ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ 4:1-18

  • ਹਰਾਮਕਾਰੀ ਦੇ ਖ਼ਿਲਾਫ਼ ਚੇਤਾਵਨੀ (1-8)

  • ਇਕ-ਦੂਜੇ ਨਾਲ ਹੋਰ ਵੀ ਜ਼ਿਆਦਾ ਪਿਆਰ ਕਰੋ (9-12)

    • ‘ਦੂਜਿਆਂ ਦੇ ਕੰਮ ਵਿਚ ਲੱਤ ਨਾ ਅੜਾਓ’ (11)

  • ਮਸੀਹ ਦੇ ਜਿਹੜੇ ਚੇਲੇ ਮਰ ਚੁੱਕੇ ਹਨ, ਉਨ੍ਹਾਂ ਨੂੰ ਪਹਿਲਾਂ ਜੀਉਂਦਾ ਕੀਤਾ ਜਾਵੇਗਾ (13-18)

4  ਭਰਾਵੋ, ਅਸੀਂ ਤੁਹਾਨੂੰ ਸਿਖਾਇਆ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਤੁਹਾਡਾ ਚਾਲ-ਚਲਣ ਕਿਹੋ ਜਿਹਾ ਹੋਣਾ ਚਾਹੀਦਾ ਹੈ।+ ਅਸਲ ਵਿਚ, ਤੁਹਾਡਾ ਚਾਲ-ਚਲਣ ਅਜਿਹਾ ਹੀ ਹੈ। ਹੁਣ ਅਖ਼ੀਰ ਵਿਚ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਨਾਂ ʼਤੇ ਬੇਨਤੀ ਅਤੇ ਤਾਕੀਦ ਕਰਦੇ ਹਾਂ ਕਿ ਤੁਸੀਂ ਆਪਣਾ ਚਾਲ-ਚਲਣ ਇਹੋ ਜਿਹਾ ਰੱਖਣ ਦੀ ਹੋਰ ਵੀ ਕੋਸ਼ਿਸ਼ ਕਰੋ। 2  ਤੁਸੀਂ ਉਨ੍ਹਾਂ ਹਿਦਾਇਤਾਂ* ਨੂੰ ਜਾਣਦੇ ਹੋ ਜਿਹੜੀਆਂ ਅਸੀਂ ਤੁਹਾਨੂੰ ਪ੍ਰਭੂ ਯਿਸੂ ਵੱਲੋਂ ਦਿੱਤੀਆਂ ਸਨ। 3  ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ+ ਅਤੇ ਹਰਾਮਕਾਰੀ*+ ਤੋਂ ਦੂਰ ਰਹੋ। 4  ਤੁਹਾਡੇ ਵਿੱਚੋਂ ਹਰੇਕ ਜਣੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਆਪਣੇ ਸਰੀਰ+ ਨੂੰ ਪਵਿੱਤਰ+ ਅਤੇ ਆਦਰਯੋਗ ਤਰੀਕੇ ਨਾਲ ਕਿਵੇਂ ਕਾਬੂ ਵਿਚ ਰੱਖਣਾ ਹੈ। 5  ਤੁਸੀਂ ਲਾਲਚ ਵਿਚ ਆ ਕੇ ਆਪਣੀ ਕਾਮ-ਵਾਸ਼ਨਾ ਨੂੰ ਬੇਕਾਬੂ ਨਾ ਹੋਣ ਦਿਓ,+ ਜਿਵੇਂ ਦੁਨੀਆਂ ਦੇ ਲੋਕ ਕਰਦੇ ਹਨ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ।+ 6  ਕਿਸੇ ਨੂੰ ਵੀ ਇਸ ਮਾਮਲੇ ਵਿਚ ਆਪਣੀ ਹੱਦ ਪਾਰ ਕਰਦੇ ਹੋਏ ਆਪਣੇ ਭਰਾ ਦਾ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ ਕਿਉਂਕਿ ਯਹੋਵਾਹ* ਅਜਿਹੇ ਸਾਰੇ ਪਾਪਾਂ ਦੀ ਸਜ਼ਾ ਜ਼ਰੂਰ ਦੇਵੇਗਾ, ਜਿਵੇਂ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਅਤੇ ਸਖ਼ਤ ਚੇਤਾਵਨੀ ਦਿੱਤੀ ਸੀ। 7  ਪਰਮੇਸ਼ੁਰ ਨੇ ਸਾਨੂੰ ਗੰਦੀ ਜ਼ਿੰਦਗੀ ਜੀਉਣ ਲਈ ਨਹੀਂ, ਸਗੋਂ ਪਵਿੱਤਰ ਜ਼ਿੰਦਗੀ ਜੀਉਣ ਲਈ ਸੱਦਿਆ ਹੈ।+ 8  ਇਸ ਲਈ ਜਿਹੜਾ ਇਸ ਸਿੱਖਿਆ ਦੇ ਖ਼ਿਲਾਫ਼ ਜਾਂਦਾ ਹੈ, ਉਹ ਇਨਸਾਨਾਂ ਦੇ ਖ਼ਿਲਾਫ਼ ਨਹੀਂ, ਸਗੋਂ ਪਰਮੇਸ਼ੁਰ ਦੇ ਖ਼ਿਲਾਫ਼ ਜਾਂਦਾ ਹੈ+ ਜਿਹੜਾ ਤੁਹਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ।+ 9  ਪਰ ਜਿੱਥੋਂ ਤਕ ਭਰਾਵਾਂ ਨੂੰ ਪਿਆਰ ਕਰਨ ਦੀ ਗੱਲ ਹੈ,+ ਸਾਨੂੰ ਇਸ ਬਾਰੇ ਤੁਹਾਨੂੰ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਆਪ ਤੁਹਾਨੂੰ ਦਿੱਤੀ ਹੈ।+ 10  ਅਸਲ ਵਿਚ, ਤੁਸੀਂ ਮਕਦੂਨੀਆ ਦੇ ਸਾਰੇ ਭਰਾਵਾਂ ਨਾਲ ਪਿਆਰ ਕਰ ਰਹੇ ਹੋ। ਪਰ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਹੋਰ ਵੀ ਜ਼ਿਆਦਾ ਪਿਆਰ ਕਰੋ। 11  ਜਿਵੇਂ ਅਸੀਂ ਤੁਹਾਨੂੰ ਸਿਖਾਇਆ ਸੀ, ਤੁਸੀਂ ਸ਼ਾਂਤੀ ਨਾਲ ਜ਼ਿੰਦਗੀ ਜੀਉਣ+ ਅਤੇ ਦੂਜਿਆਂ ਦੇ ਕੰਮ ਵਿਚ ਲੱਤ ਨਾ ਅੜਾਉਣ+ ਅਤੇ ਹੱਥੀਂ ਮਿਹਨਤ ਕਰਨ ਦੀ ਪੂਰੀ ਕੋਸ਼ਿਸ਼ ਕਰੋ+ 12  ਤਾਂਕਿ ਬਾਹਰਲੇ ਲੋਕਾਂ ਦੀਆਂ ਨਜ਼ਰਾਂ ਵਿਚ ਤੁਸੀਂ ਨੇਕੀ ਨਾਲ ਚੱਲ ਸਕੋ+ ਅਤੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ। 13  ਇਸ ਤੋਂ ਇਲਾਵਾ ਭਰਾਵੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਗੱਲੋਂ ਵੀ ਅਣਜਾਣ ਨਾ ਰਹੋ ਕਿ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਨਾਲ ਕੀ ਹੋਵੇਗਾ+ ਤਾਂਕਿ ਤੁਸੀਂ ਬਾਕੀ ਲੋਕਾਂ ਵਾਂਗ ਸੋਗ ਨਾ ਮਨਾਓ ਜਿਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ।+ 14  ਜੇ ਸਾਨੂੰ ਨਿਹਚਾ ਹੈ ਕਿ ਯਿਸੂ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਸੀ,+ ਤਾਂ ਸਾਨੂੰ ਇਹ ਵੀ ਨਿਹਚਾ ਹੈ ਕਿ ਜਿਹੜੇ ਲੋਕ ਯਿਸੂ ਪ੍ਰਤੀ ਵਫ਼ਾਦਾਰ ਰਹਿੰਦਿਆਂ ਮੌਤ ਦੀ ਨੀਂਦ ਸੌਂ ਗਏ ਹਨ, ਉਨ੍ਹਾਂ ਨੂੰ ਵੀ ਪਰਮੇਸ਼ੁਰ ਜੀਉਂਦਾ ਕਰ ਕੇ ਮਸੀਹ ਦੇ ਨਾਲ ਮਿਲਾਵੇਗਾ।+ 15  ਅਸੀਂ ਤੁਹਾਨੂੰ ਯਹੋਵਾਹ* ਦੇ ਬਚਨ ਅਨੁਸਾਰ ਹੀ ਦੱਸ ਰਹੇ ਹਾਂ ਕਿ ਸਾਡੇ ਵਿੱਚੋਂ ਜਿਹੜੇ ਪ੍ਰਭੂ ਦੀ ਮੌਜੂਦਗੀ ਦੌਰਾਨ ਜੀ ਰਹੇ ਹੋਣਗੇ, ਉਨ੍ਹਾਂ ਨੂੰ ਮੌਤ ਦੀ ਨੀਂਦ ਸੌਂ ਰਹੇ ਲੋਕਾਂ ਤੋਂ ਪਹਿਲਾਂ ਸਵਰਗ ਨਹੀਂ ਲਿਜਾਇਆ ਜਾਵੇਗਾ 16  ਕਿਉਂਕਿ ਪ੍ਰਭੂ ਆਪ ਮਹਾਂ ਦੂਤ+ ਵਜੋਂ ਹੁਕਮ ਦਿੰਦਾ ਹੋਇਆ ਪਰਮੇਸ਼ੁਰ ਦੀ ਤੁਰ੍ਹੀ ਲੈ ਕੇ ਸਵਰਗੋਂ ਥੱਲੇ ਆਵੇਗਾ ਅਤੇ ਮਸੀਹ ਦੇ ਜਿਹੜੇ ਚੇਲੇ ਮਰ ਚੁੱਕੇ ਹਨ, ਉਹ ਪਹਿਲਾਂ ਜੀਉਂਦੇ ਹੋ ਜਾਣਗੇ।+ 17  ਇਸ ਤੋਂ ਬਾਅਦ ਅਸੀਂ ਜਿਹੜੇ ਜੀਉਂਦੇ ਹਾਂ ਅਤੇ ਬਾਕੀ ਬਚੇ ਹਾਂ, ਬੱਦਲਾਂ ਵਿਚ ਉਠਾਏ ਜਾਵਾਂਗੇ+ ਤਾਂਕਿ ਅਸੀਂ ਉਨ੍ਹਾਂ ਦੇ ਨਾਲ ਹੋਈਏ ਅਤੇ ਹਵਾ ਵਿਚ ਪ੍ਰਭੂ ਨੂੰ ਮਿਲੀਏ।+ ਫਿਰ ਅਸੀਂ ਹਮੇਸ਼ਾ ਪ੍ਰਭੂ ਦੇ ਨਾਲ ਰਹਾਂਗੇ।+ 18  ਇਸ ਲਈ ਇਨ੍ਹਾਂ ਗੱਲਾਂ ਨਾਲ ਇਕ-ਦੂਜੇ ਨੂੰ ਦਿਲਾਸਾ ਦਿੰਦੇ ਰਹੋ।

ਫੁਟਨੋਟ

ਜਾਂ, “ਹੁਕਮਾਂ।”
ਯੂਨਾ, “ਪੋਰਨੀਆ।” ਸ਼ਬਦਾਵਲੀ ਦੇਖੋ।