Skip to content

Skip to table of contents

ਮੁੱਖ ਪੰਨੇ ਤੋਂ | ਕੀ ਮੌਤ ਹੋਣ ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ?

ਮੌਤ ਹੋਣ ਤੇ ਸਭ ਕੁਝ ਖ਼ਤਮ ਨਹੀਂ ਹੁੰਦਾ!

ਮੌਤ ਹੋਣ ਤੇ ਸਭ ਕੁਝ ਖ਼ਤਮ ਨਹੀਂ ਹੁੰਦਾ!

ਯਰੂਸ਼ਲਮ ਤੋਂ ਤਿੰਨ ਕਿਲੋਮੀਟਰ (2 ਮੀਲ) ਦੂਰ ਬੈਥਨੀਆ ਨਾਂ ਦਾ ਇਕ ਛੋਟਾ ਜਿਹਾ ਪਿੰਡ ਸੀ। (ਯੂਹੰਨਾ 11:18) ਯਿਸੂ ਦੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਉੱਥੇ ਇਕ ਮਾੜੀ ਘਟਨਾ ਘਟੀ ਸੀ। ਯਿਸੂ ਦਾ ਇਕ ਜਿਗਰੀ ਦੋਸਤ ਲਾਜ਼ਰ ਅਚਾਨਕ ਬਹੁਤ ਬੀਮਾਰ ਹੋ ਕੇ ਮਰ ਗਿਆ।

ਜਦੋਂ ਯਿਸੂ ਨੇ ਪਹਿਲਾਂ ਇਸ ਦੀ ਖ਼ਬਰ ਸੁਣੀ, ਤਾਂ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ ਕਿ ਲਾਜ਼ਰ ਸੌਂ ਗਿਆ ਸੀ ਤੇ ਉਹ ਉਸ ਨੂੰ ਜਗਾਉਣ ਜਾ ਰਿਹਾ ਸੀ। (ਯੂਹੰਨਾ 11:11) ਪਰ ਯਿਸੂ ਦੇ ਚੇਲੇ ਉਸ ਦੀ ਗੱਲ ਦਾ ਮਤਲਬ ਨਹੀਂ ਸਮਝੇ, ਇਸ ਲਈ ਯਿਸੂ ਨੇ ਸਾਫ਼-ਸਾਫ਼ ਦੱਸਿਆ: “ਲਾਜ਼ਰ ਮਰ ਗਿਆ ਹੈ।”​—ਯੂਹੰਨਾ 11:14.

ਲਾਜ਼ਰ ਨੂੰ ਦਫ਼ਨਾਉਣ ਤੋਂ ਚਾਰ ਦਿਨਾਂ ਬਾਅਦ ਯਿਸੂ ਬੈਥਨੀਆ ਪਹੁੰਚਿਆ ਅਤੇ ਉਸ ਨੇ ਲਾਜ਼ਰ ਦੀ ਭੈਣ ਮਾਰਥਾ ਨੂੰ ਦਿਲਾਸਾ ਦਿੱਤਾ। ਮਾਰਥਾ ਨੇ ਕਿਹਾ: “ਪ੍ਰਭੂ, ਜੇ ਤੂੰ ਇੱਥੇ ਹੁੰਦਾ, ਤਾਂ ਮੇਰਾ ਵੀਰ ਨਾ ਮਰਦਾ।” (ਯੂਹੰਨਾ 11:17, 21) ਯਿਸੂ ਨੇ ਜਵਾਬ ਦਿੱਤਾ: “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ। ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਭਾਵੇਂ ਮਰ ਵੀ ਜਾਵੇ, ਉਹ ਦੁਬਾਰਾ ਜੀਉਂਦਾ ਹੋ ਜਾਵੇਗਾ।”​—ਯੂਹੰਨਾ 11:25.

“ਲਾਜ਼ਰ, ਬਾਹਰ ਆ ਜਾ!”

ਇਹ ਦਿਖਾਉਣ ਲਈ ਕਿ ਉਸ ਦਾ ਵਾਅਦਾ ਖੋਖਲਾ ਨਹੀਂ ਸੀ, ਉਸ ਨੇ ਕਬਰ ਕੋਲ ਜਾ ਕੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆ ਜਾ!” (ਯੂਹੰਨਾ 11:43) ਲਾਜ਼ਰ ਜੀਉਂਦਾ ਹੋ ਕੇ ਬਾਹਰ ਆ ਗਿਆ ਤੇ ਉੱਥੇ ਖੜ੍ਹੇ ਲੋਕ ਉਸ ਨੂੰ ਦੇਖ ਕੇ ਬਹੁਤ ਹੈਰਾਨ ਰਹਿ ਗਏ।

ਯਿਸੂ ਨੇ ਇਸ ਤੋਂ ਪਹਿਲਾਂ ਵੀ ਘੱਟੋ-ਘੱਟ ਦੋ ਜਣਿਆਂ ਨੂੰ ਜੀਉਂਦਾ ਕੀਤਾ ਸੀ, ਜਿਵੇਂ ਜੈਰੁਸ ਦੀ ਧੀ ਨੂੰ। ਉਸ ਨੂੰ ਵੀ ਜੀਉਂਦਾ ਕਰਨ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਉਹ ਮਰੀ ਨਹੀਂ, ਸਗੋਂ ਸੁੱਤੀ ਪਈ ਸੀ।​—ਲੂਕਾ 8:52.

ਧਿਆਨ ਦਿਓ ਕਿ ਯਿਸੂ ਨੇ ਲਾਜ਼ਰ ਅਤੇ ਜੈਰੁਸ ਦੀ ਧੀ ਦੀ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਸੀ। ਇਹ ਬਿਲਕੁਲ ਸਹੀ ਸੀ। ਕਿਉਂ? ਕਿਉਂਕਿ ਸੁੱਤੇ ਪਏ ਇਨਸਾਨ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਉਸ ਦੇ ਆਲੇ-ਦੁਆਲੇ ਕੀ ਹੋ ਰਿਹਾ ਹੈ ਤੇ ਉਸ ਨੂੰ ਦੁੱਖ-ਤਕਲੀਫ਼ ਤੋਂ ਆਰਾਮ ਮਿਲਦਾ ਹੈ। (ਉਪਦੇਸ਼ਕ ਦੀ ਪੋਥੀ 9:5; “ਮੌਤ ਨੀਂਦ ਵਾਂਗ ਹੈ” ਨਾਂ ਦੀ ਡੱਬੀ ਦੇਖੋ।) ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੂੰ ਸਹੀ ਸਮਝ ਸੀ ਕਿ ਮਰੇ ਹੋਏ ਲੋਕ ਕਿਸ ਹਾਲਤ ਵਿਚ ਹਨ। ਧਰਮ ਬਾਰੇ ਇਕ ਐਨਸਾਈਕਲੋਪੀਡੀਆ ਵਿਚ ਕਿਹਾ ਗਿਆ ਹੈ ਕਿ ਯਿਸੂ ਦੇ ਚੇਲਿਆਂ ਲਈ ਮੌਤ ਨੀਂਦ ਦੇ ਬਰਾਬਰ ਸੀ ਅਤੇ ਉਹ ਮੰਨਦੇ ਸਨ ਕਿ ਮਰ ਚੁੱਕੇ ਧਰਮੀ ਲੋਕ ਕਬਰਾਂ ਵਿਚ ਆਰਾਮ ਕਰ ਰਹੇ ਸਨ।

ਇਹ ਜਾਣ ਕੇ ਸਾਨੂੰ ਦਿਲਾਸਾ ਮਿਲਦਾ ਹੈ ਕਿ ਮਰੇ ਹੋਏ ਲੋਕ ਕਬਰਾਂ ਵਿਚ ਸੁੱਤੇ ਪਏ ਹਨ ਅਤੇ ਉਹ ਕਿਸੇ ਤਰ੍ਹਾਂ ਦੀ ਦੁੱਖ-ਤਕਲੀਫ਼ ਵਿਚ ਨਹੀਂ ਹਨ। ਮੌਤ ਬਾਰੇ ਇਹ ਸੱਚਾਈ ਜਾਣ ਕੇ ਸਾਡੇ ਮਨਾਂ ਵਿੱਚੋਂ ਇਸ ਦਾ ਖ਼ੌਫ਼ ਨਿਕਲ ਜਾਂਦਾ ਹੈ।

“ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ?”

ਸਾਨੂੰ ਸਾਰਿਆਂ ਨੂੰ ਰਾਤ ਨੂੰ ਡੂੰਘੀ ਨੀਂਦ ਸੌਂ ਕੇ ਚੰਗਾ ਲੱਗਦਾ ਹੈ, ਪਰ ਕੌਣ ਹਮੇਸ਼ਾ ਲਈ ਸੌਣਾ ਚਾਹੇਗਾ? ਕੀ ਕੋਈ ਉਮੀਦ ਹੈ ਕਿ ਲਾਜ਼ਰ ਤੇ ਜੈਰੁਸ ਦੀ ਧੀ ਵਾਂਗ ਮੌਤ ਦੀ ਨੀਂਦ ਸੁੱਤੇ ਪਏ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ?

ਜਦੋਂ ਪਰਮੇਸ਼ੁਰ ਦੇ ਭਗਤ ਅੱਯੂਬ ਨੂੰ ਲੱਗਾ ਕਿ ਉਸ ਦੀ ਮੌਤ ਨੇੜੇ ਸੀ, ਤਾਂ ਉਸ ਨੇ ਇਹ ਸਵਾਲ ਪੁੱਛਿਆ ਸੀ: “ਜੇ ਪੁਰਖ ਮਰ ਜਾਵੇ ਤਾਂ [ਕੀ] ਉਹ ਫੇਰ ਜੀਵੇਗਾ?”​—ਅੱਯੂਬ 14:14.

ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰਦੇ ਹੋਏ ਅੱਯੂਬ ਨੇ ਆਪਣੇ ਸਵਾਲ ਦਾ ਆਪ ਹੀ ਜਵਾਬ ਦਿੱਤਾ: “ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:15) ਅੱਯੂਬ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਉਸ ਦਿਨ ਨੂੰ ਦੇਖਣ ਲਈ ਤਰਸ ਰਿਹਾ ਹੈ ਜਦੋਂ ਉਹ ਆਪਣੇ ਵਫ਼ਾਦਾਰ ਸੇਵਕ ਨੂੰ ਦੁਬਾਰਾ ਜੀਉਂਦਾ ਕਰੇਗਾ। ਕੀ ਅੱਯੂਬ ਦਾ ਇਹ ਸਿਰਫ਼ ਸੁਪਨਾ ਹੀ ਸੀ? ਨਹੀਂ।

ਯਿਸੂ ਨੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰ ਕੇ ਸਬੂਤ ਦਿੱਤਾ ਕਿ ਪਰਮੇਸ਼ੁਰ ਨੇ ਉਸ ਨੂੰ ਮੌਤ ਨੂੰ ਜਿੱਤਣ ਦੀ ਤਾਕਤ ਦਿੱਤੀ ਹੈ। ਬਾਈਬਲ ਕਹਿੰਦੀ ਹੈ ਕਿ ਯਿਸੂ ਕੋਲ ਹੁਣ ‘ਮੌਤ ਦੀਆਂ ਚਾਬੀਆਂ ਹਨ।’ (ਪ੍ਰਕਾਸ਼ ਦੀ ਕਿਤਾਬ 1:18) ਸੋ ਇਨ੍ਹਾਂ ਚਾਬੀਆਂ ਨਾਲ ਯਿਸੂ ਮੌਤ ਦੀਆਂ ਜ਼ੰਜੀਰਾਂ ਖੋਲ੍ਹ ਕੇ ਮਰੇ ਹੋਏ ਲੋਕਾਂ ਨੂੰ ਆਜ਼ਾਦ ਕਰੇਗਾ, ਜਿਵੇਂ ਉਸ ਨੇ ਲਾਜ਼ਰ ਨੂੰ ਜੀਉਂਦਾ ਕੀਤਾ ਸੀ।

ਬਾਈਬਲ ਵਿਚ ਕਈ ਵਾਰ ਇਸ ਵਾਅਦੇ ਦਾ ਜ਼ਿਕਰ ਕੀਤਾ ਗਿਆ ਹੈ ਕਿ ਮਰੇ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਇਕ ਦੂਤ ਨੇ ਨਬੀ ਦਾਨੀਏਲ ਨੂੰ ਹੌਸਲਾ ਦਿੱਤਾ ਸੀ: “ਤੂੰ ਮਰ ਜਾਵੇਂਗਾ, ਪਰ ਤੂੰ ਸਮੇਂ ਦੇ ਅੰਤ ਵਿਚ ਆਪਣਾ ਇਨਾਮ ਪ੍ਰਾਪਤ ਕਰਨ ਲਈ ਫਿਰ ਜੀ ਉਠੇਗਾ।” (ਦਾਨੀਏਲ 12:13, CL) ਸਦੂਕੀ ਨਾਂ ਦੇ ਯਹੂਦੀ ਧਾਰਮਿਕ ਆਗੂ ਨਹੀਂ ਮੰਨਦੇ ਸਨ ਕਿ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ। ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ: “ਤੁਸੀਂ ਗ਼ਲਤ ਹੋ ਕਿਉਂਕਿ ਤੁਸੀਂ ਨਾ ਪਰਮੇਸ਼ੁਰ ਦੇ ਬਚਨ ਨੂੰ ਅਤੇ ਨਾ ਹੀ ਉਸ ਦੀ ਸ਼ਕਤੀ ਨੂੰ ਜਾਣਦੇ ਹੋ।” (ਮੱਤੀ 22:23, 29) ਪੌਲੁਸ ਰਸੂਲ ਨੇ ਕਿਹਾ ਸੀ: ‘ਮੈਨੂੰ ਇਹ ਆਸ਼ਾ ਹੈ ਕਿ ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।’​—ਰਸੂਲਾਂ ਦੇ ਕੰਮ 24:15.

ਮਰੇ ਹੋਏ ਲੋਕ ਕਦੋਂ ਜੀਉਂਦੇ ਹੋਣਗੇ?

ਮਰੇ ਹੋਏ ਧਰਮੀ ਤੇ ਕੁਧਰਮੀ ਲੋਕ ਕਦੋਂ ਦੁਬਾਰਾ ਜੀਉਂਦੇ ਕੀਤੇ ਜਾਣਗੇ? ਦੂਤ ਨੇ ਧਰਮੀ ਦਾਨੀਏਲ ਨੂੰ ਕਿਹਾ ਸੀ ਕਿ ਉਹ “ਸਮੇਂ ਦੇ ਅੰਤ ਵਿਚ” ਦੁਬਾਰਾ ਜੀਉਂਦਾ ਹੋਵੇਗਾ। ਮਾਰਥਾ ਨੂੰ ਵੀ ਵਿਸ਼ਵਾਸ ਸੀ ਕਿ ਉਸ ਦਾ ਭਰਾ ਲਾਜ਼ਰ “ਆਖ਼ਰੀ ਦਿਨ ’ਤੇ ਦੁਬਾਰਾ ਜੀਉਂਦਾ ਹੋਵੇਗਾ।”​—ਯੂਹੰਨਾ 11:24.

ਬਾਈਬਲ ਵਿਚ ਦੱਸਿਆ ਹੈ ਕਿ ਇਸ “ਆਖ਼ਰੀ ਦਿਨ” ਦੌਰਾਨ ਮਸੀਹ ਰਾਜ ਕਰੇਗਾ। ਪੌਲੁਸ ਨੇ ਲਿਖਿਆ ਸੀ: “[ਮਸੀਹ] ਰਾਜੇ ਵਜੋਂ ਉਦੋਂ ਤਕ ਰਾਜ ਕਰੇਗਾ ਜਦੋਂ ਤਕ ਪਰਮੇਸ਼ੁਰ ਸਾਰੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੰਦਾ। ਅਤੇ ਆਖ਼ਰੀ ਦੁਸ਼ਮਣ ਮੌਤ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ।” (1 ਕੁਰਿੰਥੀਆਂ 15:25, 26) ਇਸ ਲਈ ਆਓ ਆਪਾਂ ਪ੍ਰਾਰਥਨਾ ਕਰੀਏ ਕਿ ਪਰਮੇਸ਼ੁਰ ਦਾ ਰਾਜ ਆਵੇ ਤੇ ਉਸ ਦੀ ਇੱਛਾ ਧਰਤੀ ਉੱਤੇ ਪੂਰੀ ਹੋਵੇ। *

ਜਿਵੇਂ ਅੱਯੂਬ ਨੇ ਕਿਹਾ ਸੀ, ਪਰਮੇਸ਼ੁਰ ਦੀ ਇੱਛਾ ਹੈ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇ। ਜਦੋਂ ਉਹ ਦਿਨ ਆਵੇਗਾ, ਤਾਂ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। ਫਿਰ ਕਦੀ ਵੀ ਕੋਈ ਇਹ ਨਹੀਂ ਸੋਚੇਗਾ, ‘ਕੀ ਮੌਤ ਹੋਣ ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ?’ ▪ (w14-E 01/01)

^ ਪੈਰਾ 18 ਪਰਮੇਸ਼ੁਰ ਦੇ ਰਾਜ ਬਾਰੇ ਹੋਰ ਸਿੱਖਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦਾ ਅੱਠਵਾਂ ਅਧਿਆਇ ਦੇਖੋ।