ਕਹਾਉਤਾਂ 29:1-27
29 ਕਾਫ਼ੀ ਤਾੜਨਾ ਮਿਲਣ ਤੇ ਵੀ ਆਪਣੀ ਗਰਦਨ ਅਕੜਾਈ ਰੱਖਣ ਵਾਲਾ*+ਅਚਾਨਕ ਨਸ਼ਟ ਹੋ ਜਾਵੇਗਾ ਤੇ ਉਸ ਦੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ।+
2 ਧਰਮੀ ਬਹੁਤੇ ਹੋਣ, ਤਾਂ ਲੋਕ ਖ਼ੁਸ਼ੀਆਂ ਮਨਾਉਂਦੇ ਹਨ,ਪਰ ਜਦੋਂ ਦੁਸ਼ਟ ਰਾਜ ਕਰਦਾ ਹੈ, ਤਾਂ ਲੋਕ ਹੂੰਗਦੇ ਹਨ।+
3 ਬੁੱਧ ਨੂੰ ਪਿਆਰ ਕਰਨ ਵਾਲਾ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+ਪਰ ਵੇਸਵਾਵਾਂ ਨਾਲ ਮੇਲ-ਜੋਲ ਰੱਖਣ ਵਾਲਾ ਆਪਣੀ ਧਨ-ਦੌਲਤ ਉਡਾ ਦਿੰਦਾ ਹੈ।+
4 ਰਾਜਾ ਨਿਆਂ ਕਰ ਕੇ ਦੇਸ਼ ਨੂੰ ਮਜ਼ਬੂਤ ਕਰਦਾ ਹੈ,+ਪਰ ਰਿਸ਼ਵਤ ਲੈਣ ਵਾਲਾ ਇਸ ʼਤੇ ਤਬਾਹੀ ਲਿਆਉਂਦਾ ਹੈ।
5 ਆਪਣੇ ਗੁਆਂਢੀ ਦੀ ਚਾਪਲੂਸੀ ਕਰਨ ਵਾਲਾ,ਉਸ ਦੇ ਪੈਰਾਂ ਲਈ ਜਾਲ਼ ਵਿਛਾਉਂਦਾ ਹੈ।+
6 ਬੁਰੇ ਆਦਮੀ ਦਾ ਅਪਰਾਧ ਉਸ ਨੂੰ ਫਸਾ ਦਿੰਦਾ ਹੈ,+ਪਰ ਧਰਮੀ ਖ਼ੁਸ਼ੀ ਨਾਲ ਜੈਕਾਰੇ ਲਾਉਂਦਾ ਤੇ ਆਨੰਦ ਮਾਣਦਾ ਹੈ।+
7 ਧਰਮੀ ਨੂੰ ਗ਼ਰੀਬ ਦੇ ਕਾਨੂੰਨੀ ਹੱਕਾਂ ਦਾ ਫ਼ਿਕਰ ਹੁੰਦਾ ਹੈ,+ਪਰ ਦੁਸ਼ਟ ਅਜਿਹਾ ਕੋਈ ਫ਼ਿਕਰ ਨਹੀਂ ਕਰਦਾ।+
8 ਸ਼ੇਖ਼ੀਬਾਜ਼ ਆਦਮੀ ਕਸਬੇ ਨੂੰ ਅੱਗ ਲਾ ਦਿੰਦੇ ਹਨ,+ਪਰ ਬੁੱਧੀਮਾਨ ਆਦਮੀ ਗੁੱਸੇ ਨੂੰ ਠੰਢਾ ਕਰ ਦਿੰਦੇ ਹਨ।+
9 ਜੇ ਬੁੱਧੀਮਾਨ ਆਦਮੀ ਮੂਰਖ ਨਾਲ ਝਗੜੇ ਵਿਚ ਪਵੇ,ਤਾਂ ਗਲ਼ਾ ਪਾੜ-ਪਾੜ ਕੇ ਬਹਿਸ ਹੋਵੇਗੀ ਤੇ ਮਜ਼ਾਕ ਉਡਾਇਆ ਜਾਵੇਗਾ,ਪਰ ਕੋਈ ਚੈਨ ਨਹੀਂ ਮਿਲੇਗਾ।+
10 ਖ਼ੂਨ ਦੇ ਪਿਆਸੇ ਆਦਮੀ ਬੇਕਸੂਰ* ਨਾਲ ਨਫ਼ਰਤ ਕਰਦੇ ਹਨ+ਅਤੇ ਨੇਕ ਇਨਸਾਨ ਦੀ ਜਾਨ ਲੈਣ ਨੂੰ ਫਿਰਦੇ ਹਨ।*
11 ਮੂਰਖ ਆਪਣੇ ਮਨ ਦੀ ਸਾਰੀ ਭੜਾਸ ਕੱਢ ਦਿੰਦਾ ਹੈ,+ਪਰ ਬੁੱਧੀਮਾਨ ਸ਼ਾਂਤ ਰਹਿ ਕੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਦਾ ਹੈ।+
12 ਜੇ ਹਾਕਮ ਝੂਠੀਆਂ ਗੱਲਾਂ ਵੱਲ ਧਿਆਨ ਦੇਵੇ,ਤਾਂ ਉਸ ਦੇ ਸਾਰੇ ਸੇਵਕ ਦੁਸ਼ਟ ਹੋਣਗੇ।+
13 ਗ਼ਰੀਬ ਅਤੇ ਅਤਿਆਚਾਰੀ ਦੀ ਇਹ ਗੱਲ ਮਿਲਦੀ-ਜੁਲਦੀ ਹੈ:*
ਦੋਹਾਂ ਦੀਆਂ ਅੱਖਾਂ ਨੂੰ ਯਹੋਵਾਹ ਰੌਸ਼ਨੀ ਦਿੰਦਾ ਹੈ।*
14 ਜੇ ਰਾਜਾ ਗ਼ਰੀਬਾਂ ਦਾ ਸੱਚਾ ਨਿਆਂ ਕਰੇ,+ਤਾਂ ਉਸ ਦਾ ਸਿੰਘਾਸਣ ਹਮੇਸ਼ਾ ਟਿਕਿਆ ਰਹੇਗਾ।+
15 ਸੋਟੀ* ਤੇ ਤਾੜਨਾ ਬੁੱਧ ਦਿੰਦੀਆਂ ਹਨ,+ਪਰ ਜਿਸ ਬੱਚੇ ਨੂੰ ਰੋਕਿਆ-ਟੋਕਿਆ ਨਹੀਂ ਜਾਂਦਾ, ਉਹ ਆਪਣੀ ਮਾਂ ਨੂੰ ਸ਼ਰਮਿੰਦਾ ਕਰਦਾ ਹੈ।
16 ਦੁਸ਼ਟਾਂ ਦੇ ਵਧਣ ਨਾਲ ਅਪਰਾਧ ਵਧਦਾ ਹੈ,ਪਰ ਧਰਮੀ ਉਨ੍ਹਾਂ ਦੀ ਤਬਾਹੀ ਨੂੰ ਦੇਖਣਗੇ।+
17 ਆਪਣੇ ਪੁੱਤਰ ਨੂੰ ਅਨੁਸ਼ਾਸਨ ਦੇ, ਤਾਂ ਉਹ ਤੈਨੂੰ ਸੁੱਖ ਦੇਵੇਗਾ;ਅਤੇ ਉਹ ਤੇਰੇ ਜੀਅ ਨੂੰ ਬੇਹੱਦ ਖ਼ੁਸ਼ ਕਰੇਗਾ।+
18 ਜਿੱਥੇ ਦਰਸ਼ਣ* ਨਹੀਂ, ਉੱਥੇ ਲੋਕ ਮਨ-ਮਰਜ਼ੀ ਕਰਦੇ ਹਨ,+ਪਰ ਖ਼ੁਸ਼ ਹਨ ਉਹ ਜਿਹੜੇ ਕਾਨੂੰਨ ਨੂੰ ਮੰਨਦੇ ਹਨ।+
19 ਨੌਕਰ ਗੱਲਾਂ ਨਾਲ ਨਹੀਂ ਸੁਧਰੇਗਾਕਿਉਂਕਿ ਉਹ ਸਮਝਦਾ ਤਾਂ ਹੈ, ਪਰ ਮੰਨਦਾ ਨਹੀਂ।+
20 ਕੀ ਤੂੰ ਅਜਿਹਾ ਆਦਮੀ ਦੇਖਿਆ ਹੈ ਜੋ ਬੋਲਣ ਵਿਚ ਕਾਹਲੀ ਕਰਦਾ ਹੈ?+
ਉਸ ਦੇ ਨਾਲੋਂ ਮੂਰਖ ਲਈ ਜ਼ਿਆਦਾ ਉਮੀਦ ਹੈ।+
21 ਜੇ ਨੌਕਰ ਨੂੰ ਬਚਪਨ ਤੋਂ ਹੀ ਲਾਡ-ਪਿਆਰ ਕੀਤਾ ਜਾਵੇ,ਤਾਂ ਉਹ ਬਾਅਦ ਵਿਚ ਨਾਸ਼ੁਕਰਾ ਬਣ ਜਾਵੇਗਾ।
22 ਝੱਟ ਕ੍ਰੋਧ ਕਰਨ ਵਾਲਾ ਝਗੜਾ ਛੇੜਦਾ ਹੈ;+ਗੱਲ-ਗੱਲ ʼਤੇ ਭੜਕਣ ਵਾਲਾ ਬਹੁਤ ਸਾਰੇ ਅਪਰਾਧ ਕਰਦਾ ਹੈ।+
23 ਹੰਕਾਰ ਆਦਮੀ ਨੂੰ ਨੀਵਾਂ ਕਰੇਗਾ,+ਪਰ ਜਿਹੜਾ ਦਿਲੋਂ ਨਿਮਰ ਹੈ, ਉਹ ਆਦਰ ਪਾਵੇਗਾ।+
24 ਚੋਰ ਦਾ ਸਾਥੀ ਖ਼ੁਦ ਨੂੰ ਨਫ਼ਰਤ ਕਰਦਾ ਹੈ।
ਉਹ ਗਵਾਹੀ ਦੇਣ ਦੇ ਬੁਲਾਵੇ ਨੂੰ ਸੁਣਦਾ ਤਾਂ ਹੈ,*ਪਰ ਦੱਸਦਾ ਕੁਝ ਵੀ ਨਹੀਂ।+
25 ਇਨਸਾਨਾਂ ਦਾ ਖ਼ੌਫ਼ ਇਕ ਫੰਦਾ ਹੈ,+ਪਰ ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਦੀ ਹਿਫਾਜ਼ਤ ਹੋਵੇਗੀ।+
26 ਹਾਕਮ ਨੂੰ ਤਾਂ ਕਈ ਮਿਲਣਾ ਚਾਹੁੰਦੇ ਹਨ,*ਪਰ ਆਦਮੀ ਨੂੰ ਇਨਸਾਫ਼ ਯਹੋਵਾਹ ਤੋਂ ਹੀ ਮਿਲਦਾ ਹੈ।+
27 ਧਰਮੀ ਨੂੰ ਬੇਈਮਾਨ ਆਦਮੀ ਘਿਣਾਉਣਾ ਲੱਗਦਾ ਹੈ,+ਪਰ ਸਿੱਧੇ ਰਾਹ ʼਤੇ ਚੱਲਣ ਵਾਲਾ ਦੁਸ਼ਟ ਨੂੰ ਘਿਣਾਉਣਾ ਲੱਗਦਾ ਹੈ।+
ਫੁਟਨੋਟ
^ ਜਾਂ, “ਢੀਠ ਰਹਿਣ ਵਾਲਾ।”
^ ਜਾਂ, “ਨਿਰਦੋਸ਼।”
^ ਜਾਂ ਸੰਭਵ ਹੈ, “ਪਰ ਨੇਕ ਇਨਸਾਨ ਆਪਣੀ ਜਾਨ ਬਚਾਉਣ ਨੂੰ ਫਿਰਦਾ ਹੈ।”
^ ਇਬ, “ਇਕ-ਦੂਜੇ ਨਾਲ ਮਿਲਦੇ ਹਨ।”
^ ਯਾਨੀ, ਉਹ ਉਨ੍ਹਾਂ ਨੂੰ ਜ਼ਿੰਦਗੀ ਦਿੰਦਾ ਹੈ।
^ ਜਾਂ, “ਅਨੁਸ਼ਾਸਨ; ਸਜ਼ਾ।”
^ ਜਾਂ, “ਪਰਮੇਸ਼ੁਰ ਦੀ ਸੇਧ।”
^ ਜਾਂ, “ਉਹ ਸਹੁੰ ਤਾਂ ਖਾਂਦਾ ਹੈ ਜਿਸ ਨੂੰ ਪੂਰਾ ਨਾ ਕਰਨ ਤੇ ਸਰਾਪ ਮਿਲੇਗਾ।”
^ ਜਾਂ ਸੰਭਵ ਹੈ, “ਦੀ ਮਿਹਰ ਪਾਉਣੀ ਚਾਹੁੰਦੇ ਹਨ।” ਇਬ, “ਦਾ ਮੂੰਹ ਭਾਲਦੇ ਹਨ।”