Skip to content

Skip to table of contents

ਆਜ਼ਾਦੀ ਦੀ ਦੁਨੀਆਂ ਵਿਚ ਬੱਚਿਆਂ ਦੀ ਪਰਵਰਿਸ਼

ਆਜ਼ਾਦੀ ਦੀ ਦੁਨੀਆਂ ਵਿਚ ਬੱਚਿਆਂ ਦੀ ਪਰਵਰਿਸ਼

ਆਜ਼ਾਦੀ ਦੀ ਦੁਨੀਆਂ ਵਿਚ ਬੱਚਿਆਂ ਦੀ ਪਰਵਰਿਸ਼

ਕੀ ਤੁਸੀਂ ਕਦੇ ਦੇਖਿਆ ਹੈ ਕਿ ਮਾਂ ਦੇ ਨਾਂਹ ਕਹਿਣ ਤੇ ਵੀ ਬੱਚਾ ਕੋਈ ਖਿਡੌਣਾ ਖ਼ਰੀਦਣ ਦੀ ਜ਼ਿੱਦ ਕਰਦਾ ਰਹਿੰਦਾ ਹੈ? ਜਾਂ ਮਾਂ ਬੱਚੇ ਨੂੰ ਨੱਠਣ-ਭੱਜਣ ਤੋਂ ਰੋਕਦੀ ਹੈ, ਪਰ ਬੱਚਾ ਹੈ ਕਿ ਟਿਕ ਕੇ ਹੀ ਨਹੀਂ ਬੈਠਦਾ? ਅਕਸਰ ਮਾਪੇ ਆਪਣੇ ਬੱਚਿਆਂ ਦਾ ਭਲਾ ਸੋਚ ਕੇ ਹੀ ਉਨ੍ਹਾਂ ਦੀ ਜ਼ਿੱਦ ਪੂਰੀ ਨਹੀਂ ਕਰਨੀ ਚਾਹੁੰਦੇ। ਪਰ ਦੇਖਿਆ ਗਿਆ ਹੈ ਕਿ ਕਈ ਵਾਰ ਬੱਚਿਆਂ ਦੇ ਰੋਣੇ-ਧੋਣੇ ਤੋਂ ਤੰਗ ਆ ਕੇ ਮਾਪੇ ਉਨ੍ਹਾਂ ਦੀ ਜ਼ਿੱਦ ਅੱਗੇ ਹਾਰ ਮੰਨ ਲੈਂਦੇ ਹਨ।

ਕਈ ਸੋਚਦੇ ਹਨ ਕਿ ਚੰਗੇ ਮਾਪੇ ਹੋਣ ਦਾ ਮਤਲਬ ਹੈ ਆਪਣੇ ਬੱਚਿਆਂ ਦੀ ਹਰ ਜ਼ਿੱਦ ਪੂਰੀ ਕਰਨੀ। ਮਿਸਾਲ ਲਈ, ਅਮਰੀਕਾ ਵਿਚ 12 ਤੋਂ 17 ਸਾਲ ਦੀ ਉਮਰ ਦੇ 750 ਬੱਚਿਆਂ ਦਾ ਇਕ ਸਰਵੇਖਣ ਕੀਤਾ ਗਿਆ ਸੀ। ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੋਈ ਚੀਜ਼ ਮੰਗਣ ਤੇ ਜਦੋਂ ਮਾਪੇ ਨਾਂਹ ਕਹਿ ਦਿੰਦੇ ਹਨ, ਤਾਂ ਉਹ ਕੀ ਕਰਦੇ ਹਨ। ਤਕਰੀਬਨ 60 ਫੀ ਸਦੀ ਬੱਚਿਆਂ ਨੇ ਕਿਹਾ ਕਿ ਉਹ ਹਾਰ ਨਹੀਂ ਮੰਨਦੇ, ਸਗੋਂ ਜ਼ਿੱਦ ਕਰਦੇ ਰਹਿੰਦੇ ਹਨ। ਲਗਭਗ 55 ਫੀ ਸਦੀ ਬੱਚਿਆਂ ਨੇ ਕਿਹਾ ਕਿ ਆਮ ਤੌਰ ਤੇ ਇਸ ਤਰ੍ਹਾਂ ਕਰਨ ਨਾਲ ਮਾਪੇ ਉਨ੍ਹਾਂ ਦੀ ਗੱਲ ਮੰਨ ਜਾਂਦੇ ਹਨ। ਮਾਪੇ ਸ਼ਾਇਦ ਸੋਚਣ ਕਿ ਬੱਚਿਆਂ ਦੀ ਇੱਛਾ ਪੂਰੀ ਕਰਨੀ ਉਨ੍ਹਾਂ ਦੇ ਪਿਆਰ ਦਾ ਸਬੂਤ ਹੈ, ਪਰ ਕੀ ਇਹ ਗੱਲ ਵਾਕਈ ਸੱਚ ਹੈ?

ਪ੍ਰਾਚੀਨ ਸਮਿਆਂ ਦੀ ਇਸ ਸਿਆਣੀ ਕਹਾਵਤ ਉੱਤੇ ਧਿਆਨ ਦਿਓ: ‘ਜਿਹੜਾ ਆਪਣੇ ਟਹਿਲੀਏ ਨੂੰ ਬਚਪਣੇ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਓੜਕ ਨੂੰ ਨਾਸ਼ੁਕਰਾ ਬਣ ਬੈਠੇਗਾ।’ (ਕਹਾਉਤਾਂ 29:21, ਫੁਟਨੋਟ) ਇਹ ਸੱਚ ਹੈ ਕਿ ਬੱਚਾ ਟਹਿਲੂਆ ਜਾਂ ਨੌਕਰ ਤਾਂ ਨਹੀਂ ਹੁੰਦਾ, ਪਰ ਕੀ ਤੁਸੀਂ ਸਹਿਮਤ ਨਹੀਂ ਹੋਵੋਗੇ ਕਿ ਇਹ ਅਸੂਲ ਬੱਚਿਆਂ ਦੀ ਪਰਵਰਿਸ਼ ਉੱਤੇ ਵੀ ਲਾਗੂ ਹੁੰਦਾ ਹੈ? ਜੇ ਬੱਚਿਆਂ ਨੂੰ ਉਹ ਹਰ ਚੀਜ਼ ਦਿੱਤੀ ਜਾਵੇ ਜਿਸ ਉੱਤੇ ਉਹ ਉਂਗਲ ਰੱਖਣ, ਤਾਂ ਉਹ ਵੱਡੇ ਹੋ ਕੇ ‘ਨਾਸ਼ੁਕਰੇ’ ਬਣਨਗੇ, ਯਾਨੀ ਉਹ ਵਿਗੜੇ, ਜ਼ਿੱਦੀ ਤੇ ਬੇਕਦਰੇ ਇਨਸਾਨ ਬਣਨਗੇ।

ਬਾਈਬਲ ਸਲਾਹ ਦਿੰਦੀ ਹੈ ਕਿ “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ।” (ਕਹਾਉਤਾਂ 22:6) ਸਮਝਦਾਰ ਮਾਪੇ ਇਸ ਸਲਾਹ ’ਤੇ ਚੱਲਦਿਆਂ ਆਪਣੇ ਬੱਚਿਆਂ ਲਈ ਸਪੱਸ਼ਟ ਤੇ ਪੱਕੇ ਅਸੂਲ ਬਣਾਉਂਦੇ ਹਨ। ਉਹ ਬੱਚਿਆਂ ਨੂੰ ਲਾਡ-ਪਿਆਰ ਤਾਂ ਕਰਦੇ ਹਨ, ਪਰ ਉਨ੍ਹਾਂ ਨੂੰ ਭੂਏ ਨਹੀਂ ਚੜ੍ਹਾਉਂਦੇ। ਬੱਚੇ ਭਾਵੇਂ ਜਿੰਨੇ ਮਰਜ਼ੀ ਰੋਣ-ਪਿੱਟਣ, ਪਰ ਮਾਪੇ ਆਪਣੇ ਅਸੂਲਾਂ ਉੱਤੇ ਪੱਕੇ ਰਹਿੰਦੇ ਹਨ। ਇਸ ਦੀ ਬਜਾਇ ਉਹ ਯਿਸੂ ਦੀ ਇਸ ਚੰਗੀ ਸਲਾਹ ਨਾਲ ਸਹਿਮਤ ਹਨ ਕਿ “ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ।” (ਮੱਤੀ 5:37) ਪਰ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਕੀ ਕੁਝ ਸ਼ਾਮਲ ਹੈ? ਆਓ ਆਪਾਂ ਇਕ ਵਧੀਆ ਮਿਸਾਲ ਉੱਤੇ ਗੌਰ ਕਰੀਏ।

“ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ”

ਬਾਈਬਲ ਸਾਫ਼ ਦਿਖਾਉਂਦੀ ਹੈ ਕਿ ਬੱਚਿਆਂ ਨੂੰ ਮਾਪਿਆਂ ਦੀ ਅਗਵਾਈ ਦੀ ਸਖ਼ਤ ਲੋੜ ਹੈ। ਜ਼ਬੂਰਾਂ ਦੀ ਪੋਥੀ 127:4, 5 ਕਹਿੰਦੀ ਹੈ: “ਜਿਵੇਂ ਸੂਰਮੇ ਦੇ ਹੱਥ ਵਿੱਚ ਬਾਣ, ਤਿਵੇਂ ਜੁਆਨੀ ਦੇ ਪੁੱਤ੍ਰ ਹਨ, ਧੰਨ ਹੈ ਉਹ ਮਰਦ ਜਿਹ ਦਾ ਤਰਕਸ਼ ਉਨ੍ਹਾਂ ਨਾਲ ਭਰਿਆ ਹੋਇਆ ਹੈ!” ਇਸ ਮਿਸਾਲ ਵਿਚ ਬੱਚਿਆਂ ਦੀ ਤੁਲਨਾ ਬਾਣ ਜਾਂ ਤੀਰ ਨਾਲ ਕੀਤੀ ਗਈ ਹੈ ਤੇ ਮਾਪਿਆਂ ਦੀ ਸੂਰਮੇ ਨਾਲ। ਜਿਵੇਂ ਸੂਰਮਾ ਜਾਣਦਾ ਹੈ ਕਿ ਤੀਰ ਇਤਫ਼ਾਕ ਨਾਲ ਹੀ ਨਿਸ਼ਾਨੇ ’ਤੇ ਨਹੀਂ ਲੱਗ ਜਾਂਦਾ ਹੈ, ਉਸੇ ਤਰ੍ਹਾਂ ਪਿਆਰ ਕਰਨ ਵਾਲੇ ਮਾਪਿਆਂ ਨੂੰ ਪਤਾ ਹੈ ਕਿ ਬੱਚੇ ਵੱਡੇ ਹੋ ਕੇ ਆਪਣੇ ਆਪ ਹੀ ਚੰਗੇ ਇਨਸਾਨ ਨਹੀਂ ਬਣ ਜਾਣਗੇ। ਮਾਪਿਆਂ ਦਾ ਇਹੋ “ਨਿਸ਼ਾਨਾ” ਹੁੰਦਾ ਹੈ ਕਿ ਬੱਚੇ ਵੱਡੇ ਹੋ ਕੇ ਜ਼ਿੰਮੇਵਾਰ ਅਤੇ ਖ਼ੁਸ਼ਗਵਾਰ ਇਨਸਾਨ ਬਣਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਕਾਮਯਾਬ ਇਨਸਾਨ ਬਣਨ, ਚੰਗੇ ਫ਼ੈਸਲੇ ਕਰਨ ਅਤੇ ਸਮਝਦਾਰੀ ਨਾਲ ਬੇਲੋੜੀਆਂ ਮੁਸੀਬਤਾਂ ਤੋਂ ਬਚੇ ਰਹਿਣ। ਪਰ ਆਪਣੇ ਇਸ ਸੁਪਨੇ ਨੂੰ ਸਾਕਾਰ ਬਣਾਉਣ ਲਈ ਮਾਪਿਆਂ ਨੂੰ ਕੁਝ ਕਰਨਾ ਪਵੇਗਾ।

ਤੀਰ ਨਿਸ਼ਾਨੇ ’ਤੇ ਲਾਉਣ ਲਈ ਕੀ ਕਰਨ ਦੀ ਲੋੜ ਹੈ? ਤੀਰ ਨੂੰ ਚੰਗੀ ਤਰ੍ਹਾਂ ਤਿਆਰ ਕਰਨ, ਇਸ ਨੂੰ ਵਿੰਗਾ-ਟੇਢਾ ਹੋਣ ਤੋਂ ਬਚਾਉਣ ਅਤੇ ਇਸ ਨੂੰ ਸਹੀ ਸੇਧ ਦੇਣ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਚੰਗੇ ਇਨਸਾਨ ਬਣਾਉਣ ਲਈ ਜ਼ਰੂਰੀ ਹੈ ਕਿ ਮਾਪੇ ਉਨ੍ਹਾਂ ਨੂੰ ਤਿਆਰ ਕਰਨ, ਉਨ੍ਹਾਂ ਦੀ ਰਾਖੀ ਕਰਨ ਅਤੇ ਉਨ੍ਹਾਂ ਨੂੰ ਸਹੀ ਸੇਧ ਦੇਣ। ਆਓ ਆਪਾਂ ਬੱਚਿਆਂ ਦੀ ਪਰਵਰਿਸ਼ ਦੇ ਇਨ੍ਹਾਂ ਤਿੰਨੇ ਪਹਿਲੂਆਂ ਉੱਤੇ ਇਕ-ਇਕ ਕਰ ਕੇ ਚਰਚਾ ਕਰੀਏ।

ਤੀਰ ਦੀ ਵਧੀਆ ਤਿਆਰੀ

ਪੁਰਾਣਿਆਂ ਜ਼ਮਾਨਿਆਂ ਵਿਚ ਤੀਰ ਬੜੀ ਕੁਸ਼ਲਤਾ ਨਾਲ ਤਿਆਰ ਕੀਤੇ ਜਾਂਦੇ ਸਨ। ਹਲਕੀ ਲੱਕੜੀ ਦੀ ਡੰਡੀ ਲੈ ਕੇ ਉਸ ਨੂੰ ਹੱਥ ਨਾਲ ਸਿੱਧਾ ਘੜਿਆ ਜਾਂਦਾ ਸੀ। ਉਸ ਦੀ ਨੋਕ ਬਿਲਕੁਲ ਤਿੱਖੀ ਬਣਾਈ ਜਾਂਦੀ ਸੀ। ਉਸ ਦੇ ਦੂਜੇ ਪਾਸੇ ਖੰਭ ਲਾਏ ਜਾਂਦੇ ਸਨ ਜਿਨ੍ਹਾਂ ਦੀ ਮਦਦ ਨਾਲ ਤੀਰ ਤੇਜ਼ੀ ਨਾਲ ਉੱਡਦਾ ਹੋਇਆ ਸਿੱਧਾ ਨਿਸ਼ਾਨੇ ’ਤੇ ਜਾ ਲੱਗਦਾ ਸੀ।

ਮਾਪੇ ਆਪਣੀ ਔਲਾਦ ਨੂੰ ਸਿੱਧੇ ਤੀਰਾਂ ਵਰਗੇ ਬਣਾਉਣਾ ਚਾਹੁੰਦੇ ਹਨ ਜੋ ਬਿਲਕੁਲ ਸਥਿਰ ਹੋਣ ਤੇ ਜਿਨ੍ਹਾਂ ਵਿਚ ਕੋਈ ਵਿੰਗ-ਵਲ ਨਾ ਹੋਵੇ। ਸਮਝਦਾਰ ਮਾਪੇ ਆਪਣੀ ਔਲਾਦ ਦੀਆਂ ਗੰਭੀਰ ਕਮੀਆਂ-ਕਮਜ਼ੋਰੀਆਂ ਤੋਂ ਅੱਖਾਂ ਨਹੀਂ ਮੀਟਦੇ, ਸਗੋਂ ਪਿਆਰ ਨਾਲ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਮਾਮਲੇ ਵਿਚ ਮਾਪਿਆਂ ਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ ਕਿਉਂਕਿ ਤਕਰੀਬਨ ਹਰੇਕ “ਬਾਲਕ ਦੇ ਮਨ ਵਿੱਚ ਮੂਰਖਤਾਈ ਬੱਧੀ ਹੋਈ ਹੁੰਦੀ ਹੈ।” (ਕਹਾਉਤਾਂ 22:15) ਬਾਈਬਲ ਵਿਚ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਦੇਣ ਦੀ ਸਲਾਹ ਦਿੱਤੀ ਗਈ ਹੈ। (ਅਫ਼ਸੀਆਂ 6:4) ਵਾਕਈ, ਬੱਚਿਆਂ ਦੀ ਸੋਚ ਅਤੇ ਚਰਿੱਤਰ ਨੂੰ ਸੁਧਾਰਨ ਲਈ ਅਨੁਸ਼ਾਸਨ ਬੇਹੱਦ ਜ਼ਰੂਰੀ ਹੈ।

ਤਾਂ ਫਿਰ ਸਾਨੂੰ ਕਹਾਉਤਾਂ 13:24 ਵਿਚ ਲਿਖੀ ਗੱਲ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ ਹੈ: “ਜਿਹੜਾ ਪੁੱਤ੍ਰ ਉੱਤੇ ਛੂਛਕ ਨਹੀਂ ਚਲਾਉਂਦਾ ਉਹ ਉਸ ਦਾ ਵੈਰੀ ਹੈ, ਪਰ ਜਿਹੜਾ ਉਸ ਦੇ ਨਾਲ ਪਿਆਰ ਕਰਦਾ ਹੈ ਉਹ ਵੇਲੇ ਸਿਰ ਉਸ ਨੂੰ ਤਾੜਦਾ ਹੈ।” ਇਸ ਆਇਤ ਦਾ ਇਹ ਮਤਲਬ ਨਹੀਂ ਹੈ ਕਿ ਬੱਚਿਆਂ ਨੂੰ ਮਾਰ-ਕੁੱਟ ਕੇ ਤਾੜਨਾ ਦਿੱਤੀ ਜਾਣੀ ਚਾਹੀਦੀ ਹੈ, ਸਗੋਂ ਬੱਚਿਆਂ ਨੂੰ ਹੋਰ ਤਰੀਕਿਆਂ ਨਾਲ ਵੀ ਤਾੜਨਾ ਦਿੱਤੀ ਜਾ ਸਕਦੀ ਹੈ। ਪਿਆਰ ਨਾਲ ਅਨੁਸ਼ਾਸਨ ਦੇ ਕੇ ਮਾਪੇ ਬੱਚਿਆਂ ਦੀਆਂ ਬੁਰੀਆਂ ਆਦਤਾਂ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਜਾਣਦੇ ਹਨ ਕਿ ਜੇਕਰ ਇਨ੍ਹਾਂ ਆਦਤਾਂ ਨੂੰ ਜੜ੍ਹੋਂ ਨਹੀਂ ਉਖਾੜਿਆ ਗਿਆ, ਤਾਂ ਬਾਅਦ ਵਿਚ ਇਹ ਆਦਤਾਂ ਬੱਚੇ ਦੀ ਜ਼ਿੰਦਗੀ ਨਰਕ ਬਣਾ ਸਕਦੀਆਂ ਹਨ। ਜੀ ਹਾਂ, ਬੱਚੇ ਨੂੰ ਤਾੜਨਾ ਨਾ ਦੇਣੀ ਉਸ ਨੂੰ ਨਫ਼ਰਤ ਕਰਨ ਦੇ ਬਰਾਬਰ ਹੈ, ਜਦ ਕਿ ਬੱਚੇ ਨੂੰ ਜ਼ਰੂਰੀ ਅਨੁਸ਼ਾਸਨ ਦੇ ਕੇ ਮਾਪੇ ਆਪਣੇ ਪਿਆਰ ਦਾ ਸਬੂਤ ਦਿੰਦੇ ਹਨ।

ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚੇ ਨੂੰ ਸਮਝਾਉਂਦੇ ਹਨ ਕਿ ਉਨ੍ਹਾਂ ਨੇ ਜੋ ਅਸੂਲ ਬਣਾਏ ਹਨ, ਉਹ ਕਿਉਂ ਬਣਾਏ ਹਨ। ਅਨੁਸ਼ਾਸਨ ਦੇਣ ਦਾ ਮਤਲਬ ਹੁਕਮ ਚਲਾਉਣਾ ਤੇ ਸਜ਼ਾ ਦੇਣੀ ਨਹੀਂ ਹੈ। ਇਸ ਦੀ ਬਜਾਇ, ਬੱਚੇ ਨੂੰ ਸਹੀ ਤੇ ਗ਼ਲਤ ਵਿਚ ਫ਼ਰਕ ਸਮਝਾਉਣਾ ਬਹੁਤ ਜ਼ਰੂਰੀ ਹੈ। ਬਾਈਬਲ ਕਹਿੰਦੀ ਹੈ ਕਿ ‘ਸਮਝਦਾਰ ਪੁੱਤ੍ਰ ਬਿਵਸਥਾ ਦੀ ਪਾਲਨਾ ਕਰਦਾ ਹੈ।’—ਕਹਾਉਤਾਂ 28:7.

ਤੀਰ ’ਤੇ ਜੁੜੇ ਖੰਭ ਤੀਰ ਨੂੰ ਸਿੱਧਾ ਨਿਸ਼ਾਨੇ ’ਤੇ ਲੱਗਣ ਵਿਚ ਮਦਦ ਕਰਦੇ ਹਨ। ਇਸੇ ਤਰ੍ਹਾਂ, ਘਰ ਛੱਡ ਜਾਣ ਤੋਂ ਬਾਅਦ ਵੀ ਪਰਮੇਸ਼ੁਰ ਦੀਆਂ ਸਿੱਖਿਆਵਾਂ ਬੱਚਿਆਂ ਨੂੰ ਸਾਰੀ ਉਮਰ ਸਿੱਧੇ ਰਾਹ ’ਤੇ ਚੱਲਣ ਵਿਚ ਮਦਦ ਕਰਨਗੀਆਂ। (ਅਫ਼ਸੀਆਂ 3:14, 15) ਪਰ ਮਾਪੇ ਕਿੱਦਾ ਨਿਸ਼ਚਿਤ ਕਰ ਸਕਦੇ ਹਨ ਕਿ ਅਜਿਹੀਆਂ ਸਿੱਖਿਆਵਾਂ ਵਾਕਈ ਉਨ੍ਹਾਂ ਦੇ ਬੱਚਿਆਂ ਨਾਲ “ਜੁੜੀਆਂ” ਹੋਈਆਂ ਹਨ?

ਧਿਆਨ ਦਿਓ ਕਿ ਮੂਸਾ ਦੇ ਜ਼ਮਾਨੇ ਵਿਚ ਇਸਰਾਏਲੀ ਮਾਪਿਆਂ ਨੂੰ ਪਰਮੇਸ਼ੁਰ ਨੇ ਕੀ ਸਲਾਹ ਦਿੱਤੀ ਸੀ: “ਏਹ ਗੱਲਾਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਤੁਹਾਡੇ ਹਿਰਦੇ ਉੱਤੇ ਹੋਣ। ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ।” (ਬਿਵਸਥਾ ਸਾਰ 6:6, 7) ਇਨ੍ਹਾਂ ਆਇਤਾਂ ਮੁਤਾਬਕ ਮਾਪਿਆਂ ਨੂੰ ਦੋ ਕੰਮ ਕਰਨ ਦੀ ਲੋੜ ਹੈ। ਪਹਿਲਾ, ਉਨ੍ਹਾਂ ਨੂੰ ਖ਼ੁਦ ਬਾਈਬਲ ਦਾ ਗਿਆਨ ਲੈ ਕੇ ਉਸ ਉੱਤੇ ਅਮਲ ਕਰਨਾ ਚਾਹੀਦਾ ਹੈ, ਯਾਨੀ ਉਨ੍ਹਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਨਾਲ ਪ੍ਰੀਤ ਰੱਖਣੀ ਚਾਹੀਦੀ ਹੈ। (ਜ਼ਬੂਰਾਂ ਦੀ ਪੋਥੀ 119:97) ਇੱਦਾਂ ਕਰਨ ਤੋਂ ਬਾਅਦ ਹੀ ਉਹ 7ਵੀਂ ਆਇਤ ਮੁਤਾਬਕ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਬਿਵਸਥਾ ‘ਸਿਖਲਾ’ ਸਕਣਗੇ। ਚੰਗੀ ਤਰ੍ਹਾਂ ਸਿੱਖਿਆ ਦੇਣ ਅਤੇ ਜ਼ਰੂਰੀ ਗੱਲਾਂ ਨੂੰ ਵਾਰ-ਵਾਰ ਦੁਹਰਾਉਣ ਨਾਲ ਹੀ ਉਹ ਆਪਣੇ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਨਿਯਮਾਂ ਲਈ ਕਦਰ ਪੈਦਾ ਕਰ ਸਕਣਗੇ।

ਬੱਚਿਆਂ ਨੂੰ ਪਿਆਰ ਨਾਲ ਬਾਈਬਲ ਦੇ ਅਸੂਲ ਸਿਖਾਉਣੇ ਜਾਂ ਗ਼ਲਤ ਕੰਮ ਕਰਨ ਤੇ ਉਨ੍ਹਾਂ ਨੂੰ ਤਾੜਨਾ ਦੇਣੀ ਗ਼ਲਤ ਨਹੀਂ ਹੈ। ਜੇਕਰ ਇਨ੍ਹਾਂ ਅਨਮੋਲ “ਬਾਣਾਂ” ਨੇ ਸਿੱਧੇ ਰਾਹ ’ਤੇ ਰਹਿਣਾ ਹੈ ਅਤੇ ਨਿਸ਼ਾਨੇ ’ਤੇ ਲੱਗਣਾ ਹੈ, ਤਾਂ ਉਨ੍ਹਾਂ ਨੂੰ ਹੁਣੇ ਤੋਂ ਤਿਆਰ ਕਰਨਾ ਜ਼ਰੂਰੀ ਹੈ।

ਤੀਰ ਦੀ ਰੱਖਿਆ

ਆਓ ਆਪਾਂ ਜ਼ਬੂਰ 127:4, 5 ਵਿਚ ਦਿੱਤੀ ਮਿਸਾਲ ਉੱਤੇ ਫਿਰ ਤੋਂ ਧਿਆਨ ਦੇਈਏ। ਯਾਦ ਕਰੋ ਕਿ ਤੀਰਅੰਦਾਜ਼ ਨੇ ਆਪਣਾ “ਤਰਕਸ਼” ਤੀਰਾਂ ਨਾਲ ਭਰਿਆ ਹੋਇਆ ਹੈ। ਤੀਰ ਤਿਆਰ ਕਰਨ ਤੋਂ ਬਾਅਦ ਉਨ੍ਹਾਂ ਦੀ ਰੱਖਿਆ ਕਰਨ ਦੀ ਵੀ ਲੋੜ ਹੁੰਦੀ ਸੀ। ਇਸ ਲਈ ਤੀਰਅੰਦਾਜ਼ ਉਨ੍ਹਾਂ ਨੂੰ ਆਪਣੇ ਤਰਕਸ਼ ਵਿਚ ਰੱਖਦਾ ਸੀ ਜਿੱਥੇ ਉਹ ਸੁਰੱਖਿਅਤ ਰਹਿੰਦੇ ਸਨ ਤੇ ਟੁੱਟਦੇ ਨਹੀਂ ਸਨ। ਦਿਲਚਸਪੀ ਦੀ ਗੱਲ ਹੈ ਕਿ ਇਕ ਭਵਿੱਖਬਾਣੀ ਵਿਚ ਮਸੀਹਾ ਨੂੰ ਇਕ ਸਿਕਲ ਕੀਤੇ ਹੋਏ ਬਾਣ ਨਾਲ ਦਰਸਾਇਆ ਗਿਆ ਹੈ ਜਿਸ ਨੂੰ ਉਸ ਦੇ ਪਿਤਾ ਨੇ “ਆਪਣੀ ਤਰਕਸ਼ ਵਿੱਚ ਲੁਕਾਇਆ” ਸੀ। (ਯਸਾਯਾਹ 49:2) ਮਹਾਨ ਪਿਤਾ ਯਹੋਵਾਹ ਪਰਮੇਸ਼ੁਰ ਨੇ ਵਾਕਈ ਆਪਣੇ ਪਿਆਰੇ ਪੁੱਤਰ ਯਿਸੂ ਨੂੰ ਬਚਾਈ ਰੱਖਿਆ ਸੀ ਜਦ ਤਕ ਭਵਿੱਖਬਾਣੀ ਅਨੁਸਾਰ ਯਿਸੂ ਦੁਆਰਾ ਆਪਣੀ ਜਾਨ ਕੁਰਬਾਨ ਕਰਨ ਦਾ ਸਮਾਂ ਨਹੀਂ ਆਇਆ। ਉਸ ਦੀ ਕੁਰਬਾਨੀ ਤੋਂ ਬਾਅਦ ਵੀ ਪਰਮੇਸ਼ੁਰ ਨੇ ਉਸ ਨੂੰ ਸਵਰਗ ਵਿਚ ਸਦਾ ਵਾਸਤੇ ਜੀਉਣ ਲਈ ਮੁੜ ਜ਼ਿੰਦਾ ਕੀਤਾ ਤੇ ਸਦੀਵੀ ਨਾਸ਼ ਤੋਂ ਬਚਾਇਆ।

ਇਸੇ ਤਰ੍ਹਾਂ ਚੰਗੇ ਮਾਪੇ ਆਪਣੇ ਬੱਚਿਆਂ ਨੂੰ ਇਸ ਬੁਰੀ ਦੁਨੀਆਂ ਦੇ ਖ਼ਤਰਿਆਂ ਤੋਂ ਬਚਾਉਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੁਝ ਕੰਮਾਂ ਵਿਚ ਹਿੱਸਾ ਲੈਣ ਤੋਂ ਰੋਕਣ ਤਾਂਕਿ ਉਨ੍ਹਾਂ ’ਤੇ ਬੁਰਾ ਪ੍ਰਭਾਵ ਨਾ ਪਵੇ। ਮਿਸਾਲ ਲਈ, ਸਮਝਦਾਰ ਮਾਪੇ ਇਸ ਅਸੂਲ ਨੂੰ ਗੰਭੀਰਤਾ ਨਾਲ ਲੈਂਦੇ ਹਨ: “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਬਾਈਬਲ ਦੇ ਨੈਤਿਕ ਮਿਆਰਾਂ ਉੱਤੇ ਨਾ ਚੱਲਣ ਵਾਲਿਆਂ ਦੀ ਸੰਗਤ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖ ਕੇ ਮਾਪੇ ਨਾ ਸਿਰਫ਼ ਉਨ੍ਹਾਂ ਨੂੰ ਗੰਭੀਰ ਪਾਪ ਕਰਨ ਤੋਂ ਬਚਾਉਂਦੇ ਹਨ, ਸਗੋਂ ਉਨ੍ਹਾਂ ਦੀ ਜਾਨ ਵੀ ਬਚਾਉਂਦੇ ਹਨ।

ਮਾਪੇ ਬੱਚਿਆਂ ਦੀ ਰਾਖੀ ਕਰਨ ਲਈ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਤੋਂ ਵਰਜਦੇ ਹਨ। ਪਰ ਬੱਚੇ ਉਨ੍ਹਾਂ ਦੇ ਪਿਆਰ ਦੀ ਕਦਰ ਨਾ ਕਰਦਿਆਂ ਖਿੱਝ ਜਾਂਦੇ ਹਨ। ਬੱਚਿਆਂ ਦੀ ਪਰਵਰਿਸ਼ ਬਾਰੇ ਆਪਣੀ ਪੁਸਤਕ ਵਿਚ ਇਕ ਮੰਨੀ-ਪ੍ਰਮੰਨੀ ਲੇਖਕਾ ਨੇ ਲਿਖਿਆ: “ਸੁਧਾਰੇ ਜਾਣ ਤੇ ਬੱਚੇ ਭਾਵੇਂ ਤੁਹਾਨੂੰ ਸ਼ੁਕਰੀਆ ਨਹੀਂ ਕਹਿਣਗੇ, ਪਰ ਅਸਲੀਅਤ ਤਾਂ ਇਹ ਹੈ ਕਿ ਮਾਪਿਆਂ ਦੁਆਰਾ ਪੱਕੇ ਅਸੂਲ ਕਾਇਮ ਕਰਨ ਤੇ ਬੱਚੇ ਸੁਰੱਖਿਅਤ ਮਹਿਸੂਸ ਕਰਦੇ ਹਨ। ਮਾਪਿਆਂ ਵਜੋਂ ਸਾਨੂੰ ਆਪਣਾ ਅਧਿਕਾਰ ਵਰਤਦਿਆਂ ਉਨ੍ਹਾਂ ਨੂੰ ਸਾਫ਼-ਸਾਫ਼ ਸਮਝਾਉਣਾ ਚਾਹੀਦਾ ਹੈ ਕਿ ਉਹ ਕੀ ਕਰ ਸਕਦੇ ਹਨ ਤੇ ਕੀ ਨਹੀਂ।”

ਤੁਸੀਂ ਉਨ੍ਹਾਂ ਨੂੰ ਦੁੱਖਾਂ ਤੋਂ ਬਚਾ ਕੇ ਅਤੇ ਉਨ੍ਹਾਂ ਦੀ ਮਾਸੂਮੀਅਤ ਜਾਂ ਪਰਮੇਸ਼ੁਰ ਮੋਹਰੇ ਉਨ੍ਹਾਂ ਦੀ ਸ਼ੁੱਧਤਾ ਦੀ ਰੱਖਿਆ ਕਰ ਕੇ ਆਪਣੇ ਪਿਆਰ ਦਾ ਸਬੂਤ ਦਿੰਦੇ ਹੋ। ਸਮੇਂ ਦੇ ਬੀਤਣ ਨਾਲ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਨ੍ਹਾਂ ਲਈ ਅਸੂਲ ਕਿਉਂ ਬਣਾਏ ਸਨ। ਉਹ ਤੁਹਾਡੇ ਪਿਆਰ ਅਤੇ ਰੱਖਿਆ ਦੀ ਕਦਰ ਕਰਨਗੇ।

ਤੀਰ ਨੂੰ ਸੇਧ ਦੇਣੀ

ਧਿਆਨ ਦਿਓ ਕਿ ਜ਼ਬੂਰ 127:4, 5 ਵਿਚ “ਸੂਰਮੇ” ਦਾ ਜ਼ਿਕਰ ਕੀਤਾ ਗਿਆ ਹੈ। ਕੀ ਇਸ ਦਾ ਇਹ ਅਰਥ ਹੈ ਕਿ ਸਿਰਫ਼ ਪਿਤਾ ਹੀ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰ ਸਕਦਾ ਹੈ? ਨਹੀਂ। ਅਸਲ ਵਿਚ ਇਸ ਮਿਸਾਲ ਦਾ ਅਸੂਲ ਮਾਤਾ-ਪਿਤਾ ਦੋਵਾਂ ਤੇ ਲਾਗੂ ਹੁੰਦਾ ਹੈ। (ਕਹਾਉਤਾਂ 1:8) “ਸੂਰਮੇ” ਸ਼ਬਦ ਤੋਂ ਇਹ ਸੰਕੇਤ ਮਿਲਦਾ ਹੈ ਕਿ ਕਮਾਨ ਤਾਣਨ ਲਈ ਤੀਰਅੰਦਾਜ਼ ਨੂੰ ਕਾਫ਼ੀ ਜ਼ੋਰ ਲਾਉਣ ਦੀ ਲੋੜ ਪੈਂਦੀ ਹੈ। ਪੁਰਾਣਿਆਂ ਜ਼ਮਾਨਿਆਂ ਵਿਚ ਕਮਾਨ ਉੱਤੇ ਪਿੱਤਲ ਮੜਿਆ ਜਾਂਦਾ ਸੀ। ਸੋ ਕਮਾਨ ਉੱਤੇ ਚਿੱਲਾ ਚੜ੍ਹਾਉਣ ਲਈ ਸਿਪਾਹੀ ਪੈਰ ਨਾਲ “ਧਣੁਖ ਝੁਕਾਉਂਦੇ” ਸਨ। (ਯਿਰਮਿਯਾਹ 50:29) ਬਿਨਾਂ ਸ਼ੱਕ, ਇੰਨੇ ਕੱਸ ਕੇ ਤਾਣੇ ਹੋਏ ਕਮਾਨ ਦੀ ਡੋਰੀ ਨੂੰ ਖਿੱਚਣ ਲਈ ਕਾਫ਼ੀ ਜ਼ੋਰ ਲੱਗਦਾ ਸੀ!

ਇਸੇ ਤਰ੍ਹਾਂ ਬੱਚਿਆਂ ਦੀ ਪਰਵਰਿਸ਼ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਤੀਰ ਆਪਣੇ ਨਿਸ਼ਾਨੇ ’ਤੇ ਆਪੇ ਨਹੀਂ ਜਾ ਲੱਗਦਾ, ਉਸੇ ਤਰ੍ਹਾਂ ਬੱਚੇ ਮਾਪਿਆਂ ਦੀ ਮਦਦ ਦੇ ਬਿਨਾਂ ਆਪਣੇ ਆਪ ਚੰਗੇ ਇਨਸਾਨ ਨਹੀਂ ਬਣ ਜਾਣਗੇ। ਦੁੱਖ ਦੀ ਗੱਲ ਹੈ ਕਿ ਅੱਜ-ਕੱਲ੍ਹ ਕਈ ਮਾਪੇ ਬੱਚਿਆਂ ਨੂੰ ਸਹੀ ਸੇਧ ਦੇਣ ਲਈ ਬਿਲਕੁਲ ਮਿਹਨਤ ਨਹੀਂ ਕਰਦੇ। ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਦਿੰਦੇ ਹਨ। ਉਨ੍ਹਾਂ ਦੇ ਬੱਚੇ ਟੀ. ਵੀ. ਜਾਂ ਹਾਣੀਆਂ ਤੋਂ ਹਰ ਕਿਸਮ ਦਾ ਗੰਦ-ਮੰਦ ਸਿੱਖਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਜੋ ਜੀ ਚਾਹੇ ਖ਼ਰੀਦਣ ਦਿੰਦੇ ਹਨ। ਜਦੋਂ ਨਾਂਹ ਕਹਿਣੀ ਔਖੀ ਲੱਗਦੀ ਹੈ, ਤਾਂ ਮਾਪੇ ਹਾਂ ਕਹਿ ਕੇ ਆਪਣੀ ਜਾਨ ਛੁਡਾਉਂਦੇ ਹਨ। ਉਹ ਆਪਣੀ ਸਫ਼ਾਈ ਵਿਚ ਕਹਿੰਦੇ ਹਨ ਕਿ ਉਹ ਨਿਆਣਿਆਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਅਸਲੀਅਤ ਤਾਂ ਇਹ ਹੈ ਕਿ ਉਹ ਆਪਣੇ ਨਿਆਣਿਆਂ ਨੂੰ ਹੱਦੋਂ ਵੱਧ ਆਜ਼ਾਦੀ ਦੇ ਕੇ ਵਿਗਾੜ ਰਹੇ ਹੁੰਦੇ ਹਨ।

ਬਾਈਬਲ ਦੇ ਅਸੂਲਾਂ ਮੁਤਾਬਕ ਬੱਚਿਆਂ ਦੀ ਪਰਵਰਿਸ਼ ਕਰਨੀ ਸੌਖਾ ਕੰਮ ਨਹੀਂ ਹੈ। ਪਰ ਜੇਕਰ ਮਾਪੇ ਪੂਰੇ ਦਿਲ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ, ਤਾਂ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਚੰਗਾ ਫਲ ਮਿਲੇਗਾ। ਮਾਪੇ (ਅੰਗ੍ਰੇਜ਼ੀ) ਨਾਂ ਦੇ ਰਸਾਲੇ ਅਨੁਸਾਰ ‘ਪਰਿਵਾਰਾਂ ਉੱਤੇ ਕੀਤੇ ਅਧਿਐਨ ਦਿਖਾਉਂਦੇ ਹਨ ਕਿ ਜਿਹੜੇ ਮਾਪੇ ਪਿਆਰ ਨਾਲ ਬੱਚਿਆਂ ਨੂੰ ਪੂਰਾ ਸਮਰਥਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਲੋੜੀਂਦਾ ਅਨੁਸ਼ਾਸਨ ਵੀ ਦਿੰਦੇ ਹਨ, ਉਨ੍ਹਾਂ ਦੇ ਬੱਚੇ ਪੜ੍ਹਾਈ ਵਿਚ ਤੇਜ਼ ਹੁੰਦੇ ਹਨ, ਦੂਜਿਆਂ ਨਾਲ ਚੰਗੀ ਤਰ੍ਹਾਂ ਮਿਲਦੇ-ਵਰਤਦੇ ਹਨ, ਉਨ੍ਹਾਂ ਦਾ ਆਪਣੇ ’ਤੇ ਭਰੋਸਾ ਹੁੰਦਾ ਹੈ ਅਤੇ ਉਹ ਉਨ੍ਹਾਂ ਬੱਚਿਆਂ ਨਾਲੋਂ ਜ਼ਿਆਦਾ ਖ਼ੁਸ਼ ਰਹਿੰਦੇ ਹਨ ਜਿਨ੍ਹਾਂ ਦੇ ਮਾਪੇ ਅਨੁਸ਼ਾਸਨ ਦੇਣ ਦੇ ਮਾਮਲੇ ਵਿਚ ਜਾਂ ਤਾਂ ਬਹੁਤ ਸਖ਼ਤ ਹਨ ਜਾਂ ਬਿਲਕੁਲ ਢਿੱਲੇ।’

ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਦਾ ਇਕ ਹੋਰ ਵਧੀਆ ਨਤੀਜਾ ਨਿਕਲੇਗਾ। ਇਸ ਲੇਖ ਵਿਚ ਅਸੀਂ ਕਹਾਉਤਾਂ 22:6 ਦੇ ਪਹਿਲੇ ਹਿੱਸੇ ਉੱਤੇ ਧਿਆਨ ਦਿੱਤਾ ਸੀ ਜੋ ਕਹਿੰਦਾ ਹੈ ਕਿ “ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ।” ਇਸੇ ਆਇਤ ਦਾ ਬਾਕੀ ਹਿੱਸਾ ਕਹਿੰਦਾ ਹੈ: “ਤਾਂ ਉਹ ਵੱਡਾ ਹੋ ਕੇ ਵੀ ਉਸ ਤੋਂ ਕਦੀ ਨਾ ਹਟੇਗਾ।” ਕੀ ਇਸ ਦਾ ਇਹ ਮਤਲਬ ਹੈ ਕਿ ਜੇ ਤੁਸੀਂ ਇਸ ਆਇਤ ਵਿਚ ਦਿੱਤੀ ਸਲਾਹ ਉੱਤੇ ਚੱਲੋਗੇ, ਤਾਂ ਤੁਹਾਡਾ ਬੱਚਾ ਕਦੇ ਕੁਰਾਹੇ ਨਹੀਂ ਪਵੇਗਾ? ਨਹੀਂ। ਯਾਦ ਰੱਖੋ ਕਿ ਤੁਹਾਡਾ ਬੱਚਾ ਵੱਡਾ ਹੋ ਕੇ ਆਪਣੇ ਫ਼ੈਸਲੇ ਆਪ ਕਰੇਗਾ, ਸੋ ਉਹ ਗ਼ਲਤ ਰਾਹ ਵੀ ਚੁਣ ਸਕਦਾ ਹੈ। ਪਰ ਇਹ ਆਇਤ ਮਾਪਿਆਂ ਨੂੰ ਭਰੋਸਾ ਦਿੰਦੀ ਹੈ। ਕਿਸ ਗੱਲ ਦਾ ਭਰੋਸਾ?

ਜੇ ਤੁਸੀਂ ਬਾਈਬਲ ਦੀ ਸਲਾਹ ਅਨੁਸਾਰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਹੋ, ਤਾਂ ਤੁਸੀਂ ਹੁਣ ਉਨ੍ਹਾਂ ਦੇ ਭਵਿੱਖ ਲਈ ਪੱਕੀ ਨੀਂਹ ਧਰ ਰਹੇ ਹੋ। ਤੁਸੀਂ ਆਪਣੇ ਬੱਚਿਆਂ ਨੂੰ ਸੁਖੀ, ਸੰਤੁਸ਼ਟ ਤੇ ਜ਼ਿੰਮੇਵਾਰ ਇਨਸਾਨ ਬਣਦੇ ਦੇਖਣ ਦੀ ਉਮੀਦ ਰੱਖ ਸਕਦੇ ਹੋ। (ਕਹਾਉਤਾਂ 23:24) ਇਸ ਲਈ ਕਿਉਂ ਨਾ ਆਪਣੇ “ਬਾਣਾਂ” ਨੂੰ ਚੰਗੀ ਤਰ੍ਹਾਂ ਤਿਆਰ ਕਰੋ, ਬਚਾ ਕੇ ਰੱਖੋ ਤੇ ਸਹੀ ਸੇਧ ਦਿਓ? ਤੁਹਾਨੂੰ ਬਾਅਦ ਵਿਚ ਕੋਈ ਪਛਤਾਵਾ ਨਹੀਂ ਹੋਵੇਗਾ। (w08 4/1)

[ਸਫ਼ਾ 13 ਉੱਤੇ ਤਸਵੀਰ]

ਕੀ ਮਾਪੇ ਬੱਚਿਆਂ ਦੀ ਹਰ ਖ਼ਾਹਸ਼ ਪੂਰੀ ਕਰ ਕੇ ਉਨ੍ਹਾਂ ਲਈ ਪਿਆਰ ਦਿਖਾਉਂਦੇ ਹਨ?

[ਸਫ਼ਾ 15 ਉੱਤੇ ਤਸਵੀਰ]

ਪਿਆਰ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਪਰਿਵਾਰਕ ਅਸੂਲਾਂ ਦੇ ਕਾਰਨ ਸਮਝਾਉਂਦੇ ਹਨ

[ਸਫ਼ਾ 15 ਉੱਤੇ ਤਸਵੀਰ]

ਸਮਝਦਾਰ ਮਾਪੇ ਆਪਣੇ ਬੱਚਿਆਂ ਨੂੰ ਇਸ ਬੁਰੀ ਦੁਨੀਆਂ ਦੇ ਖ਼ਤਰਿਆਂ ਤੋਂ ਬਚਾਉਂਦੇ ਹਨ

[ਸਫ਼ਾ 16 ਉੱਤੇ ਤਸਵੀਰ]

ਬੱਚਿਆਂ ਦੀ ਪਰਵਰਿਸ਼ ਕਰਨੀ ਸੌਖਾ ਕੰਮ ਨਹੀਂ ਹੈ, ਲੇਕਿਨ ਮਾਪਿਆਂ ਨੂੰ ਆਪਣੀ ਮਿਹਨਤ ਦਾ ਚੰਗਾ ਫਲ ਮਿਲੇਗਾ