ਮੁੱਖ ਪੰਨੇ ਤੋਂ | ਕੀ ਮੌਤ ਹੋਣ ਤੇ ਸਭ ਕੁਝ ਖ਼ਤਮ ਹੋ ਜਾਂਦਾ ਹੈ?
ਮੌਤ ਦਾ ਡੰਗ
ਮੌਤ ਦਾ ਖ਼ੌਫ਼ ਤਕਰੀਬਨ ਹਰ ਇਨਸਾਨ ਵਿਚ ਹੁੰਦਾ ਹੈ। ਇਸ ਕਰਕੇ ਬਹੁਤ ਸਾਰੇ ਲੋਕ ਇਸ ਬਾਰੇ ਗੱਲ ਨਹੀਂ ਕਰਨੀ ਚਾਹੁੰਦੇ। ਪਰ ਦੇਰ-ਸਵੇਰ ਮੌਤ ਹਰ ਕਿਸੇ ਦੇ ਘਰ ਦਸਤਕ ਦਿੰਦੀ ਹੈ ਅਤੇ ਪਿੱਛੇ ਰਹਿ ਜਾਂਦੇ ਲੋਕਾਂ ਦੀ ਜ਼ਿੰਦਗੀ ਗਮਾਂ ਦੇ ਹੰਝੂਆਂ ਨਾਲ ਭਰ ਜਾਂਦੀ ਹੈ।
ਮੌਤ ਕਿਸੇ ਵੀ ਸਮੇਂ ਵਾਰ ਕਰ ਸਕਦੀ ਹੈ। ਇਹ ਸ਼ਾਇਦ ਸਾਡੇ ਮਾਂ-ਬਾਪ, ਜੀਵਨ ਸਾਥੀ ਜਾਂ ਬੱਚੇ ਨੂੰ ਅਚਾਨਕ ਖੋਹ ਲਵੇ ਜਾਂ ਸ਼ਾਇਦ ਸਾਡਾ ਅਜ਼ੀਜ਼ ਹੌਲੀ-ਹੌਲੀ ਮੌਤ ਦੇ ਮੂੰਹ ਵਿਚ ਚਲਾ ਜਾਵੇ। ਪਰ ਜੋ ਵੀ ਹੈ, ਮੌਤ ਦੇ ਦਰਦ ਤੋਂ ਬਚਿਆ ਨਹੀਂ ਜਾ ਸਕਦਾ। ਮੌਤ ਜਿਸ ਘਰ ’ਤੇ ਵਾਰ ਕਰਦੀ ਹੈ, ਉਸ ਘਰ ਵਿਚ ਮਾਤਮ ਛਾ ਜਾਂਦਾ ਹੈ। ਆਪਣੇ ਅਜ਼ੀਜ਼ ਦਾ ਵਿਛੋੜਾ ਅਸਹਿ ਹੁੰਦਾ ਹੈ।
ਇਕ ਸੜਕ ਹਾਦਸੇ ਵਿਚ ਐਨਟੋਨਿਓ ਦੇ ਪਿਤਾ ਦੀ ਮੌਤ ਹੋ ਗਈ ਸੀ। ਉਹ ਦੱਸਦਾ ਹੈ: “ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਤੁਹਾਡੇ ਘਰ ਨੂੰ ਜਿੰਦਾ ਲਾ ਕੇ ਚਲਾ ਜਾਂਦਾ ਹੈ। ਤੁਸੀਂ ਹੁਣ ਕਦੀ ਵੀ ਆਪਣੇ ਘਰ ਵਿਚ ਨਹੀਂ ਜਾ ਸਕਦੇ। ਭਾਵੇਂ ਤੁਸੀਂ ਇਸ ਹਕੀਕਤ ਤੋਂ ਅੱਖਾਂ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਬੇਇਨਸਾਫ਼ੀ ਹੋਈ ਹੈ, ਪਰ ਤੁਸੀਂ ਕੁਝ ਨਹੀਂ ਸਕਦੇ। ਤੁਹਾਡੇ ਕੋਲ ਸਿਰਫ਼ ਯਾਦਾਂ ਹੀ ਰਹਿ ਜਾਂਦੀਆਂ ਹਨ।”
ਡੋਰਥੀ ਨੂੰ ਵੀ ਮੌਤ ਦਾ ਗਮ ਸਹਿਣਾ ਪਿਆ ਸੀ। ਉਹ 47 ਸਾਲ ਦੀ ਉਮਰ ਵਿਚ ਵਿਧਵਾ ਹੋ ਗਈ ਸੀ ਅਤੇ ਉਸ ਨੇ ਮੌਤ ਬਾਰੇ ਕੁਝ ਸਵਾਲਾਂ ਦੇ ਜਵਾਬ ਜਾਣਨ ਦਾ ਮਨ ਬਣਾਇਆ। ਚਾਹੇ ਉਹ ਚਰਚ ਵਿਚ ਕਲਾਸ ਲਾ ਕੇ ਬੱਚਿਆਂ ਨੂੰ ਅਮਰ ਆਤਮਾ ਦੀ ਸਿੱਖਿਆ ਦਿੰਦੀ ਹੁੰਦੀ ਸੀ, ਪਰ ਉਹ ਆਪ ਵੀ ਨਹੀਂ ਜਾਣਦੀ ਸੀ ਕਿ ਮੌਤ ਹੋਣ ਤੇ ਇਨਸਾਨ ਨੂੰ ਅਸਲ ਵਿਚ ਕੀ ਹੁੰਦਾ ਹੈ। ਉਸ ਨੇ ਆਪਣੇ ਪਾਦਰੀ ਤੋਂ ਪੁੱਛਿਆ: “ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ?” ਪਾਦਰੀ ਨੇ ਜਵਾਬ ਦਿੱਤਾ: “ਕਿਸੇ ਨੂੰ ਇਸ ਦਾ ਜਵਾਬ ਨਹੀਂ ਪਤਾ। ਜਿਹੜਾ ਮਰਦਾ, ਉਹੀ ਜਾਣਦਾ।”
ਕੀ ਸੱਚ-ਮੁੱਚ ਸਾਨੂੰ ਮਰਨ ਤੋਂ ਬਾਅਦ ਹੀ ਆਪਣੇ ਸਵਾਲਾਂ ਦੇ ਜਵਾਬ ਮਿਲਣਗੇ? ਅਸੀਂ ਇਸ ਗੱਲ ਦੀ ਸੱਚਾਈ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਮੌਤ ਹੋਣ ਤੇ ਸਭ ਕੁਝ ਮਿਟ ਜਾਂਦਾ ਹੈ ਜਾਂ ਨਹੀਂ? (w14-E 01/01)