਸੀਂ ਪ੍ਰਚਾਰ ਵਿਚ, ਸਭਾਵਾਂ ਵਿਚ ਅਤੇ ਸੰਮੇਲਨਾਂ ਵਿਚ ਜਾਂਦੇ ਹਾਂ? ਫਿਰ ਕੀ ਸਾਨੂੰ “ਕੱਪੜਿਆਂ ਦੀ ਚਿੰਤਾ” ਕਰਨੀ ਚਾਹੀਦੀ ਹੈ? ਯਿਸੂ ਨੇ ਦੁਬਾਰਾ ਸਾਡਾ ਧਿਆਨ ਯਹੋਵਾਹ ਦੀ ਸ੍ਰਿਸ਼ਟੀ ਵੱਲ ਖਿੱਚਿਆ। ਉਸ ਨੇ “ਜੰਗਲੀ ਫੁੱਲਾਂ” ਦੀ ਮਿਸਾਲ ਦਿੱਤੀ। ਇਹ ਫੁੱਲ ਨਾ ਤਾਂ ਕੱਤਦੇ ਹਨ ਤੇ ਨਾ ਹੀ ਆਪਣੇ ਲਈ ਕੱਪੜੇ ਸੀਉਂਦੇ ਹਨ। ਪਰ ਫੁੱਲਾਂ ਦੀ ਬਹਾਰ ਦੇਖਣ ਵਾਲੀ ਹੁੰਦੀ ਹੈ। ਇਸ ਲਈ ਯਿਸੂ ਨੇ ਕਿਹਾ ਸੀ ਕਿ “ਰਾਜਾ ਸੁਲੇਮਾਨ ਨੇ ਵੀ ਕਦੇ ਇਨ੍ਹਾਂ ਫੁੱਲਾਂ ਜਿੰਨੇ ਸ਼ਾਨਦਾਰ ਕੱਪੜੇ ਨਹੀਂ ਪਾਏ, ਭਾਵੇਂ ਉਸ ਦੀ ਇੰਨੀ ਸ਼ਾਨੋ-ਸ਼ੌਕਤ ਸੀ!”

16 ਯਿਸੂ ਨੇ ਜੋ ਅੱਗੇ ਕਿਹਾ ਉਸ ਬਾਰੇ ਸੋਚੋ: ‘ਜੇ ਪਰਮੇਸ਼ੁਰ ਜੰਗਲੀ ਪੇੜ-ਪੌਦਿਆਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ, ਤਾਂ ਹੇ ਥੋੜ੍ਹੀ ਨਿਹਚਾ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ?’ ਬਿਨਾਂ ਸ਼ੱਕ ਉਹ ਤੁਹਾਨੂੰ ਜ਼ਰੂਰ ਦੇਵੇਗਾ! ਪਰ ਯਿਸੂ ਦੇ ਚੇਲਿਆਂ ਵਿਚ ਨਿਹਚਾ ਦੀ ਘਾਟ ਸੀ। (ਮੱਤੀ 8:26; 14:31; 16:8; 17:20) ਉਨ੍ਹਾਂ ਨੂੰ ਯਹੋਵਾਹ ਉੱਤੇ ਆਪਣੀ ਨਿਹਚਾ ਅਤੇ ਭਰੋਸਾ ਹੋਰ ਪੱਕਾ ਕਰਨ ਦੀ ਲੋੜ ਸੀ। ਸਾਡੇ ਬਾਰੇ ਕੀ? ਕੀ ਸਾਡੀ ਨਿਹਚਾ ਇੰਨੀ ਮਜ਼ਬੂਤ ਹੈ ਕਿ ਅਸੀਂ ਇਸ ਗੱਲ ’ਤੇ ਯਕੀਨ ਕਰਦੇ ਹਾਂ ਕਿ ਯਹੋਵਾਹ ਸਾਡੀਆਂ ਲੋੜਾਂ ਨਾ ਸਿਰਫ਼ ਪੂਰੀਆਂ ਕਰਨੀਆਂ ਚਾਹੁੰਦਾ ਹੈ, ਸਗੋਂ ਉਹ ਕਰ ਵੀ ਸਕਦਾ ਹੈ?

17. ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਕਿਵੇਂ ਖ਼ਰਾਬ ਹੋ ਸਕਦਾ ਹੈ?

17 ਮੱਤੀ 6:31, 32 ਪੜ੍ਹੋ। ਸਾਡਾ ਪਿਆਰਾ ਸਵਰਗੀ ਪਿਤਾ ਉਨ੍ਹਾਂ ਲੋਕਾਂ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਰਾਜ ਨੂੰ ਪਹਿਲ ਦਿੰਦੇ ਹਨ। ਪਰ “ਦੁਨੀਆਂ ਦੇ ਲੋਕ” ਇਸ ਗੱਲ ਨੂੰ ਨਹੀਂ ਮੰਨਦੇ ਅਤੇ ਸਾਨੂੰ ਇਨ੍ਹਾਂ ਵਰਗੀ ਸੋਚ ਨਹੀਂ ਰੱਖਣੀ ਚਾਹੀਦੀ। ਯਹੋਵਾਹ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇਗਾ ਜੇ ਅਸੀਂ ‘ਦੁਨੀਆਂ ਦੇ ਲੋਕਾਂ ਵਾਂਗ ਚੀਜ਼ਾਂ ਦੇ ਪਿੱਛੇ ਭੱਜਾਂਗੇ।’ ਪਰ ਜੇ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਵਾਂਗੇ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ। ਨਾਲੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਨਾਲ ਇਕ ਚੰਗਾ ਰਿਸ਼ਤਾ ਜੋੜ ਕੇ ਹੀ ਸਾਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਇਸ ਕਰਕੇ ਸਾਨੂੰ “ਰੋਟੀ, ਕੱਪੜਾ ਤੇ ਮਕਾਨ” ਵਿਚ ਹੀ ਸੰਤੋਖ ਰੱਖਣਾ ਚਾਹੀਦਾ ਹੈ।​—1 ਤਿਮੋ. 6:6-8.

ਕੀ ਮੈਂ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦਾ ਹਾਂ?

18. ਯਹੋਵਾਹ ਸਾਡੇ ਸਾਰਿਆਂ ਬਾਰੇ ਕੀ ਜਾਣਦਾ ਹੈ ਅਤੇ ਉਹ ਸਾਡੇ ਲਈ ਕੀ ਕਰੇਗਾ?

18 ਮੱਤੀ 6:33 ਪੜ੍ਹੋ। ਮਸੀਹ ਦੇ ਚੇਲਿਆਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਯਿਸੂ ਦੇ ਕਹੇ ਮੁਤਾਬਕ ਸਾਨੂੰ ‘ਸਭ ਚੀਜ਼ਾਂ ਦਿੱਤੀਆਂ ਜਾਣਗੀਆਂ।’ ਉਸ ਨੇ ਇੱਦਾਂ ਕਿਉਂ ਕਿਹਾ ਸੀ? ਉਸ ਨੇ 32ਵੀਂ ਆਇਤ ਵਿਚ ਸਮਝਾਇਆ ਸੀ: “ਤੁਹਾਡੇ ਸਵਰਗੀ ਪਿਤਾ ਨੂੰ ਪਤਾ ਹੈ ਕਿ ਤੁਹਾਨੂੰ ਇਨ੍ਹਾਂ ਸਭ ਚੀਜ਼ਾਂ ਦੀ ਲੋੜ ਹੈ।” ਯਹੋਵਾਹ ਸਾਡੇ ਤੋਂ ਪਹਿਲਾਂ ਸਾਡੀਆਂ ਖਾਣ-ਪੀਣ, ਪਹਿਨਣ ਤੇ ਰਹਿਣ ਦੀਆਂ ਲੋੜਾਂ ਜਾਣਦਾ ਹੈ। (ਫ਼ਿਲਿ. 4:19) ਉਹ ਜਾਣਦਾ ਹੈ ਕਿ ਸਾਨੂੰ ਕਦੋਂ ਹੋਰ ਕੱਪੜਿਆਂ ਦੀ ਲੋੜ ਹੈ ਅਤੇ ਖਾਣ-ਪੀਣ ਲਈ ਕੀ ਚਾਹੀਦਾ ਹੈ। ਨਾਲੇ ਉਹ ਜਾਣਦਾ ਹੈ ਕਿ ਸਾਡੇ ਪਰਿਵਾਰ ਨੂੰ ਰਹਿਣ ਲਈ ਕਿੰਨੀ ਕੁ ਜਗ੍ਹਾ ਚਾਹੀਦੀ ਹੈ। ਯਹੋਵਾਹ ਸਾਡੀ ਉਹ ਹਰ ਲੋੜ ਪੂਰੀ ਕਰੇਗਾ ਜਿਸ ਦੀ ਸਾਨੂੰ ਜ਼ਰੂਰਤ ਹੈ।

19. ਸਾਨੂੰ ਕੱਲ੍ਹ ਦੀ ਚਿੰਤਾ ਕਿਉਂ ਨਹੀਂ ਕਰਨੀ ਚਾਹੀਦੀ?

19 ਮੱਤੀ 6:34 ਪੜ੍ਹੋ। ਗੌਰ ਕਰੋ ਕਿ ਯਿਸੂ ਨੇ ਇਕ ਵਾਰ ਫਿਰ ਕਿਹਾ ਕਿ ‘ਕਦੇ ਵੀ ਚਿੰਤਾ ਨਾ ਕਰੋ।’ ਉਹ ਸਾਨੂੰ ਸਲਾਹ ਦੇ ਰਿਹਾ ਹੈ ਕਿ ਸਾਨੂੰ ਯਹੋਵਾਹ ’ਤੇ ਭਰੋਸਾ ਰੱਖਦੇ ਹੋਏ ਅੱਜ ਦੀਆਂ ਪਰੇਸ਼ਾਨੀਆਂ ਦਾ ਸਾਮ੍ਹਣਾ ਕਰਨਾ ਚਾਹੀਦਾ ਹੈ। ਜੇ ਕੋਈ ਵਿਅਕਤੀ ਕੱਲ੍ਹ ਦੀ ਹੱਦੋਂ ਵੱਧ ਚਿੰਤਾ ਕਰਦਾ ਹੈ, ਤਾਂ ਉਹ ਪਰਮੇਸ਼ੁਰ ਉੱਤੇ ਭਰੋਸਾ ਰੱਖਣ ਦੀ ਬਜਾਇ ਸ਼ਾਇਦ ਆਪਣੇ ਉੱਤੇ ਹੀ ਭਰੋਸਾ ਰੱਖ ਰਿਹਾ ਹੋਵੇ। ਇੱਦਾਂ ਕਰ ਕੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਖ਼ਰਾਬ ਹੋ ਸਕਦਾ ਹੈ।​—ਕਹਾ. 3:5, 6; ਫ਼ਿਲਿ. 4:6, 7.

ਰਾਜ ਨੂੰ ਪਹਿਲ ਦਿਓ ਅਤੇ ਯਹੋਵਾਹ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ

ਕੀ ਤੁਸੀਂ ਆਪਣੀ ਜ਼ਿੰਦਗੀ ਸਾਦੀ ਕਰ ਸਕਦੇ ਹੋ ਤਾਂਕਿ ਤੁਸੀਂ ਰਾਜ ਦੇ ਕੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈ ਸਕੋ? (ਪੈਰਾ 20 ਦੇਖੋ)

20. (ੳ) ਤੁਸੀਂ ਯਹੋਵਾਹ ਦੀ ਸੇਵਾ ਵਿਚ ਕਿਹੜਾ ਟੀਚਾ ਰੱਖ ਸਕਦੇ ਹੋ? (ਅ) ਤੁਸੀਂ ਆਪਣੀ ਜ਼ਿੰਦਗੀ ਸਾਦੀ ਕਿਵੇਂ ਕਰ ਸਕਦੇ ਹੋ?

20 ਜੇ ਅਸੀਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਲਈ ਰਾਜ ਦੇ ਕੰਮਾਂ ਨੂੰ ਪਿੱਛੇ ਛੱਡ ਦੇਈਏ, ਤਾਂ ਇਹ ਮੂਰਖਤਾਈ ਹੋਵੇਗੀ। ਸਾਨੂੰ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ। ਮਿਸਾਲ ਲਈ, ਕੀ ਤੁਸੀਂ ਉਸ ਮੰਡਲੀ ਵਿਚ ਸੇਵਾ ਕਰਨ ਲਈ ਜਾ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਕੀ ਤੁਸੀਂ ਪਾਇਨੀਅਰਿੰਗ ਕਰ ਸਕਦੇ ਹੋ? ਜੇ ਤੁਸੀਂ ਪਾਇਨੀਅਰਿੰਗ ਕਰ ਰਹੇ ਹੋ, ਤਾਂ ਕੀ ਤੁਸੀਂ ਰਾਜ ਦੇ ਪ੍ਰਚਾਰਕਾਂ ਲਈ ਰੱਖੇ ਸਕੂਲ ਵਿਚ ਜਾਣ ਬਾਰੇ ਸੋਚਿਆ ਹੈ? ਕੀ ਤੁਸੀਂ ਇਕ ਜਾਂ ਜ਼ਿਆਦਾ ਦਿਨ ਬੈਥਲ ਜਾਂ ਟ੍ਰਾਂਸਲੇਸ਼ਨ ਆਫ਼ਿਸ ਵਿਚ ਸੇਵਾ ਕਰ ਸਕਦੇ ਹੋ? ਕੀ ਤੁਸੀਂ ਕਿੰਗਡਮ ਹਾਲ ਦੇ ਉਸਾਰੀ ਕੰਮ (ਸਥਾਨਕ ਡੀਜ਼ਾਈਨ/ਉਸਾਰੀ ਵਲੰਟੀਅਰ) ਵਿਚ ਹਿੱਸਾ ਲੈ ਸਕਦੇ ਹੋ? ਸੋਚੋ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸਾਦਾ ਕਰਨ ਲਈ ਕੀ ਕਰ ਸਕਦੇ ਹੋ ਤਾਂਕਿ ਤੁਸੀਂ ਵਧ-ਚੜ੍ਹ ਕੇ ਰਾਜ ਦੇ ਕੰਮ ਕਰ ਸਕੋ। “ਜ਼ਿੰਦਗੀ ਸਾਦੀ ਕਿਵੇਂ ਕਰੀਏ?” ਨਾਂ ਦੀ ਡੱਬੀ ’ਤੇ ਪ੍ਰਾਰਥਨਾ ਕਰ ਕੇ ਸੋਚ-ਵਿਚਾਰ ਕਰੋ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਕਦਮ ਚੁੱਕੋ।

21. ਕਿਹੜੀਆਂ ਗੱਲਾਂ ਤੁਹਾਡੀ ਯਹੋਵਾਹ ਦੇ ਨੇੜੇ ਜਾਣ ਵਿਚ ਮਦਦ ਕਰਨਗੀਆਂ?

21 ਯਿਸੂ ਨੇ ਸਾਡੇ ਭਲੇ ਲਈ ਕਿਹਾ ਸੀ ਕਿ ਚੀਜ਼ਾਂ ਨੂੰ ਨਹੀਂ, ਸਗੋਂ ਰਾਜ ਨੂੰ ਪਹਿਲ ਦਿਓ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਸਾਨੂੰ ਆਪਣੀਆਂ ਲੋੜਾਂ ਬਾਰੇ ਕਦੀ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਯਹੋਵਾਹ ਉੱਤੇ ਪੱਕਾ ਭਰੋਸਾ ਰੱਖ ਕੇ ਅਸੀਂ ਉਸ ਦੇ ਹੋਰ ਵੀ ਨੇੜੇ ਜਾਂਦੇ ਹਾਂ। ਨਾਲੇ ਅਸੀਂ ਉਦੋਂ ਵੀ ਯਹੋਵਾਹ ਦੇ ਹੋਰ ਨੇੜੇ ਜਾਂਦੇ ਹਾਂ, ਜਦੋਂ ਅਸੀਂ ਦੁਨੀਆਂ ਦੀ ਹਰ ਚੀਜ਼ ਨਹੀਂ ਖ਼ਰੀਦਦੇ ਜਾਂ ਹਰ ਛੋਟੀ ਤੋਂ ਛੋਟੀ ਇੱਛਾ ਪੂਰੀ ਨਹੀਂ ਕਰਦੇ, ਚਾਹੇ ਇੱਦਾਂ ਕਰਨ ਲਈ ਸਾਡੇ ਕੋਲ ਪੈਸੇ ਹੋਣ। ਅੱਜ ਤੋਂ ਹੀ ਆਪਣੀ ਜ਼ਿੰਦਗੀ ਸਾਦੀ ਕਰ ਕੇ ਅਸੀਂ “ਅਸਲੀ ਜ਼ਿੰਦਗੀ ਨੂੰ ਘੁੱਟ ਕੇ ਫੜ” ਸਕਦੇ ਹਾਂ ਜੋ ਸਾਨੂੰ ਭਵਿੱਖ ਵਿਚ ਮਿਲਣ ਵਾਲੀ ਹੈ।​—1 ਤਿਮੋ. 6:19.

^ [1] (ਪੈਰਾ 12) ਇਹ ਗੱਲ ਸਮਝਣ ਲਈ ਕਿ ਯਹੋਵਾਹ ਕਈ ਵਾਰ ਸ਼ਾਇਦ ਕਿਸੇ ਮਸੀਹੀ ’ਤੇ ਖਾਣੇ ਦੀ ਤੰਗੀ ਕਿਉਂ ਆਉਣ ਦਿੰਦਾ ਹੈ, ਪਹਿਰਾਬੁਰਜ 15 ਸਤੰਬਰ 2014 ਦੇ ਸਫ਼ੇ 22 ’ਤੇ “ਪਾਠਕਾਂ ਵੱਲੋਂ ਸਵਾਲ” ਦੇਖੋ।