Skip to content

Skip to table of contents

ਸਾਨੂੰ “ਖ਼ਬਰਦਾਰ” ਕਿਉਂ ਰਹਿਣਾ ਚਾਹੀਦਾ ਹੈ?

ਸਾਨੂੰ “ਖ਼ਬਰਦਾਰ” ਕਿਉਂ ਰਹਿਣਾ ਚਾਹੀਦਾ ਹੈ?

“ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ।”​—ਮੱਤੀ 24:42.

ਗੀਤ: 16, 54

1. ਮਿਸਾਲ ਦੇ ਕੇ ਸਮਝਾਓ ਕਿ ਸਾਨੂੰ ਆਪਣੇ ਆਲੇ-ਦੁਆਲੇ ਅਤੇ ਸਮੇਂ ਦਾ ਧਿਆਨ ਕਿਉਂ ਰੱਖਣਾ ਚਾਹੀਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

ਜਦੋਂ ਇਕ ਭਰਾ ਸਟੇਜ ’ਤੇ ਆ ਕੇ ਸਾਰਿਆਂ ਦਾ ਸੁਆਗਤ ਕਰਦਾ ਹੈ, ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਵੱਡਾ ਸੰਮੇਲਨ ਸ਼ੁਰੂ ਹੋਣ ਹੀ ਵਾਲਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀਆਂ-ਆਪਣੀਆਂ ਸੀਟਾਂ ’ਤੇ ਬਹਿ ਜਾਣਾ ਚਾਹੀਦਾ ਹੈ ਤਾਂਕਿ ਅਸੀਂ ਅਮਰੀਕਾ ਦੇ ਸ਼ਾਖ਼ਾ ਦਫ਼ਤਰ ਵਿਚ ਤਿਆਰ ਕੀਤੇ ਗਏ ਸੰਗੀਤ ਦਾ ਮਜ਼ਾ ਲੈ ਸਕੀਏ। ਨਾਲੇ ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਪ੍ਰੋਗ੍ਰਾਮ ਸੁਣਨ ਲਈ ਆਪਣੇ ਮਨ ਨੂੰ ਤਿਆਰ ਕਰ ਸਕੀਏ। ਪਰ ਕੀ ਤੁਸੀਂ ਕਦੇ ਦੇਖਿਆ ਕਿ ਕੁਝ ਭੈਣਾਂ-ਭਰਾਵਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਪ੍ਰੋਗ੍ਰਾਮ ਸ਼ੁਰੂ ਹੋ ਗਿਆ ਹੈ, ਉਹ ਇੱਧਰ-ਉੱਧਰ ਘੁੰਮਦੇ ਰਹਿੰਦੇ ਹਨ ਜਾਂ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਰਹਿੰਦੇ ਹਨ? ਇਹ ਭੈਣ-ਭਰਾ ਧਿਆਨ ਨਹੀਂ ਦਿੰਦੇ ਕਿ ਉਨ੍ਹਾਂ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਨਾਲ ਕੀ ਹੋ ਸਕਦਾ ਹੈ ਜੇ ਅਸੀਂ ਧਿਆਨ ਨਹੀਂ ਦਿੰਦੇ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਹੈ। ਇਹ ਸਾਡੇ ਲਈ ਇਕ ਸਬਕ ਹੈ ਕਿਉਂਕਿ ਬਹੁਤ ਜਲਦੀ ਸੰਮੇਲਨ ਦੇ ਦਿਨ ਤੋਂ ਵੀ ਇਕ ਵੱਡਾ ਦਿਨ ਆਉਣ ਵਾਲਾ ਹੈ ਜਿਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ। ਇਹ ਵੱਡਾ ਦਿਨ ਕਿਹੜਾ ਹੈ?

2. ਯਿਸੂ ਨੇ ਆਪਣੇ ਚੇਲਿਆਂ ਨੂੰ ‘ਖ਼ਬਰਦਾਰ ਰਹਿਣ’ ਬਾਰੇ ਕਿਉਂ ਕਿਹਾ?

2 “ਯੁਗ ਦੇ ਆਖ਼ਰੀ ਸਮੇਂ” ਬਾਰੇ ਗੱਲ ਕਰਦਿਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਖ਼ਬਰਦਾਰ ਰਹੋ, ਜਾਗਦੇ ਰਹੋ, ਕਿਉਂਕਿ ਤੁਸੀਂ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਨੂੰ ਨਹੀਂ ਜਾਣਦੇ।” ਯਿਸੂ ਨੇ ਉਨ੍ਹਾਂ ਨੂੰ ਕਈ ਵਾਰ ਕਿਹਾ: “ਖ਼ਬਰਦਾਰ ਰਹੋ।” (ਮੱਤੀ 24:3; ਮਰਕੁਸ 13:32-37 ਪੜ੍ਹੋ।) ਮੱਤੀ ਦੀ ਕਿਤਾਬ ਤੋਂ ਵੀ ਪਤਾ ਲੱਗਦਾ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਜਾਗਦੇ ਰਹਿਣ ਬਾਰੇ ਚੇਤਾਵਨੀ ਦਿੱਤੀ: “ਖ਼ਬਰਦਾਰ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਵੇਗਾ। . . . ਇਸ ਲਈ ਤੁਸੀਂ ਵੀ ਹਮੇਸ਼ਾ ਤਿਆਰ ਰਹੋ, ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੋਗੇ।” ਫਿਰ ਉਸ ਨੇ ਕਿਹਾ: “ਇਸ ਲਈ, ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਦਿਨ ਅਤੇ ਵੇਲਾ ਕਦੋਂ ਆਵੇਗਾ।”​—ਮੱਤੀ 24:42-44; 25:13.

3. ਅਸੀਂ ਯਿਸੂ ਦੀ ਚੇਤਾਵਨੀ ਵੱਲ ਧਿਆਨ ਕਿਉਂ ਦਿੰਦੇ ਹਾਂ?

3 ਯਹੋਵਾਹ ਦੇ ਗਵਾਹ ਹੋਣ ਦੇ ਨਾਤੇ ਅਸੀਂ ਯਿਸੂ ਦੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ “ਓੜਕ ਦੇ ਸਮੇਂ” ਵਿਚ ਰਹਿ ਰਹੇ ਹਾਂ ਅਤੇ “ਮਹਾਂਕਸ਼ਟ” ਸ਼ੁਰੂ ਹੋਣ ਵਿਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ। (ਦਾਨੀ. 12:4; ਮੱਤੀ 24:21) ਅਸੀਂ ਦੇਖਦੇ ਹਾਂ ਕਿ ਦੁਨੀਆਂ ਭਰ ਵਿਚ ਯੁੱਧ, ਅਨੈਤਿਕਤਾ, ਬੁਰਾਈ, ਕਾਲ਼, ਭੁਚਾਲ਼ ਅਤੇ ਝੂਠੇ ਨਬੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਾਲੇ ਯਹੋਵਾਹ ਦੇ ਲੋਕ ਹਰ ਜਗ੍ਹਾ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਵੱਡੇ ਪੱਧਰ ’ਤੇ ਕਰ ਰਹੇ ਹਨ। (ਮੱਤੀ 24:7, 11, 12, 14; ਲੂਕਾ 21:11) ਅਸੀਂ ਹੁਣ ਬੇਸਬਰੀ ਨਾਲ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਯਿਸੂ ਆਵੇਗਾ ਅਤੇ ਆਪਣੇ ਪਿਤਾ ਦਾ ਮਕਸਦ ਪੂਰਾ ਕਰੇਗਾ।​—ਮਰ. 13:26, 27.

ਉਹ ਦਿਨ ਨੇੜੇ ਆ ਰਿਹਾ ਹੈ

4. (ੳ) ਅਸੀਂ ਕਿਉਂ ਵਿਸ਼ਵਾਸ ਰੱਖ ਸਕਦੇ ਹਾਂ ਕਿ ਹੁਣ ਯਿਸੂ ਜਾਣਦਾ ਹੈ ਕਿ ਆਰਮਾਗੇਡਨ ਦੀ ਲੜਾਈ ਕਦੋਂ ਸ਼ੁਰੂ ਹੋਵੇਗੀ? (ਅ) ਭਾਵੇਂ ਕਿ ਅਸੀਂ ਨਹੀਂ ਜਾਣਦੇ ਕਿ ਮਹਾਂਕਸ਼ਟ ਕਦੋਂ ਸ਼ੁਰੂ ਹੋਵੇਗਾ, ਪਰ ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ?

4 ਅਸੀਂ ਜਾਣਦੇ ਹਾਂ ਕਿ ਹਰ ਵੱਡਾ ਸੰਮੇਲਨ ਤੈਅ ਕੀਤੇ ਸਮੇਂ ’ਤੇ ਸ਼ੁਰੂ ਹੁੰਦਾ ਹੈ। ਅਸੀਂ ਜਿੰਨੇ ਮਰਜ਼ੀ ਤੁੱਕੇ ਲਾ ਲਈਏ, ਪਰ ਅਸੀਂ ਕਦੀ ਵੀ ਇਹ ਨਹੀਂ ਜਾਣ ਸਕਦੇ ਕਿ ਮਹਾਂਕਸ਼ਟ ਕਿਸ ਸਾਲ, ਕਿਸ ਦਿਨ ਜਾਂ ਕਿਸ ਵੇਲੇ ਸ਼ੁਰੂ ਹੋਵੇਗਾ। ਧਰਤੀ ’ਤੇ ਹੁੰਦਿਆਂ ਯਿਸੂ ਨੇ ਕਿਹਾ: “ਉਸ ਦਿਨ ਜਾਂ ਉਸ ਵੇਲੇ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।” (ਮੱਤੀ 24:36) ਯਿਸੂ ਨੂੰ ਸ਼ੈਤਾਨ ਦੀ ਦੁਨੀਆਂ ਖ਼ਿਲਾਫ਼ ਲੜਨ ਦਾ ਅਧਿਕਾਰ ਦਿੱਤਾ ਗਿਆ ਹੈ। (ਪ੍ਰਕਾ. 19:11-16) ਇਸ ਲਈ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਹੁਣ ਯਿਸੂ ਜਾਣਦਾ ਹੈ ਕਿ ਆਰਮਾਗੇਡਨ ਦੀ ਲੜਾਈ ਕਦੋਂ ਸ਼ੁਰੂ ਹੋਵੇਗੀ। ਪਰ ਅਸੀਂ ਉਸ ਸਮੇਂ ਬਾਰੇ ਨਹੀਂ ਜਾਣਦੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਮਹਾਂਕਸ਼ਟ ਆਉਣ ਤਕ ਖ਼ਬਰਦਾਰ ਰਹੀਏ। ਯਹੋਵਾਹ ਨੂੰ ਹਮੇਸ਼ਾ ਤੋਂ ਪਤਾ ਹੈ ਕਿ ਉਹ ਸਮਾਂ ਕਦੋਂ ਆਵੇਗਾ। ਉਸ ਨੇ ਹੀ ਸਮਾਂ ਤੈਅ ਕੀਤਾ ਹੈ ਕਿ ਅੰਤ ਕਦੋਂ ਆਵੇਗਾ। ਯਹੋਵਾਹ ਇਕ-ਇਕ ਦਿਨ ਗਿਣ ਰਿਹਾ ਹੈ ਕਿ ਕਦੋਂ ਮਹਾਂਕਸ਼ਟ ਸ਼ੁਰੂ ਹੋਵੇਗਾ ਅਤੇ “ਉਹ ਚਿਰ ਨਾ ਲਾਵੇਗਾ।” (ਹਬੱਕੂਕ 2:1-3 ਪੜ੍ਹੋ।) ਅਸੀਂ ਇਸ ਗੱਲ ਦਾ ਯਕੀਨ ਕਿਉਂ ਰੱਖ ਸਕਦੇ ਹਾਂ?

5. ਇਕ ਉਦਾਹਰਣ ਦੇ ਕੇ ਸਮਝਾਓ ਕਿ ਯਹੋਵਾਹ ਵੱਲੋਂ ਕੀਤੀਆਂ ਭਵਿੱਖਬਾਣੀਆਂ ਹਮੇਸ਼ਾ ਸਮੇਂ ਸਿਰ ਪੂਰੀਆਂ ਹੋਈਆਂ ਹਨ।

5 ਯਹੋਵਾਹ ਵੱਲੋਂ ਕੀਤੀਆਂ ਭਵਿੱਖਬਾਣੀਆਂ ਹਮੇਸ਼ਾ ਸਮੇਂ ਸਿਰ ਪੂਰੀਆਂ ਹੋਈਆਂ ਹਨ। ਜ਼ਰਾ ਗੌਰ ਕਰੋ ਕਿ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਮਿਸਰ ਦੇਸ਼ ਤੋਂ ਛੁਡਾਉਣ ਦੀ ਭਵਿੱਖਬਾਣੀ ਸਮੇਂ ’ਤੇ ਪੂਰੀ ਕੀਤੀ ਸੀ। 14 ਨੀਸਾਨ 1513 ਈਸਵੀ ਪੂਰਵ ਬਾਰੇ ਮੂਸਾ ਨੇ ਪਹਿਲਾਂ ਹੀ ਕਿਹਾ ਸੀ: “ਚਾਰ ਸੌ ਤੀਹ ਵਰਿਹਾਂ ਦੇ ਅੰਤ ਵਿੱਚ ਐਉਂ ਹੋਇਆ ਕਿ ਉਸੇ ਦਿਨ ਯਹੋਵਾਹ ਦੀਆਂ ਸਾਰੀਆਂ ਸੈਨਾਂ ਮਿਸਰ ਦੇਸ ਤੋਂ ਨਿੱਕਲ ਗਈਆਂ।” (ਕੂਚ 12:40-42) ਇਹ ‘ਚਾਰ ਸੌ ਤੀਹ ਵਰ੍ਹੇ’ ਉਦੋਂ ਸ਼ੁਰੂ ਹੋਏ ਜਦੋਂ 1943 ਈਸਵੀ ਪੂਰਵ ਵਿਚ ਯਹੋਵਾਹ ਵੱਲੋਂ ਕੀਤਾ ਅਬਰਾਹਾਮ ਨਾਲ ਇਕਰਾਰ ਪੂਰਾ ਹੋਣਾ ਸ਼ੁਰੂ ਹੋਇਆ। (ਗਲਾ. 3:17, 18) ਕੁਝ ਸਮੇਂ ਬਾਅਦ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ: “ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪਰਾਏ ਦੇਸ਼ ਵਿਚ ਪਰਦੇਸੀਆਂ ਵਜੋਂ ਰਹਿਣਗੀਆਂ ਅਤੇ ਲੋਕ ਉਨ੍ਹਾਂ ਨੂੰ ਗ਼ੁਲਾਮ ਬਣਾਉਣਗੇ ਅਤੇ ਉਨ੍ਹਾਂ ਨੂੰ 400 ਸਾਲ ਦੁੱਖ ਦੇਣਗੇ।” (ਉਤ. 15:13; ਰਸੂ. 7:6) ਲੱਗਦਾ ਹੈ ਕਿ ਇਹ ਦੁੱਖ ਦੇ “400 ਸਾਲ” 1913 ਈਸਵੀ ਪੂਰਵ ਵਿਚ ਸ਼ੁਰੂ ਹੋਏ ਜਦੋਂ ਇਸਹਾਕ ਦੇ ਦੁੱਧ ਛੁਡਾਏ ਜਾਣ ’ਤੇ ਇਸ਼ਮਾਏਲ ਨੇ ਉਸ ਦਾ ਮਜ਼ਾਕ ਉਡਾਇਆ ਸੀ। ਇਹ ਦੁੱਖ ਦੇ ਸਾਲ 1513 ਈਸਵੀ ਪੂਰਵ ਵਿਚ ਖ਼ਤਮ ਹੋਏ ਜਦੋਂ ਇਜ਼ਰਾਈਲੀ ਮਿਸਰ ਦੇਸ਼ ਵਿੱਚੋਂ ਨਿਕਲੇ। (ਉਤ. 21:8-10; ਗਲਾ. 4:22-29) ਜੀ ਹਾਂ, 400 ਸਾਲ ਪਹਿਲਾਂ ਹੀ ਯਹੋਵਾਹ ਨੇ ਆਪਣੇ ਲੋਕਾਂ ਨੂੰ ਛੁਡਾਉਣ ਦਾ ਸਮਾਂ ਤੈਅ ਕਰ ਲਿਆ ਸੀ।

6. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਵੇਗਾ?

6 ਮਿਸਰ ਵਿੱਚੋਂ ਆਜ਼ਾਦ ਹੋਏ ਲੋਕਾਂ ਵਿਚ ਯਹੋਸ਼ੁਆ ਵੀ ਸੀ ਅਤੇ ਉਸ ਨੇ ਸਾਰੇ ਇਜ਼ਰਾਈਲੀਆਂ ਨੂੰ ਯਾਦ ਕਰਾਇਆ: “ਤੁਸੀਂ ਆਪਣੇ ਸਾਰੇ ਮਨਾਂ ਵਿੱਚ ਅਤੇ ਆਪਣੀਆਂ ਸਾਰੀਆਂ ਜਾਨਾਂ ਵਿੱਚ ਜਾਣਦੇ ਹੋ ਭਈ ਏਹਨਾਂ ਸਾਰਿਆਂ ਚੰਗਿਆਂ ਬਚਨਾਂ ਵਿੱਚ ਇੱਕ ਬਚਨ ਵੀ ਨਾ ਰਹਿ ਗਿਆ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿਖੇ ਬੋਲਿਆ। ਓਹ ਸਾਰੇ ਤੁਹਾਡੇ ਲਈ ਪੂਰੇ ਹੋਏ। ਓਹਨਾਂ ਵਿੱਚੋਂ ਇੱਕ ਬਚਨ ਵੀ ਨਾ ਰਿਹਾ।” (ਯਹੋ. 23:2, 14) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਵੀ ਮਹਾਂਕਸ਼ਟ ਵਿੱਚੋਂ ਬਚਾਉਣ ਦਾ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ। ਪਰ ਜੇ ਅਸੀਂ ਦੁਨੀਆਂ ਦੇ ਵਿਨਾਸ਼ ਵਿੱਚੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ।

ਬਚਣ ਲਈ ਖ਼ਬਰਦਾਰ ਰਹਿਣਾ ਜ਼ਰੂਰੀ

7, 8. (ੳ) ਪੁਰਾਣੇ ਸਮੇਂ ਵਿਚ ਪਹਿਰੇਦਾਰਾਂ ਦੀ ਕੀ ਜ਼ਿੰਮੇਵਾਰੀ ਸੀ ਅਤੇ ਅਸੀਂ ਉਨ੍ਹਾਂ ਤੋਂ ਕੀ ਸਿੱਖਦੇ ਹਾਂ? (ਅ) ਮਿਸਾਲ ਦੇ ਕੇ ਸਮਝਾਓ ਕਿ ਜਦੋਂ ਪਹਿਰੇਦਾਰ ਸੌਂ ਜਾਵੇ, ਤਾਂ ਇਸ ਦਾ ਕੀ ਨਤੀਜਾ ਨਿਕਲ ਸਕਦਾ ਹੈ।

7 ਅਸੀਂ ਪੁਰਾਣੇ ਸਮਿਆਂ ਦੇ ਪਹਿਰੇਦਾਰਾਂ ਤੋਂ ਖ਼ਬਰਦਾਰ ਰਹਿਣ ਦੀ ਅਹਿਮੀਅਤ ਬਾਰੇ ਸਿੱਖ ਸਕਦੇ ਹਾਂ। ਪੁਰਾਣੇ ਸਮਿਆਂ ਵਿਚ ਬਹੁਤ ਸਾਰੇ ਵੱਡੇ-ਵੱਡੇ ਸ਼ਹਿਰਾਂ ਦੇ ਆਲੇ-ਦੁਆਲੇ ਉੱਚੀਆਂ-ਉੱਚੀਆਂ ਕੰਧਾਂ ਹੁੰਦੀਆਂ ਸਨ, ਜਿਵੇਂ ਯਰੂਸ਼ਲਮ ਵਿਚ। ਇਹ ਕੰਧਾਂ ਦੁਸ਼ਮਣਾਂ ਨੂੰ ਸ਼ਹਿਰ ਅੰਦਰ ਆਉਣ ਤੋਂ ਰੋਕਦੀਆਂ ਸਨ। ਨਾਲੇ ਉੱਚੀਆਂ ਹੋਣ ਕਰਕੇ ਪਹਿਰੇਦਾਰ ਦੂਰ-ਦੂਰ ਤਕ ਦੇਖ ਸਕਦੇ ਸਨ। ਪਹਿਰੇਦਾਰ ਦਿਨ-ਰਾਤ ਕੰਧਾਂ ਅਤੇ ਫਾਟਕਾਂ ’ਤੇ ਖੜ੍ਹ ਕੇ ਪਹਿਰਾ ਦਿੰਦੇ ਸਨ। ਉਹ ਲੋਕਾਂ ਨੂੰ ਆਉਣ ਵਾਲੇ ਖ਼ਤਰੇ ਬਾਰੇ ਚੁਕੰਨਾ ਕਰਦੇ ਸਨ। (ਯਸਾ. 62:6) ਪਹਿਰੇਦਾਰਾਂ ਦਾ ਜਾਗਦੇ ਰਹਿਣਾ ਬਹੁਤ ਜ਼ਰੂਰੀ ਸੀ ਕਿਉਂਕਿ ਲੋਕਾਂ ਦੀਆਂ ਜਾਨਾਂ ਉਨ੍ਹਾਂ ਦੇ ਹੱਥਾਂ ਵਿਚ ਸਨ।​—ਹਿਜ਼. 33:6.

8 ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਦੱਸਿਆ ਕਿ 70 ਈਸਵੀ ਵਿਚ ਰੋਮੀ ਫ਼ੌਜਾਂ ਨੇ ਅਨਟੋਨੀਆ ਦੇ ਕਿਲੇ ’ਤੇ ਕਬਜ਼ਾ ਕਰ ਲਿਆ ਜੋ ਯਰੂਸ਼ਲਮ ਦੀਆਂ ਕੰਧਾਂ ਨਾਲ ਜੁੜਿਆ ਹੋਇਆ ਸੀ। ਕਿਉਂ? ਕਿਉਂਕਿ ਪਹਿਰੇਦਾਰ ਫਾਟਕਾਂ ’ਤੇ ਸੌਂ ਰਹੇ ਸਨ। ਫਾਟਕਾਂ ਰਾਹੀਂ ਰੋਮੀ ਫ਼ੌਜਾਂ ਮੰਦਰ ਤਕ ਪਹੁੰਚ ਗਈਆਂ ਅਤੇ ਇਸ ਨੂੰ ਅੱਗ ਲਾ ਦਿੱਤੀ। ਇਹ ਤਬਾਹੀ ਦਾ ਸਿਖਰ ਸੀ। ਯਰੂਸ਼ਲਮ ਅਤੇ ਯਹੂਦੀ ਕੌਮ ਨੇ ਇਸ ਤਰ੍ਹਾਂ ਦੀ ਤਬਾਹੀ ਪਹਿਲਾਂ ਕਦੇ ਨਹੀਂ ਦੇਖੀ ਸੀ।

9. ਜ਼ਿਆਦਾਤਰ ਲੋਕ ਕਿਸ ਗੱਲ ਤੋਂ ਬੇਖ਼ਬਰ ਹਨ?

9 ਅੱਜ ਵੀ ਜ਼ਿਆਦਾਤਰ ਦੇਸ਼ਾਂ ਵਿਚ ਪਹਿਰੇਦਾਰ ਯਾਨੀ ਫ਼ੌਜੀ ਹੁੰਦੇ ਹਨ ਅਤੇ ਨਿਗਰਾਨੀ ਲਈ ਵੱਡੇ-ਵੱਡੇ ਕੈਮਰੇ ਲਾਏ ਜਾਂਦੇ ਹਨ। ਉਹ ਇਸ ਗੱਲੋਂ ਖ਼ਬਰਦਾਰ ਰਹਿੰਦੇ ਹਨ ਕਿ ਉਨ੍ਹਾਂ ਦੇ ਦੇਸ਼ ਵਿਚ ਦੁਸ਼ਮਣ ਨਾ ਵੜ ਜਾਣ ਜੋ ਦੇਸ਼ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਪਰ ਇਹ “ਪਹਿਰੇਦਾਰ” ਸਿਰਫ਼ ਇਨਸਾਨਾਂ ਜਾਂ ਸਰਕਾਰਾਂ ਤੋਂ ਹੋਣ ਵਾਲੇ ਖ਼ਤਰਿਆਂ ਨੂੰ ਹੀ ਦੇਖ ਸਕਦੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਵਰਗ ਵਿਚ ਪਰਮੇਸ਼ੁਰ ਦੀ ਸਰਕਾਰ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। ਨਾਲੇ ਇਹ ਸਰਕਾਰ ਕੌਮਾਂ ਦਾ ਨਿਆਂ ਕਰਨ ਲਈ ਕੀ ਕਰੇਗੀ। (ਯਸਾ. 9:6, 7; 56:10; ਦਾਨੀ. 2:44) ਇਨ੍ਹਾਂ ਸਰਕਾਰਾਂ ਦੇ ਉਲਟ, ਜੇ ਅਸੀਂ ਖ਼ਬਰਦਾਰ ਰਹਾਂਗੇ, ਤਾਂ ਅਸੀਂ ਉਸ ਦਿਨ ਲਈ ਤਿਆਰ ਹੋਵਾਂਗੇ, ਭਾਵੇਂ ਉਹ ਦਿਨ ਜਦੋਂ ਮਰਜ਼ੀ ਆਵੇ।​—ਜ਼ਬੂ. 130:6.

ਆਪਣਾ ਧਿਆਨ ਭਟਕਣ ਨਾ ਦਿਓ

10, 11. (ੳ) ਸਾਨੂੰ ਕਿਸ ਗੱਲ ਲਈ ਖ਼ਬਰਦਾਰ ਰਹਿਣਾ ਚਾਹੀਦਾ ਹੈ ਅਤੇ ਕਿਉਂ? (ਅ) ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਸ਼ੈਤਾਨ ਦੇ ਪ੍ਰਭਾਵ ਕਰਕੇ ਲੋਕ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ?

10 ਜ਼ਰਾ ਸੋਚੋ ਕਿ ਇਕ ਪਹਿਰੇਦਾਰ ਆਪਣੇ ਕੰਮ ’ਤੇ ਸਾਰੀ ਰਾਤ ਜਾਗਦਾ ਰਿਹਾ। ਬਹੁਤ ਥੱਕਿਆ ਹੋਣ ਕਰਕੇ ਉਸ ਨੂੰ ਆਪਣੇ ਕੰਮ ਦੇ ਆਖ਼ਰੀ ਪਹਿਰ ਵਿਚ ਨੀਂਦ ਆ ਸਕਦੀ ਹੈ। ਇਸੇ ਤਰ੍ਹਾਂ ਜਿੱਦਾਂ-ਜਿੱਦਾਂ ਅੰਤ ਨੇੜੇ ਆ ਰਿਹਾ ਹੈ, ਉੱਦਾਂ-ਉੱਦਾਂ ਸਾਡੇ ਲਈ ਜਾਗਦੇ ਰਹਿਣਾ ਔਖਾ ਹੋਵੇਗਾ। ਇਹ ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਜਾਗਦੇ ਨਹੀਂ ਰਹਿੰਦੇ! ਆਓ ਆਪਾਂ ਤਿੰਨ ਗੱਲਾਂ ਵੱਲ ਧਿਆਨ ਦੇਈਏ ਜੋ ਖ਼ਬਰਦਾਰ ਰਹਿਣ ਵਿਚ ਸਾਡੇ ਲਈ ਰੁਕਾਵਟ ਬਣ ਸਕਦੀਆਂ ਹਨ।

11 ਸ਼ੈਤਾਨ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਆਪਣੀ ਮੌਤ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਤਿੰਨ ਵਾਰੀ “ਦੁਨੀਆਂ ਦੇ ਹਾਕਮ” ਬਾਰੇ ਚੇਤਾਵਨੀ ਦਿੱਤੀ। (ਯੂਹੰ. 12:31; 14:30; 16:11) ਯਿਸੂ ਜਾਣਦਾ ਸੀ ਕਿ ਸ਼ੈਤਾਨ ਲੋਕਾਂ ਨੂੰ ਹਨੇਰੇ ਵਿਚ ਰੱਖੇਗਾ। ਇਸ ਲਈ ਅੱਜ ਲੋਕ ਬਾਈਬਲ ਦੀਆਂ ਉਨ੍ਹਾਂ ਭਵਿੱਖਬਾਣੀਆਂ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅੰਤ ਬਹੁਤ ਨੇੜੇ ਹੈ। (ਸਫ਼. 1:14) ਸ਼ੈਤਾਨ ਝੂਠੇ ਧਰਮਾਂ ਰਾਹੀਂ ਲੋਕਾਂ ਦੀਆਂ ਅੱਖਾਂ ਅੰਨ੍ਹੀਆਂ ਕਰਦਾ ਹੈ। ਲੋਕਾਂ ਨਾਲ ਗੱਲਬਾਤ ਕਰ ਕੇ ਤੁਹਾਨੂੰ ਕੀ ਪਤਾ ਲੱਗਾ ਹੈ? ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਸ਼ੈਤਾਨ ਨੇ “ਅਵਿਸ਼ਵਾਸੀ ਲੋਕਾਂ ਦੇ ਮਨ ਦੀਆਂ ਅੱਖਾਂ ਅੰਨ੍ਹੀਆਂ ਕੀਤੀਆਂ ਹੋਈਆਂ ਹਨ”? ਇਸ ਕਰਕੇ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਮਸੀਹ ਹੁਣ ਰਾਜੇ ਵਜੋਂ ਰਾਜ ਕਰ ਰਿਹਾ ਹੈ ਅਤੇ ਇਸ ਦੁਨੀਆਂ ਦਾ ਅੰਤ ਨੇੜੇ ਹੈ। (2 ਕੁਰਿੰ. 4:3-6) ਤੁਸੀਂ ਕਿੰਨੀ ਕੁ ਵਾਰ ਲੋਕਾਂ ਨੂੰ ਇਹ ਕਹਿੰਦੇ ਸੁਣਦੇ ਹੋ, “ਮੈਂ ਨਹੀਂ ਸੁਣਨੀ ਤੁਹਾਡੀ ਗੱਲ”? ਦਰਅਸਲ ਜ਼ਿਆਦਾਤਰ ਲੋਕਾਂ ਦਾ ਇਹੀ ਜਵਾਬ ਹੁੰਦਾ ਹੈ ਜਦੋਂ ਅਸੀਂ ਉਨ੍ਹਾਂ ਨੂੰ ਦੁਨੀਆਂ ਦੇ ਅੰਤ ਬਾਰੇ ਦੱਸਦੇ ਹਾਂ।

12. ਸਾਨੂੰ ਸ਼ੈਤਾਨ ਦੀਆਂ ਗੱਲਾਂ ਵਿਚ ਆ ਕੇ ਗੁਮਰਾਹ ਕਿਉਂ ਨਹੀਂ ਹੋਣਾ ਚਾਹੀਦਾ?

12 ਭਾਵੇਂ ਕਿ ਬਹੁਤ ਲੋਕ ਬਾਈਬਲ ਦੀਆਂ ਭਵਿੱਖਬਾਣੀਆਂ ਬਾਰੇ ਨਹੀਂ ਸੁਣਨਾ ਚਾਹੁੰਦੇ, ਪਰ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਖ਼ਬਰਦਾਰ ਰਹਿਣਾ ਕਿਉਂ ਜ਼ਰੂਰੀ ਹੈ। ਪੌਲੁਸ ਨੇ ਮਸੀਹੀਆਂ ਨੂੰ ਲਿਖਿਆ: ‘ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ ਦਾ ਦਿਨ ਆਵੇਗਾ।’ ਉਸ ਨੇ ਅੱਗੇ ਕਿਹਾ: “ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।” (1 ਥੱਸਲੁਨੀਕੀਆਂ 5:1-6 ਪੜ੍ਹੋ।) ਯਿਸੂ ਨੇ ਸਾਨੂੰ ਚੇਤਾਵਨੀ ਦਿੱਤੀ: “ਤੁਸੀਂ ਵੀ ਹਮੇਸ਼ਾ ਤਿਆਰ ਰਹੋ ਕਿਉਂਕਿ ਮਨੁੱਖ ਦਾ ਪੁੱਤਰ ਉਸ ਵੇਲੇ ਆਵੇਗਾ ਜਿਸ ਵੇਲੇ ਤੁਸੀਂ ਉਸ ਦੇ ਆਉਣ ਦੀ ਆਸ ਨਾ ਰੱਖੀ ਹੋਵੇ।” (ਲੂਕਾ 12:39, 40) ਸ਼ੈਤਾਨ ਜਲਦੀ ਹੀ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਨਾਲ ਗੁਮਰਾਹ ਕਰੇਗਾ ਕਿ ਦੁਨੀਆਂ ਵਿਚ “ਸ਼ਾਂਤੀ ਅਤੇ ਸੁਰੱਖਿਆ” ਹੈ। ਉਹ ਲੋਕਾਂ ਨੂੰ ਗੁਮਰਾਹ ਕਰੇਗਾ ਕਿ ਉਹ ਸੋਚਣ ਕਿ ਦੁਨੀਆਂ ਵਿਚ ਸਾਰਾ ਕੁਝ ਠੀਕ ਹੈ। ਸਾਡੇ ਬਾਰੇ ਕੀ? ਜੇ ਅਸੀਂ ਨਹੀਂ ਚਾਹੁੰਦੇ ਕਿ ਨਿਆਂ ਦਾ ਦਿਨ ਸਾਡੇ ’ਤੇ “ਚੋਰ” ਵਾਂਗ ਆਵੇ, ਤਾਂ ਸਾਨੂੰ ‘ਜਾਗਦੇ ਰਹਿਣਾ ਅਤੇ ਹੋਸ਼ ਵਿਚ ਰਹਿਣਾ’ ਚਾਹੀਦਾ ਹੈ। ਇਸ ਲਈ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਚਾਹੀਦੀ ਹੈ ਅਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਕੀ ਕਹਿ ਰਿਹਾ ਹੈ।

13. ਦੁਨੀਆਂ ਦੀ ਸੋਚ ਦਾ ਲੋਕਾਂ ’ਤੇ ਕੀ ਅਸਰ ਪੈ ਰਿਹਾ ਹੈ ਅਤੇ ਅਸੀਂ ਇਸ ਸੋਚ ਤੋਂ ਕਿਵੇਂ ਬਚ ਸਕਦੇ ਹਾਂ?

13 ਦੁਨੀਆਂ ਦੀ ਸੋਚ ਦਾ ਲੋਕਾਂ ’ਤੇ ਅਸਰ ਪੈ ਰਿਹਾ ਹੈ। ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਕੰਮ-ਧੰਦਿਆਂ ਵਿਚ ਇੰਨੇ ਜ਼ਿਆਦਾ ਰੁੱਝੇ ਹੋਏ ਹਨ ਕਿ ਉਨ੍ਹਾਂ ਨੂੰ “ਪਰਮੇਸ਼ੁਰ ਦੀ ਅਗਵਾਈ” ਦੀ ਕੋਈ ਪਰਵਾਹ ਨਹੀਂ ਹੈ। (ਮੱਤੀ 5:3) ਉਹ ਦੁਨੀਆਂ ਦੀ ਚਮਕ-ਦਮਕ ਵਿਚ ਇੰਨੇ ਜ਼ਿਆਦਾ ਮਗਨ ਹਨ ਕਿ ਉਹ ਆਪਣੀ “ਸਰੀਰ ਦੀ ਲਾਲਸਾ ਅਤੇ ਅੱਖਾਂ ਦੀ ਲਾਲਸਾ” ਨੂੰ ਵਧਾਉਂਦੇ ਜਾ ਰਹੇ ਹਨ। (1 ਯੂਹੰ. 2:16) ਨਾਲੇ ਮਨੋਰੰਜਨ ਕਰਕੇ ਲੋਕ “ਮੌਜ-ਮਸਤੀ ਦੇ ਪ੍ਰੇਮੀ” ਬਣੀ ਜਾ ਰਹੇ ਹਨ ਅਤੇ ਮਨੋਰੰਜਨ ਦਿਨ-ਬਦਿਨ ਵਧਦਾ ਜਾ ਰਿਹਾ ਹੈ। (2 ਤਿਮੋ. 3:4) ਇਸੇ ਲਈ ਪੌਲੁਸ ਨੇ ਮਸੀਹੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ‘ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰਨ ਦੀਆਂ ਯੋਜਨਾਵਾਂ ਨਹੀਂ ਬਣਾਉਂਦੇ ਰਹਿਣਾ’ ਚਾਹੀਦਾ ਜਿਨ੍ਹਾਂ ਕਰਕੇ ਉਹ ਪਰਮੇਸ਼ੁਰ ਤੋਂ ਦੂਰ ਹੋ ਸਕਦੇ ਹਨ।​—ਰੋਮੀ. 13:11-14.

14. ਲੂਕਾ 21:34, 35 ਵਿਚ ਕਿਹੜੀ ਚੇਤਾਵਨੀ ਦਿੱਤੀ ਗਈ ਹੈ?

14 ਅਸੀਂ ਦੁਨੀਆਂ ਦੀ ਸੋਚ ਨੂੰ ਕਬੂਲ ਕਰਨ ਦੀ ਬਜਾਇ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਲ ਕਰਦੇ ਹਾਂ। ਇਸ ਸ਼ਕਤੀ ਦੀ ਮਦਦ ਨਾਲ ਯਹੋਵਾਹ ਸਾਨੂੰ ਆਉਣ ਵਾਲੇ ਸਮੇਂ ਬਾਰੇ ਸਹੀ ਸਮਝ ਦਿੰਦਾ ਹੈ। [1] (1 ਕੁਰਿੰ. 2:12) ਪਰ ਸਾਨੂੰ ਹਮੇਸ਼ਾ ਖ਼ਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ ਰੋਜ਼ਮੱਰਾ ਦੀਆਂ ਛੋਟੀਆਂ-ਛੋਟੀਆਂ ਗੱਲਾਂ ਪਰਮੇਸ਼ੁਰ ਦੀ ਸੇਵਾ ਤੋਂ ਸਾਡਾ ਧਿਆਨ ਭਟਕਾ ਸਕਦੀਆਂ ਹਨ। (ਲੂਕਾ 21:34, 35 ਪੜ੍ਹੋ।) ਸਾਡੇ ਖ਼ਬਰਦਾਰ ਰਹਿਣ ਕਰਕੇ ਲੋਕ ਸ਼ਾਇਦ ਸਾਡਾ ਮਖੌਲ ਉਡਾਉਣ। ਪਰ ਸਾਨੂੰ ਉਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਣਾ ਚਾਹੀਦਾ। (2 ਪਤ. 3:3-7) ਇਸ ਦੀ ਬਜਾਇ, ਸਾਨੂੰ ਬਾਕਾਇਦਾ ਮਸੀਹੀ ਸਭਾਵਾਂ ਵਿਚ ਆਪਣੇ ਭੈਣਾਂ-ਭਰਾਵਾਂ ਨਾਲ ਮਿਲਣਾ ਚਾਹੀਦਾ ਹੈ ਜਿੱਥੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਕੰਮ ਕਰਦੀ ਹੈ।

ਕੀ ਤੁਸੀਂ “ਖ਼ਬਰਦਾਰ” ਰਹਿਣ ਲਈ ਹਰ ਕੋਸ਼ਿਸ਼ ਕਰ ਰਹੇ ਹੋ? (ਪੈਰੇ 11-16 ਦੇਖੋ)

15. ਪਤਰਸ, ਯਾਕੂਬ ਤੇ ਯੂਹੰਨਾ ਨਾਲ ਕੀ ਹੋਇਆ ਅਤੇ ਸਾਡੇ ਨਾਲ ਵੀ ਇੱਦਾਂ ਕਿਵੇਂ ਹੋ ਸਕਦਾ ਹੈ?

15 ਕਮੀਆਂ-ਕਮਜ਼ੋਰੀਆਂ ਕਰਕੇ ਸਾਡੇ ਲਈ ਖ਼ਬਰਦਾਰ ਰਹਿਣਾ ਔਖਾ ਹੋ ਸਕਦਾ ਹੈ। ਯਿਸੂ ਜਾਣਦਾ ਸੀ ਕਿ ਇਨਸਾਨਾਂ ਦੀਆਂ ਕਮੀਆਂ-ਕਮਜ਼ੋਰੀਆਂ ਉਨ੍ਹਾਂ ’ਤੇ ਹਾਵੀ ਹੋ ਸਕਦੀਆਂ ਹਨ। ਗੌਰ ਕਰੋ ਕਿ ਯਿਸੂ ਦੇ ਮਰਨ ਤੋਂ ਇਕ ਰਾਤ ਪਹਿਲਾਂ ਕੀ ਹੋਇਆ ਸੀ। ਯਿਸੂ ਜਾਣਦਾ ਸੀ ਕਿ ਆਪਣੇ ਸਵਰਗੀ ਪਿਤਾ ਦੀ ਮਦਦ ਤੋਂ ਬਗੈਰ ਉਹ ਵਫ਼ਾਦਾਰ ਨਹੀਂ ਰਹਿ ਸਕਦਾ ਸੀ। ਪ੍ਰਾਰਥਨਾ ਕਰਨ ਤੋਂ ਪਹਿਲਾਂ ਉਸ ਨੇ ਪਤਰਸ, ਯਾਕੂਬ ਤੇ ਯੂਹੰਨਾ ਨੂੰ ‘ਖ਼ਬਰਦਾਰ ਰਹਿਣ’ ਲਈ ਕਿਹਾ। ਪਰ ਉਨ੍ਹਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਥੱਕੇ ਹੋਣ ਕਰਕੇ ਉਹ ਸੌਂ ਗਏ। ਯਿਸੂ ਵੀ ਥੱਕਿਆ ਹੋਇਆ ਸੀ, ਪਰ ਉਹ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦਾ ਰਿਹਾ। ਯਿਸੂ ਦੇ ਚੇਲਿਆਂ ਨੂੰ ਵੀ ਇੱਦਾਂ ਕਰਨ ਦੀ ਲੋੜ ਸੀ।​—ਮਰ. 14:32-41.

16. ਯਿਸੂ ਨੇ ਲੂਕਾ 21:36 ਵਿਚ ਸਾਨੂੰ ‘ਜਾਗਦੇ ਰਹਿਣ’ ਲਈ ਕਿਹੜੀ ਸਲਾਹ ਦਿੱਤੀ?

16 ‘ਜਾਗਦੇ ਰਹਿਣ’ ਅਤੇ ਯਹੋਵਾਹ ਦੇ ਦਿਨ ਲਈ ਤਿਆਰ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? ਸਾਨੂੰ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ। ਪਰ ਇੱਦਾਂ ਕਰਨਾ ਹੀ ਕਾਫ਼ੀ ਨਹੀਂ। ਯਿਸੂ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਦੇ ਰਹਿਣ ਲਈ ਕਿਹਾ ਸੀ। (ਲੂਕਾ 21:36 ਪੜ੍ਹੋ।) ਇਸ ਅੰਤ ਦੇ ਸਮੇਂ ਦੌਰਾਨ ਸਾਨੂੰ ਵੀ ਖ਼ਬਰਦਾਰ ਰਹਿਣ ਲਈ ਪ੍ਰਾਰਥਨਾ ਕਰਦੇ ਰਹਿਣ ਦੀ ਲੋੜ ਹੈ।​—1 ਪਤ. 4:7.

ਖ਼ਬਰਦਾਰ ਰਹੋ

17. ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਲਈ ਤਿਆਰ ਹਾਂ?

17 ਯਿਸੂ ਨੇ ਕਿਹਾ ਕਿ ਅੰਤ ਉਸ ਵੇਲੇ ਆਵੇਗਾ ‘ਜਿਸ ਵੇਲੇ ਅਸੀਂ ਉਸ ਦੇ ਆਉਣ ਦੀ ਆਸ ਨਾ ਰੱਖਾਂਗੇ।’ ਇਸ ਲਈ ਸਾਨੂੰ ਹਮੇਸ਼ਾ ਖ਼ਬਰਦਾਰ ਰਹਿਣ ਦੀ ਲੋੜ ਹੈ। ਹੁਣ ਸਾਡੇ ਕੋਲ ਸ਼ੈਤਾਨ ਦੀ ਦੁਨੀਆਂ ਦੀਆਂ ਚੀਜ਼ਾਂ ਪਿੱਛੇ ਭੱਜਣ ਅਤੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦਾ ਸਮਾਂ ਨਹੀਂ ਹੈ। (ਮੱਤੀ 24:44) ਪਰਮੇਸ਼ੁਰ ਅਤੇ ਯਿਸੂ ਸਾਨੂੰ ਬਾਈਬਲ ਰਾਹੀਂ ਦੱਸਦੇ ਹਨ ਕਿ ਉਹ ਜਲਦੀ ਹੀ ਭਵਿੱਖ ਵਿਚ ਕੀ ਕਰਨ ਵਾਲੇ ਹਨ ਅਤੇ ਅਸੀਂ ਕਿਵੇਂ ਖ਼ਬਰਦਾਰ ਰਹਿ ਸਕਦੇ ਹਾਂ। ਇਸ ਲਈ ਆਓ ਆਪਾਂ ਬਾਈਬਲ ਦੀਆਂ ਭਵਿੱਖਬਾਣੀਆਂ ਵੱਲ ਧਿਆਨ ਦੇਈਏ ਕਿ ਇਹ ਕਿਵੇਂ ਪੂਰੀਆਂ ਹੋ ਰਹੀਆਂ ਹਨ। ਨਾਲੇ ਆਓ ਆਪਾਂ ਪਰਮੇਸ਼ੁਰ ਦੇ ਹੋਰ ਨੇੜੇ ਜਾਂਦੇ ਰਹੀਏ ਅਤੇ ਹਮੇਸ਼ਾ ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲ ਦਿੰਦੇ ਰਹੀਏ। ਇੱਦਾਂ ਕਰਨ ਨਾਲ ਅਸੀਂ ਅੰਤ ਲਈ ਤਿਆਰ ਹੋਵਾਂਗੇ। (ਪ੍ਰਕਾ. 22:20) ਇਹ ਸਾਡੀ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ!

^ [1] (ਪੈਰਾ 14) ਪਰਮੇਸ਼ੁਰ ਦਾ ਰਾਜ ਹਕੂਮਤ ਕਰਦਾ ਹੈ! (ਅੰਗ੍ਰੇਜ਼ੀ) ਕਿਤਾਬ ਦਾ 21ਵਾਂ ਅਧਿਆਇ ਦੇਖੋ।