ਰਸੂਲਾਂ ਦੇ ਕੰਮ 13:1-52

  • ਬਰਨਾਬਾਸ ਅਤੇ ਸੌਲੁਸ ਨੂੰ ਮਿਸ਼ਨਰੀ ਦੌਰਿਆਂ ʼਤੇ ਭੇਜਿਆ ਗਿਆ (1-3)

  • ਸਾਈਪ੍ਰਸ ਵਿਚ ਸੇਵਾ (4-12)

  • ਪਸੀਦੀਆ ਦੇ ਅੰਤਾਕੀਆ ਵਿਚ ਪੌਲੁਸ ਦਾ ਭਾਸ਼ਣ (13-41)

  • ਗ਼ੈਰ-ਯਹੂਦੀ ਕੌਮਾਂ ਕੋਲ ਜਾਣ ਦਾ ਹੁਕਮ (42-52)

13  ਅੰਤਾਕੀਆ ਦੀ ਮੰਡਲੀ ਵਿਚ ਇਹ ਨਬੀ ਅਤੇ ਸਿੱਖਿਅਕ ਸਨ:+ ਬਰਨਾਬਾਸ, ਸ਼ਿਮਓਨ ਜੋ ਕਾਲਾ* ਕਹਾਉਂਦਾ ਹੈ, ਕੁਰੇਨੇ ਦਾ ਲੂਕੀਉਸ, ਮਨਏਨ ਜਿਹੜਾ ਜ਼ਿਲ੍ਹੇ ਦੇ ਹਾਕਮ ਹੇਰੋਦੇਸ ਨਾਲ ਪੜ੍ਹਿਆ ਸੀ ਅਤੇ ਸੌਲੁਸ।  2  ਜਦੋਂ ਉਹ ਯਹੋਵਾਹ* ਦੀ ਸੇਵਾ* ਕਰ ਰਹੇ ਸਨ ਅਤੇ ਵਰਤ ਰੱਖ ਰਹੇ ਸਨ, ਉਦੋਂ ਪਵਿੱਤਰ ਸ਼ਕਤੀ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸੌਲੁਸ ਨੂੰ ਅਲੱਗ ਰੱਖੋ+ ਕਿਉਂਕਿ ਮੈਂ ਉਨ੍ਹਾਂ ਨੂੰ ਖ਼ਾਸ ਕੰਮ ਲਈ ਬੁਲਾਇਆ ਹੈ।”+ 3  ਫਿਰ ਵਰਤ ਰੱਖਣ ਤੇ ਪ੍ਰਾਰਥਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਬਰਨਾਬਾਸ ਅਤੇ ਸੌਲੁਸ ਉੱਤੇ ਆਪਣੇ ਹੱਥ ਰੱਖ ਕੇ ਉਨ੍ਹਾਂ ਨੂੰ ਘੱਲ ਦਿੱਤਾ। 4  ਫਿਰ ਇਹ ਆਦਮੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਸਿਲੂਕੀਆ ਨੂੰ ਚਲੇ ਗਏ ਅਤੇ ਉੱਥੋਂ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸਾਈਪ੍ਰਸ ਟਾਪੂ ਨੂੰ ਚਲੇ ਗਏ।  5  ਜਦੋਂ ਉਹ ਸਲਮੀਸ ਸ਼ਹਿਰ ਪਹੁੰਚੇ, ਤਾਂ ਉਨ੍ਹਾਂ ਨੇ ਯਹੂਦੀਆਂ ਦੇ ਸਭਾ ਘਰਾਂ ਵਿਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਯੂਹੰਨਾ* ਵੀ ਉਨ੍ਹਾਂ ਦੇ ਨਾਲ ਸੀ ਜੋ ਉਨ੍ਹਾਂ ਦੀ ਸੇਵਾ ਕਰਦਾ ਸੀ।*+ 6  ਜਦ ਉਹ ਪੂਰੇ ਟਾਪੂ ਦਾ ਸਫ਼ਰ ਕਰ ਕੇ ਪਾਫੁਸ ਸ਼ਹਿਰ ਪਹੁੰਚੇ, ਤਾਂ ਉੱਥੇ ਉਹ ਬਰਯੇਸੂਸ ਨਾਂ ਦੇ ਇਕ ਯਹੂਦੀ ਨੂੰ ਮਿਲੇ ਜਿਹੜਾ ਜਾਦੂਗਰ ਅਤੇ ਝੂਠਾ ਨਬੀ ਸੀ।  7  ਉਹ ਜਾਦੂਗਰ ਪ੍ਰਾਂਤ ਦੇ ਰਾਜਪਾਲ* ਸਰਗੀਉਸ ਪੌਲੂਸ ਲਈ ਕੰਮ ਕਰਦਾ ਸੀ ਜੋ ਇਕ ਸਮਝਦਾਰ ਇਨਸਾਨ ਸੀ ਅਤੇ ਉਸ ਦੇ ਦਿਲ ਵਿਚ ਪਰਮੇਸ਼ੁਰ ਦਾ ਬਚਨ ਸੁਣਨ ਦੀ ਬੜੀ ਤਮੰਨਾ ਸੀ। ਇਸ ਲਈ ਉਸ ਨੇ ਬਰਨਾਬਾਸ ਅਤੇ ਸੌਲੁਸ ਨੂੰ ਆਪਣੇ ਕੋਲ ਸੱਦਿਆ।  8  ਪਰ ਜਾਦੂਗਰ ਏਲੀਮਸ (ਏਲੀਮਸ ਦਾ ਮਤਲਬ ਹੈ ਜਾਦੂਗਰ) ਉਨ੍ਹਾਂ ਦਾ ਵਿਰੋਧ ਕਰਨ ਲੱਗ ਪਿਆ ਅਤੇ ਉਸ ਨੇ ਰਾਜਪਾਲ ਨੂੰ ਨਿਹਚਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।  9  ਫਿਰ ਸੌਲੁਸ, ਜਿਸ ਦਾ ਨਾਂ ਪੌਲੁਸ ਵੀ ਸੀ, ਪਵਿੱਤਰ ਸ਼ਕਤੀ ਨਾਲ ਭਰ ਗਿਆ ਅਤੇ ਉਸ ਨੇ ਏਲੀਮਸ ਨੂੰ ਬੜੇ ਧਿਆਨ ਨਾਲ ਦੇਖ ਕੇ  10  ਕਿਹਾ: “ਓਏ ਸ਼ੈਤਾਨ ਦਿਆ ਬੱਚਿਆ,+ ਤੂੰ ਹਰ ਤਰ੍ਹਾਂ ਦੇ ਛਲ-ਕਪਟ ਅਤੇ ਬੁਰਾਈ ਨਾਲ ਭਰਿਆ ਹੋਇਆ ਹੈਂ ਅਤੇ ਹਰ ਨੇਕ ਕੰਮ ਦਾ ਦੁਸ਼ਮਣ ਹੈਂ! ਕੀ ਤੂੰ ਯਹੋਵਾਹ* ਦੇ ਸਿੱਧੇ ਰਾਹਾਂ ਨੂੰ ਵਿਗਾੜਨ ਤੋਂ ਬਾਜ਼ ਨਹੀਂ ਆਏਂਗਾ?  11  ਹੁਣ ਦੇਖ! ਯਹੋਵਾਹ* ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਏਂਗਾ ਅਤੇ ਕੁਝ ਸਮੇਂ ਲਈ ਸੂਰਜ ਦੀ ਰੌਸ਼ਨੀ ਨਹੀਂ ਦੇਖ ਸਕੇਂਗਾ।” ਉਸੇ ਵੇਲੇ ਏਲੀਮਸ ਦੀਆਂ ਅੱਖਾਂ ਅੱਗੇ ਸੰਘਣੀ ਧੁੰਦ ਅਤੇ ਹਨੇਰਾ ਛਾ ਗਿਆ ਅਤੇ ਉਹ ਲੋਕਾਂ ਨੂੰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ।  12  ਰਾਜਪਾਲ ਇਹ ਸਭ ਕੁਝ ਦੇਖ ਕੇ ਨਿਹਚਾ ਕਰਨ ਲੱਗ ਪਿਆ ਕਿਉਂਕਿ ਉਹ ਯਹੋਵਾਹ* ਬਾਰੇ ਸਿੱਖ ਕੇ ਦੰਗ ਰਹਿ ਗਿਆ ਸੀ। 13  ਫਿਰ ਪੌਲੁਸ ਅਤੇ ਉਸ ਦੇ ਸਾਥੀ ਸਮੁੰਦਰੀ ਜਹਾਜ਼ ਵਿਚ ਬੈਠ ਕੇ ਪਾਫੁਸ ਤੋਂ ਪਮਫੀਲੀਆ ਦੇ ਸ਼ਹਿਰ ਪਰਗਾ ਆ ਗਏ। ਪਰ ਯੂਹੰਨਾ+ ਉਨ੍ਹਾਂ ਨੂੰ ਛੱਡ ਕੇ ਯਰੂਸ਼ਲਮ ਵਾਪਸ ਚਲਾ ਗਿਆ।+ 14  ਪਰ ਉਹ ਪਰਗਾ ਤੋਂ ਪਸੀਦੀਆ ਦੇ ਸ਼ਹਿਰ ਅੰਤਾਕੀਆ ਵਿਚ ਆ ਗਏ। ਸਬਤ ਦੇ ਦਿਨ ਉਹ ਸਭਾ ਘਰ ਵਿਚ+ ਜਾ ਕੇ ਬੈਠ ਗਏ।  15  ਸਾਰਿਆਂ ਸਾਮ੍ਹਣੇ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਦੇ ਪੜ੍ਹੇ ਜਾਣ ਤੋਂ ਬਾਅਦ+ ਸਭਾ ਘਰ ਦੇ ਨਿਗਾਹਬਾਨਾਂ ਨੇ ਉਨ੍ਹਾਂ ਨੂੰ ਕਿਹਾ: “ਭਰਾਵੋ, ਜੇ ਤੁਹਾਡੇ ਕੋਲ ਲੋਕਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਗੱਲਾਂ ਹਨ, ਤਾਂ ਦੱਸੋ।”  16  ਪੌਲੁਸ ਉੱਠਿਆ ਅਤੇ ਆਪਣੇ ਹੱਥ ਨਾਲ ਸਾਰਿਆਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਕਿਹਾ: “ਇਜ਼ਰਾਈਲੀ ਭਰਾਵੋ ਅਤੇ ਪਰਮੇਸ਼ੁਰ ਤੋਂ ਡਰਨ ਵਾਲੇ ਹੋਰ ਲੋਕੋ, ਮੇਰੀ ਗੱਲ ਸੁਣੋ।  17  ਇਜ਼ਰਾਈਲ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ ਸੀ ਅਤੇ ਜਦੋਂ ਉਹ ਮਿਸਰ ਵਿਚ ਪਰਦੇਸੀਆਂ ਵਜੋਂ ਰਹਿ ਰਹੇ ਸਨ, ਉਦੋਂ ਉਸ ਨੇ ਉਨ੍ਹਾਂ ਨੂੰ ਉੱਚਾ ਕੀਤਾ ਅਤੇ ਉਹ ਆਪਣੀ ਬਾਂਹ ਦੇ ਜ਼ੋਰ ਨਾਲ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ 18  ਉਸ ਨੇ ਉਜਾੜ ਵਿਚ ਲਗਭਗ 40 ਸਾਲ ਉਨ੍ਹਾਂ ਨੂੰ ਝੱਲਿਆ।+ 19  ਫਿਰ ਕਨਾਨ ਦੇਸ਼ ਵਿਚ ਸੱਤ ਕੌਮਾਂ ਨੂੰ ਨਾਸ਼ ਕਰਨ ਤੋਂ ਬਾਅਦ ਉਸ ਨੇ ਉਹ ਦੇਸ਼ ਇਜ਼ਰਾਈਲੀਆਂ ਨੂੰ ਵਿਰਾਸਤ ਵਜੋਂ ਦੇ ਦਿੱਤਾ।+ 20  ਇਹ ਸਭ ਕੁਝ ਲਗਭਗ 450 ਸਾਲਾਂ ਦੌਰਾਨ ਹੋਇਆ। “ਇਨ੍ਹਾਂ ਗੱਲਾਂ ਤੋਂ ਬਾਅਦ ਉਸ ਨੇ ਉਨ੍ਹਾਂ ਲਈ ਸਮੂਏਲ ਨਬੀ ਦੇ ਸਮੇਂ ਤਕ ਨਿਆਂਕਾਰਾਂ ਦਾ ਪ੍ਰਬੰਧ ਕੀਤਾ।+ 21  ਪਰ ਬਾਅਦ ਵਿਚ ਉਨ੍ਹਾਂ ਨੇ ਇਕ ਰਾਜੇ ਦੀ ਮੰਗ ਕੀਤੀ।+ ਪਰਮੇਸ਼ੁਰ ਨੇ ਬਿਨਯਾਮੀਨ ਦੇ ਗੋਤ ਵਿੱਚੋਂ ਕੀਸ਼ ਦੇ ਪੁੱਤਰ ਸ਼ਾਊਲ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਨੇ 40 ਸਾਲ ਰਾਜ ਕੀਤਾ।  22  ਫਿਰ ਉਸ ਨੂੰ ਗੱਦੀ ਤੋਂ ਹਟਾ ਕੇ ਉਸ ਨੇ ਦਾਊਦ ਨੂੰ ਉਨ੍ਹਾਂ ਦਾ ਰਾਜਾ ਬਣਾਇਆ+ ਜਿਸ ਬਾਰੇ ਉਸ ਨੇ ਇਹ ਗਵਾਹੀ ਦਿੱਤੀ ਸੀ: ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਲੱਭਿਆ ਹੈ+ ਜੋ ਮੇਰੇ ਦਿਲ ਨੂੰ ਭਾਉਂਦਾ ਹੈ;+ ਉਹ ਮੇਰੀ ਇੱਛਾ ਦੇ ਮੁਤਾਬਕ ਸਾਰੇ ਕੰਮ ਕਰੇਗਾ।’  23  ਪਰਮੇਸ਼ੁਰ ਨੇ ਆਪਣੇ ਵਾਅਦੇ ਅਨੁਸਾਰ ਦਾਊਦ ਦੀ ਸੰਤਾਨ* ਵਿੱਚੋਂ ਯਿਸੂ ਨੂੰ ਇਜ਼ਰਾਈਲ ਦਾ ਮੁਕਤੀਦਾਤਾ ਬਣਾਇਆ।+ 24  ਯਿਸੂ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਜ਼ਰਾਈਲ ਦੇ ਸਾਰੇ ਲੋਕਾਂ ਨੂੰ ਖੁੱਲ੍ਹੇ-ਆਮ ਪ੍ਰਚਾਰ ਕੀਤਾ ਸੀ ਕਿ ਉਹ ਬਪਤਿਸਮਾ ਲੈ ਕੇ ਇਸ ਗੱਲ ਦਾ ਸਬੂਤ ਦੇਣ ਕਿ ਉਨ੍ਹਾਂ ਨੇ ਤੋਬਾ ਕੀਤੀ ਹੈ।+ 25  ਪਰ ਜਦੋਂ ਯੂਹੰਨਾ ਆਪਣੀ ਸੇਵਾ ਖ਼ਤਮ ਕਰਨ ਵਾਲਾ ਸੀ, ਤਾਂ ਉਹ ਕਹਿੰਦਾ ਹੁੰਦਾ ਸੀ: ‘ਤੁਹਾਡੇ ਖ਼ਿਆਲ ਵਿਚ ਮੈਂ ਕੌਣ ਹਾਂ? ਮੈਂ ਉਹ* ਨਹੀਂ ਹਾਂ। ਪਰ ਦੇਖੋ! ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਮੈਂ ਤਾਂ ਉਸ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਲਾਇਕ ਨਹੀਂ ਹਾਂ।’+ 26  “ਭਰਾਵੋ, ਅਬਰਾਹਾਮ ਦੀ ਪੀੜ੍ਹੀ ਦੇ ਲੋਕੋ ਅਤੇ ਪਰਮੇਸ਼ੁਰ ਤੋਂ ਡਰਨ ਵਾਲੇ ਹੋਰ ਲੋਕੋ, ਇਸ ਮੁਕਤੀ ਦਾ ਸੰਦੇਸ਼ ਸਾਨੂੰ ਸਾਰਿਆਂ ਨੂੰ ਸੁਣਾਇਆ ਗਿਆ ਹੈ।+ 27  ਯਰੂਸ਼ਲਮ ਦੇ ਵਾਸੀਆਂ ਅਤੇ ਧਾਰਮਿਕ ਆਗੂਆਂ ਨੇ ਉਸ ਨੂੰ ਮਸੀਹ ਵਜੋਂ ਕਬੂਲ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਨਿਆਂਕਾਰ ਬਣ ਕੇ ਨਬੀਆਂ ਦੀਆਂ ਲਿਖਤਾਂ ਵਿਚ ਦੱਸੀਆਂ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ+ ਜਿਹੜੀਆਂ ਹਰ ਸਬਤ ਦੇ ਦਿਨ ਉੱਚੀ ਆਵਾਜ਼ ਵਿਚ ਪੜ੍ਹੀਆਂ ਜਾਂਦੀਆਂ ਹਨ।  28  ਭਾਵੇਂ ਉਨ੍ਹਾਂ ਨੂੰ ਉਸ ਨੂੰ ਜਾਨੋਂ ਮਾਰਨ ਦਾ ਕੋਈ ਕਾਰਨ ਨਹੀਂ ਮਿਲਿਆ,+ ਫਿਰ ਵੀ ਉਨ੍ਹਾਂ ਨੇ ਪਿਲਾਤੁਸ ਉੱਤੇ ਜ਼ੋਰ ਪਾਇਆ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 29  ਫਿਰ ਜਦੋਂ ਉਹ ਸਾਰੀਆਂ ਗੱਲਾਂ ਪੂਰੀਆਂ ਕਰ ਹਟੇ ਜਿਹੜੀਆਂ ਉਸ ਬਾਰੇ ਲਿਖੀਆਂ ਗਈਆਂ ਸਨ, ਤਾਂ ਉਨ੍ਹਾਂ ਨੇ ਉਸ ਨੂੰ ਸੂਲ਼ੀ* ਤੋਂ ਲਾਹ ਕੇ ਕਬਰ ਵਿਚ ਰੱਖ ਦਿੱਤਾ।+ 30  ਪਰ ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ+ 31  ਅਤੇ ਉਹ ਕਈ ਦਿਨ ਉਨ੍ਹਾਂ ਲੋਕਾਂ ਨੂੰ ਦਿਖਾਈ ਦਿੰਦਾ ਰਿਹਾ ਜਿਹੜੇ ਉਸ ਨਾਲ ਗਲੀਲ ਤੋਂ ਯਰੂਸ਼ਲਮ ਨੂੰ ਗਏ ਸਨ। ਉਹੀ ਲੋਕ ਹੁਣ ਸਾਰਿਆਂ ਸਾਮ੍ਹਣੇ ਉਸ ਬਾਰੇ ਗਵਾਹੀ ਦੇ ਰਹੇ ਹਨ।+ 32  “ਇਸ ਲਈ ਅਸੀਂ ਤੁਹਾਨੂੰ ਉਸ ਵਾਅਦੇ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਾਂ ਜਿਹੜਾ ਵਾਅਦਾ ਸਾਡੇ ਪਿਉ-ਦਾਦਿਆਂ ਨਾਲ ਕੀਤਾ ਗਿਆ ਸੀ।  33  ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕਰ ਕੇ+ ਇਹ ਵਾਅਦਾ ਉਨ੍ਹਾਂ ਦੇ ਬੱਚਿਆਂ ਲਈ ਯਾਨੀ ਸਾਡੇ ਲਈ ਪੂਰਾ ਕੀਤਾ; ਠੀਕ ਜਿਵੇਂ ਦੂਸਰੇ ਜ਼ਬੂਰ ਵਿਚ ਲਿਖਿਆ ਹੈ: ‘ਤੂੰ ਮੇਰਾ ਪੁੱਤਰ ਹੈਂ; ਮੈਂ ਅੱਜ ਤੇਰਾ ਪਿਤਾ ਬਣਿਆ ਹਾਂ।’+ 34  ਪਰਮੇਸ਼ੁਰ ਨੇ ਉਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਹੈ ਅਤੇ ਉਹ ਦੁਬਾਰਾ ਕਦੇ ਵੀ ਇਨਸਾਨੀ ਸਰੀਰ ਨਹੀਂ ਧਾਰੇਗਾ ਜਿਹੜਾ ਮਰ ਕੇ ਗਲ਼-ਸੜ ਜਾਂਦਾ ਹੈ। ਇਹ ਗੱਲ ਸੱਚ ਹੈ, ਇਸ ਬਾਰੇ ਪਰਮੇਸ਼ੁਰ ਨੇ ਇਸ ਤਰ੍ਹਾਂ ਕਿਹਾ: ‘ਦਾਊਦ ਨਾਲ ਕੀਤੇ ਭਰੋਸੇਯੋਗ ਵਾਅਦੇ ਅਨੁਸਾਰ ਮੈਂ ਤੁਹਾਡੇ ਨਾਲ ਅਟੱਲ ਪਿਆਰ ਕਰਾਂਗਾ।’+ 35  ਉਸ ਨੇ ਇਕ ਹੋਰ ਜ਼ਬੂਰ ਵਿਚ ਕਿਹਾ ਸੀ: ‘ਤੂੰ ਆਪਣੇ ਵਫ਼ਾਦਾਰ ਸੇਵਕ ਦਾ ਸਰੀਰ ਗਲ਼ਣ ਨਹੀਂ ਦੇਵੇਂਗਾ।’+ 36  ਇਕ ਪਾਸੇ ਦਾਊਦ ਸੀ ਜਿਸ ਨੇ ਆਪਣੀ ਜ਼ਿੰਦਗੀ ਦੌਰਾਨ ਪਰਮੇਸ਼ੁਰ ਦੀ ਸੇਵਾ ਕੀਤੀ* ਅਤੇ ਉਹ ਮੌਤ ਦੀ ਨੀਂਦ ਸੌਂ ਗਿਆ ਅਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ ਗਿਆ ਅਤੇ ਉਸ ਦਾ ਸਰੀਰ ਗਲ਼ ਗਿਆ।+ 37  ਦੂਜੇ ਪਾਸੇ ਉਹ ਸੀ ਜਿਸ ਨੂੰ ਪਰਮੇਸ਼ੁਰ ਨੇ ਜੀਉਂਦਾ ਕੀਤਾ ਸੀ ਅਤੇ ਜਿਸ ਦਾ ਸਰੀਰ ਨਾ ਗਲ਼ਿਆ।+ 38  “ਭਰਾਵੋ, ਤੁਸੀਂ ਜਾਣ ਲਓ ਕਿ ਉਸੇ ਦੇ ਰਾਹੀਂ ਪਾਪਾਂ ਦੀ ਮਾਫ਼ੀ ਮਿਲੇਗੀ ਅਤੇ ਇਹੀ ਖ਼ਬਰ ਤੁਹਾਨੂੰ ਸੁਣਾਈ ਜਾ ਰਹੀ ਹੈ+ 39  ਅਤੇ ਮੂਸਾ ਦਾ ਕਾਨੂੰਨ ਜਿਨ੍ਹਾਂ ਗੱਲਾਂ ਵਿਚ ਤੁਹਾਨੂੰ ਨਿਰਦੋਸ਼ ਨਹੀਂ ਠਹਿਰਾ ਸਕਿਆ,+ ਉਨ੍ਹਾਂ ਗੱਲਾਂ ਵਿਚ ਉਹ ਹਰ ਇਨਸਾਨ ਯਿਸੂ ਦੇ ਜ਼ਰੀਏ ਨਿਰਦੋਸ਼ ਠਹਿਰਾਇਆ ਜਾਂਦਾ ਹੈ ਜੋ ਨਿਹਚਾ ਕਰਦਾ ਹੈ।+ 40  ਇਸ ਲਈ ਖ਼ਬਰਦਾਰ ਰਹੋ ਕਿ ਨਬੀਆਂ ਦੀਆਂ ਲਿਖਤਾਂ ਵਿਚ ਜੋ ਲਿਖਿਆ ਹੈ, ਉਹ ਤੁਹਾਡੇ ਉੱਤੇ ਨਾ ਆ ਪਵੇ:  41  ‘ਘਿਰਣਾ ਕਰਨ ਵਾਲਿਓ, ਦੇਖੋ, ਦੰਗ ਰਹਿ ਜਾਓ ਅਤੇ ਮਿਟ ਜਾਓ ਕਿਉਂਕਿ ਮੈਂ ਜਿਹੜਾ ਕੰਮ ਤੁਹਾਡੇ ਦਿਨਾਂ ਵਿਚ ਕਰ ਰਿਹਾ ਹਾਂ, ਉਸ ਉੱਤੇ ਤੁਸੀਂ ਕਦੇ ਵੀ ਯਕੀਨ ਨਹੀਂ ਕਰੋਗੇ, ਭਾਵੇਂ ਕੋਈ ਤੁਹਾਨੂੰ ਇਸ ਬਾਰੇ ਖੋਲ੍ਹ ਕੇ ਹੀ ਕਿਉਂ ਨਾ ਦੱਸੇ।’”+ 42  ਫਿਰ ਜਦੋਂ ਉਹ ਬਾਹਰ ਆ ਰਹੇ ਸਨ, ਤਾਂ ਲੋਕਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅਗਲੇ ਸਬਤ ਦੇ ਦਿਨ ਵੀ ਆ ਕੇ ਉਨ੍ਹਾਂ ਨੂੰ ਇਹ ਗੱਲਾਂ ਦੱਸਣ।  43  ਇਸ ਲਈ, ਸਭਾ ਖ਼ਤਮ ਹੋਣ ਤੋਂ ਬਾਅਦ, ਪਰਮੇਸ਼ੁਰ ਦੀ ਭਗਤੀ ਕਰਨ ਵਾਲੇ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲੇ ਲੋਕ ਪੌਲੁਸ ਅਤੇ ਬਰਨਾਬਾਸ ਦੇ ਪਿੱਛੇ-ਪਿੱਛੇ ਤੁਰ ਪਏ। ਪੌਲੁਸ ਅਤੇ ਬਰਨਾਬਾਸ ਨੇ ਉਨ੍ਹਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਦੇ ਲਾਇਕ ਬਣਾਈ ਰੱਖਣ।+ 44  ਅਗਲੇ ਸਬਤ ਦੇ ਦਿਨ ਯਹੋਵਾਹ* ਦਾ ਬਚਨ ਸੁਣਨ ਲਈ ਲਗਭਗ ਸਾਰਾ ਸ਼ਹਿਰ ਹੀ ਇਕੱਠਾ ਹੋ ਗਿਆ ਸੀ।  45  ਜਦੋਂ ਯਹੂਦੀਆਂ ਨੇ ਭੀੜਾਂ ਦੀਆਂ ਭੀੜਾਂ ਦੇਖੀਆਂ, ਤਾਂ ਉਹ ਸੜ-ਬਲ਼ ਗਏ ਅਤੇ ਉਨ੍ਹਾਂ ਨੇ ਬੁਰਾ-ਭਲਾ ਕਹਿ ਕੇ ਪੌਲੁਸ ਦੀਆਂ ਗੱਲਾਂ ਦਾ ਵਿਰੋਧ ਕੀਤਾ।+ 46  ਫਿਰ ਪੌਲੁਸ ਅਤੇ ਬਰਨਾਬਾਸ ਨੇ ਦਲੇਰੀ ਨਾਲ ਉਨ੍ਹਾਂ ਨੂੰ ਕਿਹਾ: “ਇਹ ਜ਼ਰੂਰੀ ਸੀ ਕਿ ਪਰਮੇਸ਼ੁਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ।+ ਪਰ ਹੁਣ ਕਿਉਂਕਿ ਤੁਸੀਂ ਇਸ ਨੂੰ ਠੁਕਰਾ ਰਹੇ ਹੋ ਅਤੇ ਦਿਖਾ ਰਹੇ ਹੋ ਕਿ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੇ ਲਾਇਕ ਨਹੀਂ ਹੋ, ਇਸ ਲਈ ਅਸੀਂ ਗ਼ੈਰ-ਯਹੂਦੀ ਕੌਮਾਂ ਕੋਲ ਜਾ ਰਹੇ ਹਾਂ।+ 47  ਯਹੋਵਾਹ* ਨੇ ਸਾਨੂੰ ਇਹ ਹੁਕਮ ਦਿੱਤਾ ਹੈ: ‘ਮੈਂ ਤੈਨੂੰ ਗ਼ੈਰ-ਯਹੂਦੀ ਕੌਮਾਂ ਲਈ ਚਾਨਣ ਠਹਿਰਾਇਆ ਹੈ ਤਾਂਕਿ ਤੂੰ ਧਰਤੀ ਦੇ ਕੋਨੇ-ਕੋਨੇ ਤਕ ਮੇਰੇ ਮੁਕਤੀ ਦੇ ਜ਼ਰੀਏ ਦਾ ਐਲਾਨ ਕਰੇਂ।’”+ 48  ਇਹ ਗੱਲ ਸੁਣ ਕੇ ਗ਼ੈਰ-ਯਹੂਦੀ ਲੋਕ ਬੜੇ ਖ਼ੁਸ਼ ਹੋਏ ਅਤੇ ਯਹੋਵਾਹ* ਦੇ ਬਚਨ ਦੀ ਵਡਿਆਈ ਕਰਨ ਲੱਗ ਪਏ। ਅਤੇ ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ।  49  ਇਸ ਤੋਂ ਇਲਾਵਾ, ਯਹੋਵਾਹ* ਦਾ ਬਚਨ ਪੂਰੇ ਇਲਾਕੇ ਵਿਚ ਫੈਲਦਾ ਗਿਆ।  50  ਪਰ ਯਹੂਦੀਆਂ ਨੇ ਪਰਮੇਸ਼ੁਰ ਦਾ ਡਰ ਮੰਨਣ ਵਾਲੀਆਂ ਸ਼ਹਿਰ ਦੀਆਂ ਮੰਨੀਆਂ-ਪ੍ਰਮੰਨੀਆਂ ਤੀਵੀਆਂ ਅਤੇ ਵੱਡੇ-ਵੱਡੇ ਆਦਮੀਆਂ ਨੂੰ ਭੜਕਾਇਆ+ ਅਤੇ ਉਨ੍ਹਾਂ ਨੇ ਪੌਲੁਸ ਅਤੇ ਬਰਨਾਬਾਸ ਨੂੰ ਮਾਰ-ਕੁੱਟ ਕੇ ਸ਼ਹਿਰੋਂ ਬਾਹਰ ਸੁੱਟ ਦਿੱਤਾ।  51  ਫਿਰ ਪੌਲੁਸ ਅਤੇ ਬਰਨਾਬਾਸ ਨੇ ਉਨ੍ਹਾਂ ਨੂੰ ਚੇਤਾਵਨੀ ਦੇਣ ਲਈ ਆਪਣੇ ਪੈਰਾਂ ਦੀ ਧੂੜ ਝਾੜੀ ਅਤੇ ਉੱਥੋਂ ਇਕੁਨਿਉਮ ਨੂੰ ਚਲੇ ਗਏ।+ 52  ਅਤੇ ਚੇਲਿਆਂ ਦੀ ਖ਼ੁਸ਼ੀ ਬਰਕਰਾਰ ਰਹੀ+ ਅਤੇ ਉਹ ਪਵਿੱਤਰ ਸ਼ਕਤੀ ਨਾਲ ਭਰੇ ਰਹੇ।

ਫੁਟਨੋਟ

ਯੂਨਾ, “ਨੀਗਰ।”
ਜਾਂ, “ਖੁੱਲ੍ਹੇ-ਆਮ ਸੇਵਾ।”
ਯਾਨੀ, ਮਰਕੁਸ।
ਜਾਂ, “ਸਹਾਇਕ ਸੀ।”
ਯੂਨਾ, “ਬੀ।”
ਯਾਨੀ, ਮਸੀਹ।
ਜਾਂ, “ਰੁੱਖ।”
ਜਾਂ, “ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ।”