Skip to content

Skip to table of contents

ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਗਵਾਹੀ ਦਿਓ

ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਗਵਾਹੀ ਦਿਓ

‘ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦਿਓ।’—ਰਸੂ. 20:24.

ਗੀਤ: 10, 25

1, 2. ਪੌਲੁਸ ਰਸੂਲ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰ ਸੀ?

ਪੌਲੁਸ ਰਸੂਲ ਦਿਲੋਂ ਕਹਿ ਸਕਦਾ ਸੀ: “[ਪਰਮੇਸ਼ੁਰ] ਨੇ ਮੇਰੇ ਉੱਤੇ ਜੋ ਅਪਾਰ ਕਿਰਪਾ ਕੀਤੀ ਹੈ, ਉਹ ਵਿਅਰਥ ਸਾਬਤ ਨਹੀਂ ਹੋਈ।” (1 ਕੁਰਿੰਥੀਆਂ 15:9, 10 ਪੜ੍ਹੋ।) ਪੌਲੁਸ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਪਰਮੇਸ਼ੁਰ ਦੀ ਬੇਅੰਤ ਦਇਆ ਨੂੰ ਨਾ ਤਾਂ ਖ਼ਰੀਦ ਸਕਦਾ ਸੀ ਤੇ ਨਾ ਹੀ ਇਸ ਦੇ ਯੋਗ ਸੀ ਕਿਉਂਕਿ ਉਹ ਮਸੀਹੀਆਂ ਨੂੰ ਸਤਾਉਂਦਾ ਹੁੰਦਾ ਸੀ।

2 ਪੌਲੁਸ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਤਿਮੋਥਿਉਸ ਨੂੰ ਲਿਖਿਆ: “ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦਾ ਸ਼ੁਕਰਗੁਜ਼ਾਰ ਹਾਂ ਜਿਸ ਨੇ ਮੈਨੂੰ ਤਾਕਤ ਬਖ਼ਸ਼ੀ ਕਿਉਂਕਿ ਉਸ ਨੇ ਮੇਰੇ ਉੱਤੇ ਭਰੋਸਾ ਕਰ ਕੇ ਮੈਨੂੰ ਪਰਮੇਸ਼ੁਰ ਦਾ ਕੰਮ ਸੌਂਪਿਆ।” (1 ਤਿਮੋ. 1:12-14) ਇਹ ਕੰਮ ਕੀ ਸੀ? ਪੌਲੁਸ ਨੇ ਇਸ ਬਾਰੇ ਅਫ਼ਸੁਸ ਦੀ ਮੰਡਲੀ ਦੇ ਬਜ਼ੁਰਗਾਂ ਨੂੰ ਲਿਖਿਆ: “ਮੈਂ ਆਪਣੀ ਜਾਨ ਨੂੰ ਕਿਸੇ ਵੀ ਤਰ੍ਹਾਂ ਪਿਆਰੀ ਨਹੀਂ ਸਮਝਦਾ, ਸਗੋਂ ਮੈਂ ਇਹੀ ਚਾਹੁੰਦਾ ਹਾਂ ਕਿ ਮੈਂ ਇਹ ਦੌੜ ਅਤੇ ਸੇਵਾ ਦਾ ਕੰਮ ਪੂਰਾ ਕਰ ਲਵਾਂ। ਇਹ ਕੰਮ ਪ੍ਰਭੂ ਯਿਸੂ ਨੇ ਮੈਨੂੰ ਸੌਂਪਿਆ ਸੀ ਕਿ ਮੈਂ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦੇਵਾਂ।”​ਰਸੂ. 20:24.

3. ਪੌਲੁਸ ਨੂੰ ਕਿਹੜਾ ਖ਼ਾਸ ਕੰਮ ਦਿੱਤਾ ਗਿਆ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)

3 ਪੌਲੁਸ ਨੇ ਕਿਸ “ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕੀਤਾ ਜਿਸ ਤੋਂ ਯਹੋਵਾਹ ਦੀ ਅਪਾਰ ਕਿਰਪਾ ਦਾ ਸਬੂਤ ਮਿਲਿਆ? ਉਸ ਨੇ ਅਫ਼ਸੀਆਂ ਦੇ ਮਸੀਹੀਆਂ ਨੂੰ ਲਿਖਿਆ: “ਤੁਸੀਂ ਸੁਣਿਆ ਹੈ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਤੋਂ ਫ਼ਾਇਦਾ ਲੈਣ ਵਿਚ ਤੁਹਾਡੀ ਮਦਦ ਕਰਨ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ।” (ਅਫ਼. 3:1, 2) ਪੌਲੁਸ ਨੂੰ ਗ਼ੈਰ-ਯਹੂਦੀਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਦਿੱਤਾ ਗਿਆ ਤਾਂਕਿ ਉਹ ਲੋਕ ਵੀ ਪਰਮੇਸ਼ੁਰ ਦੇ ਰਾਜ ਵਿਚ ਮਸੀਹ ਨਾਲ ਰਾਜ ਕਰ ਸਕਣ। (ਅਫ਼ਸੀਆਂ 3:5-8 ਪੜ੍ਹੋ।) ਪੌਲੁਸ ਨੇ ਜੋਸ਼ ਨਾਲ ਇਹ ਕੰਮ ਕਰ ਕੇ ਅੱਜ ਦੇ ਮਸੀਹੀਆਂ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਨਾਲੇ ਉਸ ਨੇ ਦਿਖਾਇਆ ਕਿ ਪਰਮੇਸ਼ੁਰ ਨੇ ਉਸ ’ਤੇ ਜੋ ਅਪਾਰ ਕਿਰਪਾ ਕੀਤੀ, ਉਹ “ਵਿਅਰਥ” ਸਾਬਤ ਨਹੀਂ ਹੋਈ।

ਕੀ ਪਰਮੇਸ਼ੁਰ ਦੀ ਅਪਾਰ ਕਿਰਪਾ ਤੁਹਾਨੂੰ ਪ੍ਰੇਰਦੀ ਹੈ?

4, 5. ਅਸੀਂ ਕਿਉਂ ਕਹਿ ਸਕਦੇ ਹਾਂ ਕਿ ‘ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ’ “ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ” ਦੇ ਬਰਾਬਰ ਹੈ?

4 ਇਸ ਅੰਤ ਦੇ ਸਮੇਂ ਵਿਚ ਯਹੋਵਾਹ ਦੇ ਲੋਕਾਂ ਨੂੰ ‘ਪੂਰੀ ਦੁਨੀਆਂ ਵਿਚ ਗਵਾਹੀ ਦੇਣ ਲਈ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ’ ਕਰਨ ਦਾ ਕੰਮ ਦਿੱਤਾ ਗਿਆ ਹੈ। (ਮੱਤੀ 24:14) ਰਾਜ ਦੀ ਖ਼ੁਸ਼ ਖ਼ਬਰੀ “ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ” ਦੇ ਬਰਾਬਰ ਹੈ। ਅਸੀਂ ਇਹ ਕਿਉਂ ਸਕਦੇ ਹਾਂ? ਕਿਉਂਕਿ ਪਰਮੇਸ਼ੁਰ ਦੇ ਰਾਜ ਅਧੀਨ ਮਿਲਣ ਵਾਲੀਆਂ ਬਰਕਤਾਂ ਉਸੇ ਦੀ ਅਪਾਰ ਕਿਰਪਾ ਕਰਕੇ ਮਿਲਣਗੀਆਂ। (ਅਫ਼. 1:3) ਪੌਲੁਸ ਨੇ ਪਰਮੇਸ਼ੁਰ ਦੀ ਅਪਾਰ ਕਿਰਪਾ ਲਈ ਸ਼ੁਕਰਗੁਜ਼ਾਰੀ ਦਿਖਾਉਂਦਿਆਂ ਜੋਸ਼ ਨਾਲ ਪ੍ਰਚਾਰ ਕੀਤਾ। ਕੀ ਅਸੀਂ ਪੌਲੁਸ ਦੀ ਰੀਸ ਕਰ ਰਹੇ ਹਾਂ?​—ਰੋਮੀਆਂ 1:14-16 ਪੜ੍ਹੋ।

5 ਅਸੀਂ ਪਿਛਲੇ ਲੇਖ ਵਿਚ ਸਿੱਖਿਆ ਸੀ ਕਿ ਪਾਪੀ ਹੋਣ ਦੇ ਬਾਵਜੂਦ ਵੀ ਸਾਨੂੰ ਯਹੋਵਾਹ ਦੀ ਅਪਾਰ ਕਿਰਪਾ ਦੇ ਫ਼ਾਇਦੇ ਹੁੰਦੇ ਹਨ। ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੂਜਿਆਂ ਨੂੰ ਦੱਸੀਏ ਕਿ ਯਹੋਵਾਹ ਆਪਣਾ ਪਿਆਰ ਕਿਵੇਂ ਦਿਖਾ ਰਿਹਾ ਹੈ ਅਤੇ ਉਹ ਇਸ ਤੋਂ ਕਿਵੇਂ ਫ਼ਾਇਦਾ ਲੈ ਸਕਦੇ ਹਨ। ਪਰਮੇਸ਼ੁਰ ਦੀ ਅਪਾਰ ਕਿਰਪਾ ਦੀਆਂ ਕਿਹੜੀਆਂ ਕੁਝ ਗੱਲਾਂ ਹਨ ਜਿਨ੍ਹਾਂ ਬਾਰੇ ਸਾਨੂੰ ਦੂਜਿਆਂ ਨੂੰ ਦੱਸਣਾ ਚਾਹੀਦਾ ਹੈ?

ਰਿਹਾਈ ਦੀ ਕੀਮਤ ਦਾ ਪ੍ਰਚਾਰ ਕਰੋ

6, 7. ਲੋਕਾਂ ਨੂੰ ਰਿਹਾਈ ਦੀ ਕੀਮਤ ਬਾਰੇ ਦੱਸਦਿਆਂ ਅਸੀਂ ਕਿਵੇਂ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੇ ਰਹੇ ਹੁੰਦੇ ਹਾਂ?

6 ਅੱਜ ਦੁਨੀਆਂ ਵਿਚ ਬਹੁਤ ਸਾਰੇ ਲੋਕਾਂ ਨੇ ਗ਼ਲਤ ਕੰਮ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜਦੋਂ ਲੋਕ ਗ਼ਲਤ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੀ ਨਹੀਂ ਕਿ ਉਹ ਪਾਪ ਕਰ ਰਹੇ ਹਨ। ਇਸ ਲਈ ਲੋਕਾਂ ਦੇ ਮਨਾਂ ਵਿਚ ਰਿਹਾਈ ਦੀ ਕੀਮਤ ਬਾਰੇ ਕੋਈ ਸਵਾਲ ਹੀ ਖੜ੍ਹਾ ਨਹੀਂ ਹੁੰਦਾ। ਪਰ ਉਹ ਇਹ ਜ਼ਰੂਰ ਮੰਨਦੇ ਹਨ ਕਿ ਉਹ ਆਪਣੀਆਂ ਜ਼ਿੰਦਗੀਆਂ ਤੋਂ ਖ਼ੁਸ਼ ਨਹੀਂ ਹਨ। ਜਦੋਂ ਤਕ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਨਾਲ ਗੱਲ ਨਹੀਂ ਕਰਦੇ, ਉਦੋਂ ਤਕ ਉਨ੍ਹਾਂ ਨੂੰ ਸਮਝ ਨਹੀਂ ਲੱਗਦੀ ਕਿ ਪਾਪ ਹੈ ਕੀ, ਇਹ ਸਾਡੇ ’ਤੇ ਕਿਵੇਂ ਅਸਰ ਪਾਉਂਦਾ ਹੈ ਅਤੇ ਸਾਨੂੰ ਇਸ ਤੋਂ ਆਜ਼ਾਦ ਹੋਣ ਲਈ ਕੀ ਕਰਨ ਦੀ ਲੋੜ ਹੈ। ਨੇਕਦਿਲ ਲੋਕਾਂ ਨੂੰ ਇਹ ਜਾਣ ਕੇ ਖ਼ੁਸ਼ੀ ਮਿਲਦੀ ਹੈ ਕਿ ਯਹੋਵਾਹ ਨੇ ਆਪਣੇ ਪਿਆਰ ਅਤੇ ਅਪਾਰ ਕਿਰਪਾ ਕਰਕੇ ਆਪਣੇ ਪੁੱਤਰ ਨੂੰ ਧਰਤੀ ’ਤੇ ਭੇਜਿਆ ਤਾਂਕਿ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਮਿਲ ਸਕੇ।—1 ਯੂਹੰ. 4:9, 10.

7 ਯਹੋਵਾਹ ਦੇ ਪਿਆਰੇ ਪੁੱਤਰ ਬਾਰੇ ਗੱਲ ਕਰਦਿਆਂ ਪੌਲੁਸ ਨੇ ਲਿਖਿਆ: “ਪਰਮੇਸ਼ੁਰ ਨੇ ਆਪਣੇ ਪੁੱਤਰ ਦੇ ਲਹੂ ਦੀ ਕੀਮਤ ਦੇ ਕੇ ਸਾਨੂੰ ਛੁਡਾਇਆ ਹੈ ਅਤੇ ਆਪਣੀ ਅਪਾਰ ਕਿਰਪਾ ਕਰ ਕੇ ਸਾਡੇ ਪਾਪ ਮਾਫ਼ ਕੀਤੇ ਹਨ।” (ਅਫ਼. 1:7) ਮਸੀਹ ਦੀ ਕੁਰਬਾਨੀ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਹੈ ਅਤੇ ਇਸ ਤੋਂ ਉਸ ਦੀ ਅਪਾਰ ਕਿਰਪਾ ਦਾ ਪਤਾ ਲੱਗਦਾ ਹੈ। ਸਾਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਜੇ ਅਸੀਂ ਯਿਸੂ ਦੇ ਵਹਾਏ ਲਹੂ ’ਤੇ ਨਿਹਚਾ ਕਰਾਂਗੇ, ਤਾਂ ਸਾਡੇ ਪਾਪ ਮਾਫ਼ ਕੀਤੇ ਜਾਣਗੇ ਅਤੇ ਸਾਡੀ ਜ਼ਮੀਰ ਸ਼ੁੱਧ ਕੀਤੀ ਜਾਵੇਗੀ। (ਇਬ. 9:14) ਵਾਕਈ, ਇਹ ਖ਼ੁਸ਼ ਖ਼ਬਰੀ ਦੂਜਿਆਂ ਨਾਲ ਸਾਂਝੀ ਕਰਨ ਵਾਲੀ ਹੈ।

ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਵਿਚ ਲੋਕਾਂ ਦੀ ਮਦਦ ਕਰੋ

8. ਪਾਪੀ ਇਨਸਾਨਾਂ ਨੂੰ ਪਰਮੇਸ਼ੁਰ ਨਾਲ ਸੁਲ੍ਹਾ ਕਰਨ ਦੀ ਲੋੜ ਕਿਉਂ ਹੈ?

8 ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਉਹ ਸ੍ਰਿਸ਼ਟੀਕਰਤਾ ਨਾਲ ਰਿਸ਼ਤਾ ਜੋੜ ਸਕਦੇ ਹਨ। ਜਦੋਂ ਤਕ ਲੋਕ ਯਿਸੂ ਦੀ ਕੁਰਬਾਨੀ ’ਤੇ ਵਿਸ਼ਵਾਸ ਨਹੀਂ ਕਰਦੇ, ਉਦੋਂ ਤਕ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਦੁਸ਼ਮਣ ਸਮਝਦਾ ਹੈ। ਯੂਹੰਨਾ ਰਸੂਲ ਨੇ ਲਿਖਿਆ: “ਜਿਹੜਾ ਪੁੱਤਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ; ਜਿਹੜਾ ਪੁੱਤਰ ਦੀ ਆਗਿਆ ਨਹੀਂ ਮੰਨਦਾ, ਉਸ ਨੂੰ ਇਹ ਜ਼ਿੰਦਗੀ ਨਹੀਂ ਮਿਲੇਗੀ, ਸਗੋਂ ਉਸ ਨੂੰ ਪਰਮੇਸ਼ੁਰ ਦੇ ਕ੍ਰੋਧ ਦਾ ਸਾਮ੍ਹਣਾ ਕਰਨਾ ਪਵੇਗਾ।” (ਯੂਹੰ. 3:36) ਇਹ ਖ਼ੁਸ਼ੀ ਦੀ ਗੱਲ ਹੈ ਕਿ ਮਸੀਹ ਦੀ ਕੁਰਬਾਨੀ ਕਰਕੇ ਇਨਸਾਨ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਦੇ ਹਨ। ਪੌਲੁਸ ਨੇ ਕਿਹਾ: “ਤੁਸੀਂ ਪਹਿਲਾਂ ਪਰਮੇਸ਼ੁਰ ਤੋਂ ਦੂਰ ਸੀ ਅਤੇ ਉਸ ਦੇ ਦੁਸ਼ਮਣ ਸੀ ਕਿਉਂਕਿ ਤੁਹਾਡੇ ਮਨ ਬੁਰੇ ਕੰਮਾਂ ਵੱਲ ਲੱਗੇ ਹੋਏ ਸਨ, ਹੁਣ ਪਰਮੇਸ਼ੁਰ ਨੇ ਉਸ ਦੀ ਮੌਤ ਦੇ ਰਾਹੀਂ ਸੁਲ੍ਹਾ ਕਰ ਲਈ ਹੈ ਜਿਸ ਨੇ ਆਪਣੇ ਸਰੀਰ ਦੀ ਕੁਰਬਾਨੀ ਦਿੱਤੀ ਸੀ।”​—ਕੁਲੁ. 1:21, 22.

9, 10. (ੳ) ਮਸੀਹ ਨੇ ਆਪਣੇ ਚੁਣੇ ਹੋਏ ਭਰਾਵਾਂ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਹੈ? (ਅ) “ਹੋਰ ਭੇਡਾਂ” ਦੇ ਲੋਕ ਚੁਣੇ ਹੋਏ ਭਰਾਵਾਂ ਦੀ ਕਿਵੇਂ ਮਦਦ ਕਰਦੇ ਹਨ?

9 ਮਸੀਹ ਨੇ ਧਰਤੀ ’ਤੇ ਆਪਣੇ ਚੁਣੇ ਹੋਏ ਭਰਾਵਾਂ ਨੂੰ ਕੰਮ ਦਿੱਤਾ ਹੈ ਜਿਸ ਨੂੰ ਪੌਲੁਸ ਨੇ “ਸੁਲ੍ਹਾ ਕਰਾਉਣ ਦਾ ਕੰਮ” ਕਿਹਾ। ਇਹ ਗੱਲ ਸਮਝਾਉਂਦਿਆਂ ਪੌਲੁਸ ਨੇ ਪਹਿਲੀ ਸਦੀ ਦੇ ਚੁਣੇ ਹੋਏ ਮਸੀਹੀਆਂ ਨੂੰ ਲਿਖਿਆ: “ਸਾਰੀਆਂ ਚੀਜ਼ਾਂ ਪਰਮੇਸ਼ੁਰ ਵੱਲੋਂ ਹਨ ਜਿਸ ਨੇ ਮਸੀਹ ਦੇ ਰਾਹੀਂ ਸਾਡੇ ਨਾਲ ਸੁਲ੍ਹਾ ਕੀਤੀ ਅਤੇ ਸਾਨੂੰ ਸੁਲ੍ਹਾ ਕਰਾਉਣ ਦਾ ਕੰਮ ਸੌਂਪਿਆ। ਇਸ ਦਾ ਮਤਲਬ ਹੈ ਕਿ ਪਰਮੇਸ਼ੁਰ ਮਸੀਹ ਰਾਹੀਂ ਲੋਕਾਂ ਨਾਲ ਸੁਲ੍ਹਾ ਕਰ ਰਿਹਾ ਹੈ ਅਤੇ ਉਹ ਹੁਣ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਦੋਸ਼ੀ ਨਹੀਂ ਠਹਿਰਾਉਂਦਾ। ਉਸ ਨੇ ਸਾਨੂੰ ਇਸ ਸੰਦੇਸ਼ ਦਾ ਪ੍ਰਚਾਰ ਕਰਨ ਦਾ ਕੰਮ ਦਿੱਤਾ ਹੈ ਕਿ ਲੋਕ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਦੇ ਹਨ। ਇਸ ਲਈ ਅਸੀਂ ਮਸੀਹ ਦੀ ਜਗ੍ਹਾ ਰਾਜਦੂਤਾਂ ਦੇ ਤੌਰ ਤੇ ਕੰਮ ਕਰਦੇ ਹਾਂ, ਇਸ ਤਰ੍ਹਾਂ ਮਾਨੋ ਪਰਮੇਸ਼ੁਰ ਸਾਡੇ ਰਾਹੀਂ ਲੋਕਾਂ ਨੂੰ ਬੇਨਤੀ ਕਰ ਰਿਹਾ ਹੈ। ਮਸੀਹ ਦੀ ਜਗ੍ਹਾ ਅਸੀਂ ਬੇਨਤੀ ਕਰਦੇ ਹਾਂ: ‘ਪਰਮੇਸ਼ੁਰ ਨਾਲ ਸੁਲ੍ਹਾ ਕਰੋ।’”​—2 ਕੁਰਿੰ. 5:18-20.

10 “ਹੋਰ ਭੇਡਾਂ” ਦੇ ਲੋਕ ਇਸ ਗੱਲ ਨੂੰ ਸਨਮਾਨ ਸਮਝਦੇ ਹਨ ਕਿ ਉਹ ਆਪਣੇ ਚੁਣੇ ਹੋਏ ਭਰਾਵਾਂ ਦੀ ਇਸ ਕੰਮ ਵਿਚ ਮਦਦ ਕਰ ਸਕਦੇ ਹਨ। (ਯੂਹੰ. 10:16) ਇਹ ਮਸੀਹੀ ਵੀ ਚੁਣੇ ਹੋਇਆਂ ਵਾਂਗ ਰਾਜਦੂਤਾਂ ਵਜੋਂ ਸੇਵਾ ਕਰਦੇ ਹਨ। ਲੋਕਾਂ ਨੂੰ ਸੱਚਾਈ ਸਿਖਾਉਣ ਅਤੇ ਉਨ੍ਹਾਂ ਦਾ ਯਹੋਵਾਹ ਨਾਲ ਰਿਸ਼ਤਾ ਜੋੜਨ ਵਿਚ ਇਹ ਮਸੀਹੀ ਚੁਣਿਆ ਹੋਇਆਂ ਨਾਲੋਂ ਜ਼ਿਆਦਾ ਕੰਮ ਕਰਦੇ ਹਨ। ਇਹ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ ਦੇਣ ਦੇ ਕੰਮ ਦਾ ਅਹਿਮ ਹਿੱਸਾ ਹੈ।

ਦੱਸੋ ਕਿ ਪਰਮੇਸ਼ੁਰ ਪ੍ਰਾਰਥਨਾ ਸੁਣਦਾ ਹੈ

11, 12. ਲੋਕਾਂ ਲਈ ਇਹ ਜਾਣਨਾ ਵਧੀਆ ਗੱਲ ਕਿਉਂ ਹੈ ਕਿ ਉਹ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਨ?

11 ਬਹੁਤ ਸਾਰੇ ਲੋਕ ਆਪਣੇ ਮਨ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੇ ਹਨ। ਪਰ ਉਹ ਇਹ ਗੱਲ ਨਹੀਂ ਮੰਨਦੇ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। ਉਨ੍ਹਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ। ਬੁਰੀਆਂ ਗੱਲਾਂ ਮੇਰੇ ਉੱਤੇ ਪਰਬਲ ਹੁੰਦੀਆਂ ਹਨ, ਤੂੰ ਸਾਡੇ ਅਪਰਾਧਾਂ ਨੂੰ ਕੱਜ ਲਵੇਂਗਾ।”​—ਜ਼ਬੂ. 65:2, 3.

12 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਮੇਰੇ ਨਾਂ ’ਤੇ ਜੋ ਵੀ ਮੰਗੋਗੇ, ਮੈਂ ਦੇਵਾਂਗਾ।” (ਯੂਹੰ. 14:14) “ਜੋ ਵੀ ਮੰਗੋਗੇ” ਦਾ ਮਤਲਬ ਹੈ ਕਿ ਅਸੀਂ ਯਹੋਵਾਹ ਦੀ ਇੱਛਾ ਅਨੁਸਾਰ ਕੁਝ ਵੀ ਮੰਗ ਸਕਦੇ ਹਾਂ। ਯੂਹੰਨਾ ਨੇ ਸਾਨੂੰ ਯਕੀਨ ਦਿਵਾਇਆ: “ਸਾਨੂੰ ਭਰੋਸਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ।” (1 ਯੂਹੰ. 5:14) ਸਾਨੂੰ ਲੋਕਾਂ ਨੂੰ ਇਹ ਸਿਖਾ ਕੇ ਕਿੰਨਾ ਹੀ ਵਧੀਆ ਲੱਗਦਾ ਹੈ ਕਿ ਪ੍ਰਾਰਥਨਾ ਕਰ ਕੇ ਉਨ੍ਹਾਂ ਨੂੰ ਸਿਰਫ਼ ਮਨ ਦੀ ਸ਼ਾਂਤੀ ਹੀ ਨਹੀਂ ਮਿਲ ਸਕਦੀ, ਸਗੋਂ ਇਸ ਦੇ ਜ਼ਰੀਏ ਉਹ “ਅਪਾਰ ਕਿਰਪਾ ਦੇ ਪਰਮੇਸ਼ੁਰ ਦੇ ਸਿੰਘਾਸਣ” ਸਾਮ੍ਹਣੇ ਵੀ ਜਾ ਸਕਦੇ ਹਨ। (ਇਬ. 4:16) ਜਦੋਂ ਅਸੀਂ ਲੋਕਾਂ ਨੂੰ ਸਹੀ ਤਰੀਕੇ ਨਾਲ ਪ੍ਰਾਰਥਨਾ ਕਰਨੀ, ਸਹੀ ਸ਼ਖ਼ਸ ਨੂੰ ਪ੍ਰਾਰਥਨਾ ਕਰਨੀ ਅਤੇ ਸਹੀ ਗੱਲਾਂ ਬਾਰੇ ਪ੍ਰਾਰਥਨਾ ਕਰਨੀ ਸਿਖਾਉਂਦੇ ਹਾਂ, ਤਾਂ ਅਸੀਂ ਉਨ੍ਹਾਂ ਦੀ ਯਹੋਵਾਹ ਦੇ ਨੇੜੇ ਆਉਣ ਅਤੇ ਮੁਸ਼ਕਲ ਸਮਿਆਂ ਵਿਚ ਦਿਲਾਸਾ ਪਾਉਣ ਵਿਚ ਮਦਦ ਕਰ ਸਕਦੇ ਹਾਂ।​—ਜ਼ਬੂ. 4:1; 145:18.

ਨਵੀਂ ਦੁਨੀਆਂ ਵਿਚ ਅਪਾਰ ਕਿਰਪਾ

13, 14. (ੳ) ਭਵਿੱਖ ਵਿਚ ਚੁਣੇ ਹੋਏ ਮਸੀਹੀਆਂ ਨੂੰ ਕਿਹੜੇ ਸਨਮਾਨ ਮਿਲਣਗੇ? (ਅ) ਚੁਣੇ ਹੋਏ ਮਸੀਹੀ ਮਨੁੱਖਜਾਤੀ ਲਈ ਕਿਹੜੇ ਸ਼ਾਨਦਾਰ ਕੰਮ ਕਰਨਗੇ?

13 ਯਹੋਵਾਹ ਅੱਜ ਨਾਲੋਂ ਕਿਤੇ ਜ਼ਿਆਦਾ “ਆਉਣ ਵਾਲੇ ਯੁਗ ਵਿਚ” ਆਪਣੀ ਅਪਾਰ ਕਿਰਪਾ ਦਿਖਾਵੇਗਾ। ਕਿਵੇਂ? 1,44,000 ਲੋਕਾਂ ਨੂੰ ਮਸੀਹ ਨਾਲ ਰਾਜ ਕਰਨ ਦਾ ਸਨਮਾਨ ਮਿਲਿਆ ਹੈ। ਪੌਲੁਸ ਨੇ ਉਸ ਸਨਮਾਨ ਬਾਰੇ ਸਮਝਾਇਆ ਕਿ ਉਸ ਵਿਚ ਕੀ ਕੁਝ ਸ਼ਾਮਲ ਹੋਵੇਗਾ: “ਪਰਮੇਸ਼ੁਰ ਦਇਆ ਦਾ ਸਾਗਰ ਹੈ ਅਤੇ ਉਹ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ, ਇਸ ਕਰਕੇ ਉਸ ਨੇ ਸਾਨੂੰ ਜੀਉਂਦਾ ਕਰ ਕੇ ਮਸੀਹ ਨਾਲ ਮਿਲਾਇਆ, ਭਾਵੇਂ ਕਿ ਅਸੀਂ ਆਪਣੇ ਪਾਪਾਂ ਕਰਕੇ ਮਰੇ ਹੋਇਆਂ ਵਰਗੇ ਸਾਂ। (ਤੁਹਾਨੂੰ ਉਸ ਦੀ ਅਪਾਰ ਕਿਰਪਾ ਦੁਆਰਾ ਬਚਾਇਆ ਗਿਆ ਹੈ।) ਇਸ ਤੋਂ ਇਲਾਵਾ, ਯਿਸੂ ਮਸੀਹ ਦੇ ਚੇਲੇ ਹੋਣ ਕਰਕੇ ਪਰਮੇਸ਼ੁਰ ਨੇ ਸਾਨੂੰ ਜੀਉਂਦਾ ਕੀਤਾ ਅਤੇ ਸਵਰਗ ਵਿਚ ਉਸ ਨਾਲ ਬਿਠਾਇਆ, ਤਾਂਕਿ ਉਹ ਆਉਣ ਵਾਲੇ ਯੁਗ ਵਿਚ ਮਸੀਹ ਯਿਸੂ ਦੇ ਚੇਲਿਆਂ ’ਤੇ ਯਾਨੀ ਸਾਡੇ ’ਤੇ ਮਿਹਰ ਕਰ ਕੇ ਆਪਣੀ ਅਪਾਰ ਕਿਰਪਾ ਦਾ ਸਬੂਤ ਦੇਵੇ।”​—ਅਫ਼. 2:4-7.

14 ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਯਹੋਵਾਹ ਚੁਣੇ ਹੋਏ ਮਸੀਹੀਆਂ ਨੂੰ ਕੀ-ਕੀ ਬਰਕਤਾਂ ਦੇਵੇਗਾ ਜਦੋਂ ਉਹ ਸਵਰਗ ਵਿਚ ਮਸੀਹ ਨਾਲ ਸਿੰਘਾਸਣਾਂ ’ਤੇ ਬੈਠ ਕੇ ਰਾਜ ਕਰਨਗੇ। (ਲੂਕਾ 22:28-30; ਫ਼ਿਲਿ. 3:20, 21; 1 ਯੂਹੰ. 3:2) ਯਹੋਵਾਹ ਖ਼ਾਸ ਕਰਕੇ ਉਨ੍ਹਾਂ ’ਤੇ “ਆਪਣੀ ਅਪਾਰ ਕਿਰਪਾ” ਕਰੇਗਾ। ਉਹ ‘ਨਵਾਂ ਯਰੂਸ਼ਲਮ’ ਹੋਣਗੇ ਯਾਨੀ ਮਸੀਹ ਦੀ ਲਾੜੀ। (ਪ੍ਰਕਾ. 3:12; 17:14; 21:2, 9, 10) ਉਹ ਯਿਸੂ ਨਾਲ ਮਿਲ ਕੇ “ਕੌਮਾਂ ਦਾ ਇਲਾਜ” ਕਰਨਗੇ ਯਾਨੀ ਉਹ ਆਗਿਆਕਾਰ ਲੋਕਾਂ ਦੀ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਅਤੇ ਮੁਕੰਮਲ ਬਣਨ ਵਿਚ ਮਦਦ ਕਰਨਗੇ।​—ਪ੍ਰਕਾਸ਼ ਦੀ ਕਿਤਾਬ 22:1, 2, 17 ਪੜ੍ਹੋ।

15, 16. ਯਹੋਵਾਹ ਭਵਿੱਖ ਵਿਚ “ਹੋਰ ਭੇਡਾਂ” ’ਤੇ ਆਪਣੀ ਅਪਾਰ ਕਿਰਪਾ ਕਿਵੇਂ ਕਰੇਗਾ?

15 ਅਫ਼ਸੀਆਂ 2:7 ਵਿਚ ਅਸੀਂ ਪੜ੍ਹਦੇ ਹਾਂ ਕਿ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਸਬੂਤ “ਆਉਣ ਵਾਲੇ ਯੁਗ ਵਿਚ” ਮਿਲੇਗਾ। ਬਿਨਾਂ ਸ਼ੱਕ ਨਵੀਂ ਦੁਨੀਆਂ ਵਿਚ ਅਸੀਂ ਯਹੋਵਾਹ ਦੀ “ਅਪਾਰ ਕਿਰਪਾ ਦਾ ਸਬੂਤ” ਦੇਖਾਂਗੇ। (ਲੂਕਾ 18:29, 30) ਯਹੋਵਾਹ “ਕਬਰਾਂ” ਵਿੱਚੋਂ ਮਰੇ ਹੋਏ ਲੋਕਾਂ ਨੂੰ ਜੀਉਂਦੇ ਕਰ ਕੇ ਧਰਤੀ ’ਤੇ ਆਪਣੀ ਅਪਾਰ ਕਿਰਪਾ ਦਾ ਸਭ ਤੋਂ ਵੱਡਾ ਸਬੂਤ ਦੇਵੇਗਾ। (ਯੂਹੰ. 5:28, 29; ਅੱਯੂ. 14:13-15) ਕਿਹੜੇ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ? ਯਹੋਵਾਹ ਉਨ੍ਹਾਂ ਵਫ਼ਾਦਾਰ ਲੋਕਾਂ ਨੂੰ ਜੀਉਂਦੇ ਕਰੇਗਾ ਜਿਹੜੇ ਮਸੀਹ ਦੀ ਕੁਰਬਾਨੀ ਤੋਂ ਪਹਿਲਾਂ ਮਰ ਗਏ ਸਨ ਅਤੇ “ਹੋਰ ਭੇਡਾਂ” ਦੇ ਵਫ਼ਾਦਾਰ ਲੋਕ ਜਿਹੜੇ ਅੰਤ ਦੇ ਦਿਨਾਂ ਦੌਰਾਨ ਮਰਦੇ ਹਨ। ਇਨ੍ਹਾਂ ਸਾਰਿਆਂ ਨੂੰ ਜੀਉਂਦਾ ਕੀਤਾ ਜਾਵੇਗਾ ਤਾਂਕਿ ਉਹ ਯਹੋਵਾਹ ਦੀ ਸੇਵਾ ਦੁਬਾਰਾ ਤੋਂ ਸ਼ੁਰੂ ਕਰ ਸਕਣ।

16 ਉਨ੍ਹਾਂ ਅਣਗਿਣਤ ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ ਜਿਨ੍ਹਾਂ ਨੂੰ ਪਰਮੇਸ਼ੁਰ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਨੂੰ ਪਰਮੇਸ਼ੁਰ ਦੀ ਹਕੂਮਤ ਅਧੀਨ ਆਉਣ ਦਾ ਮੌਕਾ ਦਿੱਤਾ ਜਾਵੇਗਾ। ਯੂਹੰਨਾ ਨੇ ਲਿਖਿਆ: “ਮੈਂ ਉਨ੍ਹਾਂ ਸਾਰੇ ਛੋਟੇ ਤੇ ਵੱਡੇ ਲੋਕਾਂ ਨੂੰ ਸਿੰਘਾਸਣ ਦੇ ਸਾਮ੍ਹਣੇ ਖੜ੍ਹੇ ਦੇਖਿਆ ਜਿਹੜੇ ਮਰ ਚੁੱਕੇ ਸਨ। ਅਤੇ ਕਿਤਾਬਾਂ ਖੋਲ੍ਹੀਆਂ ਗਈਆਂ ਅਤੇ ਇਕ ਹੋਰ ਕਿਤਾਬ ਖੋਲ੍ਹੀ ਗਈ; ਇਹ ਜੀਵਨ ਦੀ ਕਿਤਾਬ ਸੀ। ਅਤੇ ਇਨ੍ਹਾਂ ਕਿਤਾਬਾਂ ਵਿਚ ਜੋ ਵੀ ਲਿਖਿਆ ਗਿਆ ਹੈ, ਉਸ ਦੇ ਆਧਾਰ ’ਤੇ ਉਨ੍ਹਾਂ ਮਰੇ ਹੋਏ ਲੋਕਾਂ ਦੇ ਕੰਮਾਂ ਦਾ ਨਿਆਂ ਕੀਤਾ ਗਿਆ। ਅਤੇ ਸਮੁੰਦਰ ਨੇ ਉਹ ਸਾਰੇ ਮਰੇ ਹੋਏ ਲੋਕ ਮੋੜ ਦਿੱਤੇ ਜਿਹੜੇ ਉਸ ਵਿਚ ਸਨ, ਅਤੇ “ਮੌਤ” ਤੇ “ਕਬਰ” ਨੇ ਵੀ ਉਹ ਸਾਰੇ ਮਰੇ ਹੋਏ ਲੋਕ ਮੋੜ ਦਿੱਤੇ ਜਿਹੜੇ ਉਨ੍ਹਾਂ ਵਿਚ ਸਨ ਅਤੇ ਹਰੇਕ ਦਾ ਨਿਆਂ ਉਸ ਦੇ ਕੰਮਾਂ ਅਨੁਸਾਰ ਕੀਤਾ ਗਿਆ।” (ਪ੍ਰਕਾ. 20:12, 13) ਦਰਅਸਲ ਜੀਉਂਦੇ ਕੀਤੇ ਗਏ ਲੋਕਾਂ ਨੂੰ ਇਹ ਸਿੱਖਣ ਦੀ ਲੋੜ ਹੋਵੇਗੀ ਕਿ ਉਹ ਬਾਈਬਲ ਵਿਚ ਦੱਸੇ ਪਰਮੇਸ਼ੁਰ ਦੇ ਅਸੂਲਾਂ ਨੂੰ ਕਿਵੇਂ ਲਾਗੂ ਕਰ ਸਕਦੇ ਹਨ। ਨਾਲੇ ਉਨ੍ਹਾਂ ਨੂੰ ਨਵੀਆਂ ਦੁਨੀਆਂ ਵਿਚ ਰਹਿਣ ਲਈ ਨਵੀਆਂ ਹਿਦਾਇਤਾਂ ਮੰਨਣ ਦੀ ਲੋੜ ਪਵੇਗੀ ਜੋ “ਕਿਤਾਬਾਂ” ਵਿਚ ਦੱਸੀਆਂ ਜਾਣਗੀਆਂ। ਇਨ੍ਹਾਂ ਕਿਤਾਬਾਂ ਵਿਚ ਦਿੱਤੀਆਂ ਹਿਦਾਇਤਾਂ ਯਹੋਵਾਹ ਦੀ ਅਪਾਰ ਕਿਰਪਾ ਦਾ ਇਕ ਹੋਰ ਸਬੂਤ ਹੋਵੇਗਾ।

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੋ

17. ਪ੍ਰਚਾਰ ਕਰਦਿਆਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

17 ਅੱਜ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੰਤ ਨੇੜੇ ਹੈ। (ਮਰ. 13:10) ਬਿਨਾਂ ਸ਼ੱਕ ਖ਼ੁਸ਼ ਖ਼ਬਰੀ ਯਹੋਵਾਹ ਦੀ ਅਪਾਰ ਕਿਰਪਾ ਦਾ ਸਬੂਤ ਦਿੰਦੀ ਹੈ ਅਤੇ ਪ੍ਰਚਾਰ ਕਰਦਿਆਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਸਾਡੇ ਪ੍ਰਚਾਰ ਦਾ ਮਕਸਦ ਪਰਮੇਸ਼ੁਰ ਦੀ ਮਹਿਮਾ ਕਰਨੀ ਹੈ। ਜਦੋਂ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਨਵੀਂ ਦੁਨੀਆਂ ਬਾਰੇ ਕੀਤੇ ਯਹੋਵਾਹ ਦੇ ਵਾਅਦੇ ਉਸ ਦੀ ਅਪਾਰ ਕਿਰਪਾ ਦਾ ਸਬੂਤ ਹਨ, ਤਾਂ ਅਸੀਂ ਉਸ ਦੀ ਮਹਿਮਾ ਕਰਦੇ ਹਾਂ।

“ਵਧੀਆ ਅਤੇ ਜ਼ਿੰਮੇਵਾਰ ਸੇਵਕਾਂ” ਦੇ ਤੌਰ ਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਖ਼ੁਸ਼ ਖ਼ਬਰੀ ਦਾ ਜੋਸ਼ ਨਾਲ ਪ੍ਰਚਾਰ ਕਰੋ।—1 ਪਤ. 4:10 (ਪੈਰੇ 17-19 ਦੇਖੋ)

18, 19. ਅਸੀਂ ਯਹੋਵਾਹ ਦੀ ਮਹਿਮਾ ਕਿਵੇਂ ਕਰਦੇ ਹਾਂ?

18 ਪ੍ਰਚਾਰ ਕਰਦਿਆਂ ਅਸੀਂ ਲੋਕਾਂ ਨੂੰ ਸਮਝਾ ਸਕਦੇ ਹਾਂ ਕਿ ਮਸੀਹ ਦੇ ਰਾਜ ਅਧੀਨ ਸਾਰਿਆਂ ਨੂੰ ਰਿਹਾਈ ਦੀ ਕੀਮਤ ਦਾ ਪੂਰਾ-ਪੂਰਾ ਫ਼ਾਇਦਾ ਹੋਵੇਗਾ ਅਤੇ ਸਾਰੇ ਜਣੇ ਹੌਲੀ-ਹੌਲੀ ਮੁਕੰਮਲ ਹੋ ਜਾਣਗੇ। ਬਾਈਬਲ ਦੱਸਦੀ ਹੈ: “ਸ੍ਰਿਸ਼ਟੀ ਵਿਨਾਸ਼ ਦੀ ਗ਼ੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਬੱਚਿਆਂ ਦੀ ਸ਼ਾਨਦਾਰ ਆਜ਼ਾਦੀ ਪਾਵੇਗੀ।” (ਰੋਮੀ. 8:21) ਇਹ ਸਿਰਫ਼ ਪਰਮੇਸ਼ੁਰ ਦੀ ਅਪਾਰ ਕਿਰਪਾ ਕਰਕੇ ਹੀ ਮੁਮਕਿਨ ਹੋਵੇਗਾ।

19 ਸਾਡੇ ਕੋਲ ਸਾਰੇ ਲੋਕਾਂ ਨੂੰ ਇਹ ਸ਼ਾਨਦਾਰ ਵਾਅਦਾ ਦੱਸਣ ਦਾ ਸਨਮਾਨ ਹੈ ਜੋ ਪ੍ਰਕਾਸ਼ ਦੀ ਕਿਤਾਬ 21:4, 5 ਵਿਚ ਦੱਸਿਆ ਗਿਆ ਹੈ: “[ਪਰਮੇਸ਼ੁਰ] ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ ਅਤੇ ਫਿਰ ਕੋਈ ਨਹੀਂ ਮਰੇਗਾ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ। ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।” ਯਹੋਵਾਹ, ਜਿਹੜਾ ਸਿੰਘਾਸਣ ਉੱਤੇ ਬੈਠਾ ਹੋਇਆ ਹੈ, ਕਹਿੰਦਾ ਹੈ: “ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।” ਉਸ ਨੇ ਇਹ ਵੀ ਕਿਹਾ: “ਲਿਖ, ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।” ਜਦੋਂ ਅਸੀਂ ਜੋਸ਼ ਨਾਲ ਦੂਜਿਆਂ ਨੂੰ ਇਸ ਖ਼ੁਸ਼ ਖ਼ਬਰੀ ਬਾਰੇ ਦੱਸਦੇ ਹਾਂ ਜੋ ਪਰਮੇਸ਼ੁਰ ਦੀ ਅਪਾਰ ਕਿਰਪਾ ਦਾ ਸਬੂਤ ਹੈ, ਤਾਂ ਅਸੀਂ ਵਾਕਈ ਯਹੋਵਾਹ ਦੀ ਮਹਿਮਾ ਕਰਦੇ ਹਾਂ।