Skip to content

Skip to table of contents

ਘੱਟ ਪੈਸਿਆਂ ਨਾਲ ਗੁਜ਼ਾਰਾ

ਘੱਟ ਪੈਸਿਆਂ ਨਾਲ ਗੁਜ਼ਾਰਾ

ਘੱਟ ਪੈਸਿਆਂ ਨਾਲ ਗੁਜ਼ਾਰਾ

ਘੱਟ ਕਮਾਈ ਨਾਲ ਗੁਜ਼ਾਰਾ ਕਰਨ ਲਈ ਸੋਚ-ਸਮਝ ਕੇ ਖ਼ਰਚਾ ਕਰਨ ਦੀ ਲੋੜ ਹੈ। ਯਿਸੂ ਨੇ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਸੀ। ਉਸ ਨੇ ਸਵਾਲ ਕੀਤਾ, “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ?” (ਲੂਕਾ 14:28, 29) ਯਿਸੂ ਦੀ ਸਲਾਹ ਉੱਤੇ ਚੱਲਦੇ ਹੋਏ ਤੁਸੀਂ ਵੀ “ਖ਼ਰਚ ਦਾ ਲੇਖਾ” ਕਰ ਕੇ ਬਜਟ ਬਣਾ ਸਕਦੇ ਹੋ। ਇਹ ਕਿਵੇਂ ਕੀਤਾ ਜਾ ਸਕਦਾ ਹੈ? ਇਸ ਤਰ੍ਹਾਂ ਕਰ ਕੇ ਦੇਖੋ:

ਜਦੋਂ ਤੁਸੀਂ ਆਪਣੀ ਤਨਖ਼ਾਹ ਘਰ ਲਿਆਉਂਦੇ ਹੋ, ਤਾਂ ਉਸ ਨੂੰ ਵੱਖੋ-ਵੱਖਰੇ ਹਿੱਸਿਆਂ ਵਿਚ ਵੰਡੋ ਤਾਂਕਿ ਤੁਸੀਂ ਅੱਜ ਦੇ ਅਤੇ ਆਉਣ ਵਾਲੇ ਖ਼ਰਚੇ ਪੂਰੇ ਕਰ ਸਕੋ। ( ਸਫ਼ਾ 8 ਉੱਤੇ ਡੱਬੀ ਦੇਖੋ।) ਬਜਟ ਬਣਾਉਣ ਨਾਲ ਤੁਸੀਂ ਦੇਖ ਸਕੋਗੇ ਕਿ ਤੁਸੀਂ ਪੈਸਾ ਕਿੱਥੇ ਖ਼ਰਚ ਰਹੇ ਹੋ ਅਤੇ ਕਿੰਨਾ ਪੈਸਾ ਫ਼ਜ਼ੂਲ ਖ਼ਰਚ ਕਰ ਰਹੇ ਹੋ। ਫਿਰ ਤੁਸੀਂ ਠਾਣ ਸਕੋਗੇ ਕਿ ਕਿੱਥੇ ਖ਼ਰਚਾ ਘਟਾਉਣਾ ਹੈ।

ਬਜਟ ਬਣਾਉਣ ਲਈ ਅੱਗੇ ਦਿੱਤੇ ਗਏ ਸੁਝਾਅ ਲਾਗੂ ਕਰੋ।

ਸੋਚ-ਸਮਝ ਕੇ ਖ਼ਰੀਦਦਾਰੀ ਕਰੋ

ਜਦ ਰਾਹੁਲ ਦੀ ਨੌਕਰੀ ਛੁੱਟ ਗਈ, ਤਾਂ ਉਸ ਦੀ ਪਤਨੀ ਬਰਥਾ ਨੇ ਖ਼ਰੀਦਦਾਰੀ ਕਰਨ ਦਾ ਢੰਗ ਬਦਲਿਆ। ਉਹ ਕਹਿੰਦੀ ਹੈ: “ਮੈਂ ਸਸਤੇ ਭਾਅ ਦੀਆਂ ਚੀਜ਼ਾਂ ਲੱਭਣੀਆਂ ਸ਼ੁਰੂ ਕੀਤੀਆਂ ਅਤੇ ਕਰਿਆਨੇ ਦੀਆਂ ਉਨ੍ਹਾਂ ਦੁਕਾਨਾਂ ਵਿਚ ਗਈ ਜਿੱਥੇ ਇਕ ਚੀਜ਼ ਖ਼ਰੀਦਣ ਨਾਲ ਦੂਜੀ ਮੁਫ਼ਤ ਮਿਲਦੀ ਸੀ।” ਕੁਝ ਹੋਰ ਸੁਝਾਅ ਹੇਠਾਂ ਦਿੱਤੇ ਗਏ ਹਨ:

ਉਹੀ ਖਾਣਾ ਬਣਾਓ ਜਿਸ ਦੀ ਰੁੱਤ ਹੈ।

● ਬਣਿਆ-ਬਣਾਇਆ ਖਾਣਾ ਖ਼ਰੀਦਣ ਦੀ ਬਜਾਇ ਘਰ ਬਣਾਓ।

● ਸਸਤੀਆਂ ਚੀਜ਼ਾਂ ਨੂੰ ਵਾਧੂ ਖ਼ਰੀਦ ਕੇ ਰੱਖ ਲਓ।

● ਆਮ ਤੌਰ ਤੇ ਜ਼ਿਆਦਾ ਚੀਜ਼ਾਂ ਖ਼ਰੀਦਣ ਨਾਲ ਸਸਤਾ ਪੈਂਦਾ ਹੈ, ਪਰ ਖ਼ਰਾਬ ਹੋਣ ਵਾਲੀ ਚੀਜ਼ ਨੂੰ ਹਿਸਾਬ ਨਾਲ ਖ਼ਰੀਦੋ।

● ਦੁਕਾਨ ਦੀ ਬਜਾਇ ਫੈਕਟਰੀਆਂ ਵਿਚ ਲੱਗੀ ਸੇਲ ਤੋਂ ਕੱਪੜੇ ਖ਼ਰੀਦੋ।

● ਜੇ ਤੁਹਾਨੂੰ ਸਸਤਾ ਪੈਂਦਾ ਹੈ, ਤਾਂ ਉੱਥੇ ਜਾਓ ਜਿੱਥੇ ਸਸਤੇ ਭਾਅ ’ਤੇ ਸਮਾਨ ਮਿਲਦਾ ਹੈ।

● ਵਾਰ-ਵਾਰ ਬਾਜ਼ਾਰ ਨਾ ਜਾਓ। *

ਲਿਖ ਲਓ

ਮਹਿੰਦਰ ਕਹਿੰਦਾ ਹੈ: “ਸਾਨੂੰ ਬਜਟ ਬਣਾਉਣਾ ਪਿਆ। ਸੋ ਮੈਂ ਇਹ ਲਿਖਦਾ ਹੁੰਦਾ ਸੀ ਕਿ ਸਾਨੂੰ ਕਿਹੜੇ ਖ਼ਰਚੇ ਪੂਰੇ ਕਰਨ ਦੀ ਲੋੜ ਸੀ ਅਤੇ ਬਾਕੀ ਮਹੀਨੇ ਲਈ ਸਾਨੂੰ ਕਿੰਨੇ ਕੁ ਪੈਸਿਆਂ ਦੀ ਲੋੜ ਸੀ। ਉਸ ਦੀ ਪਤਨੀ ਚੰਨੀ ਅੱਗੇ ਕਹਿੰਦੀ ਹੈ: “ਮੈਨੂੰ ਪੂਰਾ ਪਤਾ ਸੀ ਕਿ ਮੈਂ ਬਾਜ਼ਾਰ ਵਿਚ ਕਿੰਨੇ ਪੈਸੇ ਖ਼ਰਚ ਸਕਦੀ ਸੀ। ਕਦੇ-ਕਦੇ ਮੈਂ ਬੱਚਿਆਂ ਜਾਂ ਘਰ ਲਈ ਕੁਝ ਖ਼ਰੀਦਣਾ ਚਾਹੁੰਦੀ ਸੀ, ਪਰ ਬਜਟ ਦੇਖ ਕੇ ਮੈਨੂੰ ਪਤਾ ਹੁੰਦਾ ਸੀ ਕਿ ਮੈਂ ਇਸ ਮਹੀਨੇ ਨਹੀਂ, ਸਗੋਂ ਅਗਲੇ ਮਹੀਨੇ ਖ਼ਰੀਦ ਸਕਦੀ ਸੀ। ਬਜਟ ਬਣਾਉਣ ਦਾ ਸਾਨੂੰ ਬਹੁਤ ਫ਼ਾਇਦਾ ਹੋਇਆ।”

ਖ਼ਰਚਾ ਕਰਨ ਤੋਂ ਪਹਿਲਾਂ ਸੋਚੋ

ਆਪਣੇ ਆਪ ਨੂੰ ਇਹ ਪੁੱਛਣ ਦੀ ਆਦਤ ਪਾਓ: ‘ਕੀ ਮੈਨੂੰ ਇਸ ਚੀਜ਼ ਦੀ ਲੋੜ ਹੈ? ਕੀ ਪੁਰਾਣੀ ਚੀਜ਼ ਵਾਕਈ ਖ਼ਰਾਬ ਹੋ ਗਈ ਹੈ ਜਾਂ ਕੀ ਮੈਂ ਸਿਰਫ਼ ਨਵੀਂ ਚੀਜ਼ ਚਾਹੁੰਦਾ ਹਾਂ?’ ਜੇ ਤੁਸੀਂ ਘੱਟ ਹੀ ਕਿਸੇ ਚੀਜ਼ ਨੂੰ ਵਰਤੋਗੇ, ਤਾਂ ਕੀ ਤੁਸੀਂ ਕਿਰਾਏ ਤੇ ਲੈ ਸਕਦੇ ਹੋ? ਨਵੀਂ ਚੀਜ਼ ਖ਼ਰੀਦਣ ਦੀ ਬਜਾਇ ਕੀ ਤੁਸੀਂ ਚੰਗੀ ਕੰਮ ਕਰਦੀ ਪੁਰਾਣੀ ਚੀਜ਼ ਖ਼ਰੀਦ ਸਕਦੇ ਹੋ?

ਭਾਵੇਂ ਉੱਪਰ ਦਿੱਤੇ ਸੁਝਾਅ ਛੋਟੀਆਂ ਹੀ ਗੱਲਾਂ ਲੱਗਣ, ਪਰ ਇਨ੍ਹਾਂ ਨੂੰ ਲਾਗੂ ਕਰ ਕੇ ਫ਼ਾਇਦਾ ਹੋ ਸਕਦਾ ਹੈ। ਜੇ ਤੁਸੀਂ ਛੋਟੇ ਖ਼ਰਚਿਆਂ ਵਿਚ ਬੱਚਤ ਕਰਨ ਦੀ ਆਦਤ ਪਾਓ, ਤਾਂ ਵੱਡੇ ਖ਼ਰਚੇ ਕਰਨ ਸਮੇਂ ਵੀ ਤੁਸੀਂ ਇਸ ਤਰ੍ਹਾਂ ਕਰ ਪਾਓਗੇ।

ਦਿਮਾਗ਼ ਵਰਤੋ

ਫ਼ਜ਼ੂਲ ਖ਼ਰਚੇ ਘਟਾਉਣ ਲਈ ਦਿਮਾਗ਼ ਵਰਤੋ। ਮਿਸਾਲ ਲਈ, ਚੰਨੀ ਦੱਸਦੀ ਹੈ: “ਸਾਡੇ ਕੋਲ ਦੋ ਗੱਡੀਆਂ ਹੁੰਦੀਆਂ ਸਨ, ਪਰ ਅਸੀਂ ਇਕ ਗੱਡੀ ਵੇਚ ਦਿੱਤੀ ਅਤੇ ਜਿੱਥੇ ਹੋ ਸਕੇ ਅਸੀਂ ਦੂਜਿਆਂ ਨਾਲ ਗੱਡੀ ਵਿਚ ਜਾਂਦੇ ਸੀ ਜਾਂ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਲੈ ਜਾਂਦੇ ਸੀ। ਪਟਰੋਲ ਬਚਾਉਣ ਲਈ ਵਾਰ-ਵਾਰ ਗੱਡੀ ਵਿਚ ਜਾਣ ਦੀ ਬਜਾਇ ਅਸੀਂ ਇੱਕੋ ਵਾਰ ਸਾਰੇ ਕੰਮ ਕਰ ਆਉਂਦੇ ਸੀ। ਅਸੀਂ ਉਹੀ ਚੀਜ਼ਾਂ ਖ਼ਰੀਦਦੇ ਸੀ ਜੋ ਜ਼ਰੂਰੀ ਸਨ।” ਹੇਠਾਂ ਦਿੱਤੇ ਸੁਝਾਅ ਪੈਸੇ ਬਚਾਉਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ:

● ਖ਼ਰੀਦਣ ਦੀ ਬਜਾਇ ਆਪਣੀਆਂ ਸਬਜ਼ੀਆਂ ਬੀਜੋ।

● ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਦੀ ਚੰਗੀ ਦੇਖ-ਭਾਲ ਕਰੋ।

● ਘਰ ਆਉਣ ਸਾਰ ਆਪਣੇ ਕੱਪੜੇ ਬਦਲੋ ਤਾਂਕਿ ਨਵੇਂ ਕੱਪੜੇ ਜ਼ਿਆਦਾ ਦੇਰ ਹੰਢਣ।

ਦੂਸਰਿਆਂ ਤੋਂ ਦੂਰ ਨਾ ਰਹੋ

ਕਈ ਲੋਕ ਨੌਕਰੀ ਛੁੱਟਣ ਤੋਂ ਬਾਅਦ ਦੂਸਰਿਆਂ ਤੋਂ ਦੂਰ ਰਹਿਣ ਲੱਗ ਪੈਂਦੇ ਹਨ। ਪਰ ਮਹਿੰਦਰ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸ ਨੂੰ ਆਪਣੇ ਵੱਡੇ ਬੱਚਿਆਂ ਅਤੇ ਬਾਕੀ ਦੇ ਪਰਿਵਾਰ ਤੋਂ ਹੌਸਲਾ ਤੇ ਮਦਦ ਮਿਲੀ। ਉਹ ਦੱਸਦਾ ਹੈ: “ਅਸੀਂ ਇਕ-ਦੂਜੇ ਨਾਲ ਬਹੁਤ ਕੁਝ ਸਾਂਝਾ ਕੀਤਾ ਜਿਸ ਕਰਕੇ ਸਾਡਾ ਆਪਸੀ ਪਿਆਰ ਹੋਰ ਵੀ ਵਧਿਆ ਤੇ ਅਸੀਂ ਦੁੱਖ-ਸੁਖ ਸਾਂਝਾ ਕਰ ਸਕੇ।”

ਮਹਿੰਦਰ ਨੂੰ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਵਿਚ ਲਗਾਤਾਰ ਜਾ ਕੇ ਵੀ ਸਹਾਰਾ ਮਿਲਿਆ। ਉਸ ਨੇ ਕਿਹਾ, “ਮੀਟਿੰਗਾਂ ਤੋਂ ਬਾਅਦ ਮੇਰਾ ਹੌਸਲਾ ਹਮੇਸ਼ਾ ਬੁਲੰਦ ਹੁੰਦਾ ਸੀ। ਸਾਰੇ ਰਹਿਮਦਿਲ ਸਨ ਅਤੇ ਉਨ੍ਹਾਂ ਨੇ ਮੇਰਾ ਬਹੁਤ ਖ਼ਿਆਲ ਰੱਖਿਆ। ਉਨ੍ਹਾਂ ਦੀ ਮਦਦ ਅਤੇ ਦਿਲਾਸੇ ਕਰਕੇ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਇਕੱਲੇ ਨਹੀਂ ਸੀ।”—ਯੂਹੰਨਾ 13:35.

ਨਿਹਚਾ ਦੇ ਫ਼ਾਇਦੇ

ਲੱਖਾਂ ਲੋਕ ਬੇਰੋਜ਼ਗਾਰੀ ਦੇ ਸ਼ਿਕਾਰ ਬਣੇ ਹਨ ਅਤੇ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨਾਲ ਬੇਵਫ਼ਾਈ ਕੀਤੀ। ਰਾਹੁਲ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ, ਨੂੰ ਦੋ ਵਾਰ ਨੌਕਰੀ ਤੋਂ ਅਚਾਨਕ ਕੱਢ ਦਿੱਤਾ ਗਿਆ, ਇਕ ਵਾਰ ਪੀਰੂ ਵਿਚ ਅਤੇ ਦੂਜੀ ਵਾਰ ਨਿਊਯਾਰਕ ਸਿਟੀ ਵਿਚ। ਦੋਨੋਂ ਵਾਰ ਉਹ ਬਹੁਤ ਦੁਖੀ ਹੋਇਆ। ਦੂਜੀ ਵਾਰ ਬੇਰੋਜ਼ਗਾਰ ਹੋਣ ਤੇ ਉਸ ਨੇ ਸਿੱਟਾ ਕੱਢਿਆ ਕਿ “ਅੱਜ ਦੀ ਦੁਨੀਆਂ ਵਿਚ ਕਿਸੇ ਚੀਜ਼ ਦਾ ਭਰੋਸਾ ਨਹੀਂ।” ਕਈ ਮਹੀਨਿਆਂ ਤਕ ਉਹ ਨੌਕਰੀ ਲੱਭਣ ਵਿਚ ਕਾਮਯਾਬ ਨਹੀਂ ਹੋਇਆ। ਉਸ ਨੂੰ ਹੌਸਲਾ ਕਿੱਥੋਂ ਮਿਲਿਆ? ਰਾਹੁਲ ਦੱਸਦਾ ਹੈ: “ਮੈਂ ਪਰਮੇਸ਼ੁਰ ਨਾਲ ਨਜ਼ਦੀਕ ਰਿਸ਼ਤਾ ਕਾਇਮ ਕੀਤਾ ਅਤੇ ਮੈਨੂੰ ਅਹਿਸਾਸ ਹੋਇਆ ਕਿ ਮਨ ਦੀ ਸ਼ਾਂਤੀ ਲਈ ਮੈਨੂੰ ਉਸ ਉੱਤੇ ਭਰੋਸਾ ਰੱਖਣ ਦੀ ਲੋੜ ਸੀ।”

ਰਾਹੁਲ ਯਹੋਵਾਹ ਦਾ ਗਵਾਹ ਹੈ ਅਤੇ ਬਾਈਬਲ ਸਟੱਡੀ ਕਰ ਕੇ ਪਰਮੇਸ਼ੁਰ ਉੱਤੇ ਉਸ ਦੀ ਨਿਹਚਾ ਪੱਕੀ ਹੋਈ ਕਿ ਉਸ ਨੂੰ ਸਾਡਾ ਫ਼ਿਕਰ ਹੈ। ਪਰਮੇਸ਼ੁਰ ਦਾ ਵਾਅਦਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5) ਭਾਵੇਂ ਹਾਲਾਤ ਔਖੇ ਸਨ, ਫਿਰ ਵੀ ਉਸ ਨੇ ਕਿਹਾ: “ਅਸੀਂ ਆਪਣੀਆਂ ਜ਼ਰੂਰਤਾਂ ਬਾਰੇ ਪ੍ਰਾਰਥਨਾ ਕੀਤੀ ਅਤੇ ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਉਸ ਨਾਲ ਖ਼ੁਸ਼ ਹੋਣਾ ਸਿੱਖਿਆ।” ਰਾਹੁਲ ਦੀ ਪਤਨੀ ਬਰਥਾ ਨੇ ਅੱਗੇ ਕਿਹਾ: “ਕਈ ਵਾਰ ਮੈਨੂੰ ਇਹ ਸੋਚ ਕੇ ਚਿੰਤਾ ਹੁੰਦੀ ਸੀ ਕਿ ਰਾਹੁਲ ਨੂੰ ਨੌਕਰੀ ਮਿਲੇਗੀ ਜਾਂ ਨਹੀਂ। ਪਰ ਅਸੀਂ ਦੇਖਿਆ ਕਿ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣ ਕੇ ਹਰ ਰੋਜ਼ ਸਾਡੀਆਂ ਲੋੜਾਂ ਪੂਰੀਆਂ ਕਰਦਾ ਸੀ। ਭਾਵੇਂ ਸਾਡੇ ਕੋਲ ਪਹਿਲਾਂ ਜਿੰਨਾ ਨਹੀਂ ਸੀ, ਫਿਰ ਵੀ ਸਾਡੀ ਜ਼ਿੰਦਗੀ ਵਿਚ ਟੈਨਸ਼ਨ ਘੱਟ ਸੀ।”

ਮਹਿੰਦਰ ਵੀ ਯਹੋਵਾਹ ਦਾ ਗਵਾਹ ਹੈ ਤੇ ਬਾਈਬਲ ਦੀ ਸਲਾਹ ਕਰਕੇ ਉਹ ਆਪਣੇ ਹਾਲਾਤਾਂ ਦਾ ਚੰਗੀ ਤਰ੍ਹਾਂ ਸਾਮ੍ਹਣਾ ਕਰ ਸਕਿਆ। ਉਹ ਦੱਸਦਾ ਹੈ, “ਕਈ ਵਾਰ ਅਸੀਂ ਆਪਣੀ ਨੌਕਰੀ, ਹੈਸੀਅਤ ਜਾਂ ਬੈਂਕ ਅਕਾਊਂਟ ਉੱਤੇ ਜ਼ਿਆਦਾ ਭਰੋਸਾ ਰੱਖਦੇ ਹਾਂ। ਪਰ ਮੈਂ ਆਪਣੇ ਤਜਰਬੇ ਤੋਂ ਸਿੱਖਿਆ ਕਿ ਯਹੋਵਾਹ ਪਰਮੇਸ਼ੁਰ ਹੀ ਸਾਡਾ ਭਰੋਸਾ ਹੈ। ਪਰਮੇਸ਼ੁਰ ਨਾਲ ਦੋਸਤੀ ਕਰਨ ਨਾਲ ਸਾਨੂੰ ਅਸਲੀ ਸੁਖ ਮਿਲਦਾ ਹੈ।” * (g10-E 07)

[ਫੁਟਨੋਟ]

^ ਪੈਰਾ 13 ਇਕ ਸਰਵੇਖਣ ਦੇ ਮੁਤਾਬਕ 60 ਫੀ ਸਦੀ ਲੋਕ ਉਹ ਚੀਜ਼ਾਂ ਖ਼ਰੀਦ ਲੈਂਦੇ ਹਨ ਜਿਨ੍ਹਾਂ ਨੂੰ ਖ਼ਰੀਦਣ ਦਾ ਇਰਾਦਾ ਨਹੀਂ ਸੀ।

^ ਪੈਰਾ 30 ਘਰ ਦਾ ਖ਼ਰਚਾ ਚਲਾਉਣ ਬਾਰੇ ਹੋਰ ਜਾਣਕਾਰੀ ਲਈ ਇਸ ਨਾਲ ਦੇ ਰਸਾਲੇ ਪਹਿਰਾਬੁਰਜ ਜਨਵਰੀ-ਮਾਰਚ 2010, ਸਫ਼ੇ 18-20 ਦੇਖੋ।

[ਸਫ਼ਾ 9 ਉੱਤੇ ਸੁਰਖੀ]

 “ਅਸੀਂ ਆਪਣੀਆਂ ਜ਼ਰੂਰਤਾਂ ਬਾਰੇ ਪ੍ਰਾਰਥਨਾ ਕੀਤੀ ਅਤੇ ਜੋ ਪਰਮੇਸ਼ੁਰ ਨੇ ਸਾਨੂੰ ਦਿੱਤਾ ਉਸ ਨਾਲ ਖ਼ੁਸ਼ ਹੋਣਾ ਸਿੱਖਿਆ”

[ਸਫ਼ਾ 8 ਉੱਤੇ ਡੱਬੀ/ਚਾਰਟ]

ਬਜਟ ਕਿਵੇਂ ਬਣਾਈਏ?

(1) ਮਹੀਨੇ ਦੀਆਂ ਜ਼ਰੂਰੀ ਚੀਜ਼ਾਂ ਦਾ ਖ਼ਰਚਾ ਲਿਖੋ। ਇਕ ਮਹੀਨੇ ਦਾ ਪੂਰਾ ਹਿਸਾਬ ਰੱਖੋ ਅਤੇ ਇਹ ਲਿਖੋ ਕਿ ਤੁਸੀਂ ਖਾਣਾ, ਘਰ (ਕਰਾਇਆ ਜਾਂ ਕਿਸ਼ਤਾਂ), ਘਰ ਦੇ ਬਿਲ, ਕਾਰ ਵਗੈਰਾ ’ਤੇ ਕਿੰਨਾ ਪੈਸਾ ਖ਼ਰਚ ਕਰਦੇ ਹੋ। ਜਿਹੜੇ ਬਿਲ ਹਰ ਸਾਲ ਭਰਨੇ ਹਨ ਉਨ੍ਹਾਂ ਨੂੰ 12 ਨਾਲ ਤਕਸੀਮ ਕਰੋ।

(2) ਖ਼ਰਚਿਆਂ ਨੂੰ ਅਲੱਗ-ਅਲੱਗ ਹਿੱਸਿਆਂ ਵਿਚ ਵੰਡੋ। ਮਿਸਾਲ ਲਈ, ਖਾਣਾ, ਘਰ, ਕਾਰ, ਸਫ਼ਰ ਵਗੈਰਾ।

(3) ਅੰਦਾਜ਼ਾ ਲਗਾਓ ਕਿ ਤੁਹਾਡੀ ਬੱਚਤ ਵਿੱਚੋਂ ਤੁਹਾਨੂੰ ਹਰ ਮਹੀਨੇ ਕਿੰਨਾ ਖ਼ਰਚਣਾ ਪਵੇਗਾ। ਹਰ ਸਾਲ ਵਿਚ ਇਕ ਵਾਰ ਭਰਨ ਵਾਲੇ ਬਿਲ ਲਈ ਅੰਦਾਜ਼ਾ ਲਗਾਓ ਕਿ ਤੁਸੀਂ ਹਰ ਮਹੀਨੇ ਕਿੰਨੇ ਪੈਸੇ ਅਲੱਗ ਰੱਖ ਸਕਦੇ ਹੋ।

(4) ਘਰ ਵਿਚ ਸਾਰਿਆਂ ਦੀ ਕਮਾਈ ਨੂੰ ਇਕੱਠੀ ਕਰ ਕੇ ਲਿਖੋ। ਇਸ ਵਿੱਚੋਂ ਟੈਕਸ ਦੇ ਪੈਸੇ ਘਟਾ ਦਿਓ। ਆਪਣੀ ਕਮਾਈ ਦੀ ਤੁਲਨਾ ਆਪਣੇ ਸਾਰੇ ਖ਼ਰਚਿਆਂ ਨਾਲ ਕਰੋ।

(5) ਅਲੱਗ-ਅਲੱਗ ਹਿੱਸੇ ਦੇ ਖ਼ਰਚਿਆਂ ਲਈ ਪੈਸੇ ਇਕ ਪਾਸੇ ਰੱਖੋ। ਜੇ ਨਕਦ ਪੈਸੇ ਹਨ, ਤਾਂ ਇਨ੍ਹਾਂ ਨੂੰ ਅਲੱਗ-ਅਲੱਗ ਲਿਫ਼ਾਫ਼ਿਆਂ ਵਿਚ ਰੱਖੋ। ਫਿਰ ਸਮੇਂ-ਸਮੇਂ ’ਤੇ ਉਨ੍ਹਾਂ ਲਿਫ਼ਾਫ਼ਿਆਂ ਵਿਚ ਪੈਸੇ ਪਾਉਂਦੇ ਜਾਓ।

ਸਾਵਧਾਨ ਰਹੋ: ਜੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੈ, ਤਾਂ ਇਸ ਨੂੰ ਸਾਵਧਾਨੀ ਨਾਲ ਵਰਤੋ। ਬਹੁਤ ਸਾਰੇ ਬਜਟ ਨਾਕਾਮਯਾਬ ਹੋ ਜਾਂਦੇ ਹਨ ਜਦੋਂ ਲੋਕ ‘ਹੁਣ ਖ਼ਰੀਦੋ ਅਤੇ ਬਾਅਦ ਵਿਚ ਪੈਸੇ ਦਿਓ’ ਦੇ ਚੱਕਰ ਵਿਚ ਪੈ ਜਾਂਦੇ ਹਨ।

[ਚਾਰਟ]

(ਪੂਰੀ ਤਰ੍ਹਾਂ ਫੋਰਮੈਟ ਤੇ ਹੋਏ ਟੈਕਸਟ ਲਈ, ਪ੍ਰਕਾਸ਼ਨ ਦੇਖੋ)

ਮਹੀਨੇ ਦੀ ਆਮਦਨ

ਮਹੀਨੇ ਦੀ ਤਨਖ਼ਾਹ Rs..... ਹੋਰ ਆਮਦਨ Rs.....

ਘਰ ਵਿਚ ਦੂਜਿਆਂ

ਦੀ ਤਨਖ਼ਾਹ Rs..... ਕੁੱਲ ਆਮਦਨ

Rs.....

ਬਜਟ ਅਨੁਸਾਰ ਮਹੀਨੇ ਦੇ ਖ਼ਰਚੇ ਮਹੀਨੇ ਦੇ ਅਸਲੀ ਖ਼ਰਚੇ

Rs..... ਕਰਾਇਆ ਜਾਂ ਕਿਸ਼ਤਾਂ Rs.....

Rs..... ਬੀਮਾ/ਟੈਕਸ Rs.....

Rs..... ਘਰ ਦੇ ਬਿਲ Rs.....

Rs..... ਕਾਰ ਦੇ ਖ਼ਰਚੇ Rs.....

Rs..... ਮਨੋਰੰਜਨ/ਸਫ਼ਰ Rs.....

Rs..... ਫ਼ੋਨ ਬਿਲ Rs.....

Rs..... ਖਾਣਾ-ਪੀਣਾ Rs.....

Rs..... ਹੋਰ Rs.....

ਬਜਟ ਦਾ ਕੁੱਲ ਖ਼ਰਚਾ ਅਸਲੀ ਖ਼ਰਚਾ

Rs..... Rs.....

ਆਮਦਨ ਅਤੇ ਖ਼ਰਚਿਆਂ ਦੀ ਤੁਲਨਾ

ਮਹੀਨੇ ਦੀ ਆਮਦਨ Rs.....

ਮਹੀਨੇ ਦੇ ਖ਼ਰਚੇ ਬਾਕੀ

ਘਟਾਓ Rs..... Rs.....